-"ਮਲਾਇਆ ਵਾਲਿਆਂ ਦੀ ਕੁੜੀ, ਪ੍ਰੀਤੀ..!"
ਰਣਜੀਤ ਕੌਰ ਸੋਚਾਂ ਵਿਚ ਪੈ ਗਈ।
-"ਚੰਗਾ, ਤੂੰ ਹੁਣ ਚਾਹ ਪਾਣੀ ਪੀ - ਮੈਂ ਤੇਰੇ ਬਾਪੂ ਜੀ ਨਾਲ ਗੱਲ ਕਰੂੰਗੀ..!"
ਰਣਜੀਤ ਕੌਰ ਚਲੀ ਗਈ। ਜਾਂਦੀ ਮਾਂ ਵੱਲ ਤੱਕ ਕੇ ਦਰਸ਼ਣ ਤਾੜੀ ਮਾਰ ਕੇ ਹੱਸਿਆ।
-"ਦੇਖੀਂ ਪ੍ਰੀਤੀਏ..! ਹੁਣ ਲਊਂ ਤੇਰੇ ਬਦਲੇ ਗਿਣ ਗਿਣ ਕੇ - ਤੂੰ ਮੈਨੂੰ ਬਹੁਤ ਸਤਾਇਆ - ਮੇਰਾ ਕਾਲਜਾ ਭੁੰਨਿਆਂ - ਹੁਣ ਕਰੂੰ ਸਾਰੇ ਹਿਸਾਬ ਬਰਾਬਰ - ਕੱਚੀ ਨੂੰ ਖਾਊਂ ਕੱਚੀ ਨੂੰ !" ਉਸ ਨੇ ਕਚੀਚੀ ਵੱਟੀ। ਉਸ ਅੰਦਰ ਪ੍ਰੀਤੀ ਅਤੇ ਬਿੱਲੇ ਦਾ ਬਦਲਾ ਜਾਗ ਪਿਆ ਸੀ। ਹੁਣ ਉਹ ਮਸਾਂ ਉਸ ਦੀ ਜਾੜ੍ਹ ਹੇਠ ਆਏ ਸਨ। ਜਿਹਨਾਂ ਨੂੰ ਉਸ ਨੇ 'ਕੜੱਕ' ਕਰਕੇ ਚੱਬ ਦੇਣਾਂ ਸੀ।
ਕਿਸ਼ਤ 9
ਅਗਲੇ ਦਿਨ ਰਣਜੀਤ ਕੌਰ ਨੇ ਬੜੇ ਸੁਧਰੇ ਢੰਗ ਨਾਲ ਕਰਨੈਲ ਸਿੰਘ ਨਾਲ ਗੱਲ ਕੀਤੀ। ਕਰਨੈਲ ਸਿੰਘ ਥੋੜਾ ਚਿਰ ਚੁੱਪ ਰਹਿ ਕੇ ਕੁਝ ਸੋਚਣ ਲੱਗ ਪਿਆ। ਦਰਸ਼ਣ ਦੀ ਪਸੰਦ ਵੀ ਕੋਈ ਮਾੜੀ ਨਹੀਂ ਸੀ। ਘਰ ਵੀ ਚੰਗਾ ਸੀ । ਖ਼ਾਨਦਾਨ ਵੀ ਮਸ਼ਹੂਰ ਸੀ। ਕਿਸੇ ਗੱਲ ਦਾ ਘਾਟਾ ਨਹੀਂ ਸੀ। ਅਮੀਰ ਘਰਾਣੇ ਦੀ ਲੜਕੀ ਸੋਹਣੀ ਹੋਣੀਂ ਤਾਂ ਇੱਕ ਕੁਦਰਤੀ ਗੱਲ ਸੀ। ਇਕਲੌਤੇ ਪੁੱਤਰ ਦੀ ਖ਼ੁਸ਼ੀ ਮਾਂ- ਬਾਪ ਦੀ ਖ਼ੁਸ਼ੀ ਸੀ। ਪਰ ਸਭ ਤੋਂ ਵੱਡਾ ਕੰਮ ਤਾਂ ਉਸ ਨੂੰ ਘਤਿੱਤਾਂ ਤੋਂ ਰੋਕਣਾਂ ਸੀ।
-"ਚੰਗਾ ਰਣਜੀਤ ਕੁਰੇ - ਆਪਾਂ ਕਰਦੇ ਆਂ ਬਲੌਰ ਸਿਉਂ ਨਾਲ ਗੱਲ!" ਕਰਨੈਲ ਸਿੰਘ ਨੇ ਆਸ ਜਿਹੀ ਬੰਨ੍ਹਦੇ ਹੋਏ ਨੇ ਆਖਿਆ।
ਜੀਪ ਤਿਆਰ ਕੀਤੀ ਗਈ।
ਕਰਨੈਲ ਸਿੰਘ, ਰਣਜੀਤ ਕੌਰ ਅਤੇ ਦੋ ਸੁੱਘੜ ਸਿਆਣੇ ਬੰਦੇ ਜੀਪ ਵਿਚ ਬੈਠ ਤੁਰ ਗਏ।
ਕੁਝ ਮਿੰਟਾਂ ਵਿਚ ਹੀ ਜੀਪ ਨੇ ਪੰਜ ਕਿਲੋਮੀਟਰ ਦਾ ਸਫ਼ਰ ਵੱਢ ਕੇ ਰੱਖ ਦਿੱਤਾ। ਜੀਪ ਮਲਾਇਆ ਵਾਲਿਆਂ ਦੀ ਹਵੇਲੀ ਅੱਗੇ ਜਾ ਕੇ ਖੜ੍ਹੀ ਹੋ ਗਈ।
ਹਵੇਲੀ ਅੰਦਰ ਨੌਕਰ ਅਤੇ ਨੌਕਰਾਣੀਆਂ ਹੀ ਨਜ਼ਰ ਆ ਰਹੇ ਸਨ।