ਬੱਗਾ ਸੁਣ ਕੇ ਲੇਰ ਮਾਰਨ ਵਾਲਾ ਹੋ ਗਿਆ। ਉਸ ਦਾ ਧਰਤੀ 'ਤੇ ਪੈਰ ਨਹੀਂ ਲੱਗਦਾ ਸੀ।
"ਪੁੱਤ ਧਰ ਧਰ ਭੁੱਲੇਂਗੋ !" ਆਖਰ ਸਮੇਂ ਮਾਂ ਦੀ ਕਹੀ ਗੱਲ ਅੱਜ ਉਸ ਨੂੰ ਵਾਰ ਵਾਰ ਚੇਤੇ ਆ ਰਹੀ ਸੀ।
ਸੋਮਵਾਰ ਨੂੰ ਸ਼ਹਿਰ ਜਾ ਕੇ ਸੀਤੋ ਨੇ ਨੌਂ ਟਰੱਕ, ਸਾਢੇ ਤਿੰਨ ਸੌ ਏਕੜ ਜ਼ਮੀਨ ਅਤੇ ਕੋਠੀ ਬੱਗੇ ਦੇ ਨਾਂ ਕਰ ਦਿੱਤੀ। ਸੀਤੋ ਨੇ ਬੱਗੇ ਨੂੰ ਥਾਪੜਾ ਦਿੱਤਾ, "ਅੱਜ ਤੋਂ ਤੂੰ ਬੱਗਾ ਸਿੰਘ ਸਰਦਾਰ ਐਂ..!" ਸੀਤੋ ਨੇ ਕਿਹਾ, "ਪਰ ਸਾਡੀ ਜੱਦੀ ਪੁਸ਼ਤੀ ਜ਼ਮੀਨ ਐਂ-ਅਜਾਈਂ ਨਾ ਗੁਆਦੀਂ..!"
ਬੱਗੇ ਨੇ ਸਿਰ ਹਿਲਾ ਕੇ ਨੀਵੀਂ ਪਾ ਲਈ।
ਕਚਿਹਰੀਆਂ ਵਿਚ ਹੀ ਸੀਤੋ ਨੂੰ ਦੌਰਾ ਪੈ ਗਿਆ। ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ। ਪਰ ਸੀਤੋ ਦਮ ਤੋੜ ਚੁੱਕਾ ਸੀ। ਬਿੱਲੇ ਨੂੰ ਅਸਹਿ ਸਦਮਾਂ ਪੁੱਜਿਆ। ਉਹ ਤੁਰੰਤ ਅੰਦਰ ਚਲਾ ਗਿਆ। ਹੁਬਕੀਂ ਰੋਂਦੇ ਬਿੱਲੇ ਨੇ ਯਾਰ ਵੱਲ ਤੱਕਿਆ। ਉਮਰ ਦਾ ਪੰਧ ਮਾਰ ਕੇ ਉਹ ਸ਼ਾਂਤ ਸੁੱਤਾ ਪਿਆ ਸੀ। ਉਹ ਘੋਰ ਉਦਾਸੀ ਵਿਚ ਸਿਰ ਫ਼ੜ ਕੇ ਧਰਤੀ 'ਤੇ ਬੈਠ ਗਿਆ। ਨਸੀਹਤਾਂ, ਮੱਤਾਂ ਦੇਣ ਅਤੇ ਕਦੇ ਕਦੇ ਘੂਰਨ ਵਾਲਾ ਯਾਰ ਸੀਤੋ ਬਾਈ ਤੁਰ ਗਿਆ ਸੀ।
-"ਤੂੰ ਤਾਂ ਮੈਨੂੰ ਮਾਰ ਕੇ ਸਿੱਟ ਗਿਐਂ ਉਏ ਬਾਈ.. !" ਬਿੱਲੇ ਨੇ ਉਠ ਕੇ ਧਾਹ ਮਾਰੀ। ਬੱਗੇ ਵਰਗੇ ਉਸ ਨੂੰ ਦਿਲਾਸਾ ਦਿੰਦੇ ਰਹੇ। ਬਿੱਲੇ ਨੇ ਡਾਕਟਰ ਨੂੰ ਪੈਸੇ ਦੇ ਕੇ ਪੋਸਟ ਮਾਰਟਮ ਕਰਨ ਤੋਂ ਰੋਕ ਦਿੱਤਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸੀਤੋ ਬਾਈ ਦੇ ਸਰੀਰ ਦੀ 'ਵੱਢ-ਕੱਟ ਕੀਤੀ ਜਾਵੇ।
ਲਾਸ਼ ਪਿੰਡ ਲਿਆਂਦੀ ਗਈ। ਇਸ਼ਨਾਨ ਕਰਵਾ ਕੇ ਅੰਤਿਮ ਸਸਕਾਰ ਖੇਤਾਂ ਵਿਚ ਹੀ ਕਰ ਦਿੱਤਾ ਗਿਆ।
ਬਿੱਲੇ ਅਤੇ ਬੱਗੇ ਨੇ ਸੀਤੋ ਬਾਈ ਦੀ ਆਤਮਾਂ ਦੀ ਸ਼ਾਂਤੀ ਲਈ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਆਪਣੇ ਚਰਨਾਂ ਵਿਚ ਸ਼ਰਨ ਦੇਣ ਲਈ ਉਸ ਪਰਮ-ਸ਼ਕਤੀ ਅੱਗੇ ਅਰਦਾਸ ਕੀਤੀ ਗਈ। ਭੋਗ ਤੋਂ ਬਾਅਦ ਸਸਕਾਰ ਵਾਲੀ ਜਗਾਹ 'ਤੇ ਇਕ ਪੱਥਰ ਲਾਇਆ ਗਿਆ, "ਸਵਰਗਵਾਸੀ ਸਰਦਾਰ ਸੀਤਾ ਸਿੰਘ !"
ਬਿੱਲਾ ਕਈ ਦਿਨ ਰੋਣੋਂ ਨਾ ਹਟਿਆ। ਸੀਤੋ ਦੇ ਨਾਂ ਵਾਲਾ ਪੱਥਰ ਤੱਕ ਕੇ ਉਸ ਦੀ ਰੂਹ ਨੂੰ ਅਜੀਬ ਸਕੂਨ ਮਿਲਦਾ। ਉਹ ਘੰਟਿਆਂ ਬੱਧੀ ਪਾਗਲਾਂ ਵਾਂਗ ਉਸ ਪੱਥਰ ਨਾਲ ਗੱਲਾਂ ਕਰਦਾ ਰਹਿੰਦਾ।
-"ਲੈ ਗੱਲ ਸੁਣ ਲੈ..! ਮੈਂ ਹਰ ਸਾਲ ਤੇਰੀ ਬਰਸੀ ਮਨਾਇਆ ਕਰੂੰਗਾ-ਹਰ ਸਾਲ ਆਖੰਡ ਪਾਠ ਪ੍ਰਕਾਸ਼ ਕਰਵਾਇਆ ਕਰੂੰਗਾ-ਹੋ ਸਕਿਆ ਤਾਂ ਮੈਂ ਵੀ ਤੇਰੇ ਕੋਲ਼ੇ ਜਲਦੀ ਪਹੁੰਚੂ " ਬਿੱਲਾ ਪੱਥਰ 'ਤੇ ਹੱਥ ਮਾਰ ਮਾਰ ਕਹਿੰਦਾ। ਹੰਝੂ ਕੇਰਦਾ।