-"ਮੇਰਿਆ ਸਹੁਰਿਆ..! ਨਾਲੇ ਡੱਕਾ ਨ੍ਹੀ ਤੋੜਦਾ, ਤੇ ਨਾਲੇ ਫ਼ੀਸਾਂ ਵੀ ਰਾਹ 'ਚ ਈ ਚੱਬ ਜਾਨੇਂ..?' ਬਿੱਲੇ ਨੇ ਬੱਗੇ ਦੇ ਕਈ ਥੱਪੜ ਜੜ ਦਿੱਤੇ। ਬੱਗਾ ਥਾਂ 'ਤੇ ਹੀ ਸਾਹ ਘੁੱਟ ਗਿਆ। ਉਸ ਨੂੰ ਪਤਾ ਸੀ ਕਿ ਉਸ ਦਾ ਕਸੂਰ ਸੀ। ਜੇਕਰ ਜ਼ਿਆਦਾ 'ਚਿੜ-ਫ਼ਿੜ ਕੀਤੀ, ਦੁਰਬੜੀ ਹੋਰ ਲੱਗੇਗੀ। ਬਿੱਲੇ ਨੇ ਤਾਂ ਪੈਂਦੀ ਸੱਟੇ ਹੋਰ ਤਾਉਣੀ ਲਾ ਦੇਣੀਂ ਸੀ..! ਜਾਨ ਬਚੀ ਲਾਖੋਂ ਪਾਏ.. ? ਚੁੱਪ ਵੱਟਣੀ ਹੀ ਭਲੀ ਸੀ !
-"ਚੱਲ ਹਟ ਜਾ ਬਿੱਲਿਆ.. । ਤੂੰ ਸਿਆਣੇਂ ਮੇਰਾ ਸ਼ੇਰ! ਚਲ ਜਾਣਦੇ..!" ਮਾਂ ਨੇ ਗੱਲ 'ਤੇ ਮਿੱਟੀ ਪਾਉਣੀ ਚਾਹੀ।
-"ਮਾਂ, ਇਹ ਤੇਰਾ ਈ ਚਮਲਾਇਆ ਹੋਇਐ..!"
-"ਚੱਲ ਬੱਸ ਕਰ ਮੇਰਾ ਪੁੱਤ..! ਨਾ ਮੇਰਾ ਮੱਲ! ਫੇਰ ਵੀ ਤੇਰਾ ਨਿੱਕਾ ਭਰਾ ਐ..!" ਬਾਪੂ ਨੇ ਆਖਿਆ। ਉਹ ਮੰਜੀ 'ਤੇ ਮੁਰਕੜੀ ਜਿਹੀ ਮਾਰੀ ਬੈਠਾ ਸੀ।
-"ਇਹ ਸਾਲਾ ਭਾਈ ਐ..? ਇਹ ਤਾਂ ਦੁਸ਼ਮਣ ਐਂ..! ਤੇ ਨਾਲੇ ਬਾਪੂ ਤੂੰ ਕੱਲ੍ਹ ਤੋਂ ਜੰਗੀਰਦਾਰਾਂ ਦੇ ਕੰਮ 'ਤੇ ਨ੍ਹੀ ਜਾਣਾ..!" ਬਿੱਲੇ ਨੇ ਆਪਣਾ ਦੋ ਟੁੱਕ ਫ਼ੈਸਲਾ ਸੁਣਾਇਆ।
-"ਕਿਉਂ ਕਾਹਤੋਂ ਪੁੱਤ.. ?" ਮਾਂ ਦੇ ਹਰਾਸ ਮਾਰੇ ਗਏ।
-"ਬੱਸ ਥੋਨੂੰ ਇਕ ਆਰੀ ਆਖਤਾ..! ਕੰਮ 'ਤੇ ਨ੍ਹੀ ਜਾਣਾ..!" ਉਹ ਦਿਲ ਦੀ ਪੋਟਲੀ ਬੰਦ ਹੀ ਰੱਖਣਾ ਚਾਹੁੰਦਾ ਸੀ।
-"ਪੁੱਤ ਕੰਮ ਨਾ ਕਰਾਂਗੇ, ਤਾਂ ਖਾਵਾਂਗੇ ਕੀ..?'
-"ਬੇਬੇ, ਜੰਗੀਰਦਾਰਾਂ ਦੇ ਕੰਮ ਕਰਨਾ ਆਪਾਂ ਨੂੰ ਸੁੱਖ ਕੇ ਤਾਂ ਨ੍ਹੀ ਦਿੱਤਾ ? ਮਜਦੂਰੀ ਈ ਕਰਨੀ ਐਂ..? ਕਿਤੇ ਹੋਰ ਸਹੀ.. !" ਬਿੱਲੇ ਨੇ ਅਗਲਾ ਉਤਰ ਮੋੜਿਆ।
ਕੁਝ ਚਿਰ ਚੁੱਪ ਵਰਤੀ ਰਹੀ। ਕਿਸੇ ਨੂੰ ਕਿਸੇ ਗੱਲ ਦਾ ਲੱਲ ਨਹੀਂ ਲੱਗ ਰਿਹਾ ਸੀ। ਬਾਪੂ ਸ਼ਮਸ਼ਾਨ ਘਾਟ ਵਾਂਗ ਚੁੱਪ ਸੀ।
-"ਪੁੱਤ, ਜੰਗੀਰਦਾਰ ਤਾਂ ਬੜਾ ਧਰਮੀ ਆਦਮੀ ਐਂ, ਤੈਨੂੰ ਉਹਦੇ ਨਾਲ ਕੀ ਖੁੰਧਕ ਜਾਗ ਪਈ..?'
-"ਬੇਬੇ, ਜੰਗੀਰਦਾਰ ਤਾਂ ਬਥੇਰਾ ਧਰਮੀ ਬੰਦਾ ਐ, ਕੋਈ ਸ਼ੱਕ ਨ੍ਹੀ, ਪਰ..!" ਬਿੱਲੇ ਦਾ ਗਚ ਭਰ ਆਇਆ। ਹੰਝੂਆਂ ਨੇ ਉਸ ਦੀ ਅਵਾਜ਼ ਗਲ ਵਿਚ ਹੀ ਦੱਬ ਦਿੱਤੀ।