-"ਤੇਰਾ ਪੁੱਤ ਨ੍ਹੀ ਨਾ ਗਰੀਬ ਸਮਝਦਾ ਆਪਣੇ ਆਪ ਨੂੰ.. ? ਉਹ ਤਾਂ ਮਲਾਇਆ ਵਾਲਿਆਂ ਦੀ ਕੁੜੀ ਦੀਆਂ ਬਾਂਹਾਂ 'ਚ ਬਾਂਹਾਂ ਪਾ ਕੇ ਚਿੱਤੜ ਉਚੇ ਕਰ ਕਰ ਤੁਰਦੈ । ਉਹ ਤਾਂ ਮਲਾਇਆ ਵਾਲ਼ੇ ਬਲੌਰ ਸਿਉਂ ਦਾ ਸੱਜਰਾ ਜਮਾਈ ਸਮਝਦੇ ਆਪਦੇ ਆਪ ਨੂੰ… ਉਦੇਂ ਪਤਾ ਲੱਗੂ, ਜਿੱਦੇਂ ਅਗਲਿਆਂ ਨੇ ਬੱਕਰੇ ਮਾਂਗੂੰ ਉਲੱਦ ਕੇ ਮਾਰਿਆ, ਪਈ ਦਿਮਾਗ 'ਚ ਗੱਲ ਕਿ ਅਜੇ ਵੀ ਨ੍ਹੀ..?"
ਮੁਕੰਦ ਸਿੰਘ ਦੀਆਂ ਅੱਖਾਂ ਅੱਗੇ ਹਨ੍ਹੇਰ ਛਾ ਗਿਆ । ਦਰਸ਼ਣ ਦੀਆਂ ਬਰਛੀ ਵਰਗੀਆਂ ਗੱਲਾਂ ਨੇ ਉਸ ਦਾ ਕਾਲਜਾ ਕੱਢ ਲਿਆ ਸੀ। ਉਸ ਨੂੰ ਬਿੱਲੇ 'ਤੇ ਕਰੋਧ ਚੜ੍ਹ ਗਿਆ। ਕਸੂਰ ਉਸ ਦੀ ਆਪਣੇ ਔਲਾਦ ਦਾ ਸੀ। ਨਹੀਂ ਤਾਂ ਦਰਸ਼ਣ ਵਰਗੇ ਉਸ ਦੀ ਚੁਰੱਸਤੇ ਵਿਚ ਬੇਇੱਜ਼ਤੀ ਨਾ ਕਰ ਸਕਦੇ। ਹੁਣ ਬਿੱਲਾ ਸਾਹਮਣੇ ਹੁੰਦਾ ਤਾਂ ਮੁਕੰਦ ਸਿੰਘ ਨੇ ਉਸ ਨੂੰ ਸ਼ਾਇਦ ਕੱਚੇ ਨੂੰ ਚੱਬ ਜਾਣਾਂ ਸੀ।
ਦਰਸ਼ਣ ਗਾਇਬ ਸੀ।
ਤੁਰਨ ਲੱਗਿਆ ਉਹ ਮੁਸ਼ਕੜੀਏਂ ਹੱਸਿਆ ਸੀ। ਉਹ ਤਾਂ ਡੱਬੂ ਸੀ, ਬੱਸ! ਸੀਖ਼ ਲਾ ਕੇ ਕੰਧ 'ਤੇ ਜਾ ਚੜਿਆ ਸੀ। ਭਾਂਬੜ ਤਾਂ ਹੁਣ ਬਿੱਲੇ ਕੇ ਘਰ ਹੀ ਮੱਚਣੇ ਸਨ।
ਮੁਕੰਦ ਸਿੰਘ ਗੁੰਮ ਸੁੰਮ ਹੋਇਆ ਸਤੰਭ ਖੜ੍ਹਾ ਸੀ। ਉਸ ਦੇ ਦਿਲ ਦਿਮਾਗ ਨੂੰ ਇਕ ਸਦਮਾਂ ਪੁੱਜਿਆ ਸੀ। ਸਰੀਰ ਪਾਰੇ ਵਾਂਗ 'ਝਰਨ-ਝਰਨ' ਕਰ ਰਿਹਾ ਸੀ। ਡੂੰਘੀਆਂ ਅਤੇ ਉਦਾਸ ਸੋਚਾਂ ਵਿਚ ਡੁੱਬਿਆ ਉਹ ਘਰ ਨੂੰ ਤੁਰ ਪਿਆ। ਡਰੀ ਗਊ ਵਾਂਗ ਉਹ ਓਪਰਾ ਓਪਰਾ ਝਾਕ ਰਿਹਾ ਸੀ। ਚੁਪਾਸਾ ਜਿਵੇਂ ਉਸ ਨੂੰ ਖਾਣ ਆ ਰਿਹਾ ਸੀ। ਦਿਮਾਗ ਚੱਕਰੀ ਗੇੜੇ ਪਿਆ ਹੋਇਆ ਸੀ। ਕਿਸੇ ਤਲਖ਼ੀ ਕਾਰਨ ਉਸ ਦਾ ਬਦਨ ਜਿਵੇਂ ਜਲ ਰਿਹਾ ਸੀ।
ਡਿੱਗਦਾ ਢਹਿੰਦਾ ਉਹ ਘਰੇ ਪਹੁੰਚ ਗਿਆ।
ਅਤਰ ਕੌਰ ਮੰਜੀ 'ਤੇ ਪਈ ਹੂੰਗਰ ਮਾਰ ਰਹੀ ਸੀ। ਉਸ ਦੀਆਂ ਅੱਖਾਂ ਅੱਧ-ਖੁੱਲ੍ਹੀਆਂ, ਚਿਹਰਾ ਬੱਗਾ ਪੂਣੀਂ ਅਤੇ ਬੁੱਲ੍ਹ ਪੱਤੇ ਵਾਂਗ ਸੁੱਕੇ ਹੋਏ ਸਨ। ਮੰਜੀ ਹੇਠਲਾ ਥਾਂ ਗਿੱਲਾ ਸੀ, ਸ਼ਾਇਦ ਬੇਵੱਸੀ ਵਿਚ ਪਿਸ਼ਾਬ ਨਿਕਲ ਗਿਆ ਸੀ। ਗਿਆਨ ਅਤੇ ਬੱਗਾ ਮੰਜੀ ਦੇ ਪਾਸੀਂ ਮੱਖੀਆਂ ਵਾਂਗ ਲੱਗੇ ਬੈਠੇ ਸਨ।
-"ਅਤਰ ਕੁਰੇ, ਚੱਲ ਤੈਨੂੰ ਡਾਕਦਾਰ ਦੇ ਲੈ ਕੇ ਚੱਲਾਂ.. !" ਸੋਚਾਂ ਨਾਲ ਝੰਬੇ ਮੁਕੰਦ ਸਿੰਘ ਨੇ ਕਿਹਾ।
-"ਨਹੀਂ, ਮੈਂ ਨੀ ਜਾਣਾਂ, ਆਪੇ 'ਰਾਮ ਆਜੂ..!"
-"ਆਪੇ 'ਰਾਮ ਕਿਮੇ ਆਜੂ.. ? ਚੱਲ ਉਠ, ਜਿਦ ਨੀ ਕਰੀਦੀ ਹੁੰਦੀ! ਤੇਰੇ ਬਿਨਾਂ ਤਾਂ ਕਮਲੀਏ ਜੁਆਕ ਰੁਲ ਜਾਣਗੇ..! ਉਠ... !' ਮੁਕੰਦ ਸਿੰਘ ਨੇ ਉਸ ਨੂੰ ਬਾਹੋਂ ਫੜ ਕੇ ਬੈਠਾ ਕਰ ਲਿਆ।
-"ਬੱਗੇ ਦੇ ਬਾਪੂ, ਮੈਨੂੰ ਮੇਰੇ ਪੁੱਤ ਬਿੱਲੇ ਨੂੰ ਮਿਲਾ ਦੇਹ, ਮੈਂ ਠੀਕ ਹੋਜੂੰਗੀ..!'