ਪਿਆਲੇ ਦੇ ਯਾਰਾਂ ਨੇ ਦਰਸ਼ਣ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਅਤੇ ਉਸ ਦੇ ਮਾਮੇਂ ਦੇ ਮੁੰਡੇ ਮੁਹਿੰਦਰ ਸਿੰਘ ਨੂੰ ਖ਼ਬਰ ਕਰ ਦਿੱਤੀ। ਮੁਹਿੰਦਰ ਦਾ ਪਿੰਡ ਸ਼ਹਿਰ ਦੇ ਨਾਲ ਹੀ ਸੀ। ਮੁਹਿੰਦਰ ਦੀ ਦਰਸ਼ਣ ਨਾਲ ਕਾਫ਼ੀ ਮੱਤ ਮਿਲਦੀ ਸੀ। ਦਰਸ਼ਣ ਵਾਂਗ ਉਹ ਵੀ ਲਫ਼ੰਗਾ ਹੀ ਸੀ। ਮੁਡੀਹਰ ਨਾਲ ਰਲ ਕੇ ਉਸ ਨੂੰ ਵੀ ਘਤਿੱਤਾਂ ਕਰਨ ਦੀ ਬੁਰੀ ਬਾਣ ਸੀ। ਉਸ ਦਾ ਬਾਪ ਵੀ ਇਲਾਕੇ ਦੀ ਉਘੀ ਹਸਤੀ ਸੀ। ਦੋਹਾਂ ਧਿਰਾਂ ਵੱਲੋਂ ਦਰਸ਼ਣ ਅਤੇ ਮੁਹਿੰਦਰ ਦੇ ਇਕੱਠੇ ਹੋਣ 'ਤੇ ਸਖ਼ਤ ਮਨਾਹੀ ਸੀ। ਕਿਉਂਕਿ ਜਦੋਂ ਉਹ ਇਕੱਠੇ ਹੋ ਜਾਂਦੇ ਸਨ, ਤਾਂ ਕੋਈ ਨਾ ਕੋਈ ਘਤਿੱਤ ਕਰਦੇ ਸਨ। ਦੋਵੇਂ ਹੀ ਛਿੱਤਰ ਘੜੀਸ ਆਸ਼ਕ ਸਨ। ਪਰ ਇਤਨੀ ਸਖ਼ਤ ਮਨਾਹੀ ਦੇ ਬਾਵਜੂਦ ਵੀ ਲੰਡੇ ਨੂੰ ਕੁੰਢਾ ਸੌ ਕੋਹ ਦਾ ਵਲ ਪਾ ਕੇ ਮਿਲਦਾ ਸੀ।
ਮੁਹਿੰਦਰ ਜੀਪ ਲੈ ਕੇ ਠਾਣੇ ਪਹੁੰਚਿਆ।
-"ਆਓ ਜੀ ਮਿੰਦੀ ਸਾਹਬ, ਸਾਹਬ ਬਹਾਦਰ.. !" ਮੁਣਸ਼ੀ ਅਦਬ ਭਰੀ ਅਵਾਜ਼ ਵਿਚ ਬੋਲਿਆ। ਮਿੰਦੀ ਦਾ ਅਚਾਨਕ ਠਾਣੇ ਆਉਣਾ ਸ਼ੁਭ ਸ਼ਗਨ ਸੀ।
-"ਅੱਜ ਸਾਡੀ ਯਾਦ ਕਿਵੇਂ ਆਗੀ..?" ਮੁਣਸ਼ੀ ਦੇ ਸਿਰ ਵਿਚ ਖ਼ੁਸ਼ੀ ਦੀਆਂ ਘੰਟੀਆਂ ਖੜਕੀ ਜਾ ਰਹੀਆਂ ਸਨ।
-"ਯਾਰ ਕਾਹਦੀ ਗੱਲ ਐ..? ਬੱਸ ਪੁੱਛ ਨਾ.. !" ਮਿੰਦੀ ਜਿਵੇਂ ਕਾਫ਼ੀ ਅੰਬਿਆ ਪਿਆ ਸੀ।
-"ਤਾਂ ਵੀ, ਠਾਣੇਂ ਨੂੰ ਅੱਜ ਕਿਵੇਂ ਭਾਗ ਲਾਏ.. ?'
-"ਯਾਰ ਕਾਲਜ ਦੇ ਇਕ ਲੰਡਰ ਜੇ ਮੁੰਡੇ ਨੇ ਆਪਣੇ ਦਰਸ਼ਣ ਦੇ ਸੱਟਾਂ ਮਾਰੀਆਂ. ?''
-"ਅੱਛਾ..?"
-"ਮੁੰਡੇ ਆਂਹਦੇ ਐ, ਉਹਨੇ ਬੜੀ ਅੱਤ ਚੱਕੀ ਵੀ ਐ..!"
-"ਤੂੰ ਫ਼ਿਕਰ ਕਾਹਦਾ ਕਰਦੈਂ ਮਿੰਦੀ ਸਿਆਂ.. ? ਅਸੀਂ ਲਾ ਦਿਆਂਗੇ ਖੁਰੀਆਂ..। ਜੜ ਦਿਆਂਗੇ ਕੋਕੇ..! ਸਾਡੇ ਹੁੰਦਿਆਂ ਉਹ ਅੱਤ ਚੁੱਕੇ? ਉਹਦੀ ਮਾਂ ਦੀ! ਅਸੀਂ ਸਾਲੇ ਛੋਟੇ ਦੇ ਹੱਡਾਂ 'ਚ ਚਿੱਬ ਪਾ ਦਿਆਂਗੇ..! ਨਾਲੇ ਜੇ ਪੁਲਸ ਈ ਮੁੰਡਿਆਂ ਨਾਲ ਨਰਮੀ ਵਰਤਣ ਲੱਗ ਪਈ, ਤਾਂ ਇਕ ਨਾ ਇਕ ਦਿਨ ਇਹੀ ਲਗੌੜ ਸਾਨੂੰ ਪੈ ਨਿਕਲੂ? ਤੂੰ ਚਿੰਤਾ ਕਾਹਦੀ ਕਰਦੈਂ ? ਪਰ ਸਾਡੇ ਮੁੰਡੇ ਖੁੰਡੇ ਖ਼ੁਸ਼ ਕਰਨੇ, ਤੇਰਾ ਕੰਮ ਐਂ ਮਿੰਦੀ..!"
ਮਿੰਦੀ ਮੁਣਸ਼ੀ ਨੂੰ ਦਫ਼ਤਰ ਤੋਂ ਪਾਸੇ ਲੈ ਗਿਆ।