

ਮਹਾਰਾਜੇ ਦਾ ਜਨਮ ਦਿਨ
੪ ਸਤੰਬਰ (੧੮੪੯) ਨੂੰ ਮਹਾਰਾਜੇ ਦਾ ਜਨਮ-ਦਿਨ ਸੀ । ਇਹ ਖੁਸ਼ੀ ਮਨਾਉਣ ਵਾਸਤੇ ਲਾਗਨ ਨੇ ਪੁੱਜ ਸਰ ਆਉਂਦੀ ਤਿਆਰੀ ਕੀਤੀ । ਮਹਿਲ ਸਜਾਇਆ. ਆਤਸ਼ਬਾਜੀ ਚਲਾਈ । ਮਹਾਰਾਜੇ ਨੂੰ ਨਵੇਂ ਬਸਤਰ ਪਹਿਨਾਏ, ਤੇ ਉਸ ਦੇ ਤੋਸ਼ੇਖਾਨੇ ਵਿਚੋਂ ਇਕ ਲੱਖ ਦੇ ਹੀਰੇ ਕੱਢ ਕੇ ਦਿੱਤੇ। ਜਦੋਂ ਉਸ ਨੇ ਸਾਰੇ ਪਹਿਨ ਲਏ, ਤਾਂ ਉਸ ਨੇ ਭੋਲੇ-ਭਾਲੇ ਹੀ ਕਿਹਾ, “ਪਿਛਲੇ ਜਨਮ-ਦਿਨ 'ਤੇ ਮੈਂ ਕੋਹਿਨੂਰ ਵੀ ਪਹਿਨਿਆ ਸੀ।" (ਵਿਚਾਰਾ ਦਲੀਪ ਸਿੰਘ ਕੀ ਜਾਣੇ ਕਿ ਕੋਹਿਨੂਰ ਉਸ ਤੋਂ ਹੀ ਨਹੀਂ, ਉਸ ਦੇ ਦੇਸ ਤੋਂ ਵੀ ਦੂਰ ਕਰ ਦਿੱਤਾ ਗਿਆ ਹੈ ।)
ਡਲਹੌਜ਼ੀ ਤੇ ਮਹਾਰਾਜੇ ਦੀ ਮੁਲਾਕਾਤ ਲਾਹੌਰ ਵਿਚ
੨੮ ਨਵੰਬਰ, ੧੮੪੯ ਈ: ਨੂੰ ਲਾਰਡ ਡਲਹੌਜ਼ੀ ਲਾਹੌਰ ਆਇਆ, ਜਿਸ ਦੇ ਆਉਣ ਦੀ ਖੁਸ਼ੀ ਵਿਚ ਸ਼ਹਿਰ ਵਿਚ ਉਚੇਚੀ ਤਿਆਰੀ ਕੀਤੀ ਗਈ । ਪਹਿਲੀ ਮੁਲਾਕਾਤ ਵਿਚ ਹੀ ਡਲਹੌਜੀ ਨੇ ਲਾਗਨ ਨੂੰ ਦੱਸ ਦਿੱਤਾ ਕਿ ਮਹਾਰਾਜੇ ਨੂੰ ਫਤਿਹਗੜ੍ਹ ਜਾਣ ਵਾਸਤੇ ਤਿਆਰ ਕਰੇ । ੩ ਦਸੰਬਰ ਨੂੰ ਡਲਹੌਜ਼ੀ ਤੇ ਮਹਾਰਾਜੇ ਦੀ ਮੁਲਾਕਾਤ ਹੋਈ । ਮਹਾਰਾਜਾ ਸ਼ੇਰ ਸਿੰਘ ਦਾ ਲੜਕਾ ਸ਼ਿਵਦੇਵ ਸਿੰਘ ਡਲਹੌਜ਼ੀ ਨੂੰ ਉਸ ਦੇ ਡੇਰੇ ਤੋਂ ਲੈਣ ਗਿਆ । ਕਿਲ੍ਹੇ ਦੇ ਬੂਹੇ ਵਿਚ ਮਹਾਰਾਜਾ ਦਲੀਪ ਸਿੰਘ ਹਾਥੀ ਉਤੇ ਚੜ੍ਹ ਕੇ ਡਲਹੌਜੀ ਨੂੰ ਮਿਲਿਆ। ਲਾਗਨ ਦੇ ਸਿਖਾਏ ਹੋਏ ਅੰਗਰੇਜ਼ੀ ਸ਼ਬਦਾਂ ਵਿਚ ਮਹਾਰਾਜੇ ਨੇ ਡਲਹੌਜ਼ੀ ਨੂੰ ਸੰਬੋਧਨ ਕੀਤਾ,"I am happy to meet you my Lord" (ਮੇਰੇ ਸੁਆਮੀ ! ਮੈਂ ਆਪ ਨੂੰ ਮਿਲ ਕੇ ਬੜਾ ਪ੍ਰਸੰਨ ਹਾਂ ।) ਮਹਾਰਾਜੇ ਦੇ ਮਹਿਲ ਵਿਚ ਡਲਹੌਜ਼ੀ ਤੇ ਉਸ ਦੇ ਸਾਥੀ ਸੱਜੇ ਪਾਸੇ ਤੇ ਮਹਾਰਾਜਾ ਤੇ ਉਸ ਦੇ ਸਾਥੀ ਖੱਬੇ ਪਾਸੇ ਬੈਠੇ। ਡਲਹੌਜ਼ੀ ਵੱਲੋਂ ਮਹਾਰਾਜੇ ਨੂੰ ਪੰਜ ਹਜ਼ਾਰ ਦੀ ਥੈਲੀ ਪੇਸ਼ ਕੀਤੀ ਗਈ । ਇਸ ਦੇ ਬਦਲੇ ਵਿਚ ਮਹਾਰਾਜੇ ਵਲੋਂ ਕੀਮਤੀ ਚੀਜ਼ਾਂ ਦੇ ਭਰੇ ਹੋਏ ੫੧ ਥਾਲ, ੭ ਘੋੜੇ ਤੇ ਇਕ ਹਾਥੀ ਸੁਨਹਿਰੀ ਪੌਦੇ ਸਣੇ ਡਲਹੌਜੀ ਦੀ ਭੇਟਾ ਹੋਏ ਤੇ ਡਲਹੌਜ਼ੀ ਦੇ ਬਾਕੀ ਦਿਆਂ ਸਾਥੀਆਂ ਦੀ ਭੇਟਾ ਵੀ ਓਹੋ ਜੇਹੇ ਬਾਲ ਕੀਤੇ ਗਏ। ਡਲਹੌਜ਼ੀ ਦੇ ਕਿਲ੍ਹੇ ਵਿਚ ਆਉਣ ਉਤੇ ਇੱਕੀ ਤੋਪਾਂ ਦੀ ਸਲਾਮੀ ਹੋਈ। ਇਹ ਸਭ ਕੁਝ ਸਰਕਾਰ ਦੇ ਪਹਿਲਾਂ ਹੀ ਕੀਤੇ ਹੋਏ ਹੁਕਮ ਅਨੁਸਾਰ ਹੋਇਆ ।
ਦੇਸ਼-ਨਿਕਾਲੇ ਦਾ ਹੁਕਮ
ਹੁਣ ਪੰਜਾਬ ਵਿਚੋਂ ਮਹਾਰਾਜੇ ਦੇ ਦੇਸ਼-ਨਿਕਾਲੇ ਦੀ ਤਿਆਰੀ ਹੋਣ ਲੱਗੀ।
----------------------------------
੧. ਲੇਡੀ ਲਾਗਨ, ਪੰਨਾ ੧੯੧।