ਉਹ ਅੰਦਰ ਚਲਾ ਗਿਆ। ਉਸ ਦੇ ਦਿਮਾਗ ਅੰਦਰ ਸੋਚਾਂ ਦੀ ਘੋੜ ਦੌੜ ਜਾਰੀ ਸੀ।
ਮਾਂ ਕਬਰ ਵਾਂਗ ਚੁੱਪ ਸੀ।
-"ਕਿਉਂ ਬੇਬੇ - ਦੇਖਲੀ ਰਾਮ ਲੀਲ੍ਹਾ ?"
ਮਾਂ ਚੁੱਪ ਰਹੀ।
-"ਹੈ ਨਾ ਪਾਨ ਦੀ ਬੇਗੀ ਅਰਗੀ ?"
-"ਮੈਨੂੰ ਮੈਦ ਐ ਆਪਣੇ ਘੁੱਗੂ ਨਾਲ ਕੋਈ ਗੱਲ ਬਾਤ ਐ ਇਹਦੀ - ਤੂੰਬਾ ਘਰੇ ਸੁਣੀਂਦਾ - ਵੱਜਦਾ ਨਹਿਰੋਂ ਪਾਰ!" ਬੱਗੇ ਨੇ ਲਾਚੜ ਕੇ ਕਵੀਸ਼ਰੀ ਸ਼ੁਰੂ ਕਰ ਦਿੱਤੀ।
-"ਵੇ ਕਦੇ ਚੁੱਪ ਵੀ ਕਰਜਿਆ ਕਰ - ਮਾਂ ਨੂੰ ਰੋਣਿਆਂ!" ਮਾਂ ਨੇ ਨਿਰਲੱਜ ਬੱਗੇ ਵੱਲ ਕੌੜ ਤੱਕਣੀ ਤੱਕੀ।
-"ਆਹ ਆਪਣੇ ਘਰੇ ਜੀਪ ਕੈਸੀ ਆਈ ਸੀ?" ਬਾਹਰੋਂ ਗਿਆਨੇਂ ਨੇ ਆ ਕੇ ਪੁੱਛਿਆ।
-"ਧੀਏ! ਜਦੋਂ ਗਰੀਬ ਦੇ ਘਰ ਦਾ ਨਾਸ਼ ਹੋਣਾਂ ਹੋਵੇ - ਉਦੋਂ ਇਉਂ ਈ ਜੀਪਾ ਘਰੇ ਖੌਰੂ ਪਾਉਂਦੀਐਂ।" ਮਾਂ ਦੇ ਬੋਲਾਂ ਵਿਚ ਕਹਿਰਾਂ ਦਾ ਦੁੱਖ ਸੀ। ਉਸ ਦੀਆਂ ਝੁਰੜੀਆਂ ਕੰਬੀ ਜਾ ਰਹੀਆਂ ਸਨ।
-"ਤਾਂ ਵੀ ਬੇਬੇ - ਕੌਣ ਆਇਆ ਸੀ ?'
-''ਆਈ ਸੀ ਛਿੱਟਣੀਆਂ ਦੀ ਫੇਟ!"
-"ਛਿੱਟਣੀਆਂ ਦੀ ਫ਼ੇਟ ਨ੍ਹੀ ਬੇਬੇ - ਖੋਪੇ ਦੀ ਗਿਰੀ ਆਖ!" ਬੱਗੇ ਦੇ ਚੁੱਪ ਦਿਲੋਂ ਲੇਰ ਉਠੀ ਸੀ।
ਹਾਏ ਰੱਬਾ - ਉਹ ਬੇਬੇ ਨੂੰ ਪਤਾ ਨੀ ਕਿਉਂ ਬੁਰੀ ਲੱਗਦੀ ਐ? ਬੱਗਾ ਸੋਚ ਰਿਹਾ ਸੀ।
-"ਕੁਲਿਹਣੀ ਬੰਦੇ ਮਰਵਾਉ।" ਬੇਬੇ ਨੇ ਅਗਲੀ ਅਕਾਸ਼ਬਾਣੀ ਕੀਤੀ ਸੀ।
-"ਕਿਉਂ ? ਬੰਦੇ ਕਾਹਦੇ ਨਾਲ ਮਰ ਜਾਗੇ ਬੇਬੇ - ਅਸੀਂ ਕਿਸੇ ਦਾ ਟੋਭਾ ਫੂਕਤਾ ?" ਬੱਗਾ ਅੱਗਿਓਂ ਬਜ਼ਿਦ ਸੀ।
-"ਵੇ ਮਾਂ ਨੂੰ ਰਣਿਆਂ! ਜਦੋਂ ਜੁਆਨ ਹੋਈਆਂ ਐਹੋ ਜੀਆਂ ਕੁਲੱਛਣੀਆਂ ਕਿਸੇ ਮੁੰਡੇ ਦੇ ਹੱਥ ਧੋ ਕੇ ਮਗਰ ਪੈ ਜਾਣ - ਤਾਂ ਕਤਲੇਆਮ ਈ ਹੁੰਦੇ! ਤੈਨੂੰ ਕੀ ਪਤੈ ਪੁੱਤ ਸ਼ੇਰਾ ? ਬਈ ਮਾਂ ਦੀਆਂ ਆਂਦਰਾਂ ਕਿਮੇਂ ਮੱਚੀ ਜਾਂਦੀਐਂ - ਤੈਨੂੰ ਨ੍ਹੀ ਪਤਾ ਅਜੇ ਬੱਗਿਆ - ਤੂੰ ਅਜੇ ਨਿਆਣੇਂ ਪੁੱਤ!" ਮਾਂ ਨੇ ਰੱਬ ਜਿੱਡਾ ਹਾਉਕਾ ਲਿਆ।