ਬਿੱਲਾ ਹੈਰਾਨ ਪ੍ਰੇਸ਼ਾਨ ਹੋ ਉਠਿਆ। ਉਹ ਸੋਚ ਰਿਹਾ ਸੀ ਕਿ ਅਜਿਹੀ ਕਿਹੜੀ ਗੱਲ ਸੀ, ਜਿਸ ਕਰਕੇ ਬਾਪੂ ਗੁੱਸੇ ਸੀ? ਜੋ ਕੁਝ ਉਹ ਰਾਤ ਕਰ ਕੇ ਆਇਆ ਸੀ, ਉਸ ਦਾ ਬਾਪੂ ਨੂੰ ਤਾਂ ਕੀ, ਕਿਸੇ ਫ਼ਰਿਸ਼ਤੇ ਨੂੰ ਵੀ ਪਤਾ ਚੱਲਣਾਂ ਅਸੰਭਵ ਸੀ!
-"ਹਾਂ ਬੋਲ ਮਾਂ.. !' ਉਸ ਦਾ ਦਿਲ ਕਾਹਲਾ ਪਿਆ ਹੋਇਆ ਸੀ।
-ਦੇਖ ਪੁੱਤ, ਮਾਂ ਬਾਪ ਦੀ ਇੱਜ਼ਤ ਧੀਆਂ ਪੁੱਤਾਂ ਦੇ ਹੱਥ ਚ ਹੁੰਦੀ ਐ..! ਨਾਲੇ ਫਿਰ ਆਪਣੀ ਗਿਆਨੋਂ ਵੀ ਤਾਂ ਘਰੇ ਜੁਆਨ ਐ..! ਮੇਰਾ ਸ਼ੇਰ ਸੋਚ ਸਮਝ ਕੇ ਪੈਰ ਧਰੀਏ! ਪਿਉ ਦੀ ਪੱਗ ਲੋਕਾਂ ਦੇ ਪੈਰਾਂ 'ਚ ਰੋਲਣੀ ਕੋਈ ਲਾਇਕੀ ਦੀ ਗੱਲ ਨੀ ਹੁੰਦੀ ਪੁੱਤ! ਮਾਂ ਧੀਮੀ ਬੋਲ ਕੇ ਸਮਝੌਤੀਆਂ ਦੇ ਰਹੀ ਸੀ।
ਪਰ ਗੱਲ ਬਿੱਲੇ ਦੇ ਸਿਰੋਂ ਜਹਾਜ ਵਾਂਗ ਲੰਘ ਗਈ ਸੀ।
-ਪੁੱਤ ਚਾਦਰ ਦੇਖ ਕੇ ਪੈਰ ਪਸਾਰੀਏ..!
-ਮਾਂ ਕੋਈ ਗੱਲ ਤਾਂ ਦੱਸ..?'
-ਮੈਨੂੰ ਆਹ ਦੱਸ, ਬਈ ਤੇਰਾ ਮਲਾਇਆ ਵਾਲਿਆਂ ਦੀ ਕੁੜੀ ਨਾਲ ਕੀ ਮੇਲ ? ਗੁਆਂਢ ਮੱਥੇ ਪਿੰਡ ਐ..। ਸੋਚ ਕੇ ਪੁੱਤ...। ਤੂੰ ਮੈਨੂੰ ਸੱਚ ਸੱਚ ਦੱਸ, ਬਈ ਜਿਹੜਾ ਕੁਛ ਤੇਰਾ ਪਿਉ ਕਹਿੰਦੇ, ਜਾਂ ਜੋ ਉਹਨੇ ਸੁਣਿਆ, ਉਹ ਸੱਚ ਐ ? ਮਾਂ ਨੇ ਗੱਲ ਬਿੱਲੇ ਦੇ ਕਪਾਲ ਵਿਚ ਦੇ ਮਾਰੀ।
ਬਿੱਲੇ ਦੇ ਚਿਹਰੇ ਤੇ ਸ਼ਰਮ ਦੀ ਲਾਲੀ ਪਸਰ ਗਈ।
-"ਹਾਂ ਮਾਂ, ਇਹ ਸੱਚ ਐ..!" ਬਿੱਲਾ ਮਾਂ ਅੱਗੇ ਝੂਠ ਨਾ ਬੋਲ ਸਕਿਆ।
-"ਪਰ ਮਾਂ, ਬਾਪੂ ਨੂੰ ਕਿੱਥੋਂ ਪਤਾ ਲੱਗਿਆ.. ?'
-"ਸਰਦਾਰ ਦੇ ਮੁੰਡੇ ਦਰਸ਼ਣ ਨੇ ਦੱਸਿਐ..!"
ਦਰਸ਼ਣ ਦਾ ਨਾਂ ਸੁਣ ਕੇ ਬਿੱਲੇ ਅੰਦਰ ਗੁੱਸੇ ਦਾ ਤੂਫ਼ਾਨ ਹਿੱਲਿਆ। ਉਸ ਦੀਆਂ ਅੱਖਾਂ ਕਰੋਧ ਨਾਲ ਰੱਤੀਆਂ ਹੋ ਗਈਆਂ। ਚਿਹਰਾ ਤਾਂਬੇ ਵਾਂਗ ਦਗਣ ਲੱਗ ਪਿਆ। ਸਾਲਾ ਨਾ ਹਟਿਆ ਕਮੀਨੀਆਂ ਹਰਕਤਾਂ ਤੋਂ.. ? ਸਾਲੇ ਦੀ ਕੋਈ ਪੇਸ਼ ਨਹੀਂ ਚੱਲੀ, ਬਾਪੂ ਦੇ ਕੰਨ ਭਰ ਮਾਰੇ..? ਕਿੱਡਾ ਕਮੀਨੈਂ ਮੇਰਾ ਸਹੁਰਾ । ਉਸ ਦਾ ਦਿਮਾਗ ਵਾਹਣੀ ਪਿਆ ਹੋਇਆ ਸੀ। ਉਸ ਦੇ ਸਾਹਮਣੇ ਦਰਸ਼ਣ ਹੁੰਦਾ ਤਾਂ ਸ਼ਾਇਦ ਉਹ ਪਾੜ ਕੇ ਲੀਰਾਂ ਕਰ ਦਿੰਦਾ।
-"ਪੁੱਤ, ਤੂੰ ਮੇਰੀ ਸਹੁੰ ਖਾ ਬਈ ਅੱਜ ਤੋਂ ਤੂੰ ਉਸ ਕੁੜੀ ਨੂੰ ਮੁੜ ਕੇ ਨ੍ਹੀਂ ਮਿਲੇਗਾ..!"