Back ArrowLogo
Info
Profile

ਇਰਾਦਾ ਪਰਗਟ ਕੀਤਾ ਸੀ । ਕਿਉਂਕਿ ਜਿਸ ਧਰਮ ਵਿਚ ਉਹ ਜੰਮਿਆ ਪਲਿਆ ਸੀ, ਉਹਦੀ ਸਚਾਈ ਉੱਤੇ ਉਸਨੂੰ ਸ਼ੱਕ ਅਤੇ ਅੰਜੀਲ ਦੇ ਧਰਮ ਦੀ ਸਚਾਈ ਉੱਤੇ ਨਿਸਚਾ ਸੀ, ਜੋ ਚਿਰ ਤੋਂ ਉਹ ਭਜਨ ਲਾਲ ਕੋਲੋਂ ਸੁਣਿਆ ਕਰਦਾ ਸੀ । ਕਪਤਾਨ ਕੈਮਬਲ ਨੇ ਵੀ ਚਿੱਠੀ ਵਿਚ ਮਹਾਰਾਜੇ ਦੀ ਏਹਾ ਚਰਚਾ ਲਿਖੀ ਸੀ । ਜਿਹੜੀਆਂ ਨਿਤ ਉਸ ਨਾਲ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਸਨ, ਉਸ ਤੋਂ ਏਹਾ ਪਰਤੀਤ ਹੁੰਦਾ ਸੀ, ਕਿ ਛੋਟੀ ਉਮਰ ਤੋਂ ਹੀ ਉਸ ਨੂੰ ਸਿੱਖ ਧਰਮ ਤੇ ਹਿੰਦੂ ਮਤ ਦੀ ਸਚਾਈ ਉੱਤੇ ਸ਼ੱਕ ਉਠਦੇ ਰਹੇ ਸਨ, ਤੇ ਮੁਸਲਮਾਨੀ ਤੇ ਈਸਾਈ ਮੱਤ ਨੂੰ ਉਹ ਚੰਗਾ ਜਾਣਦਾ ਰਿਹਾ ਸੀ । ਜਿਉਂ- ਜਿਉਂ ਉਹ ਵੱਡਾ ਹੁੰਦਾ ਗਿਆ, ਤੇ ਉਹਦਾ ਸੰਬੰਧ ਈਸਾਈਆਂ ਨਾਲ ਵਧਦਾ ਗਿਆ, ਉਸ ਦਾ ਝੁਕਾਓ ਉਹਨਾਂ ਦੇ ਮੱਤ (ਈਸਾਈ ਧਰਮ) ਵੱਲ ਵਧੇਰੇ ਹੁੰਦਾ ਗਿਆ । ਭਾਵੇਂ ਉਹ ਉਹਨਾਂ ਦੇ ਅਸੂਲਾਂ ਬਾਬਤ ਮਾਮੂਲੀ ਜਾਣਦਾ ਸੀ, ਤੇ ਇਸ ਵਿਸ਼ੇ ਉੱਤੇ ਉਸਨੂੰ ਬਹੁਤ ਥੋੜ੍ਹਾ ਦੱਸਿਆ ਗਿਆ ਸੀ । (ਅੱਗੇ ਕੁਛ ਭਜਨ ਲਾਲ ਦਾ ਜ਼ਿਕਰ ਹੈ, ਜੋ ਅਸੀਂ ਲਿਖ ਆਏ ਹਾਂ) .... ਇਸ ਤੋਂ ਮਹੀਨਾ ਕੁ ਪਹਿਲਾਂ ਮਹਾਰਾਜੇ ਨੇ ਆਪਣੀ ਖੇਹਡ ਦੇ ਹਾਣੀ ਸਕਾਟ ਨੂੰ ਵੀ ਦੱਸਿਆ ਕਿ ਮੈਂ ਵੀ ਈਸਾਈ ਹੋਣਾ ਹੈ। ਕਈ ਕਾਰਨਾਂ ਕਰਕੇ ਤਾਂ ਇਹ ਚੰਗੇ ਭਾਗਾਂ ਦੀ ਗੱਲ ਹੈ, ਮਹਾਰਾਜੇ ਨੇ ਆਪਣਾ ਇਰਾਦਾ ਅਜੇਹੇ ਸਮੇਂ ਪਰਗਟ ਕੀਤਾ, ਜਦੋਂ ਉਸਦਾ ਅੰਗਰੇਜ਼ੀ ਦਾ ਗਿਆਨ ਅਜੇ ਅਧੂਰਾ ਹੈ, ਤੇ ਇਸ ਬੋਲੀ ਵਿਚ ਦੱਸੀ ਗਈ ਧਾਰਮਿਕ ਸਿੱਖਿਆ ਨੂੰ ਸਮਝਣਾ ਉਸ ਵਾਸਤੇ ਅਸੰਭਵ ਹੈ, ਜਦ ਤਕ ਉਹਨੂੰ ਓਹੋ ਕੁਛ ਹਿੰਦੁਸਤਾਨੀ ਵਿਚ ਨਾ ਸਮਝਾਇਆ ਜਾਵੇ। ਦੇਸੀ ਆਦਮੀ, ਜੋ ਉਸ ਦੇ ਨਾਲ ਹਨ ਤੇ ਉਸ ਦੇ ਦੇਸੀ ਨੌਕਰ ਇਸ ਦੀ ਵਿਚਾਰ ਕਰ ਸਕਦੇ ਹਨ, ਕਿ ਉਸ ਦੇ ਧਾਰਮਿਕ ਨਿਸਚਿਆਂ ਨੂੰ ਬਦਲਣ ਵਾਸਤੇ ਕੋਈ ਅਯੋਗ ਢੰਗ ਨਹੀਂ ਵਰਤਿਆ ਗਿਆ । ਤਿੰਨ ਦੇਸੀ ਭਲੇ ਪੁਰਸ਼ਾਂ ਤੇ ਮਹਾਰਾਜੇ ਦੇ ਪ੍ਰੋਹਤ ਦੇ ਬਿਆਨ ਦੇਸੀ ਬੋਲੀ ਵਿਚ ਨਾਲ ਭੇਜਦਾ ਹਾਂ, ਜਿਸ ਤੋਂ ਤਸੱਲੀ ਹੋ ਜਾਵੇਗੀ, ਕਿ ਉਹਨਾਂ ਦੀ ਰਾਇ ਵਿਚ ਕੋਈ ਨਾ-ਵਾਜਬ ਰੁਹਬ ਨਹੀਂ ਵਰਤਿਆ ਗਿਆ । ਮਹਾਰਾਜੇ ਦੀ ਸਲਾਹ ਆਪਣੇ ਆਪ ਬਣੀ ਹੈ ।....ਮੈਂ ਸਦਾ ਇਸ ਗੱਲ ਨੂੰ ਮੁੱਖ ਰੱਖਿਆ ਕਿ ਈਸਾਈ ਸਦਾਚਾਰ ਦੇ ਅਸੂਲ, ਜਿਹੜੇ ਮਹਾਰਾਜੇ ਨੂੰ ਛੋਟੀ ਉਮਰੇ ਹੀ ਸਿਖਾਉਣ ਦੀ ਮੇਰੀ ਇੱਛਿਆ ਸੀ, ਕੇਵਲ ਮਿਸਾਲ ਬਣ ਕੇ ਉਹਦੇ ਸਾਮ੍ਹਣੇ ਰੱਖੇ ਜਾ ਸਕਦੇ ਹਨ। ਜੋ ਕੁਛ ਕਰਨ ਦੀ ਮੇਰੇ ਸੁਭਾ ਤੇ ਇਨਸਾਫ ਨੇ ਆਗਿਆ ਦਿੱਤੀ, ਮੈਂ ਉਹ ਕੁਛ ਕਰਨ ਦਾ ਯਤਨ ਕੀਤਾ, ਤੇ ਬਾਕੀ ਖੁਦਾ ਤੇ ਛੱਡ ਦਿੱਤਾ।........"

----------------------------

੧. ਤੇ ਸਾਰੇ ਯੋਗ ਢੰਗ ਵਰਤਣ ਤੋਂ ਕਸਰ ਬਾਕੀ ਨਹੀਂ ਛੱਡੀ ਗਈ।

੨. ਫਕੀਰ ਜ਼ਹੂਰ ਦੀਨ, ਦੀਵਾਨ ਅਜੁਧਿਆ ਪ੍ਰਸਾਦ, ਸ. ਬੂੜ ਸਿੰਘ ਤੇ ਪ੍ਰੋਹਤ ਗੁਲਾਬ ਰਾਏ ਦੇ ਬਿਆਨ ਹਨ। ਜੇ ਆਖਰੀ ਸੁਲ੍ਹਾ 'ਤੇ ਦਸਤਖਤ ਕਰਾਏ ਜਾ ਸਕਦੇ ਹਨ, ਤਾਂ ਇਹ ਬਿਆਨ ਮਨ-ਮਰਜ਼ੀ ਦੇ ਲਿਖਾ ਲੈਣ ਵਿਚ ਕੀ ਦਿੱਕਤ ਹੋ ਸਕਦੀ ਹੈ।

80 / 168
Previous
Next