-"ਪਰ ਪਹਿਲਾਂ ਕੁੜੀ ਵੀ ਤਾਂ ਕੋਈ ਦੇਖਣੀ ਐਂ..!"
-"ਸ਼ਾਇਦ ਕੋਈ ਕੁੜੀ ਦਰਸ਼ਣ ਨੂੰ ਪਸੰਦ ਹੋਵੇ ?" ਰਣਜੀਤ ਕੌਰ ਨੇ ਕਿਹਾ।
-"ਇਹ ਵੀ ਹੋ ਸਕਦੈ..।"
-"ਮੈਂ ਕੱਲ੍ਹ ਨੂੰ ਦਰਸ਼ਣ ਨਾਲ ਗੱਲ ਕਰੂੰਗੀ..!"
-"ਠੀਕ ਐ..।"
ਰਣਜੀਤ ਕੌਰ ਚਲੀ ਗਈ।
ਪਲੰਘ 'ਤੇ ਪਈ ਰਣਜੀਤ ਕੌਰ ਦੀਆਂ ਅੱਖਾਂ ਅੱਗੇ ਜਿਵੇਂ ਨੂੰਹ ਵਿਹੜੇ ਵਿਚ 'ਛਣਕ-ਛਣਕ' ਕਰਦੀ ਫ਼ਿਰਦੀ ਸੀ। ਕੋਈ ਆਸ ਉਭਰੀ ਸੀ। ਕੋਈ ਖ਼ੁਸ਼ੀ ਜਾਗੀ ਸੀ। ਬਹੁਤ ਵਰ੍ਹੇ ਪਹਿਲਾਂ ਰਣਜੀਤ ਕੌਰ ਇਸ ਘਰ ਵਿਚ ਨੂੰਹ ਬਣ ਕੇ ਆਈ ਸੀ। ਪਰ ਥੋੜ੍ਹੇ ਦਿਨਾਂ ਵਿਚ ਉਸ ਨੇ 'ਸੱਸ' ਬਣ ਜਾਣਾ ਸੀ। ਖ਼ੁਸ਼ੀਆਂ ਵਿਚ ਭਿੱਜੀ ਰਣਜੀਤ ਕੌਰ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਘੇਰ ਲਿਆ।
ਰਣਜੀਤ ਕੌਰ ਸਵੇਰੇ ਸਾਝਰੇ ਹੀ ਉਠ ਖੜ੍ਹੀ ਹੋਈ। ਉਸ ਨੇ ਖ਼ੁਦ ਆਪ ਚਾਹ ਬਣਾਈ। ਨੌਕਰਾਣੀ ਨੂੰ ਹੁਕਮ ਕਰਨ ਲਈ ਉਸ ਦਾ ਦਿਲ ਨਹੀਂ ਕੀਤਾ ਸੀ। ਉਸ ਲਈ ਤਾਂ ਜਿਵੇਂ ਮਸਾਂ ਹੀ ਦਿਨ ਚੜ੍ਹਿਆ ਸੀ।
ਉਸ ਨੇ ਦਰਸ਼ਣ ਨੂੰ ਬੁਲਾਇਆ। ਸਾਰੀ ਗੱਲ ਬਾਤ ਕੀਤੀ। ਪਰ ਦਰਸ਼ਣ ਦੇ ਮਨ 'ਤੇ ਕੋਈ ਬਹੁਤਾ ਪ੍ਰਭਾਵ ਨਾ ਪਿਆ। ਉਹ ਖ਼ੁਸ਼ ਸੀ ਜਾਂ ਦੁਖੀ? ਹੈਰਾਨ ਸੀ ਜਾਂ ਪ੍ਰੇਸ਼ਾਨ? ਸ਼ਾਇਦ ਉਸ ਨੂੰ ਖ਼ੁਦ ਨੂੰ ਵੀ ਨਹੀਂ ਪਤਾ ਸੀ।
-"ਦਰਸ਼ਣ, ਤੈਨੂੰ ਕੋਈ ਕੁੜੀ ਪਸੰਦ ਹੈ ?" ਮਾਂ ਨੇ ਸਭਾਵਿਕ ਹੀ ਪੁੱਛਿਆ।
-"ਹਾਂ ਮਾਂ..।" ਦਰਸ਼ਣ ਜਿਵੇਂ ਜਵਾਬ ਘੜ੍ਹੀ ਬੈਠਾ ਸੀ।
ਰਣਜੀਤ ਕੌਰ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਜਿਵੇਂ ਉਸ ਦੀ ਬਹੁਤ ਵੱਡੀ ਮੁਸ਼ਕਿਲ ਹੱਲ ਹੋ ਗਈ ਸੀ। ਸ਼ਾਇਦ ਉਸ ਦੇ ਪੁੱਤ ਨੇ ਪਹਿਲੀ ਵਾਰ ਕਿਸੇ ਚੰਗੇ ਕੰਮ ਵਿਚ 'ਹਾਂ' ਕੀਤੀ ਸੀ।
-"ਕੌਣ ਐਂ ਕੁੜੀ... ?" ਰਣਜੀਤ ਕੌਰ ਕਾਹਲੀ ਪੈ ਗਈ।
-"ਮਾਂ ਦੱਸ ਦਿਆਂ... ?" ਦਰਸ਼ਣ ਚਾਂਭਲ ਗਿਆ।
-"ਦੱਸ ਕਾਕਾ - ਜਲਦੀ ਦੱਸ, ਮਾਂ ਸਦਕੇ..!"