-"ਤੁਸੀਂ ਮੇਰਾ ਆਤਮਾਂ ਜਿਉਂ ਠੰਢਾ ਠਾਰ ਰੱਖਦੇ ਓ, ਹਰ ਬਖਤ..?" ਮਾਂ ਕੁੜ੍ਹ ਕੇ ਬੋਲੀ।
-"ਕਿਉਂ..? ਮੈਂ ਤੇਰੇ ਆਤਮੇ ਨੂੰ ਕੀ ਕਰਤਾ..?"
-'ਹਰਾਮੀਆਂ..! ਮੈਂ ਤੇਰੇ ਮੂੰਹ ਬੰਨੀਂ ਦੇਖਦੀ ਐਂ..! ਤੈਨੂੰ ਪੈਸੇ ਦੇ ਕੇ ਤੋਰਿਆ ਸੀ, ਫੇਰ ਤੂੰ ਮੱਚ ਜਾਣੀ ਫ਼ੀਸ ਕਿਉਂ ਨ੍ਹੀ ਮਚਾਈ, ਦਿੱਤੀ.. ?' ਮਾਂ ਵਿਤ ਅਨੁਸਾਰ ਕਟਕੀ ਸੀ।
ਬੱਗੇ ਦੇ ਮਨ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਸੀ। ਉਹ ਚੁੱਲ੍ਹੇ ਮੂਹਰੇ ਬੈਠ ਕੇ ਅਊਂ-ਅਊਂ ਕਰਦਾ, ਰੋਟੀਆਂ ਰਗੜਨ ਲੱਗ ਪਿਆ।
-"ਬੱਗਿਆ..! ਪੁੱਤ ਤੁਸੀਂ ਮੈਨੂੰ ਬਾਹਲਾ ਤਪਾਇਆ ਨਾ ਕਰੋ ਅੱਜ ਵੱਡਾ ਵੀ ਰੋਟੀ ਹੀ ਖਾ ਕੇ ਗਿਆ, ਪਤਾ ਨੀ ਕਿੱਧਰ ਚਲਿਆ ਗਿਆ.. ? ਤੁਸੀਂ ਹਰ ਬਖਤ ਮੇਰਾ ਕਾਲਜਾ ਭੁੰਨੀ ਜਾਨੇ ਰਹਿੰਨੇ ਐ..!" ਮਾਂ ਦੀ ਅਵਾਜ਼ ਵਿਚ ਮਮਤਾ ਦੇ ਹੰਝੂ ਬੋਲੇ!
-"ਕਿਉਂ..? ਉਹਨੂੰ ਅੱਜ ਕੀ ਸੱਪ ਲੜ ਗਿਆ? ਨਹੀਂ ਖਾਧੀ, ਨਾਂ ਖਾਵੇ..! ਅੰਨ ਨਾਲ ਕੋਈ ਬੈਰ ਐ..?"
-''ਔਤਰੇ ਦਿਆ, ਕਦੇ ਤਾਂ ਚੰਗਾ ਬਚਨ ਕੱਢ ਲਿਆ ਕਰ ਮੂੰਹੋਂ! ਤੇਰੀ ਚੰਦਰੀ ਜਬਾਨ ਕੈਂਚੀ ਮਾਂਗੂੰ ਚੱਲਦੀ ਰਹਿੰਦੀ ਐ..! ਨਾ ਤਪਾਓ ਮੈਨੂੰ ਪੁੱਤ ਬੱਗਿਆ..!"
ਕਿਸ਼ਤ 4
ਮੂੰਹ ਹਨ੍ਹੇਰਾ ਹੋਇਆ।
ਬਿੱਲਾ ਘਰੇ ਪਹੁੰਚ ਗਿਆ। ਬਾਪੂ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਬੱਗਾ ਬਿਸਤਰੇ ਵਿਚ ਪਿਆ ਦਰਦ ਹੋਣ ਵਾਲੇ ਕੱਟਰੂ ਵਾਂਗ ਪਲਸੇਟੇ ਜਿਹੇ ਮਾਰ ਰਿਹਾ ਸੀ। ਬਿਸਤਰੇ ਵਿਚ ਮਹਿਮਾਨ ਬਣੇ ਪਏ ਬੱਗੇ ਨੂੰ ਤੱਕ ਕੇ ਬਿੱਲੇ ਨੂੰ ਚੇਹ ਚੜ੍ਹ ਗਈ। ਉਸ ਨੇ ਅੜਬ ਬੋਤੇ ਵਾਂਗ ਦੰਦ ਪੀਸੇ!
-"ਕਿਮੇਂ ਜਮਾਈ ਬਣਿਆ ਪਿਐਂ ਉਏ... ?" ਬਿੱਲੇ ਨੇ ਕਚੀਚੀ ਵੱਟੀ।
-"ਕਿਉਂ ਤੇਰਾ ਢਿੱਡ ਦੁਖਦੈ ?" ਉਸ ਨੇ ਅੱਗਓਂ ਬਚਨ ਸੁਣਾਇਆ।