ਬਲੌਰ ਸਿੰਘ ਦਾ ਮਨ ਬਹੁਤ ਖ਼ੁਸ਼ ਸੀ। ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦੀ ਖ਼ੁਸ਼ੀ ਥੋੜ੍ਹੇ ਚਿਰ ਦੀ ਹੀ ਤਾਂ ਸੀ! ਉਸ ਦੀ ਇਕਲੌਤੀ, ਮਾਂ ਵਿਹੂਣੀਂ ਧੀ ਨੇ ਦਰਸ਼ਣ ਦੀ ਸਾਥਣ ਬਣ ਕੇ ਸੁਖ ਤਾਂ ਮਾਨਣਾਂ ਹੀ ਨਹੀਂ ਸੀ। ਪਰ ਇਹ ਕਿਸ ਨੂੰ ਪਤਾ ਸੀ ? ਸ਼ਾਇਦ ਪ੍ਰੀਤੀ ਤੋਂ ਬਿਨਾਂ ਕਿਸੇ ਨੂੰ ਵੀ ਤਾਂ ਨਹੀਂ। ਉਹ ਦਰਸ਼ਣ ਦੀਆਂ ਬਦ ਕਰਤੂਤਾਂ ਤੋਂ ਭਲੀ ਭਾਂਤ ਹੀ ਤਾਂ ਜਾਣੂੰ ਸੀ। ਉਹ ਤਾਂ ਦਰਸ਼ਣ ਨੂੰ ਘ੍ਰਿਣਾਂ ਕਰਦੀ ਸੀ। ਕਿੱਥੇ ਘ੍ਰਿਣਾਂ? ਅਤੇ ਕਿੱਥੇ ਪਿਆਰ? ਕਿੱਥੇ ਸ਼ਾਦੀ ? ਇਕ ਅਣਹੋਣੀ ਗੱਲ ਸੀ। ਅਸਮਾਨ ਧਰਤੀ ਨਾਲ ਲੱਗਣ ਵਾਲੀ ਗੱਲ ਸੀ। ਜੇ ਉਹ ਪਿਆਰ ਕਰਦੀ ਸੀ ਤਾਂ ਸਿਰਫ਼ ਬਿੱਲੇ ਨੂੰ! ਬਿੱਲਾ ਹੀ ਉਸ ਦੇ ਸੁਪਨਿਆਂ ਦਾ ਬਾਦਸ਼ਾਹ ਸੀ। ਪਰ ਪ੍ਰੀਤੀ ਵੀ ਉਸ ਦੇ ਦਿਲ ਦੀ ਮਹਿਬੂਬਾ ਸੀ। ਉਸ ਦੇ ਸੁਪਨਿਆਂ ਦੀ ਗੁਲਜ਼ਾਰ, ਸਾਹਾਂ ਦੀ ਮਹਿਕ! ਬਿੱਲਾ ਵੀ ਉਸ ਦੇ ਅਰਮਾਨਾਂ ਵਿਚ ਰਚ ਚੁੱਕਿਆ ਸੀ। ਉਸ ਦੀ ਨਸ ਨਸ ਵਿਚ ਬੋਲਦਾ ਸੀ। ਕੀ ਹੋ ਗਿਆ ਸੀ ਕਿ ਉਹ ਗ਼ਰੀਬ ਸੀ ? ਕੀ ਹੋ ਗਿਆ ਸੀ ਕਿ ਉਸ ਕੋਲ ਜ਼ਮੀਨ ਜਾਇਦਾਦ ਨਹੀਂ ਸੀ? ਉਹ ਭੁੱਖ ਕੱਟ ਸਕਦੀ ਸੀ। ਪਰ ਰੱਜ ਕੇ ਠੋਹਕਰਾਂ ਨਹੀਂ ਖਾ ਸਕਦੀ ਸੀ। ਰੱਜ ਕੇ, ਪੇਟ ਭਰਕੇ ਵੀ ਤਾਂ ਆਦਮੀ ਤਾਂ ਹੀ ਖਾ ਸਕਦਾ ਹੈ, ਜੇਕਰ ਉਹ ਸੁਖੀ ਹੋਵੇ! ਇਹ ਸਾਰੀ ਚਾਲ ਦਰਸ਼ਣ ਦੀ ਹੀ ਸੀ।
ਪ੍ਰੀਤੀ ਬਾਪੂ ਜੀ ਨੂੰ ਸਾਰਾ ਕੁਝ ਕਹਿ ਸਕਦੀ ਸੀ ਕਿ ਇਕਲੌਤੀ ਬੱਚੀ ਲਈ ਖ਼ੁਸ਼ੀ ਜ਼ਰੂਰੀ ਸੀ। ਕੋਈ ਅਮੀਰ ਘਰਾਣਾਂ ਜ਼ਰੂਰੀ ਨਹੀਂ ਸੀ। ਸੋਨੇ ਦੀ ਜੇਹਲ ਨਾਲੋਂ ਕੱਚੇ ਘਰ ਵਿਚ ਰਹਿਣਾਂ ਕਈ ਗੁਣਾਂ ਬਿਹਤਰ ਸੀ। ਕੁੱਲੀ ਯਾਰ ਦੀ ਸਰਗ ਦਾ ਝੂਟਾ - ਅੱਗ ਲੱਗੇ ਮਹਿਲਾਂ ਨੂੰ! ਹੁਕਮ ਚਲਾਉਣ ਨਾਲੋਂ ਬਿਮਾਰ ਸੱਸ ਅਤੇ ਬਿਰਧ ਸਹੁਰੇ ਦੀ ਸੇਵਾ ਕਰਨੀ ਕਿੰਨੀ ਉਚਿੱਤ ਸੀ! ਮਨ ਨੂੰ ਸਕੂਨ ਮਿਲਣਾਂ ਸੀ! ਆਤਮਾਂ ਨੂੰ ਸ਼ਾਂਤੀ ਮਿਲਣੀ ਸੀ। ਪਰ ਬਾਪੂ ਵੀ ਛੇਤੀ ਕੀਤੇ ਮੰਨਣ ਵਾਲਾ ਨਹੀਂ ਸੀ। ਕਾਸ਼ ਅੱਜ ਮੇਰੀ ਮਾਂ ਜਿਉਂਦੀ ਹੁੰਦੀ! ਮਾਂ ਧੀ ਦੇ ਸੌ ਪਰਦੇ। ਮਾਂ ਧੀ ਦੀਆਂ ਸੌ ਦਿਲੀ ਸਾਂਝਾਂ! ਕੀ ਕੀਤਾ ਜਾ ਸਕਦਾ ਸੀ? ਬਿੱਲੇ ਨੂੰ ਮਿਲਿਆ ਜਾਵੇ? ਹਾਂ, ਬਿੱਲਾ ਕੋਈ ਨਾ ਕੋਈ ਰਾਹ ਜ਼ਰੂਰ ਲੱਭ ਸਕਦਾ ਸੀ। ਬੰਦਿਆਂ ਦੀਆਂ ਵੀਹ ਪਹੁੰਚਾਂ! 'ਕੱਲੀ ਕਹਿਰੀ ਕੁੜੀ ਕੀ ਕਰ ਸਕਦੀ ਹੈ? ਬਿੱਲੇ ਨੂੰ ਮਿਲਾਂ ? ਉਸ ਨੂੰ ਆਖਾਂਗੀ, ਅਗਰ ਮੈਨੂੰ ਸੱਚੇ ਦਿਲੋਂ ਪਿਆਰ ਕਰਦਾ ਹੈਂ, ਤਾਂ ਆ! ਅਤੇ ਆਪਣੀ ਸਾਹਿਬਾਂ ਨੂੰ ਬੱਕੀ 'ਤੇ ਬਿਠਾ ਕੇ ਲੈ ਜਾਹ! ਮੈਂ ਤੇਰਾ ਇੰਤਜ਼ਾਰ ਕਰਾਂਗੀ। ਫਿਰ ਪਿੱਛੋਂ ਮਿਹਣਿਆਂ ਤਾਹਨਿਆਂ ਨੇ ਕੁਛ ਨਹੀਂ ਖੋਹਣਾਂ - ਜਦੋਂ ਹੀਰ ਵਿਆਹ ਕੇ ਲੈ ਗਏ ਖੇੜੇ। ਉਹ ਵਿਹੜੇ ਵਿਚ ਖੜ੍ਹੀ ਸੋਚ ਰਹੀ ਸੀ!
ਉਸ ਨੇ ਚਾਰੇ ਪਾਸੇ ਨਜ਼ਰ ਮਾਰੀ।
ਪਰ ਬਾਪੂ ਨਜ਼ਰ ਨਾ ਆਇਆ। ਕਿਲ੍ਹੇ ਵਰਗੇ ਘਰ 'ਚੋਂ ਅੱਜ ਉਸ ਨੂੰ ਪਹਿਲੀ ਵਾਰ ਭੈਅ ਆਇਆ ਸੀ।
ਉਸ ਨੇ ਜੀਪ ਸਟਾਰਟ ਕਰ ਲਈ।
ਨੌਕਰ ਕਤੂਰੇ ਵਾਂਗ ਭੱਜਿਆ ਆਇਆ।