ਸੀਤੋ ਨੇ ਉਸ ਨੂੰ ਜੱਫ਼ੀ ਵਿਚ ਘੁੱਟ ਲਿਆ।
-"ਇਕ ਗੱਲ ਕਹਿਣ ਲੱਗਿਐਂ, ਦਿਲ ਕਰੜਾ ਕਰ..!"
-"ਦਿਲ ਆਪਣਾ ਫੌਲਾਦ ਐ ਬਾਈ-ਤੂੰ ਗੱਲ ਕਰ..!"
-"ਬਿੱਲਿਆ..! ਮੈਂ ਚਾਹੁੰਨੇਂ ਬਈ ਮਰਨ ਤੋਂ ਪਹਿਲਾਂ ਆਪਣੀ ਸਾਰੀ ਜ਼ਮੀਨ ਜਾਇਦਾਦ ਤੇਰੇ ਨਾਂ ਲੁਆ ਦਿਆਂ..!"
-"ਨਹੀਂ ਮਿੱਤਰਾ..! ਇਹ ਆਪਾਂ ਨੂੰ ਮਨਜੂਰ ਨਹੀਂ.. " ਉਸ ਨੇ ਜੱਫ਼ੀ ਢਿੱਲੀ ਚੱਡ ਦਿੱਤੀ।
-"ਦੇਖ ਬਿੱਲਿਆ। ਤੂੰ ਇਮਾਨਦਾਰ ਆਦਮੀ ਐ-ਸੱਚਾ ਐਂ..! ਤੇਰੇ ਅੰਦਰ ਰੱਬ ਵੱਸਦੈ ਤੈਨੂੰ ਕੋਈ ਲਾਲਚ ਨੀ-ਨਾਲੇ ਮੈਂ ਹੋਰ ਦੱਸ ਸਾਰੀ ਜਾਇਦਾਦ ਕੀਹਦੇ ਨਾਂ ਲੁਆ ਦਿਆਂ? ਭਰਾ ਮੇਰੇ ਨੀ-ਭੈਣ ਮੇਰੇ ਨੀ-ਜਨਾਨੀ ਮੇਰੇ ਨੀ-ਬਾਲ ਬੱਚਾ ਕੋਈ ਮੇਰੇ ਨੀ-ਦੂਰੋਂ ਲੱਗਦੇ ਸ਼ਰੀਕ ਈ ਮੁੱਠੀਆਂ 'ਚ ਬੁੱਕੀ ਫ਼ਿਰਦੇ ਐ-ਮੇਰੇ ਮਰਨ ਤੋਂ ਬਾਅਦ ਐਸੇ ਜਾਇਦਾਦ ਖਾਤਰ ਲੋਕ ਡਹਿ ਡਹਿ ਮਰਿਆ ਕਰਨਗੇ। ਇਸ ਨਾਲੋਂ ਬਿਹਤਰ ਐ-ਮੈਂ ਤੇਰੇ ਨਾਂ ਲੁਆ ਦਿਆਂ? ਕਤਲੇਆਮ ਹੋਣ ਤੋਂ ਬਚ ਜਾਊਗਾ! ਨਹੀਂ ਪਤਾ ਨੀ ਇਸ ਜ਼ਮੀਨ ਖਾਤਰ ਕਿੰਨੇ ਬੰਦੇ ਇੱਥੇ ਖਪਣਗੇ..!"
-"ਬਾਈ ਸੱਚ ਪੁੱਛੇਂ ਤਾਂ ਮੈਂ ਆਪਣੇ ਆਪ ਦੇ ਨਾਂ ਕੋਈ ਜ਼ਮੀਨ ਜਾਇਦਾਦ ਕਰਵਾ ਕੇ ਖ਼ੁਸ਼ ਨਹੀਂ- ਪਤਾ ਨਹੀਂ ਕਿਉਂ ਮੈਨੂੰ ਆਬਦੀ ਜ਼ਿੰਦਗੀ ਬੜੀ ਛੋਟੀ ਜੀ ਜਾਪਦੀ ਐ।"
-"ਬਿੱਲਿਆ। ਅੱਜ ਤੂੰ ਬਾਈ ਦੇ ਆਖਰੀ ਬੋਲਾਂ 'ਤੇ ਠੋਹਕਰ ਮਾਰ ਰਿਹੈਂ। ਤੈਨੂੰ ਬਾਈ ਦਾ ਨਾਂ ਪਿਆਰਾ ਨ੍ਹੀ ? ਨਹੀਂ ਤਾਂ ਤੇਰੇ ਬਾਈ ਦਾ ਕਿਸੇ ਨੇ ਨਾਂ ਨਹੀਂ ਲੈਣਾਂ-ਅੰਤ ਦੀ ਕੜਮੀਂ ਜ਼ਮੀਨ ਈ ਦੱਸਣਗੇ..। ਨਾਲੇ ਔਤ ਦੀ ਜ਼ਮੀਨ ਤਾਂ ਕਈ ਵਾਰ ਕਬਰਸਤਾਨ ਬਣ ਜਾਂਦੀ ਐ..। ਤੂੰ ਗਾਉਣ ਨੀ ਸੁਣਿਆਂ ? ਗਾਉਂਦੇ ਹੁੰਦੇ ਐ: ਰੱਸੀਆਂ ਧਰ ਕੇ ਲੋਕੀ ਮਿਣਦੇ ਅੰਤ ਗਿਆਂ ਦੀਆਂ ਥਾਂਵਾਂ..!
"ਔਤ" ਦਾ ਨਾਂ ਸੁਣ ਕੇ ਬਿੱਲੇ ਦੇ ਮਨ ਅੰਦਰ 'ਝੋਕਾ' ਜਿਹਾ ਫਿਰ ਗਿਆ। ਦਿਲੋਂ ਦਰਦ ਹਿੱਲਿਆ। ਉਸ ਨੇ ਕਸੀਸ ਵੱਟ ਲਈ।
-'ਠੀਕ ਐ ਬਾਈ..! ਮੈਂ ਤਾਂ ਨਹੀਂ, ਪਰ ਆਪਾਂ ਮੇਰੇ ਛੋਟੇ ਵੀਰ ਬੱਗੇ ਦੇ ਨਾਂ ਲੁਆ ਦਿੰਨੇ ਐਂ..!" ਕੁਝ ਸੋਚ ਵਿਚਾਰ ਕੇ ਬਿੱਲੇ ਨੇ ਆਖਿਆ।
-"ਠੀਕ ਐ-ਜਿਵੇਂ ਤੂੰ ਠੀਕ ਸਮਝੇਂ " ਸੀਤੋਂ ਸਹਿਮਤ ਹੋ ਗਿਆ।
ਸੋਮਵਾਰ ਨੂੰ ਸ਼ਹਿਰ ਜਾ ਕੇ ਰਜਿਸਟਰੀ ਕਰਵਾਉਣ ਦਾ ਮਨ ਬਣਾ ਲਿਆ। ਸੀਤੋ ਅਤੀ ਅੰਤ ਖ਼ੁਸ਼ ਸੀ। ਉਸ ਦੀ ਰੂਹ ਤੋਂ ਜਿਵੇਂ ਮਣਾਂ ਮੂੰਹੀਂ ਭਾਰ ਉਤਰ ਗਿਆ ਸੀ।