ਹਨ੍ਹੇਰਾ ਹੋ ਚੁੱਕਾ ਸੀ। ਕੁੱਤੇ ਰੋ ਰਹੇ ਸਨ। ਬਿੱਲੀਆਂ ਵੈਣ ਪਾ ਰਹੀਆਂ ਸਨ। ਦੂਰੋਂ ਹੱਡਾਂ ਰੋੜੀ ਵਿਚੋਂ ਗਿਰਝ ਚੀਕ ਰਹੀ ਸੀ। ਰਾਤ ਡਰਾਉਣੀ ਅਤੇ ਭਿਆਨਕ ਸੀ। ਮੁਕੰਦ ਸਿੰਘ ਅਜੇ ਰੋਟੀ ਖਾ ਕੇ ਹਟਿਆ ਸੀ।
-"ਭਾਈ ਮੁਕੰਦ ਸਿਆਂ !" ਕਰਨੈਲ ਸਿੰਘ ਦੀ ਅਵਾਜ਼ ਸੀ।
-"ਖੋਲ੍ਹਦੈਂ... ?" ਅੰਦਰੋਂ ਅਵਾਜ਼ ਆਈ।
-"ਸਰਦਾਰ ਜੀ ਤੁਸੀਂ !" ਮੁਕੰਦ ਸਿੰਘ ਘੋਰ ਹੈਰਾਨ ਸੀ।
-"ਮੈਨੂੰ ਸਰਦਾਰ ਨਾ ਆਖ ਭੈੜਿਆ..! ਮੈਂ ਤਾਂ ਤੇਰੇ ਦਰ 'ਤੇ ਭਿਖ਼ਾਰੀ ਬਣ ਕੇ ਕੁਛ ਮੰਗਣ ਆਇਐਂ..!"
-"ਕੀ ਮਾੜੇ ਬਚਨ ਕਹਿੰਨੇ ਓਂ ਸਰਦਾਰ ਜੀ? ਮੈਂ ਦੀਨ ਦੁਨੀਆਂ ਦਾ ਨੰਗ-ਥੋਨੂੰ ਕੀ ਦੇਣ ਜੋਕਰੈਂ..?"
-"ਆ ਤੁਰ ਮੇਰੇ ਨਾਲ...!"
ਮੁਕੰਦ ਸਿੰਘ ਬਿਨਾਂ ਕੁਝ ਕਹੇ-ਪੁੱਛੇ ਉਸ ਦੇ ਨਾਲ ਤੁਰ ਪਿਆ। ਉਸ ਦੇ ਪ੍ਰੀਵਾਰ ਦੇ ਜੀਅ ਵੀ ਦੰਗ ਸਨ। ਮਾਂ ਸੋਚਾਂ ਵਿਚ ਉਲਝੀ ਬੈਠੀ ਸੀ, "ਜਾਹ ਜਾਂਦੀਏ...! ਸਰਦਾਰ ਚੱਲ ਕੇ ਘਰੇ ਆਇਐ- ਕੋਈਨਾ ਕੋਈ ਭਾਵੀ ਜਰੂਰ ਬੀਤੂਗੀ...!" ਉਸ ਦਾ ਮੱਥਾ ਇਕ ਦਮ ਠਣਕਿਆ ਸੀ।
ਕਰਨੈਲ ਸਿੰਘ ਨੇ ਸਾਰੀ ਵਿੱਥਿਆ ਸੁਣਾਈ ਅਤੇ ਆਪਣੀ ਪੱਗ ਲਾਹ ਕੇ ਮੁਕੰਦ ਸਿੰਘ ਦੇ ਪੈਰਾਂ 'ਤੇ ਰੱਖਣ ਹੀ ਲੱਗਿਆ ਸੀ ਕਿ ਪੱਗ ਮੁਕੰਦ ਸਿੰਘ ਨੇ ਰਾਹ ਵਿਚ ਹੀ ਬੋਚ ਲਈ।
-"ਸਰਦਾਰ ਜੀ ਇਹ ਪੱਗ ਤੁਹਾਡੀ ਹੀ ਨਹੀਂ-ਪੂਰੇ ਪਿੰਡ ਦੀ ਸ਼ਾਨ ਐਂ..! ਐਨਾਂ ਭਾਰ ਨਾ ਚੜਾਓ..।" ਪਰ ਉਹ ਅੰਦਰੋਂ ਥਿੜਕਿਆ ਹੋਇਆ ਸੋਚਾਂ ਵਿਚ ਡੁੱਬਿਆ ਪਿਆ ਸੀ।
-"ਮੁੜ ਤੂੰ ਜਕਦਾ ਕਾਹਤੋਂ ਐਂ ਗੁਰੂ ਦੇ ਬੰਦੇ ! ਤੇਰੇ ਮਗਰ ਦਿੱਲੀ ਦੱਖਣੋਂ ਬੰਦੇ ਢੋਅ ਦਿਆਂਗੇ..! ਇੱਤਰਾਂ ਦੇ ਫ਼ਿਕਰ ਫ਼ਾਕੇ ਦਿਲੋਂ ਪਿਆ ਕੱਢ!" ਭਾਊ ਨੇ ਹੱਲਾਸ਼ੇਰੀ ਦਿੱਤੀ।
-"ਦੇਖੋ ਸਰਦਾਰ ਜੀ.. !" ਮੁਕੰਦ ਸਿੰਘ ਕਰਨੈਲ ਸਿੰਘ ਨੂੰ ਹੀ ਸੰਬੋਧਨ ਹੋਇਆ।
-"ਤੁਸੀਂ ਮੇਰਾ ਦੁੱਖਾਂ ਸੁੱਖਾਂ ਵਿਚ ਸਾਥ ਦਿੱਤੈ-ਤੇ ਮੈਂ ਵੀ ਜਿੱਥੋਂ ਤੱਕ ਨਿਭੀ, ਨਿਭਾਊਂਗਾ ਪਰ ਹਜੂਰ ਇਕ ਗੱਲ ਦਾ ਖਿਆਲ ਰੱਖਿਓ-ਪਿੱਛੋਂ ਕਿਤੇ ਮੇਰੀ ਗਰੀਬ ਟੱਬਰੀ ਨਾ ਰੁਲਜੇ...! ਮੈਂ ਮਿੰਨਤ ਕਰਦੈਂ ਸਰਦਾਰ ਜੀ-ਮੇਰੀ ਟੱਬਰੀ ਦਾ ਖਿਆਲ ਰੱਖਿਓ..!" ਦੁੱਖ ਵਿਚ ਰੋਂਦਾ ਮੁਕੰਦ ਸਿੰਘ ਕਰਨੈਲ ਸਿੰਘ ਦੇ ਪੈਰਾਂ 'ਤੇ ਡਿੱਗ ਪਿਆ।