

ਮੌਤ ਦੀ ਉਡੀਕ
ਮਹਾਰਾਜਾ ਹੁਣ ਮੌਤ ਦੀ ਉਡੀਕ ਕਰ ਰਿਹਾ ਸੀ । ਮੌਤ ਆਉਂਦੀ, ਮਹਾਰਾਜੇ ਦੀ ਕੁੰਡੀ ਖੜਕਾਉਂਦੀ, ਪਰ ਜਦੋਂ ਉਹ ਮੌਤ ਦੇ ਸਵਾਗਤ ਵਾਸਤੇ ਉਠ ਕੇ ਬੂਹਾ ਖੋਲ੍ਹਦਾ, ਉਹ ਪਰਤ ਗਈ ਹੁੰਦੀ ਸੀ ।
ਕਰੂੰ ਮੈਂ ਵਾਅਦਾ ਖਿਲਾਫੀ ਕਾ ਸ਼ਿਕਵਾ ਕਿਸ ਕਿਸ ਸੇ
ਅਜ਼ਲ ਭੀ ਰਹਿ ਗਈ ਜ਼ਾਲਮ ਸੁਨਾ ਕੇ ਆਨੇ ਕੀ ।
ਕਦੇ ਚਾਰ ਦਿਨ ਹਾਲਤ ਜ਼ਰਾ ਚੰਗੀ ਹੋ ਜਾਂਦੀ, ਤੇ ਕਦੇ ਦਸ ਦਿਨ ਉਸ ਨਾਲੋਂ ਵੀ ਭੈੜੀ । ਏਸੇ ਤਰ੍ਹਾਂ ਸਮਾਂ ਬੀਤਦਾ ਗਿਆ, ਪਰ ਇਸ ਸਮੇਂ ਦੀਆਂ ਘੜੀਆਂ ਸਾਲਾਂ ਨਾਲੋਂ ਵੀ ਲੰਮੀਆਂ ਸਨ। ਅੰਤ ਥੱਕੇ ਹੋਏ ਰਾਹੀ ਦਾ ਪੜਾ ਨੇੜੇ-ਨੇੜੇ ਆਉਣ ਲੱਗਾ । ਹੁਣ ਮੌਤ ਬਿਲਕੁਲ ਨੇੜੇ ਭਾਸਣ ਲੱਗੀ । ਦਲੀਪ ਸਿੰਘ ਦੀ ਮੌਤ ਨਾ ਬਾਦਸ਼ਾਹਾਂ ਵਰਗੀ ਸੀ, ਨਾ ਫਕੀਰਾਂ ਵਰਗੀ। ਫਕੀਰ ਦੀ ਮੌਤ ਤਕੀਏ ਦੇ ਧੂੰਏਂ ਉੱਤੇ ਹੁੰਦੀ ਹੈ, ਤੇ ਬਾਦਸ਼ਾਹ ਦੀ ਸ਼ਾਹੀ ਤਖਤ ਉੱਤੇ । ਪਰ ਦਲੀਪ ਸਿੰਘ ਦੀ ?...
ਇਸ ਵੇਲੇ ਮਹਾਰਾਜੇ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਵਿਚ ਸਾਰੀ ਦੁਨੀਆਂ ਘੁੰਮ ਰਹੀ ਸੀ । ਉਹਦੇ ਛੋਟੇ ਜੇਹੇ ਦਿਲ ਵਿਚ ਜ਼ਮਾਨੇ ਭਰ ਦੇ ਖਿਆਲ ਚੱਕਰ ਲਾ ਰਹੇ ਸਨ । ਉਸ ਨੂੰ ਬੀਤਿਆ ਬਚਪਨ ਯਾਦ ਆਉਂਦਾ : ਓਹਾ ਪੰਜਾਂ ਪਾਣੀਆਂ ਵਾਲਾ ਦੇਸ਼, ਓਹਾ ਪੰਜਾਬ ਦੇ ਸ਼ੇਰ ਦਾ ਤਖਤ। ਕਦੇ ਉਹਦੀ ਰੂਹ ਲਾਹੌਰ ਦੇ ਸ਼ਾਹੀ ਮਹਿਲ ਵਿਚ ਤੇ ਕਦੇ ਸ਼ਾਲਾਮਾਰ ਬਾਗ ਦੇ ਝਰਨਿਆਂ ਵਿਚ ਹੁੰਦੀ । ਜਦੋਂ ਕਿਤੇ ਫਿਰਦਾ- ਫਿਰਦਾ ਉਹ ਪਿਤਾ ਦੀ ਸਮਾਧ 'ਤੇ ਅਪੜਦਾ, ਤਾਂ ਉਹਦੇ ਭਰੇ ਹੋਏ ਨੇਤਰ ਡੁੱਲ੍ਹ ਪੈਂਦੇ।
ਹੁਣ ਉਸ ਦੀ ਹੋਸ਼ ਬੇਹੋਸ਼ੀ ਵਿਚ ਬਦਲਣ ਲੱਗੀ। ਪਰ ਗੁੰਮ ਹੋਈ ਸੁਰਤ ਅਜੇ ਵੀ ਓਸੇ ਟਿਕਾਣੇ ਟਿਕੀ ਹੋਈ ਸੀ । ਉਹਦਾ ਖੱਬਾ ਹੱਥ ਮੁੜ-ਮੁੜ ਸੱਜੇ ਡੌਲੇ ਉੱਤੇ ਜਾਂਦਾ । ਉਹ ਬੜੇ ਧਿਆਨ ਨਾਲ ਡੋਲੇ ਉੱਤੇ ਕੁਛ ਟੋਹ ਰਿਹਾ ਸੀ । ਜਿਸ ਦੀ ਮਹਾਰਾਜਾ ਭਾਲ ਕਰ ਰਿਹਾ ਸੀ, ਉਹ 'ਕੋਹਿਨੂਰ' ਸੀ ।
ਸੁਰਗਵਾਸ
ਪੈਰਸ ਦੇ ਗਰੈਂਡ ਹੋਟਲ (Grand Hotel) ਵਿਚ ਇਹ ਮੌਤ ਤੇ ਜ਼ਿੰਦਗੀ ਦਾ ਘੋਲ ਹੋ ਰਿਹਾ ਸੀ, ਪਰ ਦੁਨੀਆਂ ਭਰ ਵਿਚ ਅਨੋਖਾ ਘੋਲ । ਜ਼ਿੰਦਗੀ ਮੌਤ ਕੋਲੋਂ ਹਾਰ ਮੰਨ ਕੇ ਮੈਦਾਨ ਛੱਡ ਕੇ ਨੱਸਣਾ ਚਾਹੁੰਦੀ ਸੀ । ਪਰ ਮੌਤ ਉਸ ਨੂੰ ਨੱਸਣ ਦੀ ਆਗਿਆ ਨਹੀਂ ਦੇਂਦੀ ਸੀ । ਇਸ ਤਰ੍ਹਾਂ ਮਹਾਰਾਜੇ ਦੀ ਜਾਨ ਲੁੱਛ ਰਹੀ ਸੀ । ਅੰਤ ਜਿਸ ਦੁਖੀਏ ਦਲੀਪ ਸਿੰਘ ਉੱਤੇ ਦੁਨੀਆਂ ਵਿਚ ਕਿਸੇ ਨੂੰ ਤਰਸ ਨਹੀਂ ਸੀ