

“ਅੱਛਾ ! ਜੋ ਬੀਤ ਗਈ, ਸੋ ਬੀਤ ਗਈ।
ਆਪ ਦਾ ਆਗਿਆਕਾਰ
"ਦਲੀਪ ਸਿੰਘ"
ਮਹਾਰਾਣੀ ਦੀ ਕਬਰ ਉੱਤੇ
ਏਸ ਸਾਲ ਦੇ ਅਗਸਤ ਮਹੀਨੇ ਵਿਚ ਉਹ ਇੰਗਲੈਂਡ ਵਿਚ ਐਲਵੇਡਨ ਗਿਆ, ਜਿੱਥੇ ਉਹਦੀ ਪ੍ਰਾਣ ਪਿਆਰੀ ਮਹਾਰ ਣੀ ਬੰਬਾ ਉਹਦੀ ਉਡੀਕ ਵਿਚ ਸੁੱਤੀ ਪਈ ਸੀ । ਮਹਾਰਾਜਾ ਉਸ ਸਤਵੰਤੀ ਦੇਵੀ ਦੀ ਕਬਰ 'ਤੇ ਬੈਠਾ ਅੱਖਾਂ ਦੇ ਮੋਤੀ ਰੋਲ ਰਿਹਾ ਸੀ, ਪਰ ਕੀ ਇਸ ਤਰ੍ਹਾਂ ਉਹਦੇ ਅੰਦਰ ਦੀ ਲੱਗੀ ਬੁਝ ਸਕਦੀ ਸੀ ?
ਮੁਮਕਿਨ ਨਹੀਂ ਕਿ ਦਿਲ ਕੀ ਲਗੀ ਆਗ ਬੁਝ ਸਕੇ
ਸੌ ਬਾਰ ਇਸ ਕੋ ਦੀਦਾਇ ਤਰ ਸੇ ਬੁਝਾ ਕੇ ਦੇਖ
ਏਸੇ ਸਮੇਂ ਮਹਾਰਾਜੇ ਦਾ ਛੋਟਾ ਲੜਕਾ ਐਡਵਰਡ (Prince Edward) ਮਰ ਗਿਆ, ਤੇ ਮਹਾਰਾਣੀ ਬੰਬਾ ਦੇ ਖੱਬੇ ਹੱਥ ਦਫਨਾਇਆ ਗਿਆ ।
ਰੋ ਧੋ ਕੇ ਕੁਛ ਦਿਲ ਹੌਲਾ ਕਰਕੇ ਮਹਾਰਾਜਾ ਫਿਰ ਪੈਰਸ ਚਲਾ ਗਿਆ, ਤੇ ਮੌਤ ਦੀ ਉਡੀਕ ਕਰਨ ਲੱਗਾ । ਪੈਂਦੀ 'ਤੇ ਪੈਂਦੀ ਗਈ, ਤੇ ਇਹਨਾਂ ਅਸਹਿ ਗਮਾਂ ਦੇ ਭਾਰ ਹੇਠਾਂ ਉਸਦੀ ਆਤਮਾ ਕੁਚਲੀ ਗਈ । ਆਤਮਕ ਦੁੱਖ ਦਾ ਅਸਰ ਸਰੀਰ 'ਤੇ ਵੀ ਹੋ ਗਿਆ, ਮਹਾਰਾਜਾ ਬੀਮਾਰ ਪੈ ਗਿਆ। ਅੰਤ ਇਸ ਰੋਗ ਨੇ ਬੜਾ ਭਿਆਨਕ ਰੂਪ ਧਾਰ ਲਿਆ । ਡਾਕਟਰਾਂ ਨੇ ਦੱਸਿਆ ਕਿ ਤਪਦਿਕ ਹੋ ਗਿਆ ਹੈ।
ਆਪਣੇ ਪਿਤਾ ਦੀ ਸੇਵਾ ਵਾਸਤੇ ਮਹਾਰਾਜੇ ਦਾ ਜੇਠਾ ਪੁੱਤਰ ਵਿਕਟਰ ਦਲੀਪ ਸਿੰਘ ਪੈਰਸ ਆ ਗਿਆ। ਉਹਨੇ ਜ਼ੋਰ ਲਾਇਆ ਕਿ ਮਹਾਰਾਜਾ ਇੰਗਲੈਂਡ ਵਿਚ ਐਲਵੇਡਨ ਚਲਾ ਚੱਲੇ, ਪਰ ਮਹਾਰਾਜਾ ਨਾ ਮੰਨਿਆ । ਮਹਾਰਾਜਾ ਉਹਨਾਂ ਲੋਕਾਂ ਦੇ ਦੇਸ ਨਹੀਂ ਸੀ ਮਰਨਾ ਚਾਹੁੰਦਾ, ਜਿਨ੍ਹਾਂ ਨੇ ਮਿੱਤਰ ਬਣ ਕੇ ਉਹਦੇ ਨਾਲ ਐਨਾ ਧਰੋਹ ਕੀਤਾ ਸੀ ।
----------------------
৭. Lady Login's Recollections, P. 269
੨. ਮਹਾਰਾਜਾ ਦਲੀਪ ਸਿੰਘ ਦੇ ਤਿੰਨ ਲੜਕੇ Victor ਵਿਕਟਰ ਦਲੀਪ ਸਿੰਘ, Frederick ਫਰੈਡਰਿਕ ਦਲੀਪ ਸਿੰਘ. Edward ਐਡਵਰਡ ਦਲੀਪ ਸਿੰਘ ਤੇ ਇਕ ਲੜਕੀ. ਮਹਾਰਾਣੀ ਬੰਬਾ ਦੀ ਕੁੱਖੋਂ ਸਨ, ਤੇ ਦੋ ਲੜਕੀਆਂ ਦੂਜੀ ਅੰਗਰੇਜ਼ ਰਾਣੀ ਦੀ ਕੁਖੋਂ। ਇਹ ਦੂਜੀ ਸ਼ਾਦੀ ਮਹਾਰਾਜੇ ਨੇ ਪੈਰਿਸ ਵਿਚ ਕੀਤੀ ਸੀ, ਜੋ ਮਰਦੇ ਦਮ ਤਕ ਕੋਲ ਰਹੀ।
Lady Login's Recollections P. 270.