

ਇਹ ਰੀਪੋਰਟ ਬੜੀ ਲੰਮੀ ਹੈ, ਤੇ ਚੰਗੇ ਨੀਤਕ ਢੰਗ ਨਾਲ ਲਿਖੀ ਗਈ ਹੈ। ਥਾਂ ਥਾਂ ਇਸ ਗੱਲ 'ਤੇ ਜ਼ੋਰ ਦਿੱਤਾ ਹੈ, ਕਿ ਅਸਾਂ ਕੋਈ ਨਾਜਾਇਜ਼ ਰੋਹਬ ਜਾਂ ਅਸਰ ਪਾ ਕੇ ਈਸਾਈ ਧਰਮ ਨਹੀਂ ਮਨਾਇਆ, ਸਗੋਂ ਮਹਾਰਾਜਾ ਆਪ ਸ਼ੌਕ ਨਾਲ ਮੰਨਿਆ ਹੈ। ਮਹਾਰਾਜੇ ਦਾ ਸਿੱਖੀ ਵੱਲੋਂ ਉਪਰਾਮ ਹੋਣ ਦਾ ਕਾਰਨ ਬੜਾ ਸੁਆਦੀ ਲਿਖਿਆ ਹੈ। ਇਹੀ ਕਿ ਸ. ਜਵਾਹਰ ਸਿੰਘ-ਮਹਾਰਾਜੇ ਦਾ ਮਾਮਾ-ਸਿੱਖ ਫੌਜ ਨੇ ਉਸਦੇ ਸਾਮ੍ਹਣੇ ਕਤਲ ਕੀਤਾ ਸੀ, ਇਸ ਵਾਸਤੇ ਮਹਾਰਾਜਾ ਸਿੱਖੀ ਤੋਂ ਤੇ ਆਪਣੇ ਸਿੱਖ ਭਰਾਵਾਂ ਤੋਂ ਘਿਰਣਾ ਕਰਨ ਲੱਗ ਪਿਆ । ਲਾਗਨ ਨੂੰ ਕੋਈ ਪੁੱਛੇ, ਦਲੀਪ ਸਿੰਘ ਨੇ ਤਾਂ ਆਪਣੇ ਮਾਮੇ ਦੀ ਮੌਤ ਵੇਖ ਕੇ ਸਿੱਖੀ ਛੱਡੀ, ਪਰ ਇੰਗਲੈਂਡ ਦੇ ਬਾਦਸ਼ਾਹ ਚਾਰਲਸ ਪਹਿਲੇ ਨੂੰ ਉਸਦੇ ਦੇਸ਼-ਵਾਸੀਆਂ ਨੇ ਫਾਂਸੀ ਦਿੱਤੀ ਸੀ, ਉਸ ਸਾਕੇ ਨੂੰ ਵੇਖ ਕੇ ਕਿੰਨੇ-ਕੁ ਅੰਗਰੇਜ਼ ਬੱਚੇ ਈਸਾਈ ਧਰਮ ਤੋਂ ਪਤਤ ਹੋਏ ? ਜਾਂ ਉਹਨਾਂ ਦੇ ਦਿਲਾਂ ਵਿਚ ਦੇਸ ਵਾਸੀਆਂ ਵਾਸਤੇ ਘਿਰਣਾ ਪੈਦਾ ਹੋਈ । ਅਸਲ ਵਿਚ ਦਲੀਪ ਸਿੰਘ ਨੂੰ ਏਨੀ ਛੇਤੀ ਈਸਾਈ ਬਨਾਉਣ ਦਾ ਯਤਨ ਏਸ ਵਾਸਤੇ ਕੀਤਾ ਗਿਆ ਸੀ, ਕਿ ਸਿੱਖ ਜਨਤਾ ਵਿਚ ਉਸ ਵਾਸਤੇ ਕੋਈ ਹਮਦਰਦੀ ਨਾ ਰਹੇ । ਫੈਸਲਾ ਹੋ ਗਿਆ ਸੀ, ਤੇ ਹੁਣ ਸਿਰਫ ਉਪਰੋਂ ਹੁਕਮ ਦੀ ਢਿੱਲ ਸੀ, ਸੋ ਉਹ ਵੀ ਮਿਲ ਗਿਆ । ੨੪ ਸਤੰਬਰ, ੧੮੫੨ ਦੇ ਖਤ ਵਿਚ ਡਲਹੌਜ਼ੀ ਨੇ ਲਾਗਨ ਨੂੰ ਲਿਖਿਆ,"ਜੇ ਦਲੀਪ ਸਿੰਘ ਵਲਾਇਤ ਜਾਣਾ ਚਾਹੁੰਦਾ ਹੈ, ਤਾਂ ਜਾਣ ਤੋਂ ਪਹਿਲਾਂ ਚੁੱਪ-ਚਾਪ ਉਸਨੂੰ (ਬੈਪਤਿਸਮਾ ਦੇ ਕੇ) ਈਸਾਈ ਬਣਾ ਲਿਆ ਜਾਵੇ, ਪਰ ਨਾਮ ਦਲੀਪ ਸਿੰਘ ਹੀ ਰਹੇ ।"
ਮਹਾਰਾਜਾ ਈਸਾਈ ਬਣਿਆ
ਦਲੀਪ ਸਿੰਘ ਨੂੰ ਈਸਾਈ ਬਨਾਉਣ ਦੀਆਂ ਤਿਆਰੀਆਂ ਹੋਣ ਲੱਗੀਆਂ । ਫੈਸਲਾ ਹੋਇਆ ਕਿ ਇਹ ਰਸਮ ਉਹਦੇ ਘਰ ਵਿਚ ਹੀ ਅਦਾ ਕੀਤੀ ਜਾਵੇ, ਕਿਉਂਕਿ ਏਹਾ ਥਾਂ ਸੱਭ ਨਾਲੋਂ ਸੁਰੱਖਯਤ ਸੀ, ਤੇ ਏਥੇ ਹੋਣ ਵਾਲੀ ਘਟਨਾ ਦਾ ਬਾਹਰਲੇ ਲੋਕਾਂ ਨੂੰ ਵਕਤ ਤੋਂ ਪਹਿਲਾਂ ਪਤਾ ਲੱਗਣ ਦਾ ਥੋੜ੍ਹਾ ਡਰ ਸੀ । ਸਾਧਾਰਨ ਜਿਹਾ ਘਰ ਨੂੰ ਸਜਾਇਆ ਗਿਆ, ਤੇ ਬਿਨਾਂ ਬਹੁਤੀ ਧੂਮ ਧਾਮ ਦੇ ੨੦-ਕੁ ਅੰਗਰੇਜ਼ਾਂ ਤੇ ਏਨੇ ਕੁ ਦੇਸੀ ਨੋਕਰਾਂ ਦੇ ਸਾਮ੍ਹਣੇ ਦਲੀਪ ਸਿੰਘ ਨੇ ਬੈਪਤਿਸਮਾ ਲੈ ਲਿਆ । ਇਹ ਘਟਨਾ ੮ ਮਾਰਚ, ੧੮੫੩ ਨੂੰ ਹੋਈ । ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਸਿੱਖਾਂ ਦੇ ਤਖਤੋਂ ਲੱਥੇ ਬਾਦਸ਼ਾਹ ਦਲੀਪ ਸਿੰਘ ਨੇ ਸਿੱਖੀ ਤਿਆਗ ਕੇ ਈਸਾਈ