-"ਆਹੋ, ਹੈਗੇ ਆਂ ਸਰਮਾਏਦਾਰ! ਨਾਲੇ ਤੂੰ ਮੇਰੇ ਮੂਹਰੇ ਕੀ ਬੋਲੇਂਗਾ ਉਏ..? ਥੋਡਾ ਬੁੜ੍ਹਾ ਤਾਂ ਸਾਡੇ ਨਾਲ ਸੀਰੀ ਰਲ ਕੇ ਟੱਬਰ ਪਾਲਦੈ, ਤੇ ਸਾਲ਼ਿਆ ਤੂੰ ਬਣਿਆਂ ਫ਼ਿਰਦੈਂ ਰਾਠ? ਦਰਸ਼ਣ ਨੇ ਮੂੰਹ ਪਾੜ ਕੇ ਦੁਨੀਆਂ ਸਾਹਮਣੇ ਆਖ ਦਿੱਤਾ।
-“....। ਬਿੱਲੇ ਦਾ ਮੂੰਹ ਬੰਦ ਹੋ ਗਿਆ। ਉਸ ਨੂੰ ਕੋਈ ਜਵਾਬ ਨਾ ਔੜਿਆ। ਉਸ ਦੇ ਕਾਲਜਿਓਂ ਰੁੱਗ ਭਰਿਆ ਗਿਆ ਸੀ। ਦਰਸ਼ਣ ਨੇ ਉਸ ਦੀ ਦੁਖੀ ਹਿੱਕ 'ਤੇ ਮਿਹਣੇ ਦਾ ਬਾਣ ਮਾਰ ਦਿੱਤਾ ਸੀ। ਘਰ ਦੀ ਗ਼ਰੀਬੀ ਨੇ ਉਸ ਨੂੰ ਚੁੱਪ ਰਹਿਣ 'ਤੇ ਮਜਬੂਰ ਕਰ ਦਿੱਤਾ। ਗੁੱਸੇ ਅਤੇ ਬੇਵਸੀ ਵਿਚ ਉਸ ਦਾ ਮਨ ਭਰ ਆਇਆ। ਅੱਖਾਂ ਵਿਚ ਹੰਝੂ ਆ ਗਏ। ਜਿਵੇਂ ਉਹ ਸਾਰੇ ਜੱਗ ਜਹਾਨ ਸਾਹਮਣੇ ਨੰਗਾ ਹੋ ਗਿਆ ਸੀ।
-"ਸਾਅਲੀ ਕੁੱਤੀ ਜਾਤ..! ਸਾਡੇ ਘਰੇ ਕੰਮ ਕਰਕੇ ਮਸਾਂ ਡੰਗ ਟਪਾਉਂਦੇ ਐ, ਤੇ ਇਹੇ ਬਣਨ ਤੁਰ ਪਿਆ ਗਾਜੀਆਣੇਂ ਵਾਲਾ ਕੁੰਢਾ ਸਿਉਂ ।" ਦਰਸ਼ਣ ਜਿਵੇਂ ਉਤੋਂ ਦੀ ਪੈ ਗਿਆ ਸੀ।
-"ਕੰਮ ਕਰਕੇ ਈ ਡੰਗ ਟਪਾਉਂਦੇ ਐ ਨਾ? ਮੰਗ ਕੇ ਤਾਂ ਨ੍ਹੀ..?" ਪ੍ਰੀਤੀ ਬਿੱਜ ਵਾਂਗ ਪਈ।
-"........।' ਦਰਸ਼ਣ ਦਾ ਮੂੰਹ ਚਿਤੌੜਗੜ੍ਹ ਦੇ ਕਿਲ੍ਹੇ ਵਾਂਗ ਬੰਦ ਹੋ ਗਿਆ। ਘਣ ਵਰਗੀ ਗੱਲ ਮੱਥੇ ਵਿਚ ਵੱਜ ਟੀਕ ਚਲਾ ਗਈ ਸੀ। ਉਸ ਨੂੰ ਕੋਈ ਜਵਾਬ ਨਾ ਔੜਿਆ।
ਬੱਸ ਤੁਰ ਪਈ।
ਪਰ ਦਰਸ਼ਣ ਬੱਸ ਸਟੈਂਡ 'ਤੇ ਹੀ ਖੜ੍ਹਾ ਆਪਣੇ ਰੁਮਾਲ ਨਾਲ ਖ਼ੂਨ-ਖੂਨ ਹੋਈਆਂ ਨਾਸਾਂ ਪੂੰਝ ਰਿਹਾ ਸੀ।
ਬੱਸ ਭੱਜੀ ਜਾ ਰਹੀ ਸੀ।
-"ਦੇਖ ਲਿਆ ਅਮਰ ਸਿਆ? ਪਿਉ ਕਿੱਡਾ ਦੇਵਤੈ, ਤੇ ਇਹੇ ਉਹਦੇ ਘਰੇ ਕਿੱਥੋਂ ਜੰਮ ਪਿਆ ਦੈਂਤ..?'' ਇਕ ਬੁੱਢਾ ਆਖ ਰਿਹਾ ਸੀ।
-"ਇਹ ਤਾਂ ਸੂਰਜ ਨੂੰ ਗ੍ਰਹਿਣ ਲੱਗਿਐ..!"
-"ਬਾਹਲਾ ਹੰਕਾਰੀ ਐ ਸਹੁਰਾ..। ਬੰਦੇ ਨੂੰ ਬੰਦਾ ਨੀ ਗਿਣਦਾ..!"
-"ਮਿਹਣੇਂ ਤਾਂ ਦੇਖ ਕਿਵੇਂ ਮਾਰਦਾ ਸੀ, ਬੁੜ੍ਹੀਆਂ ਮਾਂਗੂੰ..?'
-"ਭਲਾ ਜੇ ਇਹਨਾਂ ਦੇ ਘਰੇ ਕੋਈ ਕੰਮ ਨਾ ਕਰੇ, ਤਾਂ ਚੱਟ ਲੇ ਜਮੀਨ ਨੂੰ..!"
-"ਨ੍ਹਾ ਇਹ 'ਕੱਲਾ ਕਿਤੇ ਬਾਹੀ ਕਰਲੂ..?"
-"ਮੈਖਿਆ ਭੈੜ੍ਹਿਆ ਦੋ ਪਹੀਆਂ ਬਗੈਰ ਗੱਡੀ ਈ ਨ੍ਹੀ ਰਿੜ੍ਹਦੀ..!"
-"ਬਿਚਾਰੇ ਕਰਨੈਲ ਸਿਉਂ ਦੀ ਪੱਗ ਰੋਲੂ ਕਿਤੇ, ਦੇਖਲੀਂ..!"
-"ਤੇ ਹੋਰ ਆਹਾ ਘੱਟ ਕਰਦੈ? ਇਹਦੇ 'ਤੇ ਕੋਈ ਅਲੈਹਦੀ ਜੁਆਨੀ ਚੜ੍ਹੀ ਐ..?"
-"ਜਗਤ ਸਿਆਂ..! ਕਲਜੁਗ ਐ, ਕਲਜੁਗ ...। ਜੁਆਨੀ ਤਾਂ ਆਪਣੇ 'ਤੇ ਵੀ ਆਈ ਸੀ..! ਬੁੜ੍ਹੀ ਕੁੜੀ ਦੇਖ ਕੇ ਗੋਡੇ ਕੰਬਣ ਲੱਗ ਜਾਂਦੇ ਸੀ..!"
-"ਤੇ ਅੱਜ ਕੱਲ੍ਹ ਦੀ ਮਡੀਹਰ ਤਾਂ ਐਨੀ ਕੋਹੜੀ ਵੀ ਐ, ਕੁੜੀ ਕੱਤਰੀ ਨੂੰ ਦੇਖ ਕੇ ਕਬਿੱਤਾਂ ਗਾਉਣ ਲੱਗ ਜਾਂਦੀ ਐ..!"
-"ਤੂੰ ਹੋਰ ਦੇਖਲੀਂ..! ਇਹ ਕੁੱਤਾ ਵੀ ਥੋੜਾ ਚਿਰ ਈ ਭੌਂਕੂਗਾ..!"
-"ਚਿੱਪਿਆ ਲੈ, ਗਿੱਲੇ ਰੱਸੇ ਮਾਂਗੂੰ ਕਿਸੇ ਨੇ..!"
-"ਕਮਲਿਆ ਚਿੱਪ ਤਾਂ ਅਗਲੇ ਆਥਣ ਨੂੰ ਦੇਣ? ਪਰ ਸਿਆਣਿਆਂ ਦੇ ਆਖਣ ਮਾਂਗੂੰ, ਅਖੇ ਕੁੱਤਿਆ ਤੇਰਾ ਮੂੰਹ ਨ੍ਹੀ ਮਾਰਦਾ, ਤੇਰੇ ਮਾਲਕ ਦਾ ਮਾਰਦੈ..!"
-"ਉਹੀ ਤਾਂ ਗੱਲ ਐ..!"
-"ਅਗਲੇ ਕੁੱਟ ਕੇ ਹੁਣ ਨੂੰ ਮੂੰਹ 'ਤੇ ਚਿੱਬ ਪਾ ਦਿੰਦੇ..!"
-"ਉਏ ਅਗਲੇ ਕਰਨੈਲ ਸਿਉਂ ਦੇ ਮੂੰਹ ਨੂੰ ਚੁੱਪ ਐ..! ਨਹੀਂ ਤਾਂ ਆਥਣ ਨੂੰ ਭੁੱਗਾ ਕੁੱਟ ਦੇਣ..!'
-"ਬਈ ਸਹੁਰਿਆ ਲਲੈਕਾ..! ਤੂੰ ਕੁਛ ਸੋਚ..! ਅਗਲੇ ਦਿਨ ਰਾਤ ਥੋਡੇ ਖੇਤਾਂ 'ਚ ਬਲਦਾਂ ਮਾਂਗੂੰ ਕੰਮ ਕਰਦੇ ਐ..!
-"ਆਹ, ਸੋਚਣੈਂ ਇਹਨੇ..? ਪੁੱਛਣ ਆਲਾ ਹੋਵੇ ? ਬਈ ਸਹੁਰਿਆ। ਥੋਡੇ ਘਰੇ ਕੰਮ ਕਰਕੇ ਡੰਗ ਈ ਟਪਾਉਂਦੇ ਐ, ਹੋਰ ਤੂੰ ਕਿਤੇ ਅਗਲਿਆਂ ਦੇ ਨਾਂ ਕਿੱਲੇ ਤਾਂ ਨ੍ਹੀ ਕਰਵਾਤੇ..?'
ਦਰਸ਼ਣ ਦੇ ਪਿੰਡ ਦੇ ਬੁੱਢੇ ਬੱਸ ਵਿਚ ਗੱਲਾਂ ਕਰ ਰਹੇ ਸਨ।
ਬਿੱਲਾ ਘੋਰ ਉਦਾਸੀ ਅਤੇ ਨਮੋਸ਼ੀ ਵਿਚ ਡੁੱਬਿਆ ਕੁਝ ਸੋਚ ਰਿਹਾ ਸੀ। ਉਸ ਦੇ ਦਿਲ ਅੰਦਰ ਕੋਈ ਲਾਵਾ, ਕੋਈ ਜਵਾਰਭਾਟਾ ਹਰਕਤ ਕਰ ਰਿਹਾ ਸੀ। ਪ੍ਰੀਤੀ ਬਿੱਲੇ ਦੀ ਮਜਬੂਰੀ ਅਤੇ ਚੁੱਪ ਨੂੰ ਸਮਝਦੀ ਸੀ। ਪ੍ਰੀਤੀ ਦੀ ਬਿੱਲ 'ਤੇ ਅੱਖ ਭਿੱਜਦੀ ਸੀ, ਉਸ ਨੂੰ ਧੁਰ ਦਿਲੋਂ ਚਾਹੁੰਦੀ ਸੀ। ਪ੍ਰੇਮ ਕਰਦੀ ਸੀ। ਪਰ ਲੋਕਾਂ ਨੂੰ ਇਹ ਪ੍ਰੇਮ ਸਬਜ਼ਬਾਗ ਅਤੇ ਕੁਝ ਦਿਨਾਂ ਦਾ ਪਾਹੁੰਣਾਂ ਹੀ ਜਾਪਦਾ ਸੀ। ਵਕਤੀ ਮਾਲੂਮ ਹੁੰਦਾ ਸੀ। ਕਿਉਂਕਿ ਪ੍ਰੀਤੀ ਇਕ ਬਹੁਤ ਵੱਡੇ ਅਤੇ ਅਮੀਰ ਘਰਾਣੇ ਨਾਲ ਸਬੰਧ
ਰੱਖਦੀ ਸੀ। ਉਸ ਦਾ ਬਾਪ ਲੱਖਾਂ ਛੱਡ, ਕਰੋੜਾਂਪਤੀ ਸੀ। ਸਾਰੀ ਜ਼ਿੰਦਗੀ ਉਸ ਦੇ ਬਾਪ ਨੇ ਮਲਾਇਆ ਵਿਚ ਇੰਮਪੋਰਟ-ਐਕਸਪੋਰਟ ਦਾ ਬਿਜ਼ਨਸ ਕੀਤਾ ਸੀ। ਅਮੀਰ ਬਾਪ ਦੀ ਲੜਕੀ ਕਿਸੇ ਨੂੰ ਪਿਆਰ ਕਰਦੀ ਸੀ..! ਪਰ ਉਸ ਦੀ ਬਦਕਿਸਮਤੀ ਇਹ ਸੀ ਕਿ ਉਹ ਗਰੀਬ ਬਿੱਲੇ ਨੂੰ ਚਾਹੁੰਦੀ ਸੀ..! ਬਾਪ ਨੇ ਲੱਖ ਸਮਝਾਉਣ 'ਤੇ ਵੀ ਰਾਜ਼ੀ ਨਹੀਂ ਹੋਣਾਂ ਸੀ। ਉਸ ਦੀ ਰੱਜੀ ਪੁੱਜੀ ਜ਼ਮੀਰ ਨੇ ਧੱਕਾ ਖਾ ਕੇ ਰਹਿ ਜਾਣਾਂ ਸੀ। ਪ੍ਰੀਤੀ ਨੂੰ ਇਕ ਗੱਲ ਦੀ ਕਦੇ ਸਮਝ ਨਹੀਂ ਲੱਗੀ ਸੀ ਕਿ ਮਾਪੇ ਆਪਣੇ ਬੱਚਿਆਂ ਦੀ ਖ਼ੁਸ਼ੀ ਨੂੰ ਅੱਖੋਂ ਪਰੋਖੇ ਕਰਕੇ, ਉਹਨਾਂ ਨੂੰ ਸੋਨੇ ਦੀ ਜੇਲ੍ਹ ਅੰਦਰ ਧੱਕਣ ਨੂੰ ਕਿਉਂ ਤਰਜ਼ੀਹ ਦਿੰਦੇ ਹਨ..? ਜਿਸ ਜੇਲ ਅੰਦਰ ਆਦਮੀ ਜਾਂ ਔਰਤ ਮਾਨਸਿਕ ਤੌਰ 'ਤੇ ਖ਼ਤਮ ਅਤੇ ਘੁੱਟ ਘੁੱਟ ਕੇ ਮਰਨ ਲਈ ਮਜਬੂਰ ਹੁੰਦਾ ਹੈ ? ਇਹੀ ਝੋਰਾ ਬਿੱਲੇ ਨੂੰ ਵੀ ਅੰਦਰੋ ਅੰਦਰੀ ਖਾਂਦਾ ਰਹਿੰਦਾ। ਪਰ ਪ੍ਰੀਤੀ ਦੇ ਮਨ 'ਤੇ ਕੋਈ ਬਹੁਤਾ ਖ਼ਾਸ ਅਸਰ ਨਹੀਂ ਸੀ। ਸ਼ਾਇਦ ਉਹ ਇਸ ਮੰਜ਼ਿਲ ਦਾ ਰਸਤਾ ਨਕਸ਼ੇ ਤੋਂ ਚੰਗੀ ਤਰ੍ਹਾਂ ਪੜ੍ਹ ਚੁੱਕੀ ਸੀ ਅਤੇ ਦਿਮਾਗ ਅੰਦਰ ਬਿਠਾ ਚੁੱਕੀ ਸੀ ? ਸ਼ਾਇਦ ਉਸ ਅੰਦਰ ਅਥਾਹ ਆਤਮ ਵਿਸ਼ਵਾਸ ਘਰ ਕਰੀ ਬੈਠਾ ਸੀ।
ਬੱਸ ਰੁਕੀ!
ਬਿੱਲਾ ਸੀਟ ਤੋਂ ਉਠਿਆ।
ਪ੍ਰੀਤੀ ਦੇ ਨਾਲ ਬਿਨਾਂ ਗੱਲ ਕੀਤਿਆਂ ਹੀ ਉਹ ਹੇਠਾਂ ਉਤਰ ਗਿਆ। ਨਹੀਂ ਤਾਂ ਹਮੇਸ਼ਾ ਉਹ ਪ੍ਰੀਤੀ ਦੇ ਕੰਨ ਕੋਲ, "ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ " ਆਖ ਕੇ ਉਤਰਦਾ ਸੀ।
ਪ੍ਰੀਤੀ ਨੇ ਅਜੇ ਦੋ ਸਟੇਸ਼ਨ ਛੱਡ ਕੇ ਉਤਰਨਾਂ ਸੀ। ਉਸ ਦਾ ਪਿੰਡ ਅਜੇ ਅੱਗੇ ਸੀ। ਪ੍ਰੀਤੀ ਨੇ ਉਡਦੀ ਉਡਦੀ ਜਿਹੀ ਨਜ਼ਰ ਨਾਲ ਬਿੱਲੇ ਨੂੰ ਬੁਲਾਉਣ ਦੇ ਕਈ ਯਤਨ ਕੀਤੇ ਸਨ। ਪਰ ਬਿੱਲਾ ਬੋਲ ਨਹੀਂ ਸਕਿਆ ਸੀ। ਗੁੱਸੇ ਜਾਂ ਹੰਝੂਆਂ ਦਾ ਹੜ੍ਹ ਉਸ ਦੀ ਅਵਾਜ਼ ਨੂੰ ਰੋੜ੍ਹ ਕੇ ਲੈ ਜਾਂਦਾ ਸੀ। ਪਰ ਇਹ ਕਿਸ ਨੂੰ ਪਤਾ ਸੀ..? ਬਿੱਲੇ ਤੋਂ ਬਿਨਾਂ ਕਿਸੇ ਨੂੰ ਵੀ ਤਾਂ ਨਹੀਂ..!
ਬਿੱਲਾ ਚੁੱਪ ਚਾਪ, ਬਿਨਾਂ ਕਿਸੇ ਨਾਲ ਗੱਲ ਕਰਨ ਦੇ ਗੁੰਮ-ਸੁੰਮ ਜਿਹਾ ਹੋਇਆ ਘਰੇ ਪਹੁੰਚ ਗਿਆ।
ਕਿਸ਼ਤ 3
ਬਿੱਲੇ ਦੀ ਬੁੱਢੀ ਬਿਮਾਰ ਮਾਂ ਮੰਜੇ 'ਤੇ ਬੈਠੀ ਖੇਸ ਦੇ ਬੰਬਲ ਵੱਟ ਰਹੀ ਸੀ। ਉਸ ਨੂੰ ਦਿਲ ਦੀ ਬਿਮਾਰੀ ਨੇ ਘੁਣ ਵਾਂਗ ਚਰ ਲਿਆ ਸੀ। ਉਸ ਨੂੰ ਦਿਲ ਦਾ ਦੌਰਾ ਪੈਂਦਾ ਸੀ। ਬਿੱਲਾ ਅਤੇ ਉਸ ਦਾ
ਬਾਪ ਇਤਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਦਾ ਮੁਕੰਮਲ ਇਲਾਜ਼ ਨਹੀਂ ਕਰਵਾ ਸਕੇ ਸਨ। ਡਾਕਟਰਾਂ ਅਨੁਸਾਰ ਉਸ ਦੇ ਦਿਲ ਦਾ 'ਬਾਲ' ਰੁਕਦਾ ਸੀ, ਜਿਸ ਕਰਕੇ ਦਿਲ ਖੂਨ ਦੀ ਸਪਲਾਈ ਪੂਰੀ ਨਹੀਂ ਭੇਜਦਾ ਸੀ। ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਲੈ ਜਾ ਕੇ ਕਿਸੇ ਸਪੈਸ਼ਲ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਸੀ। ਪਰ ਗ਼ਰੀਬ ਪਿਉ-ਪੁੱਤ ਆਪਣੀ ਖਾਲੀ ਜੇਬ ਵੱਲ ਦੇਖ ਕੇ ਚੁੱਪ ਕਰ ਗਏ ਸਨ। ਜਦੋਂ ਬੰਦਾ ਆਰਥਿਕ ਪੱਖੋਂ ਮਾਰ ਖਾਵੇ, ਉਦੋਂ ਉਹ ਗੱਲ ਰੱਬ 'ਤੇ ਛੱਡ ਦਿੰਦਾ ਹੈ। ਕੋਈ ਕਿਤਨਾ ਵੀ ਨਜ਼ਦੀਕੀ ਹੋਵੇ, ਪੈਸੇ ਖੁਣੋਂ ਲੋਕ ਮਜਬੂਰੀ ਵਿਚ ਉਸ ਨੂੰ ਰੱਬ ਦੇ ਰਹਿਮ 'ਤੇ ਹੀ ਰਹਿਣ ਦਿੰਦੇ ਹਨ ਅਤੇ ਆਖਰੀ ਸਾਹ ਦੀ ਉਡੀਕ ਕਰਨ ਲੱਗ ਪੈਂਦੇ ਹਨ। ਬਿੱਲਾ ਜਾਂ ਉਸ ਦਾ ਬਾਪ ਬੇਬੇ ਨੂੰ ਪਿੰਡ ਦੇ ਹੀ ਡਾਕਟਰ ਤੋਂ ਗੋਲੀ-ਗੱਪਾ ਦੁਆ ਛੱਡਦੇ। ਜਦੋਂ ਕਦੇ ਉਸ ਦੀ ਹਾਲਤ ਗੰਭੀਰ ਹੋ ਜਾਂਦੀ, ਤਾਂ ਡਾਕਟਰ ਟੀਕਾ ਵੀ ਲਾ ਜਾਂਦਾ ਅਤੇ ਪਿਉ ਪੁੱਤ ਦੀ ਵਿਪਤਾ ਨਾਲ ਕੀਤੀ ਕਮਾਈ ਹੂੰਝ ਕੇ ਲੈ ਜਾਂਦਾ ਸੀ।
ਬੁੱਢੀ ਮਾਂ ਨੂੰ ਬਿਮਾਰੀ ਨੇ ਸਿਉਂਕ ਵਾਂਗ ਖਾ ਲਿਆ ਸੀ।
ਵਿਹੜੇ ਵਿਚ ਡਹੀ ਮੰਜੀ ਉਪਰ ਬੈਠੀ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ ?
ਬਿੱਲੇ ਦੀ ਇਕ ਭੈਣ ਅਤੇ ਛੋਟਾ ਭਰਾ ਸੀ । ਭਰਾ, ਜੋ ਕਿ ਨਲਾਇਕ ਅਤੇ ਪੁੱਜ ਕੇ ਇੱਲਤੀ ਸੀ। ਬਿੱਲਾ ਉਸ ਨੂੰ ਪੜ੍ਹਨ ਲਈ ਆਖਦਾ ਤਾਂ ਉਹ ਚਾਰੇ ਚੁੱਕ ਕੇ ਆਉਂਦਾ। ਉਹ ਅੱਠਵੀਂ ਕਲਾਸ ਵਿਚ ਪੜ੍ਹਦਾ ਸੀ। ਸਕੂਲ ਵਿਚ ਕਿਸੇ ਨਾ ਕਿਸੇ ਨਾਲ ਉਹ ਸਿੰਗ ਫਸਾਈ ਰੱਖਦਾ। ਘਰੋਂ ਫ਼ੀਸ ਵਾਸਤੇ ਪੈਸੇ ਲੈ ਕੇ ਜਾਂਦਾ ਤਾਂ ਉਸ ਦੀ ਫ਼ੀਸ 'ਚੰਡੋਲ 'ਤੇ ਹੀ ਰੁੜ੍ਹ ਜਾਂਦੀ ਸੀ। ਫ਼ੀਸ ਦੇ ਪੈਸੇ ਉਹ ਸਕੂਲ ਤੱਕ ਪਹੁੰਚਦਾ ਪਹੁੰਚਦਾ ਕਿਤੇ ਨਾ ਕਿਤੇ ਬਿਲੇ ਲਾ ਦਿੰਦਾ! ਜਦ ਕਦੇ ਕਿਸੇ ਵਿਦਿਆਰਥੀ ਹੱਥ ਮਾਸਟਰਾਂ ਦਾ ਸੁਨੇਹਾ ਆਉਂਦਾ ਕਿ ਅਜੇ ਸਕੂਲ ਵਿਚ ਫ਼ੀਸ ਨਹੀਂ ਪਹੁੰਚੀ, ਤਾਂ ਬਿੱਲਾ ਅਤੇ ਮਾਂ ਬਹੁਤ ਦੁਖੀ ਹੁੰਦੇ। ਇਤਨੀ ਮਿਹਨਤ ਨਾਲ ਕੀਤੀ ਕਮਾਈ ਬੱਗਾ ਫੂਕ ਮਾਰ ਕੇ ਹੀ ਉਡਾ ਦਿੰਦਾ ਸੀ!
ਬਿੱਲਾ ਕਾਲਜ ਤੋਂ ਆ ਕੇ ਕੰਮ ਕਰਨ ਚਲਾ ਜਾਂਦਾ। ਜਿਸ ਨਾਲ ਉਹ ਆਪਣੀ ਫ਼ੀਸ ਅਤੇ ਘਰ ਦਾ 'ਗੁੜ-ਚਾਹ ਤੋਰਦਾ ਸੀ। ਪੜ੍ਹਨਾ ਬਿੱਲੇ ਦਾ ਸ਼ੌਕ ਸੀ। ਉਹ ਪੜ੍ਹ ਕੇ ਲੋਕਾਂ ਨੂੰ ਕੁਝ ਬਣ ਕੇ, ਕੁਝ ਕਰ ਕੇ ਦਿਖਾਉਣਾਂ ਚਾਹੁੰਦਾ ਸੀ। ਪਰ ਬੱਗਾ ਤਾਂ ਬਹੁਤ 'ਉਚੇ' ਜੋੜਾਂ ਵਿਚ ਸੀ। ਭੈਣ ਗਿਆਨੋਂ ਪੰਜ ਪੜ੍ਹ ਕੇ ਹੀ ਹਟਾ ਲਈ ਸੀ। ਮਾਂ ਬਿਮਾਰ ਹੋਣ ਕਾਰਨ ਘਰ ਦੇ ਕੰਮ ਦਾ ਮੁਸ਼ਕਲ ਸੀ।
-"ਬਿੱਲਿਆ..! ਰੋਟੀ ਖਾ ਲੈ ਪੁੱਤ..!" ਮਾਂ ਧੁੱਪੇ ਬੈਠੀ ਬੋਲੀ।
-"......." ਬਿੱਲਾ ਚੁੱਪ ਰਿਹਾ।
-"ਪੁੱਤ, ਸਾਗ ਕੁੱਜੇ 'ਚ ਪਿਐ, ਤੇ ਰੋਟੀਆਂ ਆਲੇ `ਚ ਪੋਣੋਂ 'ਚ ਵਲੇਟੀਆਂ ਪਈਆਂ, ਖਾ ਲੈ ਮੇਰਾ ਸ਼ੇਰ..!'
-"ਮੈਨੂੰ ਭੁੱਖ ਨ੍ਹੀ..!" ਬਿੱਲਾ ਅੱਕਰਾ ਜਿਹਾ ਬੋਲਿਆ।
-"ਕਿਉਂ..? ਭੁੱਖ ਕਾਹਤੋਂ ਨ੍ਹੀ ਪੁੱਤ..? ਜਿੰਨੀ ਕੁ ਭੁੱਖ ਐ, ਇਕ ਅੱਧੀ ਖਾ ਲਾ..! ਨਹੀਂ ਤਾਂ ਅੰਦਰ ਗਰਮੀ ਪੈਜੂਗੀ..!" ਮਾਂ ਦੀ ਮਮਤਾ ਕੁਰਲਾਈ।
-"ਨਾਲੇ ਪੁੱਤ ਅੱਜ ਸਾਗ ਬਲਾਅ ਸੁਆਦ ਬਣਿਐਂ। ਅਧਕਰ ਪਾ ਕੇ ਬਣਾਇਐ ਤੇਰੀ ਭੈਣ ਨੇ..!"
-"ਮੈਂ ਕਿਹੈ ਮੈਨੂੰ ਭੁੱਖ ਨ੍ਹੀ.. !" ਬਿੱਲਾ ਪਤਾ ਨਹੀਂ ਕਿਸ 'ਤੇ ਖਿਝਿਆ ਪਿਆ ਸੀ ?
-"ਅੱਜ ਤੈਨੂੰ ਭੁੱਖ ਕਾਹਤੋਂ ਨੀ, ਮਾਂ ਸਦਕੇ? ਤੇਰਾ ਚਿੱਤ ਤਾਂ ਠੀਕ ਐ? ਤੇਰਾ ਕੁਛ ਦੁਖਦਾ ਤਾਂ ਨ੍ਹੀ..?' ਮਾਂ ਦੀਆਂ ਚਿਹਰੇ ਦੀਆਂ ਝੁਰੜੀਆਂ ਵਿਚ ਫ਼ਿਕਰ ਝਲਕਣ ਲੱਗ ਪਿਆ।
-"ਬਿੱਲੂ, ਪੁੱਤ ਤੂੰ ਅੱਜ ਬੋਲਦਾ ਕਿਉਂ ਨੀ ? ਤੇਰਾ ਚਿੱਤ ਤਾਂ ਨ੍ਹੀ ਢਿੱਲਾ..? ਉਰ੍ਹੇ ਆ ਤੇਰਾ ਮੱਥਾ ਦੇਖਾਂ..!"
-"ਮੇਰਾ ਕੁਛ ਨ੍ਹੀ ਦੁਖਦਾ! ਨਾ ਈ ਮੈਨੂੰ ਭੁੱਖ ਐ..! ਮੇਰੇ ਅੰਤਰੇ ਨਾ ਲਿਆ ਕਰੋ ਸਾਰਾ ਟੱਬਰ..!" ਬਿੱਲਾ ਬੱਦਲ ਵਾਂਗ ਗੱਜਿਆ।
-"........।' ਮਾਂ ਹੈਰਾਨ ਹੋ ਗਈ ਕਿ ਬਿੱਲਾ ਅੱਜ ਉਸ ਨਾਲ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਸੀ..? ਉਹ ਤਾਂ ਉਸ ਦਾ ਸੱਤਾਂ ਧੀਆਂ ਵਰਗਾ ਪੁੱਤ ਸੀ ? ਬਿੱਲਾ ਤਾਂ ਮਾਂ ਅੱਗੇ ਕਦੇ ਉਚੀ ਨਹੀਂ ਬੋਲਿਆ ਸੀ..? ਫਿਰ ਉਸ ਨੂੰ ਅੱਜ ਕੀ ਹੋ ਗਿਆ ਸੀ..? ਮਾਂ ਨੂੰ ਕੋਈ ਸਮਝ ਨਾ ਪਈ। ਉਹ ਘੇਸਲ ਜਿਹੀ ਵੱਟ ਗਈ।
-"ਪੁੱਤ..! ਵੇ ਮੇਰਿਆ ਸਿਉਣਿਆਂ, ਤੈਨੂੰ ਅੱਜ ਹੋ ਕੀ ਗਿਆ ?" ਮਾਂ ਨੇ ਹੌਂਸਲਾ ਕਰ ਕੇ ਪੁੱਛ ਹੀ ਲਿਆ।
-"ਮੈਨੂੰ ਕੁਛ ਨ੍ਹੀ ਹੋਇਆ..! ਕੋਈ ਨ੍ਹੀ ਮੈਂ ਮਰਨ ਲੱਗਿਆ। ਜਿੱਦੇਂ ਕੁਛ ਹੋ ਗਿਆ, ਆਪੇ ਪਤਾ ਲੱਗਜੂ..!" ਉਹ ਅਜੀਬ ਅਜੀਬ ਉਤਰ ਦੇ ਰਿਹਾ ਸੀ।