ਬੱਕਰੇ ਅਤੇ ਤਿੱਤਰ ਬਟੇਰੇ ਭੁੰਨੇ ਅਤੇ ਖਾਧੇ ਜਾ ਰਹੇ ਸਨ। ਕਈ ਸ਼ਰਾਬੀ ਹੋਏ ਕੱਟੇ ਵਾਂਗ ਲਿਟੇ ਪਏ ਸਨ। ਝੱਖੜ ਵਾਲਾ ਇਮਾਨ ਸਿੰਘ ਲਗਾਤਾਰ ਗਧੇ ਵਾਂਗ ਹਿਣਕ ਰਿਹਾ ਸੀ।
ਅਗਲੇ ਦਿਨ ਜੰਝ ਚੜ੍ਹਨੀ ਸੀ। ਜੰਝ ਦੇ ਨਾਲ ਨਾਲ ਅਣਗਿਣਤ ਗਵੱਈਆ ਪਾਰਟੀਆਂ ਸਨ। ਅਣਗਿਣਤ ਕਾਰਾਂ ਜੀਪਾਂ ਸਨ।
ਬਰਾਤ ਤੁਰੀ।
ਜਿਵੇਂ ਕੋਈ ਫ਼ੌਜੀ ਛਾਉਣੀ ਹਿੱਲੀ ਸੀ।
ਆਨੰਦ ਕਾਰਜਾਂ ਤੋਂ ਬਾਅਦ ਬਾਕੀ ਸ਼ਗਨ ਪੂਰੇ ਕੀਤੇ ਗਏ। ਗਾਉਣ ਵਾਲੀਆਂ ਪਾਰਟੀਆਂ ਨੇ ਆਪਣਾ ਰੰਗ ਜਮਾਇਆ ਸੀ। ਸਰਗੋਧੇ ਵਾਲੀ ਨਾਚੀ ਦੀ ਤਾੜੀ ਗਿਆਰਾਂ ਗੋਲੀ ਦੀ ਬੰਦੂਕ ਦੀ ਗੋਲੀ ਵਾਂਗ ਵੱਜੀ ਸੀ। ਨਾ ਗਾਉਣ ਵਾਲੇ ਹੀ ਥੱਕੇ ਸਨ ਅਤੇ ਨਾ ਸੁਣਨ ਵਾਲੇ ਅੱਕੇ ਸਨ। ਇਨਾਮੀ ਨੋਟਾਂ ਦਾ ਮੀਂਹ ਵਰ੍ਹਿਆ ਸੀ।
ਦੋਹਾਂ ਪਾਸਿਆਂ ਤੋਂ ਕੋਈ ਥੁੜ ਨਹੀਂ ਰਹੀ ਸੀ। ਬਲੌਰ ਸਿੰਘ ਨੇ ਇਕਲੌਤੀ ਧੀ ਦੀ ਸ਼ਾਦੀ ਕੀਤੀ ਸੀ ਅਤੇ ਕਰਨੈਲ ਸਿੰਘ ਨੇ ਇਕਲੌਤੇ ਪੁੱਤਰ ਦੀ!
ਟਹਿਕਦੇ ਫੁੱਲ ਵਰਗੀ, ਸਜੀ ਧਜੀ ਪ੍ਰੀਤੀ ਨੂੰ ਡੋਲੀ ਵਿਚ ਬੈਠੀ ਦੇਖ ਕੇ ਦਰਸ਼ਣ ਧਰਤੀ ਲਤੜਦਾ ਸੀ। ਪਤਾ ਨਹੀਂ ਕਿਸ ਖ਼ੁਸ਼ੀ ਵਿਚ ਉਸ ਨੇ ਕਈ ਫ਼ਾਇਰ ਕਰ ਦਿੱਤੇ ਸਨ। ਜਿਵੇਂ ਉਸ ਨੇ ਕੋਈ ਜੰਗ ਜਿੱਤ ਲਈ ਸੀ। ਖ਼ੈਰ। ਜੰਗ ਹੀ ਤਾਂ ਜਿੱਤੀ ਸੀ। ਜਿਹੜੀ ਪ੍ਰੀਤੀ ਨੇ ਉਸ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ, ਉਹ ਅੱਜ ਉਸ ਦੀ ਰੰਨ ਬਣ ਕੇ ਚੱਲੀ ਸੀ। ਦਰਸ਼ਣ ਨੇ ਜ਼ਿਦ ਪੂਰੀ ਕੀਤੀ ਸੀ ਅਤੇ ਅੜੀ ਪੁਗਾਈ ਸੀ। ਇਕ ਸੁਪਨੇ ਵਾਲੀ ਗੱਲ ਸੀ। ਗੱਲ ਨਹੀਂ ਸੁਪਨਾ ਸੀ। ਇਕ ਸੱਚਾ ਸੁਪਨਾ! ਦਰਸ਼ਣ ਲਈ ਤਾਂ ਕੋਈ ਦੇਵਤਾ ਸਿੱਧ ਹੋਇਆ ਸੀ। ਜਿਸ ਨੇ ਉਸ ਨੂੰ ਮੂੰਹ ਮੰਗਿਆ ਸਭ ਕੁਝ ਬਖ਼ਸ਼ ਦਿੱਤਾ ਸੀ!
ਅਗਲੇ ਦਿਨ ਮੁਕਲਾਵਾ ਲਿਆਂਦਾ ਗਿਆ!
ਆਏ ਰਿਸ਼ਤੇਦਾਰ, ਮਿੱਤਰ ਅਤੇ ਪਤਵੰਤੇ ਸੱਜਣ ਕਰਨੈਲ ਸਿੰਘ ਅਤੇ ਰਣਜੀਤ ਕੌਰ ਨੂੰ ਵਧਾਈਆਂ ਦੇ ਰਹੇ ਸਨ। ਹਰ ਕੋਈ ਪ੍ਰੀਤੀ ਦੇ ਸੁਹੱਪਣ, ਉਸ ਦੇ ਸਲੀਕੇ ਦੀ ਸਿਫ਼ਤ ਕਰਦਾ ਸੀ। ਕਰਨੈਲ ਸਿੰਘ ਦੇ ਪ੍ਰੀਵਾਰ ਨੂੰ ਭਾਗਸ਼ਾਲੀ ਆਖਦਾ ਸੀ! ਜਿਹਨਾਂ ਨੂੰ ਇਤਨੀ ਸੁੱਘੜ ਸਿਆਣੀ ਅਤੇ ਸੁਨੱਖੀ ਨੂੰਹ ਮਿਲੀ ਸੀ।
ਰਾਤ ਹੋਈ।