- " ਪ੍ਰਧਾਨਾਂ..!"
-"ਬੋਲ..?"
-"ਮੇਰਾ ਇਕ ਕੰਮ ਕਰ ਯਾਰ..!" ਬਿੱਲੇ ਨੇ ਬੜੇ ਗੜ੍ਹਕੇ ਨਾਲ ਕਿਹਾ।
-"ਹੁਕਮ ਕਰ..!"
-"ਮੇਰਾ ਇਕ ਸੁਨੇਹਾਂ ਕੋਠਿਆਂ ਆਲੇ ਸੀਤੋ ਨੂੰ ਪਹੁੰਚਦਾ ਕਰ..।"
-"ਸੁਨੇਹਾ ਬੋਲ..?"
-"ਉਹਨੂੰ ਆਖੀਂ ਬਈ ਬਿੱਲਾ ਰਾਜੇ ਇੰਦਰ ਦੀਆਂ ਪਰੀਆਂ ਨਾਲ ਖੜਮਸਤੀਆਂ ਕਰਦੈ..!"
ਬਿੱਲੇ ਦੇ ਕਹਿਣ 'ਤੇ ਦੋਨੋਂ ਹੱਸ ਪਏ।
-"ਬੱਸ ਆਹੀ ਕਹਿਣੈਂ ਬਈ ਬਿੱਲਾ ਫੜਿਆ ਗਿਆ.. । ਬਾਕੀ ਗੱਲ ਤੂੰ ਆਪ ਈ ਦੱਸਦੀਂ !" ਬਿੱਲਾ ਫਿਰ ਗੰਭੀਰ ਹੋ ਗਿਆ।
-"ਕੋਠਿਆਂ ਆਲ਼ੇ ਸੀਤੋਂ ਨੂੰ.. ?" ਪ੍ਰਧਾਨ ਦਾ ਮੂੰਹ ਹੈਰਾਨੀ ਵਿਚ ਖੁੱਲ੍ਹਾ ਹੀ ਰਹਿ ਗਿਆ। ਸੀਤੋ ਦਾ ਨਾਂ ਲੈਣ 'ਤੇ ਜਿਵੇਂ ਉਸ ਦੀ ਚੀਕ ਨਿਕਲ ਗਈ ਸੀ।
ਕੋਠਿਆਂ ਵਾਲਾ ਸੀਤੋ ਇਲਾਕੇ ਦਾ ਮਸ਼ਹੂਰ, ਝੰਡੇ ਹੇਠਲਾ ਬੰਦਾ ਸੀ। ਜਿੱਧਰ ਨੂੰ ਮੂੰਹ ਹੋ ਜਾਂਦਾ ਸੀ। ਫ਼ਤਹਿ ਹੀ ਪ੍ਰਾਪਤ ਕਰਦਾ ਸੀ। ਉਸ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਸੀ। ਪਰ ਉਘਾ ਅਤੇ ਅਮੀਰ ਬੰਦਾ ਹੋਣ ਕਾਰਨ ਉਹ ਚੜ੍ਹਦੀ ਉਮਰ ਵਿਚ ਹੀ ਮਸ਼ਹੂਰ ਹੋ ਗਿਆ ਸੀ।
ਥੋੜ੍ਹੇ ਦਿਨ ਪਹਿਲਾਂ ਹੀ ਬਿੱਲਾ ਉਸ ਦੇ ਕੋਲ ਗਿਆ ਸੀ । ਬਿੱਲੇ ਨੇ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਸੀਤੋ ਨੇ ਬਿੱਲੇ ਨੂੰ ਸ਼ਰਨ ਦਿੱਤੀ ਸੀ। ਸੀਤੋ ਦੇ ਦਰਜਨ ਤੋਂ ਉਪਰ ਟਰੱਕ ਚੱਲਦੇ ਸਨ। ਪਰ ਉਸ ਦੇ ਕੁਝ ਵਿਰੋਧੀ ਦੁਸ਼ਮਣ ਉਸ ਦੇ ਕਾਰੋਬਾਰ ਵਿਚ ਰੋੜੇ ਸਨ। ਬਿੱਲੇ ਨੇ ਸੀਤੋ ਨੂੰ ਇਹ ਰੋੜੇ ਹੂੰਝ ਕੇ ਬਾਹਰ ਸੁੱਟਣ ਦਾ ਵਾਅਦਾ ਦਿੱਤਾ ਸੀ ਅਤੇ ਸੀਤੋ ਨੇ ਮੁੱਲ ਤਾਰਨ ਦਾ! ਸੀਤੋਂ ਨੂੰ ਆਦਮੀ ਦੀ ਪਹਿਚਾਣ ਸੀ। ਇਮਾਨਦਾਰੀ ਅਤੇ ਨਿੱਡਰਤਾ ਦੀ ਉਸ ਨੂੰ ਦਿਲੋਂ ਕਦਰ ਸੀ। ਉਹ ਦਿਲ ਦਾ ਸਾਫ਼, ਨੀਅਤ ਦਾ ਸੁੱਚਾ, ਪਰ ਐਸ਼ੀ ਪੱਠਾ ਸੀ।
-"ਤੂੰ ਸੀਤੋ ਨੂੰ ਕਿਵੇਂ ਜਾਣਦੈਂ.. ?" ਪ੍ਰਧਾਨ ਦਾ ਚਿਹਰਾ ਹੈਰਾਨਗੀ ਵਿਚ ਤਣਿਆਂ ਖੜ੍ਹਾ ਸੀ।
- "ਬੱਸ..! ਮਿੱਤਰਤਾਈ ਐ..!"