ਕਾਫ਼ੀ ਦੇਰ ਉਹ ਕੋਈ ਗੁੱਝੀ ਗੱਲ ਕਰਦੇ ਰਹੇ। ਮੁਣਸ਼ੀ ਉਂਗਲ ਦੇ ਸਹਾਰੇ ਮਿੰਦੀ ਨੂੰ ਕੋਈ ਖ਼ਾਸ ਗੱਲ ਸਮਝਾਉਂਦਾ ਰਿਹਾ। ਉਹ ਆਪਣੀਆਂ ਉਖੜੀਆਂ ਜਿਹੀਆਂ ਜਾਭਾਂ 'ਤੇ ਵਾਰ ਵਾਰ ਹੱਥ ਫੇਰਦਾ ਰਿਹਾ।
ਮਿੰਦੀ ਅਤੇ ਹੌਲਦਾਰ ਜੀਪ ਲੈ ਕੇ ਹਸਪਤਾਲ ਨੂੰ ਸਿੱਧੇ ਹੋ ਗਏ।
ਹਸਪਤਾਲ ਦੇ ਜਾਣੂੰ ਡਾਕਟਰ ਨਾਲ ਮਿੰਦੀ ਨੇ ਕੋਈ ਗੁਪਤ ਗੱਲ ਕੀਤੀ।
ਬਿੱਲੇ 'ਤੇ ਦਫ਼ਾ 307, ਇਰਾਦਾ ਕਤਲ ਦਾ ਪਰਚਾ ਬਣ ਗਿਆ। ਪਰਚਾ ਅਜੇ ਕੱਟਿਆ ਨਹੀਂ ਸੀ। ਮੁਣਸ਼ੀ ਨੇ ਕੁਝ ਬਿਆਨ ਰਾਖਵੇਂ ਰੱਖ ਲਏ ਤਾਂ ਕਿ ਲੋੜ ਪੈਣ 'ਤੇ ਅਦਲਾ ਬਦਲੀ ਕੀਤੀ ਜਾ ਸਕੇ।
ਲਿਖਾਇਆ ਗਿਆ ਕਿ ਬਿੱਲੇ ਨੇ ਦਰਸ਼ਣ ਤੇ ਹਥੌੜੇ ਦੇ ਵਾਰ ਕੀਤੇ ਸਨ । ਬਿੱਲਾ ਦਰਸ਼ਣ ਨੂੰ ਸਿਰ 'ਚ ਹਥੌੜਾ ਮਾਰ ਕੇ ਜਾਨੋਂ ਮਾਰ ਦੇਣਾ ਚਾਹੁੰਦਾ ਸੀ। ਪਰ ਇਹ ਦਰਸ਼ਣ ਦੀ ਖ਼ੁਸ਼ ਕਿਸਮਤੀ ਸੀ ਕਿ ਹਥੌੜਾ ਸਿਰ ਵਿਚ ਨਹੀਂ ਵੱਜ ਸਕਿਆ ਸੀ। ਵਜਾਹ ਇਹ ਸੀ ਕਿ ਅੱਜ ਤੋਂ ਦੋ ਕੁ ਹਫ਼ਤੇ ਪਹਿਲਾਂ ਬਿੱਲੇ ਨੇ ਦਰਸ਼ਣ ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਪੰਜ ਹਜ਼ਾਰ ਰੁਪਏ ਨਾ ਦਿੱਤੇ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪਰ ਦਰਸ਼ਣ ਨੇ ਪੰਜ ਹਜ਼ਾਰ ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਬਿੱਲਾ ਮੌਕਾ ਪਾਉਂਦਾ ਰਿਹਾ। ਪਰ ਮੌਕਾ ਨਾ ਲੱਗ ਸਕਿਆ। ਅੱਜ ਮੌਕਾ ਪੈਣ 'ਤੇ ਬਿੱਲੇ ਨੇ ਦਰਸ਼ਣ ਤੇ ਵਾਰ ਕੀਤੇ ਅਤੇ ਨਤੀਜੇ ਵਜੋਂ ਦਰਸ਼ਣ ਸਖ਼ਤ ਫੱਟੜ ਹੋ ਗਿਆ। ਬਿੱਲੇ ਨੂੰ ਇਹ ਪੰਜ ਹਜ਼ਾਰ ਰੁਪਏ ਆਪਣੀ ਬਿਮਾਰ ਮਾਂ ਵਾਸਤੇ ਚਾਹੀਦੇ ਸਨ। ਸਬੂਤ ਵਜੋਂ ਹਸਪਤਾਲ ਵਿਚੋਂ ਪਤਾ ਕੀਤਾ ਜਾ ਸਕਦਾ ਸੀ। ਬਿੱਲੇ ਦੀ ਮਾਂ ਕੁਝ ਦਿਨ ਹਸਪਤਾਲ ਦਾਖ਼ਲ ਰਹੀ ਸੀ। ਕੁਝ ਦਿਨ ਪਹਿਲਾਂ ਵੀ ਬਿੱਲੇ ਨੇ ਦਰਸ਼ਣ ਨੂੰ ਬੱਸ ਸਟੈਂਡ 'ਤੇ ਕੁੱਟਿਆ ਸੀ।
ਬਿੱਲਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।
ਉਸ ਨੂੰ ਗਧੇ ਵਾਂਗ ਧੱਕ ਕੇ ਹਵਾਲਾਤ ਵਿਚ ਤਾੜ ਦਿੱਤਾ ਗਿਆ। ਅੰਦਰੋਂ ਇੰਜ ਮੁਸ਼ਕ ਮਾਰ ਰਿਹਾ ਸੀ, ਜਿਵੇਂ ਕਈ ਦਿਨਾਂ ਦਾ ਅੰਦਰ ਕੁੱਤਾ ਮਰ ਕੇ ਸੜ ਗਿਆ ਸੀ। ਮੱਛਰ "ਭੀ-ਭੀ" ਕਰਦਾ ਉਡਿਆ ਫਿਰਦਾ ਸੀ। ਹਵਾਲਾਤ ਦੇ ਇਕ ਖੂੰਜੇ ਗਲਿਆ ਸੜਿਆ ਜਿਹਾ ਸਰ੍ਹੋਂ ਦਾ ਟਾਂਗਰ ਪਿਆ ਸੀ।
ਪਰ ਬਿੱਲਾ ਖ਼ਾਮੋਸ਼ ਸੀ। ਕਿਸੇ ਪਰਬਤ ਵਾਂਗ ਅਡੋਲ ਸੀ। ਕੋਈ ਆਸ ਉਸ ਦਾ ਦਿਲ ਡੋਲਣ ਜਾਂ ਟੁੱਟਣ ਨਹੀਂ ਦੇ ਰਹੀ ਸੀ। ਉਸ ਦੇ ਮਨ ਅੰਦਰ ਪੂਰਨ ਵਿਸ਼ਵਾਸ ਸੀ, ਅਕਹਿ ਅਹਿਸਾਸ ਸੀ, ਹੌਂਸਲਾ ਸੀ। ਉਸ ਦੀ ਆਸ ਦਾ ਸਾਗਰ ਉਸ ਨੂੰ ਬੇਡਰ ਕਰ ਰਿਹਾ ਸੀ।
ਸ਼ਾਮ ਹੋਈ।