ਬੱਗਾ ਘੋਸਲ ਵੱਟ ਕੇ ਅੰਦਰ ਵੜ ਗਿਆ।
ਬੇਬੇ ਦੀਆਂ ਕਹੀਆਂ ਸੱਚੀਆਂ ਕੀਮਤੀ ਗੱਲਾਂ ਨੂੰ ਉਸ ਦਾ ਬੱਚਾ ਦਿਮਾਗ ਫੜ ਨਹੀਂ ਸਕਿਆ ਸੀ। ਉਸ ਦੀਆਂ ਅੱਖਾਂ ਅੱਗੇ ਪ੍ਰੀਤੀ ਦੀਆਂ ਪੱਥਰ ਵਰਗੀਆਂ ਛਾਤੀਆਂ ਗੁੱਟਘੂੰ -ਗੁੱਟਘੂੰ ਕਰਦੀਆਂ ਫ਼ਿਰਦੀਆਂ ਸਨ।
-"ਗੱਲਾਂ ਹੁੰਦੀਆਂ ਪਿੰਡਾਂ ਦੇ ਵਿਚ ਸਾਰੇ - ਛੜਿਆਂ ਨੇ ਕਹਿੰਦੇ ਕਾਟੋ ਕੁੱਟ ਲਈ - ਬਈ ਬੱਲੇ ਬੱਲੇ!' ਬੱਗੇ ਨੇ ਫਿਰ ਕਵੀਸ਼ਰੀ ਛੇੜ ਲਈ। ਚਾਹੇ ਉਸ ਦਾ ਪੈਰ ਅਜੇ ਬਚਪਨ 'ਚੋਂ ਨਿਕਲਿਆ ਹੀ ਸੀ। ਪਰ ਪ੍ਰੀਤੀ 'ਤੇ ਆਇਆ ਜੁਆਨੀ ਦਾ ਹੜ੍ਹ ਉਸ ਦੇ ਦਿਲ ਦਿਮਾਗ ਨੂੰ ਰੋੜ੍ਹ ਕੇ ਲੈ ਗਿਆ ਸੀ। ਪਰ ਜਦੋਂ ਉਸ ਦੇ ਦਿਮਾਗ ਵਿਚ ਪ੍ਰੀਤੀ ਦੀ ਥਾਂ ਬਿੱਲਾ ਆ ਜਾਂਦਾ, ਤਾਂ ਉਹ ਕਸੀਸ ਵੱਟ ਕੇ ਰਹਿ ਜਾਂਦਾ। ਉਹ ਸੋਚਦਾ ਕਿੱਥੇ ਕੋਇਲ ਤੇ ਕਿੱਥੇ ਕਾਂ? ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ? ਗਊ ਅਤੇ ਗਧੇ ਦਾ ਕੀ ਮੇਲ? ਜਦ ਫਿਰ ਪ੍ਰੀਤੀ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਆ ਜਾਂਦੀ ਤਾਂ ਉਹ ਸੁਆਦ ਦੀਆਂ ਘੁੱਟਾਂ ਜਿਹੀਆਂ ਭਰਨ ਲੱਗ ਪੈਂਦਾ। ਸੋਚਾਂ ਸੋਚਾਂ ਵਿਚ ਉਹ ਪ੍ਰੀਤੀ ਨੂੰ ਕਲਾਵੇ ਮਾਰ ਰਿਹਾ ਸੀ।
-"ਵੇ ਪੁੱਤ ਬੱਗਿਆ।' ਬੇਬੇ ਦੀ ਅਵਾਜ਼ ਸੀ। ਬੇਬੇ ਦੀ ਅਵਾਜ਼ ਜਿਵੇਂ ਬੱਗੇ ਦੀ ਵੱਖੀ ਵਿਚ ਘਸੁੰਨ ਵਾਂਗ ਵੱਜੀ ਸੀ। ਉਸ ਦੀ ਸੋਚ ਟੁੱਟੀ। ਜਿਵੇਂ ਸੁੱਤੇ ਖੂਹ ਵਿਚ ਭਾਰਾ ਪੱਥਰ ਡਿੱਗਿਆ ਸੀ। ਸ਼ਾਂਤੀ ਭੰਗ ਹੋ ਗਈ ਸੀ।
-"ਕੀ ਐ?" ਉਹ ਖਿਝਿਆ ਚੀਕ ਉਠਿਆ।
-"ਪੁੱਤ ਪੱਠੇ ਨ੍ਹੀ ਲਿਆਉਣੇ ?
-"ਕਦੇ ਆਪਣੇ ਰਾਂਝੇ ਨੂੰ ਵੀ ਆਖ ਦਿਆ ਕਰੋ! ਕਿ ਮੇਰੇ ਨਾਲ ਈ ਕੋਈ ਬੈਰ ਕੱਢਣੇ ਸਾਰੇ ਟੱਬਰ ਨੇ ? ਉਸ ਦੀ ਅਵਾਜ਼ ਵਿਚ ਅੱਗ ਜਿੰਨਾਂ ਸੇਕ ਸੀ।
-"ਚੰਗਾ ਫੇਰ - ਉਰ੍ਹੇ ਆ ਮੇਰਾ ਸ਼ੇਰ ਬੱਗਾ।' ਬੇਬੇ ਨੇ ਉਸ ਨੂੰ ਵਡਿਆਉਣਾਂ ਚਾਹਿਆ। ਪਰ ਬੱਗੇ ਦੇ ਕੰਨ 'ਤੇ ਜੂੰ ਨਾ ਸਰਕੀ। ਉਹ ਮੱਚਦਾ ਬੁਝਦਾ ਅਤੇ ਬੁੜ-ਬੁੜ ਕਰਦਾ ਬਾਹਰ ਨਿਕਲ ਗਿਆ।
ਭੱਠੀ 'ਤੇ ਬੈਠੇ ਮੁੰਡਿਆਂ ਨੇ ਉਸ ਨੂੰ ਬੁਲਾਉਣ ਦਾ ਯਤਨ ਕੀਤਾ। ਪਰ ਉਹ ਅਣਸੁਣੀ ਕਰਕੇ ਅੱਗੇ ਤੁਰ ਗਿਆ। ਨਹੀਂ ਤਾਂ ਲੰਡਰ ਮੁੰਡੀਹਰ ਉਸ ਨੂੰ ਮਸਾਂ ਮਿਲਦੀ ਸੀ! ਜਿੰਨਾਂ ਚਿਰ ਉਹ ਕਿਸੇ ਦੇ ਚਾਰ ਛਿੱਤਰ ਮਾਰਦਾ ਜਾਂ ਖਾਂਦਾ ਨਹੀਂ ਸੀ, ਉਸ ਨੂੰ ਸਬਰ ਨਹੀਂ ਆਉਂਦਾ ਸੀ।
ਫਿਰ ਉਹ ਡਰੇ ਬੋਤੇ ਵਾਂਗ ਰੋਹੀ ਨੂੰ ਦੌੜ ਪਿਆ!