ਡਾਕਟਰ ਨੇ ਟੀਕਾ ਲਾਇਆ। ਦੁਆਈ ਦਿੱਤੀ ਅਤੇ ਉਸ ਨੂੰ ਸ਼ਹਿਰ ਹਸਪਤਾਲ ਦਾਖ਼ਲ ਕਰਾ ਦੇਣ ਦੀ ਰਾਇ ਦਿੱਤੀ। ਸ਼ਹਿਰ ਅਤੇ ਹਸਪਤਾਲ ਦਾ ਨਾਂ ਸੁਣ ਕੇ ਬਾਪੂ ਦਾ ਸਾਹ ਦਿਮਾਗ ਨੂੰ ਚੜ੍ਹ ਗਏ। ਉਸ ਨੂੰ ਕੁਝ ਔੜ ਨਹੀਂ ਰਿਹਾ ਸੀ। ਉਹ ਸਿਰ ਫੜੀ ਧਰਤੀ 'ਤੇ ਬੈਠਾ ਸੀ। ਅਤੀਅੰਤ ਦੁਖੀ ਬਾਪੂ ਆਪਣੀ ਕਿਸਮਤ ਨੂੰ ਕੋਸਣ ਲੱਗ ਪਿਆ! ਅਤਰ ਕੌਰ ਦੀ ਹਾਲਤ ਪਲੋ ਪਲ ਵਿਗੜਦੀ ਜਾ ਰਹੀ ਸੀ।
ਬੱਗੇ ਨੇ ਤੱਕਿਆ ਕਿ ਬਾਪੂ ਬੇਬੇ ਦੇ ਪੀਲ਼ੇ ਵਿਸਾਰ ਚਿਹਰੇ ਵੱਲ ਤੱਕ ਕੇ ਬਾਹਰ ਨਿਕਲ ਗਿਆ ਸੀ। ਉਹ ਸਿੱਧਾ ਕਰਨੈਲ ਸਿੰਘ ਪਾਸ ਪਹੁੰਚਿਆ।
-"ਆ ਬਈ ਮੁਕੰਦ ਸਿਆਂ..?" ਕਰਨੈਲ ਸਿੰਘ ਬੜੀ ਨਿਮਰਤਾ ਅਤੇ ਅਪਣੱਤ ਨਾਲ ਬੋਲਿਆ।
-"ਸਰਦਾਰ ਜੀ, ਇਕ ਕੰਮ ਆਇਆ ਸੀ..!'
- "ਬੈਠ ਕੇ ਦੱਸ..."
-"ਸਰਦਾਰ ਜੀ, ਬੱਗੇ ਦੀ ਮਾਂ ਬਹੁਤ ਢਿੱਲੀ ਐ..!" ਮੁਕੰਦ ਸਿੰਘ ਦਾ ਚਿਹਰਾ ਬੁਝਿਆ ਪਿਆ ਸੀ।
-"ਉਸ ਨੂੰ ਬਈ ਕਿਸੇ ਚੰਗੇ ਡਾਕਟਰ ਨੂੰ ਦਿਖਾਓ..! ਜਿਵੇਂ ਆਂਹਦੇ ਹੁੰਦੇ ਐ, ਸਿਆਣੇ ਬੁੜ੍ਹੀ ਬੰਦੇ ਦਾ ਤਾਂ ਘਰੇ ਬੈਠੇ ਦਾ ਈ ਬੜਾ ਆਸਰਾ ਹੁੰਦੈ..?"
-"ਪਰ ਸਰਦਾਰ ਜੀ, ਡੁੱਬੀ ਤਾਂ, ਤਾਂ ਜੇ ਸਾਹ ਨਾ ਆਇਆ..? ਪੈਸਾ ਤਾਂ ਜੇਬ 'ਚ ਜਹਿਰ ਖਾਣ ਨੂੰ ਨ੍ਹੀ..! ਨਾਲੇ ਸਹੁਰੇ ਡਾਕਦਾਰ ਕਿਹੜਾ ਫੀਸ ਲਈ ਤੋਂ ਬਿਨਾਂ ਗੱਲ ਗੌਲਦੇ ਐ..?" ਮੁਕੰਦ ਸਿੰਘ ਦੀਆਂ ਅੱਖਾਂ ਵਿਚ ਹੰਝੂ ਛਲਕ ਪਏ।
-"ਹੈ ਕਮਲਾ..! ਤੂੰ ਮੈਨੂੰ ਪਹਿਲਾਂ ਕਿਉਂ ਨੀ ਦੱਸਿਆ।। ? ਪੈਸੇ ਧੇਲੇ ਵੱਲੋਂ ਅਤਰ ਕੌਰ ਦੀ ਜਾਨ ਨਾ ਜਾਵੇ..! ਸਹੁਰੀ ਮਾਇਆ ਦਾ ਕੀ ਐ..? ਇਹ ਤਾਂ ਹੱਥਾਂ ਦੀ ਮੈਲ ਐ, ਪਰ ਬੰਦਾ ਨ੍ਹੀ ਕਿਤੋਂ ਥਿਆਉਂਦਾ..! ਆਹ ਚੱਕ!" ਨੋਟਾਂ ਦਾ ਰੁੱਗ ਭਰ ਕੇ ਕਰਨੈਲ ਸਿੰਘ ਨੇ ਮੁਕੰਦ ਸਿੰਘ ਦੇ ਹੱਥ 'ਤੇ ਰੱਖ ਦਿੱਤੇ।
-"ਪਰ ਸਰਦਾਰ ਜੀ, ਇਹ ਮੈਂ ਮੋੜੂੰ ਕਿਵੇਂ ?" ਮੁਕੰਦ ਸਿੰਘ ਅੱਗੇ ਪਹਾੜ ਜਿੱਡੀ ਮੁਸ਼ਕਿਲ ਖੜ੍ਹੀ ਸੀ। ਉਸ ਦੇ ਜੋੜੇ ਹੱਥ ਕੰਬ ਰਹੇ ਸਨ।
-"ਮੁਕੰਦ ਸਿਆਂ, ਪਹਿਲਾਂ ਤੂੰ ਅਤਰ ਕੌਰ ਬਾਰੇ ਸੋਚ..! ਮੋੜ ਮੁੜਾਈ ਬਾਰੇ ਆਪਾਂ ਕਦੇ ਫੇਰ ਸੋਚਾਂਗੇ..! ਇਹ ਫ਼ਿਕਰ ਤੂੰ ਦਿਲੋਂ ਕੱਢ। ਭਾਵੇਂ ਚਾਰ ਦਿਨ ਤੂੰ ਵੀ ਕੰਮ 'ਤੇ ਨਾ ਆਈਂ..! ਅਤਰ ਕੌਰ ਦਾ ਖਿਆਲ ਰੱਖ! ਕੰਮ ਦਾ ਆਪੇ ਸਰੀ ਜਾਊ.. !" ਕਰਨੈਲ ਸਿੰਘ ਨੇ ਕਿਹਾ।