

ਮਲਕਾ ਤੇ ਦਲੀਪ ਸਿੰਘ
ਮਲਕਾ ਵਿਕਟੋਰੀਆ ਨੇ ਦਲੀਪ ਸਿੰਘ ਨੂੰ ਆਪਣੇ ਮਹਿਲ ਵਿਚ ਪ੍ਰੀਤੀ- ਭੋਜਨ ਦਿੱਤਾ । ਮਹਾਰਾਜੇ ਨੂੰ ਵੇਖ ਕੇ ਮਲਕਾ ਤੇ ਉਸ ਦਾ ਪਤੀ ਪ੍ਰਿੰਸ ਐਲਬਰਟ (Prince Albert) ਬੜੇ ਖੁਸ਼ ਹੋਏ। ਦੋਹਾਂ ਨੇ ਮਹਾਰਾਜੇ ਦਾ ਹੱਦੋਂ ਵੱਧ ਆਦਰ ਕੀਤਾ । ਮਲਕਾ ਨੇ ਮਹਾਰਾਜੇ ਦੀ ਆਦਮ ਕੱਦ ਤਸਵੀਰ ਖਿਚਾਉਣ ਵਾਸਤੇ ਕਿਹਾ, ਜਿਸ ਨੂੰ ਉਹ ਬੜੀ ਖੁਸ਼ੀ ਨਾਲ ਮੰਨ ਗਿਆ। ਤਸਵੀਰ ਖਿਚਵਾਉਣ ਦਾ ਪ੍ਰਬੰਧ ਬੁਕਿੰਘਮ ਮਹਿਲ (Buckingham Palace) ਵਿਚ ਹੋਇਆ, ਜਿਥੇ ਮਹਾਰਾਜਾ ਸਤਵਾਰੇ ਵਿਚ ਦੋ ਵਾਰ ਜਾਂਦਾ । ਹਰ ਵਾਰ ਮਲਕਾ ਤੇ ਪ੍ਰਿੰਸ ਐਲਬਰਟ ਮਹਿਲ ਵਿਚ ਹੁੰਦੇ, ਜੋ ਮਹਾਰਾਜੇ ਨੂੰ ਬੜੇ ਸਤਿਕਾਰ ਨਾਲ ਮਿਲਦੇ ਤੇ ਉਸ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ। ਏਸ ਤਰ੍ਹਾਂ ਇਹਨਾਂ ਵਿਚ ਚੰਗਾ ਮੇਲ-ਮਿਲਾਪ ਹੋ ਗਿਆ ।
ਇਨ੍ਹਾਂ ਦਿਨਾਂ ਵਿਚ ਹੀ ਮਲਕਾ ਵੱਲੋਂ ਡਾਕਟਰ ਲਾਗਨ ਨੂੰ 'ਸਰ' (Sir (Knight) ਦਾ ਖਿਤਾਬ ਦਿੱਤਾ ਗਿਆ । ਮਹਾਰਾਜੇ ਦਾ ਦਰਜਾ ਵਲਾਇਤ ਵਿਚ ਯੂਰਪ ਦੇ ਸ਼ਹਿਜ਼ਾਦਿਆਂ ਬਰਾਬਰ ਮੰਨਿਆ ਜਾਂਦਾ ਸੀ । ਜਦੋਂ ਏਸ ਗੱਲ ਦਾ ਆਮ ਲੋਕਾਂ ਵਿਚ ਐਲਾਨ ਕੀਤਾ ਗਿਆ, ਤਾਂ ਮਹਾਰਾਜੇ ਵੱਲੋਂ ਇਕ ਸ਼ਾਨਦਾਰ ਪ੍ਰੀਤੀ-ਭੋਜਨ ਦਾ ਪ੍ਰਬੰਧ ਕੀਤਾ ਗਿਆ ।
ਕੋਹਿਨੂਰ ਤੇ ਮਹਾਰਾਜਾ
ਵਲਾਇਤ ਵਿਚ ਮਹਾਰਾਜੇ ਨਾਲ ਕਦੇ ਕਿਸੇ 'ਕੋਹਿਨੂਰ ਦੀ ਗੱਲ ਕੱਥ ਨਹੀਂ ਸੀ ਕੀਤੀ । ਜਦੋਂ ਉਹ ਮਲਕਾ ਦੇ ਮਹਿਲ ਵਿਚ ਜਾਂਦਾ ਸੀ, ਲੇਡੀ ਲਾਗਨ ਸਦਾ ਨਾਲ ਹੁੰਦੀ ਸੀ । ਇਕ ਦਿਨ ਮਲਕਾ ਨੇ ਲੇਡੀ ਲਾਗਨ ਨੂੰ ਪੁੱਛਿਆ, "ਮਹਾਰਾਜੇ ਨੇ ਕਦੇ 'ਕੋਹਿਨੂਰ' ਬਾਬਤ ਕੁਛ ਪੁੱਛਿਆ ਹੈ ? ਉਸ ਬਾਬਤ ਉਹਨੇ ਕਦੇ ਅਫਸੋਸ ਤਾਂ ਨਹੀਂ ਕੀਤਾ ?" ਲੇਡੀ ਲਾਗਨ ਨੇ ਉਤਰ ਦਿੱਤਾ, "ਹਿੰਦ ਵਿਚ ਤਾਂ ਕਈ ਵਾਰ ਉਹ ਹੀਰੇ ਦੀਆਂ ਗੱਲਾਂ ਕਰਦਾ ਹੁੰਦਾ ਸੀ, ਪਰ ਜਦ ਤੋਂ ਵਲਾਇਤ ਵਿਚ ਆਇਆ ਹੈ, ਕਦੇ ਨਾਂ ਨਹੀਂ ਲਿਆ।" ਮਲਕਾ ਨੇ ਪੱਕੀ ਕੀਤੀ, "ਗੱਲੀਂ ਬਾਤੀਂ ਮਹਾਰਾਜੇ ਦੇ ਦਿਲੀ ਭਾਵਾਂ ਦਾ ਪਤਾ ਕਰਨਾ, ਤੇ ਪੁੱਛਣਾ ਕਿ ਉਹ ਕੋਹਿਨੂਰ ਵੇਖਣਾ ਚਾਹੁੰਦਾ ਹੈ ? ਦੁੱਜੀ ਮੁਲਾਕਾਤ ਵਿਚ ਮੈਨੂੰ ਸਭ ਕੁਛ ਦੱਸਣਾ ।"
ਇਕ ਦਿਨ ਮਹਾਰਾਜਾ ਤੇ ਲੇਡੀ ਲਾਗਨ ਰਿਚਮੰਡ ਪਾਰਕ (Richmand Park) ਵਿਚ ਘੋੜਿਆਂ ਉੱਤੇ ਸੈਰ ਕਰ ਰਹੇ ਸਨ । ਗੱਲਾਂ ਬਾਤਾਂ ਕਰਦਿਆਂ- ਕਰਦਿਆਂ ਲੇਡੀ ਲਾਗਨ ਨੇ ਪੁੱਛਿਆ, "ਮਹਾਰਾਜ! ਕੀ ਕੋਹਿਨੂਰ ਫੇਰ ਵੇਖਣਾ ਚਾਹੁੰਦੇ ਹਨ?”