ਅਚਾਨਕ ਇਕ ਦਿਨ ਸੀਤੋ ਦੇ ਗੁਰਦੇ ਵਿਚ ਦਰਦ ਸ਼ੁਰੂ ਹੋ ਗਿਆ। ਡਾਕਟਰਾਂ ਨੇ ਉਸ ਨੂੰ ਸ਼ਰਾਬ ਤੋਂ ਸਖ਼ਤ ਮਨਾਹੀ ਕੀਤੀ ਹੋਈ ਸੀ। ਪਰ ਉਹ ਸ਼ਰਾਬ ਦਾ ਆਦੀ ਹੋਣ ਕਰਕੇ ਸ਼ਰਾਬ ਨਹੀਂ ਛੱਡ ਸਕਿਆ ਸੀ। ਉਸ ਦੀ ਹਾਲਤ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਚਿਹਰੇ 'ਤੇ ਝਲਕਦਾ ਰੋਹਬ ਪਤਾ ਨਹੀਂ ਕਿੱਧਰ ਉਡਾਰੀ ਮਾਰ ਗਿਆ ਸੀ। ਜਬਾੜੇ ਵਿਚ ਨੂੰ ਵੜ ਗਏ ਸਨ । ਅੱਖਾਂ ਅੰਦਰ ਨੂੰ ਧਸ ਗਈਆਂ ਸਨ। ਦਰਦ ਨਾਲ ਉਸ ਦੀ ਜਾਨ ਨਿਕਲਦੀ ਸੀ। ਪੀੜ ਨਾਲ ਉਹ ਕਰਾਹ ਰਿਹਾ ਸੀ। ਬਿੱਲਾ ਉਸ ਨੂੰ ਜੀਪ ਵਿਚ ਪਾ ਕੇ ਹਸਪਤਾਲ ਲੈ ਗਿਆ। ਉਹ ਕੁਝ ਦਿਨ ਹਸਪਤਾਲ ਰਿਹਾ। ਡਾਕਟਰਾਂ ਨੇ ਦੁਆਈਆਂ ਦਿੱਤੀਆਂ। ਟੀਕੇ ਲਾਏ। ਜਿਤਨਾ ਚਿਰ ਦੁਆਈ ਦਾ ਅਸਰ ਰਹਿੰਦਾ, ਉਤਨਾ ਚਿਰ ਕੁਝ ਅਰਾਮ ਰਹਿੰਦਾ, ਨਹੀਂ ਤਾਂ ਦਰਦ ਫ਼ਿਰ ਸ਼ੁਰੂ ਹੋ ਜਾਂਦਾ ਅਤੇ ਸੀਤੋ ਫੱਟੜ ਸੱਪ ਵਾਂਗ ਮੇਹਲਣ ਲੱਗ ਪੈਂਦਾ। ਲੋਕ ਆਖਦੇ ਸਨ ਕਿ ਉਸ ਨੂੰ ਬਿਗਾਨਾ ਗੁਰਦਾ ਫਿੱਟ ਨਹੀਂ ਬੈਠਿਆ ਸੀ !
ਇਕ ਦਿਨ ਸੀਤੋ ਨੇ ਬਿੱਲੇ ਨੂੰ ਆਪਣੇ ਕੋਲ ਬੁਲਾਇਆ।
ਬਿੱਲਾ ਝੱਟ ਹਾਜ਼ਰ ਹੋ ਗਿਆ।
-"ਬਿੱਲਿਆ-ਤੂੰ ਮੇਰਾ ਦੋਸਤ ਨਹੀਂ, ਭਰਾ ਐਂ..!'
-"ਕੋਈ ਸ਼ੱਕ ਨਹੀਂ..!"
-"ਪਰ ਤੇਰਾ ਬਾਈ ਬਹੁਤਾ ਚਿਰ ਬਚਦਾ ਨਹੀਂ-ਅੱਜ ਕੱਲ੍ਹ 'ਚ ਭੋਰ ਉਡੂਗਾ।'
ਬਿੱਲੇ ਨੇ ਉਸ ਨੂੰ ਜੱਫ਼ੀ ਪਾ ਲਈ।
-"ਢਿੱਲੀ ਜੀ ਗੱਲ ਨਾ ਕਰ ਯਾਰ..!" ਬਿੱਲੇ ਨੇ ਉਸ ਦੀ ਗੱਲ 'ਤੇ ਲਾਹਣਤ ਪਾਈ। ਉਸ ਨੇ ਪਹਿਲੀ ਵਾਰ ਸੀਤੋ ਨੂੰ 'ਯਾਰ' ਆਖਿਆ ਸੀ।
-"ਨਹੀਂ ਬਿੱਲਿਆ..! ਮੈਨੂੰ ਖ਼ੁਦ ਨੂੰ ਪਤਾ ਲੱਗ ਰਿਹੈ-ਮੇਰੀ ਨਜ਼ਰ ਕਮਜ਼ੋਰ ਹੋ ਚੁੱਕੀ ਐ-ਦਿਲ ਘਟਦਾ ਰਹਿੰਦੇ-ਹੱਥ ਪੈਰ ਕੰਬਣ ਲੱਗ ਪਏ-ਖੂਨ ਦੀਆਂ ਉਲਟੀਆਂ ਆਉਂਦੀਆਂ-ਇਉਂ ਲੱਗਦੇ ਬਈ ਹੁਣੇਂ ਜਾਨ ਨਿਕਲਜੁਗੀ..!" ਸੀਤੋ ਨੇ ਤਕਲੀਫ਼ਾਂ ਦੱਸੀਆਂ।
-"ਤੂੰ ਫ਼ਿਕਰ ਕਾਹਦਾ ਕਰਦੈਂ ਬਾਈ..! ਤੇਰੀ ਖਾਤਰ ਤਾਂ ਮੈਂ ਆਪਣਾ ਦਿਲ ਵੀ ਚੀਰ ਕੇ ਦੇ ਦਿਊਂ... !"