-"ਦੋ ਚਾਰ ਦਿਨ ਬਾਅਦ ਕਾਕਾ ਜੀ ਆ ਜਾਣ-ਨਾਲ਼ੇ ਮਿਲ ਗਿਲ ਆਉਣਗੇ-ਤੇ ਨਾਲ਼ੇ ਪ੍ਰੀਤੀ ਨੂੰ ਲੈ ਆਉਣਗੇ..!"
-"ਕੋਈ ਚਿੰਤਾ ਵਾਲੀ ਗੱਲ ਨਹੀਂ ਜੀ-ਅਸੀਂ ਭੇਜ ਦਿਆਂਗੇ!' ਰਣਜੀਤ ਕੌਰ ਨੇ ਹਾਮੀ ਭਰੀ।
ਗੱਲਾਂ ਬਾਤਾਂ ਕਰਕੇ ਸਾਰੇ ਸੌਂ ਗਏ।
ਦਰਸ਼ਣ ਦੀ ਸਵੇਰੇ ਕੁੱਕੜ ਦੀ ਬਾਂਗ ਨਾਲ ਹੀ ਅੱਖ ਖੁੱਲ੍ਹ ਗਈ।
ਉਹ ਉਠਿਆ।
ਬਾਹਰ ਵਿਹੜੇ ਵਿਚ ਝਾਤੀ ਮਾਰੀ। ਬਲੌਰ ਸਿੰਘ ਦੀ ਕਾਰ ਦੇਖ ਕੇ ਉਸ ਨੂੰ ਚੇਹ ਚੜ੍ਹ ਗਈ। ਉਸ ਦਾ ਦਿਲ ਕੀਤਾ ਕਿ ਬਲੌਰ ਸਿੰਘ ਦੀ ਕਾਰ ਨੂੰ ਟੱਕਰਾਂ ਮਾਰ ਮਾਰ ਕੇ ਭੰਨ ਦੇਵੇ। ਪਰ ਕੋਈ ਪੇਸ਼ ਨਾ ਗਈ। ਉਸ ਨੇ ਆਸਾ ਪਾਸਾ ਵੇਖਿਆ। ਸਾਰੇ ਹੀ ਘੂਕ ਸੁੱਤੇ ਪਏ ਸਨ। ਕੋਠੀ ਦੇ ਪਿਛਲੇ ਦਰਵਾਜਿਓਂ ਲੰਘ ਕੇ ਉਹ ਬਾਹਰ ਨਿਕਲ ਗਿਆ ਅਤੇ ਪਤਲੇ ਹਨ੍ਹੇਰੇ ਵਿਚ ਗਾਇਬ ਹੋ ਗਿਆ।
ਸਾਰੇ ਸਵੇਰੇ ਉਠੇ। ਚਾਹ ਪੀਤੀ। ਕਰਨੈਲ ਸਿੰਘ ਨੇ ਪ੍ਰੀਤੀ ਨੂੰ ਤਿਆਰ ਹੋਣ ਲਈ ਆਖਿਆ ਅਤੇ ਦਰਸ਼ਣ ਨੂੰ ਬੁਲਾਉਣ ਲਈ ਨੌਕਰ ਭੇਜਿਆ। ਪਰ ਨੌਕਰ ਖੋਟੇ ਪੈਸੇ ਵਾਂਗ ਪੁੱਠੇ ਪੈਰੀਂ ਵਾਪਸ ਆ ਗਿਆ। ਦਰਸ਼ਣ ਕਮਰੇ ਵਿਚ ਨਹੀਂ ਸੀ। ਉਹ ਤਾਂ ਵੱਡੇ ਤੜਕੇ ਹੀ ਚਲਾ ਗਿਆ ਸੀ। ਪਰ ਪ੍ਰੀਤੀ ਨੇ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਦੱਸਿਆ ਸੀ।
ਪ੍ਰੀਤੀ ਨੇ ਇਸ਼ਾਰੇ ਨਾਲ ਬਾਪੂ ਨੂੰ ਪਾਸੇ ਸੱਦਿਆ।
-"ਬਾਪੂ ਜੀ-ਮੈਂ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਨਹੀਂ ਜਾਣਾ-ਉਹਨਾਂ ਨੇ ਮੇਰਾ ਖਹਿੜਾ ਨੀ ਛੱਡਣਾ-!" ਪ੍ਰੀਤੀ ਭਰੀ ਪੀਤੀ ਖੜ੍ਹੀ ਸੀ।
-"ਫ਼ਿਕਰ ਨਾ ਕਰ ਪੁੱਤਰ! ਆਪਾਂ ਕਾਕਾ ਜੀ ਨੂੰ ਪੁੱਛ ਕੇ ਈ ਚੱਲਾਂਗੇ!"
ਬਲੌਰ ਸਿੰਘ ਕਰਨੈਲ ਸਿੰਘ ਪਾਸ ਆ ਗਿਆ।
-"ਸਰਦਾਰ ਜੀ ਕਾਕਾ ਜੀ ਨੂੰ ਤਾਂ ਬੁਲਾਓ-ਉਹਨਾਂ ਦੀ ਵੀ ਇਜਾਜ਼ਤ ਲੈ ਲਈਏ!"
-"ਉਸ ਦਾ ਨੀ ਜੀ ਪਤਾ ਕਦੋਂ ਆਵੇ ? ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ-ਉਹਦੀ ਇਜਾਜ਼ਤ ਦੀ ਕੋਈ ਲੋੜ ਨੀ!"
-"ਫੇਰ ਵੀ ਸਰਦਾਰ ਜੀ-ਆਪਣੇ ਸਭ ਤੋਂ ਜ਼ਿਆਦਾ ਪ੍ਰੀਤੀ ਉਪਰ ਕਾਕਾ ਜੀ ਦਾ ਹੱਕ ਐ-!"
-"ਜਦੋਂ ਮੈਂ ਕਹਿੰਨੇਂ ਬਲੌਰ ਸਿਆਂ-ਤੁਸੀਂ ਬੇਫ਼ਿਕਰ ਰਹੋ!"