ਦਰਸ਼ਣ ਨੂੰ ਫੜ ਕੇ ਜੀਪ ਵਿਚ ਬਿਠਾਇਆ ਗਿਆ।
ਸਾਰੇ ਪਿੰਡ ਨੂੰ ਰਵਾਨਾ ਹੋ ਗਏ।
ਮਾਂ ਪੁੱਤ ਦੀ ਹਾਲਤ ਦੇਖ ਕੇ ਰੋ ਰਹੀ ਸੀ। ਕਰਨੈਲ ਸਿੰਘ ਚੁੱਪ ਚਾਪ ਸੋਚਾਂ ਵਿਚ ਡੁੱਬਿਆ ਬੈਠਾ ਸੀ। ਲੋਕ ਦਰਸ਼ਣ ਦਾ ਪਤਾ ਹੁੰਮ ਹੁੰਮਾਂ ਕੇ ਲੈਣ ਆ ਰਹੇ ਸਨ। ਕਈ ਦਰਸ਼ਣ ਦੇ ਹੋਇਆ ਪਲੱਸਤਰ ਦੇਖ ਕੇ ਮਨ ਵਿਚ ਹੀ ਲੱਡੂ ਭੋਰ ਰਹੇ ਸਨ। ਖ਼ੁਸ਼ੀ ਮਨਾ ਰਹੇ ਸਨ।
ਰਾਤ ਹੋਈ।
ਕਰਨੈਲ ਸਿੰਘ ਨੇ ਭਜਨ ਬੰਦਗੀ ਤੋਂ ਬਾਅਦ ਘਰਵਾਲੀ ਨੂੰ ਆਪਣੇ ਪਾਸ ਸੱਦਿਆ।
-"ਰਣਜੀਤ ਕੁਰੇ! ਜਦੋਂ ਪਾਣੀ ਗਲ ਤੱਕ ਆ ਜਾਵੇ - ਉਸ ਦਾ ਪ੍ਰਬੰਧ ਉਸੇ ਵਕਤ ਕਰਨਾ ਚਾਹੀਦੈ - ਨਹੀਂ ਤਾਂ ਆਦਮੀ ਦਾ ਡੁੱਬਣ ਦਾ ਖ਼ਤਰਾ ਹਰ ਵਕਤ ਬਣਿਆਂ ਰਹਿੰਦੈ।" ਕਰਨੈਲ ਸਿੰਘ ਨੇ ਕਿਹਾ।
-"ਮੈਂ ਥੋਡਾ ਕੋਈ ਮਤਲਬ ਨ੍ਹੀ ਸਮਝੀ..?" ਉਹ ਹੱਕੀ ਬੱਕੀ ਹੋ ਗਈ ਸੀ। ਉਸ ਦੇ ਦਿਮਾਗ ਅੰਦਰ ਸੱਚ ਮੁੱਚ ਹੀ ਕੁਛ ਨਹੀਂ ਪਿਆ ਸੀ।
-"ਆਪਾਂ ਏਸ ਕਲਬੱਜੂ ਦਾ ਵਿਆਹ ਕਰ ਦੇਈਏ - ਨਹੀਂ ਤਾਂ ਇਹ ਕਦੇ ਐਸਾ ਚੰਦ ਚੜਾਊ - ਆਪਾਂ ਸਾਰੇ ਇਲਾਕੇ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਕਰਾ ਨੀ ਰਹਿਣਾਂ - ਜਦੋਂ ਕਬੀਲਦਾਰੀ ਗਲੁ ਪੈ ਗਈ- ਆਪੇ ਸੁਧਰਜੂ..!"
ਕਰਨੈਲ ਸਿੰਘ ਦੀ ਮੱਤ ਲੱਖ ਰੁਪਏ ਦੀ ਸੀ । ਮੁੰਡਾ ਵੀ ਜੁਆਨ ਹੋ ਚੁੱਕਾ ਸੀ। ਕੋਈ ਨਿਆਣਾ ਨਹੀਂ ਸੀ। ਸੱਚ ਹੀ ਉਸ ਨੇ ਕਬੀਲਦਾਰੀ ਗਲ ਪਈ ਤੋਂ ਸੁਧਰਨਾ ਸੀ। ਸਾਹਣ ਦੇ ਗਲ ਨੂੰ ਅਗਰ ਸੰਗਲ ਪੈ ਜਾਵੇ, ਤਾਂ ਉਹ ਵੀ ਅਹਿਸਾਸ ਨਾਲ ਟਿਕ ਕੇ ਖੜ੍ਹ ਜਾਂਦਾ ਹੈ! ਧੀਏਂ ਪੁੱਤੀ ਪਏ ਬੰਦੇ ਨੂੰ ਵੈਸੇ ਵੀ ਅਕਲ ਆ ਜਾਂਦੀ ਹੈ। ਸੋਚ ਕੇ ਰਣਜੀਤ ਕੌਰ ਝੱਟ ਮੰਨ ਗਈ।
-"ਪਰ ਸਰਦਾਰ ਜੀ, ਆਪਾਂ ਦਰਸ਼ਣ ਨੂੰ ਵੀ ਪੁੱਛ ਲਈਏ।" ਉਸ ਦੇ ਮਨ ਅੰਦਰ ਇਕ ਸੋਚ ਉਭਰੀ।
-"ਚੰਗੇ ਕੰਮ ਵਿਚ ਉਸ ਦੀ ਹਮੇਸ਼ਾ ਨਾਂਹ ਈ ਹੁੰਦੀ ਐ- ਉਹਨੂੰ ਪੁੱਛਣ ਦੀ ਕੋਈ ਲੋੜ ਨ੍ਹੀ ਤੇ ਨਾ ਈ ਕੋਈ ਫ਼ਾਇਦਾ !"
-"ਸਰਦਾਰ ਜੀ, ਵਿਆਹ ਤਾਂ ਆਖਰ ਦਰਸ਼ਣ ਨੇ ਈ ਕਰਨੇਂ ਨ੍ਹਾਂ..?"
ਕਰਨੈਲ ਸਿੰਘ ਸੋਚਾਂ ਵਿਚ ਪੈ ਗਿਆ।