ਫ਼ੌਲਾਦੀ ਹੜ੍ਹ
ਅਲੈਗਜ਼ਾਂਦਰ ਸਰਾਫ਼ੀਮੋਵਿਚ
ਅਨੁਵਾਦਕ : ਐਮ. ਐਸ. ਸੇਠੀ
ਲੇਖਕ ਬਾਰੇ
ਅਲੈਗਜ਼ਾਂਦਰ ਸੇਰਾਫ਼ੀਮੋਵਿਚ (ਪੋਪੇਵ) (1863-1949) ਸੋਵੀਅਤ ਸਾਹਿਤ ਦੇ ਉਸਰੱਈਆਂ ਵਿੱਚੋਂ ਇੱਕ ਹਨ। ਵਲਾਦੀਮੀਰ ਇਲੀਚ ਲੈਨਿਨ ਉਹਨਾਂ ਦੀਆਂ ਲਿਖਤਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ।
"...ਤੁਹਾਡੀਆਂ ਰਚਨਾਵਾਂ ਨੇ ਮੇਰੇ ਅੰਦਰ ਤੁਹਾਡੇ ਲਈ ਡੂੰਘੀ ਸਦਭਾਵਨਾ ਪੈਦਾ ਕੀਤੀ ਹੈ," ਲੈਨਿਨ ਨੇ ਉਹਨਾਂ ਨੂੰ ਲਿਖਿਆ ਸੀ। "ਮੇਰੀ ਤੁਹਾਨੂੰ ਇਹ ਦੱਸਣ ਦੀ ਬਹੁਤ ਇੱਛਾ ਹੈ ਕਿ ਮਜ਼ਦੂਰਾਂ ਅਤੇ ਹੋਰ ਸਬਨਾਂ ਲਈ ਤੁਹਾਡਾ ਕੰਮ ਕਿੰਨਾ ਜ਼ਰੂਰੀ ਹੈ.."
ਸੇਰਾਫ਼ੀਮੋਵਿਚ ਦਾ ਜਨਮ 1863 ਵਿੱਚ ਦੋਨ ਨਦੀ ਦੇ ਖ਼ੇਤਰ ਵਿੱਚ ਇੱਕ ਮੱਧ- ਵਰਗੀ ਕਜ਼ਾਕ ਫ਼ੌਜੀ ਅਫ਼ਸਰ ਦੇ ਪਰਿਵਾਰ ਵਿੱਚ ਹੋਇਆ ਸੀ । ਸਕੂਲੀ ਸਿੱਖਿਆ ਤੋਂ ਬਾਅਦ ਉਹਨਾਂ ਨੇ ਪੀਟਰਜ਼ਬਰਗ ਯੂਨੀਵਰਸਿਟੀ ਦੇ ਫਿਜ਼ਿਕਸ-ਗਣਿਤ ਵਿਭਾਗ ਵਿੱਚ ਅਧਿਐਨ ਕੀਤਾ। ਉਸਦੇ ਨਾਲ ਹੀ ਉਹ ਕਾਨੂੰਨ ਅਤੇ ਵਿਗਿਆਨ ਵਿਭਾਗ ਦੇ ਭਾਸ਼ਣਾਂ ਵਿੱਚ ਵੀ ਜਾਂਦੇ ਰਹੇ ਅਤੇ ਸਮਾਜ-ਵਿਗਿਆਨ ਤੇ ਅਰਥ-ਸ਼ਾਸਤਰ ਦਾ ਵੀ ਅਧਿਐਨ ਕਰਦੇ ਰਹੇ। ਯੂਨੀਵਰਸਿਟੀ ਵਿੱਚ ਉਹ ਰੂਪੋਸ਼ ਇਨਕਲਾਬੀ ਗਰੁੱਪ ਦੇ ਇੱਕ ਸਰਗਰਮ ਮੈਂਬਰ ਬਣ ਗਏ। ਜਿਸਦੇ ਆਗੂ ਲੈਨਿਨ ਦੇ ਵੱਡੇ ਭਾਈ ਅਲੈਗਜ਼ਾਂਦਰ ਓਲੀਆਨੋਵ ਸਨ।
ਜ਼ਾਰ ਸ਼ਾਹੀ ਸਰਕਾਰ ਨੇ ਯੂਨੀਵਰਸਿਟੀ ਦੇ ਇਨਕਲਾਬੀ ਕੇਂਦਰ ਦਾ ਬਹੁਤ ਬੇਰਹਿਮੀ ਨਾਲ ਖ਼ਾਤਮਾ ਕੀਤਾ। ਸੇਰਾਫੀਮੋਵਿਚ ਉਸ ਸਮੇਂ ਚੌਥੇ ਸਾਲ ਦੇ ਵਿਦਿਆਰਥੀ ਸਨ—ਉਹਨਾਂ ਨੂੰ ਯੂਨੀਵਰਸਿਟੀ 'ਚੋਂ ਕੱਢ ਕੇ ਆਰਟਿਕ ਮਹਾਂਸਾਗਰ ਦੇ ਨੇੜੇ ਮੇਨੇਜ ਪਿੰਡ ਭੇਜ ਦਿੱਤਾ। ਗਿਆ।
ਸੇਰਾਫ਼ੀਮੋਵਿਚ ਨੇ ਆਪਣੀ ਪਹਿਲੀ ਕਹਾਣੀ "ਬਰਫ਼ ਦੀ ਚੋਟੀ 'ਤੇ" ਇਸੇ ਜਲਾਵਤਨੀ ਦੇ ਸਮੇਂ (1889) ਵਿੱਚ ਲਿਖੀ। "ਇਹ ਸਥਾਨ ਦੁਨੀਆਂ ਦੇ ਦੂਜੇ ਸਿਰੇ ਉੱਤੇ ਹੈ। ਇਥੇ ਬੇਹੱਦ ਨਮੀ, ਸੰਘਣੀ ਧੁੰਦ ਅਤੇ ਲਗਭਗ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ..., ਉਦਾਸ, ਵਿਚਾਰਾਂ 'ਚ ਗੁੰਮ ਚੁੱਪ ਚੁਪੀਤੇ ਉੱਤਰ, ਚਿੰਤਨ ਲਈ ਵਿਸ਼ਾਲ ਪ੍ਰਦੇਸ਼ ਅਤੇ ਕੌੜੀਆਂ ਯਾਦਾਂ ਨੇ ਮੈਨੂੰ ਲਿਖਣ ਦੀ ਪ੍ਰੇਰਣਾ ਦਿੱਤੀ.. ਮੈਂ ਪੀੜ, ਹੰਝੂਆਂ, ਗ਼ਰੀਬੀ ਅਤੇ ਦੱਬੇ-ਕੁਚਲੇ ਲੋਕਾਂ ਬਾਰੇ ਲਿਖਣ ਲੱਗਾ।"
ਸੇਰਾਫ਼ੀਮੋਵਿਚ ਦੀਆਂ ਸ਼ੁਰੂਆਤੀ ਕਹਾਣੀਆਂ (1890-1900) ਮੁੱਢਲੇ ਉਦਾਸ ਤੇ ਜ਼ਾਲਮ ਰੂਸੀ ਜੀਵਨ ਨੂੰ ਪੇਸ਼ ਕਰਦੀਆਂ ਹਨ। "ਤੂਫਾਨ”, “ਰੇਤ”)।
ਪਰ ਸੇਰਾਫੀਮੋਵਿਚ ਦਾ ਵਿਸ਼ਵਾਸ਼ ਸੀ ਕਿ ਰੂਸੀ ਲੋਕਾਂ ਨੂੰ ਸਿਰਫ਼ ਗਰੀਬ, ਨੀਵੀਂ ਤੇ ਹਨੇਰੇ 'ਚ ਗ੍ਰਸਤ ਲੋਕਾਂ ਦੇ ਰੂਪ 'ਚ ਪੇਸ਼ ਕਰਨਾ ਠੀਕ ਨਹੀਂ ਹੈ, ਕਿਉਂਕਿ ਇਹ ਉੱਥਾਨ ਵੱਲ ਵਧ ਰਹੇ, ਹਰ ਮੁਸ਼ਕਲ ਨਾਲ ਤੇ ਮੌਤ ਨਾਲ ਜੂਝਣ ਵਾਲੇ ਲੋਕ ਹਨ, ਜੋ ਉਹਨਾਂ ਜੰਜ਼ੀਰਾਂ ਨੂੰ ਤੋੜਨ ਦੇ ਸਮਰੱਥ ਹਨ, ਜਿਨ੍ਹਾਂ 'ਚ ਉਹ ਸਦੀਆਂ ਤੋਂ ਜਕੜੇ ਹੋਏ ਹਨ।
ਸੋਰਾਫ਼ੀਮੋਵਿਚ ਦੀ "ਮੌਤ ਦੀ ਮੁਹਿੰਮ" ਅਤੇ "ਚੱਟਾਨ ਦੇ ਥੱਲੇ" ਕਹਾਣੀਆਂ 1905 ਦੇ ਰੂਸੀ ਇਨਕਲਾਬ ਬਾਰੇ ਹਨ। ਇਹ ਇਸ ਤਰ੍ਹਾਂ ਦੀਆਂ ਕਹਾਣੀਆਂ ਸਨ, ਜਿਹਨਾ ਨੂੰ ਜ਼ਾਰਸ਼ਾਹੀ ਸਰਕਾਰ ਨੇ "ਬਹੁਤ ਖ਼ਤਰਨਾਕ" ਐਲਾਨ ਦਿੱਤਾ ਸੀ।
1917 ਵਿੱਚ ਉਹਨਾਂ ਨੇ "ਗਾਲੀਨਾ" ਕਹਾਣੀ ਲਿਖੀ, ਜਿਸ ਵਿੱਚ ਉਹਨਾਂ ਨੇ ਰੂਸੀ ਪੇਂਡੂ ਜੀਵਨ ਵਿੱਚ ਆਉਣ ਵਾਲੀ ਜਾਗ੍ਰਿਤੀ ਦਾ ਵਰਨਣ ਕੀਤਾ ਹੈ। 1926 ਵਿੱਚ ਉਹਨਾਂ ਨੇ 'ਦੋ ਮੌਤਾਂ' ਕਹਾਣੀ ਲਿਖੀ, ਜੋ ਉਹਨਾਂ ਦੀਆਂ ਬੇਹਤਰੀਨ ਕਹਾਣੀਆਂ ਵਿੱਚੋਂ ਇੱਕ ਹੈ। ਇਸ ਕਹਾਣੀ ਦੀ ਨਾਇਕਾ ਇੱਕ ਨੌਜਵਾਨ ਕੁੜੀ ਹੈ, ਜੋ 1917 ਦੇ ਇਨਕਲਾਬ ਦੇ ਯੋਧਿਆਂ ਦੀ ਨਿਆਂ ਪੂਰਨ ਯੁੱਧ ਵਿੱਚ ਸਹਾਇਤਾ ਕਰਦੇ ਹੋਏ ਮਾਰੀ ਜਾਂਦੀ ਹੈ।
1925 ਵਿੱਚ ਪ੍ਰਕਾਸ਼ਿਤ ਨਾਵਲ "ਫ਼ੌਲਾਦੀ ਹੜ੍ਹ" ਨੇ, ਜਿਸ ਵਿੱਚ ਉਹਨਾਂ ਨੇ ਰੂਸੀ ਘਰੇਲੂ ਜੰਗ ਦੀ ਇੱਕ ਘਟਨਾ ਦੀ ਪੇਸ਼ਕਾਰੀ ਕੀਤੀ ਹੈ, ਸੇਰਾਫ਼ੀਮੋਵਿਚ ਨੂੰ ਸੰਸਾਰਵਿਆਪੀ ਪ੍ਰਸਿੱਧੀ ਦਿੱਤੀ।
1930-40 ਦੇ ਸਾਲਾਂ ਵਿੱਚ ਲੇਖਕ ਆਪਣੇ ਦੇਸ਼ ਦੀ ਯਾਤਰਾ ਕਰਦੇ ਹੋਏ ਨਵੇਂ ਸ਼ਹਿਰਾਂ, ਨਵੇਂ ਲੋਕਾਂ ਉਹਨਾਂ ਦੀਆਂ ਸਿੱਧੀਆਂ ਤੇ ਪ੍ਰਾਪਤੀਆਂ ਅਤੇ ਸ਼ਾਂਤੀਪੂਰਨ ਜੀਵਨ ਦੀ ਜਿੱਤ ਬਾਰੇ ਲਿਖਦੇ ਰਹੇ।
ਉਹ ਨੌਜਵਾਨ ਲੇਖਕਾਂ ਨੂੰ ਵੀ ਆਪਣਾ ਕਾਫ਼ੀ ਸਮਾਂ ਦਿੰਦੇ ਸਨ । ਦ. ਫੁਰਮਾਨੋਵ ਨੂੰ ਆਪਣੇ ਨਾਵਲ "ਚਾਪਾਯੇਵ” ਵਿੱਚ ਅਤੇ ਨਿਕੋਲਾਈ ਓਸਤਰੋਵਸਕੀ ਨੂੰ "ਕਬਹੂੰ ਨਾ ਛਾਡੇ ਖੇਤ" ਲਿਖਣ ਵਿੱਚ ਉਹਨਾਂ ਨੇ ਬਹੁਤ ਮਹੱਤਵਪੂਰਨ ਸੁਝਾਅ ਦਿੱਤੇ।
“ਡਾਨ ਵਹਿੰਦਾ ਰਿਹਾ" ਅਤੇ "ਧਰਤੀ ਪਾਸਾ ਪਰਤਿਆ" ਦੇ ਭਾਵੀ ਲੇਖਕ ਦੀਆਂ ਸ਼ੁਰੂਆਤੀ ਕਹਾਣੀਆਂ ਨੂੰ ਵੀ ਸੇਰਾਫ਼ੀਮੋਵਿਚ ਨੇ ਸਾਹਮਣੇ ਲਿਆਉਣ ਵਿੱਚ ਸਹਾਇਤਾ ਦਿੱਤੀ ਸੀ। ਲੈਨਿਨ ਪੁਰਸਕਾਰ ਜੇਤੂ ਮਿਖਾਈਲ ਸ਼ੋਲੇਖ਼ੋਵ ਨੇ ਆਪਣੇ ਗੁਰੂ ਬਾਰੇ ਲਿਖਿਆ ਹੈ, "ਮੈਂ ਸੇਰਾਫ਼ੀਮੋਵਚਿ ਦਾ ਬਹੁਤ ਹੀ ਸ਼ੁਕਰਗੁਜ਼ਾਰ ਰਹਾਂਗਾ, ਕਿਉਂਕਿ ਉਹਨਾਂ ਨੇ ਮੇਰੇ ਲੇਖਣ- ਕਾਰਜ ਦੇ ਸ਼ੁਰੂਆਤੀ ਦੌਰ 'ਚ ਮੈਨੂੰ ਬਹੁਤ ਹੀ ਹੌਸਲਾ ਦਿੱਤਾ। ਉਹ ਮੈਨੂੰ ਉਹਨਾਂ ਨੇ ਸ਼ਬਦ ਕਹਿਣ ਵਾਲੇ ਪਹਿਲੇ ਵਿਅਕਤੀ ਸਨ ।"
ਉਹਨਾਂ ਦਾ ਨਾਵਲ The Iron Flood (ਫ਼ੌਲਾਦੀ ਹੜ੍ਹ) ਸਮਾਜਵਾਦੀ ਯਥਾਰਥਵਾਦ ਦੀ ਇੱਕ ਪ੍ਰਮਾਣਿਕ ਰਚਨਾ ਮੰਨੀ ਗਈ ਹੈ।
ਵੀ. ਆਈ. ਲੈਨਿਨ ਉਸ ਬਾਰੇ ਬੜੀ ਉੱਚੀ ਰਾਏ ਰੱਖਦੇ ਸਨ। ਆਪਣੀ ਇੱਕ ਚਿੱਠੀ ਵਿੱਚ ਉਹਨਾਂ ਨੇ ਲਿਖਿਆ, "ਤੁਹਾਡੀ ਰਚਨਾ ਕਿਰਤੀਆਂ ਤੇ ਸਾਡੇ ਲਈ ਕਿੰਨੀ ਲ਼ੋੜੀਂਦੀ ਹੈ...।"
ਇਸ ਪ੍ਰਸਿੱਧ ਨਾਵਲ ਤੋਂ ਛੁੱਟ ਵੀ ਸਰਾਫ਼ੀਮੋਵਿਚ ਨੇ ਕਿੰਨੀਆਂ ਹੀ ਕਹਾਣੀਆਂ ਲਿਖੀਆਂ।
ਮਿਖਾਈਲ ਸ਼ੋਲੋਖੋਵ ਦੇ ਵਿਚਾਰ ਸਨ ਕਿ ਸਰਾਫ਼ੀਮੋਵਿਚ "ਸਹੀ ਅਰਥਾਂ ਵਿੱਚ ਇੱਕ ਕਲਾਕਾਰ ਤੇ ਇੱਕ ਮਹਾਨ ਹਸਤੀ ਸੀ, ਜਿਸ ਦੀਆਂ ਕਿਰਤਾਂ ਸਾਡੇ ਬਹੁਤ ਨੇੜੇ ਦੀਆਂ ਤੇ ਜਾਣੀਆਂ ਪਛਾਣੀਆਂ ਹੋਈਆਂ ਹਨ। ਉਹ ਉਹਨਾਂ ਲੇਖਕਾਂ ਦੀ ਪੀੜ੍ਹੀ ਵਿੱਚੋਂ ਹੈ, ਜਿਨ੍ਹਾਂ ਕੋਲੋਂ ਅਸੀਂ ਨਵੇਂ ਉੱਭਰਦੇ ਲੇਖਕ, ਲਿਖਣਾ ਸਿੱਖਦੇ ਹਾਂ।"
ਸਰਾਫ਼ੀਮੋਵਿਚ ਦਾ ਨਾਵਲ ‘ਫ਼ੌਲਾਦੀ ਹੜ੍ਹ’, ਨਿਰੋਲ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ—ਕਿਵੇਂ ਤਮਾਨ ਸੈਨਾ, ਈ. ਆਈ. ਕੋਵਤਈ ਯੁਖ (ਕੋਜੂਖ) ਦੀ ਕਮਾਂਡ ਹੇਠ ਉੱਤਰੀ ਕਾਕੇਸ਼ ਵਿੱਚੋਂ ਹੁੰਦੀ ਹੋਈ ਮੁੱਖ ਲਾਲ ਸੈਨਾ ਦੀਆਂ ਫੌਜਾਂ ਨਾਲ (1918 ਦੇ ਹੁਨਾਲ ਵਿੱਚ) ਜਾ ਰਲੀ।
ਦਮਿਤ੍ਰੀ ਫ਼ਰਮਾਨੋਵ ਦੇ ਵਿਚਾਰ ਵਿੱਚ ਜੇ "ਕੁਝ ਘੰਟਿਆਂ ਲਈ ‘ਫ਼ੌਲਾਦੀ ਹੜ੍ਹ' ਦੇ ਵਰਕਿਆਂ ਵਿੱਚ ਗੋਤਾ ਮਾਰ ਜਾਓ ਤਾਂ ਇੰਝ ਲੱਗਦਾ ਹੈ, ਜਿਵੇਂ ਪੂਰਾ ਇਨਕਲਾਬ ਅੱਖਾਂ ਸਾਹਮਣੇ ਸਾਕਾਰ ਹੋ ਉੱਠਿਆ ਹੈ।"
ਹਿਟਲਰੀ ਜਰਮਨੀ ਦੇ ਵਿਰੁੱਧ ਸੋਵੀਅਤ ਸੰਘ ਦੀ ਮਹਾਨ ਦੇਸ਼-ਭਗਤੀਪੂਰਨ ਜੰਗ ਦੇ ਸਮੇਂ ਆਪਣੀ 80 ਸਾਲ ਦੀ ਉਮਰ ਦੇ ਬਾਵਜੂਦ ਸੇਰਾਫ਼ੀਮੋਵਿਚ ਜੰਗ ਦੇ ਮੋਰਚੇ 'ਤੇ ਗਏ ਅਤੇ ਇਸ ਜੰਗ ਵਿੱਚ ਰੂਸੀ ਯੋਧਿਆਂ ਦੀਆਂ ਜਿੱਤਾਂ ਤੇ ਪ੍ਰਾਪਤੀ ਬਾਰੇ ਕਹਾਣੀਆਂ ਤੇ ਲੇਖ ਲਿਖਦੇ ਰਹੇ।
ਸੇਰਾਫ਼ੀਮੋਵਿਚ ਦਾ ਸਾਹਿਤ ਪਾਠਕ ਨੂੰ ਉਹਨਾਂ ਦੇ ਨਿਹਚਾਪੂਰਨ ਤੇ ਹਮਦਰਦੀਪੂਰਨ ਲੇਖਣੀ ਦੀ ਪੂਰੀ ਜਾਣਕਾਰੀ ਦਿੰਦਾ ਹੈ। ਆਪਣੀਆਂ ਲਿਖਤਾਂ ਬਾਰੇ ਉਹ ਖ਼ੁਦ ਕਹਿੰਦੇ ਸਨ:
"... ਸਾਹਿਤ ਵਿੱਚ ਸੱਚ ਦੀ ਕਸੌਟੀ 'ਤੇ ਜੋ ਖਰਾ ਨਾ ਉੱਤਰੇ, ਉਸ ਤੋਂ ਮੈਨੂੰ ਸਦਾ ਨਫ਼ਰਤ ਰਹੀ ਹੈ।”
ਅਲੈਗਜ਼ਾਂਦਰ ਸੇਰਾਫ਼ੀਮੋਵਿਚ ਦੀ ਮੌਤ 1949 ਵਿੱਚ ਹੋਈ।
ਇਹ ਪੁਸਤਕ
ਇੱਕ ਅਜੀਬ ਜਿਹੀ ਹੀ ਗੱਲ ਹੋ ਗਈ, ਨਾ ਪਲਾਟ ਕਰਕੇ, ਨਾ ਪਾਤਰਾਂ ਕਰਕੇ, ਨਾ ਘਟਨਾਵਾਂ ਕਰਕੇ ਅਤੇ ਨਾ ਕੋਈ ਸਪੱਸ਼ਟ ਮਨ ਵਿੱਚ ਕਲਪਨਾ ਜਾਂ ਵਿਚਾਰ ਲੈ ਕੇ ਹੀ The Iron Flood ਦਾ ਆਰੰਭ ਹੋ ਗਿਆ।
ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਥੋੜ੍ਹਾ ਚਿਰ ਹੀ ਪਹਿਲਾਂ, ਮੇਰੇ ਪੁੱਤਰ ਅਨਾਤੋਲੀ ਨੇ ਕਾਕੇਸ਼ੀਅਨ ਪਹਾੜੀ ਸਿਲਸਿਲਿਆਂ ਵਿੱਚ ਪਾਣੀ ਦੀਆਂ ਕੰਧੀਆਂ ਨੂੰ ਵੇਖਣ ਦਾ ਫੈਸਲਾ ਕਰ ਲਿਆ, ਜੋ ਨੋਵਰੋਸੀਸਕ ਦੇ ਕਸਬੇ ਤੋਂ ਸ਼ੁਰੂ ਹੋ ਕੇ ਬੜੀ ਸ਼ਾਨ ਨਾਲ ਸਮੁੰਦਰ ਤੇ ਸਟੈਪੀ ਤੱਕ ਜਾਂਦੀਆਂ ਸਨ।
ਭੂਰੀਆਂ ਚੱਟਾਨਾਂ, ਖੁੱਲ੍ਹੇ ਮੂੰਹ ਦੀਆਂ ਖੱਡਾਂ ਤੇ ਉੱਪਰ ਆਕਾਸ਼ ਤੀਕ, ਜਾਂ ਤੇ ਹੁਨਾਲ ਦੇ ਚਿੱਟੇ ਦੁੱਧ ਬੱਦਲਾਂ ਦੀ ਲਿਸ਼ਕ ਸੀ ਤੇ ਜਾਂ ਚਮਕਦੀਆਂ ਬਰਫਾਂ ਦੀਆਂ ਚੋਟੀਆਂ
ਜਿਉਂ ਜਿਉਂ ਅਸੀਂ ਉੱਪਰ ਵੱਲ ਨੂੰ ਚੜ੍ਹਦੇ ਗਏ, ਆਲੇ ਦੁਆਲੇ ਸੁੱਖੜ ਖੜ੍ਹੀਆਂ ਚੱਟਾਨਾਂ ਵਿੱਚ ਦੀ ਸਮੁੰਦਰ ਦਿਸਣੋਂ ਹੱਟ ਗਿਆ । ਹਵਾ ਵੀ ਘੱਟ ਵਧ ਹੀ ਰਹਿ ਗਈ ਤੇ ਸਾਹ ਤੇਜ਼ ਤੇਜ਼ ਆਉਣ ਲੱਗ ਪਿਆ। ਲਿਸ਼ਕਦੇ ਚਿੱਟੇ ਬੱਦਲ ਸਾਡੇ ਸਿਰਾਂ ਨਾਲ ਖਹਿ ਖਹਿ ਕੇ ਲੰਘ ਜਾਂਦੇ । ਗਰਮੀ ਵੀ ਬਸ ਏਨੀ ਕੁ ਹੀ ਸੀ, ਜਿੰਨੀ ਕੁ ਉੱਚੇ ਪਹਾੜਾਂ ਉੱਤੇ ਹੋ ਸਕਦੀ ਹੈ।
ਅਚਾਨਕ ਚੱਟਾਨਾਂ ਪਿੱਛੇ ਨੂੰ ਪਰਤ ਪਈਆਂ। ਅਸੀਂ ਹੈਰਾਨ ਵੇਖਦੇ ਰਹਿ ਗਏ। ਕਾਕੇਸ਼ੀਅਨ ਸਿਲਸਿਲਾ, ਇਹ ਭਾਰੀ ਕੰਧੀ, ਏਨੀ ਪਤਲੀ ਹੋ ਗਈ ਸੀ, ਜਿਉਂ ਉਸਤਰੇ ਦੀ ਧਾਰ । ਸੱਜੇ ਖੱਬੇ ਦੁਹੀਂ ਪਾਸੀਂ ਦੂਰ ਹੇਠਾਂ ਤੀਕ ਜਾਂਦੀਆਂ ਸੁੱਖੜ-ਚੱਟਾਨਾਂ ਸਨ। ਸੱਜੇ ਹੱਥ ਸਮੁੰਦਰ ਇਉਂ ਖੜ੍ਹਤਾ ਜਾਪਦਾ ਸੀ, ਜਿਉਂ ਇੱਕ ਨੀਲੇ ਰੰਗ ਦੀ ਪਿਘਲੀ ਹੋਈ ਕੰਧ ਖੜ੍ਹਤੀ ਹੋਈ ਹੋਵੇ - ਇੱਡੀ ਦੂਰੋਂ ਸਾਨੂੰ ਲਹਿਰਾਂ ਦਾ ਜ਼ਰਾ ਵੀ ਪਤਾ ਨਹੀਂ ਸੀ ਲੱਗ ਰਿਹਾ। ਖੱਬੇ ਹੱਥ, ਦੂਰ ਹੇਠਾਂ, ਰੁੱਖਾਂ ਨਾਲ ਭਰੀਆਂ, ਨੀਲੇ ਰੰਗ ਦੀਆਂ ਪਹਾੜੀਆਂ ਸਨ ਤੇ ਇਸ ਤੋਂ ਪਰ੍ਹੇ ਕੀਊਥਨ ਸਟੈਪੀ ਦਾ ਵਿਸਥਾਰ ਸੀ।
ਅਸੀਂ ਕੀਲੇ ਹੋਏ, ਇਹਨਾਂ ਦੁਹਾਂ ਨੂੰ ਜੋੜਨ ਵਾਲੀ ਉਸ ਸੌੜੀ ਥਾਂ ਉੱਤੇ ਜਿਸ ਦੀ ਚੌੜਾਈ ਦੋ ਮੀਟਰ ਤੋਂ ਜ਼ਿਆਦਾ ਨਹੀਂ ਸੀ, ਅੱਖਾਂ ਸਾਹਮਣੇ ਵਿਛੇ ਸੰਸਾਰ ਦਾ ਨਜ਼ਾਰਾ ਵੇਖਦੇ ਰਹੇ।
ਅਕਤੂਬਰ ਇਨਕਲਾਬ ਸਫਲ ਹੋ ਗਿਆ ਸੀ।
ਮੇਰਾ ਆਪਣਾ ਪਿਆਰਾ ਇਨਕਲਾਬੀ ਮਾਸਕੋ, ਲਾਲੋ ਲਾਲ ਹੋਇਆ ਸੀ । ਮਾਸਕੋ ਦੀਆਂ ਖਿੜਕੀਆਂ ਖੁੰਡਿਆਂ ਵਾਂਗ ਕਾਲੀਆਂ ਹੋਈਆਂ ਮੂੰਹ ਅੱਡੀ ਵੇਖੀ ਜਾ ਰਹੀਆਂ ਸਨ। ਗਲੀਆਂ ਵਿੱਚ ਗੋਲਿਆਂ ਨੇ ਟੋਏ ਹੀ ਟੋਏ ਕੀਤੇ ਹੋਏ ਸਨ ਤੇ ਇਸ ਦੀਆਂ ਕੰਧਾਂ ਗੋਲੀਆਂ ਨਾਲ ਛਾਨਣੀ ਛਾਨਣੀ ਹੋਈਆਂ ਪਈਆਂ ਸਨ ਤੇ ਇਸ ਦੇ ਭੁੱਖ ਤੇ ਤਸੀਹਿਆਂ ਦੇ ਸਤਾਏ, ਖਸਤਾ ਹਾਲ ਲੋਕਾਂ ਦੀਆਂ ਖੁੱਭੀਆਂ ਅੱਖਾਂ ਵਿੱਚ, ਇੱਕ ਜਲੌ ਲਿਸ਼ਕਾਂ ਮਾਰ ਰਿਹਾ ਸੀ।
ਆਪਣੀ ਕੀ ਦੱਸਾਂ ? ਮੇਰੀ ਥਾਂ ਕਿੱਥੇ ਸੀ ?
ਮੈਂ ਆਪਣੇ ਤੌਰ 'ਤੇ ਇਸ ਸੰਘਰਸ਼ ਨੂੰ ਚਲਾਣ ਹਿੱਤ, ਅਪੀਲਾਂ, ਲੇਖ, ਭਾਸ਼ਣ ਲੜਾਈ ਦੇ ਮੋਰਚੇ ਤੋਂ ਲਿਖ ਲਿਖ ਕੇ ਭੇਜ ਰਿਹਾ ਸਾਂ, ਪਰ ਫਿਰ ਵੀ, ਮੇਰੇ ਅੰਦਰ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਸੀ ਕਿ ਮੈਂ ਜੋ ਕੁਝ ਕਰਨਾ ਚਾਹੀਦਾ ਹੈ, ਉਹ ਨਹੀਂ ਕਰ ਰਿਹਾ। ਮੈਨੂੰ ਕੁਝ ਮਹਾਨ ਕਰਕੇ ਵਿਖਾਣਾ ਚਾਹੀਦਾ ਸੀ, ਕੁਝ ਸੰਸਾਰ ਵਿੱਚ ਉੱਗੇ ਝਾੜ-ਝਖਾੜ ਨੂੰ ਵੱਢ ਕੇ, ਸਾਫ ਥਾਂ ਕਰਨੀ ਚਾਹੀਦੀ ਸੀ । ਸਾਹਿਤ ਵਿੱਚ ਵੀ ਕੁਝ ਅਜਿਹਾ ਕਰਨ ਦੀ ਲੋੜ ਸੀ, ਜਿਸ ਨਾਲ ਪੁਰਾਣੇ ਜੰਗਲ ਵੱਢ ਕੇ, ਕੁਝ ਨਵੇਂ ਤੇ ਸੁਹਣੇ ਬੂਟੇ ਲਾਏ ਜਾ ਸਕਣ। ਇੱਕ ਪਾਸੇ ਢਾਹੁਣ ਤੇ ਦੂਜੇ ਪਾਸੇ ਉਸਾਰਨ ਦਾ ਕੰਮ ਨਾਲੋਂ ਨਾਲ ਕਰਨ ਦੀ ਲੋੜ ਸੀ।
ਪਰ ਕਿਸ ਤਰ੍ਹਾਂ ?
ਮੈਨੂੰ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਦੀ ਇੱਕ ਘਟਨਾ ਯਾਦ ਆਉਂਦੀ ਹੈ: ਮੇਰੀ ਮੋਟਰ ਸਾਈਕਲ ਜਿਸ ਨੂੰ ਮੈਂ "ਡੈਵਲ" ਆਖਦਾ ਸਾਂ, ਮੁੱਖ ਮਾਰਗ ਉੱਤੇ ਧੂੜਾਂ ਉਡਾਂਦੀ ਤੇ ਚੱਕਰ ਕੱਟਦੀ ਉੱਡੀ ਜਾ ਰਹੀ ਸੀ; ਸੱਜੇ ਹੱਥ ਪਹਾੜ ਤੇ ਖੱਬੇ ਨੀਲਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਮੈਂ ਪਹਾੜਾਂ ਵਿੱਚ ਆਪਣੇ "ਡੈਵਲ" ਨੂੰ ਸਟੈਂਡ ਉੱਤੇ ਖੜ੍ਹਾ ਕੀਤਾ ਤੇ ਇੱਕ ਕਿਰਸਾਨ ਦੀ ਝੁੱਗੀ ਵਿੱਚ ਦੁੱਧ ਲੈਣ ਟੁਰ ਗਿਆ। ਉਸ ਮੈਨੂੰ ਦੱਸਿਆ ਕਿ ਗੁਰਬਤ ਦਾ ਮਾਰਿਆ ਉਹ, ਰਇਆਜ਼ਾਨ ਗੁਬਰੀਨਾ ਤੋਂ ਇੱਥੇ ਆਇਆ ਸੀ । ਬੱਚਿਆਂ ਦਾ ਇੱਜੜ ਉਸ ਦੇ ਕੋਲ ਸੀ, ਮਿਹਨਤ ਮੁਸ਼ੱਕਤਾਂ ਦੀ ਮਾਰੀ ਉਸ ਦੀ ਵਹੁਟੀ ਸੀ ਤੇ ਬੁੱਢੇ ਮਾਂ-ਬਾਪ ਸਨ, ਜਿਨ੍ਹਾਂ ਦੀ ਦੇਖ ਭਾਲ ਕਰਨੀ ਪੈਂਦੀ ਸੀ।
ਅੰਗੂਰ ਦੀਆਂ ਵੇਲਾਂ ਤੇ ਅੰਜ਼ੀਰਾਂ ਦੇ ਬੂਟਿਆਂ ਦੀ ਥਾਈਂ, ਜੋ ਉਸ ਖੇਤਰ ਵਿੱਚ ਬਹੁਤ ਕਰਕੇ ਉਗਦੇ ਸਨ, ਉਸ ਕਣਕ ਬੀਜਣੀ ਸ਼ੁਰੂ ਕੀਤੀ। ਬੜੀ ਸੁਹਣੀ ਉੱਚੀ ਲੰਮੀ ਤੇ ਭਾਰੇ ਸਿੱਟਿਆਂ ਵਾਲੀ ਕਣਕ ਉੱਗੀ। ਸਾਰਾ ਟੱਬਰ ਬੜੀਆਂ ਸਧਰਾਈਆਂ ਅੱਖਾਂ ਨਾਲ ਬੂਟਿਆਂ ਵੱਲ ਵੇਖਦਾ ਰਹਿੰਦਾ, ਕਿ ਹੋਰ ਚਹੁੰ ਦਿਨਾਂ ਨੂੰ ਵਾਢੀ ਪੈ ਜਾਣੀ ਏ।
ਤੇ ਫਿਰ ਅਚਾਨਕ ਕੀ ਹੋਇਆ ਕਿ ਪਹਾੜਾਂ ਉੱਤੇ ਕਾਲੇ ਬੱਦਲ ਘਿਰ ਆਏ। ਘਮਾ ਘਮ ਮੀਂਹ ਵਰ੍ਹਣ ਲੱਗ ਪਿਆ। ਸਭ ਨਦੀਆਂ ਨਾਲੇ ਭਰ ਭਰ ਕੇ ਵਗਣ ਲੱਗ ਪਏ ਤੇ ਰੁੱਖ ਬੂਟੇ ਸਭ ਰੋੜ੍ਹ ਕੇ ਲੈ ਗਏ। ਅੱਧੇ ਘੰਟੇ ਮਗਰੋਂ ਵੇਖਿਆ ਕਿ ਕਣਕ ਦਾ ਸਾਰਾ ਖੇਤ ਵੱਡੇ ਵੱਡੇ ਪੱਥਰਾਂ ਤੇ ਰੁੱਖਾਂ ਹੇਠ ਵਿਛਿਆ ਪਿਆ ਸੀ- ਜਿਉਂ ਕਿਸੇ ਭੂਤ ਨੇ ਆ ਕੇ ਸਭ ਲਿਤਾੜ ਕੇ ਰੱਖ ਦਿੱਤਾ ਹੋਵੇ। ਕੋਈ ਵੀ ਨਹੀਂ ਸੀ ਜਾਣ ਸਕਦਾ ਕਿ ਇੱਥੇ ਸੁਨਹਿਰੀਆਂ ਕਣਕਾਂ ਦੇ ਸਿੱਟੇ ਝੂਲ ਰਹੇ ਸਨ, ਕਿ ਬੜੇ ਹੱਡ ਗੋਡੇ ਰਗੜ ਕੇ ਇੱਥੇ ਕਣਕ ਬੀਜੀ ਗਈ ਸੀ । ਕਿਰਸਾਨ ਵਿਚਾਰੇ ਦਾ ਸਿਰ ਗੋਡਿਆਂ ਨਾਲ ਜਾ ਲੱਗਾ ਤੇ ਭੁੱਖੇ ਬੱਚੇ ਉਸ ਦੇ ਦੁਆਲੇ ਆ ਕੇ ਖਲ੍ਹ ਗਏ।
ਸ਼ਾਇਦ ਮੈਨੂੰ ਇਸ ਕਿਰਸਾਨ ਬਾਰੇ ਕੋਈ ਪੁਸਤਕ ਲਿਖਣੀ ਚਾਹੀਦੀ ਸੀ ਜੋ ਪਹਾੜਾਂ ਵਿੱਚ ਰੁਲ ਗਿਆ ਸੀ। ਵਿਚਾਰੇ ਲਈ ਕੋਈ ਰਾਹ ਨਹੀਂ ਸੀ ਰਿਹਾ, ਕੋਈ ਸਮਾਜਿਕ ਰਾਹ। ਰਇਆਜ਼ਾਨ ਗੁਬਰੀਨਾ ਵਿੱਚ ਜ਼ਿਮੀਂਦਾਰ, ਕੁਲਕ, ਪਾਦਰੀ ਤੇ ਪੁਲਿਸ ਅਫਸਰਾਂ ਨੇ, ਉਸ ਦੇ ਮਾਸ ਵਿੱਚ ਆਪਣੇ ਦੰਦ ਖੋਭੇ ਹੋਏ ਸਨ। ਪਰ ਇੱਥੇ ਪਹਾੜਾਂ ਵਿੱਚ ਚੱਟਾਨਾਂ, ਖੱਡਾਂ,
ਜੰਗਲਾਂ ਤੇ ਸਮੁੰਦਰ ਵਿੱਚ ਘਿਰਿਆ - ਕਿਸਮਤ ਨੂੰ ਰੋ ਰਿਹਾ ਸੀ। ਵਿਚਾਰੇ ਦਾ ਇਹੋ ਜਿਹੀਆਂ ਚੀਜ਼ਾਂ ਨਾਲ ਪਹਿਲਾਂ ਕਿੱਥੇ ਵਾਸਤਾ ਪਿਆ ਸੀ, ਕਿ ਕੋਈ ਤਜ਼ਰਬਾ ਹੁੰਦਾ। ਸਦੀਆਂ ਤੋਂ ਉਸ ਦੀ ਹਾਲਤ ਇਸੇ ਤਰ੍ਹਾਂ ਟੁਰੀ ਆਈ ਸੀ । ਕੁਦਰਤ ਨਾਲ ਉਹ ਕਿਵੇਂ ਟੱਕਰ ਲੈ ਸਕੇ। ਉਹ ਤਾਂ ਸਮਾਜਿਕ ਤੌਰ 'ਤੇ ਆਪਣੇ ਹਲ-ਪੰਜਾਲੀ ਨਾਲ ਬੱਧਾ ਹੋਇਆ ਸੀ। ਕੀ ਉਸ ਬਾਰੇ ਲਿਖਾਂ ?
ਨਹੀਂ... ਨਹੀਂ...। ਗਰੀਬ ਕਿਰਸਾਨਾਂ ਬਾਰੇ ਪਹਿਲਾਂ ਹੀ, ਉਹਨਾਂ ਦੀ ਕੰਗਾਲੀ, ਜਹਾਲਤ, ਸਦੀਵੀ ਦੁੱਖਾਂ ਬਾਰੇ ਲਿਖਿਆ ਜਾ ਚੁੱਕਾ ਹੈ। ਮੈਂ ਆਪ ਇਹਨਾਂ ਕਿਰਸਾਨਾਂ ਦੀ ਹੂ-ਬ-ਹੂ ਜ਼ਿੰਦਗੀ ਦਾ ਚਿੱਤਰਣ ਕੀਤਾ ਹੈ। ਪਰ ਹੁਣ ਤਾਂ ਇਨਕਲਾਬ ਆ ਚੁੱਕਾ ਸੀ ਤੇ ਇਹੀ ਕਿਰਸਾਨ ਭੁੱਖਾ, ਨੰਗਾ, ਵਾਹਣੇ ਪੈਰ, ਖਸਤਾ ਹਾਲ, ਕਈਆਂ ਮੋਰਚਿਆਂ ਉੱਤੇ ਰੋਹ ਭਰੇ ਰਿੱਛ ਵਾਂਗ ਲੜ ਰਿਹਾ ਸੀ ਤੇ ਉਸ, ਦੁਸ਼ਮਣਾਂ ਦਾ ਮੂੰਹ ਵੀ ਕਈ ਥਾਈਂ ਵਲੂੰਧਰ ਕੇ ਰੱਖ ਦਿੱਤਾ ਸੀ। ਉਹ ਹੁਣ ਪਹਿਲਾਂ ਵਾਲਾ ਕਿਰਸਾਨ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਰਿਹਾ।
ਹੁਣ ਮੈਂ ਇਹਨਾਂ ਕਿਰਸਾਨਾਂ ਬਾਰੇ, ਦਹਾੜਦੇ ਰਿੱਛ ਵਾਂਗ ਗਰਜਦੇ, ਅੱਗੇ ਵਧੀ ਜਾਂਦੇ ਅਤੇ ਜ਼ਿਮੀਂਦਾਰਾਂ ਤੇ ਚਿੱਟੀ ਚਮੜੀ ਵਾਲੇ ਜਰਨੈਲਾਂ ਨਾਲ ਟੱਕਰ ਲੈਂਦੇ ਰੂਪ ਵਿੱਚ ਲਿਖਾਂਗਾ ਤੇ ਫਿਰ ਮੇਰੀਆਂ ਅੱਖਾਂ ਸਾਹਮਣੇ ਉੱਚੇ ਪਹਾੜ, ਸੁੱਖੜ ਚੱਟਾਨਾਂ ਦੀਆਂ ਚੋਟੀਆਂ, ਬਰਫਾਂ ਨਾਲ ਢੱਕੀਆਂ ਹੋਈਆਂ ਮੂੰਹ ਅੱਡੀ ਦਰਾਰਾਂ, ਸਮੁੰਦਰ ਦੀ ਉਸਰੀ ਉੱਚੀ ਕੰਧ, ਸਭ ਆ ਖਲ੍ਹਤੇ।
ਮੈਂ ਆਪਣੇ ਸਾਥੀਆਂ ਤੋਂ, ਜੇ ਖਾਨਾਜੰਗੀ ਦੇ ਮੋਰਚਿਆਂ ਤੋਂ ਪਰਤ ਕੇ ਆਏ ਸਨ, ਉਹਨਾਂ ਦੇ ਤਜ਼ਰਬੇ 'ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ, ਮੈਂ ਉਹਨਾਂ ਦੇ ਮੂੰਹੋਂ ਸੁਣੀਆਂ। ਬੇਮਿਸਾਲ ਬਹਾਦਰੀ ਦੇ ਸਾਕੇ ਮੈਨੂੰ ਦੱਸੇ ਗਏ। ਪਰ ਮੈਨੂੰ ਫੇਰ ਵੀ ਕਿਸੇ ਖਾਸ ਚੀਜ਼ ਦੀ ਉਡੀਕ ਲੱਗੀ ਹੀ ਰਹੀ ਤੇ ਮੇਰੀ ਇਹ ਉਡੀਕ, ਬੇਅਰਥ ਨਹੀਂ ਗਈ।
ਮਾਸਕੋ ਵਿੱਚ ਮੇਰਾ ਇੱਕ ਯੂਕਰੇਨੀਅਨ ਮਿੱਤਰ, ਸੈਕਿਰਕੋ ਰਹਿੰਦਾ ਸੀ। ਇੱਕ ਸ਼ਾਮ, ਜਦ ਮੈਂ ਉਸ ਦੇ ਘਰ ਸਾਂ, ਉਸ ਨੂੰ ਤਿੰਨ ਬੰਦੇ ਮਿਲਣ ਲਈ ਆਏ। ਇੱਕ ਬੜਾ ਮੌਜੀ ਜਿਹਾ ਸੀ ਤੇ ਮੈਂ ਸਮਝ ਸਕਦਾ ਸਾਂ ਕਿ ਉਹ ਬੜੀ ਪਿਆਰੀ ਸੁਰ ਵਿੱਚ ਯੂਕਰੇਨੀਅਨ ਗੀਤ ਗਾ ਸਕਦਾ ਸੀ। ਦੂਜਾ, ਚੁੱਪੂ ਜਿਹਾ ਬੰਦਾ ਸੀ, ਜੋ ਬੈਠਾ ਸਿਗਰਟਾਂ ਦੀ ਫੂਕੀ ਜਾ ਰਿਹਾ ਸੀ। ਤੀਜਾ, ਸੱਚੀ ਮੁੱਚੀ ਇੱਕ ਜ਼ੋਰਦਾਰ ਬੰਦਾ ਸੀ, ਚਿਹਰਾ ਜਿਉਂ ਕਾਂਸੇ ਵਿੱਚੋਂ ਘੜ੍ਹਿਆ ਹੋਇਆ ਹੋਵੇ, ਸਖਤ ਤੇ ਧੜੱਲੇਦਾਰ।
“ਲੈ, ਤੇਰੇ ਮਤਲਬ ਦੇ ਤਿੰਨ ਬੰਦੇ ਆ ਗਏ ਨੇ ਅੱਜ ਤਮਾਨ ਡਵੀਜ਼ਨ ਤੋਂ, ਜਿੰਨਾ ਜੀਅ ਕਰਦਾ ਈ ਇਹਨਾਂ ਕੋਲ ਬਹਿ ਕੇ, ਲਿਖੀ ਜਾ।" ਸੇਕਿਰਕ ਕਹਿਣ ਲੱਗਾ।
ਉਸ ਦੀ ਵਹੁਟੀ ਚਾਹ ਬਣਾ ਕੇ ਸਾਨੂੰ ਦਈ ਗਈ ਤੇ ਅਸੀਂ ਸਾਰੀ ਰਾਤ ਗੱਲਾਂ ਬਾਤਾਂ ਸੁਣਦੇ ਸੁਣਾਂਦੇ ਕੱਢ ਦਿੱਤੀ। ਅਖੀਰ ਦਿਨ ਚੜ੍ਹੇ ਘਰ ਦੀ ਮਾਲਕਣ ਕਹਿਣ ਲੱਗੀ, "ਹੱਦ ਏ, ਸੌਣਾ ਨਹੀਂ ਤੁਸਾਂ ਲੋਕਾਂ ।"
ਸੱਚੀ ਗੱਲ ਤਾਂ ਇਹ ਸੀ ਕਿ ਨੀਂਦ ਨਾਲ ਮੈਂ ਆਪ ਬਉਰਾ ਹੋਇਆ ਪਿਆ ਸਾਂ। “ਕਿਉਂ ਭਈ ਮੁੰਡਿਓਂ, ਅੱਜ ਸੌਣ ਦੀ ਸਲਾਹ ਨਹੀਂ ਤੁਹਾਡੀ ?"
ਮੈਂ ਘਰ ਆ ਗਿਆ। ਭੁੱਖ ਨਾਲ ਮੇਰਾ ਢਿੱਡ ਨਾਲ ਲੱਗਾ ਹੋਇਆ ਸੀ, ਪਰ ਦਿਲ ਖੁਸ਼ੀ ਨਾਲ ਉੱਛਲ ਰਿਹਾ ਸੀ: ਤਿੰਨਾਂ ਨੇ ਮੈਨੂੰ ਤਮਾਨ ਫ਼ੌਜ ਦੀ ਕਾਲੇ ਸਾਗਰ ਦੇ ਸਾਹਿਲ ਦੇ ਨਾਲ ਨਾਲ ਚੜ੍ਹਾਈ ਦੀ ਕਹਾਣੀ ਸੁਣਾਈ, ਜੋ ਇੱਕ ਅਜਿਹੀ ਥਾਂ ਸੀ, ਜਿਹੜੀ ਮੇਰੀ ਯਾਦ ਵਿੱਚ ਸਗਵੀਂ ਉੱਘੜ ਆਈ।
ਇਹ ਕਿਸੇ ਇਲਹਾਮ ਤੋਂ ਘੱਟ ਨਹੀਂ ਸੀ: "ਇਨਕਲਾਬ ਵਿੱਚ ਉੱਠ ਖਲ੍ਹਤੀ ਕਿਰਸਾਨੀ ਨੂੰ, ਉਹਨਾਂ ਪਹਾੜਾਂ ਦੇ ਸਿਲਸਿਲਿਆਂ ਉੱਤੋਂ ਦੀ ਲੈ ਚੱਲੋ। ਉਹਨਾਂ ਗਰੀਬਾਂ ਕਿਰਸਾਨਾਂ ਨੇ, ਵਾਸਤਵ ਵਿੱਚ, ਇੱਥੋਂ ਲੰਘਦਿਆਂ ਹੀ ਆਪਣੇ ਸਿਰ ਇਨਕਲਾਬ ਦੀ ਭੇਟ ਚੜ੍ਹਾ ਦਿੱਤੇ ਸਨ।" ਜੀਵਨ ਨੇ ਆਪ ਮੈਨੂੰ ਪ੍ਰੇਰਨਾ ਦਿੱਤੀ: "ਢਾਲ ਦੇ ਇਸ 'ਫੌਲਾਦੀ ਹੜ੍ਹ' ਨੂੰ - ਤੂੰ ਐਵੇਂ ਤਾਂ ਉਹਨਾਂ ਥਾਵਾਂ ਨੂੰ ਨਹੀਂ ਗਾਂਹਦਾ ਰਿਹਾ ਤੇ ਤੂੰ ਉਹਨਾਂ ਕਿਰਸਾਨਾਂ ਨੂੰ ਵੀ ਭਲੀ ਭਾਂਤ ਜਾਣਦਾ ਹੈ... "
ਸੱਚਮੁੱਚ ਹੀ, ਇਨਕਲਾਬ ਵਿੱਚ ਕਿਰਸਾਨਾਂ ਦੇ ਸ਼ਾਮਿਲ ਹੋਣ ਦਾ ਵਿਸ਼ਾ, ਕਈ ਮਹੀਨਿਆਂ ਤੋਂ ਮੇਰੇ ਦਿਮਾਗ ਵਿੱਚ ਰਿੱਝਦਾ ਆ ਰਿਹਾ ਸੀ।
ਅਸੀਂ ਇਤਿਹਾਸ ਤੋਂ ਜਾਣਦੇ ਹਾਂ ਕਿ ਕਿਰਸਾਨਾਂ ਨੇ ਕਈ ਇਨਕਲਾਬੀ ਲਹਿਰਾਂ ਵਿੱਚ ਹਿੱਸਾ ਲਿਆ। ਭਾਵੇਂ ਉਹਨਾਂ ਦੇ ਕੰਮ ਚੰਗੀ ਤਰ੍ਹਾਂ ਜਥੇਬੰਦ ਨਹੀਂ ਸਨ ਤੇ ਵੇਖਣ ਵਿੱਚ ਮਾਰ ਧਾੜ ਵਾਲੇ ਹੀ ਲੱਗਦੇ ਸਨ । ਰੈਜ਼ਿਨ, ਪੁਗਾਚੇਵ ਤੇ ਉਪਰੰਤ ਕਈ ਹੋਰ ਖੇਤਰਾਂ ਵਿੱਚ ਕਿਰਸਾਨਾਂ ਦੀ ਬਗਾਵਤ)। ਇਹਨਾਂ ਬਗਾਵਤਾਂ ਨਾਲ, ਇੱਕ ਇਨਕਲਾਬ ਨਹੀਂ ਸੀ ਆ ਸਕਦਾ। ਸਮਾਜਵਾਦੀ ਇਨਕਲਾਬ ਉਦੋਂ ਹੀ ਸਫਲ ਹੋ ਸਕਦਾ ਹੈ, ਜਦ ਇਸ ਦੀ ਅਗਵਾਈ ਪ੍ਰੋਲੇਤਾਰੀ ਦੇ ਹੱਥ ਹੋਵੇ। ਕਿਰਸਾਨ ਦੀ ਬਗਾਵਤ ਨੇ ਸਮਾਜਿਕ ਵਿਵਸਥਾ ਨੂੰ ਹਿਲਾ ਤਾਂ ਦਿੱਤਾ, ਪਰ ਇਸ ਦੀ ਥਾਂ ਕੋਈ ਨਵੀਂ ਸਥਾਪਨਾ ਨਾ ਕੀਤੀ। ਇਨਕਲਾਬ ਨੇ ਪੁਰਾਣੀ ਪ੍ਰੰਪਰਾ ਨੂੰ ਨੀਹਾਂ ਤੋਂ ਹਿਲਾ ਕੇ ਰੱਖ ਦਿੱਤਾ ਤੇ ਇਸ ਦੀ ਥਾਈਂ, ਇੱਕ ਨਵੀਂ ਦੀ ਸਥਾਪਨਾ ਕੀਤੀ।
ਸੁਭਾਵਕ ਹੀ ਪ੍ਰੋਲੇਤਾਰੀ ਇਨਕਲਾਬ ਦਾ ਮੋਹਰੀ ਦਸਤਾ ਤੇ ਜਥੇਬੰਦੀ ਦੀ ਸ਼ਕਤੀ ਬਣਿਆ ਰਿਹਾ - ਪਰ ਇਸ ਇਕੱਲਿਆਂ ਹੀ ਸਭ ਕੁਝ ਨਹੀਂ ਕਰ ਦਿੱਤਾ- ਜੋ ਇਸ ਕੀਤਾ, ਉਹ ਇਹ ਸੀ ਕਿ ਇਸ ਵਿਸ਼ਾਲ ਕਿਰਸਾਨੀ ਦੀ ਸੰਘਰਸ਼ ਪ੍ਰਤੀ, ਸੂਝ ਨੂੰ ਜਗਾ ਦਿੱਤਾ।
ਜੇ ਇਨਕਲਾਬੀ ਸੰਘਰਸ਼ ਵਿੱਚ ਕਿਰਤੀ ਜਮਾਤ ਇਕੱਲੀ ਹੀ ਲੜਦੀ ਰਹਿੰਦੀ ਤਾਂ ਇਸ ਦਾ ਅੰਤ ਹੋ ਜਾਂਦਾ, ਜਿਵੇਂ ਕਿ ਪਹਿਲੇ ਇਨਕਲਾਬਾਂ ਸਮੇਂ ਹੋਇਆ। ਪਰ ਅਕਤੂਬਰ ਇਨਕਲਾਬ ਦੇ ਸਮੇਂ ਕਿਰਸਾਨੀ ਨੇ ਪੂਰਾ ਪੂਰਾ ਸਾਥ ਦਿੱਤਾ ਤੇ ਇਸੇ ਕਾਰਨ ਇਨਕਲਾਬ ਨੂੰ ਜਿੱਤ ਪ੍ਰਾਪਤ ਹੋ ਗਈ।
ਪੂਰਵ-ਇਨਕਲਾਬੀ ਕਿਰਸਾਨੀ, ਆਪਣੇ ਆਪ ਵਿੱਚ ਹੀ, ਕਿਰਤੀਆਂ ਨਾਲੋਂ ਇੱਕ ਵੱਖਰੀ ਜਮਾਤ ਸੀ । ਕਿਰਤੀ, ਉਦਯੋਗਿਕ ਉਪਜ ਵਿੱਚੋਂ ਸਾਹਮਣੇ ਆਉਂਦਾ ਹੈ, ਉਹ ਸਮੁੱਚੇ ਜੀਵਨ ਵਿੱਚ ਹੀ ਇਨਕਲਾਬੀ ਸੰਘਰਸ਼ ਵਿੱਚ ਰਿਹਾ ਹੁੰਦਾ ਹੈ ਅਰਥਾਤ, ਉਸ ਦੀ
ਆਪਣੀ ਕੋਈ ਜਾਇਦਾਦ ਨਹੀਂ ਹੁੰਦੀ।
ਕਿਰਸਾਨ, ਦੂਜੇ ਪਾਸੇ, ਇੱਕ ਅਜਿਹਾ ਕਿਰਸਾਨ ਜਿਸ ਨੂੰ ਮੈਂ 'ਫ਼ੌਲਾਦੀ ਹੜ੍ਹ' ਵਿੱਚ ਉਲੀਕਣਾ ਚਾਹੁੰਦਾ ਸਾਂ, ਇੱਕ ਜਾਇਦਾਦ ਦਾ ਮਾਲਕ ਸੀ: ਉਸ ਕੋਲ ਗਾਂ ਸੀ, ਘੋੜਾ ਸੀ, ਜ਼ਮੀਨ ਦਾ ਟੋਟਾ ਸੀ ਤੇ ਇੱਕ ਮਕਾਨ ਸੀ। ਉਹ ਇੱਕ ਮਾਲਕ ਸੀ, ਭਾਵੇਂ ਕਿੰਨਾ ਹੀ ਛੋਟਾ ਤੇ ਅਸੁਰੱਖਿਅਤ ਸੀ ਤੇ ਇਹੀ ਮੁੱਢਲਾ ਫਰਕ ਸੀ ਉਸ ਦੀ ਮਨੋਬਿਰਤੀ ਤੇ ਇੱਕ ਕਿਰਤੀ ਦੀ ਮਨੋਬਿਰਤੀ ਵਿੱਚ, ਜਿਸ ਕਰਕੇ ਇਨਕਲਾਬ ਪ੍ਰਤੀ ਦੋਹਾਂ ਦੇ ਰੁਖ਼ ਵਿੱਚ ਅੰਤਰ ਸੀ। ਉਸ ਦਾ ਜੀਵਨ ਕਠੋਰ ਸੀ, ਪਰ ਉਸ ਦੇ ਤਰਕ ਦਾ ਰੰਗ ਵੱਖਰਾ ਸੀ। "ਜ਼ਿਮੀਂਦਾਰੀ ਸਮਾਪਤ ਕਰ ਕੇ, ਜ਼ਿਮੀਂਦਾਰ ਦੀ ਜ਼ਮੀਨ ਖੋਹ ਲਵੋ; ਮੈਂ ਵੀ ਕਿਉਂ ਨਾ ਉਸ ਦੇ ਔਜ਼ਾਰ, ਗਾਵਾਂ, ਘੋੜੇ ਤੇ ਹਲ ਖੋਹ ਲਵਾਂ, ਹੋਰ ਚਾਹੀਦਾ ਕੀ ਹੈ ਮੈਨੂੰ । ਮੈਂ ਵੀ ਆਪਣਾ ਫਾਰਮ ਵਧਾ ਕੇ ਸੌਖਾ ਹੋ ਜਾਵਾਂਗਾ।" ਇਹ ਸੀ ਦਲੀਲ ਛੋਟੀ ਜਾਇਦਾਦ ਦੇ ਮਾਲਕ ਦੀ ਤੇ ਜਿਸ ਵੇਲੇ ਇਨਕਲਾਬ ਸ਼ੁਰੂ ਹੋਇਆ, ਛੋਟੇ ਕਿਰਸਾਨ ਇਸ ਕਰ ਕੇ ਉੱਠ ਖਲੋਤੇ ਕਿ ਜ਼ਿਮੀਂਦਾਰ ਕੋਲ, ਉਸ ਦਾ ਸਭ ਕੁਝ ਖੋਹ ਲਿਆ ਜਾਵੇ । ਬਹੁਤਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਤੋਂ ਮਗਰੋਂ ਕੀ ਹੋਣਾ, ਜਾਂ ਉਹਨਾਂ ਕੀ ਕਰਨਾ ਸੀ।
ਪਰ, ਫਿਰ ਇਹ ਕਿਵੇਂ ਹੋ ਗਿਆ ਕਿ ਇਹ ਜਿਹੀ ਸੋਚਣੀ ਲੈ ਕੇ, ਏਨੀ ਭਾਰੀ ਗਿਣਤੀ ਵਿੱਚ ਕਿਰਸਾਨ ਇਨਕਲਾਬ ਵਿੱਚ ਕੁੱਦ ਪਏ ਤੇ ਅਖੀਰ, ਉਹ ਇਡੀ ਭਾਰੀ ਹੈਰਾਨ ਕਰ ਦੇਣ ਵਾਲੀ ਲਾਲ ਫੌਜ ਵਿੱਚ ਜਥੇਬੰਦ ਹੋ ਕੇ ਰਲ ਗਏ, ਜਿਸ ਨਾਲ ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਹੋ ਗਈ।
ਇਹ ਇਤਿਹਾਸ ਦੀ ਯਥਾਰਥਕ ਤੋਰ ਸੀ, ਜਿਸ ਨੇ ਕਿਰਸਾਨਾਂ ਨੂੰ ਇਨਕਲਾਬ ਵਿੱਚ ਕਿਰਤੀਆਂ ਨਾਲ ਮਿਲਣ ਲਈ ਪ੍ਰੇਰਿਆ। ਇਹੀ ਇੱਕ ਵਸੀਲਾ ਸੀ, ਜਿਸ ਦੁਆਰਾ ਕਿਰਸਾਨ ਜ਼ਿਮੀਂਦਾਰਾਂ ਦੇ ਹੱਥੋਂ ਹਮੇਸ਼ਾ ਹਮੇਸ਼ਾ ਲਈ ਚੰਗਾ ਵਿਹਾਰ ਪ੍ਰਾਪਤ ਕਰ ਸਕਦੇ ਸਨ। ਆਪਣੇ 'ਫ਼ੌਲਾਦੀ ਹੜ੍ਹ' ਲਈ ਮੈਨੂੰ ਅਜਿਹੀ ਸਮੱਗਰੀ ਦੀ ਤਲਾਸ਼ ਸੀ, ਜਿਸ ਰਾਹੀਂ ਮੈਂ ਕਿਰਸਾਨ ਨੂੰ ਉਸ ਦੇ ਸਮੁੱਚੇ ਰੂਪਾਂ ਵਿੱਚ ਪੇਸ਼ ਕਰ ਸਕਦਾ।
ਜਦ ਤਮਾਨ ਦੇ ਸਿਪਾਹੀਆਂ ਨੇ ਆਪਣੀ ਚੜ੍ਹਾਈ ਦੀ ਕਹਾਣੀ ਮੈਨੂੰ ਸੁਣਾਈ, ਮੈਂ ਮਹਿਸੂਸ ਕੀਤਾ ਕਿ ਅਖੀਰ ਉਹ ਮਸਾਲਾ ਮੇਰੇ ਹੱਥ ਆ ਹੀ ਗਿਆ। ਜਿਸ ਦੀ ਮੈਨੂੰ ਚਰੋਕਣੀ ਤਲਾਸ਼ ਸੀ। ਬਿਨਾਂ ਕਿਸੇ ਹੀਲ ਹੁੱਜਤ ਮੈਂ ਇਸ ਵਿਸ਼ੇ ਨੂੰ ਗਲ ਲਾ ਲਿਆ। ਜਿਸ ਵਿੱਚ ਕੀਊਬਨ ਖੇਤਰ ਵਿੱਚੋਂ ਗਰੀਬ ਕਿਰਸਾਨਾਂ ਦੇ ਹਜੂਮ, ਮੈਨੂੰ, ਉੱਥੇ ਅਮੀਰ ਕੁਲਕਾਂ ਦੇ ਅਕਤੂਬਰ ਇਨਕਲਾਬ ਦੇ ਵਿਰੋਧ ਵਿੱਚ ਉੱਠ ਖਲ੍ਹਣ ਨਾਲ ਨੱਸਦੇ ਦਿੱਸੇ। ਗਰੀਬ ਕਿਰਸਾਨ ਤੇ ਕਸਾਕ ਲਾਲ ਫੌਜ ਦੀਆਂ ਹਾਰੀਆਂ ਹੋਈਆਂ ਯੂਨਿਟਾਂ ਵਿੱਚ ਜਾ ਰਲੇ ਤੇ ਉੱਥੋਂ ਦੱਖਣ ਵੱਲ, ਸੋਵੀਅਤ ਦਸਤਿਆਂ ਨਾਲ ਉੱਤਰੀ ਕਾਕੇਸ਼ਸ਼ ਵਿੱਚ ਰਲਣ ਲਈ ਟੁਰ ਪਏ। ਗਰੀਬ ਕਿਰਸਾਨਾਂ ਕੋਲ ਭੱਜ ਜਾਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ, ਕਿਉਂ ਜੋ ਅਮੀਰ ਕਸਾਕਾਂ ਨੇ ਉਹਨਾਂ ਗਰੀਬ ਕਿਰਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਹਮਦਰਦੀ ਸੋਵੀਅਤਾਂ ਨਾਲ ਸੀ। ਪਰ ਉਹਨਾਂ ਦੀ ਇਹ ਨੱਠ-ਭੱਜ ਬੜੀ ਬੇਮੁਹਾਰੀ ਤੇ ਭਗਦੜ ਭਰੀ ਸੀ। ਕਿਰਸਾਨਾਂ ਦਾ ਇੱਕ
ਬੇਤਰਤੀਬਾ ਰਲਗਡ ਜਿਹਾ ਹਜੂਮ ਬਣਿਆ ਹੋਇਆ ਸੀ, ਜੋ ਆਪ ਚੁਣੇ ਹੋਏ ਕਮਾਂਡਰਾਂ ਦਾ ਹੁਕਮ ਮੰਨਣ ਨੂੰ ਵੀ ਤਿਆਰ ਨਹੀਂ ਸੀ।
ਉਹਨਾਂ ਦੀ ਇਹ ਦੌੜ ਬੜੀ ਕਲੇਸ਼ਾਂ ਤੇ ਦੁੱਖਾਂ ਭਰੀ ਸੀ, ਇਹ ਏਨੀ ਭਿਆਨਕ ਸੀ ਕਿ ਜਦ ਸਭ ਕੁਝ ਸਥਿਰ ਹੋ ਗਿਆ ਤਾਂ ਲੋਕਾਂ ਦੀਆਂ ਸ਼ਕਲਾਂ ਵੀ ਪਛਾਣੀਆਂ ਨਹੀਂ ਸਨ ਜਾਂਦੀਆਂ: ਨੰਗੇ, ਵਾਹਣੇ ਪੈਰ, ਭੁੱਖੇ, ਸਾਹਸਤ ਹੀਨ ਲੋਕਾਂ ਦਾ ਇਹ ਇੱਕ ਅਜਿਹਾ ਭਿਆਨਕ ਦਲ ਬਣ ਖਲ੍ਹੋਤਾ ਸੀ, ਜੋ ਆਪਣੇ ਰਾਹ ਵਿੱਚ ਆਏ ਕਿਸੇ ਵੀ ਰੋਕ ਤੇ ਅੜਿਚਨ ਨੂੰ ਲਤਾੜਦਾ, ਜਿੱਤ ਪ੍ਰਾਪਤ ਕਰਦਾ ਤੇ ਜਦ ਉਹ ਇਸ ਪੀੜ, ਲਹੂ, ਹੰਝੂ ਤੇ ਮਾਯੂਸੀਆਂ ਵਿੱਚੋਂ ਲੰਘ ਗਏ, ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਫਿਰ ਉਹਨਾਂ ਮਹਿਸੂਸ ਕੀਤਾ ਕਿ ਕੇਵਲ ਸੋਵੀਅਤ ਸ਼ਕਤੀ ਹੀ ਉਹਨਾਂ ਨੂੰ ਮੁਕਤੀ ਦਿਵਾ ਸਕਦੀ ਸੀ । ਇਹ ਕਿਸੇ ਚੇਤੰਨ ਮਨ ਦਾ ਗਿਆਨ ਨਹੀਂ ਸੀ, ਜਿਵੇਂ ਕਿ ਪ੍ਰੋਲੇਤਾਰੀਆਂ ਦੀ ਗੱਲ ਹੈ, ਪਰ ਇਹ ਇੱਕ ਅੰਦਰ ਦੀ ਜਾਗ੍ਰਿਤ ਸੂਝ ਸੀ।
ਮੈਂ ਤਮਾਨ ਸਿਪਾਹੀਆਂ ਦੀ ਚੜ੍ਹਾਈ ਦੀ ਇਸ ਬੇਮਿਸਾਲ ਗਾਥਾ ਨੂੰ, ਜਿਸ ਨੂੰ ਮੈਂ ਸਮਝਦਾ ਹਾਂ ਕਿ ਉਸ ਨਾਲ ਕਿਰਸਾਨਾਂ ਦੀ ਸੋਚਣੀ ਹੀ ਮੂਲ ਬਦਲ ਗਈ, ਹੱਥ ਪਾ ਲਿਆ। ਉਹਨਾਂ ਦੀ ਕਹਾਣੀ ਮੂਜਬ ਆਰੰਭ ਵਿੱਚ ਇਹ ਇੱਕ ਬੇਤਰਤੀਬ ਭੰਨਤੋੜ ਕਰਨ ਵਾਲੇ, ਛੋਟੇ ਛੋਟੇ ਮਾਲਕਾਂ ਦਾ ਦਲ ਸੀ। ਪਰ ਅਣਮਨੁੱਖੀ ਤਸੀਹਿਆਂ ਤੇ ਇੱਕ ਭਿਆਨਕ ਲੜਾਈ ਦਾ ਮੁੱਲ ਤਾਰ ਕੇ, ਜਿਸ ਵਿੱਚ ਅਤਿ ਦਾ ਨੁਕਸਾਨ ਹੋਇਆ, ਇਸ ਹਜੂਮ ਦੀ ਕਾਇਆ ਪਲਟ ਗਈ ਤੇ ਜਦ ਇਹਨਾਂ ਦੀ ਇਹ ਦੌੜ ਭੱਜ ਆਪਣੇ ਅਖੀਰਲੇ ਪੜਾਅ ਉੱਤੇ ਆ ਪਹੁੰਚੀ, ਇਸ ਦਾ ਰੂਪ ਇੱਕ ਇਨਕਲਾਬੀ ਦਲ ਦਾ ਰੂਪ ਹੋ ਗਿਆ, ਇਨਕਲਾਬੀ ਕਿਰਸਾਨੀ ਜੋ ਕਿਰਤੀਆਂ ਨਾਲ ਪੱਕੇ ਪੈਰੀਂ ਜੁੜ ਕੇ ਖਲ੍ਹ ਗਈ।
ਮੈਨੂੰ ਆਪਣੇ 'ਫ਼ੌਲਾਦੀ ਹੜ੍ਹ' ਲਈ ਇਹੀ ਕੁਝ ਚਾਹੀਦਾ ਸੀ।
ਮੈਂ ਇੱਥੇ ਇਹ ਵੀ ਜ਼ਿਕਰ ਕਰ ਦਿਆਂ ਕਿ ਤਮਾਨ ਦੇ ਲੋਕ ਉੱਥੇ ਹੀ ਨਹੀਂ ਰੁੱਕ ਗਏ, ਜਿਥੇ ਮੈਂ ਆਪਣੀ ਕਹਾਣੀ ਦਾ ਅੰਤ ਕੀਤਾ ਹੈ, ਸਗੋਂ ਅਸਤਰਖਾਨ ਤੀਕ ਅੱਗੇ ਵੱਧਦੇ ਗਏ।ਮੈਂ ਪੂਰਨ ਵਿਰਾਮ ਪਹਿਲਾਂ ਕਿਉਂ ਲਾ ਦਿੱਤਾ ? ਕਿਉਂਕਿ, ਮੇਰਾ ਕੰਮ ਪੂਰਾ ਹੋ ਚੁੱਕਾ ਸੀ । ਮੈਂ ਆਪਣੇ ਹੱਥ ਵਿੱਚ ਭੰਨ-ਤੋੜ ਕਰਨ ਵਾਲਿਆਂ ਦਾ ਗ੍ਰੋਹ ਲਿਆ ਸੀ, ਜੋ ਕਿਸੇ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਸੀ ਤੇ ਜੋ ਨਰਾਜ਼ ਹੋ ਜਾਣ ਤਾਂ ਆਪਣੇ ਆਗੂਆਂ ਦਾ ਵੀ ਢਿੱਡ ਪਾੜ ਦੇਣ ਨੂੰ ਤਤਪਰ ਸਨ ਤੇ ਅਨੇਕਾਂ ਕਲੇਸ਼ਾਂ ਵਿੱਚੋਂ ਲੰਘਾ ਕੇ ਉਹਨਾਂ ਨੂੰ ਉਸ ਨੁਕਤੇ ਉੱਤੇ ਲੈ ਪਹੁੰਚਿਆ, ਜਿੱਥੇ ਉਹ ਮਹਿਸੂਸ ਕਰਨ ਲੱਗ ਪਏ ਕਿ ਉਹ ਅਕਤੂਬਰ ਇਨਕਲਾਬ ਦੀ ਜੱਥੇਬੰਦ ਫੌਜ ਦਾ ਇੱਕ ਅੰਗ ਸਨ । ਮੇਰੇ ਲਈ ਏਨਾ ਹੀ ਕਾਫੀ ਸੀ। ਮੇਰਾ ਉਦੇਸ਼ ਪੂਰਾ ਹੋ ਚੁੱਕਾ ਸੀ।
ਅਲੈਗਜ਼ਾਂਦਰ ਸਰਾਫ਼ੀਮੋਵਿਚ
1
ਮਿੱਟੀ ਘੱਟੇ ਦੇ ਸੰਘਣੇ ਤੱਤੇ ਗੁਬਾਰ ਨੇ ਸਾਰਾ ਕਸਾਕ* ਪਿੰਡ ਵਲ੍ਹੇਟ ਲਿਆ। ਝੁੱਗੀਆਂ, ਵਾੜੀਆਂ, ਗਲੀਆਂ, ਖਿੜਕੀਆਂ ਸਭ ਗੁਬਾਰ ਨਾਲ ਕੱਜੇ ਗਏ। ਜ਼ਰਾ ਜ਼ਰਾ ਦਿੱਸਦੀਆਂ ਰਹਿ ਗਈਆਂ ਤਾਂ ਕੇਵਲ ਉੱਚੇ ਲੰਮੇ ਪਿੱਪਲਾਂ ਦੀਆਂ ਟੀਸੀਆਂ।
ਚਾਰੇ ਪਾਸਿਉਂ ਕੁੱਤਿਆਂ ਦੇ ਭੌਂਕਣ, ਘੋੜਿਆਂ ਦੇ ਹਿਣਕਣ, ਲੋਹੇ ਨਾਲ ਲੋਹਾ ਟਕਰਾਣ, ਬੱਚਿਆਂ ਤੇ ਤੀਵੀਆਂ ਦੇ ਚੀਖਣ ਤੇ ਮਰਦਾਂ ਦੇ ਬੋਲੇ ਬੋਲੇ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸ਼ਰਾਬ ਵਿੱਚ ਮਸਤ ਘੋਗੀਆਂ ਸੁਰਾਂ ਇੱਕ ਸਾਜ਼ ਦੀਆਂ ਆਵਾਜ਼ਾਂ ਨਾਲ ਨੇੜੇ ਨੇੜੇ ਹੁੰਦੀਆਂ ਜਾਪ ਰਹੀਆਂ ਸਨ। ਇੰਜ ਜਾਪਦਾ ਸੀ, ਜਿਉਂ ਕਿਸੇ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਨੂੰ ਸੋਟੀ ਕੱਢ ਮਾਰੀ ਹੋਵੇ ਤੇ ਉਹ ਭਿਣ ਭਿਣ ਕਰਦੀਆਂ ਚਾਰੇ ਪਾਸੇ ਖਿੰਡਰ ਗਈਆਂ ਹੋਣ।
ਗੁਬਾਰ ਨੇ ਪਿੰਡੋਂ ਬਾਹਰ ਕਬਰਸਤਾਨਾਂ ਦੇ ਟਿੱਬਿਆਂ ਉੱਤੇ ਲੱਗੀਆਂ ਪੌਣ ਚੱਕੀਆਂ ਤੱਕ ਨੂੰ ਵਲ੍ਹੇਟਿਆ ਹੋਇਆ ਸੀ । ਸਾਰੀ ਸਟੈਪੀ ਦਾ ਜਿਉਂ ਸਾਹ ਘੁੱਟ ਹੋ ਰਿਹਾ ਸੀ । ਇੱਥੇ ਵੀ ਇਉਂ ਜਾਪਦਾ ਸੀ, ਜਿਉਂ ਹਜ਼ਾਰਾਂ ਬੰਦਿਆਂ ਦਾ ਰੌਲਾ ਦੂਰੋਂ ਸੁਣਾਈ ਦੇ ਰਿਹਾ ਹੋਵੇ।
ਕੇਵਲ ਯੱਖ਼ ਪਹਾੜਾਂ ਦੇ ਪਾਣੀਆਂ ਦਾ ਭਰਿਆ ਦਰਿਆ, ਝੱਗ-ਝੱਗ, ਇਸ ਗਰਦ ਗੁਬਾਰ ਨੂੰ ਠੁੱਡੇ ਮਾਰਦਾ ਪਿੰਡ ਦੇ ਕੋਲੋਂ ਮਸਤ ਚਾਲੇ ਵਗੀ ਜਾ ਰਿਹਾ ਸੀ । ਦਰਿਆ ਤੋਂ ਦੂਰ ਪਰੇ ਉੱਚੇ ਨੀਲੇ ਪਹਾੜਾਂ ਨੇ ਅੱਧੇ ਆਕਾਸ਼ ਨੂੰ ਅੱਖਾਂ ਉਹਲੇ ਕੀਤਾ ਹੋਇਆ ਸੀ।
ਆਕਾਸ਼ ਦੀ ਲਿਸ਼ਕਦੀ ਕਲਿੱਤਣ ਵਿੱਚ - ਇੱਲਾਂ, ਸਟੈਪੀ ਦੇ ਡਾਕੂ, ਆਪਣੀਆਂ ਅੱਗੋਂ ਮੁੜੀਆਂ ਚੁੰਝਾਂ ਸੱਜੇ ਖੱਬੇ ਮੋੜਦੀਆਂ, ਇਸ ਅਫੜਾ ਦਫੜੀ ਵਿੱਚ ਚੱਕਰ ਕੱਟੀ ਜਾ ਰਹੀਆਂ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਗੱਲ ਕੀ ਸੀ, ਕਿਉਂ ਜੋ ਇਹੋ ਜਿਹਾ ਨਜ਼ਾਰਾ ਅੱਜ ਤੱਕ ਉਹਨਾਂ ਕਦੇ ਵੇਖਿਆ ਹੀ ਨਹੀਂ ਸੀ।
ਕੀ ਇਹ ਕੋਈ ਪੇਂਡੂ ਮੇਲਾ ਸੀ ? ਪਰ ਤੰਬੂ-ਛੱਲਦਾਰੀਆਂ ਕਿੱਧਰ ਗਈਆਂ ਤੇ ਕਿੱਧਰ ਗਏ ਹੱਟੀਆਂ ਵਾਲੇ ਤੇ ਉਹਨਾਂ ਦਾ ਸਾਜਸਾਮਾਨ ?
ਕੀ ਰੀਫ਼ੂਜੀਆਂ ਨੂੰ ਵਸਾਇਆ ਜਾ ਰਿਹਾ ਸੀ ਕਿਸੇ ਕੈਂਪ ਵਿੱਚ ? ਪਰ ਇੱਥੇ ਤਾਂ ਬੰਦੂਕਾਂ ਸਨ ਤੇ ਲੱਕੜ ਦੀਆਂ ਵੱਡੀਆਂ ਪੇਟੀਆਂ, ਫੌਜੀ ਗੱਡੀਆਂ ਰਫਲਾਂ ਨਾਲ ਲੱਦੀਆਂ ਹੋਈਆਂ ?
ਕੀ ਇਹ ਕੋਈ ਫ਼ੌਜ ਸੀ ?
ਪਰ ਚਾਰੇ ਪਾਸੇ ਬਾਲ ਕਿਉਂ ਚੀਖਾਂ ਮਾਰ ਰਹੇ ਸਨ; ਉਹਨਾਂ ਦੇ ਗਲਾਂ ਦੇ ਰੁਮਾਲ ਮੋਢਿਆਂ 'ਤੇ ਰੱਖੀਆਂ ਰਫ਼ਲਾਂ ਨਾਲ ਬੰਨ੍ਹ ਕੇ ਕਿਉਂ ਸੁਕਾਏ ਜਾ ਰਹੇ ਸਨ ? ਪੰਘੂੜੇ ਬੰਦੂਕਾਂ ਦੀਆਂ ਚੁੰਨੀਆਂ ਨਾਲ ਕਿਉਂ ਲਟਕ ਰਹੇ ਸਨ, ਮਾਵਾਂ ਬੱਚਿਆਂ ਨੂੰ ਦੁੱਧ ਕਿਉਂ ਚੁੰਘਾ ਰਹੀਆਂ
-------------------
* ਕਜ਼ਾਕ।
ਸਨ ? ਗਾਵਾਂ ਤੋਪਖਾਨੇ ਦੇ ਘੋੜਿਆਂ ਲਾਗੇ ਬੈਠੀਆਂ ਘਾਹ ਵਿੱਚ ਮੂੰਹ ਮਾਰੀ ਜਾ ਰਹੀਆਂ ਸਨ। ਤੀਵੀਆਂ ਤੇ ਕੁੜੀਆਂ ਧੁੱਪ ਨਾਲ ਲੂਹੇ ਚਿਹਰੇ, ਗੋਹਿਆਂ ਉੱਤੇ ਦੇਗਚੀਆਂ ਰੱਖੀ ਖਬਰੇ ਕੀ ਉਬਾਲ ਰਹੀਆਂ ਸਨ ? ਕੌੜਾ ਧੂੰਆਂ ਚਾਰੇ ਪਾਸੇ ਖਿਲਰਿਆ ਹੋਇਆ ਸੀ। ਭਗਦੜ ਜਿਹੀ ਮੱਚੀ ਹੋਈ ਸੀ ਮਿੱਟੀ ਘੱਟਾ, ਸ਼ੋਰ-ਸ਼ਰਾਬਾ!
ਪਿੰਡ ਵਿੱਚ ਵੀ ਕੇਵਲ ਕਸਾਕ ਤੀਵੀਂਆਂ ਬੁੱਢਿਆਂ ਤੇ ਬੱਚਿਆਂ ਕੋਲ ਰਹਿ ਗਈਆਂ ਸਨ। ਕਸਾਕ ਮਰਦ ਤਾਂ ਇੱਕ ਵੀ ਨਹੀਂ ਸੀ ਉੱਥੇ। ਉਹ ਸਾਰੇ ਕਿਤੇ ਇਉਂ ਛਾਈ ਮਾਈ ਹੋ ਗਏ ਸਨ, ਜਿਉਂ ਧਰਤੀ ਨਿਗਲ ਗਈ ਹੋਵੇ।
ਕਸਾਕ ਤੀਵੀਆਂ ਕੋਠਿਆਂ ਦੀਆਂ ਬਾਰੀਆਂ ਵਿੱਚੋਂ, ਮਿੱਟੀ ਘੱਟੇ ਵਿੱਚ ਧੁੱਸ ਮਾਰਦੇ ਭੱਜਦੇ ਜਾਨਵਰਾਂ ਨੂੰ ਵੇਖ ਕੇ ਗਾਲ਼ਾਂ ਕੱਢਦੀਆਂ ਸਨ:
"ਲੱਖ ਲਾਨ੍ਹਤ ਤੁਹਾਡੀਆਂ ਕੈਰੀਆਂ ਅੱਖਾਂ ਨੂੰ ।"
2
ਗਊਆਂ ਦੇ ਰੰਭਣ ਤੇ ਕਾਵਾਂ ਦੀ ਕਾਂ ਕਾਂ ਵਿੱਚੋਂ ਸਟੈਪੀ ਵਾਸੀਆਂ ਦੀਆਂ ਭਾਰੀਆਂ, ਮਿੱਘੀਆਂ ਤੇ ਕਿਸੇ ਕਿਸੇ ਦੀ ਟੁਣਕਦੀ, ਆਵਾਜ਼ਾਂ ਉੱਠ ਰਹੀਆਂ ਸਨ।
“ਓਏ.. ਜਵਾਨ... ਛੇਤੀ ਕਰੋ ਭਈ।"
“ਸਾਥੀਓ... ਮੀਟਿੰਗ ਵਿੱਚ ਪਹੁੰਚੋ !"
“ਪੌਣ ਚੱਕੀਆਂ ਲਾਗੇ ਭਈ।"
ਹੌਲੀ ਹੌਲੀ ਸੂਰਜ ਠੰਡਾ ਹੁੰਦਾ ਗਿਆ ਤੇ ਤੱਤੀ ਧੂੜ ਬਹਿੰਦੀ ਗਈ ਤੇ ਪਿੱਪਲ ਦੇ ਰੁੱਖ ਆਪਣੀ ਪੂਰੀ ਸ਼ਾਨ ਨਾਲ ਉੱਘੜ ਆਏ। ਜਿੱਥੋਂ ਤੀਕ ਨਜ਼ਰ ਪਹੁੰਚਦੀ, ਵਾੜੀਆਂ ਹੀ ਵਾੜੀਆਂ ਤੇ ਚਿੱਟੀਆਂ ਝੁੱਗੀਆਂ ਦਿੱਸਣ ਲੱਗ ਪਈਆਂ। ਪਿੰਡ ਦੀਆਂ ਗਲੀਆਂ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਛੱਕੜ, ਠੇਲ੍ਹਿਆਂ, ਬੱਘੀਆਂ, ਲੱਕੜ ਦੀਆਂ ਪੇਟੀਆਂ ਨਾਲ ਰੁੱਕੀਆਂ ਪਈਆਂ ਸਨ ਅਤੇ ਘੋੜੇ ਤੇ ਗਊਆਂ ਵਾੜੀਆਂ ਤੇ ਪੈਣ ਚੱਕੀਆਂ ਵਾਲੇ ਪਾਸੇ ਬਾਹਰ ਤੱਕ, ਇੱਕ ਦੂਜੇ ਵਿੱਚ ਫਸੇ ਖਲ੍ਹੋਤੇ ਹੋਏ ਸਨ।
ਪੌਣ ਚੱਕੀਆਂ ਵਾਲੇ ਪਾਸੇ ਮਨੁੱਖੀ ਭੀੜ ਦੀਆਂ ਆਵਾਜ਼ਾਂ ਦਾ ਸ਼ੋਰ ਉੱਠ ਰਿਹਾ ਸੀ। ਉਹਨਾਂ ਦੇ ਲਾਖੇ ਚਿਹਰੇ, ਖਹੁਰੀਆਂ ਦਾਹੜੀਆਂ ਇੱਕ ਦੂਜੇ ਨਾਲ ਘਸਰ ਰਹੀਆਂ ਸਨ। ਤੀਵੀਆਂ ਹੰਭੀਆਂ ਹੁਟੀਆਂ, ਕੁੜੀਆਂ ਚਿੜੀਆਂ ਹਸੂੰ ਹਸੂੰ ਕਰਦੀਆਂ, ਮੁੰਡੇ ਇੱਧਰ ਉੱਧਰ ਟੱਪਦੇ ਦੌੜਦੇ, ਜੀਭਾਂ ਕੱਢੀ ਕੁੱਤੇ, ਸਭ ਸਿਪਾਹੀਆਂ ਦੀ ਅਥਾਹ ਭੀੜ ਵਿੱਚ ਰਲੇ ਮਿਲੇ ਪਏ ਸਨ। ਸਿਪਾਹੀਆਂ ਦੀਆਂ ਵਰਦੀਆਂ ਦੀਆਂ ਲੀਰਾਂ ਲਮਕ ਰਹੀਆਂ ਸਨ। ਰੰਗ ਫਿੱਕੇ ਹੋਏ ਪਏ ਸਨ ਤੇ ਸਿਰਾਂ ਉੱਤੇ ਭੇਡ ਦੀ ਖੱਲ ਦੀਆਂ ਟੋਪੀਆਂ ਛਿੱਕੂਆਂ ਵਾਂਗ ਮੂਧੀਆਂ ਮਾਰੀਆਂ ਹੋਈਆਂ ਸਨ । ਲੋਕਾਂ ਨਾਲ ਪੇਟੀਆਂ ਕਾਰਤੂਸਾਂ ਨਾਲ ਭਰੀਆਂ ਪਈਆਂ ਸਨ। ਚੰਗੀ ਤਗੜੀ ਕਾਠੀ ਵਾਲੇ ਗੱਭਰੂ ਸਨ ਇਹ, ਜਿਨ੍ਹਾਂ ਦੇ ਮੋਢਿਆਂ ਉੱਤੋਂ ਦੀ ਰਫ਼ਲਾਂ ਨੇ ਮੂੰਹ ਚੁੱਕਿਆ
ਹੋਇਆ ਸੀ।
ਸਮੇਂ ਨਾਲ ਧੁਆਂਖੀਆਂ ਪੌਣ ਚੱਕੀਆਂ ਉਦਾਸ ਖਲ੍ਹਤੀਆਂ ਹੋਈਆਂ ਸਨ । ਇਹੋ ਜਿਹਾ ਸਮਾਂ ਤਾਂ ਉਹਨਾਂ ਕਦੇ ਵੀ ਅੱਜ ਤੱਕ ਨਹੀਂ ਸੀ ਵੇਖਿਆ।
ਪੌਣ ਚੱਕੀਆਂ ਦੇ ਕੋਲ ਟਿੱਬੇ ਉੱਤੇ ਰਜਮੈਂਟ, ਬਟਾਲੀਅਨ ਤੇ ਕੰਪਨੀ ਕਮਾਂਡਰ ਤੇ ਉਹਨਾਂ ਦੇ ਚੀਫ਼ ਆਫ਼ ਸਟਾਫ਼ ਇਕੱਤਰ ਹੋ ਗਏ। ਇਹ ਕੌਣ ਨੇ ? ਜ਼ਾਰਸ਼ਾਹੀ ਦੇ ਅਫਸਰ, ਜੋ ਧੋਬੀਆਂ, ਤਰਖਾਣਾਂ, ਮਲਾਹਾਂ ਤੇ ਮਾਛੀਆਂ ਵਿੱਚੋਂ, ਕਸਾਕ ਪਿੰਡਾਂ ਤੇ ਕਸਬਿਆਂ ਵਿੱਚੋਂ ਉੱਠੇ ਸਨ, ਉਹ ਸਭ ਨਿੱਕੀਆਂ ਲਾਲ ਟੁਕੜੀਆਂ ਦੇ ਸਰਦਾਰ ਸਨ ਜੋ ਆਪਣੇ ਆਪਣੇ ਪਿੰਡ, ਢੋਕਾਂ, ਗਲੀਆਂ ਜਾਂ ਬਸਤੀਆਂ ਵਿੱਚੋਂ ਇਕੱਠੇ ਹੋ ਕੇ ਬਣੇ ਸਨ। ਉਹਨਾਂ ਵਿੱਚ ਥੋੜ੍ਹੇ ਬਹੁਤ ਪੱਕੇ ਫੌਜੀ ਵੀ ਸ਼ਾਮਲ ਸਨ, ਜੋ ਇਨਕਲਾਬ ਵਿੱਚ ਜਾ ਰਲੇ ਸਨ।
ਵੋਰੋਬਇਓਵ, ਚੋੜੋ ਮੋਢਿਆਂ ਤੇ ਅੱਧ-ਫੁੱਟ ਲੰਮੀਆਂ ਮੁੱਛਾਂ ਵਾਲਾ ਰਜਮੈਂਟ ਦਾ ਕਮਾਂਡਰ ਪੌਣ ਚੱਕੀ ਦੀ ਛਤੀਰੀ ਉੱਤੇ ਜਾ ਚੜ੍ਹਿਆ ਤੇ ਆਪਣੀ ਜ਼ੋਰਦਾਰ ਆਵਾਜ਼ ਵਿੱਚ ਗੱਜਿਆ
"ਸਾਥੀਓ!"
ਪਰ ਲਾਖੇ ਚਿਹਰੇ ਵਾਲਿਆਂ ਦੀ ਇਡੀ ਅਥਾਹ ਭੀੜ ਵਿੱਚ ਜਿਨ੍ਹਾਂ ਦੀਆਂ ਅੱਖਾਂ ਉਸ ਵੱਲ ਚੁੱਕੀਆਂ ਹੋਈਆਂ ਸਨ, ਉਸ ਦੀ ਗੜ੍ਹਕ ਚਊਂ ਕਰ ਕੇ ਰਹਿ ਗਈ। ਉਸ ਦੇ ਜਵਾਨ ਉਸ ਦੇ ਦੁਆਲੇ ਘੇਰਾ ਪਾ ਖਲੇ ਗਏ।
" ਸਾਥੀਓ।"
"ਪਓ ਢੱਠੇ ਖੂਹ ਵਿੱਚ!"
“ਆਖੋ ਸਾਰੇ, ਮੁਰਦਾਬਾਦ ।"
"ਸਾਨੂੰ ਨਹੀਂ ਚਾਹੀਦਾ ਤੇਰੇ ਵਰਗਾ ਕਮਾਂਡਰ।"
"ਕਿਹੋ ਜਿਹਾ ਕਮਾਂਡਰ ਏਂ ਤੂੰ ? ਜਾਹ... ਭੱਜ ਜਾ.. ਬੈਠ ਮਾਂ ਦੀ ਝੋਲੀ ਵਿੱਚ ।"
“ਗ਼ੱਦਾਰਾ, ਤੂੰ ਮੋਢੇ ਉੱਤੇ ਵੀਤੀਆਂ ਨਹੀਂ ਸਨ ਲਾਈਆਂ ਇਕੇਰਾਂ ?"
"ਉਸ ਚਰੋਕਣੀਆਂ ਲਾਹ ਸੁੱਟੀਆਂ ਸਨ।"
“ਤੂੰ ਕਿੱਥੋਂ ਆ ਗਿਆ ਓਏ, ਵਿੱਚ ਆ ਕੇ ਭੌਂਕਣ ਵਾਲਾ ?" "ਮਾਰ ਓਏ ਸਾਲੇ ਨੂੰ ਗੋਲੀ।"
ਚਿਹਰਿਆਂ ਦੇ ਠਾਠਾਂ ਮਾਰਦੇ ਸਮੁੰਦਰ ਉੱਤੇ ਮੁੱਕਿਆਂ ਦਾ ਜੰਗਲ ਉੱਗ ਆਇਆ। ਇਹ ਸਮਝਣਾ ਔਖਾ ਹੋ ਰਿਹਾ ਸੀ ਕਿ ਭੀੜ ਆਖਦੀ ਕੀ ਸੀ।
ਪੌਣ ਚੱਕੀ ਦੇ ਕੋਲ ਹੀ ਇੱਕ ਗਿੱਠਾ ਜਿਹਾ, ਤਗੜੇ ਜੁੱਸੇ ਤੇ ਪੱਕੇ ਪੀਡੇ ਜਬਾੜੇ ਵਾਲਾ ਬੰਦਾ ਖਲ੍ਹਤਾ ਹੋਇਆ ਸੀ। ਇਉਂ ਜਾਪਦਾ ਸੀ, ਜਿਉਂ ਉਹ ਸਿੱਕੇ ਦਾ ਬਣਿਆ ਹੋਇਆ ਹੋਵੇ। ਉਸ ਦੀਆਂ ਨਿੱਕੀਆਂ, ਭੂਰੀਆਂ, ਸੁੰਗੜੀਆਂ ਅੱਖਾਂ ਇਸ ਨਜ਼ਾਰੇ ਵੱਲ ਘੂਰ ਘੂਰ ਵੇਖਦੀਆਂ ਲਿਸ਼ਕ ਰਹੀਆਂ ਸਨ। ਪੈਰਾਂ ਕੋਲ ਉਸ ਦਾ ਪਰਛਾਵਾਂ ਪੈ ਰਿਹਾ ਸੀ, ਜਿਸ ਦਾ ਸਿਰ ਕੋਲ ਖੜਿਆਂ ਦੇ ਪੈਰਾਂ ਹੇਠਾਂ ਆਇਆ ਹੋਇਆ ਸੀ।
ਲੰਮੀਆਂ ਮੁੱਛਾਂ ਵਾਲੇ, ਪੌਣ ਚੱਕੀ ਦੀ ਛਤੀਰੀ ਉੱਤੇ ਖਲ੍ਹਤੇ ਬੰਦੇ ਨੇ ਫਿਰ ਆਪਣੀ ਆਵਾਜ਼ ਚੁੱਕੀ
"ਸਾਹ ਲਓ ਜ਼ਰਾ - ਗੱਲ ਤਾਂ ਸੁਣੇ। ਅਸਾਂ ਮਾਮਲੇ ਬਾਰੇ ਗੱਲ ਕਰਨੀ ਏਂ।"
"ਵੜੋ ਭਾਂਡੇ ਵਿੱਚ, ਤੇਰੀ ਗੱਲ ਤੇ ਨਾਲ਼ੇ ਤੂੰ!"
ਉਸ ਦੀ ਆਵਾਜ਼ ਭੀੜ ਦੇ ਰੌਲੇ ਵਿੱਚ ਗੁਆਚ ਗਈ।
ਇੱਕ ਤੀਵੀਂ ਨੇ ਆਪਣੀ ਹੱਡਲ ਲੰਮੀ ਬਾਂਹ, ਜੋ ਮਿਹਨਤ-ਮਜੂਰੀ ਨਾਲ ਤੇ ਸੂਰਜ ਦੀ ਤਪਸ਼ ਨਾਲ ਝੁਲਸੀ ਹੋਈ ਸੀ, ਰੋਹ ਭਰੇ ਚੁੱਕੇ ਮੁੱਕਿਆਂ ਦੇ ਅੱਗੇ ਕਰ ਦਿੱਤੀ। ਉਸ ਦੀ ਚੀਰਦੀ ਆਵਾਜ਼ ਰੌਲੇ ਰੱਪੇ ਵਿੱਚੋਂ ਲੰਘ ਗਈ, ਜਦ ਉਹ ਕੂਕੀ:
"ਆਪਣੀ ਬੜ ਬੜ ਬੰਦ ਕਰ! ਅਸੀਂ ਸੁਣਨ ਨੂੰ ਉੱਕਾ ਰਾਜ਼ੀ ਨਹੀਂ। ਘੋੜੇ ਦੀ ਲਿੱਦ ਨਾ ਹੋਵੇ ਤਾਂ। ਮੇਰੀ ਇੱਕ ਗਾਂ ਸੀ, ਬਲਦਾਂ ਦੀ ਜੋੜੀ ਸੀ, ਆਪਣੀ ਝੁੱਗੀ ਸੀ, ਸਮੇਵਾਰ ਸੀ... ਹੁਣ ਉਹ ਕਿੱਥੇ ਨੇ ?"
ਫਿਰ ਭੀੜ ਬੇਕਾਬੂ ਹੋ ਗਈ । ਹਰ ਕੋਈ ਚੀਖੀ ਜਾ ਰਿਹਾ ਸੀ... ਪਰ ਸੁਣ ਕੋਈ ਨਹੀਂ ਸੀ ਰਿਹਾ।
"ਜੇ ਕਿਤੇ ਮੈਂ ਆਪਣੀ ਫ਼ਸਲ ਸਾਂਭ ਸਕਦਾ, ਅੱਜ ਮੇਰੇ ਕੋਲ ਰੋਟੀ ਹੁੰਦੀ ।"
"ਉਹ ਆਖਦੇ ਸਨ ਕਿ ਰਸਤਵ ਵੱਲ ਵੱਧਦੇ ਚੱਲ।"
"ਕਿੱਥੇ ਨੇ ਉਹ ਵਰਦੀਆਂ, ਜੁਰਾਬਾਂ ਤੇ ਬੂਟ, ਜਿਨ੍ਹਾਂ ਦੀ ਤੁਸੀਂ ਗੱਲਾਂ ਕਰਦੇ ਸਾਉ ?"
ਛਤੀਰ ਉੱਤੇ ਚੜ੍ਹਿਆ ਬੰਦਾ ਚੀਖਿਆ:
"ਤੁਸੀਂ ਸਾਰੇ ਇੱਜੜ ਦਾ ਇੱਜੜ ਆ ਕਿਉਂ ਗਏ ?... ਜੇ ਤੁਹਾਡੇ ਕੋਲ ਸਭ वृष...।"
ਭੀੜ ਬਾਰੂਦ ਵਾਂਗ ਭੜਕ ਪਈ।
"ਤੇਰੇ ਆਖੇ ਲੱਗ ਕੇ ਸੂਰ ਦੇ ਬੱਚੇ! ਤੂੰ ਹਿੱਕ ਲਿਆ ਸਾਰਿਆਂ ਨੂੰ । ਜੇ ਅਸੀਂ ਘਰੀਂ ਰਹੇ ਹੁੰਦੇ, ਅੱਜ ਸਾਡੀਆਂ ਕੋਠੀਆਂ ਦਾਣਿਆਂ ਨਾਲ ਭਰੀਆਂ ਹੁੰਦੀਆਂ ਹੁਣ ਅਸੀਂ ਸਟੈਪੀ ਵਿੱਚ ਘੀਚਰ ਕੁੱਤਿਆਂ ਵਾਂਗ ਘੁੰਮ ਰਹੇ ਹਾਂ...।"
"ਤੂੰ ਸਾਨੂੰ ਕੁੜਿੱਕੀ ਵਿੱਚ ਫਸਾ ਦਿੱਤਾ ਏ।" ਸਿਪਾਹੀ ਸੰਗੀਨਾਂ ਘੁਮਾਂਦੇ ਗੱਜ ਪਏ।
"ਹੁਣ ਤੁਸੀਂ ਚੱਲੇ ਕਿੱਥੇ ਜੇ ?"
"ਏਕਾਰਟਰੀਨੋਡਾਰ।"
“ਪਰ ਉੱਥੇ ਤਾਂ ਫ਼ੌਜੀ ਨੇ।"
“ਫਿਰ ਜਾਈਏ ਤਾਂ ਜਾਈਏ ਕਿੱਧਰ ?"
ਪੌਣ ਚੱਕੀ ਲਾਗੇ, ਫ਼ੌਲਾਦੀ ਜਬਾੜਿਆਂ ਤੇ ਵਿਨ੍ਹਵੀਆਂ ਅੱਖਾਂ ਵਾਲਾ ਬੰਦਾ ਪੱਥਰ ਬਣਿਆ ਖਲ੍ਹੋਤਾ ਹੋਇਆ ਸੀ।
ਅਚਾਨਕ ਇੱਕ ਆਵਾਜ਼ ਭੀੜ ਵਿੱਚੋਂ ਗੂੰਜੀ:
"ਸਾਡੇ ਨਾਲ ਧੋਖਾ ਹੋਇਆ ਏ।"
ਇਹ ਆਵਾਜ਼ ਠੇਲ੍ਹਿਆਂ, ਛਕੜਿਆਂ, ਘੋੜਿਆਂ, ਪੰਘੂੜਿਆਂ, ਮੱਘਦੀਆਂ ਧੂਣੀਆਂ, ਲੱਕੜ ਦੀਆਂ ਪੇਟੀਆਂ ਵਿੱਚੋਂ ਗੂੰਜਦੀ ਉਹਨਾਂ ਤੀਕ ਵੀ ਜਾ ਪਹੁੰਚੀ ਜਿਨ੍ਹਾਂ ਨੂੰ ਇਸ ਦੇ ਅਰਥ ਵੀ ਨਹੀਂ ਸਨ ਪਤਾ। ਭੀੜ ਵਿੱਚੋਂ ਜਿਉਂ ਇੱਕ ਝਰਨਾਟ ਲੰਘ ਗਈ ਤੇ ਸਭ ਦੇ ਸਾਹ ਸੁੱਕਣ ਲੱਗ ਪਏ। ਅਚਾਨਕ ਸ਼ੁਦਾਈਆਂ ਵਾਲੀ ਇੱਕ ਜ਼ਨਾਨਾ ਚੀਖ ਚੀਰਦੀ ਲੰਘ ਗਈ। ਪਰ ਇਹ ਆਵਾਜ਼ ਕਿਸੇ ਤੀਵੀਂ ਦੀ ਨਹੀਂ ਸੀ। ਸਗੋਂ ਬਗਲੇ ਦੀ ਚੁੰਝ ਵਰਗੀ ਨੱਕ ਵਾਲੇ ਇੱਕ ਸਿਪਾਹੀ ਦੀ ਸੀ, ਜੋ ਲੱਕ ਤੱਕ ਨੰਗਾ ਸੀ ਤੇ ਪੈਰੀਂ ਉਸਦੇ ਵੱਡੇ ਵੱਡੇ ਭਾਰੇ ਬੂਟ ਸਨ।
"ਸਾਨੂੰ ਮਰੀਅਲ ਜਾਨਵਰਾਂ ਵਾਂਗ ਵੇਚਿਆ ਜਾਂਦਾ ਏ।"
ਇੱਕ ਸੁਹਣਾ ਸਾਲ੍ਹੜਾ ਜਵਾਨ, ਕਾਲੀਆਂ ਨਿੱਕੀਆਂ ਨਿੱਕੀਆਂ ਮੁੱਛਾਂ, ਸਿਰ ਤੇ ਮੋਢੇ ਦੂਜਿਆਂ ਨਾਲੋਂ ਵੱਡੇ, ਮਲਾਹਾਂ ਵਾਲੀ ਟੋਪੀ, ਜਿਸ ਦੇ ਪਿੱਛੇ ਦੋ ਰਿਬਨ ਹਵਾ ਵਿੱਚ ਫੜ ਫੜਾ ਰਹੇ ਸਨ, ਭੀੜ ਵਿੱਚ ਮੋਢੇ ਮਾਰਦਾ ਅੱਗੇ ਨਿਕਲ ਆਇਆ। ਉਸ ਆਪਣੀਆਂ ਅੱਖਾਂ ਕਮਾਂਡਰਾਂ ਦੀ ਜੁੰਡਲੀ ਉੱਤੇ ਗੱਡੀ ਰੱਖੀਆਂ ਤੇ ਆਪਣੀ ਚਮਕਦੀ ਰਫਲ ਨੂੰ ਮੁੱਠ ਵਿੱਚ ਘੁੱਟੀ ਰੱਖਿਆ।
"ਉਹੀ ਗੱਲ ਹੋਈ!" ਕਮਾਂਡਰ ਨੇ ਸੋਚਿਆ।
ਫ਼ੌਲਾਦੀ ਜਬਾੜਿਆਂ ਵਾਲੇ ਉਸ ਬੰਦੇ ਨੇ ਸਗੋਂ ਹੋਰ ਪੱਕੀ ਤਰ੍ਹਾਂ ਆਪਣਾ ਮੂੰਹ ਵੱਟ ਲਿਆ । ਪਰ ਅਥਾਹ ਠਾਠਾਂ ਮਾਰਦੀ, ਕਾਲੇ ਤੇ ਖੁੱਲ੍ਹੇ ਮੂੰਹ ਤੇ ਲਾਲ-ਕਾਲ਼ੇ ਚਿਹਰਿਆਂ ਤੇ ਹੇਠਾਂ ਡਿੱਗੇ ਭਰਵੱਟਿਆਂ ਹੇਠ ਭਿਆਨਕ ਅੱਖਾਂ ਵਾਲੀ ਭੀੜ ਨੂੰ ਵੇਖ ਕੇ ਉਹ ਠਠੰਬਰ ਗਿਆ।
"ਤੀਵੀਂ ਕਿੱਥੇ ਏ ?" ਬੰਦੇ ਨੇ ਸੋਚਿਆ।
ਫੜ-ਫੜਾਂਦੇ ਰਿਬਨਾਂ ਵਾਲੀ, ਮਲਾਹਾਂ ਵਾਲੀ ਟੋਪੀ ਵਾਲਾ ਬੰਦਾ ਬਿਲਕੁਲ ਨੇੜੇ ਸੀ। ਉਸ ਆਪਣੀ ਰਫ਼ਲ ਘੁਟ ਕੇ ਫੜੀ ਹੋਈ ਸੀ ਤੇ ਟਿਕਟਿਕੀ ਬੰਨ੍ਹੀ ਵੇਖੀ ਜਾ ਰਿਹਾ ਸੀ, ਮਤੇ ਸ਼ਿਕਾਰ ਅੱਖੋਂ ਉਹਲੇ ਹੋ ਜਾਏ। ਉਹ ਸੰਘਣੀ ਭੀੜ ਨੂੰ ਧੱਕੇ ਮਾਰਦਾ, ਜੋ ਰੌਲਾ ਪਾ ਰਹੀ ਸੀ, ਅੱਗੇ ਵਧਿਆ ਹੀ ਸੀ ਕਿ ਭੀੜ ਦੇ ਸ਼ਕੰਜੇ ਵਿੱਚ ਫਸ ਗਿਆ।
ਫ਼ੌਲਾਦੀ ਜਬਾੜਿਆਂ ਵਾਲੇ ਆਦਮੀ ਨੂੰ ਬੜਾ ਮੰਦਾ ਲੱਗਾ। ਉਹ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ, ਤੋਪਚੀ ਦੇ ਰੂਪ ਵਿੱਚ ਤੁਰਕੀ ਦੇ ਮੋਰਚੇ ਉੱਤੇ ਲੜਿਆ ਸੀ। ਲਹੂ ਦਾ ਹੜ੍ਹ ਵਗਿਆ ਸੀ... ਸੈਂਕੜੇ ਜਾਨਾਂ ਗਈਆਂ ਸਨ... ਉਹ ਅਖੀਰਲੇ ਮਹੀਨਿਆਂ ਵਿੱਚ ਫੌਜੀਆਂ, ਕਸਾਕਾਂ, ਜਰਨੈਲਾਂ ਦੇ ਨਾਲ ਈਸਕ, ਤਿਮਰਬੁਕ, ਤਮਾਨ ਉਪਦੀਪ ਤੇ ਕੀਊਬਨ ਪਿੰਡਾਂ ਵਿੱਚ ਇਕੱਠੇ ਲੜੇ ਸਨ।
ਉਸ ਆਪਣੇ ਵੱਟੇ ਜਬਾੜਿਆਂ ਨੂੰ ਹਿਲਾਇਆ ਤੇ ਬੜੇ ਠਰੰਮੇ ਤੇ ਭਰੋਸੇ ਭਰੀ ਆਵਾਜ਼ ਵਿੱਚ ਪੁਰਜ਼ੋਰ ਤਰੀਕੇ ਨਾਲ, ਭੀੜ ਦੀ ਹੂ-ਹਾ ਵਿੱਚ ਬੋਲਣ ਲੱਗ ਪਿਆ ਤੇ ਸਾਰੇ
ਉਸ ਨੂੰ ਸੁਣਨ ਲੱਗ ਪਏ
"ਸਾਥੀਓ, ਤੁਸੀਂ ਮੈਨੂੰ ਜਾਣਦੇ ਹੋ। ਅਸਾਂ ਇਕੱਠਿਆਂ ਆਪਣਾ ਲਹੂ ਡੋਲ੍ਹਿਆ ਸੀ । ਤੁਸਾਂ ਆਪ ਮੈਨੂੰ ਆਪਣਾ ਕਮਾਂਡਰ ਬਣਾਇਆ ਸੀ । ਪਰ ਹੁਣ ਜੇ ਤੁਸੀਂ ਇਉਂ ਹੀ ਕਰਦੇ ਰਹੇ ਤਾਂ ਸਾਰੇ ਮਾਰੇ ਜਾਵਾਂਗੇ। ਕਸਾਕ ਤੇ ਥਲ-ਸੈਨਿਕਾਂ ਦੀ ਪਕੜ ਹਰ ਪਾਸਿਉਂ ਸਾਡੇ ਉੱਤੇ ਵੱਧਦੀ ਜਾ ਰਹੀ ਹੈ। ਹਰ ਬੀਤਦੇ ਸਮੇਂ ਦਾ ਮੁੱਲ ਹੈ।"
ਉਸ ਦੀ ਬੋਲੀ ਵਿੱਚ ਯੂਕਰੇਨੀਅਨ ਲਟਕਾਅ ਸੀ, ਜਿਸ ਕਰਕੇ ਭੀੜ ਉਸ ਵੱਲ ਖਿੱਚੀ ਗਈ।
"ਤੇਰੇ ਮੋਢਿਆਂ ਉੱਤੇ ਫੀਤੀਆਂ ਵੀ ਲੱਗੀਆਂ ਸਨ।" ਅੱਧ ਨੰਗਾ ਡਿੱਗਣਾ ਸਿਪਾਹੀ ਚੀਖਿਆ।
"ਕੀ ਮੈਂ ਉਹ ਆਪ ਲਾਏ ਸਨ । ਤੁਹਾਨੂੰ ਪਤਾ ਹੀ ਹੈ ਕਿ ਮੈਂ ਮੋਰਚੇ ਉੱਤੇ ਲੜਿਆ ਸਾਂ ਤੇ ਅਫ਼ਸਰਾਂ ਨੇ ਮਲੋਮਲੀ ਮੇਰੇ ਮੋਢਿਆਂ ਉੱਤੇ ਜੜ੍ਹ ਦਿੱਤੇ ਸਨ । ਤੁਸੀਂ ਜਾਣਦੇ ਹੀ ਹੋ ਕਿ ਜਿੱਥੋਂ ਦੇ ਤੁਸੀਂ, ਉੱਥੋਂ ਦਾ ਮੈਂ। ਕੀ ਮੈਂ ਗਰੀਬੀ ਨਹੀਂ ਵੇਖੀ, ਕੀ ਮੇਰਾ ਲੱਕ ਗੋਡੇ ਰਗੜ ਰਗੜ ਕੇ ਨਹੀਂ ਟੁੱਟਾ, ਕੀ ਬਲਦ ਵਾਂਗ ਮੈਂ ਜੁੱਤਿਆ ਨਹੀਂ ਰਿਹਾ? ਕੀ ਮੈਂ ਤੁਹਾਡੇ ਨਾਲ ਰਲ ਕੇ ਵਾਹੀ ਤੇ ਬਿਜਾਈ ਨਹੀਂ ਕੀਤੀ ?"
"ਠੀਕ ਗੱਲ ਏ।" ਭੀੜ ਦੇ ਸ਼ੋਰ ਸ਼ਰਾਬੇ ਵਿੱਚੋਂ ਇੱਕ ਆਵਾਜ਼ ਗੂੰਜੀ। "ਉਹ ਸਾਡੇ ਵਿੱਚੋਂ ਹੀ ਹੈ।"
ਮਲਾਹਾਂ ਦੀ ਟੋਪੀ ਵਾਲਾ ਉਹ ਲੰਮਾ ਬੰਦਾ, ਅਖੀਰ ਭੀੜ ਵਿੱਚੋਂ ਲੰਘ ਹੀ ਗਿਆ ਸੀ । ਉਹ ਘੂਰਦੀਆਂ ਅੱਖਾਂ ਨਾਲ ਕੁੱਦ ਕੇ ਅੱਗੇ ਆ ਗਿਆ ਤੇ ਬਿਨਾਂ ਇੱਕ ਬੋਲ ਮੂੰਹੋਂ ਕੱਢੇ, ਉਸ ਪੂਰੇ ਜ਼ੋਰ ਨਾਲ ਆਪਣੀ ਸੰਗੀਨ ਪਿੱਛੇ ਘੁਮਾਈ ਤੇ ਬੱਟ ਨਾਲ ਕਿਸੇ ਪਿੱਛੇ ਖਲ੍ਹਤੇ ਦਾ ਮੂੰਹ ਉੱਡ ਗਿਆ । ਫੌਲਾਦੀ ਜਬੜੇ ਵਾਲੇ ਬੰਦੇ ਨੇ ਆਪਣੇ ਉੱਤੇ ਕੀਤੇ ਵਾਰ ਤੋਂ ਬਚਣ ਦਾ ਕੋਈ ਹੀਲਾ ਨਾ ਕੀਤਾ। ਇੱਕ ਕੰਬਣੀ ਦੇ ਨਾਲ ਹੀ ਮੁਸਕਾਨ ਦੀ ਲੀਕ ਉਸ ਦੇ ਹੇਠਾਂ ਉੱਤੇ ਖਿੱਚੀ ਗਈ। ਉਸ ਦਾ ਚਿਹਰਾ ਚਿੱਟਾ ਫੱੜਕ ਹੋ ਗਿਆ ਤੇ ਫਿਰ ਜ਼ਰਦੀਆਂ ਘੁਲ ਗਈਆਂ।
ਪਰ ਗਿੱਠੇ, ਨੰਗੇ ਸਿਪਾਹੀ ਨੇ ਛੇਤੀ ਨਾਲ ਆਪਣਾ ਸਿਰ ਬਲਦ ਵਾਂਗ ਝੁਕਾ ਲਿਆ ਤੇ ਮਲਾਹ ਨਾਲ ਟਕਰਾ ਗਿਆ। ਆਪਣੇ ਮੋਢੇ ਨਾਲ ਉਸ ਦੀ ਕੂਹਣੀ ਹੇਠ ਹੁੱਝਕਾ ਮਾਰਿਆ ਤੇ ਚੀਖ਼ ਪਿਆ:
"ਬਸ ਓਏ, ਬੇਵਕੂਫਾ!"
ਹੁੱਝਕਾ ਵਜਦਿਆਂ ਹੀ, ਫੌਲਾਦੀ ਜਬੜੇ ਵਾਲੇ ਬੰਦੇ ਕੋਲ ਸੰਗੀਨ ਪਰੇ ਹਟ ਕੇ ਕੋਲ ਖਲ੍ਹਤੇ ਬਟਾਲੀਅਨ ਦੇ ਇੱਕ ਕਮਾਂਡਰ ਦਾ ਪੇਟ ਚਾਕ ਕਰ ਗਈ। ਉਸ ਦਾ ਇੱਕ ਹਉਕਾ ਨਿਕਲਿਆ ਤੇ ਉਹ ਪਿੱਠ ਭਾਰ ਭੁੰਜੇ ਜਾ ਪਿਆ। ਲੰਮੇ ਆਦਮੀ ਨੇ ਸੰਗੀਨ ਪਿੱਛੇ ਖਿੱਚਣ ਦਾ ਪੂਰਾ ਵਾਹ ਲਾਇਆ, ਜਿਸ ਦੀ ਨੋਕ ਉਸ ਦੇ ਸ਼ਿਕਾਰ ਦੀ ਰੀੜ੍ਹ ਦੀ ਹੱਡੀ ਵਿੱਚ ਖੁਭੀ ਪਈ ਸੀ।
ਕੰਪਨੀ ਕਮਾਂਡਰ ਨੇ, ਜੋ ਰੋਡਾ ਤੇ ਇੱਕ ਜਵਾਨ ਗੱਭਰੂ ਸੀ ਤੇ ਕੁੜੀਆਂ ਵਰਗਾ
ਜਿਸ ਦਾ ਮੂੰਹ ਸੀ, ਪੌਣ ਚੱਕੀ ਨੂੰ ਹੱਥ ਪਾ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਕਿੜ ਕਿੜ ਕਰਕੇ ਪੱਖਾ ਘੁੰਮ ਗਿਆ ਅਤੇ ਉਹ ਸਿੱਧਾ ਭਏਂ ਆ ਪਿਆ। ਫੌਲਾਦੀ ਜਬਾੜੇ ਵਾਲ਼ੇ ਬੰਦੇ ਨੂੰ ਵੱਢ ਕੇ, ਬਾਕੀ ਸਾਰਿਆਂ ਨੇ ਆਪਣੇ ਰਿਵਾਲਵਰਾਂ ਨੂੰ ਹੱਥ ਪਾ ਲਿਆ। ਉਹਨਾਂ ਦੇ ਪੀਲੇ ਮੁਰਝਾਏ ਚਿਹਰਿਆਂ ਉੱਤੇ ਉਦਾਸੀ ਲਿੱਪੀ ਹੋਈ ਸੀ।
ਦੂਜੇ ਰੋਹ ਵਿੱਚ ਅੱਖਾਂ ਅੱਡੀ ਬੰਦੇ, ਰਿਵਾਲਵਰਾਂ ਨੂੰ ਘੁਟ ਕੇ ਫੜੀ, ਭੀੜ ਵਿੱਚੋਂ ਨਿਕਲ ਕੇ ਪੌਣ-ਚੱਕੀਆਂ ਵੱਲ ਟੁਰ ਪਏ।
"ਕੁੱਤੇ ਨੇ ਇਹ... ਕੁੱਤੇ ਕੁੱਤਿਆਂ ਦੀ ਮੌਤ ਮਰਨਗੇ।"
“ਵੱਢ ਦਿਓ ਇਹੋ ਜਿਹੇ ਸਾਰੇ ਬੀਜ ਮੁਕਾ ਦਿਓ ਇਹਨਾਂ ਦਾ, ਅੱਗੋਂ ਇਹੋ ਜਿਹੇ ਨਾ ਜੰਮਣ।"
ਅਚਾਨਕ ਰੌਲਾ ਠੰਡਾ ਪੈ ਗਿਆ । ਸਾਰਿਆਂ ਦੀਆਂ ਧੌਣਾਂ ਇੱਕ ਪਾਸੇ ਮੁੜ ਗਈਆਂ ਤੇ ਉਹ ਉਸੇ ਪਾਸੇ ਵੇਖਣ ਲੱਗ ਪਏ।
ਖੇਤਾਂ ਦੀ ਵੱਟ ਦੇ ਨਾਲ ਨਾਲ ਇੱਕ ਕਾਲਾ ਘੋੜਾ ਸਟੈਪੀ ਵਿੱਚ ਉੱਡਦਾ ਜਾ ਰਿਹਾ ਸੀ। ਸਵਾਰ ਬਿਲਕੁਲ ਪਿੱਠ ਨਾਲ ਲੱਗਾ ਹੋਇਆ ਸੀ ਤੇ ਉਸ ਦਾ ਮੂੰਹ ਘੋੜੇ ਦੀ ਅਯਾਲ ਵਿੱਚ ਛੁਪਿਆ ਹੋਇਆ ਸੀ। ਪਾਸਿਆਂ ਉੱਤੇ ਦੋਵੇਂ ਹੱਥ ਲਮਕ ਰਹੇ ਸਨ। ਉਸ ਦੀ ਕਮੀਜ਼ ਲਾਲੋ ਲਾਲ ਹੋਈ ਪਈ ਸੀ। ਖੌਫ ਨਾਲ ਘੋੜਾ ਝੱਲਾ ਹੋਇਆ ਪਿਆ ਸੀ। ਕਾੜ ਕਾੜ ਉਸ ਦੇ ਪੌੜ ਵੱਜਦੇ ਜਾ ਰਹੇ ਸਨ ਤੇ ਪਿੱਛੇ ਪਿੱਛੇ ਮਿੱਟੀ ਦੀ ਇੱਕ ਚਾਦਰ ਜਿਹੀ ਉੱਡਦੀ ਜਾ ਰਹੀ ਸੀ। ਉਹ ਝੱਗ-ਝੱਗ ਹੋਇਆ ਪਿਆ ਸੀ।
ਸਟੈਪੀ ਵਿੱਚ ਇੱਕ ਹੋਰ ਘਟਨਾ ਵਾਪਰ ਗਈ।
ਭੀੜ ਵਿੱਚ ਘੁਸਰ ਮੁਸਰ ਹੋਣ ਲੱਗ ਪਈ।
"ਅਹੁ ਵੇਖੋ, ਇੱਕ ਹੋਰ ਆ ਗਿਆ ਜੇ।"
"ਲੋਥ ਲੈ ਕੇ ਆ ਪੁੱਜਾ ਏ।"
ਘੋੜਾ ਝੱਗ-ਝੱਗ, ਫੁਰਕਾੜੇ ਮਾਰਦਾ, ਭੀੜ ਵੱਲ ਆਇਆ ਤੇ ਅਚਾਨਕ ਪਿਛਲੀਆਂ ਲੱਤਾਂ ਉੱਤੇ ਡਿੱਗ ਪਿਆ। ਲਾਲ-ਗੜੁੱਚ ਕੱਪੜਿਆਂ ਵਾਲਾ ਸਵਾਰ, ਧਾਹ ਕਰਕੇ, ਸਿਰ ਉੱਪਰੋਂ ਦੀ ਪਰੇ ਮੂਧਾ ਜਾ ਪਿਆ ਤੇ ਉਸ ਦੀਆਂ ਬਾਹਾਂ ਜ਼ਮੀਨ ਉੱਤੇ ਖਿਲਰ ਗਈਆਂ।
ਕਈ ਦੌੜ ਕੇ ਸਵਾਰ ਵੱਲ ਗਏ ਤੇ ਕਈ ਹੋਰ ਘੋੜੇ ਵੱਲ, ਜਿਸ ਦਾ ਪਿਛਲਾ ਪਾਸਾ ਪੁੱਛਿਆ ਪਿਆ ਸੀ ਤੇ ਲਹੂ ਵਗ ਰਿਹਾ ਸੀ।
ਲੋਥ ਦੇ ਕੋਲ ਪੁੱਜਦਿਆਂ ਹੀ ਭੀੜ ਵਿੱਚੋਂ ਆਵਾਜ਼ ਆਈ "ਇਹ ਤਾਂ ਓਖਰੀਮ ਹੈ!" ਬੜੇ ਆਰਾਮ ਨਾਲ ਉਹਨਾਂ ਲੋਥ ਹਿਲਾਈ। ਤਲਵਾਰ ਦਾ ਪੂਰਾ ਵਾਰ ਉਸ ਦੀ ਛਾਤੀ ਤੇ ਮੋਢੇ ਵਿੱਚੋਂ ਲੰਘ ਗਿਆ ਸੀ ਤੇ ਉਸ ਦੀ ਪਿੱਠ ਉੱਤੇ ਇੱਕ ਥਾਂ ਕਾਲਾ ਪਿਆ ਲਹੂ ਜੰਮਿਆ ਹੋਇਆ ਸੀ।
ਚਾਰੇ ਪਾਸੇ ਖੌਫ਼ ਤੇ ਸਹਿਮ ਦੀ ਹਵਾ ਉੱਡਣ ਲੱਗ ਪਈ। ਪੌਣ-ਚੱਕੀਆਂ, ਠੇਲ੍ਹਿਆਂ,
ਛਕੜਿਆਂ ਤੇ ਗਲੀਆਂ, ਲਾਂਘਿਆਂ ਵਿੱਚ ਸੋਗੀ ਹਵਾ ਘੁਲ ਗਈ।
"ਕਸਾਕਾਂ ਨੇ ਓਖਰੀਮ ਮਾਰ ਛੱਡਿਆ ਏ।"
"ਸਾਡੇ ਨਾਲ ਇਹ ਕੀ ਹੋ ਗਿਆ ?"
"ਕਿਹੜਾ ਓਖਰੀਮ ਏ ਇਹ ?"
“ਉਹ ਤਾਂ ਨਹੀਂ, ਜਿਹੜਾ ਪਾਵਲੋਵਸਕਾਇਆ ਵਿੱਚ, ਨਦੀ ਦੇ ਉਪਰਲੇ ਪਾਸੇ ਇੱਕ ਝੁੱਗੀ ਵਿੱਚ ਰਹਿੰਦਾ ਸੀ ?"
ਦੂਜਾ ਘੋੜ-ਸਵਾਰ ਵੀ ਮਿੱਟੀ-ਘੱਟੇ ਵਿੱਚ ਲਿਬੜਿਆ ਤੇ ਸਾਹੋਸਾਹ ਹੋਇਆ, ਉੱਥੇ ਆ ਪੁੱਜਾ। ਉਹ ਵੀ ਲਹੂ ਲੁਹਾਨ ਹੋਇਆ ਹੋਇਆ ਸੀ- ਚਿਹਰਾ, ਹੱਥ, ਪਸੀਨੇ ਵਿੱਚ ਗੜੁੱਚ ਕਮੀਜ਼, ਪਜਾਮਾ ਤੇ ਨੰਗੇ ਪੈਰ। ਉਹ ਛਾਲ ਮਾਰ ਕੇ ਅੱਖਾਂ ਅੱਡੀ ਘੜੇ ਉੱਤੋਂ ਹੇਠਾਂ ਢਲ ਆਇਆ ਤੇ ਲੋਥ ਕੋਲ ਜਾ ਕੇ ਖਲ੍ਹ ਗਿਆ, ਜੋ ਮੌਤ ਵਿੱਚ ਭਿਆਨਕ ਹੋਈ ਪਈ ਸੀ ਤੇ ਮੂੰਹ ਉੱਤੇ ਮੱਖੀਆਂ ਭਿਣਕਣ ਲੱਗ ਪਈਆਂ ਸਨ।
"ਓਖਰੀਮ!" ਉਹ ਚੀਖਿਆ।
ਉਹ ਝੱਟ ਲਾਸ਼ ਉੱਤੇ ਝੁਕਿਆ ਤੇ ਛਾਤੀ ਨਾਲ ਕੰਨ ਲਾ ਕੇ ਸਾਹ ਵੇਖਣ ਲੱਗ ਪਿਆ। ਫਿਰ ਉਹ ਉਠ ਖਲ੍ਹਤਾ ਤੇ ਲੋਥ ਕੋਲ ਸਿਰ ਝੁਕਾ ਕੇ ਖਲ੍ਹ ਗਿਆ।
“ਓ ਮੇਰੇ ਬੱਚੇ, ਓ ਪੁੱਤਰ ਮੇਰੇ...!"
ਭੀੜ ਵਿੱਚੋਂ ਸੋਗਮਈ ਆਵਾਜ਼ ਆਈ
"ਜਾਂਦਾ ਰਿਹਾ... ਜਾਂਦਾ ਰਿਹਾ ਜਵਾਨ।"
ਉਹ ਅਡੋਲ ਝੱਟ ਕੁ ਖਲ੍ਹਤਾ ਰਿਹਾ ਤੇ ਫਿਰ ਇੱਕ ਦਿਲ ਵਿੰਨ੍ਹਵੀਂ ਚੀਖ਼ ਮਾਰੀ ਜੋ ਸਟੈਪੀ ਨੂੰ ਚੀਰਦੀ ਲੰਘ ਗਈ।
"ਸਵਾਵਿਨਸਕਾਇਆ ਸਾਰਾ ਪਿੰਡ ਉੱਠ ਖਲ੍ਹਤਾ ਹੈ ਤੇ ਇਸੇ ਤਰ੍ਹਾਂ ਪੋਲਤੈਵਸਕਾਇਆ, ਪੇਤਰੋਵਸਕਾਇਆ ਤੇ ਸਤੰਬਲੀਵਸਕਾਇਆ ਦੇ ਪਿੰਡ ਬਾਗੀ ਹੋ ਗਏ ਨੇ। ਉਹਨਾਂ ਗਿਰਜਿਆਂ ਦੇ ਬੂਹਿਆਂ ਅੱਗੇ, ਫਾਹੀ ਦੇਣ ਲਈ, ਰੱਸੇ ਲਟਕਾ ਛੱਡੇ ਹਨ ਤੇ ਜਿਹੜਾ ਵੀ ਕਾਬੂ ਆ ਜਾਵੇ, ਉਸ ਨੂੰ ਫਾਂਸੀ ਲਾ ਛੱਡਦੇ ਨੇ । ਬਾਲ-ਸੈਨਕ ਸਤੰਬਲੀਵ ਆ ਕੇ ਹਰ ਰਾਹ-ਗੁਜ਼ਰ ਨੂੰ ਛੁਰਾ ਮਾਰੀ ਜਾ ਰਹੇ ਨੇ, ਗੋਲੀ ਦਾਗ ਰਹੇ ਨੇ ਤੇ ਫਾਂਸੀ ਦੇ ਕੇ ਲੋਥਾਂ ਕੀਊਬਨ ਨਦੀ ਵਿੱਚ ਰੋੜ੍ਹੀ ਜਾ ਰਹੇ ਨੇ । ਕਸਾਕਾਂ ਦੇ ਦਿਲ ਵਿੱਚ ਕਿਸੇ ਲਈ ਰਹਿਮ ਨਹੀਂ - ਬਾਲ ਹੋਵੇ, ਭਾਵੇਂ ਬੁੱਢਾ ਹੋਵੇ, ਤੀਵੀਂ ਹੋਵੇ ਤੇ ਭਾਵੇਂ ਮਰਦ ਹੋਵੇ। ਸਭਨਾਂ ਨਾਲ ਉਹਨਾਂ ਦਾ ਸਲੂਕ ਇੱਕੋ ਜਿਹਾ ਏ। ਉਹ ਸਭ ਨੂੰ ਬਾਲਸ਼ਵਿਕ ਸਮਝਦੇ ਨੇ। ਉਸ ਬੁੱਢੇ ਓਪਾਨਸ ਨੂੰ ਜਾਣਦੇ ਓ ਨਾ, ਜੋ ਹਦੁਆਣੇ ਉਗਾਂਦਾ ਏ ਤੇ ਜਿਸ ਦੀ ਝੁੱਗੀ ਯਾਵਦੋਖਾ ਪੈਰੀ ਪੈਰੀ ਚੀਸਤਾ ਦੀ ਝੁੱਗੀ ਦੇ ਸਾਹਮਣੇ ਪੈਂਦੀ ਏ।"
"ਜਾਣਨੇ ਆਂ ਉਸ ਨੂੰ ।" ਭੀੜ ਵਿੱਚੋਂ ਆਵਾਜ਼ ਆਈ।
"ਉਸ ਵਿਚਾਰੇ ਰਹਿਮ ਕਰਨ ਲਈ ਹੱਥ ਜੋੜੇ, ਪੈਰੀਂ ਪਿਆ ਪਰ ਉਹਨਾਂ ਪਾਰ ਬੁਲਾ ਦਿੱਤਾ। ਬੜਾ ਅਸਲਾ ਗੋਲੀ ਉਹਨਾਂ ਕੋਲ ਹੈ। ਕਸਾਕ ਤੀਵੀਂਆਂ ਤੇ ਬੱਚੇ ਵਾੜੀਆਂ ਤੇ
ਸਬਜ਼ੀਆਂ ਦਿਆਂ ਬਗੀਚਿਆਂ ਨੂੰ ਪੁੱਟਦੇ ਨੇ ਤੇ ਹੇਠ ਰਫਲਾਂ ਨਿਕਲ ਆਉਂਦੀਆਂ ਨੇ - ਅਸਲ੍ਹਾ ਤੇ ਕਾਰਤੂਸਾਂ ਦੀਆਂ ਪੇਟੀਆਂ, ਤੁਰਕੀ ਦੀ ਲੜਾਈ ਦੇ ਮੋਰਚੇ ਤੋਂ ਲਿਆ ਕੇ ਉਹਨਾਂ ਇੱਧਰ ਉੱਧਰ ਦੱਬ ਦਿੱਤੇ ਸਨ । ਖਬਰੇ ਕਿੰਨਾ ਕੁ ਉਹਨਾਂ ਛੁਪਾਇਆ ਹੋਇਆ ਏ। ਵੱਡੀਆਂ ਭਾਰੀਆਂ ਬੰਦੂਕਾਂ ਵੀ ਨੇ। ਉਹਨਾਂ ਉੱਤੇ ਲਹੂ ਸਵਾਰ ਹੋਇਆ ਹੋਇਆ ਹੈ। ਸਮੁੱਚੇ ਕੀਊਬਨ ਦੇ ਆਲੇ ਦੁਆਲੇ ਲਾਟਾਂ ਬਲ ਰਹੀਆਂ ਨੇ। ਸਾਡੇ ਵਿੱਚੋਂ ਜਿਹੜੇ ਫੌਜ ਵਿੱਚ ਨੇ, ਉਹਨਾਂ ਨੂੰ ਤਸੀਹੇ ਦਿੰਦੇ ਨੇ ਤੇ ਰੁੱਖਾਂ ਨਾਲ ਬੰਨ੍ਹ ਕੇ ਲਟਕਾ ਛੱਡਦੇ ਨੇ। ਸਾਡੀਆਂ ਕੁਝ ਟੁਕੜੀਆਂ ਏਕਾਰਟਰੀਨੇਡਾਰ ਵੱਲ ਲੜਦੀਆਂ ਅੱਗੇ ਜਾ ਰਹੀਆਂ ਨੇ, ਕੁਝ ਸਮੁੰਦਰ ਵੱਲ ਤੇ ਕੁਝ ਰੋਸਤੋਵ ਵੱਲ, ਪਰ ਕਸਾਕ ਤਲਵਾਰਾਂ ਉਹਨਾਂ ਦਾ ਮੂਲੀ ਕੁਤਰਾ ਕਰ ਛੱਡਦੀਆਂ ਨੇ।"
ਉਹ ਫਿਰ ਖ਼ਾਮੋਸ਼ ਹੋ ਗਿਆ। ਉਸ ਦਾ ਸਿਰ ਆਪਣੇ ਪੁੱਤਰ ਦੀ ਲੋਥ ਉੱਤੇ ਝੁਕਿਆ ਰਿਹਾ। ਇਸ ਚੁੱਪ ਸ਼ਾਂਤੀ ਵਿੱਚ ਸਭ ਦੀਆਂ ਅੱਖਾਂ ਉਸ 'ਤੇ ਟਿਕੀਆਂ ਹੋਈਆਂ ਸਨ।
ਉਹ ਪਿੱਛੇ ਹਟਿਆ ਤੇ ਆਪਣੇ ਹੱਥਾਂ ਨੂੰ ਮਰੋੜਦਾ ਘੋੜੇ ਦੀਆਂ ਵਾਗਾਂ ਫੜ ਕੇ ਉੱਤੇ ਜਾ ਬੈਠਾ। ਘੋੜੇ ਦੀਆਂ ਵੱਖੀਆਂ ਤੋਂ ਹਾਲਾਂ ਵੀ ਕੋਸੀ ਕੋਸੀ ਝੱਗ ਭੋਇੰ ਡਿੱਗ ਰਹੀ ਸੀ ਤੇ ਉਸ ਦੀਆਂ ਛਿੱਲੀਆਂ ਨਾਸਾਂ ਵਿੱਚੋਂ ਲਹੂ ਸਿਮ ਰਿਹਾ ਸੀ।
“ਪਾਵਲੋ, ਸ਼ੁਦਾਈ ਤਾਂ ਨਹੀਂ ਹੋ ਗਿਆ- ਜਾ ਕਿਧਰ ਰਿਹਾ ਏਂ ?"
"ਠਹਿਰ ਪਾਵਲੋ- ਗੱਲ ਸੁਣ।"
"ਨਾ ਜਾਣ ਦਿਓ ਏਸ ਨੂੰ ।"
ਪਰ ਪਾਵਲੋ ਨੇ ਘੋੜੇ ਨੂੰ ਚਾਬਕਾਂ ਮਾਰੀਆਂ ਤੇ ਉਹ ਆਪਣੇ ਕੰਨ ਪਿੱਛੇ ਕਰੀ ਹਵਾ ਨਾਲ ਗੱਲਾਂ ਕਰਨ ਲੱਗ ਪਿਆ। ਦੂਰ ਦੂਰ ਫੈਲੀ ਸਟੈਪੀ ਵਿੱਚ ਪੌਣ ਚੱਕੀਆਂ ਦੇ ਪਰਛਾਵੇਂ, ਜਿਉਂ ਉਸ ਦੇ ਪਿੱਛੇ ਪਿੱਛੇ ਨੱਸੀ ਜਾ ਰਹੇ ਸਨ।
"ਫਜ਼ੂਲ ਮੌਤ ਦੇ ਮੂੰਹ ਵਿੱਚ ਜਾ ਰਿਹਾ ਏਂ।"
“ਪਰ ਉਸ ਦਾ ਬਾਕੀ ਪਰਵਾਰ ਉੱਥੇ ਹੈ ਤੇ ਉਸ ਦੇ ਮੋਏ ਪੁੱਤਰ ਦੀ ਲਾਸ਼ ਇੱਥੇ।"
ਫ਼ੌਲਾਦੀ ਜਬਾੜਿਆਂ ਵਾਲਾ ਬੰਦਾ ਸੋਚੀਂ ਪਿਆ ਹੋਇਆ ਸੀ। ਉਸ ਬੜੀ ਹੌਲੀ ਜਿਹੇ ਆਖਿਆ:
"ਤੁਸਾਂ ਉਹ ਵੇਖਿਆ ਸੀ ?''
ਭੀੜ ਨੇ ਬੜੀ ਗੰਭੀਰਤਾ ਨਾਲ ਉੱਤਰ ਦਿੱਤਾ:
"ਅਸੀਂ ਅੰਨ੍ਹੇ ਤਾਂ ਨਹੀਂ।"
“ਸੁਣਿਆ ਸਾ ਜੇ, ਉਹ ਕੀ ਆਖਦਾ ਸੀ ?"
ਉਹਨਾਂ ਪਹਿਲਾਂ ਵਾਲੀ ਗੰਭੀਰਤਾ ਨਾਲ ਆਖਿਆ:
"ਅਸਾਂ ਸੁਣ ਲਿਆ ਏ, ਜੋ ਉਹ ਆਖਦਾ ਸੀ।"
ਫ਼ੌਲਾਦੀ ਜਬੜੇ ਵਾਲਾ ਇੱਕੋ ਸਾਹ ਬੋਲਣ ਲੱਗ ਪਿਆ:
“ਸਾਥੀਓ, ਸਾਡੇ ਵਾਸਤੇ ਕਿਤੇ ਕੋਈ ਥਾਂ ਨਹੀਂ ਰਹੀ। ਸਾਡੇ ਅੱਗੇ ਸਾਡੇ ਪਿੱਛੇ ਮੌਤ ਉਡੀਕ ਰਹੀ ਹੈ। ਉਹ ਜਿਹੜੇ ਪਰ੍ਹੇ ਦਿੱਸ ਰਹੇ ਜੇ ਨਾ।"- ਉਸ ਦੂਰ ਕਸਾਕਾਂ ਦੀਆਂ
ਗੁਲਾਬੀ ਭਾਹ ਮਾਰਦੀਆਂ ਝੁੱਗੀਆਂ ਤੇ ਅਣਗਿਣਤ ਵਾੜੀਆਂ ਤੇ ਲੰਮੇ ਲੰਮੇ ਪਿੱਪਲਾਂ ਦੇ ਪਰਛਾਵਿਆਂ ਵੱਲ ਇਸ਼ਾਰਾ ਕਰਦਿਆਂ ਆਖਿਆ, "ਉਹ ਸ਼ਾਇਦ, ਅੱਜ ਰਾਤ ਹੀ ਸਾਡੇ ਸਾਰਿਆਂ ਦੇ ਗਲੇ ਲਾਹ ਛੱਡਣ ਦੀ ਸੋਚ ਰਹੇ ਹੋਣ ਤੇ ਫਿਰ ਵੀ ਸਾਡੀ ਦੇਖ ਭਾਲ ਕਰਨ ਵਾਲਾ ਜਾਂ ਹਿਫ਼ਾਜਤ ਕਰਨ ਵਾਲਾ ਇੱਕ ਵੀ ਕੋਈ ਨਹੀਂ। ਸਾਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ, ਪਰ ਕਿੱਧਰ ? ਸਭ ਤੋਂ ਪਹਿਲਾਂ ਸਾਨੂੰ ਆਪਣੀ ਫ਼ੌਜ ਨੂੰ ਨਵੇਂ ਸਿਰਿਉਂ ਜਥੇਬੰਦ ਕਰਨਾ ਚਾਹੀਦਾ ਹੈ। ਆਪਣੇ ਕਮਾਂਡਰ ਚੁਣ ਲੈਣੇ ਚਾਹੀਦੇ ਹਨ। ਪਰ ਐਤਕਾਂ ਇਹ ਕੰਮ ਪੱਕਾ ਹੋਣਾ ਚਾਹੀਦਾ ਹੈ। ਜਿਸ ਨੂੰ ਵੀ ਅਸੀਂ ਚੁਣੀਏ, ਉਸ ਨੂੰ ਸਾਡੀ ਜਾਨ ਤੇ ਮੌਤ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ। ਲੋਹੇ ਵਰਗਾ ਪੱਕਾ ਜ਼ਬਤ ਹੋਣਾ ਚਾਹੀਦਾ ਹੈ। ਬਸ ਇਸੇ ਨਾਲ ਹੀ ਸਾਡਾ ਬਚਾਅ ਹੋ ਸਕਦਾ ਹੈ। ਅਸੀਂ ਲੜਦੇ ਲੜਦੇ ਆਪਣੇ ਮੁੱਖ ਦਸਤਿਆਂ ਨਾਲ ਜਾ ਰਲਾਂਗੇ। ਫਿਰ ਰੂਸ ਵੱਲੋਂ ਵੀ ਸਾਡੀ ਮਦਦ ਲਈ ਹੱਥ ਅੱਗੇ ਵੱਧ ਆਉਣਗੇ। ਰਜ਼ਾਮੰਦ ਹੋ ਫਿਰ ਤੁਸੀਂ ?"
ਵਾੜੀਆਂ, ਝੁੱਗੀਆਂ, ਗਲੀਆਂ, ਛਕੜਿਆਂ ਤੇ ਦੂਰ ਦੂਰ ਤੀਕ ਫੈਲੇ ਦਰਿਆ ਵਿੱਚੋਂ ਜਿਉਂ ਇੱਕ ਗੂੰਜ ਉੱਠੀ, "ਰਜ਼ਾਮੰਦ ਹਾਂ।"
"ਠੀਕ ਏ। ਆਉ, ਝੱਟ ਚੋਣ ਕਰ ਲਈਏ। ਉਸ ਤੋਂ ਮਗਰੋਂ ਅਸੀਂ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਨਵੇਂ ਸਿਰਿਉਂ ਵਿਉਂਤਬੰਦ ਕਰ ਲਵਾਂਗੇ । ਲੜਾਕੂ ਦਸਤਿਆਂ ਨਾਲ ਸਾਜੋਸਾਮਾਨ ਢੋਣ ਵਾਲੀਆਂ ਗੱਡੀਆਂ ਵੱਖਰੀਆਂ ਕਰ ਦੇਣੀਆਂ ਚਾਹੀਦੀਆਂ ਨੇ। ਹਰ ਇੱਕ ਯੂਨਿਟ ਦਾ ਅੱਡ ਕਮਾਂਡਰ ਹੋਣਾ ਚਾਹੀਦਾ ਹੈ।"
"ਬਿਲਕੁਲ ਠੀਕ !" ਇੱਕ ਉੱਚੀ ਆਵਾਜ਼ ਸਾਰੀ ਸਟੈਪੀ ਵਿੱਚ ਫੈਲ ਗਈ।
ਲੋਕਾਂ ਦੀ ਹੂ-ਹਾ ਵਿੱਚੋਂ ਇੱਕ ਬੁੱਢੇ ਆਦਮੀ ਦੀ ਜ਼ਰਾ ਭਾਰੀ ਆਵਾਜ਼ ਉਭਰੀ।
"ਪਰ ਅਸੀਂ ਜਾਵਾਂਗੇ ਕਿੱਧਰ ਤੇ ਇਸ ਨਾਲ ਬਣੇਗਾ ਕੀ? ਅਸੀਂ ਤਬਾਹ ਹੋਏ ਲੋਕ ਹਾਂ। ਘਰ ਘਾਟ, ਪਸ਼ੂ, ਖੇਤੀ ਸਭ ਛੱਡ ਆਏ ਹਾਂ।"
ਇਹ ਇਉਂ ਸੀ, ਜਿਉਂ ਕਿਸੇ ਛੱਪੜ ਵਿੱਚ ਵੱਟਾ ਕੱਢ ਮਾਰਿਆ ਹੋਵੇ। ਲੋਕਾਂ ਵਿੱਚ ਇੰਝ ਘੁਰ ਘੁਰ ਹੋਣ ਲੱਗ ਪਈ, ਜਿਉਂ ਖਲ੍ਹਤੇ ਪਾਣੀ ਵਿੱਚ ਵੱਟ ਪੈਣ ਲੱਗ ਪਏ ਹੋਣ।
"ਜਾਵਾਂਗੇ ਕਿੱਥੇ ? ਪੈਰਾਂ ਉੱਤੇ ਵਾਪਸ? ਕੀ ਤੇਰੀ ਸਲਾਹ ਏ ਕਿ ਸਾਰੇ ਵੱਢੇ ਜਾਈਏ ?"
ਸਿੱਧ ਸਰੂਪੇ ਬੁੱਢੇ ਆਦਮੀ ਨੇ ਜਵਾਬ ਦਿੱਤਾ:
"ਉਹ ਸਾਨੂੰ ਵੱਢ ਕਿਉਂ ਦੇਣਗੇ, ਜੇ ਅਸੀਂ ਆਪਣੇ ਆਪ ਹਥਿਆਰ ਰੱਖ ਕੇ ਚਲੇ ਜਾਈਏ ਤਾਂ ? ਉਹ ਜੰਗਲੀ ਜਾਨਵਰ ਤਾਂ ਨਹੀਂ। ਪੰਜਾਹ ਦੇ ਪੰਜਾਹ ਮੋਰਕੂਸ਼ਿਨਸਕੀ ਕਿਰਸਾਨਾਂ ਨੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਏ - ਰਫ਼ਲਾਂ, ਗੱਡੀਆਂ, ਹਥਿਆਰ ਸਭ ਧਰ ਦਿੱਤੇ ਨੇ ਇੱਕ ਪਾਸੇ। ਕਸਾਕਾਂ ਨੇ ਉਹਨਾਂ ਵਿੱਚੋਂ ਕਿਸੇ ਦੇ ਵਾਲਾਂ ਨੂੰ ਵੀ ਹੱਥ ਨਹੀਂ ਲਾਇਆ। ਅੱਜ ਉਹ ਕਿਰਸਾਨ ਆਪਣੀ ਵਾਹੀ ਕਰਨ ਲੱਗੇ ਹੋਏ ਨੇ।"
“ਪਰ ਉਹ ਤਾਂ ਜ਼ਿਮੀਂਦਾਰ ਸਨ।"
ਸਭ ਅੱਖਾਂ ਕੱਢ ਕੇ ਗੁੱਸੇ ਦੇ ਭਰੇ, ਮੁੱਕੇ ਉੱਘਰਦੇ ਤੇ ਗਾਲ੍ਹਾਂ ਕੱਢਦੇ, ਉਸ ਦੀ ਛਾਤੀ ਉੱਤੇ ਚੜ੍ਹ ਗਏ।
"ਤੇਰੀ ਕੁੱਤੀ ਦੇ ਪੁੱਤ ਦੀ ।"
"ਕੁੱਤਿਆਂ ਨੇ ਸਾਨੂੰ ਛੱਡਣਾ ਫਿਰ ਵੀ ਨਹੀਂ।"
“ਵਾਹੀ ਕੀਹਦੇ ਲਈ ਕਰੀਏ ?" ਜ਼ਨਾਨੀਆਂ ਚੀਖੀਆਂ। "ਕਸਾਕਾਂ ਤੇ ਅਫਸਰਾਂ ਲਈ।”
"ਫਿਰ ਮੁੜ ਕੇ ਗੁਲਾਮ ਬਣਨਾ ਚਾਹੁੰਦੇ ਹੋ ?"
“ਉਸ ਦੀ ਮਰਜ਼ੀ ਹੋਣੀ ਏ, ਕਸਾਕ ਸਾਡੀ ਖੱਲ ਉਧੇੜਨ। ਉਸ ਦੀ ਸਲਾਹ ਹੈ, ਅਸੀਂ ਅਫਸਰਾਂ ਤੇ ਜਰਨੈਲਾਂ ਦੇ ਜੂਠੇ ਭਾਂਡੇ ਮਾਂਜੀਏ।"
"ਅੱਖੋਂ ਦੂਰ ਹੋ ਜਾ ਗ਼ੱਦਾਰਾ ਆਪਣੀ ਜਾਨ ਲੈ ਕੇ ।"
"ਭੋਹ ਖੱਲ ਭਰੇ ਸਹੁਰੇ ਦੀ। ਆਪਣੇ ਸਾਕ ਸੈਨਾ ਨੂੰ ਹੀ ਵੇਖਣ ਲਈ ਤਿਆਰ ਹੈ।"
ਬਜ਼ੁਰਗ ਫੇਰ ਬੋਲਿਆ:
"ਧਿਆਨ ਨਾਲ ਮੇਰੀ ਗੱਲ ਸੁਣ ਓਏ, ਭੌਂਕੀ ਹੀ ਨਾ ਜਾਓ ਸਾਰੇ।"
“ਚੁੱਪ ਕਰ ਬੁੱਢਿਆ, ਪਾਟੇ ਛਿੱਤਰ ਵਾਂਗ ਵਧੀ ਜਾ ਰਿਹਾ ਏਂ।"
ਗੁੱਸੇ ਦੇ ਭਰੇ ਪੀਤੇ, ਲਾਲ ਲਾਲ ਅੱਖਾਂ ਕੱਢੀ ਤੇ ਹਰੇ ਮੁੱਕੇ ਚੁੱਕੀ, ਸਭ ਇੱਕ ਦੂਜੇ ਵੱਲ ਘੂਰਨ ਲੱਗ ਪਏ। ਇੱਕ ਮੁੱਕਾ ਕਿਸੇ ਜੜ੍ਹ ਵੀ ਦਿੱਤਾ ਸੀ। ਸਭ ਇੱਕ ਦੇ ਪਿੱਛੇ ਇੱਕ ਲੱਗੇ, ਉਸ ਨੂੰ ਪਿੰਡ ਵੱਲ ਭਜਾਈ ਜਾ ਰਹੇ ਸਨ।
"ਚੁੱਪ ਹੋ ਜਾਓ, ਭਰਾਵੋ ।"
“ਮਾਫ ਕਰੋ... ਮੈਨੂੰ ਕਿੱਧਰ ਧੂਹ ਲੈ ਚੱਲੇ ਓ? ਜਾਣ ਦਿਓ ਗੁੱਸੇ ਨੂੰ ਮੈਨੂੰ ਕਣਕ ਦੀ ਬੋਰੀ ਵਾਂਗ ਕਿਉਂ ਘਸੀਟੀ ਜਾ ਰਹੇ ਹੋ।"
ਫ਼ੌਲਾਦੀ ਜਬੜੇ ਵਾਲਾ ਬੰਦਾ ਅੱਗੇ ਵੱਧ ਆਇਆ।
“ਸਾਥੀਓ, ਬਥੇਰੀ ਹੋ ਗਈ ਏ ਏਸ ਨਾਲ । ਹੁਣ ਜਾਣ ਦਿਓ ਇਸ ਨੂੰ। ਸਾਨੂੰ ਹੁਣ ਆਪਣੇ ਕੰਮ ਵਿੱਚ ਜੁੱਟਣਾ ਚਾਹੀਦਾ ਹੈ । ਅਸਾਂ ਇੱਕ ਕਮਾਂਡਰ ਦੀ ਚੋਣ ਕਰਨੀ ਹੈ। ਫਿਰ ਉਸ ਨੂੰ ਆਪਣੇ ਲਈ ਬੰਦੇ ਚੁਣਨੇ ਹੋਣਗੇ। ਤੁਹਾਡੀ ਚੋਣ ਕਿਸ ਦੀ ਹੈ ?"
ਝੱਟ ਕੁ ਲਈ ਬਿਲਕੁਲ ਖ਼ਾਮੋਸ਼ੀ ਛਾ ਗਈ। ਚਾਰੇ ਪਾਸੇ ਬਿਲਕੁਲ ਚੁੱਪ ਚਾਂ ਵਰਤੀ ਹੋਈ ਸੀ। ਫਿਰ ਇੱਕ ਵੇਰ ਸਾਰਿਆਂ ਦੇ ਹੱਥ ਉੱਪਰ ਚੁੱਕੇ ਗਏ ਤੇ ਇੱਕ ਨਾਂ ਸੁਣਿਆ ਗਿਆ। ਇਸ ਨਾਂ ਦੀ ਗੂੰਜ ਸਾਰੀ ਸਟੈਪੀ ਦੀਆਂ ਵਾੜੀਆਂ ਤੇ ਦਰਿਆ ਦੇ ਨਾਲ ਨਾਲ ਫੈਲਦੀ ਚਲੀ ਗਈ।
"ਕੋ-ਜੂ-ਖ!"
ਇਹੀ ਆਵਾਜ਼ ਪਰਤ ਕੇ ਪਹਾੜਾਂ ਵੱਲੋਂ ਮੁੜ ਆਈ।
"ਊਖ।"
ਕੋਜ਼ੂਖ ਨੇ ਆਪਣੇ ਫ਼ੌਲਾਦੀ ਜਬੜੇ ਘੁੱਟ ਲਏ ਤੇ ਭੀੜ ਨੂੰ ਸਲਾਮ ਆਖਦਾ ਉਸ ਦਾ ਹੱਥ ਚੁੱਕਿਆ ਗਿਆ। ਉਸ ਦਾ ਚਿਹਰਾ ਤਣਿਆ ਗਿਆ। ਉਹ ਦੋਹਾਂ ਲਾਸ਼ਾਂ ਕੋਲ ਪੁੱਜਾ ਤੇ ਆਪਣੇ ਸਿਰ ਤੋਂ ਭਿੱਜਿਆ ਕਾਨਿਆਂ ਦਾ ਟੋਪ ਲਾਹ ਦਿੱਤਾ। ਉਸ ਦੇ ਮਗਰ ਮਗਰ ਭੀੜ ਨੇ ਵੀ ਆਪਣੇ ਸਿਰ ਨੰਗੇ ਕਰ ਦਿੱਤੇ। ਤੀਵੀਆਂ ਰੋਣ ਲੱਗ ਪਈਆਂ । ਕਖ ਝੱਟ ਕੁ ਲਈ, ਆਪਣਾ ਸਿਰ ਝੁਕਾਈ ਖਲੋਤਾ ਰਿਹਾ।
"ਚਲੋ ਹੁਣ ਆਪਣੇ ਸਾਥੀਆਂ ਨੂੰ ਸਨਮਾਨ ਨਾਲ ਮਿੱਟੀ ਹਵਾਲੇ ਕਰ ਦਈਏ। ਚੁੱਕ ਲਓ ਇਹਨਾਂ ਨੂੰ ।"
ਜ਼ਮੀਨ ਉੱਤੇ ਦੇ ਫੌਜੀ ਕੋਟ ਵਿਛਾ ਦਿੱਤੇ ਗਏ। ਮਲਾਹ ਦੀ ਰਿਬਨਾਂ ਵਾਲੀ ਟੋਪੀ ਵਾਲਾ ਲੰਮਾ ਜਵਾਨ ਬਟਾਲੀਅਨ ਕਮਾਂਡਰ ਦੀ ਲੋਥ ਵੱਲ ਵਧਿਆ, ਜਿਸ ਦੀ ਵਰਦੀ ਉੱਤੇ ਲਹੂ ਦੇ ਨਿਸ਼ਾਨ ਉੱਘੜੇ ਹੋਏ ਸਨ। ਉਹ ਚੁੱਪ ਚਾਪ ਦੇਹ ਉੱਤੇ ਝੁਕਿਆ ਤੇ ਬੜੀ ਸਾਵਧਾਨੀ ਨਾਲ ਮਤੇ ਮ੍ਰਿਤਕ ਨੂੰ ਕੋਈ ਚੈਟ ਲੱਗ ਜਾਵੇ, ਆਪਣੇ ਕਲਾਵੇ ਵਿੱਚ ਚੁੱਕ ਲਿਆ। ਹੋਰਨਾਂ ਨੇ ਓਖਰੀਮ ਦੀ ਦੇਹ ਨੂੰ ਜ਼ਮੀਨ ਤੋਂ ਚੁੱਕ ਲਿਆ ਤੇ ਦੋਵੇਂ ਦੇਹਾਂ ਚੁੱਕੀ ਲੋਕ ਉੱਥੋਂ ਟੁਰ ਪਏ।
ਭੀੜ ਨੇ ਲੰਘਣ ਲਈ ਵਿੱਚੋਂ ਰਾਹ ਦੇ ਦਿੱਤਾ ਫਿਰ ਨੰਗੇ ਸਿਰਾਂ ਦਾ ਜਲੂਸ ਹੌਲੀ ਹੌਲੀ ਪਿੱਛੇ ਟੁਰਨ ਲੱਗ ਪਿਆ। ਇੱਕ ਦੂਜੇ ਦੇ ਪਰਛਾਵਿਆਂ ਉੱਤੇ ਪੈਰ ਧਰਦੇ ਲੋਕੀਂ ਟੁਰੀ ਜਾ ਰਹੇ ਸਨ।
ਕਿਸੇ ਗੱਭਰੂ ਦੀ ਬੜੀ ਕਰੁਣਾ ਮਈ ਸੁਰ, ਉੱਚੀ ਉੱਚੀ ਨਿਕਲ ਰਹੀ ਸੀ:
"ਵੀਰ ਸਾਡਿਓ, ਲੜ ਮਰੇ ਤੁਸੀਂ ਲੜ੍ਹਦੇ ਅੰਤਲੇ ਸਵਾਸਾਂ ਤੀਕ।"
ਫਿਰ ਪਿੱਛੇ ਪਿੱਛੇ ਕਈ ਖਹੁਰੀਆਂ ਬੇਸੁਰੀਆਂ ਆਵਾਜ਼ਾਂ ਨੇ ਇਹੀ ਤੱਕ ਦੁਹਰਾ ਦਿੱਤੀ।
"ਜ਼ਾਲਮਾਂ ਨੇ ਮਾਰ ਦਿੱਤੇ ਸਾਡੇ ਸੂਰਮੇ... !"
ਭਾਵੇਂ ਭੀੜ ਦੀ ਆਵਾਜ਼ ਬੇਸੁਰੀ ਸੀ, ਫਿਰ ਵੀ ਸੁਣਨ ਵਾਲ਼ੇ ਦੀ ਛਾਤੀ ਵਿੱਚ ਚੀਰ ਪੈਂਦਾ ਸੀ। ਸਟੈਪੀ ਦੀ ਸਾਰੀ ਹਵਾ ਜਿਉਂ ਚੀਖਾਂ ਮਾਰ ਰਹੀ ਸੀ। ਇਸ ਮਾਤਮੀ ਜਲੂਸ ਨੂੰ ਝੁੱਗੀਆਂ, ਵਾੜੀਆਂ ਤੇ ਗਲੀਆਂ ਦੇ ਕੱਖ, ਕੋਲੋਂ ਦੇਹਾਂ ਚੁੱਕੀ ਲੰਘਦਿਆਂ ਨੂੰ ਹੰਝੂਆਂ ਭਿੱਜੀਆਂ ਅੱਖਾਂ ਨਾਲ ਤੱਕੀ ਜਾ ਰਹੇ ਸਨ, ਜਿਉਂ ਇਹ ਉਹੀ ਮਿੱਟੀ ਸੀ ਜਿੱਥੇ ਇਹ ਜੰਮੇ ਸਨ, ਖੇਡੇ ਸਨ ਤੇ ਵੱਡੇ ਹੋਏ ਸਨ।
ਪਹਾੜਾਂ ਦੀ ਕਲਿੱਤਣ ਹੋਰ ਡੂੰਘੀ ਹੋ ਗਈ।
ਦਾਦੀ ਮਾਂ ਗੋਰਪੀਨਾ, ਜਿਸ ਆਪਣੀ ਹੱਡਲ ਬਾਂਹ ਕਈ ਬਾਂਹਾਂ ਦੇ ਜੰਗਲ ਵਿੱਚੋਂ ਉੱਪਰ ਕੀਤੀ ਸੀ, ਆਪਣੀ ਲੀਰੋ ਲੀਰ ਮੈਲੀ ਕਮੀਜ਼ ਨਾਲ, ਆਪਣਾ ਮੱਥਾ ਤੇ ਆਪਣੀਆਂ ਲਾਲ ਸੂਹੀਆਂ ਅੱਖਾਂ ਤੇ ਚਿਹਰਾ ਪੂੰਝਦੀ ਜਾ ਰਹੀ ਸੀ। ਉਸ ਦੇ ਚਿਹਰੇ ਦੀ ਇੱਕ ਇੱਕ ਤਰੇੜ ਵਿੱਚ ਦੁੱਖ ਤੇ ਘੱਟੇ ਦੀ ਤਹਿ ਜੰਮੀ ਹੋਈ ਸੀ। ਡਸਕੋਰਿਆਂ ਵੱਸ ਪਈ ਉਹ ਕਈ ਵੇਰ ਆਪਣੀ ਛਾਤੀ ਉੱਤੇ ਦੁਹਾਂ ਹੱਥਾਂ ਨੂੰ ਕਾਸ ਕਰ ਲੈਂਦੀ ਤੇ ਉਸਦੇ ਹੇਂਠ ਫਰਕਦੇ:
"ਹੇ ਸਦਾ ਹਾਜ਼ਰ ਨਾਜ਼ਰ ਰਹਿਣ ਵਾਲੇ ਖੁਦਾ..... ਸਾਡੇ ਉੱਤੇ ਕਰਮ ਕਰੋ.... ਮਿਹਰ
ਦੀ ਨਜ਼ਰ ਕਰੋ ।"
ਜਜ਼ਬਾਤਾਂ ਵਿੱਚ ਡੁੱਬੀਆਂ ਅੱਖਾਂ ਜਲ ਥਲ ਹੋ ਗਈਆਂ ਤੇ ਕਈ ਵੇਰ, ਆਪਣੀ ਕਮੀਜ਼ ਵਿੱਚ ਉਸ ਆਪਣਾ ਨਮ ਮੂੰਹ ਛੁਪਾ ਲਿਆ।
ਸਿਪਾਹੀ ਪੈਰ ਨਾਲ ਪੈਰ ਮੇਲਦੇ ਟੁਰੀ ਜਾ ਰਹੇ ਸਨ । ਚਿਹਰਿਆਂ ਉੱਤੇ ਸੰਜੀਦਗੀ ਤਣੀ ਹੋਈ ਸੀ। ਹੱਥਾਂ ਵਿੱਚ ਕਾਲੀਆਂ ਸੰਗੀਨਾਂ ਫੜੀ ਕਤਾਰਾਂ ਝੁਲਦੀਆਂ ਜਾ ਰਹੀਆਂ ਸਨ।
".. ਆਪਣੇ ਪਿਆਰੇ ਵਤਨੀਆਂ ਲਈ ਸੂਰਮੇ ਜਾਨਾਂ ਵਾਰ ਗਏ...!"
ਪੇਤਲੀ ਪੇਤਲੀ ਧੂੜ, ਜੋ ਤ੍ਰਿਕਾਲਾਂ ਢਲੇ ਸ਼ਾਂਤ ਪਈ ਹੋਈ ਸੀ, ਫਿਰ ਉੱਠ ਖਲ੍ਹਤੀ ਤੇ ਚਾਰੇ ਪਾਸੇ ਗੁਬਾਰ ਜਿਹਾ ਛਾ ਗਿਆ।
ਹੁਣ ਕਿਸੇ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਬਸ ਸਿਰਫ਼ ਕਈ ਪੈਰਾਂ ਦੇ ਟੁਰਨ ਦੀ ਆਵਾਜ਼ ਆ ਰਹੀ ਸੀ ਤੇ
“... ਤੇ ਕਾਲ ਕੋਠੜੀਆਂ ਵਿੱਚ ਤੁਸੀਂ ਉਮਰਾਂ ਗੁਜ਼ਾਰ ਗਏ..."
ਏਨਾਂ ਮਿੱਟੀ ਘੱਟਾ ਆਕਾਸ਼ ਵੱਲ ਉੱਡਦਾ ਜਾ ਰਿਹਾ ਸੀ ਕਿ ਨਿੱਕੇ ਨਿੱਕੇ ਤਾਰੇ ਵੀ ਅੱਖੋਂ ਉਹਲੇ ਹੋਏ ਪਏ ਸਨ।
ਲੱਕੜੀ ਦੇ ਕਾਸ ਕੁਝ ਭੁੰਜੇ ਡਿੱਗੇ ਹੋਏ ਸਨ ਤੇ ਕੁਝ ਟੇਢੇ ਹੋਏ ਪਏ ਸਨ । ਸੱਥਰ ਸਟੈਪੀ ਦੂਰ ਦੂਰ ਤੱਕ ਫੈਲੀ ਹੋਈ ਸੀ । ਝੱਟ ਇੱਕ ਉੱਲੂ ਉੱਡਦਾ ਲੰਘ ਗਿਆ। ਚਮਗਾਦੜ ਇੱਧਰ ਉੱਧਰ ਫੜ-ਫੜਾਂਦੇ ਉੱਡ ਗਏ। ਕਬਰਾਂ ਉੱਤੇ ਸੁਨਹਿਰੀ ਲਿਖਤਾਂ ਵਾਲੀਆਂ ਸੰਗਮਰਮਰ ਦੀਆਂ ਸਿਲਾਂ ਤਿਕਾਲਾਂ ਦੇ ਘੁਸਮੁਸੇ ਵਿੱਚ ਲਿਸ਼ਕ ਰਹੀਆਂ ਸਨ। ਇਹਨਾਂ ਵਿੱਚੋਂ ਕਈ ਸੌਖੇ ਰੱਜੇ ਪੁੱਜੇ ਕਸਾਕਾਂ ਤੇ ਧਨੀ ਸੌਦਾਗਰਾਂ ਦੀਆਂ ਕਬਰਾਂ ਸਨ ਤੇ ਹੋਰ ਕਈ ਅਜਿਹੀਆਂ ਜਾਨਾਂ ਸੁੱਤੀਆਂ ਪਈਆਂ ਸਨ ਜਿਨ੍ਹਾਂ ਉਤੇ ਰਵਾਇਤਾਂ ਦੀ ਧੂੜ ਜੰਮੀ ਪਈ ਸੀ। ਇਹਨਾਂ ਮਕਬਰਿਆਂ ਵਿੱਚੋਂ ਭੀੜ ਗਾਉਂਦੀ ਲੰਘ ਗਈ:
"ਜ਼ਾਲਮ ਸਦਾ ਹੀ ਨੀਂਦੇ ਸੁੱਤੇ ਰਹਿਣਗੇ,
ਤੇ ਲੋਕਾਂ ਦੇ ਜਾਏ ਮਿੱਟੀ ਝਾੜ ਕੇ,
ਇਕ ਦਿਨ ਜਾਗ ਪੈਣਗੇ...!"
ਕੋਲ਼ ਕੋਲ਼ ਦੇ ਕਬਰਾਂ ਪੁੱਟੀਆਂ ਗਈਆਂ। ਸੱਜਰੀ ਮਹਿਕ ਛੱਡਦੇ ਤਖਤਿਆਂ ਦੇ ਤਾਬੂਤ ਬਣਾਏ ਗਏ। ਇਹਨਾਂ ਵਿੱਚ ਦੇਹਾਂ ਰੱਖ ਦਿੱਤੀਆਂ ਗਈਆਂ।
ਕੋਜ਼ੂਖ ਸੱਜਰੀ ਪੁੱਟੀ ਮਿੱਟੀ ਦੇ ਢੇਰ ਉੱਪਰ ਜਾ ਚੜ੍ਹਿਆ ਤੇ ਆਪਣੇ ਸਿਰ ਤੋਂ ਹੋਟ ਲਾਹ ਲਿਆ।
"ਸਾਥੀਓ, ਅੱਜ ਸਾਡੇ ਸਾਥੀ ਸਾਥੋਂ ਵਿਛੜ ਗਏ ਹਨ ਤੇ ਸਾਨੂੰ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਇਸ 'ਚ ਰਤਾ ਸ਼ੱਕ ਨਹੀਂ ਕਿ ਉਹ ਆਪਣੀਆਂ ਜਾਨਾਂ ਸਾਡੇ ਲਈ ਵਾਰ ਗਏ। ਇਹੀ ਮੈਂ ਆਖਣਾ ਚਾਹੁੰਦਾ ਸਾਂ। ਉਹਨਾਂ ਕਿਸ ਅਰਥ ਆਪਣੀਆਂ ਜਾਨਾਂ ਦਿੱਤੀਆਂ ? ਸਾਥੀਓ, ਸੋਵੀਅਤ ਰੂਸ ਜਿਉਂਦਾ ਹੈ; ਤੇ ਇਹ ਸਦਾ ਜਿਉਂਦਾ ਰਹੇਗਾ। ਸਾਥੀਓ, ਇੱਥੇ ਅਸੀਂ ਇੱਕ ਪਿੰਜਰੇ ਵਿੱਚ ਫਸੇ ਹੋਏ ਹਾਂ। ਓਹ ਪਰੇ ਸੋਵੀਅਤ ਰੂਸ ਤੇ ਮਾਸਕੋ ਹੈ। ਅਖੀਰ ਜਿੱਤ ਰੂਸ
ਦੀ ਹੈ। ਰੂਸ, ਜਿੱਥੇ ਤਾਕਤ ਕਿਰਤੀਆਂ ਤੇ ਕਿਰਸਾਨਾਂ ਦੇ ਹੱਥ ਵਿੱਚ ਹੈ। ਉਹ ਸ਼ਕਤੀ ਹਰ ਗੱਲ ਦਾ ਆਪੇ ਫੈਸਲਾ ਕਰ ਲਵੇਗੀ। ਸਾਡੇ ਉੱਤੇ ਫੌਜੀਆਂ ਅਰਥਾਤ, ਜਰਨੈਲਾਂ, ਜ਼ਿਮੀਂਦਾਰਾਂ ਤੇ ਸਰਮਾਏਦਾਰਾਂ, ਲਹੂ ਪੀਣੇ ਲੁੱਚਿਆਂ ਦੇ ਹਮਲੇ ਹੋ ਰਹੇ ਹਨ। ਸਾਡੀ ਜੁੱਤੀ ਵੀ ਉਹਨਾਂ ਦੀ ਪਰਵਾਹ ਨਹੀਂ ਕਰਦੀ। ਅਸੀਂ ਕਦੇ ਵੀ ਹਾਰ ਨਹੀਂ ਮੰਨਾਂਗੇ। ਅਸੀਂ ਉਹਨਾਂ ਨੂੰ ਆਪਣੀ ਸ਼ਕਤੀ ਦੱਸਾਂਗੇ। ਸਾਥੀਓ, ਆਓ ਆਪਣੇ ਵਿਛੜੇ ਸਾਥੀਆਂ ਦੀਆਂ ਕਬਰਾਂ ਉੱਤੇ ਮਿੱਟੀ ਪਾਈਏ ਤੇ ਉਹਨਾਂ ਦੇ ਨਾਵਾਂ ਦੀ ਸਹੁੰ ਖਾਈਏ ਕਿ ਅਸੀਂ ਸੋਵੀਅਤਾਂ ਦੀ ਸ਼ਕਤੀ ਦੀ ਹਮਾਇਤ ਕਰਾਂਗੇ...।"
ਤਾਬੂਤ ਕਬਰ ਵਿੱਚ ਲਾਹ ਦਿੱਤੇ ਗਏ। ਦਾਦੀ ਮਾਂ ਗੋਰਪੀਨਾ ਆਪਣੇ ਮੂੰਹ ਅੱਗੇ ਹੱਥ ਧਰੀ ਫਿੱਸਣ ਲੱਗ ਪਈ ਤੇ ਫਿਰ ਹੰਝੂਆਂ ਝੜੀ ਲਾ ਦਿੱਤੀ। ਉਸ ਦੀਆਂ ਸਿਸਕੀਆਂ ਵਿੱਚ ਵਿੱਚ ਬੇਕਾਬੂ ਹੋ ਜਾਂਦੀਆਂ ਤੇ ਇਸ ਤਰ੍ਹਾਂ ਆਵਾਜ਼ ਨਿਕਲਣ ਲੱਗ ਪੈਂਦੀ, ਜਿਉਂ ਨਿੱਕਾ ਜਿਹਾ ਕਤੂਰਾ ਰੋ ਰਿਹਾ ਹੋਵੇ। ਇੱਕ ਦੋ ਹੋਰ ਤੀਵੀਂਆਂ ਡਸਕੋਰੇ ਭਰਨ ਲੱਗ ਪਈਆਂ। ਸਾਰਾ ਕਬਰਸਤਾਨ ਤੀਵੀਆਂ ਦੀਆਂ ਸੋਗੀ ਆਵਾਜ਼ਾਂ ਨਾਲ ਭਰ ਗਿਆ । ਉਹ ਝੁਕੀਆਂ ਹੋਈਆਂ, ਮੁੱਠੀਆਂ ਭਰ ਭਰ ਕਬਰ ਉੱਤੇ ਮਿੱਟੀ ਪਾਈ ਜਾ ਰਹੀਆਂ ਸਨ।
ਧਰਤੀ ਵਿੱਚ ਵੀ ਇੱਕ ਸੋਗਮਈ ਆਵਾਜ਼ ਨਿਕਲ ਰਹੀ ਸੀ।
ਇੱਕ ਆਦਮੀ ਨੇ ਕੋਜੂਖਦੇ ਕੰਨ ਵਿੱਚ ਕੋਈ ਗੱਲ ਕੀਤੀ:
"ਉਹਨਾਂ ਨੂੰ ਮੈਂ ਕਿੰਨੇ ਕਾਰਤੂਸ ਦੇਵਾਂ ?"
"ਪਰ ਇਹ ਥੋੜ੍ਹੇ ਨਾ ਹੋਣਗੇ।"
"ਸਾਡੇ ਕੋਲ ਕਾਰਤੂਸਾਂ ਦੀ ਥੁੜ੍ਹ ਹੈ, ਬੜੇ ਸਰਫ਼ੇ ਨਾਲ ਵਰਤਣੇ ਚਾਹੀਦੇ ਨੇ ।"
ਇਕ ਰੋਂਦ ਚਲਾਈ ਗਈ... ਦੂਜੀ ਫਿਰ ਤੀਜੀ... ਇੱਕ ਲਾਟ ਨਿਕਲੀ ਤੇ ਝੱਟ ਕੁ ਲਈ ਲੱਕੜ ਦੇ ਕ੍ਰਾਸ ਚਮਕ ਉੱਠੇ... ਮਿੱਟੀ ਪਾਂਦੇ ਬੇਲਚੇ ਲਿਸ਼ਕੇ.... ਮਾਤਮੀ ਚਿਹਰਿਆਂ ਉੱਤੇ ਲਿਸ਼ਕਾਰਾ ਪਿਆ ਤੇ ਚਾਰ ਚੁਫੇਰੇ ਚੁੱਪ ਚਾਂ ਵਰਤ ਗਈ। ਰਾਤ ਦੀ ਕਲਿੱਤਣ ਤੇ ਖ਼ਾਮੋਸ਼ੀ ਨੇ ਸਭ ਕੁਝ ਨੂੰ ਆਪਣੀ ਬੁੱਕਲ ਵਿੱਚ ਵਲ੍ਹੇਟ ਲਿਆ। ਸੱਜਰੀ ਕਬਰ ਦੀ ਮਿੱਟੀ ਦੀ ਕੋਸੀ ਕੋਸੀ ਮਹਿਕ ਸਾਰੇ ਵਾਤਾਵਰਣ ਵਿੱਚ ਖਿਲਰ ਗਈ..... ਦਰਿਆ ਦਾ ਪਾਣੀ ਮੱਠੀ ਮੱਠੀ ਚਾਲੇ ਰੁਮਕਦਾ ਗਿਆ ਤੇ ਪਰੇ ਖੜ੍ਹੋਤੇ ਕਾਲੇ ਪਹਾੜ, ਅਕਾਸ਼ ਦੀ ਛਾਤੀ ਨਾਲ ਲੱਗ ਕੇ ਖਾਮੋਸ਼ ਸੋ ਗਏ।
3
ਨਿੱਕੀਆਂ ਨਿੱਕੀਆਂ ਕਾਲੀਆਂ ਖਿੜਕੀਆਂ ਅੰਨ੍ਹੇਰੇ ਨੂੰ ਘੂਰਦੀਆਂ ਰਹੀਆਂ ਉਹਨਾਂ ਦੀ ਏਸ ਖਾਮੋਸ਼ੀ ਵਿੱਚ ਕੋਈ ਭਿਆਨਕ ਰਮਜ਼ ਛੁਪੀ ਜਾਪਦੀ ਸੀ।
ਤਿਪਾਈ ਉੱਤੇ ਪਈ ਟੀਨ ਦੀ ਬੱਤੀ ਵਿੱਚੋਂ ਕੰਬਦੇ ਕੰਬਦੇ ਗੋਲ਼ ਗੋਲ਼ ਧੂਏਂ ਦੇ ਛੱਲੇ
ਛੱਤ ਵੱਲ ਜਾ ਰਹੇ ਸਨ । ਤੰਮਾਕੂ ਦੇ ਧੂੰਏ ਨਾਲ ਹਵਾ ਬੋਝਲ ਹੋਈ ਪਈ ਸੀ। ਫ਼ਰਸ਼ ਉੱਤੇ ਇੱਕ ਅਜੀਬ ਨਮੂਨੇ ਵਾਲੀ ਧਾਰੀਦਾਰ ਦਰੀ, ਸਾਵੇ ਤੇ ਨੀਲੇ ਧੱਬਿਆਂ ਵਾਲੀ ਵਿਛੀ ਪਈ ਸੀ ਤੇ ਉੱਤੇ ਕਈ ਹੋਰ ਨਿਸ਼ਾਨ ਉਭਰੇ ਹੋਏ ਸਨ - ਅਸਲ ਵਿੱਚ ਇਹ ਕਾਕੇਸ਼ਸ ਦਾ ਨਕਸ਼ਾ ਸੀ।
ਕਮਾਂਡਰ ਪੇਟੀਆਂ ਤੋਂ ਬਗੈਰ ਕਮੀਜ਼ਾਂ ਪਾਈ, ਹੱਥਾਂ ਤੇ ਪੈਰਾਂ ਭਾਰ ਇਸ ਨਕਸ਼ੇ ਉੱਤੇ ਝੁਕੇ, ਬੜੇ ਗੌਰ ਨਾਲ ਵੇਖੀ ਜਾ ਰਹੇ ਸਨ। ਜਿਹੜੇ ਕਸ਼ ਲਾ ਰਹੇ ਸਨ ਉਹਨਾਂ ਨੂੰ ਇਸ ਗੱਲ ਦਾ ਬੜਾ ਧਿਆਨ ਸੀ ਕਿ ਸਵਾਹ ਹੇਠਾਂ ਨਾ ਝੜ ਜਾਵੇ। ਕੋਜੂਖ ਜਬੜੇ ਘੁਟੀ ਆਪਣੀਆਂ ਖੋਜੀ ਅੱਖਾਂ ਵਿੱਚ, ਦੂਰ ਦੁਰੇਡੇ ਕੁਝ ਤੱਕ ਰਿਹਾ ਸੀ। ਉਹ ਡੂੰਘੀਆਂ ਸੋਚਾਂ ਵਿੱਚ ਡੁੱਬਾ ਬੈਠਾ ਹੋਇਆ ਸੀ। ਤੰਮਾਕੂ ਦੇ ਧੂਏ ਵਿੱਚ ਸਭ ਘਿਰੇ ਬੈਠੇ ਸਨ।
ਕਾਲੀਆਂ ਖਿੜਕੀਆਂ ਵਿੱਚ ਵੱਗਦੇ ਦਰਿਆ ਦੀ ਭਿਆਨਕ ਆਵਾਜ਼ ਲਗਾਤਾਰ ਆ ਰਹੀ ਸੀ, ਜੋ ਦਿਨੇਂ ਅਕਸਰ ਕੰਨਾਂ ਵਿੱਚ ਨਹੀਂ ਪੈਂਦੀ।
ਭਾਵੇਂ ਇਸ ਤੇ ਨਾਲ ਵਾਲੀਆਂ ਝੁੱਗੀਆਂ ਦੇ ਵਾਸੀ, ਚਰੋਕਣੇ ਕੱਢ ਦਿੱਤੇ ਗਏ ਸਨ, ਪਰ ਸਾਰੇ ਬੜੀ ਸਾਵਧਾਨੀ ਨਾਲ, ਹੌਲੀ ਹੌਲੀ ਗੱਲਾਂ ਕਰ ਰਹੇ ਸਨ।
“ਇੱਥੇ ਤਾਂ ਸਾਡਾ ਬੇੜਾ ਗਰਕ ਹੋਇਆ ਪਿਆ ਹੈ। ਵੇਖਦੇ ਨਹੀਂ, ਕੋਈ ਗੱਲ ਮੰਨੀ ਹੀ ਨਹੀਂ ਜਾਂਦੀ ।"
"ਤੁਸੀਂ ਸਿਪਾਹੀਆਂ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਹੋ ?"
“ਫਿਰ ਤਾਂ ਉਹ ਵੀ ਤਬਾਹ ਹੀ ਹੋ ਜਾਣਗੇ - ਕਸਾਕ ਉਹਨਾਂ ਦੀਆਂ ਬੇਟੀਆਂ ਬੋਟੀਆਂ ਕਰ ਕੇ ਰੱਖ ਦੇਣਗੇ।"
"ਤਬਾਹੀ ਆਉਣ ਤੋਂ ਪਹਿਲਾਂ, ਉਹ ਇੱਥੋਂ ਹਿੱਲਣਗੇ ਵੀ ਨਹੀਂ।"
"ਤਬਾਹੀ ਆਉਣ ਵਿੱਚ ਹੁਣ ਕਸਰ ਹੀ ਕੀ ਰਹਿ ਗਈ ਏ - ਸਾਰੇ ਗੁਆਂਢ ਵਿੱਚ ਲਾਟਾਂ ਨਿਕਲ ਰਹੀਆਂ ਨੇ।"
“ਪਰ ਤੁਸੀਂ ਉਹਨਾਂ ਨੂੰ ਸਮਝਾ ਵੀ ਤਾਂ ਨਹੀਂ ਸਕਦੇ।"
"ਸਾਨੂੰ ਨੋਵੋਰੋਸੀਸਿਕ ਉੱਤੇ ਕਬਜ਼ਾ ਕਰ ਕੇ, ਅੱਗੋਂ ਵੇਖਣਾ ਚਾਹੀਦਾ ਹੈ।"
"ਨਵਰਸੀਸਿਕ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਹੈ ਇੱਕ ਸਾਫ ਸੁਥਰੀ ਮੁੰਨੀ ਦਾਹੜੀ ਤੇ ਚਿੱਟੀ ਦੁੱਧ ਕਮੀਜ਼ ਵਾਲੇ ਗੱਭਰੂ ਨੇ ਆਖਿਆ। "ਮੈਨੂੰ ਸਾਥੀ ਸਕੋਰ ਨਇਆਨ ਕੋਲੋਂ ਇੱਕ ਖਬਰ ਮਿਲੀ ਹੈ। ਉੱਥੇ ਸਭ ਹੇਠਲੀ ਉੱਪਰ ਹੋਈ ਪਈ ਹੈ: ਜਰਮਨ, ਤੁਰਕ, ਮੈਨਸ਼ਵਿਕ, ਸਮਾਜਵਾਦੀ ਇਨਕਲਾਬੀ, ਬਾਲਸੈਨਕ ਤੇ ਸਾਡੀ ਇਨਕਲਾਬੀ ਕਮੇਟੀ... ਸਭ ਮੀਟਿੰਗਾਂ ਸੱਦਦੇ ਨੇ, ਸਭ ਬਹਿਸਾਂ ਕਰਦੇ ਨੇ ਤੇ ਖਹਿਬੜਦੇ ਨੇ, ਨਾ ਮੁੱਕਣ ਵਾਲੀਆਂ ਕਾਨਫਰੰਸਾਂ ਬੁਲਾਂਦੇ ਨੇ, ਹਾਲਾਤ ਤੋਂ ਨਿਬੜਨ ਲਈ ਹਜ਼ਾਰਾਂ ਤਜਵੀਜ਼ਾਂ ਬਣਾਂਦੇ ਨੇ ਤੇ ਸਭ ਬੇਕਾਰ ਹੋ ਕੇ ਰਹਿ ਜਾਂਦਾ ਹੈ। ਫੌਜ ਨੂੰ ਉੱਥੇ ਲੈ ਜਾਣਾ ਇਸ ਦੀ ਬਰਬਾਦੀ ਨੂੰ ਸੱਦਾ ਦੇਣਾ ਹੈ।"
ਦਰਿਆ ਦੀ ਗੜ੍ਹਕਦੀ ਆਵਾਜ਼ ਵਿੱਚੋਂ ਇੱਕ ਪਿਸਤੌਲ ਚੱਲਣ ਦੀ ਆਵਾਜ਼ ਆਈ। ਆਵਾਜ਼ ਭਾਵੇਂ ਮੱਧਮ ਸੀ, ਪਰ ਸਾਫ਼ ਸੀ । ਕਾਲੀਆਂ ਖਿੜਕੀਆਂ, ਜਿਉਂ ਬਿੜਕਾਂ ਲੈਂਦੀਆਂ ਆਖ ਰਹੀਆਂ ਹੋਣ, "ਸ਼ੁਰੂ ਹੋ ਗਿਆ ਹੈ।"
ਕਮਰੇ ਵਿੱਚ ਬੈਠੇ ਬੰਦਿਆਂ ਨੇ ਝੱਟ ਕੰਨ ਚੁੱਕ ਲਏ, ਪਰ ਉੱਪਰੋਂ ਲਾਪਰਵਾਹੀ ਦਿਖਾਉਂਦੇ, ਸਿਗਰਟ ਦੇ ਧੂਏਂ ਛੱਡਦੇ, ਸਾਹਮਣੇ ਪਏ ਨਕਸ਼ੇ ਦੀਆਂ ਲੀਕਾਂ ਉੱਤੇ ਉਂਗਲਾਂ ਫੇਰ ਫੇਰ ਬੜੇ ਧਿਆਨ ਨਾਲ ਵੇਖਦੇ ਤੇ ਵਿਚਾਰਦੇ ਰਹੇ।
ਭਾਵੇਂ ਉਹ ਜਿੰਨੀ ਮਰਜ਼ੀ ਘੋਖ ਨਾਲ ਨਕਸ਼ੇ ਨੂੰ ਵੇਖਣ, ਪਰ ਉਹ ਬਦਲ ਸੂਤ ਭਰ ਵੀ ਨਹੀਂ ਸਨ ਸਕਦੇ: ਖੱਬੇ ਪਾਸੇ ਨੀਲੇ ਰੰਗ ਵਾਲਾ ਸਮੁੰਦਰ ਦਾ ਨਿਸ਼ਾਨ ਇੱਕ ਸਿੱਧੀ ਖਲ੍ਹਤੀ ਕੰਧ ਵਾਂਗ ਸੀ, ਜਿਸ ਵਿੱਚ ਕੋਈ ਲਾਂਘਾ ਨਾ ਹੋਵੇ; ਉਤਲੇ ਪਾਸੇ, ਸੱਜੇ ਕਰ ਕੇ ਦੁਸ਼ਮਣਾਂ ਦੇ ਪਿੰਡ ਸਨ; ਹੇਠਾਂ ਦੱਖਣ ਵੱਲ ਲਾਲੀ ਦੀ ਭਾਹ ਮਾਰਦੇ ਅਲੰਘ ਪਹਾੜਾਂ ਦੇ ਸਿਲਸਿਲੇ ਸਨ: ਉਹ ਇੱਕ ਪਿੰਜਰੇ ਵਿੱਚ ਫਸੇ ਹੋਏ ਸਨ।
ਨਕਸ਼ੇ ਉੱਤੇ ਵੱਲ ਪੇਚ ਖਾਂਦਾ ਵਗਦਾ ਦਰਿਆ ਸੀ। ਉਸ ਦੀ ਗੜ੍ਹਕ ਨਿੱਕੀਆਂ ਕਾਲੀਆਂ ਖਿੜਕੀਆਂ ਵਿੱਚੋਂ ਸਾਫ ਸੁਣਾਈ ਦੇ ਰਹੀ ਸੀ। ਇਸ ਦੇ ਕੰਢਿਆਂ ਉੱਤੇ ਇਹਨਾਂ ਦਾ ਵਿਸ਼ਾਲ ਕੈਂਪ ਲੱਗਾ ਹੋਇਆ ਸੀ। ਖੱਡਾਂ, ਖਾਈਆਂ, ਝਾੜੀਦਾਰ ਦਲਦਲਾਂ, ਜੰਗਲਾਂ, ਸਟੈਪੀਆਂ, ਸਾਰੇ ਫਾਰਮਾਂ ਤੇ ਪਿੰਡਾਂ ਵਿੱਚ, ਜੋ ਨਕਸ਼ੇ ਉੱਤੇ ਵਿਖਾਏ ਗਏ ਸਨ, ਕਸਾਕ ਹਰਲ ਹਰਲ ਕਰਦੇ ਫਿਰ ਰਹੇ ਸਨ। ਅੱਜ ਤੀਕ ਇਕੱਲੇ ਦੁਕੱਲੇ ਪਿੰਡਾਂ ਵਿੱਚ ਬਗਾਵਤ ਲਗਭਗ ਦਬਾ ਹੀ ਦਿੱਤੀ ਗਈ ਸੀ । ਪਰ ਹੁਣ ਸਮੁੱਚੇ ਕੀਊਬਨ ਦੇ ਖੇਤਰ ਵਿੱਚ ਇਨਕਲਾਬ ਫੈਲ ਚੁੱਕਾ ਸੀ। ਸੋਵੀਅਤ ਸ਼ਕਤੀ ਲਤਾੜ ਦਿੱਤੀ ਗਈ ਸੀ । ਪਿੰਡਾਂ ਵਿੱਚ ਇਸ ਦੇ ਮੁਹਰੀਆਂ ਨੂੰ ਵੱਢ ਦਿੱਤਾ ਗਿਆ ਸੀ ਤੇ ਕਬਰਸਤਾਨ ਵਿੱਚ ਮੋਟੇ ਮੋਟੇ ਫਾਹੀ ਦੇ ਰੱਸੇ ਲਟਕ ਰਹੇ ਸਨ। ਹਰ ਇੱਕ ਬਾਲਸ਼ਵਿਕ ਨੂੰ - ਜਿਨ੍ਹਾਂ ਵਿੱਚੋਂ ਬਹੁਤੇ "ਪਰਦੇਸ਼ੀ" ਸਨ, ਫਾਂਸੀ ਚਾੜ੍ਹ ਦਿੱਤਾ ਗਿਆ। ਸੀ। ਇਹ ਸੱਚ ਹੈ ਕਿ ਉਹਨਾਂ ਵਿੱਚੋਂ ਕੁਝ ਸਥਾਨਕ ਕਸਾਕ ਵੀ ਸਨ। ਪਰ ਬਿਨਾਂ ਕਿਸੇ ਭਿੰਨ ਭੇਦ, ਸਭ ਨੂੰ ਫਾਂਸੀ ਲਾ ਦਿੱਤਾ ਗਿਆ ਸੀ । ਬੰਦਾ ਹੁਣ ਜਾਵੇ ਵੀ ਕਿੱਥੇ ਹੱਟ ਕੇ ? ਕਿਹੜੀ ਥਾਂ ਖਤਰਾ ਨਹੀਂ ਸੀ।
"ਸਾਫ਼ ਗੱਲ ਹੈ ਕਿ ਸਾਨੂੰ ਪਹਿਲਾਂ ਤੀਖੋਰੇਤਸਾਕਾਇਆ ਪੁੱਜਣਾ ਚਾਹੀਦਾ ਹੈ, ਉੱਥੋਂ ਸਵਾਈਤੋਏ ਕ੍ਰੈਸਟ ਤੇ ਉੱਥੋਂ ਅਸੀਂ ਰੂਸ ਪੁੱਜ ਜਾਵਾਂਗੇ।"
"ਸਾਨੂੰ ਆਪਣੇ ਮੁਖੀ ਦਸਤਿਆਂ ਨਾਲ ਜਾ ਰਲਣਾ ਚਾਹੀਦਾ ਹੈ।"
"ਪਰ ਸਾਡੇ ਮੁਖੀ ਦਸਤੇ ਹੈਣ ਕਿੱਥੇ ? ਜੇ ਤੈਨੂੰ ਕੋਈ ਖਬਰ ਹੈ, ਸਾਨੂੰ ਵੀ ਦੱਸ।"
"ਮੇਰਾ ਪੱਕਾ ਯਕੀਨ ਹੈ ਕਿ ਸਾਨੂੰ ਨੋਵਰੋਸੀਸ਼ਕ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ, ਤੇ ਜਦ ਤੱਕ ਰੂਸ ਤੋਂ ਮਦਦ ਨਾ ਪਹੁੰਚ ਜਾਏ, ਉੱਥੇ ਉਡੀਕ ਕਰਨੀ ਚਾਹੀਦੀ ਹੈ।"
ਹਰ ਇੱਕ ਦੀ ਗੱਲ ਵਿੱਚ ਇਕ ਅਜਿਹੀ ਰਮਜ਼ ਛੁਪੀ ਲੱਗਦੀ ਸੀ ਕਿ ਜੇ ਉਸ ਨੂੰ ਅਗਵਾਈ ਸੌਂਪ ਦਿੱਤੀ ਜਾਂਦੀ, ਤਾਂ ਉਹ ਜ਼ਰੂਰ ਸਭਨਾਂ ਨੂੰ ਬਚਾ ਲਿਜਾਣ ਦੀ ਕੋਈ ਵਿਉਂਤ ਬਣਾ ਸਕਦਾ ਸੀ।
ਦਰਿਆ ਦੀ ਗੜ੍ਹਕ ਵਿੱਚੋਂ ਇੱਕ ਹੋਰ ਭਿਆਨਕ ਆਵਾਜ਼ ਸੁਣੀ ਗਈ । ਫਿਰ ਦੋ ਗੋਲੀਆਂ ਇਕੱਠੀਆਂ ਚੱਲਣ ਦੀ ਆਵਾਜ਼ ਆਈ ਤੇ ਫਿਰ ਇੱਕ ਹੋਰ ਤੇ ਫਿਰ ਅਚਾਨਕ ਠਾਹ... ਠਾਹ... ... ਤੇ ਉਪਰੰਤ ਖਾਮੋਸ਼ੀ ਛਾ ਗਈ।
ਸਭ ਨੇ ਕਾਲੀਆਂ ਨਿੱਕੀਆਂ ਖਿੜਕੀਆਂ ਵੱਲ ਮੂੰਹ ਮੋੜ ਲਏ। ਪਿਛਲੀ ਕੰਧ ਵਾਲੇ ਪਾਸਿਉਂ ਇੱਕ ਕੁੱਕੜ ਦੀ ਬਾਂਗ ਸੁਣਾਈ ਦਿੱਤੀ।
"ਸਾਥੀ ਪਰੀਖੋਦਕ", ਕੋਜ਼ੂਖ ਕਹਿਣ ਲੱਗਾ, "ਜਾਹ, ਜਾ ਕੇ ਵੇਖ, ਗੱਲ ਕੀ ?"
ਇੱਹ ਪਤਲਾ ਜਿਹਾ ਕੀਊਬਨ ਕਸਾਕ, ਜਿਸ ਦੇ ਮੂੰਹ ਉੱਤੇ ਨਾਮਲੂਮ ਜਿਹੇ ਮਾਤਾ ਦੇ ਦਾਗ ਸਨ, ਪਰ ਵੇਖਣ ਵਿੱਚ ਸੁਹਣਾ ਸਾਲ੍ਹੜਾ ਸੀ, ਜਿਸ ਸਰਕੇਸ਼ੀਅਨ ਕੋਟ ਪਾਇਆ ਹੋਇਆ ਸੀ ਤੇ ਪਤਲੇ ਜਿਹੇ ਲੱਕ ਉੱਤੇ ਘੁੱਟ ਕੇ ਪੇਟੀ ਬੰਨ੍ਹੀ ਹੋਈ ਸੀ, ਨੰਗੇ ਪੈਰੀਂ ਹੌਲੀ ਹੌਲੀ ਬਾਹਰ ਵੱਲ ਗਿਆ।
"ਮੇਰੀ ਜਾਚੇ...।"
"ਸਾਥੀ, ਮਾਫ ਕਰਨਾ।" ਮੁੰਨੀ ਦਾਹੜੀ ਵਾਲਾ ਬੰਦਾ ਬੋਲ ਪਿਆ। ਉਹ ਖਲ੍ਹੋਤਾ, ਚੁੱਪ ਚਾਪ ਦੂਜੇ ਕਮਾਂਡਰਾਂ ਨੂੰ ਵੇਖੀ ਜਾ ਰਿਹਾ ਸੀ, ਜੋ ਸਾਰੇ ਹੀ ਕਿਰਸਾਨਾਂ ਦੇ ਜੰਮ ਪਲ ਸਨ ਕਈ ਤਰਖਾਣਾਂ ਵਿੱਚੋਂ ਸਨ ਤੇ ਕਈ ਨਾਈਆਂ ਵਿੱਚੋਂ ਤੇ ਇਹ ਸਾਰੇ ਦੇ ਸਾਰੇ ਹੀ ਲੜਾਈ ਵਿੱਚ, ਸਿਪਾਹੀਉਂ ਉੱਚੇ ਅਹੁੱਦਿਆਂ ਉੱਤੇ ਪਹੁੰਚੇ ਸਨ ਅਤੇ ਕੇਵਲ ਉਸ ਹੀ, ਫੌਜੀ ਟਰੇਨਿੰਗ ਪ੍ਰਾਪਤ ਕੀਤੀ ਹੋਈ ਸੀ ਤੇ ਇਕ ਪੁਰਾਣਾ ਇਨਕਲਾਬੀ ਸੀ। "ਜਿਹੇ ਜਿਹੀ ਮਾੜੀ ਹਾਲਤ ਵਿੱਚ ਸਾਡੇ ਫੌਜੀ ਨੇ, ਇਹਨਾਂ ਦੀ ਅਗਵਾਈ ਕਰਨੀ ਇਕ ਬੜੀ ਅਸੰਭਵ ਗੱਲ ਹੈ। ਤਬਾਹੀ ਹੋ ਜਾਵੇਗੀ। ਇਹ ਕੋਈ ਫੌਜੀ ਦਸਤੇ ਨਹੀਂ, ਇੱਕ ਇੱਜੜ ਇਕੱਠਾ ਹੋਇਆ ਹੋਇਆ ਹੈ ਜੋ ਲਗਾਤਾਰ ਮੀਟਿੰਗਾਂ ਕਰੀ ਜਾ ਰਿਹਾ ਹੈ। ਇਹਨਾਂ ਨੂੰ ਵਿਉਂਤਬੰਦ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਇਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਰੀਫੂਜੀਆਂ ਦੇ ਛੱਕੜਿਆਂ ਨੇ ਸਾਡੇ ਹੱਥ ਪੈਰ ਬੰਨ੍ਹ ਕੇ ਰੱਖ ਦਿੱਤੇ ਨੇ। ਇਹਨਾਂ ਨੂੰ ਫੌਜ ਤੋਂ ਅੱਡ ਕਰਨਾ ਚਾਹੀਦਾ ਹੈ - ਜਿੱਥੇ ਜੀ ਕਰਦਾ ਏ, ਚਲੇ ਜਾਣ। ਘਰਾਂ ਨੂੰ ਪਰਤ ਜਾਣ, ਜਾਂ ਜਿਥੇ ਮਰਜ਼ੀ ਪਰ ਫ਼ੌਜ ਬਿਲਕੁਲ ਆਜ਼ਾਦ ਤੇ ਖੁੱਲ੍ਹੀ ਡੁੱਲ੍ਹੀ ਹੋਣੀ ਚਾਹੀਦੀ ਹੈ। ਸੋ, ਮੇਰੀ ਤਜਵੀਜ਼ ਹੈ ਕਿ ਇੱਕ ਫੌਜੀ ਫਰਮਾਨ ਜਾਰੀ ਕੀਤਾ ਜਾਵੇ ਕਿ ਨਵੇਂ ਸਿਰੋਂ ਤਰਤੀਬ ਦੇਣ ਲਈ, ਅਸੀਂ ਦੋ ਦਿਨਾਂ ਲਈ ਇਸ ਪਿੰਡ ਵਿੱਚ ਠਹਿਰਾਂਗੇ।"
ਉਸ ਦੇ ਲਫ਼ਜਾਂ ਪਿੱਛੇ ਵਿਚਾਰ ਇਹ ਸੀ ਕਿ:
'ਮੈਨੂੰ ਪੂਰੀ ਸੂਝ-ਸਮਝ ਹੈ ਤੇ ਮੈਂ ਕਥਨੀ ਨੂੰ ਕਰਨੀ ਵਿੱਚ ਬਦਲਣ ਦੇ ਯੋਗ ਹਾਂ। ਮੈਂ ਫੌਜੀ ਮਾਮਲਿਆਂ ਦਾ ਇੱਕ ਇਤਿਹਾਸਕ ਨੁਕਤੇ ਤੋਂ ਅਧਿਐਨ ਕੀਤਾ ਹੋਇਆ ਹੈ। ਉਹ ਕਿਉਂ ਤੇ ਮੈਂ ਕਿਉਂ ਨਹੀਂ ?... ਭੀੜ ਤਾਂ ਅੰਨ੍ਹੀ ਹੁੰਦੀ ਹੈ, ਭੀੜ ਬਸ ਭੀੜ ਹੀ ਹੁੰਦੀ ਹੈ... ।
“ਤੂੰ ਕੀ ਗੱਲਾਂ ਕਰ ਰਿਹਾ ਏਂ?" ਕੋਜ਼ੂਖ ਨੇ ਭਾਰੀ ਆਵਾਜ਼ ਵਿੱਚ ਆਖਿਆ। "ਹਰ ਇੱਕ ਸਿਪਾਹੀ ਦਾ ਕੋਈ ਨਾ ਕੋਈ ਸਬੰਧੀ ਸਾਮਾਨ ਵਾਲੀ ਗੱਡੀ ਵਿੱਚ ਹੈ— ਉਸ ਦੀ ਮਾਂ, ਪਿਉ, ਪ੍ਰੇਮਿਕਾ ਜਾਂ ਸਾਰਾ ਪਰਵਾਰ। ਤੇਰਾ ਕੀ ਖਿਆਲ ਹੈ, ਉਹ ਉਹਨਾਂ ਨੂੰ ਛੱਡ ਦੇਵੇਗਾ ? ਜੇ ਅਸੀਂ ਇੱਥੇ ਬੈਠ ਕੇ ਉਡੀਕਦੇ ਰਹੇ, ਸਭ ਵੱਢ ਦਿੱਤੇ ਜਾਣਗੇ। ਸਾਨੂੰ ਟੁਰੀ ਹੀ ਜਾਣਾ ਚਾਹੀਦਾ ਹੈ। ਅਸੀਂ ਰਾਹ ਵਿੱਚ ਹੀ ਆਪਣੇ ਆਪ ਨੂੰ ਨਵੇਂ ਸਿਰੋਂ ਜਥੇਬੰਦ ਵੀ ਕਰਦੇ
ਜਾਵਾਂਗੇ। ਸਾਨੂੰ ਕਸਬੇ ਵਿੱਚੋਂ ਬਿਨਾਂ ਝੱਟ ਰੁਕੇ ਲੰਘ ਜਾਣਾ ਚਾਹੀਦਾ ਹੈ... ਸਾਹਿਲ ਦੇ ਨਾਲ ਨਾਲ । ਅਸੀਂ ਤੁਪਾਸੇ ਪੁੱਜ ਜਾਵਾਂਗੇ। ਉੱਥੋਂ ਪਹਾੜਾਂ ਦੇ ਨਾਲ ਨਾਲ ਮੁੱਖ ਮਾਰਗ ਤੋਂ ਹੁੰਦੇ ਮੋਹਰੀ ਦਸਤਿਆਂ ਨਾਲ ਜਾ ਮਿਲਾਂਗੇ। ਉਹ ਹਾਲਾਂ ਬਹੁਤ ਅੱਗੇ ਨਹੀਂ ਗਏ ਹੋਣੇ। ਜਿੰਨਾ ਚਿਰ ਏਥੇ ਰਹਾਂਗੇ, ਹਰ ਘੜੀ ਮੌਤ ਨੇੜੇ ਹੁੰਦੀ ਜਾਵੇਗੀ।"
ਫਿਰ ਸਾਰੇ ਇੱਕੋ ਵੇਰ ਬੋਲਣ 'ਤੇ ਆਪਣੀ ਆਪਣੀ ਤਜਵੀਜ਼ ਪੇਸ਼ ਕਰਨ ਲੱਗ ਪਏ, ਜੋ ਆਪਣੇ ਆਪ ਲਈ ਤਾਂ ਬਹੁਤ ਵਧੀਆ, ਪਰ ਦੂਜੇ ਲਈ ਬੇਕਾਰ ਸੀ।
ਕੋਜ਼ੂਖ ਪੈਰਾਂ ਉੱਤੇ ਖੜੋ ਗਿਆ। ਜਿਸ ਵੇਲੇ ਉਸ ਇੱਕ ਇੱਕ ਨੂੰ ਘੁਰ ਕੇ ਵੇਖਿਆ, ਉਸ ਦਾ ਚਿਹਰਾ ਤਣਿਆ ਹੋਇਆ ਸੀ।
"ਕੱਲ੍ਹ ਤੜਕੇ ਅਸਾਂ ਕੂਚ ਕਰ ਜਾਣਾ ਏ,” ਉਸ ਆਖਿਆ।
ਪਰ ਇਸ ਵਿਚਾਰ ਦੇ ਪਿੱਛੇ ਖਿਆਲ ਇਹ ਸੀ ਕਿ 'ਉਹ ਮੰਨਣਗੇ ਨਹੀਂ, ਸ਼ੈਤਾਨ।'
ਸਾਰੇ ਖ਼ਾਮੋਸ਼ ਹੋ ਗਏ ਤੇ ਉਹਨਾਂ ਦੀ ਖ਼ਾਮੋਸ਼ੀ ਦੇ ਅਰਥ ਸਨ:
'ਇਸ ਤੋਂ ਵਧੇਰੇ ਝੱਲ ਹੋਰ ਕੀ ਹੋ ਸਕਦਾ ਹੈ।
4
ਅਲੈਕਸੀ ਪਰੀਖੋਦਕੋ ਝੋਪੜੀ ਵਿੱਚੋਂ ਨਿਕਲ ਕੇ ਬਾਹਰ ਅੰਨ੍ਹੇਰੇ ਵਿੱਚ ਆ ਗਿਆ. ਜੋ ਦਰਿਆ ਦੀ ਗੜ੍ਹਕ ਨਾਲ ਭਿਆਨਕ ਬਣਿਆ ਹੋਇਆ ਸੀ। ਬੂਹੇ ਉੱਤੇ ਇੱਕ ਸਿਆਹ ਕਾਲੀ ਮਸ਼ੀਨਗੰਨ ਬੀੜੀ ਹੋਈ ਸੀ । ਇਸ ਦੇ ਲਾਗੇ ਦੇ ਕਾਲੇ ਚਿਹਰੇ ਖਲ੍ਹਤੇ ਹੋਏ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਸੰਗੀਨਾਂ ਘੁਟੀਆਂ ਹੋਈਆਂ ਸਨ।
ਆਲੇ ਦੁਆਲੇ ਵੇਖਦਾ ਪਰੀਖੋਦਕੇ ਅੱਗੇ ਵੱਧਦਾ ਗਿਆ। ਨਿੱਕੇ ਨਿੱਕੇ ਤਾਰਿਆਂ ਦੀ ਚਾਦਰ ਅਕਾਸ਼ ਵਿੱਚ ਖਿੱਲਰੀ ਹੋਈ ਸੀ। ਦੂਰੋਂ ਲਗਾਤਾਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਉਹ ਭੌਂਕਦੇ ਭੌਂਕਦੇ ਅਚਾਨਕ ਵਿੱਚੋਂ ਚੁੱਪ ਕਰ ਜਾਂਦੇ, ਜਿਉਂ ਦਰਿਆ ਦੀ ਗੜ੍ਹਕ ਸੁਣਨ ਲੱਗ ਪਏ ਹੋਣ ਤੇ ਇੱਕ ਵੇਰ ਫੇਰ ਪੂਰੇ ਤਾਨ ਨਾਲ ਭੌਂਕਣ ਲੱਗ ਪੈਂਦੇ।
ਫਿੱਕੇ ਚਿੱਟੇ ਮਕਾਨ ਬੜੇ ਭਿਆਨਕ ਦਿੱਸ ਰਹੇ ਸਨ। ਵਿੰਗੀਆਂ ਟੇਢੀਆਂ ਗਲੀਆਂ ਵਿੱਚ ਅਨ੍ਹੇਰਾ ਹੀ ਅਨ੍ਹੇਰਾ ਦਿੱਸ ਰਿਹਾ ਸੀ । ਜੇ ਤੁਸੀਂ ਰਤਾ ਗਹੁ ਨਾਲ ਵੇਖਦੇ ਤਾਂ ਇਹ ਛੱਕੜਿਆਂ ਦੀਆਂ ਪਾਲਾਂ ਸਨ, ਜਿਸ ਵਿੱਚੋਂ ਸੁੱਤੇ ਮਨੁੱਖਾਂ ਦੇ ਘੁਰਾੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇੱਧਰ ਉੱਧਰ ਬੇਮੁਹਾਰੇ ਸਰੀਰ ਅੜਿੰਗ-ਬੜਿੰਗ ਪਏ ਹੋਏ ਸਨ। ਗਲੀ ਦੇ ਵਿਚਕਾਰ ਇੱਕ ਪਿੱਪਲ ਦਾ ਰੁੱਖ ਖਲ੍ਹਤਾ ਹੋਇਆ ਲੱਗਦਾ ਸੀ, ਪਰ ਅਸਲ ਵਿੱਚ ਇਹ ਇੱਕ ਛਕੜੇ ਦਾ ਬੰਮ ਅੱਗੇ ਨੂੰ ਨਿਕਲਿਆ ਹੋਇਆ ਸੀ । ਘੋੜੇ ਮਜ਼ੇ ਮਜ਼ੇ ਜੁਗਾਲੀ ਕਰੀ ਜਾ ਰਹੇ ਸਨ ਤੇ ਗਾਵਾਂ, ਜਿਉਂ ਭਾਰੇ ਭਾਰੇ ਸਾਹ ਲੈ ਰਹੀਆਂ ਹੋਣ।
ਅਲੈਕਸੀ ਸਿਗਰਟ ਦੀ ਲੋਅ ਵਿੱਚ ਸੁੱਤਿਆਂ ਕੋਲੋਂ ਬਚ ਬਚਾ ਕੇ ਅੱਗੇ ਲੰਘ ਗਿਆ। ਚਾਰੇ ਪਾਸੇ ਚੁੱਪ-ਚਾਂ ਤੇ ਸ਼ਾਂਤੀ ਵਰਤੀ ਹੋਈ ਸੀ। ਪਰ ਉਸ ਨੂੰ ਇੰਝ ਭਾਸਦਾ ਸੀ,
ਜਿਉਂ ਕਿਸੇ ਘੜੀ ਕੁਝ ਹੋ ਜਾਵੇਗਾ। ਸ਼ਾਇਦ ਉਸ ਨੂੰ ਇੱਕ ਜਾਂ ਦੋ ਵੇਰ ਗੋਲੀ ਦੀ ਠਾਹ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।
"ਕੌਣ?"
"ਮਿਤੱਰ।"
“ਕੌਣ ਏ ਭਾਈ... ਤੇਰੀ ਸ਼ਾਮਤ ਆਈ ਏ।"
ਦੋ ਸੰਗੀਨਾਂ ਅਛਪਲੀਆਂ ਅੱਗੇ ਨੂੰ ਨਿਕਲ ਆਈਆਂ।
"ਕੰਪਨੀ ਕਮਾਂਡਰ ।" ਉਸ ਆਖਿਆ ਤੇ ਅੱਗੇ ਵੱਧਦਾ ਫਿਰ ਹੌਲੀ ਜਿਹੇ ਬੋਲਿਆ।
"ਤੋਪ ਗੱਡੀ।”
"ਬਿਲਕੁਲ ਠੀਕ ।"
ਅਲੈਕਸੀ ਛੱਕੜਿਆ ਦੀਆਂ ਸ਼ਕਲਾਂ ਦੇ ਭੁਲੇਖੇ, ਮੂੰਹ ਮਾਰਦੇ ਘੋੜਿਆਂ, ਡੂੰਘੀ ਨੀਂਦ ਵਿੱਚ ਸੁੱਤੇ ਬੰਦਿਆਂ, ਦਰਿਆ ਦੀ ਗੜ੍ਹਕ ਤੇ ਕੁੱਤਿਆਂ ਦੀ ਭੌਂਕਣ ਦੀਆਂ ਆਵਾਜ਼ਾਂ ਵਿੱਚ ਬਾਹਾਂ ਲੱਤਾਂ ਲਤਾੜਦਾ ਲੰਘੀ ਗਿਆ। ਕਿਸੇ ਕਿਸੇ ਛਕੜੇ ਵਿੱਚੋਂ ਜਾਗਦੇ ਸਿਪਾਹੀਆਂ ਦੀਆਂ ਗੱਲਾਂ ਦੀ ਭਿਣਕ ਪੈ ਰਹੀ ਸੀ, ਜੋ ਆਪਣੀਆਂ ਬੀਵੀਆਂ ਨਾਲ ਘੁਸਰ ਫੁਸਰ ਕਰਨ ਲੱਗੇ ਹੋਏ ਸਨ। '
ਨਸ਼ਈ ਹੋਏ ਪਏ ਨੇ ਫਿਰ, ਬਦਜ਼ਾਤ । ਲੱਗਦਾ ਏ ਕਸਾਕਾਂ ਦੀਆਂ ਬੋਤਲਾਂ ਡੱਫ ਗਏ ਨੇ । ਕੋਈ ਗੱਲ ਨਹੀਂ, ਜੇ ਮਤ ਟਿਕਾਣੇ ਰੱਖਣ ਸਕਣ ਤਾਂ ਇਹ ਕੀ ਗੱਲ ਹੈ ਕਿ ਕਸਾਕਾਂ ਨੇ ਹਾਲਾਂ ਤੱਕ ਸਾਨੂੰ ਵੱਢਿਆ ਨਹੀਂ ? ਬੇਵਕੂਫ਼ । ਉਸ ਨੂੰ ਲਾਗੇ ਹੀ ਕਿਸੇ ਚਿੱਟੀ ਚੀਜ਼ ਦਾ ਭੁਲੇਖਾ ਪਿਆ.... ਇੱਕ ਨਿੱਕੀ ਜਿਹੀ ਝੁੱਗੀ... ਜਾਂ ਸ਼ਾਇਦ ਕੋਈ ਚਿੱਟੇ ਕੱਪੜੇ ਦਾ ਟੋਟਾ। 'ਹਾਲਾਂ ਵੀ ਉਹਨਾਂ ਨੂੰ ਕੋਈ ਚਿਰ ਨਹੀਂ ਹੋਇਆ- ਜੋ ਕਰਨਾ ਚਾਹੁਣ ਕਰ ਸਕਦੇ ਨੇ । ਸਾਡੇ ਕੋਲ ਕੁੱਲ ਦਸ ਤੋਪ ਗੱਡੀਆਂ ਨੇ ਤੇ ਹਰ ਇੱਕ ਲਈ ਕੁੱਲ ਦਸ ਗੋਲੇ, ਜਦ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਘਾਟ ਨਹੀਂ।"
ਉਹ ਸਫੈਦ ਚੀਜ਼ ਹਿਲੀ ਜੁਲੀ।
"ਅੰਕਾ ਤੂੰ ਏਂ?"
"ਤੂੰ ਰਾਤ ਕਿੱਥੇ ਘੁੰਮ ਰਿਹਾ ਏਂ ?"
ਇੱਕ ਕਾਲਾ ਘੋੜਾ ਭੁੰਜੇ ਪਏ ਦੋ ਬੰਮਾਂ ਵਿਚਕਾਰ ਪਏ ਘਾਹ ਦੇ ਢੇਰ ਵਿੱਚ ਮੂੰਹ ਮਾਰੀ ਜਾ ਰਿਹਾ ਸੀ... ਅਲੈਕਸੀ ਕਾਗਜ਼ ਵਿੱਚ ਤਮਾਕੂ ਵਲ੍ਹੇਟ ਕੇ ਇੱਕ ਸਿਗਰਟ ਬਣਾਨ ਲੱਗ ਪਿਆ। ਇੱਕ ਛੱਕੜੇ ਲਾਗੇ ਪਈ ਇੱਕ ਕੁੜੀ ਆਪਣੀ ਨੰਗੀ ਲੱਤ ਨੂੰ ਅੰਗੂਠੇ ਨਾਲ ਖੁਰਕਣ ਲੱਗੀ ਹੋਈ ਸੀ । ਛੱਕੜੇ ਹੇਠਾਂ ਇੱਕ ਕੰਬਲ ਵਿੱਚੋਂ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ - ਕੁੜੀ ਦਾ ਪਿਉ ਗੂਹੜੀ ਨੀਂਦ ਸੁੱਤਾ ਹੋਇਆ ਸੀ।
"ਕੀ ਅਸੀਂ ਇੱਥੇ ਬਹੁਤ ਚਿਰ ਠਹਿਰਾਂਗੇ ?"
"ਨਹੀਂ ਨਹੀਂ, ਅਸੀਂ ਇੱਥੋਂ ਛੇਤੀ ਹੀ ਚਾਲੇ ਪਾਣ ਵਾਲੇ ਹਾਂ" ਅਲੈਕਸੀ ਸਿਗਰਟ ਦਾ ਕਸ਼ ਲਾਂਦਾ ਬੋਲਿਆ।
ਸਿਗਰੇਟ ਦੀ ਲੋਅ ਵਿੱਚ ਉਸ ਦੇ ਨੱਕ ਦੀ ਘੋੜੀ ਲਿਸ਼ਕੀ, ਤੰਮਾਕੂ ਨਾਲ ਧੁਆਂਖੇ ਪੋਟੇ ਲਿਸ਼ਕੇ, ਕੁੜੀ ਦੀਆਂ ਅੱਖਾਂ ਲਿਸ਼ਕੀਆਂ ਤੇ ਲਿਸ਼ਕ ਪਈ ਚਿੱਟੀ ਕਮੀਜ਼ ਵਿੱਚੋਂ ਉਸ ਦੀ ਧੌਣ ਤੇ ਗਲ ਵਿੱਚ ਪਈ ਮਣਕਿਆਂ ਦੀ ਮਾਲਾ - ਤੇ ਫਿਰ ਝੱਟ ਅੰਨ੍ਹੇਰਾ ਹੋ ਗਿਆ। '
ਇਸ ਕੁੜੀ ਨਾਲ ਵਿਆਹ ਕਰਨਾ - ਕੋਈ ਔਖੀ ਕਹਾਣੀ ਨਹੀਂ ਹੋਵੇਗੀ। ਉਸ ਸੋਚਿਆ।
ਤੇ ਹਮੇਸ਼ਾ ਵਾਂਗ ਇੱਕ ਸੁਹਣੀ ਜਿਹੀ ਕੁੜੀ ਦਾ ਮੂੰਹ, ਫੁੱਲ ਦੀ ਟਹਿਣੀ ਵਰਗੀ ਧੌਣ, ਨੀਲੀਆਂ ਅੱਖਾਂ, ਨੀਲੀ ਭਾਹ ਮਾਰਦੀ ਉਸ ਦੀ ਫਰਾਕ, ਹੁਣੇ ਹੁਣੇ ਸਕੂਲ ਦਸਵੀਂ ਕਰਕੇ ਨਿਕਲੀ ਹੋਈ... ਉਸ ਦੀ ਵਹੁਟੀ ਨਹੀਂ, ਸਗੋਂ ਮੰਗੇਤਰ ਕੁੜੀ ਜਿਸ ਨੂੰ ਉਹ ਕਦੇ ਮਿਲਿਆ ਨਹੀਂ ਸੀ, ਇਹੋ ਜਿਹੀ ਕੁੜੀ ਜੋ ਕਿਤੇ ਨਾ ਕਿਤੇ ਜ਼ਰੂਰ ਹੋਵੇਗੀ, ਉਸ ਦੇ ਖਿਆਲਾਂ ਦੀਆਂ ਅੱਖਾਂ ਸਾਹਮਣੇ ਝਿਲ ਮਿਲ ਝਿਲ ਮਿਲ ਕਰਨ ਲੱਗ ਪਈ।
"ਜੇ ਕਸਾਕਾਂ ਨੇ ਸਾਡੇ ਉੱਤੇ ਹਮਲਾ ਕੀਤਾ, ਤਾਂ ਮੈਂ ਆਪਣੇ ਆਪ ਈ ਛਾਤੀ ਵਿੱਚ ਛੁਰਾ ਮਾਰ ਲਵਾਂਗੀ।"
ਕੁੜੀ ਨੇ ਆਪਣੇ ਝੱਗੇ ਵਿੱਚ ਹੱਥ ਪਾਇਆ ਤੇ ਇੱਕ ਮਾੜੀ ਮਾੜੀ ਲਿਸ਼ਕਦੀ ਚੀਜ਼ ਉਸ ਬਾਹਰ ਕੱਢ ਲਈ।
"ਬਹੁਤ ਤੇਜ਼ ਹੈ... ਪਰਖ ਕੇ ਵੇਖ ਲੈ।"
ਤੀ..ਲੀ.ਲੀ..।
ਰਾਤ ਦੀ ਚੁੱਪ ਚਾਂ ਵਿੱਚ ਇੱਕ ਅਜੀਬ ਜਿਹੀ ਆਵਾਜ਼ ਦਿਲ ਦੀਆਂ ਤਣਾਵਾਂ ਨੂੰ ਖਿੱਚ ਮਾਰਦੀ ਲੰਘ ਗਈ । ਪਰ ਕਿਸੇ ਬੱਚੇ ਦੀ ਆਵਾਜ਼ ਨਹੀਂ ਇਹ; ਸ਼ਾਇਦ ਕਿਸੇ ਉੱਲੂ ਦੀ ਹੋਵੇ।
"ਅੱਛਾ... ਮੈਨੂੰ ਚੱਲਣਾ ਚਾਹੀਦਾ ਹੈ, ਇੱਥੇ ਵਕਤ ਅਜਾਈਂ ਕਰਨ ਦਾ ਕੋਈ ਲਾਭ ਨਹੀਂ।" ਪਰ ਉਸ ਦੇ ਪੈਰ ਜਿਉਂ ਧਰਤੀ ਵਿੱਚ ਗੱਡੇ ਗਏ ਹੋਣ; ਉਹ ਆਪਣੇ ਆਪ ਨੂੰ ਉਸ ਥਾਂ ਤੋਂ ਹਟਾ ਨਹੀਂ ਸਕਿਆ। ਆਪਣੇ ਆਪ ਨੂੰ ਉੱਥੋਂ ਟੋਰਨ ਲਈ, ਉਹ ਕੁੜੀ ਦੀ ਬਦਖੋਈ ਕਰਨ ਲੱਗ ਪਿਆ: "
ਨਿਰੀ ਗਊ ਏ, ਪਿਛਲੀਆਂ ਟੰਗਾਂ ਨਾਲ ਕੰਨ ਖੁਰਕਣ ਵਾਲੀ।"
ਪਰ ਫਿਰ ਵੀ ਉਹ ਉੱਥੋਂ ਹਿਲ ਨਾ ਸਕਿਆ; ਉੱਥੇ ਹੀ ਖਲ੍ਹਤਾ ਸਿਗਰਟ ਦੇ ਕਸ਼ ਲਾਉਂਦਾ ਰਿਹਾ ਤੇ ਇੱਕ ਵੇਰ ਫਿਰ ਅੰਨ੍ਹੇਰੇ ਵਿੱਚੋਂ ਉਸ ਦੇ ਨੱਕ ਦੀ ਘੋੜੀ ਤੇ ਉਸ ਦੀਆਂ ਉਂਗਲਾਂ, ਕੁੜੀ ਦੀ ਸੁਨੱਖੀ ਧੌਣ ਥੱਲੇ ਦੀ ਵਿਹਲੀ ਥਾਂ, ਮਣਕਿਆਂ ਦੀ ਮਾਲਾ, ਕਸੀਦੇ ਵਾਲੀ ਕਮੀਜ਼ ਵਿੱਚੋਂ ਉਸ ਦੀਆਂ ਉਭਰੀਆਂ ਮਸਤ ਛਾਤੀਆਂ, ਸਭ ਉੱਘੜ ਆਏ ਤੇ ਝੱਟ ਮਗਰੋਂ, ਫੇਰ ਪਹਿਲਾਂ ਵਰਗਾ ਅੰਨ੍ਹੇਰਾ, ਦਰਿਆ ਦਾ ਸ਼ੋਰ ਤੇ ਸੁੱਤੇ ਲੋਕਾਂ ਦੇ ਘੁਰਾੜੇ!
ਉਸ ਦਾ ਚਿਹਰਾ ਉਸ ਦੀਆਂ ਅੱਖਾਂ ਦੇ ਨੇੜੇ ਸੀ। ਉਹਨਾਂ ਅੱਖਾਂ ਦੀ ਚਮਕ, ਜਿਉਂ ਉਸ ਨੂੰ ਵਿਨ੍ਹ ਰਹੀ ਸੀ ਤੇ ਉਸ ਨੂੰ ਇੰਝ ਲੱਗਦਾ ਸੀ, ਜਿਉਂ ਸਾਰੇ ਸਰੀਰ ਵਿੱਚ ਸੂਈਆਂ ਚੁਭ ਰਹੀਆਂ ਹੋਣ। ਉਹਨੇ ਉਹਦੀ ਕੂਹਣੀ ਆਪਣੇ ਹੱਥ ਵਿੱਚ ਲੈ ਲਈ।
"ਅੰਕਾ।"
ਕੁੜੀ ਨੂੰ ਉਸ ਕੋਲੋਂ ਤੰਮਾਕੂ ਤੇ ਇੱਕ ਤਗੜੇ ਜਵਾਨ ਸਰੀਰ ਦੀ ਮਹਿਕ ਆਈ।
"ਅੰਕਾ, ਆ ਅਸੀਂ ਬਗੀਚੀ ਵਿੱਚ ਚਲੀਏ ਤੇ ਝੱਟ ਉੱਥੇ ਬੈਠ ਜਾਈਏ।"
ਉਸ ਨੇ ਆਪਣੇ ਦੋਵੇਂ ਹੱਥ ਉਸ ਦੀ ਛਾਤੀ ਨਾਲ ਦਬਾ ਕੇ, ਜ਼ੋਰ ਦਾ ਝਟਕਾ ਮਾਰ ਕੇ ਉਸ ਕੋਲੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਤੇ ਉਹ ਧੱਕਾ ਖਾ ਕੇ ਕਿਸੇ ਦੀਆਂ ਲੱਤਾਂ ਤੇ ਬਾਹਾਂ ਲਤਾੜਦਾ ਪਿੱਛੇ ਜਾ ਪਿਆ। ਨਿਰੀ ਨੂਰ ਦੀ ਡਲੀ, ਅਛੋਪਲੇ ਚੂਕਦੇ ਛੱਕੜੇ ਵਿੱਚ ਜਾ ਵੜੀ ਤੇ ਫਿਰ ਹੱਥ ਉੱਤੇ ਹੱਥ ਮਾਰ ਕੇ ਜ਼ੋਰ ਦੀ ਹੱਸੀ ਤੇ ਚੁੱਪ ਚਾਂ ਹੋ ਗਈ। ਵੱਡੀ ਬੇਬੇ ਗੁਰਪੀਨਾ ਨੇ ਸਿਰਹਾਣੇ ਤੋਂ ਆਪਣਾ ਸਿਰ ਉੱਪਰ ਚੁੱਕਿਆ ਤੇ ਛਕੜੇ ਵਿੱਚ ਸਿੱਧੀ ਬੈਠੀ ਜ਼ਰ ਜ਼ੋਰ ਦੀ ਆਪਣੇ ਆਪ ਨੂੰ ਖੁਰਕਣ ਲੱਗ ਪਈ।
“ਓਏ ਰਾਤ ਦੇ ਪੰਛੀ! ਰੱਬ ਕਰਦਾ ਤੈਨੂੰ ਵੀ ਨੀਂਦ ਆਉਂਦੀ। ਕੌਣ ਹੈ ?"
"ਬੇਬੇ ਮੈਂ ਵਾਂ।"
"ਆਹ, ਅਲੈਕਸੀ! ਪੁੱਤਰ ਕੀ ਚਾਹੀਦਾ ਏ ? ਪੁੱਤਰ ਮੈਨੂੰ ਪਤਾ ਨਹੀਂ ਸੀ ਕਿ ਤੂੰ ਏਂ। ਪੁੱਤਰ ਸਾਡੇ ਨਾਲ ਕੀ ਬੀਤਣ ਵਾਲਾ ਏ ? ਜ਼ਹਿਰ ਘੁੱਲਣ ਵਾਲਾ ਏ ਪੁੱਤਰ ਸਾਡੇ ਪਿਆਲਿਆਂ ਵਿੱਚ, ਮੈਨੂੰ ਬੜੀ ਕੌੜੀ ਕੌੜੀ ਮਹਿਕ ਆਉਣ ਲੱਗ ਪਈ ਏ। ਜਦ ਅਸੀਂ ਟੁਰਨ ਲੱਗੇ ਸਾਂ, ਇੱਕ ਬਿੱਲੀ ਅੱਗ ਰਾਹ ਕੱਟਦੀ ਲੰਘ ਗਈ ਸੀ। ਇੱਡੀ ਵੱਡੀ ਬਿੱਲੀ । ਬੱਚੇ ਦੇਣ ਵਾਲੀ ਸੀ। ਫਿਰ ਇੱਕ ਗਲਹਿਰੀ ਉਸ ਦੇ ਮਗਰੇ ਮਗਰੇ ਦੌੜੀ। ਰੱਬ ਸਾਡੇ ਉੱਤੇ ਕਰਮ ਕਰੋ। ਬਾਲਸ਼ਵਿਕ ਕੀ ਸੋਚਦੇ ਨੇ, ਉਹ ਕੀ ਕਰ ਲੈਣਗੇ ? ਸਾਡੀ ਸਾਰੀ ਜਾਇਦਾਦ ਜਾਂਦੀ ਰਹੀ। ਜਿਸ ਵੇਲੇ ਮੇਰੇ ਮਾਪਿਆਂ ਨੇ ਮੇਰੇ ਆਦਮੀ ਨਾਲ ਮੇਰਾ ਵਿਆਹ ਰਚਾਇਆ, ਤਾਂ ਮੇਰੀ ਮਾਂ ਕਹਿਣ ਲੱਗੀ, 'ਅਹਿ ਲੈ ਸਮੋਵਾਰ ਇਸ ਨੂੰ ਬੜੇ ਪਿਆਰ ਨਾਲ ਆਪਣੇ ਬੱਚਿਆਂ ਲਈ ਰੱਖੀ ਤੇ ਜਦੋਂ ਤੂੰ ਨਾ ਰਹੇਂਗੀ, ਤੇਰੇ ਪੋਤਿਆਂ ਦੋਹਤਿਆਂ ਦੇ ਇਹ ਕੰਮ ਆਵੇਗਾ।' ਮੈਂ ਸੋਚਦੀ ਸਾਂ ਜਦ ਅੰਕਾ ਦਾ ਵਿਆਹ ਹੋਇਆ, ਉਸ ਨੂੰ ਦੇ ਦੇਵਾਂਗੀ ਤੇ ਹੁਣ ਅਸੀਂ ਸਭ ਕੁਝ ਛੱਡ ਛਡਾ ਕੇ ਆ ਗਏ ਹਾਂ, ਸਭ ਮਾਲ ਡੰਗਰ ਛੱਡ ਆਏ ਅਸੀਂ। ਬਾਲਸ਼ਵਿਕ ਕੀ ਸੋਚਦੇ ਨੇ, ਉਹ ਕੀ ਕਰਨ ਜੋਗੇ ਨੇ ? ਸੋਵੀਅਤ ਤਾਕਤ ਕੀ ਕਰਨ ਜਾ ਰਹੀ ਹੈ। ਪਵੇ ਸਭ ਕੁਝ ਖੂਹ ਵਿੱਚ, ਮੇਰਾ ਸਮੋਵਾਰ ਜਾਂਦਾ ਰਿਹਾ। 'ਤਿੰਨ ਦਿਨਾਂ ਲਈ ਟੁਰ ਜਾਉ', ਆਖਣ ਲੱਗੇ ਤੇ ਤਿੰਨਾਂ ਦਿਨਾਂ ਮਗਰੋਂ, ਸਭ ਕੁਝ ਫਿਰ ਪਹਿਲੇ ਵਰਗਾ ਹੋ ਜਾਵੇਗਾ! ਤੇ ਅੱਜ ਸੱਤ ਦਿਨ ਹੋਣ ਲੱਗੇ ਨੇ, ਰੂਹਾਂ ਵਾਂਗ ਸਾਨੂੰ ਭਟਕਦਿਆਂ। ਇਹ ਸੇਵੀਅਤ ਤਾਕਤ ਕਿਹੋ ਜਿਹੀ ਹੈ, ਜੇ ਸਾਡੇ ਲਈ ਇਹ ਕਰ ਕੁਝ ਨਹੀਂ ਸਕਦੀ? ਸਵਾਹ ਤਾਕਤ ਹੈ। ਕਸਾਕ ਭੂਤਾਂ ਵਾਂਗ ਉੱਠ ਖਲ੍ਹੋਤੇ ਨੇ! ਮੇਰਾ ਦਿਲ ਆਪਣਿਆਂ ਲਈ ਰੋ ਰਿਹਾ ਹੈ, ਓਖਰੀਮ ਲਈ... ਤੇ ਉਸ ਜਵਾਨ ਗੱਭਰੂ ਲਈ... ਕੀ ਨਾਂ ਸੀ ਉਸ ਦਾ... ਓ... ਮੇਰੇ ਮਾਲਕ!"
ਵੱਡੀ ਬੇਬੇ ਗੋਰਪੀਨਾ ਆਪਣੇ ਆਪ ਨੂੰ ਖੁਰਕਦੀ ਰਹੀ। ਉਸ ਦੇ ਦੁੱਖ ਵਿੱਚ ਦਰਿਆ ਦੀ ਗੜ੍ਹਕ ਤੇ ਰਾਤ ਦੀ ਖ਼ਾਮੋਸ਼ੀ ਘੁਲਦੀ ਮਿਲਦੀ ਰਹੀ।
“ਆਹ, ਬੇਬੇ ਗਿਲੇ ਸ਼ਿਕਵੇ ਕਰਨ ਦਾ ਕੀ ਫਾਇਦਾ। ਉਸ ਨਾਲ ਤੇਰੀ ਕਿਸਮਤ
ਪਰਤ ਤਾਂ ਨਹੀਂ ਪੈਣ ਲੱਗੀ।"
ਉਸ ਆਪਣੀ ਸਿਗਰਟ ਲਾ ਲਈ ਤੇ ਆਪਣੇ ਹੀ ਵਿਚਾਰਾਂ ਵਿੱਚ ਗੋਤੇ ਖਾਣ ਲੱਗ ਪਿਆ ! ਕੀ ਉਹ ਆਪਣੀ ਕੰਪਨੀ ਦਾ ਮੁਖੀ ਰਹੇ ਜਾਂ ਹੈੱਡ-ਕੁਆਰਟਰ ਦੇ ਅਮਲੇ ਨਾਲ ਜਾ ਰਲੇ । ਇਹਨਾਂ ਹਾਲਤਾਂ ਵਿੱਚ ਉਹ ਨੀਲੀਆਂ ਅੱਖਾਂ ਤੇ ਕੂੰਜ ਜਿਹੀ ਧੌਣ ਵਾਲੀ ਕੁੜੀ ਨੂੰ ਕਿੱਥੇ ਮਿਲ ਸਕੇਗਾ। ਬੇਬੇ ਏਨੀ ਸਹਿਜੇ ਚੁੱਪ ਹੋਣ ਵਾਲੀ ਨਹੀਂ। ਏਨੀ ਲੰਮੀ ਜ਼ਿੰਦਗੀ ਦਾ ਤਜ਼ਰਬਾ ਪਰਛਾਵੇਂ ਵਾਂਗ ਉਸ ਦੇ ਮਗਰੇ ਮਗਰ ਟੁਰੀ ਆ ਰਿਹਾ ਸੀ। ਤੁਰਕੀ ਦੀ ਲੜਾਈ ਵਿੱਚ ਉਸ ਦੇ ਦੋ ਪੁੱਤਰ ਮਾਰੇ ਗਏ ਸਨ ਤੇ ਹੁਣ ਦੋ ਨੇ ਇੱਥੇ ਵਰਦੀਆਂ ਪਾਈਆਂ ਹੋਈਆਂ ਸਨ। ਉਸ ਦਾ ਆਦਮੀ ਛੱਕੜੇ ਹੇਠਾਂ ਘੁਰਾੜੇ ਮਾਰ ਰਿਹਾ ਸੀ ਤੇ ਉਸ ਦੀ ਗਲਾਧੜ ਅੰਕਾ ਚੂਹੀ ਵਾਂਗ ਸੁੱਤੀ ਪਈ ਸੀ, ਪਰ ਕੀ ਪਤਾ ਸੁੱਤੀ ਸੀ ਜਾਂ ਉਂਝ ਹੀ ਪਈ ਹੋਈ ਸੀ। ਆਹ, ਜ਼ਿੰਦਗੀ ਕਿੰਨੀ ਔਖੀ ਬੀਤੀ ਸੀ ਏਸ ਦੀ। ਸਰੀਰ ਦੀ ਹੱਡੀ ਹੱਡੀ ਕੜਕੀ ਪਈ ਸੀ... ਸੱਠ ਸਾਲ ਬੀਤ ਚੁੱਕੇ ਸਨ ਤੇ ਕਿਵੇਂ ਮਿਹਨਤ ਮੁਸ਼ੱਕਤ ਕਰ ਕਰ ਕੇ ਉਸ ਦੇ ਆਦਮੀ ਤੇ ਪੁੱਤਰਾਂ ਦੇ ਲੱਕ ਦੂਹਰੇ ਹੋ ਗਏ ਸਨ। ਉਹ ਜਾਨਣਾ ਚਾਹੁੰਦੀ ਸੀ, ਏਨਾ ਕੁਝ ਕੀਹਦੇ ਲਈ ? ਕਸਾਕਾਂ ਤੇ ਉਹਨਾਂ ਦੇ ਜਰਨੈਲਾਂ ਤੇ ਅਫਸਰਾਂ ਲਈ...। ਇਹਨਾਂ ਸਾਰੀ ਜ਼ਮੀਨ ਸਾਂਭ ਲਈ ਸੀ ਤੇ ਜਿਹੜੇ ਕਸਾਕ ਨਹੀਂ ਸਨ, ਕੁੱਤਿਆਂ ਦਾ ਜੀਵਨ ਗੁਜ਼ਾਰ ਰਹੇ ਸਨ ਘਾਹ ਜ਼ਿੰਦਗੀ! ਬਲਦਾਂ ਵਾਂਗ ਅੱਖਾਂ ਤੋਂ ਉੱਤੇ ਗੱਡੀ, ਉਹਨਾਂ ਮਿਹਨਤ ਕੀਤੀ ਸੀ। ਨਿੱਤ ਸਵੇਰ ਤੇ ਸ਼ਾਮ ਪ੍ਰਾਰਥਨਾ ਵੇਲ਼ੇ, ਉਸ ਜ਼ਾਰ ਦੀ ਖੈਰ ਮੰਗੀ ਸੀ ਪਹਿਲਾਂ ਆਪਣੇ ਟੱਬਰ ਦੀ ਖੈਰ, ਫਿਰ ਜ਼ਾਰ ਦੀ, ਫਿਰ ਬੱਚਿਆਂ ਦੀ, ਤੇ ਫਿਰ ਉਹਨਾਂ ਪੱਕੇ ਨਿਸ਼ਚੇ ਵਾਲ਼ੇ ਈਸਾਈਆਂ ਦੀ। ਪਰ ਅਸਲ ਵਿੱਚ ਉਹ ਜ਼ਾਰ ਨਹੀਂ ਸੀ, ਇਕ ਭੂਰਾ ਕੁੱਤਾ ਸੀ, ਸੋ ਉਸ ਨੂੰ ਠੁੱਡਿਆਂ ਨਾਲ ਦੁਰਕਾਰ ਦਿੱਤਾ ਗਿਆ। ਆਹ, ਜ਼ਿੰਦਗੀ। ਉਸ ਦੀ ਨਾੜੀ ਨਾੜੀ ਕੰਬ ਉੱਠੀ ਸੀ। ਉਹ ਡਰ ਗਈ ਸੀ, ਜਦ ਉਸ ਸੁਣਿਆ ਕਿ ਜ਼ਾਰ ਨੂੰ ਕੱਢ ਦਿੱਤਾ ਗਿਆ ਹੈ ਤੇ ਫਿਰ ਉਸ ਸੋਚਿਆ ਸੀ, ਚੰਗਾ ਹੀ ਹੋਇਆ... ਉਹ ਇੱਕ ਕੁੱਤਾ ਸੀ- ਕੇਵਲ ਇਕ ਕੁੱਤਾ।
"ਇਸ ਘਿਨੌਣੀ ਥਾਂ ਉੱਤੇ ਮੱਖੀਆਂ ਹੀ ਮੱਖੀਆਂ ਭਿਣਕ ਰਹੀਆਂ ਨੇ ।"
ਬੇਬੇ ਨੇ ਆਪਣੀਆਂ ਲੱਤਾਂ ਬਾਹਾਂ ਅਕੜਾਈਆਂ ਤੇ ਅੰਨ੍ਹੇਰੇ ਵਿੱਚ ਘੂਰਨ ਲੱਗ ਪਈ । ਦਰਿਆ ਗੜ੍ਹਕ ਰਿਹਾ ਸੀ। ਉਸ ਹੱਥਾਂ ਨਾਲ ਆਪਣੀ ਛਾਤੀ ਉੱਤੇ ਕਾਸ ਦਾ ਚਿੰਨ੍ਹ ਬਣਾਇਆ।
"ਦਿਨ ਚੜ੍ਹਨ ਹੀ ਵਾਲਾ ਹੈ।"
ਉਹ ਫਿਰ ਲੰਮੀ ਪੈ ਗਈ, ਪਰ ਨੀਂਦ ਉਸ ਤੋਂ ਦੂਰ ਜਾ ਚੁੱਕੀ ਸੀ। ਬੰਦੇ ਦਾ ਬੀਤਿਆ ਸਮਾਂ ਹਮੇਸ਼ਾ ਉਸ ਦੇ ਨਾਲ ਟੁਰਦਾ ਰਹਿੰਦਾ ਹੈ। ਏਸ ਕੋਲ ਬਚਿਆ ਨਹੀਂ ਜਾ ਸਕਦਾ । ਇਹ ਏਨਾ ਚੁੱਪ ਚੁਪੀਤਾ ਨਾਲ ਟੁਰਦਾ ਰਹਿੰਦਾ ਹੈ ਕਿ ਇਹ ਵੀ ਪਤਾ ਨਹੀਂ ਲੱਗਦਾ ਕਿ ਹੈ ਵੀ ਜਾਂ ਨਹੀਂ, ਪਰ ਹੁੰਦਾ ਜ਼ਰੂਰ ਹੈ।
ਬਾਲਸ਼ਵਿਕਾਂ ਦਾ ਰੱਬ ਵਿੱਚ ਕੋਈ ਯਕੀਨ ਨਹੀਂ। ਹੋ ਸਕਦਾ ਏ ਉਹਨਾਂ ਨੂੰ ਸਹੀ ਗੱਲ ਦਾ ਪਤਾ ਲੱਗ ਗਿਆ ਹੋਵੇ। ਉਹਨਾਂ ਆਉਂਦਿਆਂ ਹੀ ਸਭ ਕੁਝ ਪਰ੍ਹੇ ਚੁੱਕ ਕੇ ਸੁੱਟ
ਦਿੱਤਾ। ਅਫ਼ਸਰ ਤੇ ਜ਼ਿਮੀਂਦਾਰ ਸਭ ਨੱਸ ਭੱਜ ਗਏ। ਉਸ ਨਾਲ ਕਸਾਕਾਂ ਦੇ ਲਹੂ ਗਰਮ ਹੋ ਗਏ। ਓ ਮਾਲਕ, ਬਾਲਸ਼ਵਿਕਾਂ ਨੂੰ ਸ਼ਕਤੀ ਦੇ, ਬਹਿਸ਼ਤ ਵਿੱਚ ਉਹਨਾਂ ਦਾ ਈਮਾਨ ਹੈ ਜਾਂ ਨਹੀਂ, ਇਸ ਦੀ ਪਰਵਾਹ ਨਾ ਕਰ। ਕੁਝ ਵੀ ਹੋਵੇ, ਉਹ ਕਿਤੋਂ ਬਾਹਰੋਂ ਤਾਂ ਨਹੀਂ, ਸਾਡੇ ਆਪਣੇ ਹੀ ਲੋਕ ਨੇ। ਜੇ ਕਿਤੇ ਉਹ ਪਹਿਲਾਂ ਉੱਠੇ ਹੁੰਦੇ, ਇਹ ਲਾਅਨਤੀ ਜੰਗ ਹੁੰਦੀ ਹੀ ਨਾ, ਤੇ ਮੇਰੇ ਦੋ ਪੁੱਤਰ ਅੱਜ ਜਿਉਂਦੇ ਜਾਗਦੇ ਮੇਰੇ ਕੋਲ ਬੈਠੇ ਹੁੰਦੇ। ਹੁਣ ਉਹ ਤੁਰਕਾਂ ਦੀ ਧਰਤੀ ਵਿੱਚ ਗੂੜ੍ਹੀ ਨੀਂਦੇ ਸੁੱਤੇ ਪਏ ਨੇ। ਇਹ ਬਾਲਸ਼ਵਿਕ ਆਏ ਕਿੱਥੋਂ ? ਕੁਝ ਆਖਦੇ ਨੇ ਕਿ ਉਹ ਮਾਸਕੋ ਵਿੱਚ ਵਧੇ ਫੁਲੇ ਨੇ, ਕੁਝ ਸ਼ਾਇਦ ਜਰਮਨੀ ਦੇ ਦੱਸਦੇ ਨੇ। ਜਰਮਨ ਜ਼ਾਰ ਨੇ ਉਹਨਾਂ ਨੂੰ ਪਾਲ ਪੋਸ ਕੇ ਰੂਸ ਭੇਜ ਦਿੱਤਾ ਏ। ਤੇ ਉਹਨਾਂ ਆਉਂਦਿਆਂ ਹੀ ਇੱਕ ਆਵਾਜ਼ ਨਾਲ ਨਾਹਰਾ ਲਾ ਦਿੱਤਾ, 'ਜ਼ਮੀਨ ਲੋਕਾਂ ਦੀ ਹੈ ਤੇ ਲੋਕਾਂ ਨੂੰ ਆਪਣੇ ਲਈ ਮਿਹਨਤ ਮੁਸ਼ੱਕਤ ਕਰਨੀ ਚਾਹੀਦੀ ਹੈ, ਕਸਾਕਾਂ ਲਈ ਨਹੀਂ । ਬੰਦੇ ਤਾਂ ਨੇਕ ਨੇ ਪਰ ਮੇਰਾ ਸਮੇਵਾਰ, ਮੇਰੇ ਕੋਲੋਂ ਕਿਉਂ ਖੁਸ ਗਿਆ...ਮੇਰੇ ਪੁੱਤਰ...ਬਿੱਲੀ...!
ਬੇਬੇ ਦੀ ਬੁੜ ਬੁੜ ਰੁੱਕ ਗਈ ਤੇ ਉਹ ਊਂਘਾਂ ਲੈਣ ਲੱਗ ਪਈ।
ਸੂਰਜ ਦੀ ਟਿੱਕੀ ਨਿਕਲਣ ਵਾਲੀ ਸੀ।
ਜ਼ਿੰਦਗੀ ਰੰਗਾਂ ਨਾਲ ਭਰੀ ਪਈ ਹੈ। ਤੁਸੀਂ ਸੋਚਦੇ ਹੋਵੇਗੇ ਕਿ ਘੁੱਗੀਆਂ ਕੂਕ ਰਹੀਆਂ ਸਨ । ਪਰ ਰਾਤ ਵੇਲੇ ਵਾੜ ਲਾਗੇ ਇੱਕ ਛੱਕੜੇ ਹੇਠਾਂ ਉਹਨਾਂ ਨੂੰ ਕੂ.. ਕੂ.. ਕਰਨ ਦੀ ਕੀ ਲੋੜ; ਨਿੱਕੇ ਮੂੰਹ ਬੁੜ ਬੁੜੀਆਂ ਕਿਉਂ ਛੱਡਦੇ ਨੇ ? "ਵਾ ਵਾ ਵਾ" ਤੇ "ਊ ਵਾ ਵਾ ਵਾ...।" ਪਰ ਕਿਸੇ ਵੀ ਸੁਣਨ ਵਾਲੇ ਨੂੰ ਇਹ ਚੰਗਾ ਲੱਗਦਾ। ਅਸਲ ਵਿੱਚ, ਇੱਕ ਮਾਂ ਦੀ ਵੀ, ਨਾਲ ਹੀ ਮਿੱਠੀ ਮਿੱਠੀ ਆਵਾਜ਼ ਆ ਰਹੀ ਸੀ:
"ਮੇਰੇ ਲਾਲ ਕਿਉਂ? ਥੋੜ੍ਹਾ ਜਿਹਾ ਹੋਰ ਮੇਰੇ ਬੱਚੇ । ਤੂੰ ਦੂਜੇ ਪਾਸੇ ਮੂੰਹ ਕਿਉਂ ਕਰ ਲਿਆ ਏ ? ਵੇਖੋ ਕਿਵੇਂ ਮੂੰਹ ਵਿੱਚੋਂ ਮਾਂ ਦਾ ਬਣ ਬਾਹਰ ਕੱਢ ਕੇ, ਜੀਭ ਮਾਰ ਮਾਰ ਚਲਾਕੀਆਂ ਕਰਨ ਲੱਗਾ ਹੋਇਆ ਏ।"
ਉਸ ਦਾ ਏਨੇ ਜ਼ੋਰ ਦਾ ਇੱਕ ਮਿੱਠਾ ਹਾਸਾ ਨਿਕਲ ਗਿਆ, ਜਿਉਂ ਅਨ੍ਹੇਰੇ ਨੂੰ ਪਰੇ ਸੁੱਟ ਕੇ ਦਿਨ ਨਿਕਲ ਆਇਆ ਹੋਵੇ। ਭਾਵੇਂ ਉਹ ਦਿੱਸਦੀ ਤਾਂ ਨਹੀਂ ਸੀ, ਪਰ ਉਸ ਦੇ ਕਾਲੇ ਭਰਵੱਟਿਆਂ ਤੇ ਉਸ ਦੇ ਨਿੱਕੇ ਨਿੱਕੇ ਕੰਨਾਂ ਵਿੱਚ ਲਿਸ਼ ਲਿਸ਼ ਕਰਦੀਆਂ ਚਾਂਦੀ ਦੀਆਂ ਵਾਲੀਆਂ ਦਾ ਭੁਲੇਖਾ ਤਾਂ ਲੱਗ ਹੀ ਸਕਦਾ ਹੈ।
“ਰੋਜ ਗਿਆ ਏਂ ? ਹੈ, ਮੇਰੇ ਬੱਚੇ ? ਉਹ ਤਾਂ ਗੁੱਸੇ ਲੱਗਦਾ ਏ । ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਸ ਥਣ ਨੂੰ ਪਰੇ ਸੁੱਟ ਦਿੱਤਾ ਏ ਤੇ ਕਿੰਨੇ ਨਾਜ਼ਕ ਨਾਜ਼ਕ ਉਸ ਦੇ ਨਹੁੰ ਨੇ। ਮੈਨੂੰ ਇੱਕ ਇੱਕ ਗੁਲਾਬੀ ਉਂਗਲ ਨੂੰ ਚੁੰਮ ਲੈਣ ਦਿਓ! ਤੁਕ-ਤ..ਕ. ਤਕ ਆਹ, ਕਿੰਨੀਆਂ ਵੱਡੀਆਂ ਦੰਦੀਆਂ ਕੱਢ ਰਿਹਾ ਏ ਮੂੰਹ ਵਿੱਚੋਂ ਜ਼ਰੂਰ ਇਹ ਕੋਈ ਵੱਡਾ ਆਦਮੀ ਬਣੇਗਾ। ਬੁੜ ਬੁੜੀਆਂ ਤੇ ਪੋਪਲੇ ਮੂੰਹ ਵਾਲੀ ਮਾਂ ਬੁੱਢੀ ਹੋ ਜਾਏਗੀ ਤੇ ਉਸ ਦਾ ਪੁੱਤਰ ਆਖੇਗਾ, 'ਬਹਿ ਜਾ ਅੰਮਾਂ, ਤੈਨੂੰ ਸੀਰਾ ਬਣਾ ਦੇਂਦੇ ਆਂ।' ਸਤੋਪਨ, ਓ ਸਤੈਪਨ, ਤੂੰ ਬਥੇਰਾ ਸੌ ਲਿਆ ਏ। ਜਾਗ, ਤੇਰਾ ਪੁੱਤਰ ਚਾਂਘਰਾਂ ਮਾਰ ਰਿਹਾ ਏ।"
"ਨਾ ਕਰ। ਜਾਣ ਦੇ। ਮੈਨੂੰ ਨਾ ਛੇੜ... ।"
"ਸਤੈਪਨ, ਜਾਗ ਪਉ ਹੁਣ। ਵੇਖ ਮੁੰਡਾ ਕਲੋਲਾਂ ਪਿਆ ਕਰਦਾ ਏ! ਤੂੰ ਵੀ ਢਿੱਲੜ ਬੰਦਾ ਹੀ ਏਂ! ਮੈਂ ਲੱਗੀ ਹਾਂ ਮੁੰਡੇ ਨੂੰ ਤੇਰੇ ਨਾਲ ਪਾਣ। ਮਾਂ ਸਦਕੇ ਖਿੱਚ ਇਹਦਾ ਨੱਕ, ਹੋਂਠ ਉੱਤੇ ਦੰਦੀ ਵੱਢ ਸੂ । ਹਾਂ, ਇੰਝ। ਤੇਰੇ ਪਿਓ ਨੇ, ਤੇਰੇ ਖੇਡਣ ਲਈ, ਹਾਲਾਂ ਦਾਹੜੀ ਨਹੀਂ ਉਗਾਈ, ਸੋ ਹਾਲਾਂ ਉਸ ਦੇ ਹੇਠ ਫੜ ਕੇ ਖਿੱਚ।"
ਤੇ ਇੱਕ ਸੁੱਤੇ ਸੁੱਤੇ ਆਦਮੀ ਦੀ ਆਵਾਜ਼, ਖੇੜੇ ਤੇ ਮੁਸਕਰਾਹਟਾਂ ਭਰੀ, ਅੰਨ੍ਹੇਰੇ ਵਿੱਚ ਆਉਣ ਲੱਗ ਪਈ
"ਹਈ ਸ਼ਾਵਾਂ ਸ਼ੇ... ਪੈ ਜਾ ਮੇਰੇ ਨਾਲ। ਸਾਡੇ ਕੋਲ ਤੀਵੀਆਂ ਨਾਲ ਖੇਡਾਂ ਕਰਨ ਦਾ ਭਲਾ ਵਕਤ ਕਿੱਥੇ, ਅਸੀਂ ਦੇ ਸੋਚਾਂ ਵਾਲੇ ਬੰਦੇ ਹਾਂ। ਇਕੱਠੇ ਜੰਗ ਉੱਤੇ ਜਾਵਾਂਗੇ; ਫਿਰ ਆਪਣੀ ਜ਼ਿਮੀਂ ਵਾੜੀ ਵਾਹਾਂ ਗਾਹਾਂਗੇ। ਹੱਤ ਤੇਰੀ ਦੀ ਅਹਿ ਕੀ ਕੀਤਾ ਈ? ਡੈਡੀ ਨੂੰ ਡੋਬਣ ਲੱਗਾ ਏਂ ?"
ਖੀਵੀ ਹੋਈ ਮਾਂ ਏਡੇ ਜ਼ੋਰ ਦੀ ਹੱਸੀ, ਜਿਉਂ ਗਿੱਧੇ ਵਿੱਚ ਪੈਰ ਨੱਚ ਪਏ ਹੋਣ। ਪਰੀਖੋਦ ਬਚ ਬਚ ਕੇ ਪੈਰ ਧਰਦਾ ਮਨੁੱਖੀ ਲੱਤਾਂ, ਛੱਕੜਿਆਂ ਦੇ ਬੰਮਾਂ, ਘੋੜਿਆਂ ਦੇ ਪਟਿਆਂ ਤੇ ਥੈਲਿਆਂ ਉੱਤੋਂ ਲੰਘਦਾ ਗਿਆ। ਕਦੇ ਕਦੇ ਜਿਸ ਵੇਲੇ ਉਹ ਸਿਗਰਟ ਉੱਤੇ ਕਸ਼ ਮਾਰਦਾ, ਝੱਟ ਦਾ ਝੱਟ ਸਭ ਕੁਝ ਲਿਸ਼ਕ ਜਾਂਦਾ ।
ਚਾਰੇ ਪਾਸੇ ਚੁਪ-ਚਾਂ ਵਰਤੀ ਹੋਈ ਸੀ। ਅੰਨ੍ਹੇਰਾ ਹੀ ਅੰਨ੍ਹੇਰਾ ਫੈਲਿਆ ਹੋਇਆ ਸੀ। ਵਾੜ ਲਾਗੇ ਛੱਕੜੇ ਹੇਠਾਂ ਲੰਮਾਂ ਪਿਆ ਨਿੱਕਾ ਜਿਹਾ ਪਰਿਵਾਰ ਵੀ ਹੁਣ ਚੁੱਪ ਹੋ ਗਿਆ ਸੀ। ਕੁੱਤੇ ਖਾਮੋਸ਼ ਹੋ ਗਏ ਸਨ । ਦਰਿਆ ਵੀ ਜਿਉਂ ਹੁਣ ਗੜ੍ਹਕ ਨਹੀਂ, ਸਗੋਂ ਰੁਮਕਣ ਲੱਗ ਪਿਆ ਹੋਵੇ। ਨੀਂਦ ਨੇ ਸਭ ਨੂੰ ਮਾਤ ਕਰ ਦਿੱਤਾ ਸੀ ਤੇ ਹਜ਼ਾਰਾਂ ਸਵਾਸਾਂ ਉੱਤੇ ਏਸ ਵੇਲੇ ਰਾਜ ਕਰ ਰਹੀ ਸੀ।
ਪਰੀਖੋਦੋ ਉਸੇ ਤਰ੍ਹਾਂ ਗੇੜੇ ਮਾਰੀ ਜਾ ਰਿਹਾ ਸੀ। ਹੁਣ ਗੋਲੀਆਂ ਦੀ ਠਾਹ ਠੂ ਤੋਂ ਉਹ ਅਵੇਸਲਾ ਸੀ। ਉਸ ਦੀਆਂ ਅੱਖਾਂ ਭਾਰੀਆਂ ਹੋਈਆਂ ਹੋਈਆਂ ਸਨ। ਦੂਰ ਪਰਿਉਂ ਅਕਾਸ਼ ਛੋਂਹਦੇ ਪਹਾੜ ਦਿੱਸਣ ਲੱਗ ਪਏ ਸਨ।
"ਹਮਲਾ ਅਕਸਰ ਦਿਨ ਚੜ੍ਹਨ ਵੇਲੇ ਹੀ ਹੁੰਦਾ ਹੈ...।"
ਉਹ ਪਿੱਛੇ ਪਰਤਿਆ, ਕੋਜ਼ੂਖ ਨੂੰ ਰੀਪੋਰਟ ਦਿੱਤੀ ਤੇ ਫਿਰ ਇੱਕ ਛੱਕੜੇ ਵਿੱਚ ਪੈ ਗਿਆ। ਛੱਕੜਾ ਚੀਂ ਚੀਂ ਕਰ ਕੇ ਹਿੱਲਣ ਲੱਗ ਪਿਆ। ਉਹ ਕੁਝ ਸੋਚਣਾ ਚਾਹੁੰਦਾ ਸੀ - ਕਿਸ ਬਾਰੇ ਉਸ ਨੂੰ ਸੋਚਣ ਦਾ ਖਿਆਲ ਆਇਆ ਸੀ ? ਉਸ ਪਲ ਕੁ ਆਪਣੀਆਂ ਅੱਖਾਂ ਮੀਟੀਆਂ ਤੇ ਝੱਟ ਨੀਂਦ ਨੇ ਉਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ।
5
ਲੋਹੇ ਨਾਲ ਲੋਹਾ ਵੱਜਣ ਦੀ ਛਣਕਾਰ.... ਛਣਕ.... ਛਣਕ .....ਚੀਖ਼ਾਂ ਦੀ ਹਾ
ਹਾ ਕਾਰ....।
"ਕੀ ਹੋ ਰਿਹਾ ਹੈ ? ਗੱਲ ਕੀ ਹੈ ? ਸਾਵਧਾਨ।"
ਅਕਾਸ਼ ਵਿੱਚ ਲਿਸ਼ਕਾਰਾ ਜਿਹਾ ਕਿਹਾ ਹੈ? ਅੱਗ ਦੀ ਭਾਹ ਸੀ ? ਜਾਂ ਸੂਰਜ ਚੜ੍ਹ ਰਿਹਾ ਸੀ ?
“ਪਹਿਲੀ ਕੰਪਨੀ... ਦੋੜਨ ਲਈ ਤਿਆਰ... ਮਾਰਚ !"
ਲਾਲੀ ਦੀ ਭਾਹ ਮਾਰਦੇ ਅਕਾਸ਼ ਵਿੱਚ, ਕਾਲੇ ਬੱਦਲਾਂ ਵਿੱਚ, ਢੰਡਰ ਕਾਂ ਚੱਕਰ ਖਾਣ ਲੱਗ ਪਏ।
ਸਵੇਰ ਦੇ ਘੁਸ ਮੁਸੇ ਵਿੱਚ ਘੋੜੇ ਛਕੜੇ ਤਿਆਰ ਕੀਤੇ ਜਾਣ ਲੱਗ ਪਏ... ਪਟੇ ਗਲਾਵੇਂ ਪਾਏ ਜਾਣ ਲੱਗੇ।
ਰੀਫਿਊਜੀ ਤੇ ਅਸਲ੍ਹੇ ਹਥਿਆਰਾਂ ਦੀਆਂ ਗੱਡੀਆਂ ਦੇ ਬੰਦੇ ਇੱਕ ਦੂਜੇ ਨਾਲ ਖਹਿਬੜਨ ਲੱਗ ਪਏ।
ਬੂੰ...! ਬੰਮ... ਬੰਮ ।
ਛੱਕੜਿਆਂ ਨੂੰ ਜਾਣ ਦਾ ਕੰਮ ਕਾਹਲੀ ਕਾਹਲੀ ਹੋ ਰਿਹਾ ਸੀ.. ਧੁਰੇ ਇੱਕ ਦੂਜੇ ਨਾਲ ਟਕਰਾ ਰਹੇ ਸਨ, ਘੋੜਿਆਂ ਨੂੰ ਚਾਬਕਾਂ ਮਾਰੀਆਂ ਜਾ ਰਹੀਆਂ ਸਨ, ਕਾਫ਼ਲਾ ਵਾਹੋ ਦਾਹੀ ਵਿੱਚ ਰਵਾਨਾ ਹੋ ਚੁੱਕਾ ਸੀ, ਪਹੀਏ ਪੁਲ ਉੱਤੋਂ ਚੱਕਰੀ ਵਾਂਗ ਉੱਡਦੇ ਘੁੰਮੀ ਜਾ ਰਹੇ ਸਨ; ਕਈ ਵੇਰ ਛਕੜੇ ਇੱਕ ਦੂਜੇ ਵਿੱਚ ਫਸ ਜਾਂਦੇ ਤੇ ਅੱਗੋਂ ਰਾਹ ਰੁੱਕ ਜਾਂਦਾ।
ਰਟ.. ਰਟ.. ਟਟ...ਟਟ...ਟਟ...ਬੂੰ..ਬੰਮ... ਬੰਮ!
ਘੁੱਗੀਆਂ ਦੀ ਡਾਰ ਚੋਗੇ ਦੀ ਭਾਲ ਵਿੱਚ ਉੱਡਦੀ ਲੰਘ ਗਈ। ਤੀਵੀਂਆਂ ਵਿੱਚ ਹਾਹਾਕਾਰ ਮੱਚ ਗਈ।
ਰਟ... ਟਟ... ਟਟ... ਟਾ..!
ਤੋਪੋਚੀ ਬੜੀ ਫੁਰਤੀ ਨਾਲ ਤੋਪਾਂ ਬੀੜਨ ਲੱਗ ਪਏ। ਇੱਕ ਭੈਂਗਾ ਜਿਹਾ ਸਿਪਾਹੀ ਨਿਰੀ ਨਿੱਕਰ ਪਾਈ ਦੇ ਰਫ਼ਲਾਂ ਧੂਹਦਾ ਚੀਖ਼ੀ ਜਾਏ।
“ਮੇਰੀ ਕੰਪਨੀ ਕਿੱਧਰ ਗਈ, ਮੇਰੀ ਕੰਪਨੀ ਕਿੱਧਰ ਗਈ ?"
ਇਕ ਤੀਵੀਂ ਖੁੱਲ੍ਹੇ ਵਾਲ, ਸ਼ੁਦਾਈਆਂ ਵਾਂਗ ਚੀਖ਼ਾਂ ਮਾਰਦੀ ਉਸ ਦੇ ਪਿੱਛੇ ਪਿੱਛੇ ਭੱਜੀ ਜਾਏ
"ਵਾਸਿਲ! ਵਾਸਿਲ ! ਓ ਵਾਸਿਲ!"
ਰਟ.. ਟਟ... ਟਟ... ਟਟ... ਬੰਮ....।
ਕੰਮ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕਾ ਸੀ । ਪਿੰਡ ਦੇ ਬਾਹਰਵਾਰ ਝੌਂਪੜੀਆਂ ਤੇ ਰੁੱਖਾਂ ਉੱਤੋਂ ਧੂੰਏਂ ਦੇ ਮੋਹਲੇ ਅਕਾਸ਼ ਵੱਲ ਉੱਡਦੇ ਜਾ ਰਹੇ ਸਨ । ਮਾਲ-ਡੰਗਰ ਥਾਂ ਬਾਂ ਕਰਨ ਲੱਗਾ ਹੋਇਆ ਸੀ।
ਕੀ ਰਾਤ ਬੀਤ ਚੁੱਕੀ ਸੀ ? ਝੱਟ ਪਹਿਲਾਂ, ਘੁੱਪ-ਅੰਨ੍ਹੇਰੇ ਵਿੱਚ ਹਜ਼ਾਰਾਂ ਬੰਦੇ ਗੜ ਗੜ ਕਰਦੇ ਦਰਿਆ ਤੇ ਅਕਾਸ਼ ਛੋਂਹਦੇ ਪਹਾੜਾਂ ਤੋਂ ਕੁਝ ਦੁਰੇਡੇ ਘੁਰਾੜੇ ਮਾਰ ਰਹੇ ਸਨ। ਪਰ
ਹੁਣ ਸਭ ਕੁਝ ਗੁਲਾਬੀ ਗੁਲਾਬੀ ਹੋ ਗਿਆ ਸੀ । ਪਰ ਛੱਕੜਿਆਂ ਦੀ ਤੇ ਬੰਦੂਕਾਂ ਰਫ਼ਲਾਂ ਦੀ ਰਟ ... ਟਟ...ਟਟ ਵਿੱਚ ਕਿਸੇ ਚੀਜ਼ ਦੀ ਕੋਈ ਮਹੱਤਤਾ ਨਹੀਂ ਸੀ ਰਹੀ। ਇੱਕ ਸਹਿਮ ਚਾਰੇ ਪਾਸੇ ਛਾਇਆ ਹੋਇਆ ਸੀ । ਹੁਣ ਤਾਂ ਸਗੋਂ ਬੰਦੂਕਾਂ ਰਫ਼ਲਾਂ ਦੀ ਰਟ ਟਟ ਟਟ ਵੀ ਗੋਲਿਆਂ ਦੀ ਧਾਹ ਧਾਹ ਧਾਹ ਅੱਗੇ ਫਿੱਕੀ ਪਈ ਹੋਈ ਸੀ।
ਕੋਜ਼ੂਖ ਇੱਕ ਝੁੱਗੀ ਅੱਗੇ ਬੈਠਾ ਹੋਇਆ ਸੀ । ਉਸ ਦਾ ਪੀਲਾ ਚਿਹਰਾ ਬਿਲਕੁਲ ਸ਼ਾਂਤ ਪਿਆ ਹੋਇਆ ਸੀ, ਜਿਉਂ ਉਹ ਕਿਸੇ ਸਟੇਸ਼ਨ ਉੱਤੇ ਗੱਡੀ ਆਉਣ ਸਾਰ ਮੁਸਾਫ਼ਰਾਂ ਵਿੱਚ ਮਚੀ ਮਾਰੋ-ਮਾਰੀ ਨੂੰ ਵੇਖ ਰਿਹਾ ਹੋਵੇ ਤੇ ਜੋ ਗੱਡੀ ਦੇ ਸਟੇਸ਼ਨ ਤੋਂ ਪਰ੍ਹੇ ਹੁੰਦਿਆਂ ਹੀ, ਬਿਲਕੁਲ ਸ਼ਾਂਤ ਹੋ ਜਾਣੀ ਸੀ। ਪਲ ਪਲ ਦੀ ਖ਼ਬਰ ਲੈ ਕੇ ਉਸ ਦੇ ਬੰਦੇ ਦੌੜਦੇ, ਜਾਂ ਝੰਗਾਂ ਸਿੱਟਦੇ ਘੋੜਿਆਂ ਉੱਤੇ ਸਵਾਰ, ਆ ਕੇ ਦੱਸ ਰਹੇ ਸਨ । ਉਸ ਦਾ ਐਡਜੂਟੈਂਟ ਤੇ ਅਰਦਲੀ ਉਸ ਕੋਲ ਖਲੋਤੇ ਹੁਕਮ ਦੀ ਉਡੀਕ ਕਰ ਰਹੇ ਸਨ।
ਸੂਰਜ ਦੇ ਉੱਚਾ ਹੁੰਦਿਆਂ ਹੀ ਤੋਪਾਂ ਤੇ ਗੋਲਿਆਂ ਦੀ ਮਾਰੋ ਮਾਰ ਹੋਰ ਤੇਜ਼ ਹੋ ਗਈ। ਸਾਰੀਆਂ ਰਿਪੋਰਟਾਂ ਦਾ ਉਸ ਕੋਲ ਇੱਕ ਜਵਾਬ ਸੀ:
"ਕੋਈ ਗੋਲੀ ਜ਼ਾਇਆ ਨਾ ਕਰੋ। ਉਸ ਵੇਲੇ ਚਲਾਓ, ਜਿਸ ਵੇਲੇ ਬਿਨਾਂ ਚਲਾਏ ਗੁਜ਼ਾਰਾ ਨਾ ਹੁੰਦਾ ਹੋਵੇ । ਦੁਸ਼ਮਣ ਨੂੰ ਅਗੇਰੇ ਹੋਣ ਦਿਓ। ਉਸ ਦੇ ਅਗੇਰੇ ਹੁੰਦਿਆਂ ਹੀ, ਇੱਕ ਦਮ ਚੜ੍ਹ ਜਾਓ। ਕਿਸੇ ਹਾਲ ਵੀ ਉਸ ਨੂੰ ਵਾੜੀਆਂ-ਬਗੀਚਿਆਂ ਵਿੱਚ ਨਾ ਵੜਨ ਦਿਓ। ਪਹਿਲੀ ਰਜਮੈਂਟ ਵਿੱਚੋਂ ਦੇ ਦਸਤੇ ਲੈ ਕੇ ਪੌਣ ਚੱਕੀਆਂ ਉੱਤੇ ਮੁੜ ਕਬਜ਼ਾ ਕਰ ਲਓ। ਮਸ਼ੀਨ ਗੰਨਾਂ ਬੀੜ ਦਿਓ।"
ਬਹੁਤੀਆਂ ਰਿਪੋਰਟਾਂ ਬੜੀਆਂ ਖ਼ਤਰਨਾਕ ਸਨ । ਪਰ ਉਸ ਦਾ ਪੀਲਾ ਚਿਹਰਾ ਬਿਲਕੁਲ ਸ਼ਾਂਤ ਹੀ ਰਿਹਾ, ਸਿਵਾਏ ਇਸ ਦੇ ਕਿ ਜਬੜੇ ਦੇ ਹੇਠਾਂ ਚਿਲਕੇ ਮਾਸ ਦੀਆਂ ਰਗਾਂ ਤਣੀਆਂ ਗਈਆਂ। ਅੰਦਰੋਂ ਉਸ ਨੂੰ ਇੱਕ ਖੇੜੇ ਭਰੀ ਆਵਾਜ਼ ਆਖਦੀ ਸੁਣੀ ਜਾ ਰਹੀ ਸੀ, “ਸ਼ਾਬਾਸ਼ ਮੇਰੇ ਬੱਚਿਓ.. ਸ਼ਾਬਾਸ਼!” ਸ਼ਾਇਦ, ਘੰਟਾ ਜਾਂ ਇਸ ਤੋਂ ਵੀ ਪਹਿਲਾਂ ਹੀ, ਕਸਾਕ ਘੇਰੇ ਤੋੜ ਕੇ ਅੱਗੇ ਆ ਜਾਣਗੇ ਤੇ ਆਪਣੀਆਂ ਤਲਵਾਰਾਂ ਨਾਲ ਉਹਨਾਂ ਦੇ ਟੋਟੇ ਕਰਨ ਲੱਗ ਪੈਣਗੇ। ਹਾਂ, ਇਹ ਹੋ ਸਕਦਾ ਏ, ਪਰ ਉਸ ਇਹ ਵੀ ਵੇਖਿਆ ਕਿ ਕੱਲ੍ਹ ਤੀਕ ਜੇ ਬੇਮੁਹਾਰੇ ਸ਼ਰਾਬੀ ਹੋਏ, ਗੀਤ ਗਾਉਂਦੇ ਇੱਧਰ ਉੱਧਰ ਭੱਜੀ ਫਿਰ ਰਹੇ ਸਨ, ਅੱਜ ਇੱਕ ਜੁੱਟ ਹੋ ਕੇ ਮੁਕਾਬਲਾ ਕਰ ਰਹੇ ਸਨ। ਕਿੰਨੀ ਫੁਰਤੀ ਨਾਲ ਉਸ ਦੇ ਕਮਾਂਡਰ ਉਸ ਕੋਲੋਂ ਹੁਕਮ ਲੈ ਕੇ ਬਰੀਕੀ ਤੇ ਫੁਰਤੀ ਨਾਲ ਕਾਰਜ ਤੋੜ ਚਾੜ੍ਹ ਰਹੇ ਸਨ, ਉਹੀ ਕਮਾਂਡਰ, ਜੋ ਕਲ੍ਹ ਰਾਤ ਇੱਕ ਮੁੱਠ ਹੋ ਕੇ ਉਸ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖ ਰਹੇ ਸਨ।
ਇੱਕ ਸਿਪਾਹੀ ਨੂੰ, ਜਿਸ ਨੂੰ ਕਸਾਕਾਂ ਪਹਿਲੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਫਿਰ ਛੱਡ ਦਿਤਾ ਸੀ, ਉਸ ਕੋਲ ਲਿਆਂਦਾ ਗਿਆ । ਸਿਪਾਹੀ ਦੇ ਕੰਨ, ਨੱਕ, ਜੀਭ, ਤੇ ਉਂਗਲਾਂ ਕੱਟ ਦਿੱਤੀਆਂ ਗਈਆਂ ਸਨ ਤੇ ਉਸ ਦੀ ਛਾਤੀ ਉੱਤੇ ਲਹੂ ਵਿੱਚ ਲਿਖਿਆ ਹੋਇਆ ਸੀ
"ਵੇਖ ਲਓ, ਇੱਕ ਇੱਕ ਬਾਲਸ਼ਵਿਕ ਕੁੱਤੇ ਦੀ ਅਸੀਂ ਇਹੀ ਗਤ ਕਰਾਂਗੇ।"
"ਬਿਲਕੁਲ ਠੀਕ ਹੈ - ਬੱਚਿਓ।" ਕੋਜੂਖ ਦੀ ਅੰਦਰਲੀ ਆਵਾਜ਼ ਜਿਉਂ ਉਸ ਨੂੰ
ਆਖ ਰਹੀ ਸੀ।
ਕਸਾਕਾਂ ਨੇ ਬੜਾ ਜ਼ੋਰਦਾਰ ਹਮਲਾ ਕੀਤਾ।
ਫਿਰ ਇੱਕ ਹਰਕਾਰੇ ਨੇ ਸਾਹੋ ਸਾਹ ਹੁੰਦੇ ਨੇ ਆ ਕੇ ਪਿੱਛੇ ਦੀ ਰਿਪੋਰਟ ਦਿੱਤੀ
"ਪੁਲ ਉੱਤੇ ਲੜਾਈ ਹੋ ਰਹੀ ਹੈ। ਸਾਮਾਨ ਵਾਲੀ ਗੱਡੀ ਤੇ ਰੀਫੂਜੀ ਲੜ ਮਰ ਰਹੇ ਨੇ।"
ਕੋਜ਼ੂਖ ਦਾ ਸਾਂਵਲਾ ਚਿਹਰਾ ਨਿੰਬੂ ਵਾਂਗ ਪੀਲਾ ਪੈ ਗਿਆ। ਉਹ ਝੱਟ ਉੱਥੇ ਪਹੁੰਚਿਆ। ਭਗਦੜ ਮੱਚੀ ਵੇਖੀ । ਪਾਗਲਾਂ ਵਾਂਗ ਲੋਕ ਪੁੱਲ ਦੇ ਲਾਗੇ ਕੁਲ੍ਹਾੜੀਆਂ ਨਾਲ ਇੱਕ ਦੂਜੇ ਦੇ ਛਕੜਿਆਂ ਦੇ ਪਹੀਏ ਟੁਕੀ ਵੱਢੀ ਜਾ ਰਹੇ ਸਨ । ਜੋ ਜਿਸ ਦੇ ਹੱਥ ਵਿੱਚ ਸੀ, ਬਾਂਸ, ਕੁਲ੍ਹਾੜੀ, ਡਾਂਗ ਚੁੱਕੀ ਇੱਕ ਦੂਜੇ ਦਾ ਸਿਰ ਪਾੜੀ ਜਾ ਰਿਹਾ ਸੀ। ਭੂਤਾਂ ਦੀ ਜਿਉਂ ਲੜਾਈ ਹੋ ਰਹੀ ਹੋਵੇ ਤੇ ਚੀਖ਼ਾਂ ਵੱਜ ਰਹੀਆਂ ਹੋਣ। ਤੀਵੀਆਂ ਮਰਦ ਸਿਰ ਦੇ ਖੁੱਲ੍ਹੇ ਵਾਲ, ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋਏ ਪਏ ਸਨ। ਛੱਕੜੇ ਛੱਕੜਿਆਂ ਵਿੱਚ ਫਸੇ ਪਏ ਸਨ ਤੇ ਘੋੜਿਆਂ ਦੀਆਂ ਟੰਗਾਂ ਇੱਕ ਦੂਜੇ ਵਿੱਚ ਫਸੀਆਂ ਪਈਆਂ ਸਨ। ਬੱਚੇ ਬੁੱਢੇ ਚੀਖੀ ਜਾ ਰਹੇ ਸਨ। ਨਾ ਅੱਗੇ ਸਰਕਨ ਨੂੰ ਥਾਂ ਸੀ, ਨਾ ਪਿੱਛੇ ਹੋਣ ਨੂੰ ਤੇ ਬਗੀਚਿਆਂ ਦੇ ਪਿਛਵਾੜਿਉਂ ਰਟ.. ਟਟ.. ਟਟ... ਦੀ ਲਗਾਤਾਰ ਆਵਾਜ਼ ਆਈ ਜਾ ਰਹੀ ਸੀ।
"ਹਟੇ ਹਟੋ..!" ਜੂਖ ਦੀ ਫ਼ੌਲਾਦੀ ਆਵਾਜ਼ ਕੜਕੀ । ਪਰ ਉਸ ਨੂੰ ਆਪਣੀ ਆਵਾਜ਼ ਵੀ ਨਾ ਸੁਣੀ। ਉਸ ਸਭ ਤੋਂ ਲਾਗਲੇ ਘੋੜੇ ਦੇ ਕੰਨ ਉੱਤੇ ਗੋਲੀ ਮਾਰੀ । ਸਾਰੇ ਕਿਰਸਾਨ ਸੋਟੇ ਚੁੱਕੀ ਵਹਿਸ਼ੀਆਂ ਵਾਂਗ ਉਸ ਵੱਲ ਕੁੱਦ ਪਏ।
"ਤੇਰੇ ਹਰਾਮੀ ਦੀ ਐਸੀ ਤੈਸੀ, ਤੂੰ ਸਾਡੇ ਘੋੜਿਆਂ ਨੂੰ ਗੋਲੀ ਮਾਰੇਗਾ.. ਹੈਂ। ਫੜ ਲਓ ਏਹਨੂੰ... ਲਾਹ ਦਿਓ ਸਿਰ।"
ਕੋਜ਼ੂਖ, ਉਸ ਦਾ ਐਡਜੂਟੈਂਟ ਤੇ ਦੋ ਸਿਪਾਹੀ ਦਰਿਆ ਵਲ ਪਿੱਛੇ ਹਟ ਗਏ ... ਤੇ ਡਾਂਗਾਂ ਸੋਟੇ ਚੁੱਕੀ ਭੀੜ ਉਸ ਨੂੰ ਧੱਕੇ ਮਾਰਦੀ ਗਈ।
"ਇੱਕ ਮਸ਼ੀਨਗੰਨ ਲਿਆਓ ।" ਉਸ ਭਾਰੀ ਆਵਾਜ਼ ਵਿੱਚ ਆਖਿਆ।
ਉਸ ਦਾ ਸਹਾਇਕ ਮੱਛੀ ਵਾਂਗ ਗੱਡਿਆਂ ਤੇ ਘੋੜਿਆਂ ਹੇਠੋਂ ਤਿਲ੍ਹਕਦਾ, ਨਿਕਲ ਗਿਆ । ਝੱਟ ਪਟ ਇੱਕ ਮਸ਼ੀਨਗੰਨ ਤੇ ਸਿਪਾਹੀਆਂ ਦੀ ਪਲਟਨ ਦੌੜਦੀ ਉੱਥੇ ਪਹੁੰਚ ਗਈ।
ਕਿਰਸਾਨ ਭੂਤਰੇ ਸਾਨ੍ਹਾਂ ਵਾਂਗ ਬੇਕਣ ਲੱਗ ਪਏ।
"ਜਾਣ ਨਾ ਦੇਣਾ ਇੱਕ ਨੂੰ ਵੀ ।" ਉਹ ਚੀਖ਼ੇ ਤੇ ਬਾਂਸਾਂ ਸੋਟਿਆਂ ਨਾਲ, ਸਿਪਾਹੀਆਂ ਦੇ ਹੱਥਾਂ ਵਿੱਚ ਚੁੱਕੀਆਂ ਰਫ਼ਲਾਂ ਉੱਤੇ ਟੁਟ ਪਏ। ਸਿਪਾਹੀ, ਜੋ ਆਪਣੇ ਲੋਕਾਂ-ਪਿਉਆਂ, ਮਾਵਾਂ ਤੇ ਬੀਵੀਂਆਂ ਉੱਤੇ ਕਿਸੇ ਹਾਲ ਵੀ ਗੋਲੀ ਨਹੀਂ ਸਨ ਚਲਾ ਸਕਦੇ, ਰਫ਼ਲਾਂ ਪੁੱਠੀਆਂ ਕਰਕੇ ਬੱਟਾਂ ਨਾਲ ਮਾਰਨ ਲੱਗ ਪਏ।
ਕੋਜ਼ੂਖ ਬਿੱਲੀ ਦੀ ਫੁਰਤੀ ਨਾਲ ਛਾਲ ਮਾਰ ਕੇ ਅੱਗੇ ਵੱਧ ਗਿਆ ਤੇ ਮਸ਼ੀਨਗੰਨ ਨੂੰ ਹੱਥ ਪਾਂਦਿਆਂ ਹੀ ਭੀੜ ਉੱਤੇ ਕਈ ਰੌਂਦਾਂ ਦੀ ਉਸ ਵਾਛੜ ਸਿਟ ਦਿੱਤੀ । ਗਲੀਆਂ ਵਿੰਨ੍ਹਦੀਆਂ ਲੰਘ ਗਈਆਂ ਤੇ ਮੌਤ ਦੇ ਖੌਫ਼ ਨੇ ਕਿਰਸਾਨਾਂ ਦੇ ਲੂੰਅ ਖੜ੍ਹੇ ਕਰ ਦਿੱਤੇ।
ਉਹ ਪਿੱਛੇ ਹਟ ਗਏ ਤੇ ਬਗੀਚੀਆਂ ਦੇ ਪਿੱਛੋਂ ਲਗਾਤਾਰ ਰਾਟ... ਰਟ... ਰਟ ਗੋਲੀ ਚੱਲਣ ਦੀ ਆਵਾਜ਼ ਆਉਂਦੀ ਰਹੀ।
ਕੋਜੂਖ ਨੇ ਮਸ਼ੀਨਗੰਨ ਤੋਂ ਹੱਥ ਚੁੱਕੇ ਤੇ ਉੱਚੀ ਆਵਾਜ਼ ਨਾਲ ਕਿਰਸਾਨਾਂ ਉੱਤੇ ਲਾਨ੍ਹਤਾਂ ਪਾਣ ਲੱਗ ਪਿਆ। ਅਖੀਰ ਉਹ ਉਸ ਦੇ ਅਧਿਕਾਰ ਅੱਗੇ ਝੁੱਕ ਗਏ। ਪੁੱਲ ਉੱਤੇ ਕਈ ਛੱਕੜਿਆਂ ਦੇ ਪਹੀਏ ਇੱਕ ਦੂਜੇ ਵਿੱਚ ਫਸੇ ਪਏ ਸਨ । ਉਹ ਹੁਕਮ ਦਿੱਤਾ ਕਿ ਇਹਨਾਂ ਨੂੰ ਦਰਿਆ ਵਿੱਚ ਧੱਕ ਦਿਓ। ਉਸ ਦਾ ਹੁਕਮ ਮੰਨ ਲਿਆ ਗਿਆ। ਪੁੱਲ ਸਾਫ਼ ਕਰ ਦਿੱਤਾ ਗਿਆ। ਪੁੱਲ ਦੇ ਲਾਗੇ ਉਸ ਸਿਪਾਹੀਆਂ ਦੀ ਇੱਕ ਪਲਟਨ ਖੜ੍ਹੀ ਕਰ ਦਿੱਤੀ ਤੇ ਉਸ ਦੇ ਸਹਾਇਕ ਬੜੇ ਤਰੀਕੇ ਨਾਲ, ਛੱਕੜਿਆਂ ਨੂੰ ਇੱਕ ਇੱਕ ਕਰਕੇ ਲੰਘਾਣ ਲੱਗ ਪਏ।
ਤਿੰਨ ਤਿੰਨ ਦੀਆਂ ਕਤਾਰਾਂ ਵਿੱਚ, ਛੱਕੜੇ ਤੇ ਉਹਨਾਂ ਦੇ ਪਿੱਛੇ ਬੰਨ੍ਹੀਆਂ ਸਿਰ ਮਾਰਦੀਆਂ ਗਾਂਵਾਂ ਤੇ ਸੂਰਾਂ ਦਾ ਇੱਜੜ ਪੁੱਲ ਦੇ ਫੱਟਿਆਂ ਉੱਤੋਂ ਖੜ ਖੜ ਕਰਦਾ ਲੰਘਣ ਲੱਗ ਪਿਆ। ਕਈ ਥਾਵਾਂ ਉੱਤੋਂ ਫੱਟੇ ਉੱਖੜ ਗਏ ਤੇ ਇਹ ਸਾਰੀ ਅਫੜਾ-ਦਫੜੀ ਦਰਿਆ ਦੀਆਂ ਸੁਕਾਟਾਂ ਵਿੱਚ ਗੁਆਚ ਗਈ।
ਪੁੱਲ ਉੱਪਰ ਤੇ ਦਰਿਆ ਤੋਂ ਪਰੇ ਸਾਮਾਨ ਨਾਲ ਲੱਦੇ ਛਕੜੇ ਆਪਣੇ ਪਿੱਛੇ ਧੂੰ ਮਿੱਟੀ ਘੱਟੇ ਦੇ ਗੁਬਾਰ ਉਡਾਂਦੇ, ਭੱਜੀ ਜਾ ਰਹੇ ਸਨ। ਚੌਰਾਹੇ, ਸੜਕਾਂ ਤੇ ਗਲੀਆਂ ਹੌਲੀ ਹੌਲੀ ਸਭ ਸੱਖਣੀਆਂ ਹੋ ਗਈਆਂ ਤੇ ਇੰਝ ਲੱਗਦਾ ਸੀ ਕਿ ਭਰਿਆ ਪੂਰਿਆ ਪਿੰਡ ਪਲਾਂ ਵਿੱਚ ਉੱਜੜ ਗਿਆ ਹੋਵੇ।
ਕਸਾਕਾਂ ਨੇ, ਦਰਿਆ ਦੇ ਦੁਆਲੇ ਅੱਗਾਂ ਸਿਟਦੇ ਬੰਦੂਕਾਂ ਦੇ ਘੇਰੇ ਵਿੱਚ, ਸਾਰਾ ਪਿੰਡ ਵੱਲ ਲਿਆ। ਹੌਲੀ ਹੌਲੀ ਉਹ ਪਿੰਡ ਦੀਆਂ ਬਗੀਚੀਆਂ ਤੇ ਪੁਲ ਉੱਤੋਂ ਲੰਘਦੇ, ਸਾਮਾਨ ਨਾਲ ਲੱਦੇ ਛੱਕੜਿਆਂ ਉੱਤੇ ਆਪਣਾ ਘੇਰਾ ਤੰਗ ਕਰਦੇ ਗਏ । ਸਿਪਾਹੀ ਆਪਣੇ ਪਿੰਡ ਦੇ ਕੱਖਾਂ ਲਈ ਵੀ, ਮਾਵਾਂ-ਪਿਓਆਂ, ਤੀਵੀਂਆਂ ਤੇ ਬੱਚਿਆਂ ਦੀ ਰਖਵਾਲੀ ਕਰਦੇ ਲੜਦੇ ਰਹੇ। ਉਹ ਬੜੇ ਸਰਫ਼ੇ ਨਾਲ ਗੋਲੀ ਚਲਾ ਰਹੇ ਸਨ ਤੇ ਕੋਈ ਛਰ੍ਹਾ ਬਿਨਾਂ ਕਿਸੇ ਕਸਾਕ, ਜਾਂ ਉਸ ਦੇ ਬੱਚੇ ਦੀ ਲੋਥ ਭੁੰਜੇ ਸਿੱਟੇ ਅਜਾਈਂ ਨਹੀਂ ਸਨ ਜਾਣ ਦਿੰਦੇ।
ਕਸਾਕ ਵਹਿਸ਼ੀਆਂ ਵਾਂਗ, ਰੁੱਖਾਂ, ਵਾੜਾਂ ਤੇ ਝਾੜੀਆਂ ਵਿੱਚੋਂ ਨਿਕਲ ਨਿਕਲ ਕੇ ਬਗੀਚੀਆਂ ਵੱਲ ਵੱਧ ਰਹੇ ਸਨ।
ਦੋਵੇਂ ਧਿਰਾਂ ਇੱਕ ਦੂਜੇ ਕੋਲੋਂ, ਕੁਝ ਕਦਮਾਂ ਦੀ ਵਿੱਥ ਉੱਤੇ ਅੱਪੜ ਚੁੱਕੀਆਂ ਸਨ। ਸਿਪਾਹੀਆਂ ਨੇ ਆਪਣੇ ਕਾਰਤੂਸ ਬਚਾ ਕੇ ਰੱਖਣ ਹਿੱਤ ਗੋਲੀ ਚਲਾਣੀ ਰੋਕ ਦਿੱਤੀ। ਉਹ ਓਹਲਾ ਕਰ ਕੇ ਕਸਾਕਾਂ ਨੂੰ ਵੇਖਣ ਲੱਗ ਪਏ ਤੇ ਕਸਾਕ, ਇਹਨਾਂ ਨੂੰ। ਕਸਾਕਾਂ ਵੱਲੋਂ ਹਵਾ ਵਿੱਚ ਵੋਦਕੇ ਦੀ ਬੋ ਤਰਦੀ ਆ ਕੇ ਇਹਨਾਂ ਦੀਆਂ ਨਾਸਾਂ ਨਾਲ ਛੋਂਹਦੀ ਲੰਘ ਰਹੀ ਸੀ।
"ਕੁੱਤੇ ਨਸ਼ਈ ਹੋਏ ਪਏ ਨੇ ! ਕਾਸ਼ ਕਿ ਕੁਝ ਸਾਡੇ ਅੱਡੇ ਚੜ੍ਹ ਜਾਂਦੇ ।"
ਅਚਾਨਕ, ਕਸਾਕਾਂ ਵੱਲੋਂ ਚਾਂਭਲ ਤੇ ਠੱਠੇ ਭਰੀਆਂ ਆਵਾਜ਼ਾਂ ਇੱਧਰ ਪੁੱਜੀਆਂ-
“ਵੇਖ ਓਏ ਸਾਲਿਆ, ਔਹ ਖੋਮਕਾ ਖਲ੍ਹਤਾ ਹੋਇਆ ਈ।"
ਏਸੇ ਤਰ੍ਹਾਂ ਦੀਆਂ ਗੱਲਾਂ ਦੀ ਭਿਣਕ ਇੱਧਰ ਪਹੁੰਚ ਰਹੀ ਸੀ।
ਇੱਕ ਰੁੱਖ ਪਿੱਛ, ਬਿਨਾਂ ਸਾਵਧਾਨੀ ਵਰਤੋ, ਹੈਰਾਨੀ ਵਿੱਚ ਅੱਖਾਂ ਟੱਡੀ ਇੱਕ ਕਸਾਕ ਅੱਗੇ ਨਿਕਲ ਆਇਆ। ਹੂ-ਬ-ਹੂ ਉਸੇ ਵਰਗਾ, ਸਿਪਾਹੀਆਂ ਦੀ ਕਤਾਰ ਵਿੱਚੋਂ ਵੀ ਇੱਕ ਅੱਗੇ ਨੂੰ ਹੋ ਟੁਰਿਆ।
“ਓਏ, ਇਹ ਤੂੰ ਏਂ ਵਾਂਕਾ!" ਸਿਪਾਹੀ ਕੂਕਿਆ।
ਉਹ ਦੋਵੇਂ ਇੱਕ ਪਿੰਡ ਤੇ ਗਲੀ ਦੇ ਸਨ। ਦੁਹਾਂ ਦੀਆਂ ਝੁੱਗੀਆਂ, ਬੈਂਤ ਦੇ ਝਾੜਾਂ ਹੇਠ ਕੋਲ ਕੋਲ ਹੀ ਸਨ। ਸਵੇਰ ਸਾਰ ਜਦ ਚਰਾਂਦ ਵਿੱਚ ਗਾਵਾਂ ਨੂੰ ਲੈ ਕੇ ਜਾਂਦੇ, ਤਾਂ ਵਾੜ ਲਾਗੇ ਖਲ੍ਹ ਕੇ ਉਹਨਾਂ ਦੀਆਂ ਮਾਵਾਂ, ਕਿੰਨਾ ਕਿੰਨਾ ਚਿਰ ਗੱਲੀਂ ਲੱਗੀਆਂ ਰਹਿੰਦੀਆਂ। ਹਾਲਾਂ ਕਲ੍ਹ ਦੀ ਗੱਲ ਸੀ, ਉਹ ਨਿੱਕੇ ਨਿੱਕੇ ਹੁੰਦੇ ਸਨ । ਹੱਥ ਵਿੱਚ ਸੋਟੀਆਂ ਤੇ ਕੁੰਡੀਆਂ ਫੜੀ ਪਿੰਡ ਦੇ ਬਾਹਰ ਛੱਪੜ ਵਿੱਚ ਮੱਛੀਆਂ ਫੜਨ ਜਾਂਦੇ ਸਨ ਤੇ ਕਿੰਨਾ ਕਿੰਨਾ ਚਿਰ ਦੋਵੇਂ ਛਾਲਾਂ ਮਾਰ ਮਾਰ ਕੇ ਨਹਾਉਂਦੇ ਰਹਿੰਦੇ ਸਨ। ਕੁੜੀਆਂ ਨਾਲ ਰਲ ਕੇ ਯੂਕਰੇਨੀਆਂ ਦੇ ਗੀਤ ਗਾਉਂਦੇ ਰਹਿੰਦੇ ਸਨ। ਫਿਰ ਉਹ ਫੌਜ ਵਿੱਚ ਭਰਤੀ ਹੋ ਗਏ ਸਨ ਤੇ ਵਰ੍ਹਦੇ ਗੋਲਿਆਂ ਹੇਠ ਇਕੱਠੇ ਤੁਰਕਾਂ ਨਾਲ ਲੜੇ ਸਨ।
ਤੇ ਅੱਜ...?
ਉਹਨਾਂ ਵਿੱਚੋਂ ਇੱਕ ਚੀਖਿਆ:
“ਓਏ ਉੱਥੇ ਕੀ ਕਰਨ ਡੇਹਿਆ ਏਂ, ਸੂਰਾ ? ਖੋਤੇ ਦੇ ਪੁੱਤਾ, ਬਾਲਸ਼ਵਿਕਾਂ ਡਾਕੂਆਂ ਵਿੱਚ ਕਾਹਨੂੰ ਜਾ ਰਲਿਆ ਏਂ ?"
"ਮੈਂ ਡਾਕੂ ਵਾਂ, ਹੈਂ ਨਾ, ਕਮੀਨਿਆ ? ਤੇਰਾ ਪਿਓ ਸੜ੍ਹਾਂਦਾਂ ਛੱਡਦਾ ਇੱਕ ਕੁਲਕ ਹੁੰਦਾ ਸੀ। ਜਿਉਂਦਿਆਂ ਦੀ ਖੱਲ ਲਾਹੁਣ ਵਾਲਾ, ਤੇ ਤੂੰ ਉਸ ਤੋਂ ਵੱਧ, ਲਹੂ ਪੀਣੀ ਜੋਕ ।"
"ਮੈਂ ਜੋਕ ਵਾਂ, ਹੈਂ ਨਾ, ਤੇ ਤੂੰ।"
ਆਪਣੀ ਰਫ਼ਲ ਭੁੰਜੇ ਸੁੱਟ ਕੇ, ਉਹ ਕੁੱਦ ਕੇ ਅੱਗੇ ਵੱਧਿਆ ਤੇ ਖਮਕਾ ਦੇ ਨੱਕ ਉੱਤੇ ਵੱਟ ਕੇ ਮੁੱਕਾ ਕੱਢ ਮਾਰਿਆ। ਖੋਮਕਾ ਨੇ ਗੁੱਸੇ ਵਿੱਚ ਆਪਣੀ ਬਾਂਹ ਉਲਾਰੀ ਤੇ ਵਾਂਕਾ ਦੀ ਇੱਕ ਅੱਖ ਵਿੱਚ ਤੁੰਨ ਦਿੱਤੀ।
"ਹੈਤ... ਕੁੱਤੀ ਦਾ ਪੁੱਤ! ਲੈ ਹੋ ਅਗਾਂਹ।"
ਹੁਣ ਰੋਹ ਭਰੇ, ਇੱਕ ਦੂਜੇ ਦੇ ਵੱਟ ਕੱਢਣ ਲੱਗ ਪਏ।
ਚਾਂਘਰਾਂ ਮਾਰਦੇ ਕਸਾਕ, ਵਹਿਸ਼ੀਆਂ ਵਾਂਗ ਅੱਖਾਂ ਕੱਢੀ, ਵੋਦਕਾ ਦੀ ਬ ਖਲਾਰਦੇ ਕੁੱਦ ਕੁੱਦ ਅੱਗੇ ਪੈਣ ਲੱਗ ਪਏ। ਸਿਪਾਹੀਆਂ ਨੂੰ ਵੀ ਜਿਉਂ ਮੁਸ਼ਕ ਚੜ੍ਹ ਗਈ। ਉਹਨਾਂ ਨੇ ਵੀ ਰਫ਼ਲਾਂ ਇੱਕ ਪਾਸੇ ਧਰੀਆਂ ਤੇ ਦੋਵੇਂ ਧਿਰਾਂ ਇਉਂ ਮੁੱਕ-ਮੁੱਕਾ ਹੋਣਾ ਲੱਗ ਪਈਆਂ, ਜਿਉਂ ਗੋਲਾ-ਬਰੂਦ ਕਿਸੇ ਵੇਖਿਆ ਹੀ ਨਾ ਹੋਵੇ।
ਕੋਈ ਲੜਾਈ ਵਰਗੀ ਲੜਾਈ ਸੀ ਇਹ! ਸੁੱਜੇ ਮੂੰਹ, ਫਿੱਸੇ ਹੋਏ ਨੱਕ, ਉੱਡੇ ਹੋਏ ਬੁਥਾੜੇ। ਮੁੱਕਿਆਂ ਦੀ ਮਾਰ ਨੇ ਜਬਾੜੇ, ਹੱਡੀਆਂ ਸਭ ਭੰਨ ਕੇ ਰੱਖ ਛੱਡੇ ਸਨ। ਗਾਲ੍ਹਾਂ ਤੇ ਲਾਨ੍ਹਤਾਂ ਦੀ ਬੁਛਾੜ ਨੇ ਸੰਘ ਖੁਸ਼ਕ ਕਰ ਛੱਡੇ ਸਨ ਜਿੰਨ੍ਹਾਂ-ਭੂਤਾਂ ਦੀ ਭੀੜ ਦੀ ਭੀੜ, ਦੰਦ ਕਰੀਰ ਕਰੀਚ ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋਈ ਪਈ ਸੀ।
ਕਸਾਕਾਂ ਤੇ ਸਿਪਾਹੀਆਂ ਦੇ ਕਮਾਂਡਰ ਇੱਕ ਦੂਜੇ ਨੂੰ ਛੁਡਾਣ ਲਈ ਇੱਧਰ ਉੱਧਰ ਗਾਲ੍ਹਾਂ ਕੱਢਦੇ ਭੱਜੀ ਫਿਰ ਰਹੇ ਸਨ। ਅਫ਼ਸਰਾਂ ਦੇ ਹੱਥਾਂ ਵਿੱਚ ਭਾਵੇਂ ਰਫ਼ਲਾਂ ਫੜੀਆਂ ਹੋਈਆਂ ਸਨ, ਪਰ ਉਹ ਆਪਣੇ ਜਾਂ ਬਿਗਾਨੇ, ਕਿਸੇ ਨੂੰ ਵੀ ਗੋਲੀ ਨਹੀਂ ਸਨ ਮਾਰਨਾ ਚਾਹੁੰਦੇ । ਵੇਦਕਾ ਦੀ ਬੋ ਨਾਲ ਹਵਾ ਭਾਰੀ ਹੋਈ ਹੋਈ ਸੀ।
"ਨਸ਼ਈ ਕੁੱਤੇ ਕਮੀਨੇ! ਓਏ ਵੋਦਕਾ ਨਹੀਂ ਕੁਝ ਹੋਰ ਪੀ ਕੇ ਆਉ!"
"ਜਾਂਗਲੀ ਸੂਰ ਕਿਰਸਾਨ । ਓਏ ਤੁਹਾਡੇ ਲਈ ਵੋਦਕਾ ਈ ਬਥੇਰੀ ਏ।" ਕਸਾਕ ਸਿਪਾਹੀਆਂ ਦੀ ਮਾਂ-ਭੈਣ ਪੁਣਦੇ, ਕੁੱਦ ਕੁੱਦ ਪੈ ਰਹੇ ਸਨ।
ਉਹ ਇੱਕ ਦੂਜੇ ਉੱਤੇ ਇੱਲਾਂ ਵਾਂਗ ਝੱਪਟ ਰਹੇ ਸਨ। ਮੁੱਕੇ ਮਾਰ ਮਾਰ, ਉਹਨਾਂ ਇੱਕ ਦੂਜੇ ਦੇ ਚਿਹਰੇ ਬਦ ਸ਼ਕਲੇ ਕਰ ਦਿੱਤੇ। ਇੱਕ ਦੂਜੇ ਲਈ ਉਹਨਾਂ ਦੇ ਦਿਲਾਂ ਵਿੱਚ ਨਫ਼ਰਤ ਦੀ ਅੱਗ ਏਨੀ ਭੜਕੀ ਹੋਈ ਸੀ ਕਿ ਠੰਡਾ ਕਰਨਾ, ਅਸਲੋਂ ਅਸੰਭਵ ਸੀ। ਉਹ ਇੱਕ ਦੂਜੇ ਦੀਆਂ ਬੋਟੀਆਂ ਕਰਕੇ ਕੁੱਤਿਆਂ ਅੱਗੇ ਪਾਣ ਨੂੰ, ਰੋਹ ਵਿੱਚ ਪਾਗਲ ਹੋ ਰਹੇ ਸਨ । ਗਾਲ੍ਹਾਂ ਗੰਦਗੀ ਦੀ ਬੁਛਾੜ ਵਿੱਚ, ਠੱਲ੍ਹੇ ਦੀ ਬੇ ਰਲੀ ਹੋਈ ਸੀ।
ਜੰਗਲੀ ਬਿੱਲੀਆਂ ਵਾਂਗ ਗੁਰਾਂਦੇ, ਉਹ ਘੰਟਿਆਂ ਬੱਧੀ ਇੱਕ ਦੂਜੇ ਦਾ ਮੂੰਹ ਸਿਰ ਵਲੂੰਧਰਦੇ ਰਹੇ ਤੇ ਉਹਨਾਂ ਨੂੰ ਇਹ ਵੀ ਸੁਰਤ ਨਾ ਰਹੀ ਕਿ ਕਿਸ ਵੇਲੇ ਰਾਤ ਪੈ ਗਈ।
ਲੜ ਲੜ ਬੇਹਾਲ ਹੋਏ ਦੋ ਸਿਪਾਹੀਆਂ ਨੇ ਝਟ ਕੁ ਲਈ ਆਪਣੇ ਮੁੱਕੇ ਰੋਕੇ ਤੇ ਆਪਣੇ ਵਿਰੋਧੀ ਦੇ ਚਿਹਰੇ ਵੱਲ ਵੇਖਣ ਲੱਗ ਪਏ।
"ਓਪਾਨਸ ਤੂੰ ਏਂ ? ਤੂੰ ਕਿਹੜੀ ਗੱਲੋਂ ਮੈਨੂੰ ਮਾਰਨ ਲੱਗਾ ਹੋਇਆ ਏਂ?"
"ਰੱਬ ਦੀ ਸਹੁੰ ਮੀਕਲੋਕਾ, ਮੈਂ ਸਮਝਿਆ ਤੂੰ ਕਸਾਕ ਏਂ । ਪਾਗਲਾ ਤੂੰ ਮੇਰਾ ਹੁਲੀਆ ਵਿਗਾੜ ਛੱਡਿਆ ਏ।"
ਲਹੂ ਲੁਹਾਨ ਚਿਹਰੇ ਲੈ ਕੇ ਉਹ ਦੋਵੇਂ ਆਪਣੇ ਆਪਣੇ ਪਾਸੇ ਟੁਰ ਗਏ ਤੇ ਆਪਣੀਆਂ ਰਫ਼ਲਾਂ ਲੱਭਣ ਲੱਗ ਪਏ।
ਉਹਨਾਂ ਦੇ ਨੇੜੇ ਹੀ ਦੋ ਕਸਾਕ ਗਾਲ੍ਹਾਂ ਕੱਢਦੇ ਤੇ ਬੁੜ ਬੁੜ ਕਰਦੇ, ਭੂਤਾਂ ਵਾਂਗ ਲੜੇ ਸਨ। ਫਿਰ ਉਹ ਦੋਵੇਂ ਸਿਪਾਹੀਆਂ ਦੀ ਪਿੱਠ ਉੱਤੇ ਚੜ੍ਹ ਬੈਠੇ। ਕਦੇ ਉਹ ਘੋੜੀ ਬਣਾ ਲੈਣ ਤੇ ਕਦੇ ਉਹ:
“ਇਹ ਕੀ ਓਏ, ਮੇਰੇ ਉਤੇ ਇਉਂ ਸਵਾਰ ਏਂ, ਜਿਉਂ ਮੈਂ ਇੱਕ ਖੱਸੀ ਘੜਾ ਹੋਵਾਂ ?"
"ਮੈਨੂੰ ਨਹੀਂ ਸੀ ਪਤਾ ਗਰਾਸਕਾ ਕਿ ਤੂੰ ਏਂ। ਤੂੰ ਪਹਿਲੋਂ ਦੱਸਿਆ ਕਿਉਂ ਨਹੀਂ। ਜਿਸ ਤਰ੍ਹਾਂ ਤੂੰ ਗਾਲ੍ਹਾਂ ਕੱਢ ਰਿਹਾ ਸੈਂ, ਮੈਂ ਸਮਝਿਆ ਕੋਈ ਸਿਪਾਹੀ ਹੋਵੇਗਾ।"
ਉਹ ਵੀ ਆਪਣੇ ਚਿਹਰੇ ਪੂੰਝਦੇ ਕਸਾਕਾਂ ਵਾਲੇ ਪਾਸੇ ਟੁਰ ਗਏ। ਅਖ਼ੀਰ ਗਾਲ੍ਹਾਂ ਬੰਦ ਹੋਈਆਂ ਤੇ ਫਿਰ ਗੜ੍ਹਕਦੇ ਦਰਿਆ ਦੀ ਆਵਾਜ਼ ਤੇ ਪੁੱਲ ਦੇ ਉਖੜੇ ਤਖ਼ਤਿਆਂ ਵਿੱਚੋਂ ਉੱਪਰ ਦੌੜਦੇ ਛੱਕੜਿਆਂ ਦੀ ਖੜ ਖੜ ਦੀਆਂ ਆਵਾਜ਼ਾਂ ਸੁਣਨ ਲੱਗ ਪਈਆਂ। ਉੱਪਰ ਆਕਾਸ਼ ਵਿੱਚ, ਕਾਲੇ ਬੱਦਲਾਂ ਵਿੱਚ, ਲਾਲੀ ਘੁਲੀ ਪਈ ਦਿੱਸਦੀ ਸੀ । ਸਿਪਾਹੀ ਆਪਣੀਆਂ ਲਾਈਨਾਂ ਵਿੱਚ ਬਗੀਚਿਆਂ ਦੇ ਨਾਲ ਨਾਲ ਲੰਮੇ ਪੈ ਗਏ ਤੇ ਬਹਾਰ ਸਟੈਪੀ ਵਿੱਚ, ਕਸਾਕ
ਲਾਈਨਾਂ ਦਾ ਘੇਰਾ ਸੀ । ਸਭ ਆਪਣੇ ਫੱਟਾਂ ਉੱਤੇ ਮਲਹਮ ਪੱਟੀਆਂ ਕਰਨ ਵਿੱਚ ਜੁੱਟੇ ਹੋਏ ਸਨ ਤੇ ਚਾਰੇ ਪਾਸੇ ਖਾਮੋਸ਼ੀ ਛਾਈ ਹੋਈ ਸੀ।
ਪੁੱਲ ਉੱਤੇ ਉਸੇ ਤਰ੍ਹਾਂ ਆਵਾਜਾਈ ਲੱਗੀ ਸੀ ਤੇ ਹੇਠਾਂ ਦਰਿਆ ਉਸੇ ਤਰ੍ਹਾਂ ਸੂਕਦਾ ਵੱਗਦਾ ਰਿਹਾ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਪਿੰਡ ਖਾਲੀ ਹੋ ਚੁੱਕਾ ਸੀ । ਜਿਸ ਵੇਲੇ ਆਖਰੀ ਦਸਤੇ ਲੰਘ ਗਏ, ਪੁੱਲ ਨੂੰ ਲਾਟਾਂ ਦੇ ਹਵਾਲੇ ਕਰ ਦਿੱਤਾ ਗਿਆ। ਸਿਪਾਹੀਆਂ ਦੇ ਉੱਥੋਂ ਕੂਚ ਕਰ ਜਾਣ ਮਗਰੋਂ, ਪਿੰਡ ਵੱਲੋਂ ਮਸ਼ੀਨਗੰਨਾਂ ਤੇ ਰਫ਼ਲਾਂ ਵਿੱਚੋਂ ਗੋਲੀਆਂ ਵਰ੍ਹਣੀਆਂ ਸ਼ੁਰੂ ਹੋ ਗਈਆਂ।
6
ਪਿੰਡ ਦੀਆਂ ਗਲੀਆਂ ਵਿੱਚੋਂ ਕਸਾਕ ਪਿਆਦਾ ਫੌਜ, ਲੰਮੀਆਂ ਕਮੀਜ਼ਾਂ ਉੱਪਰ ਸਰਕੇਸ਼ੀਅਨ ਤੰਗ ਪੇਟੀ ਵਾਲ਼ੇ ਕੋਟ ਪਾਈ, ਝੂੰਮਦੀ ਤੇ ਗਾਉਂਦੀ ਲੰਘ ਰਹੀ ਸੀ । ਉਹਨਾਂ ਦੀਆਂ ਭੇਡ ਦੀ ਖੱਲ ਦੀਆਂ ਸਿਆਹ ਬੁਰਦਾਰ ਟੋਪੀਆਂ ਉੱਤੇ ਚਿੱਟੇ ਫੁਮ੍ਹਣ ਝੂਲ ਰਹੇ ਸਨ। ਉਹਨਾਂ ਦੇ ਅਜੀਬ ਚਿਹਰੇ ਸਨ: ਕਿਸੇ ਦੀ ਅੱਖ ਹੇਠਾਂ ਥਾਂ ਲਾਲ ਤੇ ਸੁਜੀ ਹੋਈ ਸੀ। ਉਸ ਦੇ ਗੁਆਂਢੀ ਦਾ ਨੱਕ ਰਤਾ ਲਾਲ ਤੇ ਪਿਲਪਿਲਾ ਸੀ । ਕਿਸੇ ਹੋਰ ਦੀਆਂ ਗੱਲ੍ਹਾਂ ਫੁੰਡੀਆਂ ਹੋਈਆਂ ਤੇ ਸੁੱਜੇ ਬੁੱਲ੍ਹ ਸਨ। ਇੱਕ ਵੀ ਸ਼ਕਲ ਅਜਿਹੀ ਨਹੀਂ ਸੀ, ਜੋ ਸਾਫ਼ ਜਾਂ ਬਿਨਾਂ ਕਿਸੇ ਝਰੀਟ ਦੇ ਹੋਵੇ।
ਪਰ ਫੇਰ ਵੀ ਉਹ ਖੁਸ਼ੀ ਵਿੱਚ ਝੂਮਦੇ ਤੇ ਪੈਰਾਂ ਨਾਲ ਮਿੱਟੀ ਘੱਟਾ ਉਡਾਂਦੇ ਤੇ ਗਾਉਂਦੇ ਟੁਰੀ ਜਾ ਰਹੇ ਸਨ।
"ਆਖਦੇ ਸਨ ਈਨ ਨਹੀਂ ਮੰਨਾਂਗੇ
ਤੇ ਉੱਠ ਖਲ੍ਹਤੇ ਉਹ ਬਗਾਵਤ ਵਿੱਚ...।"
ਉਹਨਾਂ ਦੀ ਗਹਿਰੀ ਖੜਕਵੀਂ ਆਵਾਜ਼ ਪਿੰਡ ਵਿੱਚੋਂ ਹੁੰਦੀ ਬਗੀਚੀਆਂ ਤੇ ਬਗੀਚਿਆਂ ਤੋਂ ਪਰ੍ਹੇ, ਸਾਰੀ ਸਟੈਪੀ ਵਿੱਚ ਗੂੰਜਦੀ ਲੰਘ ਰਹੀ ਸੀ। "ਉਹਨਾਂ ਦੀ ਮਾਂ-ਧਰਤੀ ਖੋਹੀ ਗਈ ਸੀ...।"
ਕਸਾਕ ਤੀਵੀਂਆਂ ਦੌੜ ਦੌੜ ਕੇ ਉਹਨਾਂ ਨੂੰ ਮਿਲ ਰਹੀਆਂ ਸਨ ਤੇ ਵਿੱਚੋਂ ਆਪਣੇ ਬੰਦਿਆਂ ਦੇ ਚਿਹਰੇ ਪਛਾਣ ਪਛਾਣ ਏਨੀਆਂ ਬਉਰੀਆਂ ਹੋਈਆਂ ਪਈਆਂ ਸਨ ਕਿ ਗੀਤ ਵਿੱਚੇ ਗੜੂੰਦ ਹੋ ਕੇ ਰਹਿ ਗਿਆ ਸੀ। ਕੋਈ ਕੋਈ ਮਾਂ ਆਪਣੇ ਚਿੱਟੇ ਵਾਲਾਂ ਨੂੰ ਦੋਹਾਂ ਹੱਥਾਂ ਨਾਲ ਖੋਂਹਦੀ ਇੱਧਰ ਉੱਧਰ ਡਿੱਗ ਪੈਂਦੀ। ਤਗੜੇ ਹੱਥ ਕਲਾਵੇ ਭਰ ਕੇ ਇਹਨਾਂ ਨੂੰ ਚੁੱਕੀ ਝੁੱਗੀਆਂ ਵਿੱਚ ਲੈ ਗਏ।
"ਤੇ ਉੱਠ ਖਲ੍ਹਤੇ ਉਹ ਬਗਾਵਤ ਵਿੱਚ... ।"
ਕਸਾਕ ਬੱਚੇ, ਝੁੰਡਾਂ ਦੇ ਝੁੰਡ, ਖਬਰੇ ਕਿੱਥੋਂ ਨਿਕਲ ਕੇ ਦੌੜਦੇ ਉੱਥੇ ਆ ਪਹੁੰਚੇ। ਕਿਸੇ ਨੂੰ ਵੀ ਕਈਆਂ ਦਿਨਾਂ ਤੋਂ ਉਹਨਾਂ ਦੀ ਕੋਈ ਖ਼ਬਰ ਸੂਰਤ ਨਹੀਂ ਸੀ। ਉਹ ਰੌਲਾ ਪਾਣ
ਲੱਗ ਪਏ:
“ਡੈਡੀ ਡੈਡੀ ।"
"ਅੰਕਲ ਮਿਕੋਲਾ! ਅੰਕਲ ਮਿਕੋਲਾ ।"
"ਲਾਲ ਫੌਜ ਸਾਡੇ ਵੱਛੇ ਡਕਾਰ ਗਈ।"
"ਮੈਂ ਆਪਣੀ ਛੋਟੀ ਬੰਦੂਕ ਨਾਲ ਇੱਕ ਸਿਪਾਹੀ ਦੀ ਅੱਖ ਉਡਾ ਦਿੱਤੀ। ਉਹ ਸ਼ਰਾਬ ਵਿੱਚ ਮਸਤ ਸਾਡੀ ਵਾੜੀ ਵਿੱਚ ਸੁੱਤਾ ਪਿਆ ਸੀ।"
ਦੂਜੇ ਰੀਫੂਜੀ ਜੋ ਕਲ੍ਹ ਵਾਲਿਆਂ ਨਾਲੋਂ ਵੱਖਰੇ ਸਨ ਤੇ ਵਸਨੀਕੀਆਂ ਨੂੰ ਚੰਗੇ ਲੱਗਦੇ ਸਨ, ਪਿੰਡ ਦੀਆਂ ਸੜਕਾਂ ਤੇ ਗਲੀਆਂ ਵਿੱਚ ਘੁੰਮਣ ਲੱਗ ਪਏ । ਸਾਰੇ ਵਿਹੜਿਆਂ ਵਿੱਚ, ਚੁੱਲ੍ਹਿਆਂ ਉਤੇ ਪਈਆਂ ਦੇਗਚੀਆਂ ਵਿੱਚੋਂ ਧੂੰਆਂ ਨਿਕਲ ਰਿਹਾ ਸੀ । ਕਸਾਕ ਤੀਵੀਆਂ ਕੋਲ ਕਰਨ ਲਈ ਬਹੁਤ ਕੰਮ ਸੀ। ਸਟੈਪੀ ਵਿੱਚ ਛੁਪੀਆਂ ਲੁਕੀਆਂ ਗਾਵਾਂ, ਬਾਹਰ ਹਿੱਕ ਲਿਆਂਦੀਆਂ ਗਈਆਂ। ਕੁੱਕੜ ਕੁਕੜੀਆਂ ਵਿਹੜਿਆਂ ਵਿੱਚ ਇੱਧਰ ਉੱਧਰ ਖੰਭ ਮਾਰਨ ਲੱਗ ਪਏ। ਭੁੰਨਣ ਤੇ ਰਿੰਨ੍ਹਣ ਪਕਾਣ ਦਾ ਕੰਮ ਜ਼ੋਰਾਂ ਉੱਤੇ ਹੋਣ ਲੱਗ ਪਿਆ।
ਦਰਿਆ ਦੇ ਕੰਢੇ ਉੱਤੇ ਬੜੇ ਜ਼ੋਰਾਂ ਸ਼ੋਰਾਂ ਨਾਲ ਕੰਮ ਹੋ ਰਿਹਾ ਸੀ। ਕੁਲ੍ਹਾੜੀਆਂ ਨਾਲ ਦਵਾ ਦਵ ਕੱਟ ਵੱਢ ਹੋ ਰਹੀ ਸੀ। ਹਥੌੜੇ ਏਨੇ ਜ਼ੋਰ ਜ਼ੋਰ ਦੀ ਚਲਾਏ ਜਾ ਰਹੇ ਸਨ ਕਿ ਦਰਿਆ ਦੀ ਆਵਾਜ਼ ਇਸ ਠਾਹ-ਠਾਹ ਵਿੱਚ ਮੱਧਮ ਪੈ ਚੁੱਕੀ ਸੀ ਤੇ ਪੱਥਰ ਦੀਆਂ ਚਿੱਪਰਾਂ ਇੱਧਰ ਉੱਧਰ ਉੱਡ ਕੇ ਵੱਜ ਰਹੀਆਂ ਸਨ। ਸੜੇ ਪੁੱਲ ਦੀ ਥਾਈਂ ਨਵਾਂ ਪੁੱਲ ਬਣਾਇਆ ਜਾ ਰਿਹਾ ਸੀ, ਜਿਸ ਉੱਤੋਂ ਲੰਘ ਕੇ ਦੁਸ਼ਮਣ ਦਾ ਪਿੱਛਾ ਕੀਤਾ ਜਾਣਾ ਸੀ।
ਪਿੰਡ ਵਿੱਚ ਵੀ ਕੋਈ ਅਵੇਸਲਾ ਨਹੀਂ ਸੀ। ਨਵੀਆਂ ਕਸਾਕ ਟੋਲੀਆਂ ਸੰਗਠਤ ਕੀਤੀਆਂ ਜਾ ਰਹੀਆਂ ਸਨ। ਅਫ਼ਸਰ ਹੱਥਾਂ ਵਿੱਚ ਕਾਪੀਆਂ ਫੜੀ ਇੱਧਰ ਉੱਧਰ ਘੁੰਮ ਫਿਰ ਰਹੇ ਸਨ । ਕਲਰਕ ਗਲੀਆਂ ਵਿੱਚ ਕੁਰਸੀਆਂ ਮੇਜ਼ ਡਾਹ ਕੇ ਬੈਠੇ ਲਿਸਟਾਂ ਬਣਾਉਣ ਵਿੱਚ ਤੇ ਨਾਂ ਬੋਲਣ ਵਿੱਚ ਰੁੱਝੇ ਹੋਏ ਸਨ।
ਕਸਾਕ, ਆਪਣੇ ਮੋਢਿਆਂ ਉੱਤੇ ਚਮਕਦਾਰ ਫੀਤੀਆਂ ਲਾਈ ਕੋਲੋਂ ਲੰਘਦੇ ਅਫ਼ਸਰਾਂ ਨੂੰ, ਬੜੇ ਧਿਆਨ ਨਾਲ ਵੇਖ ਰਹੇ ਸਨ। ਬਹੁਤਾ ਚਿਰ ਨਹੀਂ ਹੋਇਆ - ਮਸਾਂ ਛੇ ਸਤ ਮਹੀਨੇ ਪਹਿਲਾਂ -ਗੱਲ ਹੀ ਹੋਰ ਸੀ। ਮੰਡੀ ਵਿੱਚ, ਗਲੀਆਂ ਵਿੱਚ ਤੇ ਸੜਕਾਂ ਉੱਤੇ, ਅਫ਼ਸਰਾਂ ਦੀਆਂ ਵੱਢੀਆਂ ਟੁਕੀਆਂ ਲਾਸ਼ਾਂ ਦਿੱਸਦੀਆਂ ਸਨ ਤੇ ਵਰਦੀਆਂ ਉੱਤੇ ਕੋਈ ਵੀਤੀ ਨਹੀਂ ਸੀ ਰਹਿਣ ਦਿੱਤੀ ਗਈ। ਜਿਹੜੇ ਬਾਹਰ ਢਾਬਿਆਂ ਢਾਰਿਆਂ ਵਿੱਚ ਜਾ ਛੁਪੇ ਸਨ, ਉਹਨਾਂ ਨੂੰ ਗਲੋਂ ਫੜ੍ਹ ਕੇ ਮੋੜ ਲਿਆਂਦਾ ਗਿਆ ਸੀ ਤੇ ਲਿਆ ਕੇ, ਰੁੱਖਾਂ ਨਾਲ ਪੁੱਠਾ ਟੰਗ ਦਿੱਤਾ ਗਿਆ ਸੀ। ਕਾਂ ਤੇ ਗਿਰਝਾਂ ਦੀ ਉਹ ਖੁਰਾਕ ਬਣ ਗਏ ਸਨ।
ਇਹ ਕਹਾਣੀ ਸਾਲ ਭਰ ਦੀ ਹੈ, ਜਦ ਸਾਰੇ ਰੂਸ ਵਿੱਚ ਤੁਰਕੀ ਦੇ ਮੋਰਚੇ ਤੱਕ, ਭਾਂਬੜ ਬਲ ਉੱਠੇ ਸਨ। ਤੇ ਆਰੰਭ ਕਿਸ ਕੀਤਾ ਸੀ ?
ਅੱਜ ਕੋਈ ਨਹੀਂ ਸੀ ਦੱਸ ਸਕਦਾ। ਨਾ ਨਾਂ, ਨਾ ਪਤਾ, ਖ਼ਬਰੇ ਕਿੱਥੋਂ ਅਚਾਨਕ
ਬਾਲਸ਼ਵਿਕ ਆ ਪਹੁੰਚੇ ਤੇ ਇਉਂ ਲੱਗਾ ਸੀ, ਜਿਉਂ ਲੋਕਾਂ ਦੀਆਂ ਅੱਖਾਂ ਅੱਗ ਚੱਲਦੀ ਚੱਲਦੀ ਫਿਲਮ ਕਿਸੇ ਹਟਾ ਕੇ ਪਰ੍ਹੇ ਕਰ ਛੱਡੀ ਹੋਵੇ। ਉਹਨਾਂ ਉਹ ਕੁਝ ਪਲਾਂ ਵਿੱਚ ਵੇਖ ਲਿਆ, ਜੋ ਸਦੀਆਂ ਭਰ ਉਹ ਨਹੀਂ ਸਨ ਵੇਖ ਸਕੇ, ਪਰ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਜ਼ਰੂਰ ਸੀ - ਜਰਨੈਲ ਅਫ਼ਸਰ, ਜੱਜ, ਮੁਖੀ ਫੌਜ ਦੇ ਉੱਚੇ ਅਹੁੱਦਿਆਂ ਵਾਲੇ ਅਫ਼ਸਰ, ਤੇ ਨਾ ਕਾਬਿਲੇ ਬਰਦਾਸ਼ਤ, ਤਬਾਹੀ ਮਚਾਣ ਵਾਲੀ ਫੌਜ। ਹਰੇਕ ਕਸਾਕ ਨੂੰ, ਆਪਣੇ ਖਰਚ ਤੇ ਵਸੀਲੇ ਉਤੇ, ਆਪਣੇ ਪੁੱਤਰਾਂ ਨੂੰ ਫੌਜੀ ਸੇਵਾ ਲਈ ਤਿਆਰ ਕਰਨਾ ਸੀ। ਆਪਣੇ ਤਿੰਨ ਜਾਂ ਚਾਰ ਪੁੱਤਰਾਂ ਲਈ ਇੱਕ ਘੜਾ, ਕਾਠੀ, ਰਫ਼ਲ ਤੇ ਹੋਰ ਸਾਜ਼ ਸਾਮਾਨ ਖਰੀਦਣ ਵਿੱਚ ਉਹ ਬਰਬਾਦ ਹੋ ਜਾਂਦਾ ਸੀ। ਕਿਰਸਾਨਾਂ ਵਾਸਤੇ ਗੱਲ ਇਸ ਦੇ ਬਿਲਕੁਲ ਉਲਟ ਸੀ। ਉਹ ਜੰਗ ਵਿੱਚ ਸੱਖਣੇ ਹੱਥੀਂ ਗਏ ਸਨ ਤੇ ਲੋੜ ਦੀ ਹਰ ਸ਼ੈਅ ਪੈਰਾਂ ਤੋਂ ਸਿਰ ਤੱਕ, ਉਹਨਾਂ ਨੂੰ ਉੱਥੋਂ ਦਿੱਤੀ ਗਈ। ਬੇਸ਼ੁਮਾਰ ਕਸਾਕ ਹੌਲੀ ਹੌਲੀ ਗਰੀਬ ਹੋ ਗਏ ਸਨ ਤੇ ਉਹਨਾਂ ਦੀ ਰਹਿਣੀ ਬਹਿਣੀ ਵਿੱਚ ਅੰਤਰ ਆ ਗਿਆ ਸੀ। ਖਾਂਦੇ ਪੀਂਦੇ ਘਰਾਂ ਦੇ ਕਸਾਕ ਆਪਣੀ ਸ਼ਕਤੀ ਤੇ ਪ੍ਰਭਾਵ ਸਦਕਾ ਉਪਰਲੇ ਡੰਡੇ ਉੱਤੇ ਜਾ ਬੈਠੇ ਸਨ ਤੇ ਬਾਕੀ ਹੌਲ਼ੀ ਹੌਲ਼ੀ ਹੇਠਲੇ ਪੱਧਰ ਉੱਤੇ ਜਾ ਪਹੁੰਚੇ ਸਨ।
ਨਿੱਕਾ ਜਿਹਾ ਸੂਰਜ ਦੂਰ ਦੂਰ ਤੱਕ ਆਪਣੀ ਤਪਸ਼ ਤੇ ਗਰਮੀ ਨਾਲ ਸਾੜੀ ਫੂਕੀ ਜਾ ਰਿਹਾ ਸੀ।
“ਸਾਡੀ ਧਰਤੀ ਵਰਗੀ ਕੋਈ ਹੋਰ ਧਰਤੀ ਸੁਹਣੀ ਨਹੀਂ", ਲੋਕ ਆਖਦੇ ਨੇ।
ਪੇਤਲੇ ਸਮੁੰਦਰ ਦੀ ਸਤਹਿ ਉੱਤੇ ਮਾੜੀ ਮਾੜੀ ਲਿਸ਼ਕ ਜਿਹੀ ਪੈ ਰਹੀ ਹੈ। ਨਿੱਕੀਆਂ ਨਿੱਕੀਆਂ ਹਰੀਆਂ ਲਹਿਰਾਂ ਕੰਢੇ ਦੀ ਰੋਤ ਨੂੰ ਛੋਹ ਰਹੀਆਂ ਹਨ। ਸਮੁੰਦਰ ਮੱਛੀਆਂ ਨਾਲ ਭਰਿਆ ਪਿਆ ਹੈ।
ਇਸ ਤੋਂ ਪਰੇ ਇੱਕ ਹੋਰ ਸਮੁੰਦਰ ਹੈ - ਜਿਸ ਦੀ ਡੂੰਘਾਈ ਤੇ ਚੌੜਾਈ ਦਾ ਕੋਈ ਟਿਕਾਣਾ ਨਹੀਂ ਤੇ ਜਿਸ ਵਿੱਚ ਨੀਲਾ ਆਕਾਸ਼, ਸ਼ੀਸ਼ੇ ਵਿੱਚ ਢਲਿਆ ਜਾਪਦਾ ਹੈ। ਇਸ ਵਿੱਚੋਂ ਏਨੀ ਤੇਜ਼ ਲਿਸ਼ਕਾਰਾ ਪੈਂਦਾ ਹੈ ਕਿ ਅੱਖਾਂ ਮੁੰਦੀਆਂ ਜਾਂਦੀਆਂ ਨੇ । ਦੂਰ ਦਿਸਹੱਦੇ ਉੱਤੇ ਧੂੰਏਂ ਦੀਆਂ ਲਕੀਰਾਂ ਵਾਹੀਆਂ ਦਿੱਸਦੀਆਂ ਹਨ- ਧੂੰਆਂ ਜੋ ਉਹਨਾਂ ਸਟੀਮਰਾਂ ਵਿੱਚੋਂ ਨਿਕਲਦਾ ਹੈ, ਜੋ ਰੁਪਏ ਨਾਲ ਭਰੇ ਆਉਂਦੇ ਹਨ ਤੇ ਕਣਕ ਨਾਲ ਭਰੇ ਚਲੇ ਜਾਂਦੇ ਹਨ।
ਸਾਹਿਲ ਦੇ ਨਾਲ ਨਾਲ ਸੁਰਮਈ ਪਹਾੜਾਂ ਦੀ ਕੰਧ ਜਿਹੀ ਉਸਰੀ ਪਈ ਹੈ ਤੇ ਉੱਪਰ ਜੰਮੀ ਚਿੱਟੀ ਬਰਵ ਵਿੱਚ ਲਾਲੀ ਭਾਹ ਮਾਰ ਰਹੀ ਹੈ।
ਦੂਰ ਦੂਰ ਤੱਕ ਫੈਲੇ ਪਹਾੜਾਂ ਦੇ ਜੰਗਲ, ਖੱਡਾਂ ਅਤੇ ਘਾਟੀਆਂ, ਪੱਬੀਆਂ ਤੇ ਪਹਾੜੀਆਂ, ਜੰਗਲੀ ਜਾਨਵਰਾਂ, ਪਰਿੰਦਿਆਂ ਤੇ ਦਰਿੰਦਿਆਂ ਅਤੇ ਅਜਿਹੇ ਜੀਵਾਂ ਨਾਲ ਭਰੀਆਂ ਪਈਆਂ ਹਨ, ਜੋ ਕਿਤੇ ਹੋਰ ਨਹੀਂ ਲੱਭੇ ਜਾ ਸਕਦੇ।
ਇਹਨਾਂ ਪਹਾੜਾਂ ਦੇ ਢਿੱਡਾਂ ਵਿੱਚੋਂ ਚਾਂਦੀ, ਤਾਂਬਾ, ਜਿਸਤ, ਸਿੱਕਾ, ਸ਼ੀਸ਼ਾ, ਪਾਰਾ ਤੇ ਸੀਮਿੰਟ ਨਿਕਲਦਾ ਏ । ਹਰ ਪ੍ਰਕਾਰ ਦੀਆਂ ਦੋਲਤਾਂ ਛੁਪੀਆਂ ਪਈਆਂ ਹਨ। ਤੇਲ ਇਉਂ ਫੁੱਟ ਕੇ ਨਿਕਲਦਾ ਏ, ਜਿਉਂ ਧਰਤੀ ਵਿੱਚੋਂ ਕਾਲ਼ਾ ਲਹੂ ਨਿਕਲ ਰਿਹਾ ਹੋਵੇ । ਨਦੀਆਂ ਵਿੱਚ
ਤੇਲ ਇਉਂ ਵੱਗਦਾ ਏ, ਜਿਉਂ ਇੱਕ ਬੜੀ ਲੰਮੀ ਲਿਸ਼ਕਦੀ ਚਾਦਰ ਰੁੜ੍ਹਦੀ ਜਾ ਰਹੀ ਹੋਵੇ - ਤੇ ਦੂਰ ਦੂਰ ਤੱਕ ਇਸ ਦੀ ਮਹਿਕ ਨਾਸਾਂ ਨਾਲ ਖਹਿੰਦੀ ਜਾਂਦੀ ਹੈ।
"ਇਸ ਵਰਗੀ ਹੋਰ ਕਿਹੜੀ ਧਰਤੀ ਹੋਵੇਗੀ?"
ਪਹਾੜਾਂ ਤੇ ਸਮੁੰਦਰ ਦੇ ਸਾਹਮਣੇ, ਖ਼ਬਰੇ ਕਿੱਥੋਂ ਕਿੱਥੋਂ ਤੱਕ, ਸਟੈਪੀਆਂ ਦਾ ਫੈਲਾਅ ਹੈ।
ਨਾ ਸੋਨੇ ਵਾਂਗ ਲਿਸ਼ਕਦੀਆਂ ਕਣਕਾਂ ਦਾ ਅੰਦਾਜ਼ ਹੈ ਤੇ ਨਾ ਸਾਵੀਆਂ ਕਚੂਚ ਲਹਿਰਾਂਦੀਆਂ ਖੇਤੀਆਂ ਦਾ ਸ਼ੁਮਾਰ ਤੇ ਦਲਦਲਾਂ ਵਿੱਚ ਬਾਂਸਾਂ ਦੀਆਂ ਝਾੜੀਆਂ ਮਸਤੀ ਵਿੱਚ ਝੂਮ ਝੂੰਮ ਕੋਈ ਗੀਤ ਛੋਂਹਦੀਆਂ ਜਾਪਦੀਆਂ ਨੇ । ਦੂਰ ਦੂਰ ਤੱਕ ਫੈਲੇ, ਹਰੇ ਬਗੀਚਿਆਂ ਵਿੱਚ, ਪਿੰਡਾਂ ਦੇ ਪਿੰਡ, ਢੱਕਾਂ, ਫਾਰਮ ਉੱਭਰੇ ਨਜ਼ਰ ਪਏ ਆਉਂਦੇ ਨੇ। ਉੱਚੇ ਉੱਚੇ ਪਿੱਪਲਾਂ ਦੀਆਂ ਟੀਸੀਆਂ ਅਕਾਸ਼ ਨਾਲ ਜਾ ਛੋਹੀਆਂ ਨੇ ਤੇ ਕਬਰਸਤਾਨਾਂ ਦੇ ਟਿੱਬਿਆਂ ਉੱਤੇ ਪੌਣ ਚੱਕੀ ਦੇ ਪੱਖੇ ਲੰਮੀਆਂ ਲੰਮੀਆਂ ਬਾਹਾਂ ਫੈਲਾਈ ਘੁੰਮੀ ਜਾ ਰਹੇ ਨੇ । ਸਟੈਪੀ ਵਿੱਚ ਭੇਡਾਂ ਦੇ ਇੱਜੜ, ਇੱਕ ਦੇ ਪਿੱਛੇ ਇੱਕ ਜੁੜੇ, ਟੁਰੀ ਜਾਂਦੇ ਨੇ, ਪਰ ਲੱਗਦੇ ਇੰਝ ਨੇ ਜਿਉਂ ਖਲ੍ਹਤੇ ਹੋਏ ਹੋਣ ਇੱਕ ਥਾਂ ਉੱਪਰ ਉਹਨਾਂ ਦੇ ਮੱਖੀਆਂ ਭਿਣਕ ਰਹੀਆਂ ਹੁੰਦੀਆਂ ਨੇ।
ਰੱਜੇ ਪੁੱਜੇ ਪਸ਼ੂ, ਗੋਡੇ ਗੋਡੇ ਪਾਣੀ ਵਿੱਚ, ਸਟੈਪੀ ਦੀਆਂ ਝੀਲਾਂ ਵਿੱਚ ਖਲ੍ਹਤੇ ਆਪਣੇ ਪਰਛਾਵਿਆਂ ਨੂੰ ਵੇਖ ਵੇਖ ਮੂੰਹ ਮਾਰੀ ਜਾਂਦੇ ਨੇ । ਜੂਹਾਂ ਵਿੱਚ ਘੋੜਿਆਂ ਦੇ ਵੱਗ ਇੱਕ ਦੂਜੇ ਦੇ ਪਿੱਛੇ ਪਿੱਛੇ ਅੱਯਾਲ ਉਛਾਲਦੇ ਦੌੜੀ ਜਾਂਦੇ ਨੇ।
ਤੇ ਸਭਨਾਂ ਦੇ ਉੱਪਰ ਪੈ ਰਹੀ ਹੁੰਦੀ ਏ, ਜਾਨ ਖਾਉ ਡਾਢੀ ਤੇਜ਼ ਧੁੱਪ।
ਘੋੜਿਆਂ ਦੇ ਸਿਰਾਂ ਉੱਪਰ ਕੱਖ-ਕਾਨਿਆਂ ਦੇ ਟੋਪੇ ਜਿਹੇ ਪਏ ਹੁੰਦੇ ਹਨ, ਨਹੀਂ ਤਾਂ ਛੱਕੜੇ ਖਿੱਚਦੇ ਲੂਅ ਨਾਲ ਹੀ ਸੜਕ ਕੰਢੇ ਢੇਰ ਹੋ ਜਾਣ। ਜਿਹੜੇ ਬੰਦੇ ਨੰਗੇ ਸਿਰ ਸੜਕਾਂ ਉੱਤੇ ਟੁਰਦੇ ਨੇ, ਉਹਨਾਂ ਨੂੰ ਲੋਅ ਮਾਰ ਜਾਂਦੀ ਏ ਤੇ ਸੜਕ ਉੱਤੇ ਹੀ, ਉਹਨਾਂ ਦੇ ਝੁਲਸੇ ਚਿਹਰਿਆਂ ਵਿੱਚ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ ।
ਸੱਤਾਂ ਸੱਤਾਂ, ਅੱਠਾਂ ਅੱਠਾਂ ਘੋੜਿਆਂ ਵਾਲੇ ਹਲਾਂ ਦੇ ਵਾਲੇ ਮਿੱਟੀ ਨੂੰ ਇਉਂ ਪੁੱਟ ਕੇ ਸਿਆੜ ਕੱਢੀ ਜਾਂਦੀ ਨੇ ਜਿਉਂ ਮਿੱਟੀ ਨਹੀਂ ਕਾਲਾ ਮੱਖਣ ਹੋਵੇ । ਏਨੀ ਸੁਹਣੀ ਦਿੱਸਦੀ ਏ ਕਿ ਮਿੱਟੀ ਬੰਦਾ ਚੁੱਕ ਕੇ ਭਾਵੇਂ ਇੱਕ ਢੋਲੇ ਨੂੰ ਚੱਕ ਮਾਰ ਲਵੇ । ਫਾਲੇ ਭਾਵੇਂ ਜਿੰਨਾ ਮਰਜ਼ੀ ਜ਼ਮੀਨ ਵਿੱਚ ਲਹਿੰਦੇ ਜਾਣ, ਪਰ ਖੁਸ਼ਕ ਮਿੱਟੀ ਕਿਤੇ ਨਹੀਂ ਉਭਰਦੀ, ਉਹ ਸਦਾ ਕੁਆਰੀ ਕਾਲੀ ਮਿੱਟੀ ਨੂੰ ਹੀ ਪੁੱਟਦੇ ਟੁਰੀ ਜਾਂਦੇ ਨੇ ਜੋ ਕਿਤੇ ਹੋਰ ਨਹੀਂ ਹੁੰਦੀ। ਇਸ ਦੀ ਉਪਜਾਊ ਸ਼ਕਤੀ ਦੀਆਂ ਕਿਆ ਗੱਲਾਂ। ਕੋਈ ਇਆਣਾ ਬਾਲ ਵੀ ਥੋੜ੍ਹੀ ਜਿਹੀ ਥਾਂ ਪੁੱਟ ਕੇ ਵਿੱਚ ਕੋਈ ਜੜ੍ਹ ਟੰਗ ਦੇਵੇ, ਤਾਂ ਵੀ ਬੂਟਾ ਪੁੰਗਰ ਪਵੇਗਾ ਤੇ ਵੱਧਦਾ ਵੱਧਦਾ ਇਕ ਦਿਨ ਉਹ ਭਰੇ ਪੂਰੇ ਟਾਹਣਾਂ ਵਾਲਾ ਰੁੱਖ ਬਣ ਜਾਵੇਗਾ। ਇਸ ਮਿੱਟੀ ਵਿੱਚੋਂ ਉੱਗੇ ਅੰਗੂਰਾਂ, ਹਦੁਆਣਿਆਂ, ਅੰਜ਼ੀਰਾਂ, ਖੁਰਮਾਣੀਆਂ, ਟਮਾਟਰਾਂ ਦਾ ਕਿਤੇ ਮੁਕਾਬਲਾ ਨਹੀਂ - ਉਹਨਾਂ ਜਿੰਨੇ ਵੱਡੇ ਵੱਡੇ ਕਿਤੇ ਹੋਰ ਨਹੀਂ ਵੇਖਣ ਵਿੱਚ ਆਉਂਦੇ।
ਪਹਾੜਾਂ ਦੇ ਸਿਖਰਾਂ ਉੱਤੇ ਬੱਦਲ ਘੁੰਮਣ ਘੇਰੀਆਂ ਪਾਂਦੇ ਨੇ, ਸਟੈਪੀਆਂ ਉੱਤੇ
ਲਮਕਦੇ ਫਿਰਦੇ ਨੇ ਤੇ ਫਿਰ ਏਨੇ ਧਮਾਕੇ ਨਾਲ ਵੱਧਣ ਲੱਗ ਪੈਂਦੇ ਨੇ ਕਿ ਕਾਲੀ ਮਿੱਟੀ ਮੂੰਹ ਖੋਲ੍ਹੀ ਡੀਕਾਂ ਲਾ ਲਾ ਸਾਰਾ ਪਾਣੀ ਪੀ ਜਾਂਦੀ ਏ; ਤੇ ਸੂਰਜ, ਐਨ ਦਾਣੇ ਦੇ ਬੋਹਲ ਲਾ ਕੇ ਰੱਖ ਦੇਂਦਾ ਏ।
"ਸਾਡੀ ਧਰਤੀ ਸੋਨ ਸੁਨਹਿਰੀ!"
ਤੇ ਇਹੋ ਜਿਹੇ ਸੁਹਣੇ ਦੇਸ਼ ਦੇ ਮਾਲਕ ਕੌਣ ਨੇ ?
ਕੀਊਬਨ ਕਸਾਕ ਇਸ ਜਾਦੁਈ ਧਰਤੀ ਦੇ ਮਾਲਕ ਨੇ। ਤੇ ਆਪਣੇ ਜਿੰਨੇ ਹੀ ਉਹਨਾਂ ਕੋਲ ਕਾਮੇ ਨੇ, ਕਾਮੇ ਜੋ ਉਹਨਾਂ ਵਾਂਗ ਹੀ ਯੂਕਰੇਨੀਅਨ ਗੀਤ ਗਾਉਂਦੇ ਨੇ ਤੇ ਉਸੇ ਦੇਸੀ ਬੋਲੀ ਵਿੱਚ ਗੱਲਬਾਤ ਕਰਦੇ ਨੇ।
ਇਹ ਦੋਵੇਂ ਸਕੇ ਭਰਾ ਨੇ ਦੋਵੇਂ ਪਿਆਰੇ ਯੂਕਰੇਨ ਤੋਂ ਆ ਕੇ ਵਸੇ ਨੇ।
ਕਸਾਕ ਆਪਣੀ ਮਰਜ਼ੀ ਨਾਲ ਨਹੀਂ ਸਨ ਆਏ। ਮਲਿਕਾ ਕੈਥੇਰੀਨ ਨੇ ਅੱਜ ਤੋਂ ਡੇਢ ਸੌ ਵਰ੍ਹਾ ਪਹਿਲਾਂ ਇਹਨਾਂ ਨੂੰ ਕੱਢ ਦਿੱਤਾ ਸੀ। ਉਸ ਨੇ ਕਸਾਕਾਂ ਦੇ ਸੁਤੰਤਰ ਰਾਜ, ਜ਼ਾਪੋਰਜ਼ਈ ਨੂੰ ਖ਼ਤਮ ਕਰ ਦਿੱਤਾ ਤੇ ਉਹਨਾਂ ਨੂੰ ਇਹ ਥਾਂ ਦੇ ਦਿੱਤੀ, ਜੋ ਉਸ ਵੇਲੇ ਇੱਕ ਭਿਆਨਕ ਇਲਾਕਾ ਸੀ। ਉਸ ਦੇ ਇਸ ਤੋਹਫ਼ੇ ਨੇ ਕਸਾਕਾਂ ਨੂੰ ਕੁੜਿਤਨ ਤੇ ਗ਼ਮ ਦੇ ਦਿੱਤੇ। ਵਿਚਾਰੇ ਆਪਣੇ ਪਿਆਰੇ ਯੂਕਰੇਨ ਲਈ ਤਰਸਦੇ ਰਹਿ ਗਏ। ਇਹਨਾਂ ਬੁੱਸੀਆਂ ਦਲਦਲਾਂ ਵਿੱਚੋਂ ਪੀਲਾ ਬੁਖਾਰ ਉੱਠਿਆ, ਜਿਸ ਨਾ ਕੋਈ ਬੁੱਢਾ ਛੱਡਿਆ ਤੇ ਨਾ ਜਵਾਨ। ਸਰਕੇਸ਼ੀਅਨਾਂ ਨੇ ਇਹਨਾਂ ਬੇਦਿਲੇ, ਨਵੇਂ ਨਵੇਂ ਆਇਆਂ ਦਾ ਤੇਜ਼ ਛਰਿਆਂ ਤੇ ਪੱਕੇ ਨਿਸ਼ਾਨੇ ਦੀਆਂ ਗੋਲੀਆਂ ਨਾਲ ਸਵਾਗਤ ਕੀਤਾ। ਰਾਤ ਦਿਨ ਨੇਪੀਅਰ ਦੇ ਕੰਢੇ, ਆਪਣੀ ਜਨਮਭੂਮੀ ਨੂੰ ਚੇਤੇ ਕਰ ਕਰਕੇ ਕਸਾਕ ਲਹੂ ਦੇ ਹੰਝੂ ਕੇਰਦੇ, ਪੀਲੇ ਬੁਖਾਰ ਦਾ ਸਰਕੇਸ਼ੀਅਨਾਂ ਦਾ ਤੇ ਬੇਦਰਦ ਦੂਰ ਦੂਰ ਤੱਕ ਫੈਲੀ ਸਮਿਆਂ ਦੀ ਬੁੱਢੀ ਰੱਕੜ ਧਰਤੀ ਦਾ, ਜਿਸ ਨੂੰ ਮਨੁੱਖ ਦੇ ਹੱਥਾਂ ਨੇ ਅੱਜ ਤੱਕ ਨਹੀਂ ਸੀ ਛੋਹਿਆ, ਬਿਨਾਂ ਹਲ ਪੰਜਾਲੀ ਤੇ ਕਿਸੇ ਹੋਰ ਵਸੀਲੇ ਦੇ, ਮੁਕਾਬਲਾ ਕਰਦੇ ਰਹੇ।
ਤੇ ਹੁਣ ? ਹੁਣ!
"ਇਹੋ ਜਿਹੀ ਸੁਹਣੀ ਧਰਤੀ ਹੋਰ ਕਿੱਥੇ ਹੈ।"
ਤੇ ਫਿਰ ਖਜ਼ਾਨਿਆਂ ਨਾਲ ਭਰੀ ਇਸ ਧਰਤੀ ਵੱਲ ਕਈਆਂ ਦੇ ਹੱਥ ਵਧਣ ਲਈ ਫੜਕਨ ਲੱਗ ਪਏ। ਤੰਗਹਾਲੀ ਦੇ ਸਤਾਏ ਗਰੀਬ ਗੁਰਬੇ ਤੇ ਨੰਗੇ, ਆਪਣੇ ਬਾਲ ਬੱਚਿਆਂ ਤੇ ਪਾਟਾ ਪੁਰਾਣਾ ਵਸੇਬਾ ਲੈ ਕੇ ਖਾਰਕੋਵ, ਪੋਲਤਾਵਾ, ਏਕਾਟਰਨੀ-ਓਸਲਾਵ ਤੇ ਕੀਵ ਜ਼ਿਲ੍ਹਿਆਂ ਤੋਂ ਆ ਕੇ ਕਸਾਕਾਂ ਦੀਆਂ ਬਸਤੀਆਂ ਵਿੱਚ, ਇੱਧਰ ਉੱਧਰ ਫੈਲ ਗਏ ਤੇ ਭੁੱਖੇ ਭੇੜੀਆਂ ਵਾਂਗ ਇਹੋ ਜਿਹੀ ਰੱਜੀ ਪੁਜੀ ਧਰਤੀ ਨੂੰ ਵੇਖ ਕੇ ਆਪਣੇ ਦੰਦ ਖੋਭਣ ਲੱਗ ਪਏ।
"ਚਸ਼ਮੇ ਬਦ ਦੂਰ। ਇਹ ਧਰਤੀ ਤੁਹਾਡੇ ਲਈ ਨਹੀਂ।"
ਇਹਨਾਂ ਆਵਾਸੀਆਂ ਨੂੰ "ਵਿਦੇਸ਼ੀ" ਆਖ ਕੇ, ਕਸਾਕਾਂ ਨੇ ਭਾੜਾ ਮਜ਼ੂਰ ਲਾ ਲਿਆ। ਕਸਾਕਾਂ ਨੇ ਹਰ ਸੰਭਵ ਤਰੀਕੇ ਨਾਲ, ਇਹਨਾਂ ਉੱਤੇ ਬੜੇ ਜ਼ੁਲਮ ਕੀਤੇ। ਇਹਨਾਂ ਦੇ ਬੱਚਿਆਂ ਨੂੰ ਕਸਾਕ ਸਕੂਲਾਂ ਵਿੱਚ ਦਾਖ਼ਲ ਨਾ ਹੋਣ ਦਿੱਤਾ। ਜ਼ਮੀਨਾਂ, ਝੁੱਗੀਆਂ, ਵਾੜੇ ਵਾੜੀਆਂ ਲਈ ਇਹਨਾਂ ਕੋਲੋਂ ਬਹੁਤ ਪੈਸੇ ਵਸੂਲ ਕੀਤੇ ਤੇ ਸਾਰੀ ਬਰਾਦਰੀ ਦੇ ਖਰਚੇ ਦਾ ਭਾਰ
ਇਹਨਾਂ ਦੇ ਮੋਢਿਆਂ ਉੱਤੇ ਸੁੱਟ ਦਿੱਤਾ। ਘ੍ਰਿਣਾ ਭਰੇ ਇਹਨਾਂ ਨੂੰ "ਦੋਜ਼ਖੀ ਰੂਹਾਂ", "ਸ਼ੈਤਾਨ ਦੀ ਔਲਾਦ" ਤੇ "ਨਾਪਾਕ ਦਬੜੂ-ਘੁਸੜੂ" ਆਖਿਆ।
ਆਪਣੇ ਇਰਾਦੇ ਦੇ ਪੱਕੇ, ਬੇਘਰ, ਬੇਜ਼ਮੀਨ ਇਹ "ਵਿਦੇਸ਼ੀ" ਹਰ ਤਰ੍ਹਾਂ ਦੇ ਸ਼ਿਲਪ ਤੇ ਦਸਤਕਾਰੀ ਵਿੱਚ ਜੀਅ ਜਾਨ ਨਾਲ ਜੁੱਟ ਪਏ । ਉਹ ਜੁਗਤੀ ਵਾਲੇ ਲੋਕ ਸਨ। ਉਹਨਾਂ ਨੂੰ ਗਿਆਨ ਤੇ ਸੱਭਿਅਤਾ ਦੀ ਬੜੀ ਭੁੱਖ ਸੀ । ਸਕੂਲਾਂ ਵਿੱਚ ਵੱਧ ਤੋਂ ਵੱਧ ਪੜ੍ਹਨੇ ਪੈ ਗਏ ਤੇ ਕਸਾਕਾਂ ਨੂੰ "ਕੁਲਕ" ਤੇ "ਲਹੂ ਪੀਣੇ" ਆਖ ਕੇ, ਐਸੇ ਨੂੰ ਤੈਸਾ ਕਰ ਕੇ ਟਕਰੇ। ਇੱਕ ਦੂਜੇ ਪ੍ਰਤੀ ਉਹਨਾਂ ਦੇ ਦਿਲਾਂ ਵਿੱਚ ਆਖਰਾਂ ਦੀ ਨਫ਼ਰਤ ਸੀ, ਜੋ ਜ਼ਾਰਸ਼ਾਹੀ ਦੇ ਅਫ਼ਸਰਾਂ, ਜਰਨੈਲਾਂ ਤੇ ਜ਼ਿਮੀਂਦਾਰਾਂ ਨੇ ਖੂਬ ਬਾਲ ਕੇ ਸੇਕੀ।
ਏਨੀ ਸੁਹਣੀ ਧਰਤੀ 'ਤੇ ਚਾਰੇ ਪਾਸੇ ਈਰਖਾ, ਨਫ਼ਰਤ ਤੇ ਕਮੀਨਗੀ ਦੀ ਬਲਦੀ ਅੱਗ!
ਪਰ ਇਹ ਵੀ ਗੱਲ ਨਹੀਂ ਕਿ ਸਾਰੇ ਹੀ ਕਸਾਕ, ਜਾਂ ਸਾਰੇ ਹੀ "ਵਿਦੇਸ਼ੀ", ਇੱਕ ਦੂਜੇ ਵੱਲ ਦੁਸ਼ਮਣੀ ਰੱਖਦੇ ਸਨ। ਉਹ "ਵਿਦੇਸ਼ੀ", ਜਿਨ੍ਹਾਂ ਆਪਣੀ ਮਿਹਨਤ, ਬੁੱਧੀ ਤੇ ਈਮਾਨਦਾਰੀ ਨਾਲ, ਦਿਨ ਰਾਤ ਹੱਡ ਗੋਡੇ ਭੰਨ੍ਹ ਕੇ ਕੰਮ ਕੀਤਾ, ਉਹ ਅਮੀਰ ਕਸਾਕਾਂ ਦੀ ਨਜ਼ਰ ਵਿੱਚ ਆਦਰਯੋਗ ਗਿਣੇ ਜਾਣ ਲੱਗੇ। ਉਹਨਾਂ ਠੇਕੇ ਉੱਤੇ ਕਸਾਕਾਂ ਕੋਲ ਜ਼ਮੀਨਾਂ ਤੇ ਕਾਰਖਾਨੇ ਲੈ ਲਏ। ਗਰੀਬ "ਵਿਦੇਸ਼ੀਆਂ" ਵਿੱਚੋਂ ਕਈ ਬੰਦੇ ਉਹਨਾਂ ਦੇ ਕੰਮਾਂ ਕਾਰਾਂ ਵਿੱਚ ਨਾਲ ਸਨ। ਬੈਂਕਾਂ ਵਿੱਚ ਉਹਨਾਂ ਦੇ ਖਾਤੇ ਸਨ ਤੇ ਅਨਾਜ ਦਾ ਵਣਜ ਵਪਾਰ ਕਰਨ ਲੱਗ ਪਏ ਸਨ।
ਢੋਡਰ ਕਾਂ ਇੱਕ ਦੂਜੇ ਦੀ ਅੱਖ ਵਿੱਚ ਚੁੰਝਾਂ ਨਹੀਂ ਮਾਰਦੇ।
ਘੇਰੇਦਾਰ ਲੰਮੇ ਸਰਕੇਸ਼ੀਅਨ ਕੋਟ ਪਾਈ ਕਸਾਕ, ਸਿਰਾਂ ਉੱਤੇ ਬੁਰਦਾਰ ਟੋਪੀਆਂ ਸ਼ਾਨ ਨਾਲ ਰੱਖੀ, ਪਿੰਡ ਦੀਆਂ ਗਲੀਆਂ ਵਿੱਚ ਘੋੜਿਆਂ ਦੇ ਸੁੰਮਾਂ ਨਾਲ ਮਾਰਚ ਦੇ ਮਹੀਨੇ ਦਾ ਚਿੱਕੜ ਗਾਰਾ ਉਡਾਂਦੇ ਲੰਘ ਗਏ। ਉਹ ਜ਼ੋਰ ਜ਼ੋਰ ਦੀ ਸੀਟੀਆਂ ਮਾਰਦੇ ਤੇ ਰੁੱਤ ਬਹਾਰ ਦੇ ਨੀਲੇ ਅਕਾਸ਼ ਵਿੱਚ ਗੋਲੀਆਂ ਚਲਾਂਦੇ ਜਾ ਰਹੇ ਸਨ । ਕੋਈ ਛੁੱਟੀ ਦਾ ਦਿਨ ਸੀ ? ਗਿਰਜਿਆਂ ਵਿੱਚੋਂ ਘੰਟਿਆਂ ਦੀ ਆਵਾਜ਼ ਪਿੰਡਾਂ ਤੇ ਫ਼ਾਰਮਾਂ ਵਿੱਚ ਗੂੰਜਾਂ ਪਾ ਰਹੀ ਸੀ । ਸਾਰੀ ਆਬਾਦੀ ਕਸਾਕ ਤੇ "ਵਿਦੇਸ਼ੀ" ਦੋਹਾਂ ਨੇ, ਛੁੱਟੀ ਦੇ ਦਿਨ ਵਾਲੇ ਬਸਤਰ ਪਾਏ ਹੋਏ ਸਨ। ਸਾਰੀਆਂ ਕੁੜੀਆਂ ਚਿੜੀਆਂ, ਬੁੱਢੇ, ਜਵਾਨ, ਦੰਦ ਬੋੜੀਆਂ ਤੇ ਝੁਰੜੀਆਂ ਭਰੀਆਂ ਤੀਵੀਆਂ ਸਭ ਖੁਸ਼ੀਆਂ ਵਿੱਚ ਗਲੀਆਂ ਵਿੱਚ ਵਿੱਚ ਝੂਮ ਰਹੇ ਸਨ।
ਈਸਟਰ ਦਾ ਤਿਉਹਾਰ ਸੀ ? ਨਹੀਂ, ਲੋਕੀਂ ਗਿਰਜੇ ਵਿੱਚ ਲੰਗਰ ਨਹੀਂ ਸਨ ਖਾ ਰਹੇ। ਇਹ ਇੱਕ ਮਨੁੱਖੀ ਤਿਉਹਾਰ ਸੀ, ਜੋ ਸਦੀਆਂ ਪਿੱਛੋਂ ਅੱਜ ਵੇਖਣ ਵਿੱਚ ਆ ਰਿਹਾ ਸੀ। ਸ਼ਾਇਦ ਜਦੋਂ ਦੀ ਸੰਸਾਰ ਉਤਪਤੀ ਹੋਈ ਹੋਵੇ, ਪਹਿਲੀ ਵੇਰ, ਅੱਜ ਇਹ ਸ਼ੁਭ ਘੜੀ ਆਈ ਹੋਵੇ।
ਜੰਗ ਮੁਰਦਾਬਾਦ।
ਕਸਾਕ ਇੱਕ ਦੂਜੇ ਦੇ ਗਲੇ ਮਿਲ ਰਹੇ ਸਨ। ਉਹ "ਵਿਦੇਸ਼ੀਆਂ" ਨੂੰ
ਗਲਵੱਕੜੀਆਂ ਪਾ ਰਹੇ ਸਨ। "ਵਿਦੇਸ਼ੀ" ਕਸਾਕਾਂ ਨੂੰ ਜੱਫੀਆਂ ਪਾ ਰਹੇ ਸਨ। ਅੱਜ ਕੋਈ ਵੀ ਨਾ ਕਸਾਕ ਸੀ ਤੇ ਨਾ "ਵਿਦੇਸ਼ੀ" - ਸਭ ਸ਼ਹਿਰੀ ਸਨ। ਹੁਣ ਨਾ ਕੋਈ "ਕੁਲਕ" ਸੀ; ਨਾ ਸ਼ੈਤਾਨ ਦੀ ਔਲਾਦ ।" ਸਭ ਸ਼ਹਿਰੀ ਸਨ।
ਜੰਗ ਮੁਰਦਾਬਾਦ।
ਫਰਵਰੀ ਵਿੱਚ ਜ਼ਾਰ ਦਾ ਤਖ਼ਤਾ ਉਲਟ ਦਿੱਤਾ ਗਿਆ ਸੀ । ਫਿਰ ਅਕਤੂਬਰ ਵਿੱਚ, ਦੂਰ ਕਿਤੇ ਰੂਸ ਵਿੱਚ, ਕੁਝ ਹੋਰ ਹੀ ਵਾਪਰ ਗਿਆ ਸੀ । ਕੀ ਹੋਇਆ ਸੀ, ਠੀਕ ਕੋਈ ਨਹੀਂ ਸੀ ਦੱਸ ਸਕਦਾ। ਪਰ ਹੋਇਆ ਕੁਝ ਅਵੱਸ਼ ਅਜਿਹਾ ਸੀ, ਜਿਸ ਦੀ ਛਾਪ ਸਾਰਿਆਂ ਦੇ ਦਿਲਾਂ ਉੱਤੇ ਪੈ ਗਈ।
ਜੰਗ ਮੁਰਦਾਬਾਦ!
ਦਿਲਾਂ ਨੇ ਦਿਲਾਂ ਦੀ ਬਾਤ ਬੁੱਝ ਲਈ ਸੀ।
ਇੱਕ ਰਜਮੈਂਟ ਮਗਰੋਂ ਦੂਜੀ ਰਜਮੈਂਟ, ਤੁਰਕੀ ਦੇ ਮੋਰਚੇ ਤੋਂ ਵਾਪਸ ਪਰਤ ਰਹੀ ਸੀ। ਕਸਾਕ ਰਸਾਲਾ, ਕੀਊਬਨ ਕਸਾਕ ਬਟਾਲੀਅਨ, "ਵਿਦੇਸ਼ੀ" ਪਿਆਦਾ ਰਜਮੈਂਟਾਂ, ਬੜੀ ਚੁਸਤੀ ਨਾਲ ਮਾਰਚ ਕਰਦੀਆਂ ਲੰਘ ਰਹੀਆਂ ਸਨ । ਤੋਪ ਗੱਡੀਆਂ ਗਰੜ ਗਰੜ ਕਰਦੀਆਂ ਟੁਰੀ ਜਾ ਰਹੀਆਂ ਸਨ। ਇੱਕ ਅਥਾਹ ਭੀੜ ਆਪਣੇ ਘਰਾਂ ਨੂੰ ਪਰਤ ਰਹੀ ਸੀ - ਆਪਣੇ ਜਾਣੇ ਪਛਾਣੇ ਪਿੰਡਾਂ ਨੂੰ । ਆਪਣੇ ਆਪਣੇ ਹਥਿਆਰ, ਆਪਣੇ ਨਾਲ ਲਈ। ਸਭ ਸਾਜੋ ਸਾਮਾਨ ਭਰੀਆਂ ਗੱਡੀਆਂ ਸਮੇਤ, ਉਹ ਮੁੜ ਰਹੇ ਸਨ । ਰਾਹ ਵਿੱਚ ਉਹਨਾਂ ਕਈ ਸਟੋਰਾਂ ਦੇ ਬੂਹੇ ਭੰਨ ਕੇ ਮਾਲ ਵਿੱਚੋਂ ਕੱਢ ਲਿਆ, ਕਈ ਸ਼ਰਾਬ ਦੀਆਂ ਭੱਠੀਆਂ ਲੁੱਟ ਲਈਆਂ ਤੇ ਪੀ ਪੀ ਕੇ ਮਸਤੀ ਵਿੱਚ ਝੂੰਮਣ ਲੱਗ ਪਏ। ਜਿਹੜੇ ਕਿਸੇ ਟੁੱਟ-ਭੱਜ ਤੋਂ ਬਚ ਆਏ ਸਨ ਉਹ ਆਪਣੇ ਪਿੰਡਾਂ ਤੇ ਫਾਰਮਾਂ ਨੂੰ ਚਲੇ ਗਏ।
ਕੀਊਬਨ ਖੇਤਰ ਵਿੱਚ ਸੋਵੀਅਤ ਸ਼ਕਤੀ ਦੀ ਸਥਾਪਨਾ ਹੋ ਚੁੱਕੀ ਸੀ। ਕੀਊਬਨ ਧਰਤੀ ਉੱਤੇ ਬੇਸ਼ੁਮਾਰ ਕਿਰਤੀ ਪਿੰਡਾਂ ਵਿੱਚੋਂ ਤੇ ਮਲਾਹ, ਜਹਾਜ਼ਾਂ ਵਿੱਚੋਂ ਆ ਵੜੇ। ਉਹ ਲੋਕਾਂ ਨੂੰ ਹਰ ਗੱਲ ਦੀ ਸੱਚਾਈ ਦੱਸਣ ਦੀ ਪੂਰੀ ਵਾਹ ਲਾ ਰਹੇ ਸਨ। ਉਹ ਸਮਝਾ ਰਹੇ ਸਨ ਕਿ "ਜ਼ਿਮੀਂਦਾਰ" ਤੇ "ਬੁਰਜੂਆ" ਦੇ ਕੀ ਅਰਥ ਹੁੰਦੇ ਹਨ। ਕਿਸ ਤਰ੍ਹਾਂ ਜ਼ਾਰ ਨੇ ਕਸਾਕਾਂ ਤੇ "ਵਿਦੇਸ਼ੀਆਂ" ਤੇ ਕਾਕੇਸ਼ੇਸ਼ ਦੇ ਲੋਕਾਂ ਵਿਚਕਾਰ ਨਫ਼ਰਤ ਦਾ ਬੀਜ ਬੀਜਿਆ ਸੀ । ਸੋ ਅਫ਼ਸਰਾਂ ਨੂੰ ਫਾਂਸੀ ਲਾ ਦਿੱਤਾ ਗਿਆ, ਜਾਂ ਥੈਲਿਆਂ ਵਿੱਚ ਪਾ ਕੇ, ਥੈਲੇ ਦਰਿਆ ਵਿਚ ਸੁੱਟ ਦਿੱਤੇ ਗਏ।
ਹੁਣ ਵਾਹੀ ਤੇ ਬਿਜਾਈ ਦਾ ਸਮਾਂ ਆ ਗਿਆ ਸੀ ਤੇ ਦੱਖਣੀ ਸੂਰਜ ਦੀਆਂ ਕਿਰਨਾਂ, ਭਰੀਆਂ ਪੂਰੀਆਂ ਫਸਲਾਂ ਦਾ ਸੁਨੇਹਾ ਦੇਣ ਲੱਗ ਪਈਆਂ ਸਨ।
"ਅੱਛਾ, ਸਾਨੂੰ ਵਾਹੀ ਕਿਵੇਂ ਕਰਨੀ ਚਾਹੀਦੀ ਹੈ? ਸਾਨੂੰ ਜ਼ਮੀਨ ਵੰਡ ਲੈਣੀ ਚਾਹੀਦੀ ਹੈ, ਵਕਤ ਅਜਾਈਂ ਕਰਨ ਦਾ ਸਮਾਂ ਹੁਣ ਨਹੀਂ ਰਿਹਾ,""ਵਿਦੇਸ਼ੀ", ਕਸਾਕਾਂ ਨੂੰ ਕਹਿਣ ਲੱਗੇ।
"ਤੁਹਾਨੂੰ ਜ਼ਮੀਨ ਚਾਹੀਦੀ ਹੈ।" ਕਸਾਕ, ਅੱਖਾਂ ਵਿੱਚ ਕਾਲੇ ਡੋਰੇ ਲਿਆ ਕੇ ਬੋਲੇ। ਇਨਕਲਾਬ ਦਾ ਸੁਹਾਉਣਾ ਪੱਖ ਫਿੱਕਾ ਪੈ ਗਿਆ।
"ਤੁਹਾਨੂੰ ਜ਼ਮੀਨ ਚਾਹੀਦੀ ਹੈ... ਮੰਗਤੇ!"
ਕਸਾਕਾਂ ਨੇ ਆਪਣੇ ਅਫ਼ਸਰਾਂ ਤੇ ਜਰਨੈਲਾਂ ਨੂੰ ਵੱਢਣਾ ਟੁਕਣਾ ਰੋਕ ਦਿੱਤਾ ਤੇ ਉਹ ਆਪਣੇ ਗੁਪਤ ਥਾਵਾਂ ਵਿੱਚੋਂ ਨਿਕਲ ਕੇ, ਕਸਾਕਾਂ ਦੀਆਂ ਖੁਫੀਆਂ ਮੀਟਿੰਗਾਂ ਵਿੱਚ ਆ ਰਲੇ। ਉਹ ਆਪਣੀਆਂ ਛਾਤੀਆਂ ਪਿੱਟਦੇ ਆਏ ਤੇ ਕਸਾਕਾਂ ਦੇ ਰੋਹ ਨੂੰ ਮਾਚਸ ਲਾਣ ਲੱਗ ਪਏ।
“ਬਾਲਸਵਿਕਾਂ ਨੇ ਇੱਕ ਫਰਮਾਨ ਜਾਰੀ ਕੀਤਾ ਏ ਕਿ ਕਸਾਕਾਂ ਕੋਲੋਂ ਸਾਰੀ ਜ਼ਮੀਨ ਲੈ ਕੇ "ਵਿਦੇਸ਼ੀਆਂ" ਨੂੰ ਦੇ ਦਿੱਤੀ ਜਾਵੇ। ਕਸਾਕਾਂ ਨੂੰ ਕਾਮੇ ਬਣਾਇਆ ਜਾਵੇ। ਜਿਹੜੇ ਨਾਂਹ ਨੁੱਕਰ ਕਰਨ, ਉਹਨਾਂ ਨੂੰ ਸਾਇਬੇਰੀਆ ਭੇਜ ਦਿੱਤਾ ਜਾਵੇਗਾ ਤੇ ਉਹਨਾਂ ਦੀ ਜ਼ਰ ਜਾਇਦਾਦ ਜ਼ਬਤ ਕਰ ਕੇ "ਵਿਦੇਸ਼ੀਆਂ ਵਿੱਚ ਵੰਡ ਦਿੱਤੀ ਜਾਵੇਗੀ।"
ਕੀਊਬਨ ਖੇਤਰ ਵਿੱਚੋਂ ਖੇੜਾ ਝੱਟ ਪਟ ਮਰ ਮੁਕ ਗਿਆ, ਅੰਦਰੋਂ ਅੰਦਰ ਇੱਕ ਗੁੱਝੀ ਅੱਗ, ਸਟੈਪੀਆਂ, ਖੱਡਾਂ ਖਾਈਆਂ, ਬਾਂਸਾਂ, ਪਿੰਡਾਂ ਦੇ ਵਾੜਿਆਂ ਤੇ ਫਾਰਮਾਂ ਨੂੰ ਲੂਹ ਗਈ।
ਸਾਡੇ ਵਰਗਾ ਸੋਹਣਾ ਹੋਰ ਕੋਈ ਦੇਸ਼ ਨਹੀਂ।
ਕਸਾਕ ਫਿਰ "ਕੁਲਕ" ਤੇ "ਲਹੂ ਪੀਣੇ" ਬਣ ਗਏ।
"ਵਿਦੇਸ਼ੀ" ਇੱਕ ਵੇਰ ਫਿਰ "ਸ਼ੈਤਾਨ ਦੀ ਔਲਾਦ" ਤੇ "ਗੰਦੇ ਦਬੜੂ-ਘੁਸੜੂ" ਬਣ ਗਏ।
"ਇਸ ਧਰਤੀ ਵਰਗੀ ਸੁਹਣੀ ਕੋਈ ਹੋਰ ਧਰਤੀ ਨਹੀਂ।"
ਬੜੇ ਚਾਵਾਂ ਨਾਲ, ਮਾਰਚ 1918 ਵਿੱਚ, ਖੁਸ਼ੀਆਂ ਭਰਿਆ ਖਾਣਾ ਪਰੋਸਿਆ ਗਿਆ। ਹੁਣ ਅਗਸਤ ਆ ਪਹੁੰਚਿਆ ਸੀ । ਸੂਰਜ ਤਪਣ ਲੱਗ ਪਿਆ ਸੀ ਤੇ ਉਹ ਮਾਰਚ ਮਹੀਨੇ ਵਾਲੀ ਪਾਰਟੀ ਖੇਰੂੰ ਖੇਰੂੰ ਹੋ ਗਈ ਤੇ ਮਹਿਮਾਨ ਇੱਕ ਵੇਰ ਫੇਰ, ਇੱਕ ਦੂਜੇ ਦੇ ਦੁਸ਼ਮਣ ਬਣ ਖਲ੍ਹਤੇ।
ਨਹੀਂ, ਇਹ ਨਹੀਂ ਹੋ ਸਕਦਾ। ਕੀਊਬਨ ਕਦੇ ਵੀ ਪੁੱਠਾ ਨਹੀਂ ਵਗੇਗਾ। ਅਤੀਤ ਨੂੰ ਕਦੇ ਵੀ ਪਰਤਾ ਕੇ ਨਹੀਂ ਲਿਆਂਦਾ ਜਾਵੇਗਾ। ਕਸਾਕ ਹੁਣ ਅਫ਼ਸਰਾਂ ਨੂੰ ਸਲਾਮ ਨਹੀਂ ਠੋਕਦੇ ਤੇ ਉਹ ਕਦੇ ਨਹੀਂ ਭੁੱਲਦੇ ਕਿ ਇਹਨਾਂ ਦਾ, ਉਹਨਾਂ ਨਾਲ ਕਿੰਨਾ ਭੈੜਾ ਸਲੂਕ ਸੀ । ਤੇ ਉਹਨਾਂ ਵੀ ਬਦਲੇ ਵਿੱਚ, ਕਿਵੇਂ ਇਹਨਾਂ ਅਫ਼ਸਰਾਂ ਦੀਆਂ ਬੇਟੀਆਂ ਕਰ ਛੱਡੀਆਂ ਸਨ। ਪਰ ਅੱਜ ਉਹ ਅਫ਼ਸਰਾਂ ਦੀ ਹਰੇਕ ਗੱਲ ਧਿਆਨ ਨਾਲ ਸੁਣਦੇ ਨੇ ਤੇ ਉਹਨਾਂ ਦੇ ਹੁਕਮਾਂ ਨੂੰ ਸਿਰ ਮੱਥੇ ਉੱਤੇ ਲੈਂਦੇ ਨੇ ।
ਸੋ ਕੁਲ੍ਹਾੜੀਆਂ ਖੜਕੀਆਂ, ਚਿੱਪਰਾਂ ਉੱਡੀਆਂ ਤੇ ਦਰਿਆ ਉੱਤੇ ਇੱਕ ਨਵਾਂ ਪੁੱਲ ਬਣ ਗਿਆ। ਰਸਾਲਾ ਬੜੀ ਤੇਜ਼ੀ ਨਾਲ ਲੰਘ ਗਿਆ । ਕਸਾਕਾਂ ਨੂੰ ਭੱਜਦੇ ਲਾਲ ਨਿਸ਼ਾਨ ਵਾਲਿਆਂ ਨਾਲ ਨਿਬੜਨ ਦੀ ਬੜੀ ਕਾਹਲ ਸੀ।
7
ਚੀਂ ਚੀਂ ਕਰਦੇ ਸਾਮਾਨ ਦੇ ਛਕੜਿਆਂ ਦੇ ਨਾਲ ਨਾਲ, ਸਿਪਾਹੀ ਕਦਮ ਨਾਲ
ਕਦਮ ਮਿਲਾ ਕੇ, ਬਾਹਾਂ ਮਾਰਦੇ ਟੁਰੀ ਜਾ ਰਹੇ ਸਨ । ਕਿਸੇ ਦੀ ਅੱਖ ਉੱਤੇ ਨੀਲ ਸੀ, ਕਿਸੇ ਦਾ ਲਾਲ ਸੂਹਾ ਨੱਕ ਸੁਜਾ ਹੋਇਆ ਸੀ ਤੇ ਕਿਸੇ ਦੀਆਂ ਗੱਲ੍ਹਾਂ ਵਲੂੰਧਰੀਆਂ ਹੋਈਆਂ ਸਨ। ਉਹ ਬਾਹਾਂ ਮਾਰਦੇ ਟੁਰੀ ਜਾ ਰਹੀ ਸਨ ਤੇ ਬੜੀ ਤਸੱਲੀ ਨਾਲ ਫੜ੍ਹਾਂ ਮਾਰ ਰਹੇ ਸਨ:
"ਮੈਂ ਐਸਾ ਮੁੱਕਾ ਵੱਟ ਕੇ ਉਸ ਦੇ ਨੱਕ ਉੱਤੇ ਮਾਰਿਆ ਕਿ ਉਹ ਦੜ-ਗਾਟੇ ਜਾ ਪਿਆ ।"
"ਮੈਂ ਉਸ ਦਾ ਸਿਰ ਆਪਣੇ ਗੋਡਿਆਂ ਵਿੱਚ ਲੈ ਕੇ ਸ਼ਕੰਜਾ ਚਾੜ੍ਹ ਦਿੱਤਾ। ਹਰਾਮੀ ਨੇ ਮੇਰੇ... ਇਸ ਉੱਤੇ ਚੱਕ ਕੱਢ ਮਾਰਿਆ।"
"ਹੋ! ਹੋ। ਹਾਹ! ਹਾਹ!" ਸਾਰੇ ਹੱਸ ਪਏ।
"ਤੇਰੀ ਵਹੁਟੀ ਕੀ ਆਖੇਗੀ ?"
ਬੜੀ ਮੌਜ ਵਿੱਚ ਗੱਲਾਂ ਕਰੀ ਜਾ ਰਹੇ ਸਨ ਕਿ ਕਿਵੇਂ ਛੁਰਾ ਮਾਰਨ ਤੇ ਵੱਢਣ ਦੀ ਥਾਂ, ਕਿਸੇ ਗੁੱਝੇ ਕਾਰਨ, ਉਹਨਾਂ ਨੇ ਵਹਿਸ਼ੀਆਂ ਵਾਂਗ, ਮੁੱਕੇ ਮਾਰ ਮਾਰ ਜਾਨ ਕੱਢ ਦਿੱਤੀ ਸੀ।
ਚਾਰ ਕਸਾਕ, ਜੋ ਉਹਨਾਂ ਪਿੰਡ ਕਾਬੂ ਕੀਤੇ ਹੋਏ ਸਨ, ਉਹਨਾਂ ਨਾਲ ਟੁਰੀ ਜਾ ਰਹੇ ਸਨ। ਉਹਨਾਂ ਦੇ ਮੂੰਹ ਸਿਰ ਵੀ ਵਲੂੰਧਰੇ ਹੋਏ ਸਨ, ਜਿਸ ਕਰਕੇ ਆਪਸ ਵਿੱਚ ਰਿਸ਼ਤਾ ਕਾਇਮ ਹੋ ਗਿਆ ਸੀ।
"ਕੁੱਤੇ ਦੇ ਬੀਓ, ਤੁਹਾਨੂੰ ਸੁੱਝੀ ਕੀ ਕਿ ਤੁਸੀਂ ਸਾਡੇ ਦੰਦ ਹੀ ਭੰਨਣ ਡਹਿ ਪਏ? ਤੁਹਾਡੇ ਕੋਲ ਰਫ਼ਲਾਂ ਹੈ ਨਹੀਂ ਸਨ ?"
"ਨਸ਼ੇ ਵਿੱਚ ਧੁੱਤ ਹੋਏ ਹੋਏ ਸਾਂ, ਅਸੀਂ ਸਾਰੇ ਦੇ ਸਾਰੇ।" ਕਸਾਕ ਮੋਢੇ ਹਿਲਾ ਕੇ ਕਹਿਣ ਲੱਗੇ।
ਸਿਪਾਹੀਆਂ ਦੀਆਂ ਅੱਖਾਂ ਲਿਸ਼ਕ ਪਈਆਂ।
"ਤੁਹਾਡੇ ਹੱਥ ਮਾਲ ਆ ਕਿੱਥੋਂ ਗਿਆ ?"
"ਅਫ਼ਸਰਾਂ ਦੀ ਕਿਤੇ ਨਜ਼ਰ ਪੈ ਗਈ - ਕੋਈ ਪੰਜਾਹ ਘੜੇ- ਲਾਗਲੇ ਕਿਸੇ ਪਿੰਡ ਵਿੱਚ, ਗੱਡੇ ਹੋਏ ਦਿੱਸ ਪਏ। ਸ਼ਾਇਦ ਸਾਡੇ ਆਪਣੇ ਬੰਦਿਆਂ ਨੇ ਹੀ ਲਿਆ ਕੇ ਜ਼ਮੀਨ ਵਿੱਚ ਗੱਡ ਦਿੱਤੀ ਹੋਵੇ, ਜਦ ਉਹਨਾਂ ਅਰਮਾਵੀਰ ਦੀ ਭੱਠੀ ਲੁੱਟ ਕੱਢੀ ਸੀ ਅਫ਼ਸਰ ਸਾਨੂੰ ਲੇਨ ਵਿੱਚ ਖਲ੍ਹਾਰ ਕੇ ਆਖਣ ਲੱਗੇ ਕਿ ਜੇ ਅਸੀਂ ਪਿੰਡ ਉੱਤੇ ਚੜ੍ਹਾਈ ਕਰ ਦਈਏ ਤਾਂ ਉਹ ਸਾਡੀ ਮੌਜ ਕਰਾ ਦੇਣਗੇ। ਅਸਾਂ ਆਖਿਆ, 'ਚਲੋ, ਲੁਆਉ ਘੁੱਟ ਤੇ ਅਸੀਂ ਪਲਾਂ ਵਿੱਚ ਉਹਨਾਂ ਦਾ ਕੀਮਾਂ ਬਣਾ ਕੇ ਧਰ ਦਿਆਂਗੇ। ਉਹਨਾਂ ਇੱਕ ਇੱਕ ਨੂੰ ਦੋ ਦੋ ਬੋਤਲਾਂ ਦਿੱਤੀਆਂ ਤੇ ਅਸਾਂ ਇੱਕੋ ਵੇਰ ਚਾੜ੍ਹ ਲਈਆਂ। ਖੂਬ ਨਸ਼ਾ ਦੁਆਣ ਲਈ ਉਹਨਾਂ ਨਾਲ ਕੁਝ ਖਾਣ ਨਾ ਦਿੱਤਾ। ਬਸ ਅਸੀਂ ਤੁਹਾਡੇ ਧੰਨ ਭੰਨਣ ਲਈ ਪਾਗਲ ਹੋ ਗਏ। ਰਫ਼ਲਾਂ ਕਰਕੇ ਰੁਕਾਵਟ ਪੈ ਰਹੀ ਸੀ, ਸੋ ਅਸਾਂ ਪਰੇ ਵਗਾਹ ਮਾਰੀਆਂ।"
"ਸੁਰ ਦੇ ਬੱਚੇ ਨਾ ਹੋਣ ਤਾਂ ।" ਇਕ ਸਿਪਾਹੀ ਮੁੱਕਾ ਉੱਘਰਦਾ ਕੁੱਦ ਕੇ ਉਹਨਾਂ ਉੱਪਰ ਪੈਣ ਲੱਗਾ। ਦੂਜੇ ਸਿਪਾਹੀਆਂ ਉਸ ਨੂੰ ਰੋਕ ਲਿਆ।
"ਜਾਣ ਦੇ ਦੋਸਤਾ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ । ਉਹ ਤਾਂ ਅਫ਼ਸਰਾਂ
ਨੇ ਉਹਨਾਂ ਨੂੰ ਭੁਤਾਇਆ ਹੋਇਆ ਸੀ।"
ਇੱਕ ਸੜਕ ਦੇ ਮੋੜ ਉੱਤੇ ਦਸਤਾ ਰੁੱਕ ਗਿਆ ਤੇ ਕਸਾਕ ਆਪਣੇ ਲਈ, ਇੱਕ ਸਾਂਝੀ ਕਬਰ ਪੁੱਟਣ ਲੱਗ ਪਏ।
ਸਾਮਾਨ ਗੱਡੀਆਂ ਮਿੱਟੀ ਘੱਟਾ ਉਡਾਉਂਦੀਆਂ ਆਪਣੇ ਲੰਮੇ ਸਫ਼ਰ ਉੱਤੇ ਟੁਰੀ ਗਈਆਂ। ਦੂਰ ਪਰੇ ਸੁਰਮਈ ਪਹਾੜ ਖਲ੍ਹਤੇ ਦਿੱਸ ਰਹੇ ਸਨ। ਛਕੜੇ ਲਾਲ ਰੰਗ ਦੇ ਸਿਰਹਾਣਿਆਂ, ਕੰਬਲਾਂ, ਕੱਪੜਿਆਂ, ਸ਼ੀਸ਼ਿਆਂ ਤੇ ਸਮੋਵਾਰ, ਨਾਲ ਲੱਦੇ ਪਏ ਸਨ ਤੇ ਸਿਰਹਾਣਿਆਂ, ਕੰਬਲਾਂ, ਕੱਪੜਿਆਂ ਤੇ ਜੁੱਲਿਆਂ ਵਿੱਚੋਂ ਬੱਚਿਆਂ ਦੇ ਸਿਰ ਜਾਂ ਬਿੱਲੀਆਂ ਦੇ ਕੰਨ ਦਿੱਸ ਰਹੇ ਸਨ। ਚੂਚੇ ਟੋਕਰਿਆਂ ਵਿੱਚ ਕੁੜ ਕੁੜ ਕਰ ਰਹੇ ਸਨ । ਗਾਵਾਂ ਛੱਕੜਿਆਂ ਦੇ ਪਿੱਛੇ ਰੱਸਿਆਂ ਵਿੱਚ ਬੱਝੀਆਂ ਟੁਰੀ ਜਾ ਰਹੀਆਂ ਸਨ । ਨਾਲ ਝੰਡਲ ਕੁੱਤੇ ਜੀਭਾਂ ਲਮਕਾਈ ਛੱਕੜਿਆਂ ਦੀ ਛਾਵੇਂ ਛਾਵੇਂ ਟੁਰੀ ਜਾ ਰਹੇ ਸਨ । ਛੱਕੜਿਆਂ ਦੇ ਇਸ ਜਲੂਸ ਵਿੱਚ, ਕਿਰਸਾਨਾਂ ਦਾ ਨਿੱਕਾ ਮੋਟਾ ਸਾਰਾ ਸਾਮਾਨ ਤੁਸਿਆ ਪਿਆ ਸੀ । ਜਦ ਕਸਾਕਾਂ ਨੇ ਉਹਨਾਂ ਉੱਤੇ ਹਮਲਾ ਕੀਤਾ ਤਾਂ ਉਹ ਆਪਣਾ ਸਭ ਕੁਝ ਲੱਦ ਲਦਾ ਕੇ, ਪਿੰਡੋਂ ਨਿਕਲ ਆਏ ਤੇ ਨਿਰੀਆਂ ਸੱਖਣੀਆਂ ਝੁੱਗੀਆਂ ਪਿੱਛੇ ਛੱਡ ਆਏ।
"ਵਿਦੇਸ਼ੀਆਂ" ਲਈ ਇਹ ਪਹਿਲੀ ਵਾਰ ਨਹੀਂ ਸੀ ਕਿ ਉਹਨਾਂ ਨੂੰ ਆਪਣਾ ਘਰ ਘਾਟ ਛੱਡਣਾ ਪਿਆ ਸੀ । ਸੋਵੀਅਤ ਸੱਤ੍ਹਾ ਦੇ ਵਿਰੁੱਧ ਕਸਾਕਾਂ ਦੀਆਂ ਟੋਲੀਆਂ ਕਈ ਵੇਰ ਸਿਰ ਚੁੱਕ ਖਲ੍ਹਤੀਆਂ ਸਨ। ਪਰ ਇਹ ਹਾਲਾਤ ਕੁਝ ਦਿਨਾਂ ਤੱਕ ਹੀ ਰਹਿੰਦੀ ਸੀ । ਲਾਲ ਸਿਪਾਹੀ ਆ ਪਹੁੰਚੇ ਸਨ ਤੇ ਸਭ ਕੁਝ ਸਾਂਭ ਸਿਕਰ ਲੈਂਦੇ ਸਨ ਤੇ ਹਾਲਤ ਆਮ ਵਰਗੀ ਹੋ ਜਾਂਦੀ ਸੀ । ਪਰ ਹੁਣ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ । ਕਸਾਕਾਂ ਦੀ ਬਗਾਵਤ ਨੂੰ ਅੱਜ ਦੂਜਾ ਹਫ਼ਤਾ ਹੋ ਚੁੱਕਾ ਸੀ ਤੇ ਉਹ ਅੱਗੇ ਨਾਲੋਂ ਵੱਧ ਹੀ ਭੜਕੇ ਹੋਏ ਸਨ । ਉਹਨਾਂ ਕੋਲ ਰਸਦ ਮਸਾਂ ਕੁਝ ਦਿਨਾਂ ਜੋਗਾ ਹੀ ਸੀ । ਨਿੱਤ ਉਹ ਇਹ ਸੁਣਨ ਦੀ ਆਸ ਲਾਈ ਰੱਖਦੇ ਸਨ ਕਿ, "ਤੁਸੀਂ ਹੁਣ ਘਰਾਂ ਨੂੰ ਪਰਤ ਸਕਦੇ ਹੋ", ਪਰ - ਫਾਂਸੀ ਦੇ ਫੰਦਿਆਂ ਦੀਆਂ ਭਿਆਨਕ ਖ਼ਬਰਾਂ ਆ ਪੁੱਜਦੀਆਂ ਕਿ ਪਿੰਡ ਵਿੱਚ ਕਈ"ਵਿਦੇਸ਼ੀ" ਫਾਹੇ ਲਾਏ ਜਾ ਚੁੱਕੇ ਸਨ । ਕੀ ਕਦੇ ਇਸ ਦਾ ਅੰਤ ਵੀ ਹੋਵੇਗਾ? ਤੇ ਉਹਨਾਂ ਛੱਡੇ ਛਡਾਏ ਘਰਾਂ ਦਾ ਕੀ ਬਣੇਗਾ ?
ਛੱਕੜੇ ਚੀਂ ਚੀਂ ਚੀਖ਼ਦੇ, ਸਾਮਾਨ ਨਾਲ ਲੱਦੇ ਆਪਣੀ ਵਾਟੇ ਪਏ ਰਹੇ। ਸ਼ੀਸ਼ਿਆਂ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਰਹੀਆਂ, ਸਿਰਹਾਣਿਆਂ ਵਿੱਚੋਂ ਗੋਲ ਮਟੋਲ ਬੱਚਿਆਂ ਦੀਆਂ ਚਮਕਦੀਆਂ ਅੱਖਾਂ ਦਿੱਸਦੀਆਂ ਰਹੀਆਂ । ਸਿਪਾਹੀ ਕਾੜ ਕਾੜ ਪੈਰ ਮਾਰਦੇ, ਖੇਤਾਂ ਉੱਤੇ ਨਜ਼ਰ ਮਾਰਦੇ ਟੁਰੀ ਗਏ, ਜਿੱਥੇ ਨਾ ਕੋਈ ਹਦੁਆਣੇ ਦੀ ਵੇਲ ਰਹੀ ਸੀ ਤੇ ਨਾ ਕੱਦੂਆਂ ਤੇ ਸੂਰਜ ਮੁਖੀ ਦੇ ਬੂਟੇ ਰਹੇ ਸਨ। ਨਿਰੇ ਰੁੰਡ-ਮੁੰਡ ਖੇਤ ਮੂੰਹ ਅੱਡੀ ਪਏ ਸਨ। ਹੁਣ ਨਾ ਕੋਈ ਕੰਪਨੀ ਰਹੀ ਸੀ, ਨਾ ਬਟਾਲੀਅਨ ਤੇ ਨਾ ਰਜਮੈਂਟ ਸਭ ਰਲ ਗੱਡ ਹੋ ਕੇ ਇੱਕ ਹੋਏ ਪਏ ਸਨ। ਜਿਵੇਂ ਜਿਸ ਦਾ ਜੀਅ ਕਰਦਾ, ਉਹ ਕਰੀ ਜਾਂਦਾ। ਕੋਈ ਗਾ ਰਿਹਾ ਸੀ, ਕੋਈ ਗਾਲ਼ਾਂ ਕੱਢ ਰਿਹਾ ਸੀ, ਕੋਈ ਚਖਬਾਜ਼ੀ ਵਿੱਚ ਮਸਤ ਸੀ, ਕੋਈ ਛਾਲ ਮਾਰ ਕੇ ਛੱਕੜੇ ਵਿੱਚ ਬੈਠਾ, ਅੱਖਾਂ ਨੁਟੀ ਸਿਰ ਮਾਰੀ ਜਾ ਰਿਹਾ ਸੀ।
ਕਿਸੇ ਨੂੰ ਕਿਸੇ ਖਤਰੇ ਜਾਂ ਦੁਸ਼ਮਣ ਦਾ ਕੋਈ ਖੌਫ਼ ਦਿਲ ਵਿੱਚ ਨਹੀਂ ਸੀ। ਕੋਈ ਕਿਸੇ ਕਮਾਂਡਰ ਦੀ ਪਰਵਾਹ ਕਰਨ ਨੂੰ ਤਿਆਰ ਨਹੀਂ ਸੀ। ਜੇ ਕੋਈ ਆਖਦਾ ਕਿ ਭਈ ਬੰਦੇ ਬਣੋ, ਤਾਂ ਉਸ ਨੂੰ ਨੌਂ ਸੌ ਗਾਲ੍ਹ ਸੁਣਨੀ ਪੈਂਦੀ । ਸਭ ਆਪਣੇ ਮੋਢਿਆਂ ਉੱਤੇ ਰਫ਼ਲਾਂ ਰੱਖੀ ਟੁਰ ਰਹੇ ਸਨ, ਜਿਉਂ ਡਾਂਗਾਂ ਰੱਖੀਆਂ ਹੋਈਆਂ ਹੋਣ। ਸਿਗਰਟ ਪੀਂਦੇ ਤੇ ਗੀਤ ਗਾਉਂਦੇ ਜਾ ਰਹੇ ਸਨ: "ਅਸੀਂ ਆਜ਼ਾਦ' ਆਜ਼ਾਦੀ ਸਾਡਾ ਗਹਿਣਾ, ਭੱਟ ਵਿੱਚ ਪਿਆ ਪੁਰਾਣਾ ਰਾਜਾ ਰਾਣਾ।"
ਕੋਜੂਖਨੂੰ ਇਉਂ ਮਹਿਸੂਸ ਹੋ ਰਿਹਾ ਸੀ, ਜਿਉਂ ਉਹ ਕਿਸੇ ਜਿਲ੍ਹਣ ਵਿੱਚ ਫਸਿਆ ਪਿਆ ਹੋਵੇ; ਛਾਤੀ ਵਿੱਚ ਉਸ ਦਾ ਦਿਲ, ਤਾਣੀ ਵਾਂਗ ਤਣਿਆ ਹੋਇਆ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਜੇ ਕਸਾਕਾਂ ਨੇ ਹਮਲਾ ਕਰ ਦਿੱਤਾ ਤਾਂ ਦਸਤੇ ਦਾ ਦਸਤਾ ਸਾਰਾ ਹੂੰਝਿਆ ਜਾਵੇਗਾ ਪਰ ਫਿਰ ਵੀ, ਉਸ ਨੂੰ ਆਸ ਸੀ ਕਿ ਖਤਰੇ ਦਾ ਬਿਗਲ ਸੁਣਦਿਆਂ ਹੀ ਜਵਾਨ ਸਾਊ ਬਣ ਜਾਣਗੇ, ਜਿਸ ਤਰ੍ਹਾਂ ਕੱਲ੍ਹ ਬਣ ਗਏ ਸਨ, ਤੇ ਜਾਨਾਂ ਦੀ ਬਾਜ਼ੀ ਲਾ ਕੇ ਲੜ ਮਰਨਗੇ। ਪਰ ਗੱਲ ਸੰਭਲਣ ਵਿੱਚ ਕਿਤੇ ਦੇਰ ਨਾ ਹੋ ਜਾਏ। ਉਹ ਮਾਯੂਸੀ ਵਿੱਚ ਹੱਥ ਜੋੜ ਰਿਹਾ ਸੀ ਕਿ ਕੋਈ ਅਜਿਹੀ ਗੱਲ ਅਚਣਚੇਤ ਹੋ ਜਾਏ, ਜਿਸ ਨਾਲ ਸਾਰੇ ਜ਼ਰਾ ਸੰਭਲ ਜਾਣ।
ਇਹ ਬੇਜ਼ਾਬਤਾ ਭੀੜ ਜ਼ਾਰ ਦੀ ਕੁੱਟੀ ਮਾਰੀ ਫੌਜ ਵਿੱਚੋਂ ਨੱਸੀ ਭੱਜੀ, ਲਾਲ ਸੈਨਾ ਵਿੱਚ ਆ ਵੜੀ ਸੀ ਤੇ ਹੋਰ ਜਿਹੜੇ ਲਾਲ ਸੈਨਾ ਵਿੱਚ ਆ ਭਰਤੀ ਹੋਏ ਸਨ, ਉਹਨਾਂ ਵਿੱਚ ਬਹੁਤੇ ਨਾਈ, ਮੋਚੀ, ਧੋਬੀ, ਲੁਹਾਰ, ਤਰਖਾਣ ਤੇ ਸਭ ਤੋਂ ਵਧੇਰੇ, ਮਛੇਰੇ ਸਨ। ਇਹ ਸਾਰੇ ਦੇ ਸਾਰੇ "ਵਿਦੇਸ਼ੀ” ਸਨ, ਜਿਨ੍ਹਾਂ ਦਾ ਜੀਵਨ ਹਮੇਸ਼ਾ ਹੀ ਤੰਗ ਹਾਲੀ ਵਿੱਚ ਬੀਤਿਆ ਸੀ। ਇਹਨਾਂ ਮਿਹਨਤੀ ਲੋਕਾਂ ਨੂੰ ਇਉਂ ਮਹਿਸੂਸ ਹੁੰਦਾ ਸੀ ਕਿ ਸੋਵੀਅਤ ਸੱਤ੍ਹਾ ਦੀ ਆਮਦ ਦਾ ਮਤਲਬ ਸੀ, ਉਹਨਾਂ ਲਈ ਜ਼ਿੰਦਗੀ ਦੇ ਭੀੜੇ ਬੂਹਿਆਂ ਦਾ ਖੁੱਲ੍ਹਣਾ। ਉਹਨਾਂ ਦੇ ਮਨਾਂ ਵਿੱਚ ਇੱਕ ਸੁਖਾਵੀਂ ਆਸ ਸਾਹ ਲੈ ਰਹੀ ਸੀ। ਇਹਨਾਂ ਫ਼ੌਜੀਆਂ ਵਿੱਚੋਂ ਬਹੁਤੇ ਕਿਰਸਾਨ ਸਨ। ਵਿਰਲਾ ਹੀ ਕੋਈ ਭਾਵੇਂ ਪਿੱਛੇ ਰਹਿ ਗਿਆ ਹੋਵੇ, ਸਭ ਆਪਣੇ ਫਾਰਮ ਛੱਡ ਕੇ ਨੱਸ ਆਏ ਸਨ। ਕੇਵਲ ਜਿਹੜੇ ਸੌਖੇ ਸਨ, ਉਹ ਹੀ ਪਿੰਡਾਂ ਵਿੱਚ ਪਿੱਛੇ ਰਹਿ ਗਏ ਸਨ। ਅਫ਼ਸਰਾਂ ਤੇ ਅਮੀਰ ਕਸਾਕਾਂ ਨੇ ਇਹਨਾਂ ਨੂੰ ਕੋਈ ਤੱਦੀ ਨਾ ਦਿੱਤੀ।
ਮੁਕਾਬਲੇ ਵਿੱਚ ਵੇਖਣ ਨੂੰ ਸੁਹਣੇ, ਪਤਲੇ ਛੀਟਕੇ, ਘੁਟੇ ਲੱਕਾਂ ਵਾਲੇ ਕੀਊਬਨ ਕਸਾਕ ਸਨ; ਜੋ ਸਰਕੇਸ਼ੀਅਨ ਕੋਟ ਪਾਈ ਛੋਹਲੇ ਘੋੜਿਆਂ ਉੱਤੇ ਚੜ੍ਹੇ ਹੋਏ ਸਨ। ਇਹ ਦੁਸ਼ਮਣਾਂ ਵਿੱਚ ਨਹੀਂ ਸਨ, ਸਗੋਂ ਵਿਚਾਰੇ ਇਨਕਲਾਬੀ ਕਸਾਕ ਸਨ । ਬਹੁਤੇ ਜੰਗ ਦੇ ਸਿਪਾਹੀ ਸਨ, ਜਿਨ੍ਹਾਂ ਦੇ ਦਿਲਾਂ ਅੰਦਰ ਧੂਏਂ ਤੇ ਗੁਬਾਰ ਵਿੱਚ ਇਨਕਲਾਬ ਦੀ ਝਲਕ ਲਿਸ਼ਕਦੀ ਰਹਿੰਦੀ ਸੀ। ਆਪਣੇ ਬੁਰਦਾਰ ਲਾਲ ਰਿਬਨਾਂ ਵਾਲੀਆਂ ਟੋਪੀਆਂ ਪਾਈ, ਪੰਕਤੀ ਬੱਧ, ਇੱਕ ਦੇ ਪਿੱਛੇ ਇੱਕ, ਮੋਢਿਆਂ ਪਿੱਛੇ ਰਫ਼ਲਾਂ ਲਮਕਾਈ ਤੇ ਲੋਕਾਂ ਨਾਲ ਲਿਸ਼ ਲਿਸ਼ ਕਰਦੀਆਂ ਤਲਵਾਰਾਂ ਸਜਾਈ, ਘੜਿਆਂ ਉੱਤੇ ਸਵਾਰ ਟੁਰੀ ਜਾ ਰਹੇ ਸਨ। ਇਸ ਅਫੜਾ-ਦਫੜੀ ਵਿੱਚ, ਇਹੀ ਥੋੜੇ ਜਿਹੇ ਜਥੇਬੰਦ ਤੇ ਤੌਰ ਤਰੀਕੇ ਵਾਲ਼ੇ ਲੱਗਦੇ ਸਨ।
ਇਹ ਬੰਦੇ ਆਪਣੇ ਪਿਉ ਤੇ ਭਰਾਵਾਂ ਦੇ ਵਿਰੁੱਧ ਲੜਨਗੇ। ਉਹਨਾਂ ਆਪਣੇ ਘਰ,
ਡੰਗਰ ਤੇ ਆਪਣਾ ਨਿੱਕਸੁਕ ਸਭ ਛੱਡ ਦਿੱਤਾ ਸੀ - ਘਰ ਘਾਟ ਸਭ ਬਰਬਾਦ ਹੋ ਚੁੱਕਾ ਸੀ। ਛੀਟਕੇ ਪਰ ਚੁਸਤ, ਆਪਣੇ ਘੋੜਿਆਂ ਉੱਤੇ ਸਹਿਜ ਚਾਲੇ ਭੇਡ ਦੀਆਂ ਖੱਲਾਂ ਉੱਤੇ ਕਿਸੇ ਪਿਆਰੇ ਹੱਥਾਂ ਨਾਲ ਰਿਬਨ ਬੰਨ੍ਹੀ, ਯੂਕਰੇਨੀ ਗੀਤ, ਆਪਣੀਆਂ ਤਗੜੀਆਂ ਜਵਾਨ ਆਵਾਜ਼ਾਂ ਵਿੱਚ ਗਾਉਂਦੇ ਲੰਘੀ ਜਾ ਰਹੇ ਸਨ।
ਕੋਜੂਖ ਉਹਨਾਂ ਵੱਲ ਬੜੀਆਂ ਸਧਰਾਈਆਂ ਅੱਖਾਂ ਨਾਲ ਵੇਖੀ ਜਾ ਰਿਹਾ ਸੀ। ਕਿਆ ਬਾਤਾਂ ਮੁੰਡਿਆਂ ਦੀਆਂ- ਉਸ ਦਾ ਮਾਣ, ਉਸ ਦੀ ਸੱਧਰ। ਪਰ ਉਸ ਦੀ ਤੱਕਣੀ ਵਿੱਚ, ਮਿੱਟੀ ਘੱਟੇ ਵਿੱਚ ਜਦ ਨੰਗੇ ਪੈਰੀਂ ਟੁਰੀ ਜਾ ਰਹੇ ਬੇਮੁਹਾਰੇ "ਵਿਦੇਸ਼ੀਆਂ" ਉੱਤੇ ਪੈਂਦੀ, ਤਾਂ ਵਧੇਰੇ ਨਿੱਘ ਹੁੰਦਾ। ਕੋਜ਼ੂਖ ਆਪ ਵੀ ਇਹਨਾਂ ਵਿੱਚੋਂ ਹੀ ਸੀ।
ਆਪਣੇ ਬੀਤੇ ਜੀਵਨ ਦੀਆਂ ਯਾਦਾਂ ਪਰਛਾਵੇਂ ਵਾਂਗ ਉਸ ਦੇ ਨਾਲ ਟੁਰੀ ਆ ਰਹੀਆਂ ਸਨ, ਜੋ ਬੰਦਾ ਭੁੱਲ ਤਾਂ ਭਾਵੇਂ ਜਾਵੇ, ਪਰ ਝਾੜ ਕੇ ਪਰ੍ਹੇ ਨਹੀਂ ਸਿਟ ਸਕਦਾ। ਇੱਕ ਭੁੱਖ ਨੰਗ ਦਾ ਮਾਰਿਆ ਸਧਾਰਨ ਜਿਹਾ ਅਨਪੜ੍ਹ ਬੰਦਾ। ਉਸ ਦੀ ਮਾਂ ਦਾ ਚਿਹਰਾ, ਭਾਵੇਂ ਉਹ ਹਾਲਾਂ ਜਵਾਨ ਹੀ ਸੀ, ਦੁੱਖਾਂ ਗਮਾਂ ਦਾ ਰਾਹਿਆਂ ਹੋਇਆ ਸੀ। ਉਸ ਦੇ ਕਈ ਬਾਲ ਹੋਏ। ਇੱਕ ਨਾ ਇੱਕ ਹਮੇਸ਼ਾ ਉਸ ਦੀ ਝੋਲੀ ਵਿੱਚ ਤੇ ਇੱਕ ਉਸ ਦੀ ਘੱਗਰੀ ਨਾਲ ਲਮਕਿਆ ਹੀ ਰਹਿੰਦਾ। ਉਸ ਦਾ ਪਿਓ ਸਦਾ ਭਾੜੇ ਦਾ ਮਜ਼ਦੂਰ ਰਿਹਾ ਤੇ ਇੱਕ ਦਾਸ ਵਾਂਗ ਹੱਡੀਆਂ ਰਗੜਦਾ ਰਿਹਾ, ਪਰ ਪੂਰੀ ਨਾ ਪਈ: ਉਹਨਾਂ ਦੇ ਆਪਣੇ ਦਿਨ ਕੰਗਾਲੀ ਵਿੱਚ ਲੰਘਦੇ ਸਨ।
ਜਦ ਕੋਜੂਖਛੀਆਂ ਵਰ੍ਹਿਆਂ ਦਾ ਸੀ, ਤਾਂ ਉਸ ਨੂੰ ਭੇਡਾਂ ਚਾਰਨ ਉੱਤੇ ਲਾ ਦਿੱਤਾ ਗਿਆ ਸੀ। ਸਟੈਪੀ, ਖੱਡਾਂ, ਜੰਗਲ, ਭੇਡਾਂ, ਸਿਰ ਉੱਪਰੋਂ ਲੰਘਦੇ ਬੱਦਲ, ਜਿਨ੍ਹਾਂ ਦੇ ਪਰਛਾਵੇਂ ਜ਼ਮੀਨ ਉੱਤੇ ਪੈਂਦੇ ਸਨ, ਉਸ ਦੇ ਪੜ੍ਹਨ ਵਾਲੇ ਸਨ।
ਮਗਰੋਂ ਇਸ ਤਿੱਖੀ ਬੁੱਧੀ ਵਾਲੇ ਮੁੰਡੇ ਨੂੰ, ਪਿੰਡ ਦੇ ਇੱਕ ਕੁਲਕ ਕੋਲ ਹੱਟੀ ਉੱਤੇ ਕੰਮ ਮਿਲ ਗਿਆ। ਹੌਲੀ ਹੌਲੀ ਉਹ ਆਪ ਹੀ ਅੱਖਰ ਉਠਾਣ ਲੱਗ ਪਿਆ। ਫਿਰ ਲਾਮ ਲਗ ਗਈ। ਉਹ ਭਰਤੀ ਹੋ ਕੇ ਤੁਰਕੀ ਦੀ ਲੜਾਈ ਵਿੱਚ ਮੋਰਚੇ ਉੱਤੇ ਜਾ ਡਟਿਆ। ਇੱਕ ਕਮਾਲ ਦਾ ਮਸ਼ੀਨਗੰਨਰ ਬਣ ਗਿਆ। ਇੱਕ ਵੇਰ, ਆਪਣੇ ਮਸ਼ੀਨਗੰਨਾਂ ਚਲਾਣ ਵਾਲੇ ਸਾਥੀਆਂ ਨੂੰ ਨਾਲ ਲੈ ਕੇ ਇਹ ਪਹਾੜ ਉੱਤੇ ਜਾ ਚੜ੍ਹਿਆ ਤੇ ਘਾਟੀ ਵਿੱਚ ਲਹਿ ਕੇ ਦੁਸ਼ਮਣ ਨੂੰ ਪਿੱਛੋਂ ਜਾ ਘੇਰਿਆ । ਜਦ ਤੁਰਕਾਂ ਦੇ ਫੌਜੀ ਦਸਤੇ ਪਹਾੜ ਤੋਂ ਪਿੱਛੇ ਹਟਦੇ ਹੇਠਾਂ ਵੱਲ ਨੂੰ ਟੁਰਨ ਲੱਗੇ, ਉਸ ਆਪਣੀ ਮਸ਼ੀਨਗੰਨ ਦਾ ਮੋਘਾ ਐਸਾ ਖੋਲ੍ਹਿਆ ਕਿ ਸਾਰੇ ਭੁੰਨ ਕੇ ਧਰ ਦਿੱਤੇ। ਉਹ ਇੰਝ ਭੁੰਜੇ ਡਿੱਗ ਪਏ, ਜਿਉਂ ਘਾਹ ਦੀਆਂ ਭਰੀਆਂ ਡਿੱਗਦੀਆਂ ਨੇ। ਗਰਮ ਲਹੂ ਦੀ ਫੁਹਾਰ ਉਸ ਦੇ ਉੱਪਰ ਵੀ ਆ ਪਈ। ਉਸ ਅੱਜ ਤੱਕ ਕਦੇ ਨਹੀਂ ਸੋਚਿਆ ਸੀ ਕਿ ਬੰਦਾ ਏਨੇ ਲਹੂ ਦੇ ਛੱਪੜ ਵਿੱਚ ਖਲ੍ਹ ਵੀ ਸਕਦਾ ਏ । ਪਰ ਉਹ ਤੁਰਕਾਂ ਦਾ ਲਹੂ ਸੀ ਤੇ ਉਹ ਛੇਤੀ ਹੀ ਭੁੱਲ ਵੀ ਗਿਆ।
ਉਸ ਦੀ ਇੱਡੀ ਵੱਡੀ ਦਲੇਰੀ ਬਦਲੇ, ਉਸ ਨੂੰ ਅਫ਼ਸਰਾਂ ਦੀ ਸਿਖਲਾਈ ਵਾਲ਼ੇ ਸਕੂਲ ਭੇਜ ਦਿੱਤਾ ਗਿਆ । ਉਸ ਨੂੰ ਉੱਥੇ ਬੜਾ ਔਖਾ ਸਮਾਂ ਲੰਘਾਣਾ ਪਿਆ। ਉਸ ਨੂੰ ਲੱਗਦਾ ਸੀ, ਜਿਉਂ ਉਸ ਦਾ ਸਿਰ ਪਾਟ ਜਾਏਗਾ। ਉਹ ਝੋਟੇ ਵਾਂਗ ਜੁੱਟ ਕੇ ਆਪਣੇ ਕੰਮ ਵਿੱਚ
ਲੱਗਾ ਰਿਹਾ ਤੇ ਸਿੱਖਦਾ ਰਿਹਾ, ਪਰ ਇਮਤਿਹਾਨਾਂ ਵਿੱਚ ਸਫਲ ਨਾ ਹੋ ਸਕਿਆ। ਸਾਰੇ ਅਫ਼ਸਰ, ਉਸ ਦੇ ਕਮਾਂਡਰ ਤੇ ਪੜ੍ਹਾਨ ਵਾਲੇ ਸਮੇਤ ਨਵੇਂ ਸਿਖਾਂਦਰੂਆਂ ਦੇ, ਉਸ ਦਾ ਮਜ਼ਾਕ ਉਡਾਣ ਲੱਗ ਪਏ। ਇਕ ਕਿਰਸਾਨ ਅਫ਼ਸਰ ਬਣਨ ਟੁਰਿਆ ਏ! ਇੱਕ ਮੋਟੇ ਦਿਮਾਗ ਦਾ ਭੌਂਦੂ...ਹਾ...ਹਾ..ਹਾ...।
ਉਹ ਅੰਦਰੋ ਅੰਦਰ ਉਹਨਾਂ ਨੂੰ ਨਫਰਤ ਕਰਦਾ ਸੀ । ਉਸ ਦਾ ਮੂੰਹ ਵਟਿਆ ਹੁੰਦਾ ਸੀ ਤੇ ਅੱਖਾਂ ਵਿੱਚ ਰੋਹ ਭਰਿਆ ਹੁੰਦਾ ਸੀ । ਉਹ ਸਕੂਲ ਵਿੱਚ ਅਣਫਿੱਟ ਸਮਝ ਕੇ, ਰਜਮੈਂਟ ਵਿੱਚ ਵਾਪਸ ਘੱਲ ਦਿੱਤਾ ਗਿਆ।
ਮੁੜ ਉਹੀ ਥਾਂ, ਹਜ਼ਾਰਾਂ ਮੌਤਾਂ, ਖੂਨ ਤੇ ਪੀੜਾਂ। ਫਿਰ ਉਸ ਦੀ ਮਸ਼ੀਨਗੰਨ ਉਹਨਾਂ ਦਾ ਕੰਮ ਮੁਕਾਣ ਵਿੱਚ ਜੁੱਟ ਗਈ। ਘਾਹ ਦੀਆਂ ਭਰੀਆਂ ਵਾਂਗ ਲੋਥਾਂ ਡਿੱਗਣ ਲੱਗ ਪਈਆਂ। ਅਸਲ ਵਿੱਚ ਉਸ ਦਾ ਨਿਸ਼ਾਨਾ ਕਮਾਲ ਦਾ ਸੀ । ਮਨੁੱਖੀ ਭੀੜਾਂ ਤੇ ਸੰਕਟ ਦੇ ਦਿਨਾਂ ਵਿੱਚ, ਇਹ ਸਭ ਕਿਸ ਲਈ ਕੀਤਾ ਜਾ ਰਿਹਾ ਸੀ । ਹਰ ਵੇਲੇ ਮੌਤ ਉਸ ਦੇ ਲਾਗੇ ਖਲ੍ਹਤੀ ਜਾਪਦੀ ਸੀ, ਕਿਸ ਵਾਸਤੇ ਗੋਡੇ ਗੋਡੇ ਲਹੂ ਵਗਾਇਆ ਗਿਆ। ਕੀ ਇਹ ਸਭ ਜ਼ਾਰ ਲਈ, ਮਾਤਰ- ਭੂਮੀ ਲਈ ਜਾਂ ਕਿਸੇ ਪੁਰਾਣ ਪੰਥੀ ਵਿਚਾਰਾਂ ਕਰਕੇ ਸੀ । ਉਸ ਆਪਣੇ ਆਪ ਕੋਲੋਂ ਕਦੇ ਇਹੋ ਜਿਹੇ ਸਵਾਲ ਨਹੀਂ ਸਨ ਪੁੱਛੇ ਤੇ ਜਦ ਕਦੇ ਪੁੱਛੇ ਵੀ ਸਨ, ਤਾਂ ਐਵੇਂ ਸਹਿਜ ਸੁਭਾਵਕ ਹੀ ਪੁੱਛ ਲਏ ਸਨ। ਜੋ ਕੁਝ ਉਸ ਨੂੰ ਸਮਝ ਆਈ, ਉਹ ਇਹ ਸੀ ਕਿ ਇਹ ਸਭ ਕੁਝ ਇਕ ਅਫ਼ਸਰ ਬਣਨ ਲਈ ਕੀਤਾ ਜਾ ਰਿਹਾ ਸੀ, ਬਿਲਕੁਲ ਉਂਝ ਹੀ, ਜਿਸ ਤਰ੍ਹਾਂ ਇੱਕ ਦਿਨ ਉਹ ਭੇਡਾਂ ਚਾਰਨ ਮਗਰੋਂ ਸੋਲਜ਼ਮੈਨ ਬਣ ਗਿਆ ਸੀ। ਇੱਕ ਅਫ਼ਸਰ ਬਣਨ ਲਈ ਉਹ ਚੀਖਾਂ ਤੇ ਲਹੂਆਂ ਵਿੱਚ ਗੜੁੱਚ ਆਪਣਾ ਕੰਮ ਕਰੀ ਜਾ ਰਿਹਾ ਸੀ। ਉਹ ਦੰਦ ਪੀਂਹਦਾ, ਮਸ਼ੀਨਗੰਨ ਚਲਾਈ ਜਾ ਰਿਹਾ ਸੀ ਤੇ ਉਸ ਨੂੰ ਬਸ ਏਨਾ ਹੀ ਮਹਿਸੂਸ ਹੁੰਦਾ ਸੀ, ਜਿਉਂ ਆਪਣੇ ਖੇਤ ਵਿੱਚ ਘਾਹ ਕੱਟ ਰਿਹਾ ਹੋਵੇ।
ਦੂਜੀ ਵੇਰ, ਉਸ ਨੂੰ ਅਫ਼ਸਰੀ ਦੇ ਕੋਰਸ ਲਈ ਸਕੂਲ ਭੇਜਿਆ ਗਿਆ। ਅਫ਼ਸਰਾਂ ਦੀ ਬੜੀ ਘਾਟ ਸੀ - ਲੜਾਈ ਵਿੱਚ ਗਿਣਤੀ ਦੇ ਅਫ਼ਸਰ ਹੁੰਦੇ ਸਨ ਤੇ ਕਈ ਵੇਰ, ਸਗੋਂ ਉਸ ਨੂੰ ਕਮਾਂਡਰ ਦਾ ਕੰਮ ਵੀ ਕਰਨਾ ਪੈ ਜਾਂਦਾ ਸੀ, ਪਰ ਉਸ ਨੂੰ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਉਹ ਸਿਪਾਹੀਆਂ ਵਿੱਚੋਂ ਹੀ ਉੱਪਰ ਹੋਇਆ ਸੀ, ਉਹਨਾਂ ਵਾਂਗ ਹੀ ਉਸ ਘਾਲਾਂ ਘਾਲੀਆਂ ਸਨ । ਇਸੇ ਕਰਕੇ ਸਿਪਾਹੀ ਬਿਨਾਂ ਕਿਸੇ ਨਾਂਹ ਨੁੱਕਰ, ਉਸ ਦੀ ਹਰ ਗੱਲ ਮੰਨਣ ਨੂੰ ਤਿਆਰ ਰਹਿੰਦੇ ਸਨ। ਕੀ ਇਹ ਸਭ ਜ਼ਾਰ ਲਈ, ਮਾਤਰ-ਭੂਮੀ ਲਈ ਜਾਂ ਕਿਸੇ ਪੁਰਾਣ ਪੰਥੀ ਵਿਚਾਰਾਂ ਕਰਕੇ ਸੀ ? ਹੋ ਸਕਦਾ ਹੈ। ਪਰ ਇਹ ਸਭ ਦੂਰ ਦੀ ਸੋਚਣੀ ਦੀਆਂ ਗੱਲਾਂ ਸਨ, ਅੰਨ੍ਹੇਰੇ ਵਿੱਚੋਂ ਚਾਨਣ ਲੱਭਣ ਵਾਂਗ । ਜੋ ਇਸ ਵੇਲੇ ਵਕਤ ਦੀ ਮੰਗ ਸੀ, ਉਹ ਸੀ ਅੱਗੇ ਵਧੀ ਜਾਣਾ, ਭਾਵੇਂ ਜੋ ਵੀ ਹੋਵੇ । ਜੇ ਉਹ ਕਿਤੇ ਰੁੱਕ ਜਾਂਦੇ, ਪਿਛੋਂ ਗੋਲੀਆਂ ਨੇ ਉਹਨਾਂ ਨੂੰ ਭੁੰਨ ਛੱਡਿਆ ਹੁੰਦਾ । ਉਹਨਾਂ ਦਾ ਇਸੇ ਵਿੱਚ ਭਲਾ ਸੀ ਕਿ ਆਪਣੇ ਗਠੀਲੇ ਕਿਰਸਾਨ ਆਗੂ ਦੇ ਨਾਲ ਰਲ ਕੇ ਅੱਗੇ ਵਧੀ ਜਾਣ।
ਕਿੰਨਾ ਕਠਿਨ... ਕਿੰਨਾ ਔਖਾ ਸੀ, ਸਕੂਲ ਵਿੱਚੋਂ ਸਿੱਖਣਾ... ਠੀਕ ਗੱਲ ਏ -
ਉਸ ਨੂੰ ਲੱਗਦਾ ਜਿਵੇਂ ਮੱਥਾ ਪਾਟ ਰਿਹਾ ਹੋਵੇ । ਹਿੰਦਸੇ ਤੇ ਕਸਰਾਂ ਨੂੰ ਚੇਤੇ ਰੱਖਣਾ, ਗੋਲੀਆਂ ਦੀ ਵਾਛੜ ਵਿੱਚ ਮਰ ਜਾਣ ਨਾਲੋਂ ਵਧੇਰੇ ਔਖਾ ਸੀ।
ਅਫ਼ਸਰ ਉਸ ਨੂੰ ਵੇਖ ਕੇ ਹੱਸ ਹੱਸ ਆਪਣੀਆਂ ਵੱਖੀਆਂ ਨੱਪਣ ਲੱਗ ਪੈਂਦੇ - ਵਾਧੂ ਦੇ ਅਫ਼ਸਰ, ਜੋ ਇੱਥੇ ਆ ਵੜੇ ਸਨ- ਆਪਣੀ ਜਾਨ ਦੀ ਸੁਰੱਖਿਆ ਪਹਿਲਾਂ, ਪਿੱਛੇ ਰਹਿਣਾ ਹਮੇਸ਼ਾ ਹੀ ਸੁਰੱਖਿਅਤ ਥਾਂ ਸੀ ਤੇ ਉਹਨਾਂ ਨਾਲ ਭਰੀ ਹੋਈ ਸੀ, ਜੋ ਹਮੇਸ਼ਾ ਲੜਾਈ ਦੇ ਖਤਰੇ ਤੋਂ ਬਚ ਕੇ ਰਹਿਣਾ ਚਾਹੁੰਦੇ ਸਨ ਤੇ ਜਿਨ੍ਹਾਂ ਲਈ, ਕਈ ਫਜ਼ੂਲ ਦੇ ਕੰਮ ਇੱਥੇ ਕੱਢੇ ਗਏ ਸਨ। ਉਹ ਵੇਖ ਕੇ, ਉਸ ਵੱਲ ਹੱਸ ਹੱਸ ਆਪਣੀਆਂ ਵੱਖੀਆਂ ਘੁੱਟਦੇ ਅਹੁ ਵੇਖੋ ਆ ਗਿਆ ਜੇ ਗੰਵਾਰ ਕਿਤੋਂ ਦਾ, ਘਚੀੜ। ਉਹ ਉਸ ਨੂੰ ਨਫ਼ਰਤ ਕਰਦੇ ਤੇ ਸਵਾਲਾਂ ਦੇ ਉੱਤਰ ਲਈ ਫੇਲ੍ਹ ਕਰ ਛੱਡਦੇ, ਜੋ ਕਰੜੀ ਮਿਹਨਤ ਮਗਰੋਂ, ਉਹ ਕਿਸੇ ਤਰ੍ਹਾਂ ਠੀਕ ਵੀ ਕਰ ਲੈਂਦਾ। ਤੇ ਉਹਨਾਂ ਉਸ ਨੂੰ ਰਜਮੈਂਟ ਵਿੱਚ ਵਾਪਸ ਤੋਰ ਦਿੱਤਾ, ਇਹ ਆਖ ਕੇ ਕਿ ਇਸ ਦਾ ਦਿਮਾਗ ਖਰਾਬ ਹੈ।
ਮਸ਼ੀਨਗੰਨ ਦੀ ਵਾਛੜ, ਰਟ ਰਟ ਕਰਦੀ ਗੋਲੀਆਂ ਚੱਲਣ ਦੀ ਆਵਾਜ਼... ਜਾਨ ਖਾਊ ਕੰਮ... ਚਾਰੇ ਪਾਸੇ ਡਿੱਗਦੀਆਂ ਲੋਕਾਂ ਲੋਥਾਂ ਤੇ ਵਿਚਕਾਰ ਖਲ੍ਹਤਾ ਉਹ... ਜਿਉਂ ਖੇਤ ਵਿੱਚ ਵਾਢੀ ਕਰਦਾ ਕਿਰਸਾਨ।
ਇਸ ਕਿਰਸਾਨ ਵਿੱਚ ਇੱਕ ਝੋਟੇ ਦਾ ਬਲ ਸੀ ਤੇ ਉਹ ਅੱਗੇ ਹੀ ਅੱਗੇ ਧੁੱਸ ਮਾਰੀ ਜਾ ਰਿਹਾ ਸੀ - ਉਹ ਐਵੇਂ ਤਾਂ ਯੂਕਰੇਨੀਅਨ ਨਹੀਂ ਸੀ ਅਖਵਾਂਦਾ। ਭਰਵੱਟੇ ਅੱਖਾਂ ਉੱਤੇ ਡਿੱਗਦੇ ਤੇ ਨਿੱਕੀਆਂ ਨਿੱਕੀਆਂ ਵਿੰਨ੍ਹਦੀਆਂ ਅੱਖਾਂ।
ਆਪਣੀ ਯੋਗਤਾ ਕਾਰਨ, ਤੀਜੀ ਵੇਰ ਉਸ ਨੂੰ ਇਸ ਭਿਆਨਕ ਕੰਮ ਤੋਂ ਹਟਾ ਕੇ ਸਕੂਲ ਭੇਜਿਆ ਗਿਆ।
ਤੇ ਅਫ਼ਸਰ ਫਿਰ ਉਸ ਨੂੰ ਵੇਖ ਕੇ, ਵੱਖੀਆਂ ਨੱਪਣ ਲੱਗ ਪਏ। ਵੇਖੋ, ਉਹ ਕਿਰਸਾਨ, ਉਹ ਗੰਵਾਰ, ਘੀਚ, ਖੋਟੇ ਪੈਸੇ ਵਾਂਗ ਫਿਰ ਪਰਤ ਆਇਆ ਜੇ ਤੇ ਇੱਕ ਵੇਰ ਫੇਰ ਉਹਨਾਂ, ਇਹ ਆਖ ਕੇ ਕਿ ਉਸ ਦਾ ਦਿਮਾਗ ਠੀਕ ਨਹੀਂ, ਰਜਮੈਂਟ ਵਿਚ ਵਾਪਸ ਭੇਜ ਦਿੱਤਾ।
ਫਿਰ ਹੈੱਡਕੁਆਰਟਰ ਨੇ ਚਿੜ੍ਹ ਕੇ, ਦਖਲ ਦੇਂਦਿਆਂ ਚਿੱਠੀ ਲਿਖੀ: "ਉਸ ਦੀ ਤਰੱਕੀ ਕਰ ਦਿੱਤੀ ਜਾਵੇ... ਅਫ਼ਸਰਾਂ ਦੀ ਬੜੀ ਘਾਟ ਹੈ।"
ਘਾਟ, ਹੈ ਸੀ ਕਿਤੇ ? ਅਵੱਸ਼, ਮੋਰਚਿਆਂ ਉੱਤੇ - ਕਿਉਂਕਿ ਪਿਛਾੜੀ ਜਮਘਟ ਲੱਗਾ ਹੋਇਆ ਸੀ। ਸੋ ਕੋਜੂਖ ਨੂੰ ਏਸ ਤਰ੍ਹਾਂ ਨਫ਼ਰਤ ਨਾਲ ਕਮਿਸ਼ਨ ਦਿੱਤੀ ਗਈ। ਜਦ ਉਹ ਰਜਮੈਂਟ ਵਿਚ ਪਰਤ ਕੇ ਆਇਆ, ਉਸ ਦੇ ਮੋਢਿਆਂ ਉੱਤੇ ਬਿੱਲੇ ਲੱਗੇ ਹੋਏ ਸਨ। ਉਸ ਆਪਣੀ ਥਾਂ ਬਣਾ ਲਈ ਸੀ । ਉਹ ਬੜਾ ਉਤਸ਼ਾਹਿਤ ਤੇ ਦੁਖੀ ਸੀ। ਉਤਸ਼ਾਹਿਤ ਇਸ ਕਰਕੇ, ਕਿ ਉਹ ਜੋ ਬਣਨਾ ਚਾਹੁੰਦਾ ਸੀ, ਬੜੀਆਂ ਕਠਨਾਈਆਂ ਵਿੱਚੋਂ ਲੰਘ ਕੇ, ਉਹ ਬਣ ਗਿਆ ਸੀ ਤੇ ਦੁਖੀ ਇਸ ਕਰਕੇ ਕਿ ਮੋਢੇ ਉੱਤੇ ਲੱਗਾ ਇਹਨਾਂ ਬਿੱਲਿਆਂ ਕਰਕੇ ਉਹ ਆਪਣਿਆਂ ਸਾਥੀਆਂ ਕੋਲੋਂ ਵੱਖਰਾ ਹੋ ਗਿਆ ਸੀ। ਮੈਦਾਨ ਵਿੱਚ ਲੜਨ ਵਾਲਿਆਂ ਕੋਲੋਂ
ਉਹ ਦੂਰ ਹੋ ਗਿਆ ਸੀ, ਸਾਧਾਰਨ ਜਵਾਨਾਂ ਕੋਲੋਂ ਪਰ੍ਹੇ ਹੋ ਗਿਆ ਸੀ ਤੇ ਇਹਨਾਂ ਕੋਲੋਂ ਦੂਰ ਹੋਣ ਕਰਕੇ, ਉਹ ਅਫਸਰਾਂ ਦੇ ਨੇੜੇ ਵੀ ਨਹੀਂ ਸੀ ਰਿਹਾ। ਇੱਕ ਸਖਣੇਪਨ ਨੇ ਉਸ ਨੂੰ ਘੇਰ ਲਿਆ ਸੀ।
ਅਫ਼ਸਰ ਸਿੱਧੇ ਮੂੰਹ ਉੱਤੇ, "ਕਿਰਸਾਨ", "ਗੰਵਾਰ", "ਘੀਚੜ", ਨਾ ਆਖਦੇ, ਪਰ ਇੱਧਰ ਉਧਰ ਖਾਣੇ ਦੇ ਕਮਰਿਆ ਵਿੱਚ, ਤੰਬੂਆਂ ਵਿੱਚ ਤੇ ਹਰ ਥਾਂ ਜਿੱਥੇ ਤਿੰਨ ਜਾਂ ਚਾਰ ਮੋਢੇ ਉੱਤੇ ਲੱਗੇ ਵੀਤੀਆਂ ਵਾਲੇ ਬੰਦੇ ਖਲ੍ਹਤੇ ਹੁੰਦੇ, ਉਸ ਨੂੰ ਇੱਕ ਇਕਲਾਪਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ। ਪਰ ਜੋ ਕੁਝ ਉਹ ਆਪਣੀ ਜ਼ਬਾਨ ਨਾਲ ਨਹੀਂ ਸਨ ਆਖ ਸਕਦੇ, ਅੱਖਾਂ, ਚਿਹਰਿਆਂ ਤੇ ਸੈਣਤਾਂ ਨਾਲ ਆਖ ਜਾਂਦੇ: "ਇੱਕ ਕਿਰਸਾਨ.... ਕਮੀਨਾ ਘੀਚੜ... ਟੁੱਚਾ ਗੰਵਾਰ ।"
ਉਹ ਦਿਲੋਂ ਉਹਨਾਂ ਨੂੰ ਨਫ਼ਰਤ ਕਰਦਾ ਸੀ । ਉਹਨਾਂ ਕੋਲੋਂ ਉਸ ਨੂੰ ਘਿਣ ਆਉਂਦੀ ਸੀ, ਭਾਵੇਂ ਉੱਪਰੋਂ ਉਹ ਸ਼ਾਂਤ ਹੀ ਦਿੱਸਦਾ ਸੀ । ਉਸ ਉਹਨਾਂ ਕੋਲੋਂ ਤੇ ਜਵਾਨਾਂ ਕੋਲੋਂ ਦੂਰ ਰਹਿਣ ਦੀ ਜੁਦਾਈ ਤੋਂ, ਬੜੇ ਹੌਸਲੇ ਨਾਲ ਲੋਥਾਂ ਵਿੱਚ ਖਲ੍ਹਤੇ, ਆਪਣੇ ਆਪ ਨੂੰ ਬਚਾਈ ਰੱਖਿਆ।
ਤੇ ਅਚਾਨਕ ਸਭ ਕੁਝ ਡਗਮਗਾਉਣ ਲੱਗ ਪਿਆ: ਆਰਮੇਨੀਆ ਦੇ ਪਹਾੜ, ਤੁਰਕਾਂ ਦੇ ਦਸਤੇ, ਸਿਪਾਹੀ, ਜਰਨੈਲ, ਡਰੇ ਸਹਿਮੇ ਚਿਹਰੇ, ਖਾਮੋਸ਼ ਬੰਦੂਕਾਂ ਤੇ ਉੱਚੀਆਂ ਸਿਖਰਾਂ ਉੱਤੇ ਮਾਰਚ ਮਹੀਨੇ ਦੀ ਬਰਫ਼। ਇਉਂ ਲੱਗਦਾ ਸੀ, ਜਿਉਂ ਧਰਤੀ ਪਾਟ ਗਈ ਹੋਵੇ ਤੇ ਇਸ ਪਾੜ ਵਿੱਚੋਂ ਕੋਈ ਅਜੀਬ ਜਿਹੀ ਚੀਜ਼ ਝਲਕਣ ਲੱਗ ਪਈ ਹੋਵੇ, ਕੋਈ ਚੀਜ਼ ਜੋ ਚਰੋਕਣੀ ਉੱਥੇ ਛੁਪੀ ਪਈ ਸੀ, ਜੋ ਅੱਖਾਂ ਤੋਂ ਦੂਰ ਸੀ, ਗਹਿਰਾਈਆਂ ਵਿੱਚ- ਪਰ ਹੈ ਜ਼ਰੂਰ ਸੀ... ਇੱਕ ਸੱਚਾਈ।
ਲੋਕ ਆਏ, ਪਤਲੇ ਦੁਬਲੇ ਚਿਹਰਿਆਂ ਵਾਲੇ, ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਪੀਲੇ ਚਿਹਰੇ, ਜਿਨ੍ਹਾਂ ਇਸ ਮੁਘਾਰ ਨੂੰ ਸਗੋਂ ਹੋਰ ਵੱਡਾ ਕਰ ਦਿੱਤਾ ਤੇ ਇਸ ਵਿੱਚੋਂ ਸਦੀਆਂ ਦੀ ਛੁਪੀ ਨਫ਼ਰਤ ਝਾਕਣ ਲੱਗ ਪਈ । ਸਦੀਆਂ ਦੀ ਜ਼ੋਰ ਜ਼ਬਰਦਸਤੀ, ਸਦੀਆਂ ਦੀ ਵਿਦਰੋਹੀ ਗੁਲਾਮੀ।
ਤੇ ਪਹਿਲੀ ਵੇਰ ਕੋਜੂਖ ਨੂੰ ਆਪਣੇ ਮੋਢੇ ਉੱਤੇ ਲੱਗੇ ਬਿੱਲਿਆਂ ਦਾ ਬੜਾ ਪਛਤਾਵਾ ਹੋਇਆ, ਜਿਨ੍ਹਾਂ ਲਈ ਕਦੇ ਉਸ ਇੰਨੀਆਂ ਔਕੜਾਂ ਝਾਗੀਆਂ ਸਨ । ਉਸ ਨੂੰ ਪਛਤਾਵਾ ਹੋ ਰਿਹਾ ਸੀ ਕਿ ਇਹਨਾਂ ਫੀਤੀਆਂ ਨੇ ਉਸ ਨੂੰ ਕਿਰਤੀਆਂ, ਕਿਰਸਾਨਾਂ ਤੇ ਸਿਪਾਹੀਆਂ ਦਾ ਦੁਸ਼ਮਣ ਬਣਾ ਦਿੱਤਾ ਸੀ।
ਜਦ ਅਕਤੂਬਰ ਦੀ ਗਰਜ ਦਾ ਕਾਂਬਾ ਉਸ ਕੋਲ ਪਹੁੰਚਿਆ, ਤਾਂ ਉਸ ਮੋਢਿਆਂ ਤੋਂ ਫੀਤੀਆਂ ਭਰੇ ਦਿਲ ਨਾਲ ਲਾਹ ਕੇ ਪਰੇ ਸੁੱਟ ਦਿੱਤੀਆਂ। ਉਹ ਸਾਹੋ ਸਾਹ ਹੋਇਆ, ਘਰਾਂ ਨੂੰ ਪਰਤ ਰਹੇ ਸਿਪਾਹੀਆਂ ਦੀ ਅਥਾਹ ਭੀੜ ਵਿੱਚ ਜਾ ਰਲਿਆ ਤੇ ਡੰਗਰਾਂ ਨਾਲ ਤੁਸੇ ਇੱਕ ਟਰੱਕ ਵਿੱਚ ਚੜ੍ਹ ਕੇ ਜਾ ਛੁਪਿਆ। ਉੱਚਾ ਉੱਚਾ ਗਾਉਂਦੇ ਸਿਪਾਹੀ ਭਗੌੜੇ ਅਫ਼ਸਰਾਂ ਨੂੰ ਢੂੰਡਦੇ ਫਿਰ ਰਹੇ ਸਨ।
ਜਿਸ ਵੇਲੇ ਉਹ ਆਪਣੇ ਪਿੰਡ ਪਹੁੰਚਿਆ, ਸਭ ਕੁਝ ਖੇਰੂੰ ਖੇਰੂੰ ਹੋ ਚੁੱਕਾ ਸੀ; ਮਨੁੱਖੀ ਸਬੰਧਾਂ ਵਿੱਚ ਜੋ ਨਵੇਂ ਰਿਸ਼ਤੇ ਕਾਇਮ ਹੋਏ ਸਨ, ਉਸ ਕਰਕੇ ਸਭ ਕੁਝ ਰਲਗੱਡ ਤੇ ਬੇਯਕੀਨਾ ਹੋ ਗਿਆ ਸੀ । ਕਸਾਕ "ਵਿਦੇਸ਼ੀਆਂ" ਨੂੰ ਗਲੇ ਲਾ ਰਹੇ ਸਨ ਤੇ ਅਫ਼ਸਰਾਂ ਨੂੰ ਲੱਭ ਲੱਭ ਕੇ ਪਾਰ ਬੁਲਾਈ ਜਾ ਰਹੇ ਸਨ।
ਕਾਰਖਾਨਿਆਂ ਵਿੱਚੋਂ ਕਿਰਤੀ ਤੇ ਬਾਗੀ ਮਲਾਹ, ਜਿਨ੍ਹਾਂ ਆਪਣੇ ਜਹਾਜ਼ ਪੁੱਠੇ ਕਰ ਛੱਡੇ ਸਨ, ਕੀਊਬਨ ਦਰਿਆ ਦੇ ਕੰਢੇ ਆ ਗਏ। ਉਹਨਾਂ ਦਾ ਆਉਣਾ ਕੀ ਸੀ, ਦੁੱਧ ਨੂੰ ਜਾਗ ਲੱਗ ਗਈ। ਸਾਰੇ ਦਾ ਸਾਰਾ ਇਲਾਕਾ ਹੀ ਉੱਠ ਖਲ੍ਹਤਾ। ਸਾਰੇ ਪਿੰਡਾਂ ਤੇ ਫਾਰਮਾਂ ਵਿੱਚ ਸੋਵੀਅਤ ਸੱਤ੍ਹਾ ਦੀ ਜੈ ਜੈ ਕਾਰ ਹੋ ਗਈ।
ਭਾਵੇਂ ਕੋਜ਼ੂਖ ਨੂੰ ਨਵੇਂ ਨਵੇਂ ਸਿਆਸੀ ਬੋਲ- ਜਮਾਤਾਂ, ਜਮਾਤੀ ਘੋਲ, ਜਮਾਤੀ ਸਬੰਧ- ਦੀ ਏਨੀ ਸਮਝ ਨਹੀਂ ਸੀ ਪੈਂਦੀ, ਪਰ ਜੋ ਕੁਝ ਕਿਰਤੀ ਆਖਦੇ ਸਨ, ਕਿਸੇ ਅੰਦਰਲੀ ਸੂਝ ਸਦਕਾ ਉਹ ਸਮਝ ਲੈਂਦਾ ਸੀ । ਅਫ਼ਸਰਾਂ ਪ੍ਰਤੀ ਉਸ ਦੀ ਘ੍ਰਿਣਾ, ਇਸ ਜਮਾਤੀ ਘੋਲ ਦੀ ਡੂੰਘੀ ਪਛਾਣ ਅੱਗੇ ਫਿੱਕੀ ਪੈ ਗਈ - ਉਸ ਨੂੰ ਮਹਿਸੂਸ ਹੋਇਆ ਕਿ ਅਫ਼ਸਰਾਂ ਦਾ ਕੀ ਕਸੂਰ ਸੀ, ਉਹ ਤਾਂ ਜ਼ਿਮੀਦਾਰਾਂ ਤੇ ਬੁਰਜੂਆ ਦੇ ਭਾੜੇ ਦੇ ਟੱਟੂ ਸਨ।
ਮੋਢੇ ਦੀਆਂ ਫੀਤੀਆਂ ਨੇ, ਜੋ ਉਸ ਏਨੀ ਗੁਸਤਾਖੀ ਨਾਲ ਪ੍ਰਾਪਤ ਕੀਤੀਆਂ ਸਨ, ਉਸ ਨੂੰ ਦਾਗ ਲਾ ਦਿੱਤਾ ਸੀ । ਕਿਰਸਾਨ ਭਾਵੇਂ ਜਾਣਦੇ ਸਨ ਕਿ ਉਹ ਉਹਨਾਂ ਵਿੱਚੋਂ ਹੀ ਇੱਕ ਹੈ, ਪਰ ਫੇਰ ਵੀ ਉਸ ਦੇ ਮੂੰਹ ਵਲ ਵੇਖਣ ਜਿਉਂ ਪੁੱਛ ਰਹੇ ਹੋਣ। ਉਹ ਯੂਕਰੇਨੀਆਂ ਦੀ ਸੇਵਾ ਵਿੱਚ, ਆਪਣਾ ਆਪ ਮਿਟਾ ਕੇ, ਇਸ ਦਾਗ ਨੂੰ ਧੋ ਦੇਣਾ ਚਾਹੁੰਦਾ ਸੀ । ਇਸ ਤਾਂਘ ਵਿੱਚ ਉਸ ਦਾ ਤਨਮਨ ਬਲ ਰਿਹਾ ਸੀ।
ਫਿਰ ਭਾਣਾ ਵਰਤ ਗਿਆ: ਗਰੀਬ ਕਿਰਸਾਨਾਂ ਨੇ ਬੁਰਜੂਆਜ਼ੀ ਦਾ ਖੁਰਾ ਖੋਜ ਮੇਟਣ ਲਈ ਆਪਣੇ ਹੱਥ ਚੁੱਕ ਲਏ, ਇੱਥੋਂ ਤੱਕ ਕਿ ਜਿਸ ਕੋਲ ਦੇ ਪਜਾਮੇ ਵੀ ਸਨ, ਉਸ ਨੂੰ ਵੀ ਉਹਨਾਂ ਏਸੇ ਜਮਾਤ ਵਿੱਚ ਗਿਣ ਲਿਆ। ਉਹਨਾਂ ਘਰੋ ਘਰੀ ਜਾ ਕੇ ਤਲਾਸ਼ੀਆਂ ਲਈਆਂ, ਬੂਹੇ, ਟਰੰਕ, ਜੰਦਰੇ ਭੰਨ ਕੇ ਸਭ ਕੁਝ ਬਾਹਰ ਕੱਢ ਲਿਆ ਤੇ ਆਪੋ ਵਿੱਚ ਵੰਡ ਲਿਆ। ਜੋ ਜਿਸ ਦੇ ਹੱਥ ਆਇਆ, ਉਸ ਉਹੀ ਪਾ ਲਿਆ। ਸਮਾਨਤਾ ਦਾ, ਉਹਨਾਂ ਲਈ ਇਹੀ ਭਾਵ ਸੀ।
ਉਹ ਕੋਜ਼ੂਖ ਦੀ ਗੈਰ ਹਾਜ਼ਰੀ ਵਿੱਚ, ਉਸ ਦੀ ਝੁੱਗੀ ਵਿੱਚ ਗਏ ਤੇ ਉਸ ਦੇ ਸਾਰੇ ਕੱਪੜੇ ਕੱਢ ਲਿਆਂਦੇ। ਜਿਸ ਵੇਲੇ ਉਹ ਆਪਣੀ ਪਾਟੀ ਵਰਦੀ ਵਿੱਚ ਸਿਰ ਉੱਤੇ ਟੁੱਟਾ ਟੋਪ ਤੇ ਪੈਰੀਂ ਪਾਟੇ ਬੂਟ ਪਾਈ ਘਰ ਪਰਤਿਆ, ਤਾਂ ਪਾਣ ਲਈ ਉਸ ਨੂੰ ਕੁਝ ਵੀ ਨਾ ਲੱਭਾ; ਉਸ ਦੀ ਵਹੁਟੀ ਕੋਲ ਵੀ ਇੱਕ ਸਕਰਟ ਹੀ ਰਹਿ ਗਿਆ ਸੀ। ਇਸ ਦੀ ਉਸ ਕੋਈ ਪਰਵਾਹ ਨਾ ਕੀਤੀ; ਸਾਰੀਆਂ ਗੱਲਾਂ ਨੂੰ ਪਿੱਛੇ ਧੱਕ ਕੇ ਇੱਕੋ ਵਿਚਾਰ ਨਾਲ ਉਸ ਦੀ ਸੁਰਤ ਜੁੜੀ ਹੋਈ ਸੀ।
ਇਨਕਲਾਬੀ ਕਿਰਸਾਨਾਂ ਨੇ ਆਪਣੇ ਆਪ ਨੂੰ ਕਸਾਕਾਂ ਦੀ ਬਰੋਬਰੀ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ । ਪਰ ਜਦ ਜ਼ਮੀਨਾਂ ਦੇ ਵੰਡਾਰੇ ਦੀ ਗੱਲ ਪੇਸ਼ ਆਈ- ਕੀਊਬਾਈ
ਉਬਲ ਪਏ ਤੇ ਉਹਨਾਂ ਸੋਵੀਅਤ ਸ਼ਕਤੀ ਨੂੰ ਹੂੰਝ ਕੇ ਪਰੇ ਸੁੱਟ ਦਿੱਤਾ।
ਤੇ ਹੁਣ ਕੇਖ ਚੀਕਦੇ ਛੱਕੜਿਆਂ ਦੇ ਪਿੱਛੇ, ਬੁੜ ਬੁੜ ਕਰਦੇ ਰੀਫੂਜੀਆਂ, ਫੁਰਕਾੜੇ ਮਾਰਦੇ ਘੋੜਿਆਂ ਤੇ ਉੱਡਦੀ ਧੂੜ ਵਿੱਚ ਟੁਰੀ ਜਾ ਰਿਹਾ ਸੀ।
8
ਪਹਾੜਾਂ ਦੇ ਪੈਰਾਂ ਵਿੱਚ, ਆਖਰੀ ਸਟੇਸ਼ਨ ਬੜਾ ਰੋਲ-ਘਚੋਲੇ ਵਾਲਾ ਸੀ: ਟੁਟੀਆਂ ਭੱਜੀਆਂ ਫੌਜੀ ਯੂਨਿਟਾਂ ਅਤੇ ਸਿਪਾਹੀਆਂ ਦੇ ਵੱਖੋ ਵੱਖਰੇ ਟੋਲਿਆਂ ਨੇ, ਆਫਤ ਖੜ੍ਹੀ ਕੀਤੀ ਹੋਈ ਸੀ; ਉੱਚੀਆਂ ਉੱਚੀਆਂ ਆਵਾਜ਼ਾਂ, ਰੋਣ, ਰੋਲਾ ਤੇ ਗੁੱਸੇ ਦੀ ਲਹਿਰ ਛਿੜੀ ਹੋਈ ਸੀ। ਸਟੇਸ਼ਨ ਦੇ ਪਿਛਲੇ ਪਾਸਿਉਂ, ਤਾੜ ਤਾੜ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਸੀ।
ਰੁੱਕ ਰੁੱਕ ਕੇ, ਛੱਡੀਆਂ ਤੋਪਾਂ ਦੀ ਆਵਾਜ਼ ਵੀ ਆਉਂਦੀ।
ਕੋਜੂਖਆਪਣੇ ਫੌਜੀ ਦਸਤੇ ਤੇ ਰੀਫ਼ੂਜੀਆਂ ਨੂੰ ਲੈ ਕੇ ਅੱਗੇ ਪਹੁੰਚ ਚੁੱਕਾ ਸੀ। ਸਮੋਲੋਦੂਰੋਵ ਦੂਜੇ ਦਸਤੇ ਤੇ ਰੀਫੂਜੀਆਂ ਨਾਲ, ਪਿੱਛੇ ਪਿੱਛੇ ਆ ਪਹੁੰਚਿਆ। ਦੂਜੀਆਂ ਟੁਕੜੀਆਂ ਵੀ, ਕਸਾਕਾਂ ਦੀਆਂ ਸਤਾਈਆਂ ਹੋਈਆਂ, ਲਗਾਤਾਰ ਆਈ ਜਾ ਰਹੀਆਂ ਸਨ। ਲੱਖਾਂ ਦੀ ਗਿਣਤੀ ਵਿੱਚ ਲੋਕ ਇੱਕ ਸੌੜੀ ਜਿਹੀ ਥਾਂ 'ਤੇ ਆ ਜੁੜੇ ਸਨ । ਸਭ ਜਾਣਦੇ ਸਨ ਕਿ ਨਾ ਤਾਂ ਫੌਜੀਆਂ ਤੇ ਨਾ ਕਸਾਕਾਂ ਕਿਸੇ ਨੂੰ ਬਖਸ਼ਣਾ ਹੈ। ਸਭ ਨੂੰ ਤਲਵਾਰਾਂ ਜਾਂ ਗੋਲੀਆਂ ਨਾਲ ਮਾਰ ਹੀ ਦਿੱਤਾ ਜਾਣਾ ਹੈ ਤੇ ਜਾਂ ਫਾਹੇ ਲਾ ਦੇਣਾ ਹੈ ਤੇ ਜਾਂ ਜਿਉਂਦਿਆਂ ਦੱਬ ਦਿੱਤਾ ਜਾਣਾ ਹੈ।
ਕਈ ਵੇਰ ਬੇਵਸੀ ਦੀ ਹਵਾ ਉੱਡੀ: "ਸਾਡਾ ਕੁਝ ਨਹੀਂ ਰਿਹਾ। ਸਾਡੇ ਕਮਾਂਡਰਾਂ ਨੇ ਸ਼ਰਾਬ ਬਦਲੇ ਸਾਨੂੰ ਵੇਚ ਦਿੱਤਾ ਹੈ!' ਤੇ ਜਦ ਗੋਲਿਆਂ ਦੀ ਆਵਾਜ਼ ਹੋਰ ਦਿਲ ਕੰਬਾਣ ਲੱਗੀ, ਤਾਂ ਉਹ ਲੰਬੂਆਂ ਵਾਂਗ ਭੜਕ ਉੱਠੇ: "ਜਿਸ ਹੀਲੇ ਆਪਣੇ ਆਪ ਨੂੰ ਬਚਾਅ ਸਕਦੇ ਹੋ, ਬਚਾ ਲਓ। ਨੱਸ ਜਾਓ, ਜਵਾਨੋ।"
ਕੋਜ਼ੂਖ ਦੇ ਦਸਤੇ ਦੇ ਫੌਜੀਆਂ ਨੇ, ਕਸਾਕਾਂ ਨੂੰ ਪਿੱਛੇ ਮਾਰ ਭਜਾਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਸ ਭਾਜੜ ਨੂੰ ਰੋਕੀ ਰੱਖਿਆ, ਪਰ ਗੱਲ ਸਾਫ਼ ਸੀ ਕਿ ਕਿਸੇ ਵੇਲੇ ਵੀ ਕਾਰਾ ਵਰਤ ਕੇ ਰਹਿਣਾ ਸੀ।
ਕਮਾਂਡਰ ਕਿੰਨਾ ਚਿਰ ਆਪਸ ਵਿੱਚ ਮਜਲਸਾਂ ਕਰਦੇ ਰਹੇ, ਪਰ ਸਿੱਟਾ ਕੋਈ ਵੀ ਨਾ ਨਿਕਲਿਆ। ਕੋਈ ਵੀ ਇਹ ਨਾ ਦੱਸ ਸਕਿਆ ਕਿ ਆਉਣ ਵਾਲੀ ਘੜੀ ਕਿਹੋ ਜਿਹੀ ਹੋਵੇਗੀ।
ਫਿਰ ਕੋਜ਼ੂਖ ਕਹਿਣ ਲੱਗਾ:
"ਇਕੋ ਮੌਕਾ ਸਾਡੇ ਲਈ ਇਹ ਹੈ ਕਿ ਅਸੀਂ ਜਿਵੇਂ ਵੀ ਹੋਵੇ, ਸਮੁੰਦਰੀ ਕੰਢੇ ਦੇ ਨਾਲ ਨਾਲ ਟੁਰਦੇ, ਆਪਣੀਆਂ ਮੁੱਖ ਫੌਜਾਂ ਨਾਲ ਜਾ ਰਲੀਏ। ਅਸੀਂ ਬਸ ਟੁਰ ਹੀ ਪਈਏ।"
"ਜੇ ਤੂੰ ਕੋਈ ਇਹੋ ਜਿਹੀ ਗੱਲ ਕੀਤੀ, ਮੈਂ ਤੇਰੇ ਦਸਤੇ ਉੱਤੇ ਗੋਲੀ ਚਲਾ
ਦਿਆਂਗਾ।" ਸੱਪ ਵਰਗੀ ਕਾਲੀ ਦਾਹੜੀ ਵਾਲਾ ਸਮੋਲੋਦੁਰੋਵ, ਚਿੱਟੇ ਦੰਦ ਕੱਢਦਾ ਬੋਲਿਆ। "ਸਾਨੂੰ ਪੂਰੇ ਸਨਮਾਨ ਨਾਲ ਆਪਣੇ ਆਪ ਨੂੰ ਬਚਾਣਾ ਚਾਹੀਦਾ ਹੈ, ਭੱਜਣਾ ਨਹੀਂ ਚਾਹੀਦਾ।"
ਅੱਧੇ ਕੁ ਘੰਟੇ ਬਾਅਦ, ਕੋਜ਼ੂਖ ਦਾ ਦਸਤਾ ਰਵਾਨਾ ਹੋ ਗਿਆ ਅਤੇ ਕਿਸੇ ਦੀ ਜ਼ੁਰੱਅਤ ਨਾ ਪਈ ਕਿ ਉਸ ਨੂੰ ਰੋਕ ਲਵੇ ਦਸਤੇ ਦੇ ਟੁਰਦਿਆਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਤੇ ਰੀਫ਼ੂਜੀ ਸਹਿਮ ਦੇ ਮਾਰੇ ਹੋਏ, ਛੱਕੜਿਆਂ ਡੰਗਰਾਂ ਸਮੇਤ, ਵਾਹੋ ਦਾਹੀ ਦੌੜ ਪਏ ਤੇ ਸਾਰਾ ਰਾਹ ਰੁੱਕ ਗਿਆ । ਏਡੀ ਤੇਜ਼ੀ ਨਾਲ ਸਾਰੇ ਭੱਜਣ ਲੱਗ ਪਏ ਕਿ ਕਈ ਟੱਕਰ ਖਾ ਕੇ ਖਾਈਆਂ ਖੇਡਾਂ ਵਿੱਚ ਜਾ ਪਏ ਤੇ ਵਹੀਰ ਦੀ ਵਹੀਰ ਅਜਗਰ ਸੱਪ ਵਾਂਗ ਗੈਂਗਦੀ ਪਹਾੜ ਉੱਤੇ ਚੜ੍ਹਨ ਲੱਗ ਪਈ।
9
ਉਹ ਸਾਰਾ ਦਿਨ ਤੇ ਪੂਰੀ ਰਾਤ ਚੱਲਦੇ ਰਹੇ। ਦਿਨ ਚੜ੍ਹਨ ਤੋਂ ਪਹਿਲਾਂ, ਮੀਲਾਂ ਦੀ ਲੰਬਾਈ ਵਿੱਚ ਫੈਲਿਆ ਕਾਫ਼ਲਾ ਮੁੱਖ-ਮਾਰਗ ਉੱਤੇ ਸਣੇ ਘੋੜਿਆਂ ਦੇ ਖਲ੍ਹ ਗਿਆ। ਅਕਾਸ਼ ਉੱਤੇ ਖਿੜੇ ਤਾਰੇ, ਏਨੇ ਨੇੜੇ ਲੱਗਦੇ ਸਨ ਜਿਉਂ ਹੱਥ ਨਾਲ ਛੋਹੇ ਜਾਣਗੇ। ਖੇਡਾਂ ਵਿੱਚ ਸ਼ਾਂ ਸ਼ਾਂ ਕਰਦਾ ਪਾਣੀ ਆਪਣੀ ਚਾਲੇ ਵਗੀ ਜਾ ਰਿਹਾ ਸੀ । ਚਾਰੇ ਪਾਸੇ ਧੁੰਦ ਤੇ ਚੁੱਪ ਚਾਂ ਨੇ ਪਹਾੜਾਂ, ਜੰਗਲਾਂ ਤੇ ਚੜ੍ਹਾਈਆਂ ਨੂੰ ਵਲਿਆ ਹੋਇਆ ਸੀ। ਸਿਰਫ਼ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਆ ਰਹੀ ਸੀ। ਫਿਰ ਝੱਟ ਪਹਿਲਾਂ ਲਿਸ਼ ਲਿਸ਼ ਕਰਦੇ ਤਾਰੇ, ਫਿੱਕੇ ਪੈਣ ਲੱਗ ਪਏ ਤੇ ਰੁੱਖ ਦਿੱਸਣ ਲੱਗ ਪਏ ਤੇ ਦੁੱਧ-ਚਿੱਟੀ ਧੁੰਦ ਖੱਡਾਂ ਉੱਤੇ ਪਸਰ ਗਈ। ਕਾਫ਼ਲਾ ਫਿਰ ਚਾਲੇ ਪੈ ਗਿਆ ਤੇ ਮੀਲਾਂ ਤੱਕ ਫੈਲੀ ਵੱਡੀ ਸੜਕ ਜਿਉਂ ਟੁਰਨ ਲੱਗ ਪਈ।
ਦੂਰੋਂ ਪਹਾੜੀ ਸਿਲਸਲਿਆਂ ਵਿੱਚੋਂ ਚੁੰਧਿਆ ਦੇਣ ਵਾਲੀਆਂ ਸੂਰਜ ਦੀਆਂ ਕਿਰਨਾਂ ਢਲਾਨਾਂ ਉੱਤੇ ਨੀਲੀ ਭਾਹ ਮਾਰਦੇ ਪਰਛਾਵੇਂ ਸਿੱਟਣ ਲੱਗ ਪਈਆਂ। ਕਾਫ਼ਲੇ ਦਾ ਮੁਹਰਲਾ ਹਿੱਸਾ ਪਹਾੜ ਦੇ ਮੱਥੇ ਉੱਤੇ ਪਹੁੰਚ ਕੇ ਅਚਾਨਕ ਰੁੱਕ ਗਿਆ। ਉਹਨਾਂ ਦੇ ਸਾਹਮਣੇ, ਦੂਰ ਤੀਕ ਫੈਲੀ, ਇੱਕ ਵੱਲ ਵਲੇਵੇਂ ਖਾਂਦੀ ਅਤਲ ਖਾੜੀ ਫੈਲੀ ਹੋਈ ਸੀ ਤੇ ਉਸ ਤੋਂ ਪਰ੍ਹੇ ਮੱਧਮ ਮੱਧਮ ਇੱਕ ਕਸਬਾ ਜਿਹਾ ਦਿੱਸ ਰਿਹਾ ਸੀ ਤੇ ਕਸਬੇ ਤੋਂ ਪਰ੍ਹੇ ਦੂਰ ਤੀਕ ਵਿਸ਼ਾਲ ਸਮੁੰਦਰ ਦੇ ਨੀਲੇ ਪਾਣੀ ਦੀ ਇੱਕ ਕੰਧ ਜਿਹੀ ਖਲ੍ਹਤੀ ਦਿੱਸਦੀ ਸੀ।
"ਅਹੁ ਵੇਖੋ, ਸਮੁੰਦਰ।"
"ਪਰ ਇਹ ਕੰਧ ਵਾਂਗ ਕਿਉਂ ਖਲ੍ਹਤਾ ਹੋਇਆ ਏ?"
"ਸਾਨੂੰ ਇਸ ਉੱਤੇ ਚੜ੍ਹਨਾ ਪਵੇਗਾ।"
“ਪਰ ਉਹ ਕਿਵੇਂ, ਕੱਢੇ ਦੇ ਨੇੜੇ ਜਾਉ ਤਾਂ ਕੰਧ ਥੋੜ੍ਹੇ ਦਿੱਸਦੀ ਏ ?"
"ਕਿਉਂ, ਤੁਸਾਂ ਸੁਣਿਆ ਨਹੀਂ ਕਿ ਜਦ ਮੂਸਾ ਯਹੂਦੀਆਂ ਨੂੰ ਮਿਸਰੀਆਂ ਦੀ ਕੈਦ ਵਿੱਚੋਂ ਕੱਢ ਕੇ ਲਈ ਜਾ ਰਿਹਾ ਸੀ, ਜਿਵੇਂ ਸਾਨੂੰ ਲਈ ਜਾ ਰਹੇ ਨੇ, ਤਾਂ ਸਮੁੰਦਰ ਕੰਧ ਬਣ ਗਿਆ ਸੀ ਤੇ ਸਾਰੇ ਇਸ ਖੁਸ਼ਕੀ ਉੱਤੋਂ ਲੰਘ ਗਏ ਸਨ।"
“ਪਰ ਇਉਂ ਜਾਪਦਾ ਏ ਕਿ ਰਾਹ ਦੇਣ ਦੀ ਥਾਈਂ, ਇਹ ਸਗੋਂ ਅੱਗੋਂ ਸਾਡਾ ਰਾਹ ਡੱਕ ਰਿਹਾ ਹੈ।"
"ਚਿੰਤਾ ਨਾ ਕਰ ਗਰਾਸਕਾ, ਤੇਰੇ ਨਵੇਂ ਬੂਟਾਂ ਨੂੰ ਅਸੀਂ ਭਿੱਜਣ ਨਹੀਂ ਦੇਂਦੇ।"
ਹੱਸਦੇ ਖੇਡਦੇ ਤੇ ਗਾਉਂਦੇ, ਉਹ ਢਲਾਈ ਤੋਂ ਲਹਿੰਦੇ ਗਏ। ਸਭ ਹੇਠਾਂ ਹੀ ਹੇਠਾਂ ਚੱਲੀ ਜਾ ਰਹੇ ਸਨ ਤੇ ਕਿਸੇ ਨੂੰ ਇਹ ਖ਼ਬਰ ਵੀ ਨਹੀਂ ਸੀ ਕਿ ਅੱਗੇ ਜਰਮਨੀ ਦੇ ਜੰਗੀ ਜਹਾਜ਼, ਪਾਣੀਆਂ ਵਿੱਚ ਖਲ੍ਹਤੇ, ਅਕਾਸ਼ ਵਿੱਚ ਧੂਏ ਦੇ ਮੁਹਲੇ ਛੱਡ ਰਹੇ ਸਨ। ਇਹਨਾਂ ਦੇ ਕੋਲ, ਤੁਰਕਾਂ ਦੇ ਗਰਕ ਕਰਨ ਵਾਲੇ ਜਹਾਜ਼ ਖਲ੍ਹਤੇ, ਨੀਲਾ ਨੀਲਾ ਧੂਆਂ ਛੱਡ ਰਹੇ ਸਨ।
ਪਹਾੜ ਦੇ ਮੱਥੇ ਤੋਂ ਖਿੜੇ ਮੱਥੇ ਮਾਰਚ ਕਰਦੇ ਜਵਾਨਾਂ ਦੀਆਂ ਟੋਲੀਆਂ ਮਗਰੋਂ ਟੋਲੀਆਂ, ਟੁਰੀ ਆ ਰਹੀਆਂ ਸਨ । ਵਾਰੋ ਵਾਰੀ, ਸਾਰੇ ਹੀ ਡੂੰਘੇ ਨੀਲੇ ਸਮੁੰਦਰ ਦੀ ਕੰਧ ਨੂੰ ਵੇਖ ਕੇ ਹੈਰਾਨ ਹੋ ਰਹੇ ਸਨ, ਜਿਸ ਦਾ ਪਰਛਾਵਾਂ ਉਹਨਾਂ ਦੀਆਂ ਅੱਖਾਂ ਵਿੱਚ ਝਿਲਮਿਲ ਝਿਲਮਿਲ ਕਰ ਰਿਹਾ ਸੀ।
ਉਹਨਾਂ ਮਗਰੋਂ, ਸਾਮਾਨ ਗੱਡੀਆਂ ਉਤਰਦੀਆਂ ਦਿੱਸਣ ਲੱਗ ਪਈਆਂ। ਸਿਰ ਮਾਰਦੇ ਘੋੜੇ, ਪਰਛੱਡੇ ਮਾਰ ਕੇ ਦੌੜਦੀਆਂ ਗਾਵਾਂ, ਉਹਨਾਂ ਦੇ ਪਿੱਛੇ ਹੱਥ ਵਿਚ ਸੋਟੀਆਂ ਚੁੱਕੀ ਮੁੰਡੇ । ਕਈ ਬੰਦਿਆਂ ਨੇ ਦੌੜ ਕੇ ਛੱਕੜਿਆਂ ਨੂੰ ਹੱਥ ਪਾ ਲਏ ਤਾਂ ਜੇ ਪਿੱਛੇ ਪਿੱਛੇ ਭੱਜਦੇ ਢਲਾਈ ਸੌਖੀ ਢਲ ਜਾਣ। ਕਾਫ਼ਲਾ ਢਲਾਈ ਤੋਂ ਹੇਠਾਂ ਉੱਤਰ ਰਿਹਾ ਸੀ, ਪਿੱਛੇ ਦੇਵ ਦਾ ਦੇਵ ਖਲ੍ਹਤਾ ਪਹਾੜ, ਵੇਖ ਵੇਖ ਮੁਸਕਰਾ ਰਿਹਾ ਸੀ।
ਵੱਲ ਵਲਾਵੇਂ ਖਾਂਦੀ ਵਹੀਰ, ਕਸਬੇ ਦੇ ਦੁਆਲ਼ੇ ਵੱਲ ਖਾਣ ਲੱਗ ਪਈ। ਉਹ ਖਾੜੀ ਦੇ ਸੀਮਿੰਟ ਦੇ ਕਾਰਖਾਨੇ ਲੰਘ ਗਏ ਤੇ ਦੂਰ ਨਿਕਲ ਗਏ। ਇੱਕ ਪਾਸੇ ਬੰਜਰ ਬੇਜਰ ਪਹਾੜ ਤੇ ਦੂਜੇ ਪਾਸੇ ਨੀਲਾ ਸਮੁੰਦਰ ਵਾਜ਼ਾਂ ਮਾਰੀ ਜਾ ਰਿਹਾ ਸੀ।
ਨਾ ਕਿਤੇ ਧੂੰਏਂ ਦੀ ਲਕੀਰ ਸੀ ਤੇ ਨਾ ਕੋਈ ਜਹਾਜ਼: ਬਸ ਪੈਰਾਂ ਵਿੱਚ ਵਿਛੇ ਪੱਥਰਾਂ ਉੱਤੇ ਲਿਸ਼ਕਦੀ ਝੱਗ ਹੀ ਝੱਗ ਦਿੱਸਦੀ ਸੀ ਤੇ ਦੂਰ ਤੀਕ ਫੈਲੀ ਕੁਦਰਤ ਰਾਣੀ ਦੀ ਦਿਲ ਹਲੂਣੀ ਚੁੱਪ, ਜਿਸ ਨੂੰ ਮਨੁੱਖੀ ਹਿਰਦਾ ਹੀ ਸੁਣ ਸਕਦਾ ਸੀ।
"ਅਹੁ ਵੇਖੋ, ਸਮੁੰਦਰ ਫਿਰ ਪੱਧਰਾ ਦਿੱਸਣ ਲੱਗ ਪਿਆ !"
"ਤੇਰਾ ਕੀ ਖਿਆਲ ਏ, ਹਮੇਸ਼ਾ ਇਹ ਕੰਧ ਵਾਂਗ ਹੀ ਖਲ੍ਹਤਾ ਰਹਿਣਾ ਸੀ ? ਜਿਸ ਵੇਲ਼ੇ ਅਸੀਂ ਪਹਾੜ ਉੱਤੇ ਸਾਂ, ਇਹ ਸਾਡੇ ਨਾਲ ਠੱਠਾ ਕਰ ਰਿਹਾ ਸੀ। ਜੇ ਇਹ ਇੰਝ ਹੀ ਖਲ੍ਹਤਾ ਰਹਿੰਦਾ ਤਾਂ ਇਸ ਵਿੱਚੋਂ ਜਹਾਜ਼ ਕਿਵੇਂ ਲੰਘਦੇ ?"
“ਪਰ ਗਰਾਸਕਾ, ਤੇਰੇ ਲਈ ਬਹੁਤ ਬੁਰਾ ਹੋਇਆ, ਹੁਣ ਤੇਰੇ ਨਵੇਂ ਬੂਟਾਂ ਨੇ ਭਿੱਜ ਜਾਣਾ ਏ।"
ਗਰਾਸਕਾ ਆਪਣੇ ਬੂਟ ਹੱਥ ਵਿੱਚ ਫੜੀ ਤੇ ਮੋਢੇ ਉੱਤੇ ਆਪਣੀ ਰਫ਼ਲ ਟਿਕਾਈ, ਟੁਰੀ ਜਾ ਰਿਹਾ ਸੀ । ਸਭ ਮੋਜ ਵਿੱਚ ਆਏ, ਖਿੜ ਖਿੜ ਕਰਦੇ ਹੱਸੀ ਜਾ ਰਹੇ ਸਨ ਤੇ ਜਿਹੜੇ ਇਸ ਛੇੜ-ਛਾੜ ਤੋਂ ਦੂਰ ਸਨ, ਉਹ ਹੱਸਦਿਆਂ ਨੂੰ ਵੇਖ ਕੇ ਹੱਸੀ ਜਾ ਰਹੇ ਸਨ ਕਿ ਜ਼ਰੂਰ ਕੋਈ ਹੱਸਣ ਵਾਲੀ ਗੱਲ ਹੋਣੀ ਏ।
ਇੱਕ ਭਿਆਨਕ ਜਿਹੀ ਆਵਾਜ਼ ਵਿੱਚ ਕੋਈ ਕਹਿ ਰਿਹਾ ਸੀ:
"ਸਾਡੇ ਲਈ ਇੱਕੋ ਗੱਲ ਹੈ ਬਚਣ ਦਾ ਕੋਈ ਵਸੀਲਾ ਨਹੀਂ। ਇੱਧਰ ਪਾਣੀ, ਉੱਧਰ ਪਹਾੜ ਤੇ ਪਿੱਛੇ ਪਿੱਛੇ - ਕਸਾਕ। ਜੇ ਅਸੀਂ ਕਿਸੇ ਹੋਰ ਰਾਹ ਪੈਣਾ ਚਾਹੀਏ, ਇਹ ਹੋ ਨਹੀਂ ਸਕਦਾ। ਬਸ, ਸਿਵਾਏ ਟੁਰੀ ਜਾਣ ਦੇ, ਦੂਜਾ ਕੋਈ ਵਸੀਲਾ ਨਹੀਂ।"
ਕਾਫ਼ਲੇ ਦਾ ਮੁਹਰਲਾ ਹਿੱਸਾ, ਚਿਰੋਕਣਾ ਕਸਬੇ ਵਿੱਚੋਂ ਨਿਕਲ ਕੇ, ਅੱਖੋਂ ਓਹਲੇ ਹੋ ਗਿਆ ਸੀ ਤੇ ਪਿਛਲਾ ਹਾਲਾਂ ਵੀ ਢਲਾਈ ਉੱਤੋਂ ਹੇਠਾਂ ਢਲੀ ਆ ਰਿਹਾ ਸੀ।
ਜਰਮਨ ਕਮਾਂਡਰ, ਜੋ ਜੰਗੀ ਜਹਾਜ਼ ਵਿੱਚ ਸੀ, ਇਹ ਸਮਝਣ ਲੱਗ ਪਿਆ ਕਿ ਵਹੀਰ ਦੀ ਵਹੀਰ ਸਾਡੇ ਕਬਜ਼ੇ ਹੇਠ ਆਏ ਇਲਾਕੇ ਵਿੱਚੋਂ ਲੰਘੀ ਜਾ ਰਹੀ ਹੈ, ਜੋ ਕੈਸਰ ਦੇ ਹੁਕਮ ਦੀ ਉਲੰਘਣਾ ਹੈ। ਉਸ ਫਰਮਾਨ ਜਾਰੀ ਕਰ ਦਿੱਤਾ ਕਿ ਛੇਤੀ ਤੋਂ ਛੇਤੀ ਸਭ ਬੰਦੂਕਾਂ, ਗੋਲੀਆਂ, ਘੋੜੇ, ਛਕੜੇ, ਸਿਪਾਹੀ, ਤੀਵੀਂਆਂ ਤੇ ਬੱਚੇ ਤੇ ਖਾਧ ਸਮੱਗਰੀ, ਉਹਨਾਂ ਦੇ ਹਵਾਲੇ ਕੀਤੀ ਜਾਵੇ ਤੇ ਅਗਲੀਆਂ ਹਦਾਇਤਾਂ ਲਈ, ਉਡੀਕ ਕੀਤੀ ਜਾਵੇ।
ਪਰ ਭੂਰਾ ਅਜਗਰ ਸੱਪ, ਵੱਲ ਪੇਚ ਖਾਂਦਾ, ਤੇਜ਼ ਚਾਲੇ ਆਪਣੀ ਵਾਟੇ ਪਿਆ ਰਿਹਾ। ਗਾਵਾਂ ਕੁੱਦਦੀਆਂ ਜਾ ਰਹੀਆਂ ਸਨ । ਛੱਕੜਿਆਂ ਪਿੱਛੇ ਲੱਗੇ ਬੱਚੇ, ਨਿੱਕੀਆਂ ਨਿੱਕੀਆਂ ਲੱਤਾਂ ਉੱਤੇ ਭੁੜਕਦੇ ਟੁਰੀ ਜਾ ਰਹੇ ਸਨ । ਸਵਾਰ, ਘੋੜਿਆਂ ਨੂੰ ਚਾਬਕਾਂ ਮਾਰ ਮਾਰ, ਦੁੜਾਨ ਲੱਗੇ ਹੋਏ ਸਨ। ਲਗਾਤਾਰ, ਪਹਾੜ ਤੋਂ ਢਲਣ ਦਾ ਇੱਕ ਰੋਲਾ ਜਿਹਾ ਆਈ ਜਾ ਰਿਹਾ ਸੀ ਤੇ ਵਹੀਰ ਦੀ ਵਹੀਰ ਮਿੱਟੀ ਘੱਟੇ ਵਿੱਚ ਵਲ੍ਹੇਟੀ, ਛੇਤੀ ਤੋਂ ਛੇਤੀ ਪੈਂਡਾਂ ਮੁਕਾਣ ਵਿੱਚ ਲੱਗੀ ਹੋਈ ਸੀ।
ਕਸਬੇ ਵਿੱਚੋਂ ਇੱਕ ਹੋਰ ਮਨੁੱਖੀ ਲਹਿਰ, ਛਕੜੇ ਗੱਡੇ-ਗੱਡੀਆਂ, ਬਾਲ, ਡੰਗਰ, ਤੇ ਸਾਜੋ ਸਾਮਾਨ ਸਿਰਾਂ ਮੋਢਿਆਂ ਉੱਤੇ ਚੁੱਕੀ, ਇਸ ਠਾਠਾਂ ਮਾਰਦੀ ਲਹਿਰ ਨਾਲ ਆ ਜੁੜੀ। ਗੱਡਿਆਂ ਤੇ ਛੱਕੜਿਆਂ ਦੇ ਪਹੀਏ ਤੇ ਧੁਰੇ ਇੱਕ ਦੂਜੇ ਵਿੱਚ ਆ ਫਸੇ। ਇਹਨਾਂ ਵਿੱਚ ਬਹੁਤੀ ਗਿਣਤੀ ਮਲਾਹਾਂ ਦੀ ਸੀ। ਉਹਨਾਂ ਚਿੱਟੀਆਂ ਮਲਾਹਾਂ ਵਾਲੀਆਂ ਗੋਲ ਗਲਮੇ ਤੇ ਨੀਲੇ ਕਾਲਰਾਂ ਵਾਲੀਆਂ ਜਾਕਿਟਾਂ ਤੇ ਗੋਲ ਟੋਪੀਆਂ ਪਾਈਆਂ ਹੋਈਆਂ ਸਨ, ਜਿਨ੍ਹਾਂ ਪਿੱਛੇ ਪੀਲ਼ੇ- ਕਾਲੇ ਰਿਬਨ ਝੂਲ ਰਹੇ ਸਨ । ਇਹਨਾਂ ਦੀਆਂ ਗੱਡੀਆਂ ਦੇ ਕਈ ਰੰਗ ਤੇ ਨਮੂਨੇ ਸਨ -ਵਿੱਚੇ ਬੱਘੀਆਂ, ਵਿੱਚ ਛੱਕੜੇ। ਬੱਘੀਆਂ ਉੱਤੇ ਤੀਵੀਂਆਂ ਦੇ ਵੱਡੇ ਵੱਡੇ ਚਿੱਤਰ ਉਲੀਕੇ ਹੋਏ। ਕੋਈ ਪੰਜ ਹਜ਼ਾਰ ਮਲਾਹ, ਗੰਦੀਆਂ ਤੋਂ ਗੰਦੀਆਂ ਗਾਲ੍ਹਾਂ-ਕੱਢਦੇ, ਸਾਮਾਨ ਗੱਡੀ ਵਿੱਚ ਲੱਦੇ ਹੋਏ ਸਨ।
ਜਰਮਨ ਕਮਾਂਡੈਂਟ ਉਹਨਾਂ ਦੇ ਰੁੱਕ ਜਾਣ ਦੀ ਉਡੀਕ ਹੀ ਕਰਦਾ ਰਿਹਾ।
ਫਿਰ ਇਸ ਖਾਮੋਸ਼ੀ ਨੂੰ ਭੰਗ ਕਰਦੀ, ਜੰਗੀ ਜਹਾਜ਼ ਤੋਂ ਬੰਮ ਦੀ ਆਵਾਜ਼ ਪਹਾੜਾਂ, ਦੁਰਗਾਂ ਤੇ ਦੰਦੀਆਂ ਨੂੰ ਚੀਰਦੀ ਲੰਘ ਗਈ। ਇੰਝ ਲੱਗਦਾ ਸੀ, ਜਿਉਂ ਪਹਾੜਾਂ ਤੋਂ ਚੱਟਾਨਾਂ ਹੇਠਾਂ ਰਿੜ੍ਹਦੀਆਂ ਆ ਰਹੀਆਂ ਹੋਣ। ਗੂੰਜ ਦੂਰ ਦੂਰ ਤੀਕ ਸ਼ਾਂ ਸ਼ਾਂ ਕਰਦੀ ਲੰਘ ਗਈ।
ਇਸ ਵਾਟੇ ਪਈ ਵਲ ਪੇਚ ਖਾਂਦੀ ਟੁਰੀ ਜਾਂਦੀ ਵਹੀਰ ਉੱਤੋਂ, ਪੇਤਲਾ ਜਿਹਾ ਧੂੰਆਂ, ਹੌਲੇ ਬੱਦਲਾਂ ਵਾਂਗ ਲੰਘ ਗਿਆ।
ਇੱਕ ਭੂਸਲੇ ਰੰਗ ਦਾ ਘੋੜਾ, ਪਿੱਛੇ ਨੂੰ ਹੱਟਦਾ ਗਿਆ, ਹੱਟਦਾ ਗਿਆ ਤੇ ਧਾਂਹ ਕਰ ਕੇ ਦੋਵੇਂ ਥੰਮਾਂ ਨੂੰ ਭੰਨਦਾ ਤੋੜਦਾ ਜ਼ਮੀਨ ਉੱਤੇ ਡਿੱਗ ਪਿਆ। ਕਈ ਬੰਦੇ ਭੱਜ ਕੇ ਉਸ ਵੱਲ ਵਧੇ, ਕਿਸੇ ਦੇ ਹੱਥ ਵਿੱਚ ਉਸ ਦੇ ਅੱਯਾਲ, ਕਿਸੇ ਵਿੱਚ ਪੂਛ, ਕਿਸੇ ਵਿੱਚ ਲੱਤਾਂ, ਕਿਸੇ ਦੇ ਹੱਥ ਮੱਥੇ ਦੀ ਲਿਟ, ਸਭ ਨੇ ਸੜਕ ਤੋਂ ਖਿੱਚਦੇ ਖਿਚਾਂਦੇ ਉਸ ਨੂੰ ਛੱਕੜੇ ਸਮੇਤ ਇਕ ਖੱਡ ਵਿੱਚ ਸੁੱਟ ਦਿੱਤਾ ਤਾਂ ਜੋ ਸਾਮਾਨ ਵਾਲੀ ਵੱਡੀ ਗੱਡੀ ਦਾ ਅੱਗ ਰਾਹ ਨਾ ਰੁੱਕ ਜਾਏ। ਰੋਂਦੀ ਰੋਂਦੀ ਵੱਡੀ ਬੇਬੇ ਗੋਰਪੀਨਾ ਤੇ ਅੰਕਾ ਕੋਲੋਂ, ਉਸ ਪੁੱਠੇ ਹੋਏ ਛੱਕੜੇ ਵਿੱਚੋਂ ਜੋ ਕੁਝ ਖਿੱਚਿਆ ਗਿਆ, ਉਹਨਾਂ ਖਿੱਚ ਕੇ ਲਾਹ ਲਿਆ। ਦੋਵੇਂ ਵਿਚਾਰੀਆਂ ਰੋਈ ਜਾ ਰਹੀਆਂ ਸਨ। ਉਹਨਾਂ ਆਪਣੀਆਂ ਪੋਟਲੀਆਂ ਦੂਜੇ ਛੱਕੜੇ ਵਿੱਚ ਸੁੱਟ ਦਿੱਤੀਆਂ ਤੇ ਪੈਦਲ ਟੁਰ ਪਈਆਂ । ਬੁੱਢੇ ਨੇ ਮਰੇ ਹੋਏ ਘੋੜੇ ਦੀਆਂ ਜੋਤਾਂ ਖੋਲ੍ਹ ਦਿੱਤੀਆਂ ਤੇ ਪਟੇ ਲਾਹ ਲਏ।
ਜੰਗੀ ਜਹਾਜ਼ ਉੱਤੋਂ ਫਿਰ ਇੱਕ ਲਾਲੀ ਦੀ ਭਾਹ ਮਾਰਦੀ ਜੀਭ ਜਿਹੀ ਲਿਸ਼ਕੀ ਤੇ ਇੱਕ ਧਮਾਕਾ ਜਿਹਾ ਹੋਇਆ, ਜੋ ਸਾਰੇ ਕਸਬੇ ਨੂੰ ਝੁਣਦਾ ਤੇ ਪਹਾੜਾਂ, ਸਮੁੰਦਰਾਂ ਵਿੱਚ ਗੂੰਜਦਾ ਲੰਘ ਗਿਆ। ਆਵਾਜ਼ ਵਿੱਚ, ਫਿਰ ਚਿੱਟੇ ਧੂੰਏਂ ਦੀ ਚਾਦਰ, ਹੌਲੀ ਹੌਲੀ ਉੱਡਦੀ ਲੰਘ ਗਈ। ਕਈ ਬੰਦੇ ਕਰਾਂਹਦੇ ਮਿੱਟੀ ਘੱਟੇ ਵਿੱਚ ਡਿੱਗ ਪਏ । ਇੱਕ ਛੱਕੜੇ ਵਿੱਚ, ਇੱਕ ਲੋਭੀ ਬੱਚਾ ਆਪਣੇ ਨਿੱਕੇ ਨਿੱਕੇ ਹੱਥਾਂ ਵਿੱਚ ਆਪਣੀਆਂ ਜ਼ੁਲਫਾਂ ਵਾਲੀ ਮਾਂ ਦਾ ਥਣ ਫੜੀ, ਚੁੰਘਦਾ ਚੁੰਘਦਾ ਪੱਥਰ ਦਾ ਪੱਥਰ ਹੋ ਗਿਆ ਤੇ ਉਸ ਦੇ ਹੱਥਾਂ ਵਿੱਚੋਂ ਥਣ ਛੁੱਟ ਗਿਆ ਤੇ ਮੂੰਹ ਵਿੱਚੋਂ ਡੋਡੀ ਬਾਹਰ ਨਿਕਲ ਗਈ। ਲੋਕ ਉਸ ਵੱਲ ਦੌੜੇ, ਪਰ ਉਸ ਰੋਹ ਨਾਲ ਉਹਨਾਂ ਨੂੰ ਪਿੱਛੇ ਧੱਕ ਦਿੱਤਾ ਤੇ ਆਪਣਾ ਥਣ, ਜੋ ਬੱਚੇ ਦੇ ਮੂੰਹ ਵਿੱਚੋਂ ਨਿਕਲਣ ਕਰਕੇ ਹਾਲਾਂ ਵੀ ਦੁੱਧ ਨਾਲ ਚੋ ਰਿਹਾ ਸੀ, ਛਣਕ ਕੇ ਸਾਂਭ ਲਿਆ। ਬੱਚੇ ਦੀਆਂ ਅੱਧ ਮੁੰਦੀਆਂ ਅੱਖਾਂ, ਤਾੜੇ ਲੱਗੀਆਂ ਹੋਈਆਂ ਸਨ। ਮੂੰਹ ਪੀਲਾ ਭੂਕ ਹੋ ਗਿਆ ਸੀ।
ਵਹੀਰ, ਕਸਬੇ ਉਦਾਲਿਉਂ ਵੱਲ ਖਾਂਦੀ ਲੰਘੀ ਜਾ ਰਹੀ ਸੀ।
ਫਿਰ ਪਹਾੜ ਦੇ ਮੱਥੇ ਉੱਤੇ, ਡੁੱਬਦੇ ਸੂਰਜ ਦੀ ਲਾਲੀ ਵਿੱਚ, ਘੋੜੇ ਤੇ ਬੰਦੇ ਦਿੱਸਣ ਲੱਗ ਪਏ। ਦੂਰੋਂ ਏਨੇ ਨਿੱਕੇ ਨਿੱਕੇ ਜਿਹੇ ਲੱਗ ਰਹੇ ਸਨ, ਜਿਉਂ ਟਿਮਕਣੇ ਹੋਣ। ਉਹ ਘੋੜਿਆਂ ਦੇ ਪੈਰਾਂ ਵਿੱਚ ਖਬਰੇ ਕੀ ਖਿਲਰਿਆ ਪਿਆ ਸੀ, ਉਸ ਨੂੰ ਤਕਦੇ ਅਚਾਨਕ ਸੁੰਨ ਹੋ ਗਏ। ਫਿਰ ਇੱਕ ਇੱਕ ਕਰਕੇ, ਜ਼ੋਰ ਜ਼ੋਰ ਦੀ ਚਾਰ ਵਾਰੀ, ਧੁੰਮ ਬੂੰਮ ਦੀ ਆਵਾਜ਼ ਗੂੰਜੀ ਤੇ ਪਹਾੜਾਂ ਵਾਦੀਆਂ ਵਿੱਚੋਂ ਚੀਖਦੀ ਲੰਘ ਗਈ । ਆਕਾਸ਼ ਵਿੱਚ ਧੂਏਂ ਦੇ ਚਿੱਟੇ ਬੱਦਲ ਤਰਨ ਲੱਗ ਪਏ। ਸੜਕ ਉੱਤੇ ਚਾਰੇ ਪਾਸੇ ਕਰਾਂਹਦੇ ਆਖਰੀ ਸਾਹ ਲੈਂਦੇ, ਘੋੜਿਆਂ, ਗਾਵਾਂ, ਤੀਵੀਂਆਂ, ਮਰਦਾਂ ਤੇ ਬੱਚਿਆਂ ਦੀਆਂ ਲੋਥਾਂ ਵਿਛ ਗਈਆਂ। ਕਿਸੇ ਨੇ ਕਿਸੇ ਰੋਂਦੇ ਚੀਖਦੇ ਤੇ ਦਮ ਤੋੜਦੇ ਨੂੰ ਘਸੀਟ ਕੇ ਛਕੜੇ ਵਿੱਚ ਸੁੱਟ ਲਿਆ ਤੇ ਕਈ ਸੜਕ ਉੱਤੇ ਹੀ ਚਿੱਤ ਹੋ ਗਏ। ਰਾਹ ਵਿੱਚ ਘੋੜਿਆਂ ਤੇ ਮਨੁੱਖਾਂ ਦੀਆਂ ਲਾਸ਼ਾਂ ਘੜੀਸ ਕੇ ਇੱਕ ਪਾਸੇ ਕਰ ਦਿੱਤੀਆਂ ਗਈਆਂ ਤੇ ਕਾਫ਼ਲਾ ਖਬਰੇ ਕਿਹੜੀ ਮੰਜ਼ਲ ਵੱਲ ਫਿਰ ਰਵਾਂ ਹੋ ਗਿਆ।
ਕੈਸਰ ਦੇ ਕਮਾਂਡੈਂਟ ਕੋਲੋਂ ਦੇਸ਼ ਨਾ ਸਹਾਰਿਆ ਗਿਆ। ਉਹ ਜ਼ਬਤ ਬਣਾਈ ਰੱਖਣ ਲਈ, ਆਪ ਭਾਵੇਂ ਤੀਵੀਂਆਂ ਤੇ ਬੱਚਿਆਂ ਨੂੰ ਗੋਲੀ ਮਾਰ ਦੇਵੇ, ਪਰ ਦੂਜਾ ਕੋਈ ਉਸ
ਦੀ ਇਜਾਜ਼ਤ ਬਗੈਰ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ! ਜੰਗੀ ਜਹਾਜ਼ ਉੱਤੇ ਲੱਦੀ ਤੋਪ ਦਾ ਲੰਮਾ ਸਿਰਾ ਉੱਚਾ ਹੋਇਆ ਧੁੰਮ ਚੁੰਮ ਕਰਦੀ, ਮੂੰਹ ਵਿੱਚੋਂ ਲਾਲ ਜੀਭ ਅੱਗ ਸੁੱਟਣ ਲੱਗ ਪਈ । ਅਤਲ ਖਾੜੀ ਉੱਤੋਂ, ਸਾਮਾਨ ਗੱਡੀਆਂ ਉੱਤੋਂ, ਕੋਈ ਚੀਜ਼ ਸ਼ੂਕਦੀ ਲੰਘੀ ਤੇ ਧਾਹ ਕਰਕੇ ਪਹਾੜੀ ਉੱਤੇ ਜਾ ਡਿੱਗੀ, ਜਿੱਥੇ ਮਾਸਾ ਮਾਸਾ ਦੇ ਲੋਕ ਆਪਣੇ ਘੋੜਿਆਂ ਤੇ ਬੰਦੂਕਾਂ ਕੋਲ ਖਲ੍ਹ ਗਏ। ਫਿਰ ਹਿੱਲ ਜੁਲ ਹੋਣ ਲੱਗ ਪਈ। ਉਹਨਾਂ ਦੇ ਚਾਰ ਗੋਲਿਆਂ ਦੀ ਬੈਟਰੀ ਨੇ ਕਮਾਂਡੈਂਟ ਨੂੰ ਜਵਾਬ ਦਿੱਤਾ। ਤੇ ਉੱਡਦਾ ਧੂੰਆਂ ਗੋਬਨ ਉੱਤੋਂ ਤਰਦਾ ਲੰਘ ਗਿਆ।
ਗੋਬਨ ਨੂੰ ਚੁੱਪ ਲੱਗ ਗਈ। ਉਸ ਦੀਆਂ ਚਿੰਮਨੀਆਂ, ਭਰ ਭਰ ਕੇ, ਕਾਲਾ ਸਿਆਹ ਧੂੰਆਂ ਬਾਹਰ ਸੁੱਟਣ ਲੱਗ ਪਈਆਂ। ਉਹ ਬੜੇ ਭਿਆਨਕ ਰੂਪ ਵਿੱਚ, ਨੀਲੀ ਖਾੜੀ ਵਿੱਚੋਂ ਬਾਹਰ ਨਿਕਲਿਆ ਤੇ ਖੁੱਲ੍ਹੇ ਸਮੁੰਦਰ ਵਿੱਚ ਚੱਕਰ ਖਾਣ ਲੱਗ ਪਿਆ ਤੇ ਆਕਾਸ਼ ਤੇ ਸਮੁੰਦਰ ਜਿਉਂ ਦੋਫਾੜ ਹੋ ਗਏ। ਸਮੁੰਦਰ ਦਾ ਨੀਲਾਪਣ ਫਿੱਕਾ ਹੋ ਗਿਆ। ਪੈਰਾਂ ਹੇਠਾਂ ਜ਼ਮੀਨ ਕੰਬ ਉੱਠੀ। ਲੋਕਾਂ ਨੂੰ ਇੰਝ ਮਹਿਸੂਸ ਹੋਇਆ, ਜਿਉਂ ਉਹਨਾਂ ਦੀਆਂ ਛਾਤੀਆਂ ਤੇ ਦਿਮਾਗਾਂ ਉੱਤੇ ਪੱਥਰ ਦੀਆਂ ਸਿੱਲਾਂ ਧਰ ਦਿੱਤੀਆਂ ਗਈਆਂ ਹੋਣ। ਘਰਾਂ ਦੇ ਬੂਹੇ ਤੇ ਬਾਰੀਆਂ ਦੇ ਮੂੰਹ ਅੱਡੇ ਗਏ ਤੇ ਝੱਟ ਕੁ ਲਈ, ਜਿਉਂ ਲੋਕਾਈ ਗੁੰਗੀ ਹੋ ਗਈ।
ਪਹਾੜ ਦੇ ਉੱਤੇ ਉੱਤੇ ਇੱਕ ਘਣੀ, ਹਰੀ, ਕਾਲੀ ਜਿਹੀ ਠੋਸ ਵਸਤੂ, ਜਿਸ ਨੂੰ ਸੂਰਜ ਦੀਆਂ ਕਿਰਨਾਂ ਵੀ ਨਹੀਂ ਸਨ ਵਿੰਨ੍ਹ ਸਕਦੀਆਂ, ਉਭਰਨ ਲੱਗ ਪਈ। ਗਿਣਤੀ ਦੇ ਕਸਾਕ, ਜਿਨ੍ਹਾਂ ਦੀਆਂ ਜਾਨਾਂ ਬਚ ਗਈਆਂ ਸਨ, ਸ਼ੁਦਾਈਆਂ ਵਾਂਗ ਆਪਣੇ ਪਾਗਲ ਘੋੜਿਆਂ ਨੂੰ ਚਾਬਕਾਂ ਮਾਰਦੇ, ਇਸ ਜ਼ਹਿਰੀਲੇ ਧੂੰਏਂ ਵਿੱਚ, ਆਪਣੇ ਕੋਲ ਬਚੀ ਇੱਕ ਇੱਕ ਬੰਦੂਕ ਫੜ੍ਹੀ, ਸਰਪਟ ਦੁੜਾਂਦੇ ਪਹਾੜੀ ਉੱਤੋਂ ਅੱਖੋਂ ਉਹਲੇ ਹੋ ਗਏ, ਪਰ ਹਰੀ ਕਾਲੀ ਗਹੀਰ, ਜੋ ਉਸੇ ਤਰ੍ਹਾਂ ਹਾਲਾਂ ਵੀ ਖਿਲਰੀ ਹੋਈ ਸੀ, ਹੌਲੀ ਹੌਲੀ ਆਕਾਸ਼ ਵਿੱਚ ਅਲੋਪ ਹੋ ਗਈ।
ਇਸ ਅਮਾਨਵੀ ਧੱਕੇ ਨਾਲ ਧਰਤੀ ਪਾਟ ਗਈ ਤੇ ਕਬਰਾਂ ਦੇ ਮੂੰਹ ਅੱਡੇ ਗਏ। ਚਾਰੇ ਪਾਸੇ ਸੜਕਾਂ ਉੱਤੇ ਝੁਲਸੇ ਹੋਏ ਚਿਹਰੇ, ਅੱਖਾਂ ਦੀ ਥਾਈਂ ਖੁੱਡਾਂ, ਪਾਟੇ ਤੇ ਲਿਬੜੇ ਬੋ ਮਾਰਦੇ ਕੱਛੇ ਪਾਈ, ਮੰਦੇ ਹਾਲ, ਆਪਣੇ ਆਪ ਨੂੰ ਇੱਕੋ ਪਾਸੇ ਧੂਹੀ ਜਾ ਰਹੇ ਸਨ -ਮੁੱਖ ਮਾਰਗ ਉੱਤੇ । ਕਈ ਖਾਮੋਸ਼ ਧਰਤੀ ਉੱਤੇ ਅੱਖਾਂ ਟਿਕਾਈ ਟੁਰੀ ਜਾ ਰਹੇ ਸਨ। ਕਈ ਕਰਾਂਹਦੇ, ਆਪਣੇ ਆਪ ਨੂੰ ਘੜੀਸ ਰਹੇ ਸਨ। ਕਈ ਬਸਾਖੀਆਂ ਉੱਤੇ ਉਛਲਦੇ, ਅੱਗੇ ਵੱਧ ਰਹੇ ਸਨ ਕਈਆਂ ਦੀਆਂ ਲੱਤਾਂ ਨਹੀਂ ਸਨ, ਉਹ ਨਿਰਾ ਧੜ ਹੀ ਝੁਲਾਈ, ਲੱਤਾਂ ਵਾਲਿਆਂ ਨਾਲੋਂ ਵੀ ਤੇਜ਼ ਜਾ ਰਹੇ ਸਨ। ਦੂਜੇ ਫੇਰ, ਖਬਰੇ ਕੀ ਗਿੱਘੀਆਂ ਤੇ ਪਾਟੀਆਂ ਆਵਾਜ਼ਾਂ ਵਿੱਚ ਰੋਲਾ ਪਾਂਦੇ, ਅੱਗੇ ਵਧੀ ਜਾ ਰਹੇ ਸਨ।
ਫਿਰ ਜਿਉਂ ਇੱਕ ਖਲਾਅ ਵਿੱਚੋਂ, ਇੱਕ ਪਤਲੀ ਚੀਖ਼ਦੀ ਆਵਾਜ਼, ਕਿਸੇ ਘਾਇਲ ਪੰਛੀ ਦੀ ਕੁਰਲਾਟ ਵਾਂਗ ਆਈ
“ਪਾਣੀ, ਪਾਣੀ... ਪਾ... ਣੀ।" ਤਪੀ ਧਰਤੀ ਉੱਤੇ, ਜਿਉਂ ਕੋਈ ਪਿਆਸਾ ਪੰਛੀ ਡਿੱਗ ਪਿਆ ਹੋਵੇ।
ਇੱਕ ਜਵਾਨ ਆਦਮੀ ਪਾਟੇ ਕੱਪੜੇ ਪਾਈ, ਜਿਸ ਵਿੱਚੋਂ ਉਸ ਦਾ ਮੁਰਦਾਰ ਸਰੀਰ
ਦਿੱਸ ਰਿਹਾ ਸੀ, ਸੁੰਨ ਹੋਈਆਂ ਲੱਤਾਂ ਉੱਤੇ ਭਾਰ ਪਾਂਦਾ ਇੱਧਰ ਉੱਧਰ ਝਾਕਦਾ ਟੁਰੀ ਜਾ ਰਿਹਾ ਸੀ, ਭਾਵੇਂ ਉਸ ਦੀਆਂ ਪੀਲੀਆਂ ਪਈਆਂ ਅੱਖਾਂ ਵਿੱਚ ਦਿੱਸਦਾ ਕੁਝ ਵੀ ਨਹੀਂ ਸੀ।
"ਪਾਣੀ... ਪਾ.. ਣੀ....!"
ਇੱਕ ਮੁੰਡਿਆਂ ਵਰਗੇ ਛੋਟੇ ਛੋਟੇ ਵਾਲਾਂ ਵਾਲੀ ਨਰਸ, ਆਪਣੀ ਚੀਥੜੇ ਹੋਈ ਬਾਂਹ ਉੱਤੇ ਫਿੱਕਾ ਜਿਹਾ ਲਾਲ ਕ੍ਰਾਸ ਦਾ ਚਿੰਨ੍ਹ ਚਿਪਕਾਈ, ਨੰਗੇ ਪੈਰੀਂ ਉਸ ਦੇ ਪਿੱਛੇ ਪਿੱਛੇ ਨੱਸੀ।
"ਰੁੱਕ ਜਾ, ਮਿਤਿਆ। ਕਿੱਥੇ ਚੱਲਿਆ ਏਂ ? ਮੈਂ ਤੈਨੂੰ ਪਾਣੀ ਪਿਆਵਾਂਗੀ, ਪਰ ਤੂੰ ਖਲ੍ਹ ਤਾਂ ਸਹੀ। ਰੁੱਕ ਜਾ। ਉਹ ਨਿਰੇ ਜਾਨਵਰ ਤਾਂ ਨਹੀਂ।"
"ਪਾਣੀ... ਪਾ.. ਣੀ....!"
ਕਸਬੇ ਦੇ ਲੋਕਾਂ ਛੇਤੀ ਛੇਤੀ, ਆਪਣੇ ਬੂਹੇ ਬਾਰੀਆਂ ਭੇੜ ਲਈਆਂ। ਭੱਜਦਿਆਂ ਨੂੰ ਪਿੱਛੋਂ, ਵਾੜਾਂ ਤੇ ਵਿਹੜਿਆਂ ਵਿੱਚੋਂ ਗੋਲੀਆਂ ਵੱਜੀਆਂ। ਹਸਪਤਾਲ ਤੇ ਪ੍ਰਾਈਵੇਟ ਘਰਾਂ ਵਿੱਚੋਂ ਲੋਕਾਂ ਨੂੰ ਚੁੱਕ ਚੁੱਕ ਬਾਹਰ ਸੁੱਟਿਆ ਜਾ ਰਿਹਾ ਸੀ । ਉਹ ਗੋਡਿਆਂ ਭਾਰ ਬੂਹਿਆਂ ਵਿੱਚੋਂ ਬਾਹਰ ਆ ਗਏ, ਬਾਰੀਆਂ ਵਿੱਚੋਂ ਉਹ ਛਾਲਾਂ ਮਾਰ ਕੇ ਨਿਕਲ ਗਏ, ਉਤਲੀਆਂ ਮੰਜ਼ਲਾਂ ਤੋਂ ਉਹਨਾਂ ਸਿੱਧੀਆਂ ਛਾਲਾਂ ਮਾਰ ਦਿੱਤੀਆਂ ਤੇ ਸਾਮਾਨ ਗੱਡੀਆਂ ਦੇ ਪਿੱਛੇ ਪਿੱਛੇ ਹੱਡ ਗੋਡੇ ਰਗੜਦੇ ਟੁਰ ਪਏ।
ਸੀਮਿੰਟ ਦੇ ਕਾਰਖਾਨੇ ਸਨ ਜਾਂ ਮੁੱਖ ਮਾਰਗ ਤੇ ਇਸ ਦੇ ਨਾਲ ਨਾਲ ਗਾਵਾਂ, ਘੋੜਿਆਂ, ਕੁੱਤਿਆਂ, ਲੋਕਾਂ ਤੇ ਛੱਕੜਿਆਂ ਦੀ ਵਹੀਰ ਦੀ ਵਹੀਰ, ਸੱਪ ਵਾਂਗ ਵੱਲ ਵਲੇਵੇਂ ਖਾਂਦੀ ਟੁਰੀ ਜਾ ਰਹੀ ਸੀ।
ਲੱਤਾਂ ਬਾਹਾਂ ਤੋਂ ਬਗੈਰ, ਟੁੱਟੇ ਜਬੜਿਆਂ ਤੇ ਬੇਮੁਹਾਰੀਆਂ ਲੀਰਾਂ ਦੀਆਂ ਪੱਟੀਆਂ ਵਲ੍ਹੇਟੀ, ਸਿਰਾਂ ਉੱਤੇ ਤੇ ਢਿੱਡਾਂ ਉੱਤੇ ਲਹੂ ਗੜੁੱਚ ਪੱਗਾਂ ਵਲ੍ਹੇਟੀ, ਮੁਰਦਾਰ ਡਿੱਗੇ ਚਿਹਰੇ, ਤਪਸ਼ ਦੀਆਂ ਮਾਰੀਆਂ ਪੀਲੀਆਂ ਅੱਖਾਂ ਨਾਲ ਘੂਰਦੇ ਸੜਕ ਉੱਤੇ ਟੁਰੀ ਜਾ ਰਹੇ ਸਨ। ਵਾਤਾਵਰਣ, ਲੋਕਾਂ ਦੀਆਂ ਆਹੋ ਜ਼ਾਰੀਆਂ ਤੇ ਚੀਖਾਂ ਨਾਲ, ਸੋਗੀ ਬਣਿਆ ਹੋਇਆ ਸੀ, ਤੇ ਲੋਕ ਡਿੱਗੇ ਚਿਹਰਿਆਂ ਨਾਲ ਛੱਪਰਾਂ ਹੇਠੋਂ ਇੱਕ ਦੂਜੇ ਵੱਲ ਵੇਖਦੇ, ਆਪਣੀ ਅਣਪਛਾਤੀ ਮੰਜ਼ਲ ਵੱਲ ਟੁਰੀ ਜਾ ਰਹੇ ਸਨ।
'ਭਰਾਓ... ਭਰਾਓ... ਸਾਥੀਓ!"
ਬਸ ਇਹੀ ਹਿਰਦੇ ਵੇਧਕ ਆਵਾਜ਼ਾਂ ਸਨ, ਜੋ ਪਹਾੜਾਂ ਦੀਆਂ ਵਾਦੀਆਂ ਵਿੱਚ ਗੂੰਜ ਰਹੀਆਂ ਸਨ।
“ਸਾਥੀਓ, ਮੈਨੂੰ ਮਾਰੂ ਤਾਪ ਨਹੀਂ ਚੜ੍ਹਿਆ ਹੋਇਆ - ਤਾਪ ਨਹੀਂ... ਮੈਂ ਜ਼ਖਮੀ ਹੋਇਆ ਹੋਇਆ ਵਾਂ... ਸਾਥੀਓ।"
"ਤੇ ਨਾ ਮੈਨੂੰ ਹੀ ਤਾਪ ਚੜ੍ਹਿਆ ਹੋਇਆ ਹੈ, ਸਾਥੀਓ।"
"ਨਾ ਮੈਂਨੂੰ...."
"ਨਾ ਮੈਂਨੂੰ...."
ਪਰ ਛਕੜੇ ਆਪਣੇ ਰਾਹੇ ਟੁਰੀ ਗਏ।
ਇੱਕ ਫੱਟੜ ਨੇ ਸਾਮਾਨ ਤੇ ਬੱਚਿਆਂ ਨਾਲ ਭਰੇ ਛਕੜੇ ਨੂੰ ਪਿੱਛੋਂ ਹੱਥ ਪਾਇਆ ਹੋਇਆ ਸੀ ਤੇ ਇੱਕ ਲੱਤ ਉੱਤੇ ਹੀ, ਉੱਛਲ ਉੱਛਲ ਕੇ ਪਿੱਛੇ ਪਿੱਛੇ ਟੁਰੀ ਜਾ ਰਿਹਾ ਸੀ। ਛੱਕੜੇ ਦੇ ਮਾਲਕ ਨੇ, ਜਿਸ ਦੀਆਂ ਚਿੱਟੀਆਂ ਮੁੱਛਾਂ ਤੇ ਧੁੱਪ ਪਾਲੇ ਦਾ ਮਾਰਿਆ ਕਾਲਾ ਚਿਹਰਾ ਸੀ, ਲੰਝੇ ਨੂੰ ਇੱਕ ਟੰਗ ਚੁੱਕਿਆ ਤੇ ਛਕੜੇ ਵਿੱਚ ਬੱਚਿਆਂ ਉੱਪਰ ਸੁੱਟ ਦਿੱਤਾ ਜੋ ਇੱਕ ਦਮ ਚੀਖਾਂ ਮਾਰਨ ਲੱਗ ਪਏ।
“ਵੇਖ ਤਾਂ ਸਹੀ, ਕੀ ਕਰਨ ਡਹਿਆ ਹੋਇਆ ਏਂ... ਬੱਚਿਆਂ ਦਾ ਸਿਰ ਫੇਹਣ ਲੱਗਾ ਏਂ।" ਸਿਰ ਉੱਤੇ ਰੁਮਾਲ ਵਲ੍ਹਟੀ ਇੱਕ ਤੀਵੀਂ ਗੁੱਸੇ ਵਿੱਚ ਬੋਲੀ।
ਇੱਕ ਟੰਗ ਵਾਲੇ ਆਦਮੀ ਦਾ ਚਿਹਰਾ, ਦੁੱਖੀ ਮੁਸਕਰਾਹਟ ਨਾਲ ਖਿੜ ਗਿਆ: ਉਹ ਸ਼ਾਇਦ ਧਰਤੀ ਦੇ ਜੀਵਾਂ ਵਿੱਚੋਂ ਸਭ ਤੋਂ ਭਾਗਾਂ ਵਾਲਾ ਆਪਣੇ ਆਪ ਨੂੰ ਸਮਝ ਰਿਹਾ ਸੀ।
ਡਿੱਗਦੇ ਢਹਿੰਦੇ ਲੋਕ ਆਪਣੀ ਮੰਜ਼ਲ ਵੱਲ ਵਧੀ ਗਏ।
“ਭਰਾਓ, ਜੇ ਸਾਡੇ ਵੱਸ ਦੀ ਗੱਲ ਹੁੰਦੀ, ਅਸੀਂ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਲਈ ਜਾਂਦੇ । ਪਰ ਕੀ ਕਰੀਏ। ਸਾਡੇ ਆਪਣੇ ਹੀ ਕਿੰਨੇ ਫੱਟੜ ਸਾਡੇ ਨਾਲ ਨੇ ਤੇ ਖਾਣ ਨੂੰ ਕੋਲ ਕੁਝ ਹੈ ਨਹੀਂ... ਤੁਸੀਂ ਸਾਡੇ ਨਾਲ ਤਬਾਹ ਹੋ ਜਾਓਗੇ। ਤੁਹਾਨੂੰ ਪਿੱਛੇ ਛੱਡਦਿਆਂ ਸਾਡੇ ਕਲੇਜੇ ਪਏ ਪਾਟਦੇ ਨੇ...।"
ਜ਼ਨਾਨੀਆਂ ਸੁੜਾਕੇ ਮਾਰਦੀਆਂ, ਆਪਣਾ ਨੱਕ ਮੂੰਹ ਤੇ ਹੰਝੂਆਂ ਵਿੱਚ ਗੋਤੇ ਖਾਂਦੀਆਂ, ਅੱਖਾਂ ਪੂੰਝੀ ਟੁਰੀ ਜਾਂਦੀਆਂ ਸਨ।
ਇੱਕ ਬੜਾ ਲੰਮਾ ਜਿਹਾ ਭਿਅੰਕਰ ਚਿਹਰੇ ਵਾਲਾ ਸਿਪਾਹੀ, ਆਪਣੀ ਇੱਕ ਲੱਤ ਉੱਤੇ ਉਚਕਦਾ, ਬਸਾਖੀਆਂ ਦੇ ਸਹਾਰੇ ਟੁਰੀ ਜਾ ਰਿਹਾ ਸੀ ਤੇ ਉਸ ਦੇ ਘੁਟੇ ਹੇਠਾਂ ਵਿੱਚੋਂ ਆਵਾਜ਼ ਆ ਰਹੀ ਸੀ:
"ਲਾਨ੍ਹਤ ਤੁਹਾਡੇ ਸਾਰਿਆਂ ਉੱਤੇ ਕਮੀਨੇ ਕੁੱਤੇ!"
ਸਾਮਾਨ ਵਾਲੀ ਗੱਡੀ ਅੱਖੋਂ ਉਹਲੇ ਹੋ ਗਈ। ਬੱਸ ਛੱਕੜਿਆਂ ਦੀ ਉਡਾਈ ਧੂੜ, ਪਹੀਆਂ ਤੇ ਧੁਰਿਆਂ ਦੀ ਕੇਵਲ ਚੀਂ ਚੀਂ ਪਿੱਛੇ ਰਹਿ ਗਈ । ਕਸਬਾ ਤੇ ਖਾੜੀ ਦੂਰ ਪਿੱਛੇ ਰਹਿ ਗਏ । ਬਸ ਦੂਰ ਦੂਰ ਤੱਕ ਫੈਲੀ ਵੱਡੀ ਸੜਕ ਤੇ ਉੱਪਰ ਲਾਸ਼ਾਂ ਵਰਗੇ ਟੁਰਦੇ ਆਦਮੀ ਦਿੱਸ ਰਹੇ ਸਨ। ਥੱਕ ਕੇ ਚੂਰ ਹੋਏ ਉਹ ਸੜਕਾਂ ਕੰਢੇ ਬਹਿੰਦੇ ਗਏ ਤੇ ਉਹਨਾਂ ਛੱਕੜਿਆਂ ਨੂੰ ਨੀਝਾਂ ਲਾ ਲਾ ਵੇਖਦੇ ਰਹੇ, ਜੋ ਹੁਣ ਉੱਥੋਂ ਲੰਘ ਕੇ ਗਏ ਸਨ । ਸੂਰਜ ਦੀਆਂ ਡੁੱਬਦੀਆਂ ਕਿਰਨਾਂ ਵਿੱਚ ਲਾਲ ਲਾਲ ਉੱਡਦੀ ਧੂੜ ਹੌਲੀ ਹੌਲੀ ਬੈਠ ਗਈ।
ਬਸ ਬਸਾਖੀਆਂ ਉੱਤੇ ਉੱਚਕਦਾ, ਉਹ ਲੰਮਾ ਕਾਲਾ ਦੇਵ ਦਾ ਦੇਵ, ਸੱਖਣੀ ਸੜਕ ਉੱਤੇ ਜਾਂਦਾ ਦਿੱਸ ਰਿਹਾ ਸੀ ਤੇ ਉਸ ਦੀ ਬੁੜ ਬੁੜ ਹਾਲਾਂ ਵੀ ਉਸੇ ਤਰ੍ਹਾਂ ਹੇਠਾਂ ਵਿਚੋਂ ਨਿਕਲ ਰਹੀ ਸੀ:
"ਲਾਨ੍ਹਤ ਤੁਹਾਡੀ ਸਾਰਿਆਂ ਦੀ ਜ਼ਾਤ ਉੱਤੇ। ਕਮੀਨਿਓ, ਅਸਾਂ ਤੁਹਾਡੇ ਲਈ
ਆਪਣੀਆਂ ਜਾਨਾਂ ਵਾਰੀਆਂ !"
ਦੂਜੇ ਬੰਨਿਉਂ ਕਸਾਕ ਕਸਬੇ ਵਿੱਚ ਘੁੱਸ ਗਏ।
10
ਥੱਕੀ ਮਾਂਦੀ ਰਾਤ, ਹੌਲੀ ਹੌਲੀ ਸਾਹ ਲੈਣ ਲੱਗ ਪਈ ਤੇ ਮਨੁੱਖਾਂ ਦੀ ਵਹੀਰ ਦੀ ਵਹੀਰ, ਕਿਸੇ ਕਾਲੀ ਨਦੀ ਵਾਂਗ ਬਿਨਾਂ ਕਿਤੇ ਰੁੱਕੇ, ਆਪਣੀ ਮਸਤ ਚਾਲੇ ਟੁਰੀ ਗਈ।
ਹੌਲੀ ਹੌਲੀ ਤਾਰੇ ਵਿਦਾ ਹੋਣ ਲੱਗੇ । ਸੂਰਜ ਤਪਣ ਲੱਗ ਪਿਆ, ਪਹਾੜ, ਖੱਡਾਂ ਤੇ ਖਾਈਆਂ, ਧੁੰਦਲੇ ਘੁਸਮੁਸੇ ਵਿੱਚ ਨਿਖਰਨ ਲੱਗ ਪਈਆਂ।
ਹਰ ਬੀਤਦੇ ਪਲ ਦੇ ਨਾਲ ਨਾਲ ਆਕਾਸ਼ ਸਾਫ਼ ਹੁੰਦਾ ਗਿਆ ਤੇ ਦੂਰ ਦੂਰ ਤੱਕ, ਸਮੁੰਦਰ ਦਾ ਫੈਲਾਅ ਹਿਲੋਰੇ ਲੈਂਦਾ ਦਿੱਸਣ ਲੱਗ ਪਿਆ, ਕਦੇ ਕਿਰਮਚੀ, ਕਦੇ ਧੁੰਧਲ ਚਿੱਟਾ ਤੇ ਕਦੇ ਅਸਮਾਨੀ।
ਜਿਉਂ ਹੀ ਪਹਾੜ ਦੀਆਂ ਚੋਟੀਆਂ ਨੂੰ ਚਾਨਣ ਨੇ ਨੁਹਾਇਆ, ਹੱਥਾਂ ਵਿੱਚ ਫੜੀਆਂ ਸੰਗੀਨਾਂ ਸਾਫ਼ ਦਿੱਸਣ ਲੱਗ ਪਈਆਂ।
ਸੜਕ ਦੇ ਨਾਲ ਨਾਲ ਖੇਡਾਂ ਵਿੱਚ, ਅੰਗੂਰ ਦੀਆਂ ਵੇਲਾਂ ਝੂਲਦੀਆਂ ਦਿੱਸਣ ਲੱਗ ਪਈਆਂ । ਸੱਖਣੀਆਂ ਝੁੱਗੀਆਂ ਤੇ ਕੱਚੇ ਕੋਠੇ ਸਾਹਮਣੇ ਉਭਰਨ ਲੱਗ ਪਏ। ਕਿਤੇ ਕਿਤੇ, ਆਦਮੀ ਕਾਨਿਆਂ ਦੀਆਂ ਟੋਪੀਆਂ ਪਾਈ ਤੇ ਹੱਥ ਵਿੱਚ ਕਹੀਆਂ ਫਹੋੜਾ ਚੁੱਕੀ ਸੜਕ ਤੋਂ ਲੰਘਦੇ ਸਿਪਾਹੀਆਂ ਦੇ ਦਸਤੇ ਤੇ ਕਾਫ਼ਲੇ ਨੂੰ ਵੇਖਦੇ ਨਜ਼ਰ ਆਉਂਦੇ।
ਉਹ ਕੌਣ ਸਨ ? ਕਿੱਧਰੋਂ ਆਏ ਸਨ ? ਤੇ ਬਿਨਾਂ ਇੱਕ ਪਲ ਕਿਤੇ ਰੁੱਕੇ, ਬਾਹਾਂ ਮਾਰਦੇ ਕਿੱਧਰ ਜਾ ਰਹੇ ਸਨ ? ਉਹਨਾਂ ਦੇ ਚਿਹਰੇ ਰੰਗੇ ਹੋਏ ਚਮੜੇ ਵਾਂਗ ਪੀਲੇ ਪਏ ਹੋਏ ਸਨ। ਉਹਨਾਂ ਦੇ ਚਿਹਰੇ ਮਿੱਟੀ ਘੱਟੇ ਵਿੱਚ ਲਿਬੜੇ ਹੋਏ ਸਨ ਤੇ ਅੱਖਾਂ ਥੱਲੇ ਕਾਲੇ ਘੇਰੇ ਉਭਰ ਆਏ ਸਨ । ਥੱਕੇ ਥੱਕੇ ਸੁੰਮਾਂ ਦੀਆਂ ਆਵਾਜ਼ਾਂ ਕੰਨੀ ਪੈ ਰਹੀਆਂ ਸਨ। ਚੀਂ ਚੀਂ ਚੂਕਦੇ ਛਕੜੇ ਟੁਰੀ ਜਾ ਰਹੇ ਸਨ। ਵਿੱਚ, ਬੱਚੇ ਸਿਰ ਚੁੱਕ ਚੁੱਕ ਇੱਧਰ ਉੱਧਰ ਝਾਕਦੇ ਜਾਂਦੇ ਸਨ । ਥੱਕੇ ਟੁੱਟੇ ਘੋੜਿਆਂ ਦੀਆਂ ਧੌਣਾਂ ਹੇਠਾਂ ਝੁਕੀਆਂ ਹੋਈਆਂ ਸਨ।
ਪਹਾੜ ਦੇ ਢਲਾਨਾਂ ਉੱਤੇ ਆਦਮੀਆਂ ਨੇ ਜ਼ਮੀਨ ਪੁੱਟਣ ਦਾ ਕੰਮ ਆਰੰਭ ਦਿੱਤਾ। ਉਹਨਾਂ ਨੂੰ ਇਹਨਾਂ ਬੰਦਿਆਂ ਦੀ ਕੀ ਪਰਵਾਹ ਸੀ ? ਪਰ ਜਦ ਥੱਕ ਜਾਂਦੇ, ਤਾਂ ਆਪਣੇ ਲੱਕ ਸਿੱਧੇ ਕਰਨ ਲਈ ਉਹ ਝੱਟ ਸਾਹ ਲੈਣ ਲੱਗ ਪੈਂਦੇ। ਉਹ ਕਾਫਲੇ ਨੂੰ ਸਾਹਿਲ ਦੇ ਨਾਲ ਨਾਲ ਵੱਲ ਪੇਚ ਖਾਂਦੇ ਜਾਂਦੇ ਤੇ ਹੱਥਾਂ ਵਿੱਚ ਝੂਲਦੀਆਂ ਸੰਗੀਨਾਂ ਨੂੰ, ਵੇਖੀ ਜਾ ਰਹੇ ਸਨ।
ਪਹਾੜ ਉੱਤੇ ਚਮਕਦਾ ਸੂਰਜ, ਹੁਣ ਤਪਸ਼ ਨਾਲ ਧਰਤੀ ਨੂੰ ਤਪਾਣ ਲੱਗ ਪਿਆ, ਤੇ ਸੂਰਜ ਵਿੱਚੋਂ ਪੈਂਦੀਆਂ ਕਿਰਨਾਂ ਦੀ ਚਿਲਕੋਰ ਅੱਖਾਂ ਨੂੰ ਚੁੱਭਣ ਲੱਗ ਪਈ। ਘੰਟਿਆਂ ਬੱਧੀ ਕਾਫ਼ਲਾ ਟੁਰੀ ਗਿਆ। ਹੌਲੀ ਹੌਲੀ ਲੋਕਾਂ ਦੀਆਂ ਲੱਤਾਂ ਲੜਖੜਾਨ ਲੱਗ ਪਈਆਂ। ਘੋੜੇ ਖੜ੍ਹ ਗਏ ਤੇ ਇੱਕ ਕਦਮ ਅੱਗੇ ਪੁੱਟਣ ਤੋਂ ਆਰੀ ਹੋ ਖਲ੍ਹਤੇ।
"ਇਸ ਕੋਜ਼ੂਖ ਦਾ ਵੀ ਸਿਰ ਫਿਰ ਗਿਆ ਏ।"
ਬੁੜ ਬੁੜ ਕਰਨੀ ਆਮ ਜਿਹੀ ਗੱਲ ਹੋ ਗਈ।
ਇੱਕ ਅਰਦਲੀ ਨੇ ਕਖ ਨੂੰ ਆ ਕੇ ਦੱਸਿਆ ਕਿ ਸਮਲੋਦੂਰੋਵ ਦੇ ਦਸਤਿਆਂ ਵਿੱਚੋਂ ਦੋ, ਜੋ ਆਪਣੇ ਸਾਜੋ ਸਾਮਾਨ ਦੀਆਂ ਗੱਡੀਆਂ ਨਾਲ ਉਹਨਾਂ ਨਾਲ ਆ ਰਲੇ ਸਨ, ਸੜਕ ਦੇ ਨਾਲ ਨਾਲ ਕਿਸੇ ਪਿੰਡ ਵਿੱਚ, ਰਾਤ ਲਈ ਪੜਾਅ ਕਰ ਬੈਠੇ ਸਨ ਤੇ ਇਸ ਵੇਲ਼ੇ ਕਾਫ਼ਲੇ ਵਿੱਚ ਕੋਈ ਦਸ ਕੁ ਮੀਲ ਦੀ ਵਿੱਥ ਪੈ ਗਈ ਸੀ । ਕੋਜ਼ੂਖ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਸੁੰਗੜ ਗਈਆਂ, ਜਿਉਂ ਆਪਣੀ ਘ੍ਰਿਣਾ ਦੀ ਚਮਕ ਉੱਤੇ ਪਰਦਾ ਪਾਣਾ ਚਾਹੁੰਦੀਆਂ ਹੋਣ। ਪਰ ਉਸ ਆਖਿਆ ਕੁਝ ਨਾ । ਕਾਫ਼ਲਾ ਟੁਰੀ ਗਿਆ।
"ਉਹ ਸਾਰਿਆਂ ਨੂੰ ਮਰਵਾ ਕੇ ਛੱਡੇਗਾ!"
“ਉਹ ਸਾਨੂੰ ਇੰਝ ਧੱਕੀ ਕਿਉਂ ਜਾ ਰਿਹਾ ਹੈ ? ਸਾਡੇ ਸੱਜੇ ਹੱਥ, ਸਮੁੰਦਰ ਠਾਠਾਂ ਮਾਰ ਰਿਹਾ ਹੈ, ਤੇ ਖੱਬੇ ਦੇਵ ਪਹਾੜ। ਸਾਡੇ ਉੱਤੇ ਕੌਣ ਹਮਲਾ ਕਰ ਸਕਦਾ ਹੈ ? ਇਹ ਪੈਂਡਾ ਤਾਂ, ਕਸਾਕਾਂ ਨਾਲੋਂ ਵੀ ਵਧੇਰੇ ਮਾਰੂ ਹੈ। ਥਕੇਵੇਂ ਨਾਲ ਹੀ ਸਾਰੇ ਮਰ ਮੁੱਕ ਜਾਵਾਂਗੇ। ਪੰਜ ਘੋੜੇ ਪਹਿਲਾਂ ਹੀ ਸੜਕ ਉੱਤੇ ਢੇਰ ਹੋ ਗਏ ਨੇ ਤੇ ਬੰਦਿਆਂ ਵਿਚੋਂ ਵੀ, ਕੋਈ ਨਾ ਕੋਈ ਰਾਹ ਵਿੱਚ ਹੀ ਮੂੰਹ ਭਾਰ ਡਿੱਗ ਪੈਂਦਾ ਏ।"
“ਪਰ ਉਸ ਦੀ ਗੱਲ ਮੰਨਣ ਦੀ ਕੀ ਲੋੜ ਹੈ ?" ਮਲਾਹ ਚੀਖ਼ੇ। ਉਹ ਰੀਵਾਲਵਰਾਂ ਤੇ ਬੰਬਾਂ ਨਾਲ ਲੈਸ ਸਨ ਤੇ ਉਹਨਾਂ ਦੀਆਂ ਛਾਤੀਆਂ ਉੱਤੇ ਕਾਰਤੂਸਾਂ ਦੀਆਂ ਪੇਟੀਆਂ ਪਈਆਂ ਹੋਈਆਂ ਸਨ। ਉਹ ਛੱਕੜਿਆਂ ਦੇ ਨਾਲ ਨਾਲ ਟੁਰਦੇ ਤੇ ਪੈਦਲ ਚੱਲਣ ਵਾਲਿਆਂ ਨਾਲ ਗੱਲਾਂ ਕਰੀ ਜਾ ਰਹੇ ਸਨ।
“ਵੇਖਦੇ ਨਹੀਂ ਤੁਸੀਂ, ਉਸ ਕੋਲ ਆਪਣੀ ਕੋਈ ਤਜਵੀਜ਼ ਹੈ? ਫੌਜ ਵਿੱਚ ਕਿਸੇ ਵੇਲੇ ਅਫ਼ਸਰ ਨਹੀਂ ਸੀ ਹੁੰਦਾ ? ਤੇ ਹੁਣ ਕਿਹੜਾ ਨਹੀਂ ਉਹ । ਜੋ ਅਸੀਂ ਆਖਦੇ ਹਾਂ, ਉਸ ਨੂੰ ਧਿਆਨ ਨਾਲ ਸੁਣੋ। ਤੁਹਾਡੇ ਸਾਰਿਆਂ ਦਾ ਕੂੰਡਾ ਕਰਕੇ ਛੱਡੇਗਾ। ਪਤਾ ਤੁਹਾਨੂੰ ਉਦੋਂ ਲੱਗੇਗਾ, ਜਦ ਵਕਤ ਵਿਹਾ ਗਿਆ....।"
ਜਦ ਸੂਰਜ ਸਿਖਰ ਉੱਤੇ ਸੀ, ਉਹ ਆਪਣੇ ਘੋੜਿਆਂ ਨੂੰ ਪਾਣੀ ਡਾਹੁਣ ਲਈ ਪੰਦਰਾਂ ਕੁ ਮਿੰਟ ਰੁੱਕ ਗਏ। ਪਸੀਨੇ ਦੇ ਮਾਰੇ ਲੋਕਾਂ ਨੇ ਵੀ, ਦੋ ਦੋ ਘੁੱਟ ਪਾਣੀ ਪੀਤਾ ਤੇ ਆਪਣੀ ਮੰਜ਼ਲ ਉੱਤੇ ਟੁਰ ਪਏ । ਉਹ ਮਸਾਂ ਆਪਣੇ ਸਿਥਲ ਅੰਗਾਂ ਨੂੰ ਧੂਹ ਰਹੇ ਸਨ ਤੇ ਹਵਾ ਜਿਹੜੀ ਵੱਗਣ ਲੱਗ ਪਈ ਸੀ, ਉਹ ਡਾਢੀ ਤਪੀ ਹੋਈ ਸੀ। ਉਹ ਟੁਰੀ ਜਾ ਰਹੇ ਸਨ, ਪਰ ਉਹਨਾਂ ਦੀ ਬੁੜ ਬੁੜ ਹੁਣ ਕੌਣ ਰੋਕ ਸਕਦਾ ਸੀ । ਕੁਝ ਟੁਕੜੀਆਂ ਤੇ ਕੰਪਨੀ ਕਮਾਂਡਰਾਂ ਨੇ ਕੋਜੂਖਨੂੰ ਸਾਫ਼ ਦੱਸ ਦਿੱਤਾ ਕਿ ਉਹ ਆਪਣੀਆਂ ਯੂਨਿਟਾਂ ਵੱਖ ਕਰਕੇ, ਉਹਨਾਂ ਨੂੰ ਝਟ ਸਾਹ ਦੁਆਣਗੇ ਤੇ ਫਿਰ ਆਪਣੀ ਮਰਜ਼ੀ ਨਾਲ ਟੁਰ ਪੈਣਗੇ।
ਕੋਜ਼ੂਖ ਦਾ ਚਿਹਰਾ ਹਿੱਸ ਗਿਆ, ਪਰ ਉਸ ਕੋਈ ਉੱਤਰ ਨਾ ਦਿੱਤਾ। ਕਾਫ਼ਲਾ ਟੁਰੀ ਗਿਆ।
ਰਾਤ, ਉਹਨਾਂ ਪੜਾਅ ਕਰ ਲਿਆ। ਉਹ ਢਾਣੀਆਂ ਬਣਾ ਕੇ ਧੂਣੀਆਂ ਬਾਲ ਕੇ
ਬਹਿ ਗਏ ਤੇ ਸੜਕ ਉਤੇ ਮੀਲਾਂ ਤੱਕ ਚਾਨਣਾ ਹੋ ਗਿਆ। ਨਿੱਕੇ ਮੋਟੇ ਝਾੜ ਬਰੂਟ ਪੁੱਟ ਕੇ ਅੱਗ ਵਿੱਚ ਪਾ ਦਿੱਤੇ ਗਏ - ਉਸ ਰੇਤਲੇ ਇਲਾਕੇ ਵਿੱਚ ਬੂਟਿਆਂ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ। ਕੱਚੇ ਕੋਠਿਆਂ ਦੇ ਬੂਹੇ ਬਾਰੀਆਂ ਭੰਨ੍ਹ ਤੋੜ ਕੇ ਬਾਲਣ ਬਣਾ ਲਿਆ ਗਿਆ ਤੇ ਉਤੇ ਪੱਕਣ ਰਿੰਨ੍ਹਣ ਦੀਆਂ ਦੇਗਚੀਆਂ ਧਰ ਦਿੱਤੀਆਂ ਗਈਆਂ।
ਏਨੇ ਥਕੇਵੇਂ ਮਗਰੋਂ, ਸਭ ਲੱਕੜਾਂ ਦੇ ਢੇਰ ਵਾਂਗ ਪੈ ਰਹੇ । ਪਰ ਧੂਣੀਆਂ ਦੇ ਆਸ ਪਾਸ ਬੈਠੇ ਚਿਹਰੇ, ਜੋਸ਼ ਵਿੱਚ, ਭਾਹ ਮਾਰਦੇ ਵਿਖਾਈ ਦੇ ਰਹੇ ਸਨ । ਗੱਲਾਂ ਦਾ ਸਿਲਸਿਲਾ ਚੱਲ ਰਿਹਾ ਸੀ। ਹਾਸੇ ਪੈ ਰਹੇ ਸਨ। ਕੋਈ ਵਾਜਾ ਵਜਾ ਰਿਹਾ ਸੀ। ਸਿਪਾਹੀ ਇੱਕ ਦੂਜੇ ਨੂੰ ਅੱਗ ਵੱਲ ਧੱਕਦੇ, ਠੱਠੇ ਮਖੌਲ ਕਰਨ ਲੱਗੇ ਹੋਏ ਸਨ। ਉਹ ਸਾਮਾਨ ਵਾਲੀਆਂ ਗੱਡੀਆਂ ਕੋਲ ਜਾ ਕੇ ਕੁੜੀਆਂ ਨੂੰ ਕੁਤਕੁਤਾੜੀਆਂ ਕੱਢਣ ਲੱਗ ਪਏ। ਕੇਤਲੀਆਂ ਵਿੱਚ ਖਿਚੜੀ ਉਬਾਲੇ ਖਾ ਰਹੀ ਸੀ। ਅੱਗ ਦੀਆਂ ਲਪਟਾਂ ਜਵਾਨਾਂ ਦੀਆਂ ਗੱਲ੍ਹਾਂ ਨੂੰ ਜਿਉਂ ਚੱਟਦੀਆਂ, ਜੀਭਾਂ ਮਾਰ ਰਹੀਆਂ ਸਨ । ਸਫਰੀ ਰਸੋਈਆਂ ਵਿੱਚੋਂ ਧੂੰਆਂ ਨਿਕਲ ਨਿਕਲ ਅਕਾਸ਼ ਵੱਲ ਜਾ ਰਿਹਾ ਸੀ।
ਏਡਾ ਵੱਡਾ ਡੇਰਾ ਵੇਖ ਕੇ ਇੰਝ ਲੱਗਦਾ ਸੀ, ਜਿਉਂ ਇੱਥੇ ਕਈ ਦਿਨਾਂ ਤੱਕ ਠਹਿਰਣ ਦਾ ਵਿਚਾਰ ਹੋਵੇ।
11
ਸਫ਼ਰ ਵਾਲੀ ਰਾਤ ਬੜੀ ਸ਼ਾਂਤਮਈ ਹੁੰਦੀ ਸੀ।
ਪਰ ਜਦ ਉਹ ਰੁੱਕ ਜਾਂਦੇ, ਤਾਂ ਰਾਤ ਵੰਡੀ ਜਾਂਦੀ । ਉਹ ਹਰ ਇੱਕ ਦੀ ਆਪਣੀ ਹੋ ਜਾਂਦੀ।
ਬੇਬੇ ਗੋਰਪੀਨਾ, ਚੌਕੜਾ ਮਾਰ ਕੇ, ਡਿੱਗੇ ਛਕੜੇ ਵਿੱਚੋਂ ਚੁੱਕ ਕੇ ਲਿਆਂਦੀ ਦੇਗਚੀ ਅੱਗ ਉੱਤੇ ਰੱਖ ਕੇ ਬੈਠੀ ਹੋਈ ਸੀ । ਉਸ ਦੇ ਸਿਰ ਦੇ ਵਾਲ ਖੁੱਬੇ ਹੋਏ ਸਨ ਤੇ ਅੱਗ ਦੀ ਲੋਅ ਵਿੱਚ ਉਹ ਭੂਤਨੀ ਜਿਹੀ ਲੱਗਦੀ ਸੀ। ਉਸ ਦੇ ਲਾਗੇ ਹੀ ਉਸ ਦਾ ਖਾਵੰਦ ਇੱਕ ਘਸੇ ਹੋਏ ਚੋਗੇ ਉੱਤੇ ਪਿਆ ਹੋਇਆ ਸੀ, ਜਿਸ ਦੀ ਇੱਕ ਕੰਨੀ ਰਾਤ ਗਰਮੀ ਹੁੰਦਿਆਂ ਵੀ, ਚੁੱਕ ਕੇ ਉਸ ਦੇ ਮੂੰਹ ਉੱਤੇ ਸੁੱਟ ਦਿੱਤੀ ਸੀ। ਅੱਗ ਵੱਲ ਘੂਰਦੀ ਬੇਬੇ ਗੋਰਪੀਨਾ ਝੂਰ ਰਹੀ ਸੀ:
"ਨਾ ਮੇਰੇ ਕੋਲ ਕੋਈ ਪਲੇਟ ਹੈ, ਨਾ ਚਮਚ ਤੇ ਮੈਨੂੰ ਆਪਣਾ ਕੁੱਪਾ ਵੀ ਸੜਕ ਉੱਤੇ ਹੀ ਛੱਡਣਾ ਪੈ ਗਿਆ । ਕੌਣ ਚੁੱਕੇਗਾ ਉਸ ਨੂੰ ? ਬੜਾ ਸੁਹਣਾ ਕਾਲੀ ਲੱਕੜ ਦਾ ਕੁੱਪਾ ਸੀ ਤੇ ਆਪਣੇ ਲਾਖੇ ਵਰਗਾ, ਕਿਸੇ ਹੋਰ ਦਾ ਘੋੜਾ ਵੀ ਕਿਤੇ ਹੋਵੇਗਾ ? ਉਹ ਛਾਤੀ ਕੱਢ ਕੇ ਦੌੜਦਾ ਜਾਂਦਾ ਸੀ। ਕਦੇ ਚਾਬਕ ਦੀ ਉਸ ਨੂੰ ਲੋੜ ਨਹੀਂ ਸੀ ਪਈ। ਉੱਠ ਕਰਮਾਂ ਵਾਲਿਆ, ਕੁਝ ਮੂੰਹ ਵਿੱਚ ਪਾ ।" ਉਸ ਖਾਵੰਦ ਨੂੰ ਆਖਿਆ।
"ਕੁਝ ਨਹੀਂ ਖਾਣਾ ਮੈਂ।" ਬੁੱਢੇ ਨੇ ਚੰਗੇ ਹੇਠੋਂ ਕਿਹਾ।
"ਕੀ ਆਖਿਆ ਈ। ਜੇ ਮੂੰਹ ਗਰਾਹੀ ਅੰਨ ਦੀ ਨਾ ਪਈ, ਰਹਿ ਖਲੋਵੇਂਗਾ। ਕੀ
ਫਿਰ ਮੈਂ ਤੈਨੂੰ ਚੁੱਕ ਕੇ ਲੈ ਕੇ ਜਾਵਾਂਗੀ ?"
ਬਜ਼ੁਰਗ ਖ਼ਾਮੋਸ਼, ਚੋਗੇ ਵਿੱਚ ਮੂੰਹ ਦਿੱਤੀ ਪਿਆ ਰਿਹਾ।
ਥੋੜ੍ਹਾ ਜਿਹਾ ਦੂਰ ਸੜਕ ਉੱਤੇ, ਇੱਕ ਪਤਲੀ ਪਤੰਗ ਗੋਰੀ ਜਿਹੀ ਕੁੜੀ ਛੱਕੜੇ ਦੁਆਲੇ ਲਮਕਦੀ ਦਿੱਸੀ । ਉਸ ਦੀ ਮਧੁਰ ਆਵਾਜ਼ ਕਿਸੇ ਦੇ ਤਰਲੇ ਲੈ ਰਹੀ ਸੀ:
"ਜੀਉਣ ਜੋਗੀਏ, ਛੱਡ ਪਰ੍ਹੇ ਉਸ ਨੂੰ ਰੱਬ ਦਾ ਵਾਸਤਾ ਈ, ਛੱਡ ਦੇ। ਇੰਝ ਕੰਮ ਨਹੀਂ ਟੁਰਨਾ...।"
ਕਈ ਹੋਰ ਗੋਰੇ ਚਿਹਰੇ ਛੱਕੜੇ ਦੇ ਆਸ ਪਾਸ ਹਿੱਲਦੇ ਦਿੱਸਣ ਲੱਗ ਪਏ ਤੇ ਕਈ ਆਵਾਜ਼ਾਂ, ਇੱਕੋ ਵੇਰ ਸੁਣਾਈ ਦੇਣ ਲੱਗ ਪਈਆਂ:
"ਛੱਡ ਦੇ ਉਸ ਨੂੰ ਬਈ। ਨਿੱਕੀ ਜਿਹੀ ਮੂਰਤ ਨੂੰ ਹੁਣ ਮਿੱਟੀ ਹਵਾਲੇ ਕਰ ਦੇਣਾ ਚਾਹੀਦਾ ਹੈ। ਰੱਬ ਉਸ ਦਾ ਰਾਖਾ ਹੈ।"
ਆਦਮੀ ਕੋਲ ਖਲ੍ਹਤੇ ਹੋਏ ਸਨ, ਪਰ ਬੋਲ ਕੁਝ ਨਹੀਂ ਸਨ ਰਹੇ।
ਤੀਵੀਂਆਂ ਆਖੀ ਗਈਆਂ:
"ਉਸ ਦੀਆਂ ਛਾਤੀਆਂ ਏਨੀਆਂ ਪੱਥਰ ਹੋ ਗਈਆਂ ਨੇ ਕਿ ਹੱਥ ਨਾਲ ਦੱਬੀਆਂ ਵੀ ਨਹੀਂ ਜਾ ਸਕਦੀਆਂ।"
ਉਹ ਆਪਣੇ ਹੱਥਾਂ ਨਾਲ ਸੁੱਜੀਆਂ ਹੋਈਆਂ ਛਾਤੀਆਂ ਨੂੰ ਟੋਹ ਕੇ ਵੇਖਣ ਲੱਗ ਪਈਆਂ - ਪਰ ਉਂਗਲਾਂ ਰਤਾ ਵੀ ਖੁੱਭਦੀਆਂ ਨਹੀਂ ਸਨ। ਜਵਾਨ ਮਾਂ, ਜਿਸ ਦੇ ਲੰਮੇ ਲੰਮੇ ਵਾਲ ਖਿਲਰੇ ਹੋਏ ਸਨ ਤੇ ਜਿਸ ਦੀਆਂ ਅੱਖਾਂ ਅੰਨ੍ਹੇਰੇ ਵਿੱਚ ਬਿੱਲੀ ਵਾਂਗ ਚਮਕ ਰਹੀਆਂ ਸਨ, ਆਪਣੇ ਪਾਟੇ ਬਲਾਊਜ਼ ਵਿੱਚੋਂ ਬਾਹਰ ਨਿਕਲੀਆਂ ਛਾਤੀਆਂ ਨੂੰ ਧੌਣ ਝੁਕਾ ਕੇ, ਡੋਡੀ ਹੱਥ ਵਿੱਚ ਲੈ ਕੇ, ਬੱਚੇ ਦੇ ਠੰਡੇ ਠਾਰ ਮੂੰਹ ਨੂੰ ਲਾ ਰਹੀ ਸੀ।
“ਪੱਥਰ ਹੋ ਗਈ ਜਾਪਦੀ ਏ।"
"ਲਾਸ਼ ਤਾਂ ਪਹਿਲਾਂ ਹੀ ਬੋ ਛੱਡ ਰਹੀ ਏ। ਇੱਥੇ ਖਲ੍ਹਤਾ ਵੀ ਨਹੀਂ ਜਾਂਦਾ ।"
ਕਦੀ ਮਰਦ ਆਖਣ ਲੱਗੇ।
"ਉਸ ਨਾਲ ਗੱਲ ਕਰਨ ਦਾ ਕੀ ਫ਼ਾਇਦਾ ਚੁੱਕ ਲਓ ਲੋਥ ਨੂੰ।”
"ਬਿਮਾਰੀ ਫੈਲ ਜਾਏਗੀ! ਇੰਝ ਤਾਂ ਗੱਲ ਨਹੀਂ ਬਣਨੀ। ਉਸ ਨੂੰ ਦੱਬ ਦੇਣਾ ਚਾਹੀਦਾ ਹੈ।"
ਦੋ ਬੰਦਿਆਂ ਨੇ ਅੱਗੇ ਵੱਧ ਕੇ ਜ਼ੋਰੀਂ ਮਾਂ ਦੀ ਝੋਲੀ ਵਿੱਚੋਂ ਬੱਚੇ ਦੀ ਲੋਥ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਕਿਸੇ ਜਾਨਵਰ ਦੀ ਚੀਖ ਨੇ ਜਿਉਂ ਅੰਨ੍ਹੇਰੇ ਦੇ ਲੰਗਾਰ ਲਾਹ ਸਿੱਟੇ। ਅੱਗਾਂ, ਧੂਣੀਆਂ ਤੋਂ ਹੁੰਦੀ ਚੀਖ ਅਦਿਸ ਸਮੁੰਦਰ ਤੇ ਪਹਾੜਾਂ ਦੇ ਫੈਲਾਅ ਉੱਤੋਂ ਦੀ ਗੂੰਜਦੀ ਲੰਘ ਗਈ। ਛੱਕੜਾ, ਜ਼ੋਰੀਂ ਬੱਚੇ ਨੂੰ ਝੋਲੀ ਵਿੱਚੋਂ ਖਿੱਚਣ ਕਰਕੇ ਹਿੱਲ ਗਿਆ।
"ਉਸ ਮੇਰੇ ਦੰਦੀ ਵੱਢ ਦਿੱਤੀ ਹੈ... !"
"ਔਰਤ ਦੀ ਸ਼ੈਤਾਨ ਜ਼ਾਤ- ਮੈਨੂੰ ਵੱਢ ਖਾਧਾ ਸੂ।"
ਮਰਦ ਪਿੱਛੇ ਹੱਟ ਗਏ। ਤੀਵੀਆਂ ਸੋਗ ਵਿੱਚ ਡੁੱਬੀਆਂ ਝੱਟ ਉੱਥੇ ਖਲ੍ਹੋਤੀਆਂ
ਰਹੀਆਂ, ਫਿਰ ਇੱਕ ਇੱਕ ਕਰਕੇ ਟੁਰ ਆਈਆਂ। ਹੋਰ ਗਈਆਂ। ਉਹ ਵੀ ਸੁੱਜੇ ਥਣਾਂ ਨੂੰ ਟੋਹ ਟੋਹ ਵੇਖਣ ਲੱਗ ਪਈਆਂ।
"ਮਰ ਜਾਏਗੀ ਇਹ ਵੀ, ਦੁੱਧ ਜੰਮ ਗਿਆ ਏ।"
ਮਾਂ ਪਾਟੇ ਕੱਪੜਿਆਂ ਵਿੱਚ ਸ਼ੁਦਾਈਆਂ ਵਾਂਗ ਵਾਲ ਖਲਾਰੀ, ਝੋਲੀ ਵਿੱਚ ਬਾਲ ਨੂੰ ਲਈ ਬੈਠੀ ਹੋਈ ਸੀ । ਉਹ ਆਲੇ ਦੁਆਲੇ ਇਉਂ ਘੂਰ ਘੂਰ ਵੇਖੀ ਜਾ ਰਹੀ ਸੀ ਕਿ ਕੋਈ ਵੀ ਅੱਗੇ ਹੋਇਆ ਤਾਂ ਉਹ ਉਸ ਦਾ ਮੂੰਹ ਵਲੂੰਧਰ ਸਿੱਟੇਗੀ। ਘੜੀ ਪਿੱਛੋਂ ਉਹ ਆਪਣਾ ਥਣ ਮਰੇ ਹੋਏ ਬੱਚੇ ਦੇ ਹੇਠਾਂ ਨਾਲ ਲਾ ਦੇਂਦੀ।
ਕਾਲਖਾਂ ਨੂੰ ਚੀਰਦੀ ਅੱਗ ਬਲੀ ਜਾ ਰਹੀ ਸੀ ।
"ਮੇਰੀ ਲਾਡੋ ਰਾਣੀ, ਲਿਆ ਫੜਾ ਮੈਨੂੰ । ਉਹ ਕਿੱਥੇ ਰਿਹਾ ਏ ਹੁਣ ਤੇਰਾ, ਉਹ ਤਾਂ ਚਿਰੋਕਣਾ ਮਰ ਚੁੱਕਾ ਹੈ। ਅਸੀਂ ਉਸ ਨੂੰ ਦੱਬ ਦਿਆਂਗੇ ਤੇ ਤੂੰ ਰੋਂਦੀ ਰਹੀ। ਰੋ ਨਾ, ਰੋਂਦੀ ਕਿਉਂ ਨਹੀਂ ?"
ਮੁਟਿਆਰ ਨੇ ਉਸ ਦੇ ਖਿਲਰੇ ਵਾਲਾਂ ਉੱਤੇ ਹੱਥ ਫੇਰਿਆ ਤੇ ਉਸ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ। ਉਹ ਵਹਿਸ਼ੀ ਅੱਖਾਂ ਨਾਲ ਉਸ ਨੂੰ ਘੂਰਨ ਲੱਗ ਪਈ ਤੇ ਫਿਰ ਉਸ, ਇੱਕ ਮਾਂ ਨੇ, ਕੁੜੀ ਨੂੰ ਹੌਲ਼ੀ ਜਿਹੇ ਪਰੇ ਧੱਕ ਦਿੱਤਾ ਤੇ ਹੌਲੀ ਜਿਹੇ ਬੋਲੀ:
"ਸ਼... ਸ਼... ਹੌਲੀ ਬੋਲ ਅੰਕਾ ਉਹ ਸੁੱਤਾ ਹੋਇਆ ਏ, ਜਗਾ ਨਾ ਦੇਵੀਂ। ਉਹ ਸਾਰੀ ਰਾਤ ਸੁੱਤਾ ਰਿਹਾ ਹੈ ਤੇ ਤੜਕੇ ਉੱਠਦਿਆਂ ਸਟੈਪਨ ਦੀ ਉਡੀਕ ਕਰਦਾ ਉਹ ਖੇਡਣ ਲੱਗ ਪਵੇਗਾ। ਜਦ ਸਟੈਪਨ ਨੂੰ ਵੇਖਦਾ ਹੈ, ਤਾਂ ਉਹ ਆਪਣੇ ਨਿੱਕੇ ਜਿਹੇ ਮੂੰਹ ਵਿੱਚੋਂ ਬੁੜ ਬੁੜੀਆਂ ਛੱਡਣ ਲੱਗ ਪੈਂਦਾ ਹੈ ਤੇ ਆਪਣੀਆਂ ਨਿੱਕੀਆਂ ਨਿੱਕੀਆਂ ਲੱਤਾਂ ਮਾਰਨ ਲੱਗ ਪੈਂਦਾ ਹੈ ਤੇ ਊਂ.. ਊਂ ਕਰਨ ਲੱਗ ਪੈਂਦਾ ਹੈ। ਬੜਾ ਪਿਆਰਾ ਬੱਚਾ ਹੈ, ਏਨਾ ਸੁਹਣਾ ਤੇ ਸਿਆਣਾ।"
ਉਹ ਮਲਕੜੇ ਮੁਸਕਰਾ ਪਈ।
"ਸ਼... ਸ਼...।"
"ਅੰਕਾ", ਬੇਬੇ ਗੋਰਪੀਨਾ ਨੇ ਆਵਾਜ਼ ਮਾਰੀ। "ਆ, ਆ ਕੇ ਰੋਟੀ ਖਾ ਲੈ । ਉਹ ਆਪ ਤਾਂ ਸੁੱਤਾ ਪਿਆ ਏ, ਤੇ ਤੂੰ ਵੀ ਨੱਸੀ ਫਿਰਨੀ ਏਂ ਬਕਰੋਟੋ! ਦਲੀਆ ਸੁੱਕੀ ਜਾ ਰਿਹਾ ਏ।"
ਤੀਵੀਂਆਂ ਆਉਂਦੀਆਂ ਰਹੀਆਂ । ਸੋਗ ਵਿੱਚ ਡੁਬੀਆਂ, ਕੋਈ ਠੰਡੀ ਉੱਤੇ ਉਂਗਲ ਰੱਖਦੀ ਤੇ ਕੋਈ ਕੂਹਣੀ ਭਾਰ ਬੈਠੀ, ਹੱਥ ਵਿੱਚ ਆਪਣੀ ਗਲ੍ਹ ਫੜ ਲੈਂਦੀ। ਕੋਈ ਉਸ ਦੀ ਛਾਤੀ ਨੂੰ ਉਂਗਲ ਨਾਲ ਦੱਬ ਕੇ ਵੇਖਦੀ ਤੇ ਕੋਈ ਖਲ੍ਹਤੀ ਪਰਚਾਉਣੀ ਪਈ ਕਰਦੀ। ਕੋਈ ਆਉਂਦੀ, ਕੋਈ ਟੁਰ ਜਾਂਦੀ। ਆਦਮੀਆਂ ਨੂੰ ਸਿਵਾਏ ਕਸ਼ ਲਾਣ ਦੇ ਕੁਝ ਨਹੀਂ ਸੀ ਸੁੱਝਦਾ ਕਿ ਉਹ ਕੀ ਕਰਨ ਸੂਟਾ ਮਾਰਨ ਤੇ ਲੋਅ ਨਾਲ, ਚਿਹਰੇ ਉੱਤੇ ਉੱਗੇ ਵਾਲ, ਝਟ ਕੁ ਲਈ ਚਮਕ ਜਾਂਦੇ।
"ਕੋਈ ਜਾ ਕੇ ਸਟੈਪਨ ਨੂੰ ਬੁਲਾ ਲਿਆਵੇ, ਨਹੀਂ ਤਾਂ ਬਾਲ ਉਸ ਦੀ ਝੋਲੀ ਵਿੱਚ
ਹੀ ਤਰੱਕ ਜਾਵੇਗਾ।''
"ਸੱਦਣ ਤਾਂ ਗਏ ਹੋਏ ਨੇ।"
"ਲੰਝਾ ਮੀਨਿਤਕਾ ਉਹਨੂੰ ਲੈਣ ਗਿਆ ਹੋਇਆ ਹੈ।"
12
ਦੂਜੀਆਂ ਬਲਦੀਆਂ ਧੂਣੀਆਂ ਦਾ ਰੰਗ ਕੋਈ ਹੋਰ ਹੀ ਸੀ। ਭਾਂਤ ਭਾਂਤ ਦੀਆਂ ਗੱਲਾਂ ਤੇ ਹਾਸੇ ਠੱਠੇ ਵੀ ਹੋਰ ਤਰ੍ਹਾਂ ਦੇ ਸਨ। ਕੋਈ ਤੀਵੀਂਆਂ ਨਾਲ ਦਿਲ ਪਰਚਾਣ ਲੱਗਾ ਹੋਇਆ ਸੀ ਤੇ ਕੋਈ ਬੋਤਲਾਂ ਦੇ ਢੱਕਣ ਖੋਲ੍ਹਣ ਵਿੱਚ ਮਸਤ । ਰਲ ਮਿਲ ਕੇ ਕਈ ਮੈਂਡਲਿਨ ਤੇ ਗਿਟਾਰਾਂ ਵਜਾਣ ਲੱਗੇ ਹੋਏ ਸਨ, ਜਿਸ ਨਾਲ ਅੰਨ੍ਹੇਰਾ ਦੂਰ ਭੱਜਦਾ ਜਾਪਦਾ ਸੀ ਤੇ ਅੱਗਾਂ ਦੀਆਂ ਧੂਣੀਆਂ ਦੇ ਆਲੇ ਦੁਆਲੇ ਜ਼ਿੰਦਗੀ ਰੁਮਕਦੀ ਲੱਗਦੀ ਸੀ । ਅਹਿਲ ਕਾਲੇ ਪਹਾੜ, ਜਿਉਂ ਚੌਕੜੇ ਮਾਰੀ ਬੈਠੇ ਹੋਏ ਸਨ ਤੇ ਅਦਿਸ ਸਮੁੰਦਰ ਮੌਨ ਧਾਰੀ ਊਂਘਾਂ ਲੈ ਰਿਹਾ ਸੀ।
ਲੋਕ ਵੀ ਹੋਰ ਤਰ੍ਹਾਂ ਦੇ ਸਨ, ਖੁਲ੍ਹੀਆਂ ਚੌੜੀਆਂ ਛਾਤੀਆਂ ਵਾਲੇ ਤੇ ਪੂਰਨ ਭਰੋਸੇਯੋਗ। ਜਿਸ ਵੇਲੇ ਉਹ ਆਪਣੀਆਂ ਧੂਣੀਆਂ ਦੇ ਆਲੇ ਦੁਆਲੇ ਖਲ੍ਹੋਤੇ ਹੋਏ ਸਨ, ਉਹਨਾਂ ਦੇ ਰੱਜੇ ਪੁੱਜੇ ਜੁੱਸੇ ਦਗ ਦਗ ਕਰਨ ਲੱਗ ਪਏ। ਖੁੱਲ੍ਹੇ ਪਾਉਂਚਿਆਂ ਵਾਲੇ ਪਜਾਮੇ ਤੇ ਮਲਾਹਾਂ ਵਾਲੀਆਂ ਚਿੱਟੀਆਂ ਕਮੀਜ਼ਾਂ ਖੁੱਲ੍ਹੇ ਗਲਮੇ ਵਾਲੀਆਂ ਤੇ ਰਿਬਨਾਂ ਵਾਲੀਆਂ ਟੋਪੀਆਂ, ਜੋ ਧੌਣਾਂ ਉੱਤੇ ਉਲਰੀਆਂ ਹੋਈਆਂ ਸਨ । ਗੱਲ ਗੱਲ ਵਿੱਚ ਉਹ ਸਹੁੰ ਚੁੱਕਦੇ।
ਜਿਸ ਵੇਲੇ ਲੋਅ ਤੀਵੀਂਆਂ ਉਤੇ ਪੈਂਦੀ, ਉਹ ਰੰਗ ਬਰੰਗੀਆਂ ਮੂਰਤਾਂ ਜਿਹੀਆਂ ਲਗਦੀਆਂ। ਉਹਨਾਂ ਦੇ ਖਿੜ ਖਿੜ ਕਰਦੇ ਹਾਸਿਆਂ ਵਿੱਚ, ਕੋਈ ਜਾਦੂ ਘੁਲਿਆ ਹੋਇਆ ਸੀ । ਧੂਣੀ ਕੋਲ ਕੁੜੀਆਂ ਲਿਸ਼ ਲਿਸ਼ ਕਰਦੇ ਬਾਣੇ ਪਾਈ, ਮਸਤੀ ਵਿੱਚ ਜਾਂ ਕੁਝ ਰਿੰਨ੍ਹ ਪਕਾ ਰਹੀਆਂ ਸਨ ਤੇ ਜਾਂ ਗੀਤ ਗਾ ਰਹੀਆਂ ਸਨ। ਚਕੋਰ ਚਿੱਟੇ ਮੇਜ਼ ਪੋਸ਼ ਉਹਨਾਂ ਅੱਗੇ ਵਿਛੇ ਹੋਏ ਸਨ, ਤੇ ਉੱਪਰ ਮੱਛੀਆਂ, ਸ਼ਰਾਬਾਂ, ਜੈਮ, ਪੇਸਟਰੀਆਂ, ਮਠਿਆਈਆਂ ਤੇ ਸ਼ਹਿਦ ਦੇ ਡੱਬੇ ਖੁੱਲ੍ਹੇ ਪਏ ਹੋਏ ਸਨ। ਇਸ ਕੈਂਪ ਵਿੱਚ ਖਾਸ ਗੱਲ ਇਹ ਸੀ ਕਿ ਭਾਂਤ ਭਾਂਤ ਦੀਆਂ ਗੱਲਾਂ, ਚੋਹਲਾਂ, ਖੇਡਾਂ, ਹਾਸੇ ਠੱਠੇ ਦੀ ਖੂਬ ਗਰਮਾ ਗਰਮੀ ਮਚੀ ਹੋਈ ਸੀ । ਕਿਸੇ ਕਿਸੇ ਵੇਲੇ ਸ਼ਰਾਬ ਵਿੱਚ ਮਤਵਾਲੇ ਹੋਏ, ਅਚਾਨਕ ਤਾੜੀ ਮਾਰਦੇ ਖਿੜ ਖਿੜ ਕਰਦੇ ਤੇ ਫਿਰ ਚੁੱਪ ਚਾਂ ਹੋ ਜਾਂਦੀ। ਨਿਰਸੰਦੇਹ, ਉਹ ਬੜਾ ਸੁਹਣਾ ਗਾਉਂਦੇ ਸਨ - ਕੋਈ ਕੰਮ ਅਜਿਹਾ ਨਹੀਂ ਸੀ, ਜੋ ਉਹ ਨਾ ਕਰ ਸਕਦੇ ਹੋਣ ! ਗਲਾਸਾਂ ਨਾਲ ਗਲਾਸਾਂ ਦੀ ਟੁਣਕਾਰ, ਹਾਸਾ, ਕੁਤਕੁਤਾੜੀਆਂ, ਠੱਠੇ ਭਰੇ ਛੇੜ ਛਾੜ...।
"ਸਾਥਿਓ।"
"ਹਾਂ,।"
"ਹਾਂ "ਹਾਂ!"
"ਵਜਾਓ ਕੋਈ ਏਕਾਰਡੀਅਨ ਜ਼ਰਾ... ।"
"ਔਹ ਲੈ, ਤੂੰ ਮੇਰੀ ਵੰਗ ਭੰਨ ਛੱਡੀ ਏ... ਮੇਰੀ ਵੰਗ।"
ਕੁੜੀ ਦੀ ਆਵਾਜ਼ ਚੁੱਪ ਕਰਾ ਦਿੱਤੀ ਗਈ।
ਫਿਰ ਅਚਾਨਕ ਕੋਈ ਕਹਿ ਉੱਠਿਆ: “ਸਾਥੀਓ, ਕਿਹੜੀ ਗੱਲ ਅਸੀਂ ਉਸ ਦਾ ਹੁਕਮ ਮੰਨੀਏ ? ਕੀ ਫਿਰ ਅਫ਼ਸਰਾਂ ਦਾ ਰਾਜ ਹੋ ਗਿਆ ਏ ? ਕੋਜੂਖ ਕੌਣ ਹੁੰਦਾ ਏ ਸਾਡੇ ਉੱਤੇ ਹੁਕਮ ਚਾੜ੍ਹਨ ਵਾਲਾ ? ਉਸ ਨੂੰ ਕਿਸ ਸਾਡਾ ਜਰਨੈਲ ਲਾਇਆ ਏ? ਸਾਥੀਓ, ਇਹ ਮਿਹਨਤਕਸ਼ਾਂ ਦੀ ਮਿਹਨਤ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਹੈ। ਉਹ ਸਾਡੇ ਦੁਸ਼ਮਣ ਤੇ ਸ਼ੋਸ਼ਣ ਕਰਤਾ ਨੇ...!"
"ਆਓ ਫਿਰ ਉਹਨਾਂ ਨਾਲ ਨਿਬੜ ਹੀ ਲਈਏ।"
ਤੇ ਬੜੀ ਸੁਰੀਲੀ ਲੈਅ ਵਿੱਚ ਉਹ ਗਾਉਣ ਲੱਗ ਪਏ।
"ਅੱਗੇ ਵਧੇ ਪੈਰ ਨਾਲ ਪੈਰ ਮੇਲ ਕੇ
ਲੋਹੇ ਦੇ ਪੁਤਲਿਉ... ।"
13
ਇੱਕ ਆਦਮੀ ਗੋਡਿਆਂ ਨੂੰ ਕੰਘੀ ਪਾ ਕੇ, ਅਹਿਲ ਅੱਗ ਦੇ ਸਾਹਮਣੇ ਬੈਠਾ ਹੋਇਆ ਸੀ। ਉਸ ਦੇ ਪਿੱਛੋਂ ਇੱਕ ਘੜੇ ਦੀ ਧੌਣ ਅੱਗ ਦੇ ਚਾਨਣ ਵਿੱਚੋਂ, ਬਾਹਰ ਨਿਕਲੀ ਹੋਈ ਸੀ । ਘੋੜਾ ਕੋਲ ਹੀ ਪਏ ਘਾਹ ਦੇ ਢੇਰ ਵਿੱਚ ਮੂੰਹ ਮਾਰੀ ਜਾ ਰਿਹਾ ਸੀ, ਉਸ ਦੀਆਂ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਵਿੱਚ ਵੈਂਗਣੀ ਡੋਰੇ ਲਿਸ਼ਕ ਰਹੇ ਸਨ । ਬੜਾ ਸਿਆਣਾ ਤੇ ਹਮਦਰਦ ਘੋੜਾ ਜਾਪਦਾ ਸੀ।
"ਹੋਇਆ ਇਉਂ ਹੈ ਕਿ... ।" ਮਚਲਦੀਆਂ ਲਾਟਾਂ ਵੱਲ ਟਿਕ ਟਿਕੀ ਬੰਨ੍ਹ ਕੇ ਵੇਖਦਾ ਤੇ ਸੋਚਾਂ ਵਿੱਚ ਡੁੱਬਾ, ਆਪਣੇ ਗੋਡੇ ਨੂੰ ਪਲੋਸਦਾ ਉਹ ਬੋਲਿਆ। "ਪੰਦਰਾਂ ਸੌ ਮਲਾਹਾਂ ਨੂੰ ਫੜ ਕੇ ਲੈ ਆਏ ਤੇ ਹੋਰ ਜੋ ਹੱਥ ਲੱਗਾ ਉਹ ਵੀ। ਬੁੱਧੂ ਮਲਾਹ। ਅਸੀਂ ਜਹਾਜ਼ੀ ਉਹਨਾਂ ਸੋਚਿਆ। 'ਸਮੁੰਦਰ - ਤਾਂ ਸਾਡੀ ਖੇਡ ਹੈ, ਸਾਨੂੰ ਕੋਈ ਨਹੀਂ ਹੱਥ ਲਾਉਂਦਾ। ਖੈਰ, ਸਭ ਨੂੰ ਹਿੱਕ ਕੇ ਉੱਥੇ ਲੈ ਆਂਦਾ ਗਿਆ ਤੇ ਖਾਈਆਂ ਪੁੱਟਣ ਉੱਤੇ ਲਾ ਦਿੱਤਾ ਗਿਆ ਤੇ ਆਲੇ ਦੁਆਲੇ ਮਸ਼ੀਨਗੰਨਾਂ ਤੇ ਦੋ ਤੋਪਾਂ 'ਤੇ ਹੱਥ ਵਿੱਚ ਰਫ਼ਲਾਂ ਚੁੱਕੀ ਕਸਾਕ ਖਲ੍ਹੇ ਗਏ। ਫਿਰ ਉਹ ਲੱਗ ਪਏ ਖਾਈਆਂ ਪੁੱਟਣ ਬਦਕਿਸਮਤ ਬੰਦੇ, ਸਭ ਜਵਾਨ ਤੇ ਤਗੜੇ। ਅੱਧੀ ਪਹਾੜੀ ਬੰਦਿਆਂ ਨਾਲ ਢੱਕੀ ਹੋਈ ਸੀ। ਤੀਵੀਆਂ ਰੋਣ ਲੱਗ ਪਈਆਂ। ਅਫ਼ਸਰ ਹੱਥ ਵਿੱਚ ਰਿਵਾਲਵਰ ਚੁੱਕੀ ਜਿਸ ਨੂੰ ਵੀ ਵੇਖਦੇ ਕਿ ਪੁੱਟਣ ਵਿੱਚ ਫੁਰਤੀ ਨਹੀਂ ਵਿਖਾ ਰਿਹਾ, ਗੋਲੀ ਮਾਰ ਦੇਂਦੇ ਤੇ ਮਾਰਦੇ ਵੀ ਪੇਟ ਵਿੱਚ ਤਾਂ ਜੋ ਸਿਸਕ ਸਿਸਕ ਕੇ ਮਰੇ । ਵਿਚਾਰੇ ਖਾਈ ਪੁੱਟਣ ਵਿੱਚ ਜੁਟੇ ਰਹੇ, ਜੁਟੇ ਰਹੇ ਤੇ ਜਿਨ੍ਹਾਂ ਦੇ ਪੇਟ ਵਿੱਚ ਗੋਲੀ ਮਾਰੀ ਗਈ ਉਹ ਢਿੱਡ ਭਾਰ ਕਰਾਹਣ ਲੱਗ ਪਏ - ਲਹੂ ਵਗੀ ਜਾਵੇ। ਲੋਕ ਚੀਖਣ ਤੇ ਅਫ਼ਸਰ ਕੁੱਦ ਕੇ ਪੈ ਜਾਣ, 'ਖ਼ਬਰਦਾਰ, ਜੇ ਆਵਾਜ਼ ਆਈ, ਕੁੱਤੀ ਦੇ ਪੁੱਤਰ'।"
ਉਹ ਆਪਣੀ ਗੱਲ ਸੁਣਾਈ ਗਿਆ ਤੇ ਸਾਰੇ ਚੁੱਪ, ਉਸ ਦੀ ਵਾਰਤਾ ਸੁਣੀ ਗਏ। ਜਿਹੜੀ ਗੱਲ ਉਹ ਮੂੰਹੋਂ ਨਹੀਂ ਵੀ ਕੱਢ ਰਿਹਾ ਸੀ, ਉਸ ਦੇ ਵੀ ਅਰਥ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸਨ।
ਲਾਲ ਲਾਲ ਲਾਟਾਂ ਦੀ ਲੋਅ ਵਿੱਚ ਖੜ੍ਹੇ, ਸੁਣਨ ਵਾਲੇ ਨੰਗੇ ਸਿਰ ਆਪਣੀਆਂ ਰਫ਼ਲਾਂ ਉੱਤੇ ਝੁਕੇ ਹੋਏ ਧਿਆਨ ਨਾਲ ਸੁਣੀ ਗਏ ਤੇ ਕੁਝ ਜ਼ਮੀਨ ਉੱਤੇ ਲੰਮੇ ਪਏ ਰਹੇ। ਅੰਨ੍ਹੇਰੇ ਵਿੱਚੋਂ ਕਈ ਝੁੰਡਲ ਸਿਰਾਂ ਵਾਲੇ, ਕੂਹਣੀਆਂ ਭਾਰ ਵੱਟੇ ਮੁੱਕਿਆਂ ਉੱਤੇ ਸਿਰ ਰੱਖ ਕੇ ਸੁਣੀ ਜਾ ਰਹੇ ਸਨ । ਬੁੱਢੇ ਧੌਣਾਂ ਹੇਠਾਂ ਕਰਕੇ ਆਪਣੇ ਭਰਵੱਟੇ ਘੁੱਟ ਰਹੇ ਸਨ। ਚਿੱਟੇ ਕੱਪੜੇ ਪਾਈ ਤੀਵੀਂਆਂ, ਜਿਉਂ ਕਿਸੇ ਸੋਗ ਵਿੱਚ ਜੜੀਆਂ ਖੜ੍ਹੀਆਂ ਸਨ।
ਜਿਸ ਵੇਲ਼ੇ ਧੂਣੀ ਦੀ ਮੱਚਦੀ ਅੱਗ ਜ਼ਰਾ ਮੱਠੀ ਪਈ, ਤਾਂ ਇਉਂ ਜਾਪਦਾ ਸੀ, ਜਿਉਂ ਇਸ ਇਕੱਲੇ ਆਦਮੀ ਤੋਂ ਸਿਵਾ ਜੋ ਗੋਡਿਆ ਨੂੰ ਕੰਘੀ ਪਾਈ ਬੈਠਾ ਹੋਇਆ ਸੀ, ਬਾਕੀ ਸਭ ਟੁਰ ਟਰਾ ਗਏ ਸਨ। ਘੋੜੇ ਦੀ ਧੌਣ ਕਦੇ ਅੱਗੇ ਹੁੰਦੀ ਤੇ ਕਦੇ ਪਿੱਛੇ ਤੇ ਉਹ ਘਾਹ ਮੂੰਹ ਵਿੱਚ ਲਈ, ਮੂੰਹ ਮਾਰੀ ਗਿਆ। ਜਾਨਵਰ ਦੀਆਂ ਸੂਝ ਭਰੀਆਂ ਅੱਖਾਂ ਲਿਸ਼ਕ ਰਹੀਆਂ ਸਨ। ਇਸ ਘੁੱਪ ਅੰਨ੍ਹੇਰੇ ਵਿਚ ਉਹ ਆਦਮੀ ਬਿਲਕੁਲ ਇਕੱਲਾ ਜਾਪਦਾ ਸੀ। ਪਰ ਉਹਨਾਂ ਦੀ ਇੱਕ ਅਭੁੱਲ ਯਾਦ, ਜੋ ਉਸ ਵੇਲੇ ਉਸ ਕੋਲ ਨਹੀਂ ਸਨ ਖਲ੍ਹਤੇ ਹੋਏ, ਉਸ ਦੇ ਮਸਤਕ ਵਿੱਚ ਛਾਈ ਹੋਈ ਸੀ: ਉਹ ਸਟੈਪੀ, ਉਹ ਪੌਣ ਚੱਕੀਆਂ ਤੇ ਉਸ ਸਟੈਪੀ ਵਿੱਚ ਇੱਕ ਸਰਪਟ ਦੌੜਦਾ ਜਾ ਰਿਹਾ ਘੋੜਾ; ਉਸ ਦਾ ਖਲ੍ਹ ਜਾਣਾ ਇੱਕ ਆਦਮੀ ਦਾ ਧਾਂਹ ਕਰਕੇ ਉੱਤੋਂ ਡਿੱਗਣਾ ਕਈਆਂ ਤੇ, ਫੱਟਾਂ ਤੋਂ ਲਹੂ ਨਿਕਲਣਾ। ਇੱਕ ਹੋਰ ਬੰਦੇ ਦਾ ਝੱਗਾਂ ਛੱਡਦੇ ਘੋੜੇ ਉੱਤੇ ਉੱਥੇ ਪਹੁੰਚਣਾ; ਉਸ ਦਾ ਹੇਠਾਂ ਢੱਲਣਾ, ਘੋੜ ਸਵਾਰ ਦੀ ਛਾਤੀ ਨੂੰ ਕੰਨ ਲਾਣਾ... "ਮੇਰੇ ਬੱਚੇ - ਮੇਰੇ ਬੱਚੇ!"
ਕਿਸੇ ਮੱਠੀ ਪੈ ਰਹੀ ਅੱਗ ਵਿੱਚ, ਪਹਾੜੀ ਝਾੜੀਆਂ ਤੇ ਸੁੱਕਾ ਘਾਹ ਸੁੱਟ ਦਿੱਤਾ ਤੇ ਤਿੜ ਤਿੜ ਕਰਕੇ ਫਿਰ ਭੜਮੱਚੇ ਬਲ ਪਏ ਤੇ ਆਸ ਪਾਸ ਫੈਲਿਆ ਅੰਨ੍ਹੇਰਾ ਦੂਰ ਹੋ ਗਿਆ ਤੇ ਫਿਰ ਰਫ਼ਲਾਂ ਉੱਤੇ ਝੁੱਕੇ ਚਿਹਰੇ, ਭਰਵੱਟੇ ਘੁਟਦੇ ਬੁੱਢੇ, ਤੇ ਸੋਗ ਵਿੱਚ ਡੁੱਬੀਆਂ ਤੀਵੀਂਆਂ ਦੇ ਸਿਰ, ਸਾਹਮਣੇ ਉੱਭਰ ਆਏ।
"ਉਹਨਾਂ ਉਸ ਕੁੜੀ ਨੂੰ ਕਿੰਨਾ ਦੁੱਖ ਦਿੱਤਾ, ਕਿੰਨਾ ਭੈੜਾ ਕਾਰਾ ਉਸ ਨਾਲ ਕੀਤਾ ਗਿਆ। ਕਸਾਕ, ਕੋਈ ਸੌ ਦੇ ਲਗਭਗ, ਵਾਰੀ ਵਾਰੀ ਉਸ ਨਾਲ ਚੰਬੜਦੇ ਰਹੇ। ਉਸ ਨੇ ਉਹਨਾਂ ਹੇਠਾਂ ਲੰਮੀ ਪਈ ਨੇ ਹੀ ਪ੍ਰਾਣ ਦੇ ਦਿੱਤੇ। ਸਾਡੇ ਹਸਪਤਾਲ ਵਿੱਚ ਉਹ ਇੱਕ ਨਰਸ ਸੀ । ਮੁੰਡਿਆਂ ਵਰਗੇ ਨਿੱਕੇ ਨਿੱਕੇ ਉਸ ਦੇ ਵਾਲ ਸਨ ਤੇ ਹਮੇਸ਼ਾ ਨੰਗੇ ਪੈਰ ਰਹਿੰਦੀ ਸੀ। ਕਿਸੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਦੀ ਲੜਕੀ ਸੀ । ਬੜੀ ਫੁਰਤੀਲੀ ਤੇ ਚੁਸਤ । ਕਦੇ ਫੱਟੜਾਂ ਦਾ ਵਸਾਹ ਨਹੀਂ ਸੀ ਖਾਂਦੀ। ਢੇਰਾਂ ਦੇ ਢੇਰ ਤਾਪ ਨਾਲ ਪਏ ਹੋਏ ਸਨ। ਕੋਈ ਵੇਖਣ ਵਾਲਾ, ਜਾਂ ਮੂੰਹ ਵਿੱਚ ਪਾਣੀ ਦਾ ਘੁੱਟ ਪਾਣ ਵਾਲਾ ਨਹੀਂ ਸੀ । ਸਭ ਨੂੰ ਤਲਵਾਰ ਨੇ ਪਾਰ ਬੁਲਾ ਦਿੱਤਾ - ਕੋਈ ਵੀਹ ਹਜ਼ਾਰ ਦੀ ਗਿਣਤੀ ਦੂਜੀ ਮੰਜ਼ਲ ਦੀਆਂ ਬਾਰੀਆਂ ਵਿੱਚੋਂ, ਬਾਹਰ ਪੱਟੜੀ ਉੱਤੇ ਸੁੱਟ ਦਿੱਤਾ ਗਿਆ। ਅਫ਼ਸਰ ਤੇ ਕਸਾਕ ਮਿਲ ਕੇ, ਕਸਬੇ ਵਿੱਚ ਸ਼ਿਕਾਰ ਖੇਡਦੇ ਰਹੇ...
ਲਹੂ ਦੇ ਦਰਿਆ ਵਗ ਪਏ।"
ਤਾਰਿਆਂ ਭਰੀਆਂ ਰਾਤਾਂ ਤੇ ਕਾਲੇ ਪਹਾੜ ਭੁੱਲ ਗਏ ਤੇ ਇੱਕ ਦਰਦੀਲੀ ਆਵਾਜ਼ ਗੂੰਜੀ: "ਸਾਥੀਓ, ਸਾਥੀਓ। ਮੈਨੂੰ ਤਾਪ ਨਹੀਂ ਚੜ੍ਹਿਆ ਹੋਇਆ, ਮੈਂ ਫੱਟੜ ਹੋਇਆ ਹਾਂ।" ਉਹ ਕਿਸਮਤ ਦੇ ਮਾਰੇ, ਲੱਗਦਾ ਸੀ, ਹੁਣ ਧੂਣੀ ਲਾਗੇ ਆ ਖਲ੍ਹਤੇ ਸਨ।
ਫਿਰ ਅੰਨ੍ਹੇਰਾ ਪਰਤ ਆਇਆ ਤੇ ਸਿਰ ਉੱਤੇ ਤਾਰੇ ਚਮਕਣ ਲੱਗ ਪਏ ਤੇ ਬੰਦਾ ਬੜੇ ਠਰੰਮੇ ਨਾਲ ਆਪਣੀ ਵਾਰਤਾ ਸੁਣਾਨ ਲੱਗ ਪਿਆ ਤੇ ਫਿਰ, ਲੋਕ ਉਹ ਗੱਲ, ਜਿਹੜੀ ਉਸ ਅਣਆਖੀ ਛੱਡ ਦਿੱਤੀ ਸੀ, ਸਮਝ ਗਏ ਉਸ ਦੇ ਬਾਰਾਂ ਸਾਲਾਂ ਦੇ ਮੁੰਡੇ ਦਾ ਸਿਰ, ਉਹਨਾਂ ਬੰਦੂਕ ਦੀ ਹੱਥੀ ਨਾਲ ਫੇਹ ਸੁੱਟਿਆ ਸੀ, ਉਸ ਦੀ ਬੁੱਢੀ ਮਾਂ ਨੂੰ ਉਹਨਾਂ ਮਾਰ ਮਾਰ ਕੇ ਮੁੱਕਾ ਕੱਢਿਆ ਸੀ, ਉਸ ਦੀ ਵਹੁਟੀ ਨਾਲ ਘੜੀ ਮੁੜੀ ਖੁਰਾਫਾਤ ਕਰਕੇ ਅਖੀਰ ਉਸ ਦੇ ਗਲੇ ਵਿੱਚ ਰੱਸੇ ਦਾ ਫੰਦਾ ਪਾ ਦਿੱਤਾ ਗਿਆ ਸੀ । ਉਸ ਦੇ ਦੋ ਬੱਚਿਆਂ ਦਾ ਕਿਤੇ ਪਤਾ ਸੂਹ ਨਹੀਂ ਸੀ। ਉਸ ਦੇ ਮੂੰਹੋਂ ਇਹਨਾਂ ਗੱਲਾਂ ਬਾਰੇ ਇੱਕ ਸ਼ਬਦ ਵੀ ਨਾ ਨਿਕਲਿਆ, ਪਰ ਉਸ ਦੇ ਸਰੋਤਿਆਂ ਨੂੰ ਸਭ ਪਤਾ ਸੀ।
ਕਾਲੇ ਪਹਾੜਾਂ ਦੀ ਭੇਤ ਭਰੀ ਮੋਨ ਸਿਆਹੀ ਤੇ ਸਮੁੰਦਰ ਦੇ ਅਦਿਸ ਫੈਲਾਅ ਵਿੱਚ ਇੱਕ ਅਜੀਬ ਜਿਹੀ ਸਾਂਝ ਸੀ- ਦੋਵੇਂ ਕਿਸੇ ਆਵਾਜ਼, ਜਾਂ ਚਾਨਣ ਤੋਂ ਬਗੈਰ!
ਅੱਗ ਦੀ ਬਲਦੀ ਲਾਟ ਦਾ ਪਰਛਾਵਾਂ ਕੰਬਿਆਂ ਤੇ ਵੱਧਦਾ ਅੰਨ੍ਹੇਰਾ ਜਿਉਂ ਨੱਚ ਪਿਆ। ਬੰਦਾ ਆਪਣੇ ਘੁੱਟੇ ਗੋਡਿਆਂ ਨੂੰ ਕੰਘੀ ਪਾਈ ਬੈਠਾ ਰਿਹਾ। ਉਸ ਦਾ ਘੋੜਾ ਉਸੇ ਤਰ੍ਹਾਂ ਘਾਹ ਮੂੰਹ ਵਿੱਚ ਲੈ ਕੇ ਚਰਰ-ਚਰਰ ਮੂੰਹ ਮਾਰਦਾ ਰਿਹਾ।
ਤਦੇ ਅਚਾਨਕ, ਰਫ਼ਲ ਉੱਤੇ ਝੁਕਿਆ ਇੱਕ ਜਵਾਨ ਆਦਮੀ, ਖਿੜ ਖਿੜ ਕਰਦਾ ਹੱਸ ਪਿਆ ਤੇ ਅੱਗ ਦੀ ਭਾਹ ਮਾਂਦੀ ਲਾਲੀ ਵਿੱਚ ਉਸ ਦਾ ਅਲੂਆਂ ਚਿਹਰਾ ਤੇ ਚਿੱਟੇ ਦੰਦ ਲਿਸ਼ਕ ਪਏ।
"ਸਾਡੇ ਪਿੰਡ ਜਦ ਕਸਾਕ ਮੋਰਚੇ ਤੋਂ ਪਰਤ ਕੇ ਆਏ, ਸਭ ਤੋਂ ਪਹਿਲਾਂ ਜਿਹੜਾ ਕੰਮ ਉਹਨਾਂ ਕੀਤਾ, ਉਹ ਸੀ ਆਪਣੇ ਅਫ਼ਸਰਾਂ ਨੂੰ ਜਾ ਫੜ੍ਹਨਾ ਤੇ ਧੂਹ ਕੇ ਕਸਬੇ ਵਿੱਚ ਲਿਆਉਣਾ, ਉਸ ਸਮੁੰਦਰ ਕੋਲ। ਉਹਨਾਂ, ਉਹਨਾਂ ਨੂੰ ਇਕ ਫੱਟੇ ਉੱਤੇ ਖੜ੍ਹਾ ਕੀਤਾ, ਗੱਲ੍ਹਾਂ ਦੁਆਲੇ ਪੱਥਰ ਬੰਨ੍ਹੇ ਤੇ ਫੱਟੇ ਉੱਤੋਂ ਸਿੱਧਾ ਸਮੁੰਦਰ ਵਿੱਚ ਧੱਕਾ ਮਾਰ ਦਿੱਤਾ। ਕਿਵੇਂ ਪਾਣੀ ਨੇ ਉਹਨਾਂ ਨੂੰ ਉਛਾਲਿਆ ਤੇ ਫਿਰ ਹੌਲੀ ਹੌਲੀ, ਉਹ ਹੇਠਾਂ ਲੋਪ ਹੋ ਗਏ। ਸਭ ਕੁਝ ਬੰਦਾ ਸਾਫ਼ ਵੇਖ ਸਕਦਾ ਸੀ, ਕਿਉਂ ਜੋ ਪਾਣੀ ਨੀਲਾ ਤੇ ਬਲੌਰ ਵਾਂਗ ਬਿਲਕੁਲ ਸਾਫ਼ ਸੀ । ਰੱਬ ਦੀ ਸਹੁੰ, ਮੈਂ ਉਸ ਵੇਲੇ ਉੱਥੇ ਹੀ ਸਾਂ। ਜਿਸ ਤਰ੍ਹਾਂ ਮੱਛੀ ਪੂਛ ਮਾਰਦੀ ਏ, ਉਹ ਹੱਥ ਪੈਰ ਮਾਰਦੇ ਥੱਲੇ ਲੱਥ ਗਏ ।"
ਉਹ ਫਿਰ ਖਿੜ ਖਿੜ ਕਰਕੇ ਹੱਸਿਆ ਤੇ ਅੱਗ ਦੀ ਭਾਹ ਉਸ ਦੇ ਚਿੱਟੇ ਦੰਦਾਂ ਉੱਤੇ ਪਈ । ਉਹ ਆਦਮੀ ਹੁਣ ਤੱਕ ਗੋਡਿਆਂ ਨੂੰ ਕੰਘੀ ਪਾਈ ਉੱਥੇ ਹੀ ਬੈਠਾ ਹੋਇਆ ਸੀ। ਅਨ੍ਹੇਰੇ ਵਿੱਚ ਅੱਗ ਦੀ ਲਾਲੀ ਘੁੱਲੀ ਹੋਈ ਸੀ ਤੇ ਸਰੋਤਿਆਂ ਦੀ ਭੀੜ ਹੋਰ ਵੱਧ ਗਈ ਸੀ।
"ਤੇ ਥੱਲੇ ਜਾ ਕੇ, ਉਹਨਾਂ ਇੱਕ ਦੂਜੇ ਨੂੰ ਫੜ੍ਹੀ ਰੱਖਿਆ ਤੇ ਇਸੇ ਤਰ੍ਹਾਂ ਜੁੜੇ ਰਹੇ।
ਬੰਦਾ ਸਭ ਕੁਝ ਵੇਖ ਸਕਦਾ ਸੀ । ਬੜਾ ਅਜੀਬ ਲੱਗਦਾ ਸੀ ਇਹ !"
ਸਭ ਸੁਣੀ ਗਏ। ਦੂਰੋਂ ਸਾਜ਼ ਉੱਤੇ ਵੱਜਦੇ ਸੁਰਾਂ ਦੀ ਧੁਨ, ਸੁਣਨ ਵਾਲੇ ਦਾ ਦਿਲ ਖਿੱਚਦੀ ਗਈ।
"ਮਲਾਹ ਨੇ ਉਹ।” ਕਿਸੇ ਆਖਿਆ।
"ਸਾਡੇ ਪਿੰਡ ਕਸਾਕਾਂ ਨੇ ਅਫ਼ਸਰਾਂ ਨੂੰ ਬੋਰੀਆਂ ਵਿੱਚ ਤੁਸ ਕੇ, ਉੱਤੋਂ ਮੂੰਹ ਬੰਦ ਕੀਤੇ ਤੇ ਪਾਣੀ ਵਿੱਚ ਸੁੱਟ ਦਿੱਤੇ।"
"ਉਹਨਾਂ ਨੂੰ ਬੋਰੀਆਂ ਵਿੱਚ ਪਾਣ ਦੀ ਕੀ ਲੋੜ ਸੀ ?" ਸਟੈਪੀ ਵਾਲਿਆਂ ਦੀ ਭਾਰੀ ਆਵਾਜ਼ ਵਿੱਚ ਕਿਸੇ ਕੋਲ ਖਲ੍ਹਤੇ ਨੇ ਪੁੱਛਿਆ। ਬੋਲਣ ਵਾਲਾ ਖਬਰੇ ਕੌਣ ਸੀ। ਉਹ ਝਟ ਕੁ ਮਗਰੋਂ ਫਿਰ ਕਹਿਣ ਲੱਗਾ, ਹੁਣ ਬੋਰੀਆਂ ਕਿੱਥੋਂ ਲਿਆਈਏ, ਸਾਨੂੰ ਦਾਣਿਆਂ ਲਈ ਉਹਨਾਂ ਦੀ ਏਨੀ ਲੋੜ ਹੈ। ਰੂਸੋਂ ਤਾਂ ਹੁਣ ਉਹ ਬੋਰੀਆਂ ਘੱਲਦੇ ਨਹੀਂ।
ਫਿਰ ਖਾਮੋਸ਼ੀ ਛਾ ਗਈ। ਇਸ ਦਾ ਕਾਰਨ ਸ਼ਾਇਦ ਗੋਡਿਆਂ ਨੂੰ ਕੰਘੀ ਪਾਈ ਬੈਠਾ ਇਹ ਆਦਮੀ ਹੀ ਹੋਵੇ।
"ਰੂਸ ਵਿੱਚ ਸੋਵੀਅਤ ਸੱਤ੍ਹਾ ਹੈ... ।"
"ਮਾਸਕੋ ਵਿੱਚ ।"
"ਜਿੱਥੇ ਕਿਰਸਾਨ ਨੇ, ਉੱਥੇ ਸੱਤਾ ਹੈ।"
"ਸਾਡੇ ਕੋਲ ਕਿਰਤੀ ਆਏ, ਉਹਨਾਂ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਤੇ ਪਿੰਡਾਂ ਵਿੱਚ ਸੋਵੀਅਤਾਂ ਬਣਾ ਦਿੱਤੀਆਂ ਤੇ ਸਾਨੂੰ ਆਖਿਆ ਕਿ ਜ਼ਮੀਨਾਂ ਉੱਤੇ ਕਬਜ਼ੇ ਕਰ ਲਓ।"
"ਉਹ ਨਿਆਂ ਲੈ ਕੇ ਆਏ ਤੇ ਬੁਰਜੂਆ ਨੂੰ ਬਾਹਰ ਕੱਢ ਕੇ ਮਾਰਿਆ।"
“ਪਰ ਕੀ ਕਿਰਤੀ, ਕਿਰਸਾਨਾਂ ਵਿੱਚੋਂ ਨਹੀਂ? ਸੋਚੋ ਖਾਂ ਭਲਾ, ਸਾਡੇ ਆਪਣੇ ਬੰਦੇ ਕਿੰਨੇ ਹੀ ਸੀਮਿੰਟ ਦੇ ਕਾਰਖਾਨਿਆਂ ਵਿੱਚ ਕੰਮ ਕਰ ਰਹੇ ਨੇ, ਡੇਰੀਆਂ ਵਿੱਚ, ਮਸ਼ੀਨਾਂ ਬਣਾਨ ਵਾਲੇ ਪਲਾਂਟਾਂ ਉੱਤੇ ਤੇ ਸ਼ਹਿਰਾਂ ਦੀਆਂ ਸਾਰੀਆਂ ਮਿੱਲਾਂ ਵਿੱਚ।"
ਫਿਰ ਇੱਕ ਬੱਚੇ ਦੀ ਜ਼ੋਰ ਦੀ ਆਵਾਜ਼ ਆਈ, "ਮੰਮੀ.. ।"
ਇੱਕ ਬੱਚਾ ਰੂੰ ਰੀਂ ਕਰਨ ਲੱਗ ਪਿਆ ਤੇ ਮਾਂ ਪਿਆਰ ਨਾਲ ਪੁਚਕਾਰਨ ਲੱਗ ਪਈ, ਸ਼ਾਇਦ ਦੂਰ ਸੜਕ ਉੱਤੇ ਜ਼ਰਾ ਜ਼ਰਾ ਦਿੱਸਦੇ, ਉਹਨਾਂ ਛੱਕੜਿਆਂ ਵਿੱਚੋਂ ਇਹ ਆਵਾਜ਼ ਆਈ ਸੀ।
ਉਸ ਬੰਦੇ ਨੇ ਗੋਡਿਆਂ ਉੱਤੇ ਪਾਈ ਕੰਘੀ ਖੋਲ੍ਹੀ ਤੇ ਅੱਗ ਦੀ ਲੋਅ ਵਿੱਚ ਖਲ੍ਹ ਕੇ ਘੋੜੇ ਦੇ ਅੱਗੇ ਝੁਕੇ ਹੋਏ ਸਿਰ ਨੂੰ ਮੱਥੇ ਦੀ ਲਿੱਟ ਤੋਂ ਫੜ੍ਹ ਲਿਆ, ਲਗਾਮ ਚਾੜ੍ਹੀ, ਜ਼ਮੀਨ ਤੋਂ ਸੁੱਕੇ ਘਾਹ ਦੀ ਬੋਰੀ ਚੁੱਕੀ, ਆਪਣੀ ਰਫ਼ਲ ਫੜੀ, ਛਾਲ ਮਾਰ ਕੇ ਕਾਠੀ ਉੱਤੇ ਚੜ੍ਹ ਬੈਠਾ ਤੇ ਘੋੜਾ ਉਸ ਨੂੰ ਜ਼ੋਰ ਜ਼ੋਰ ਦੇ ਪੌੜ ਮਾਰਦਾ ਅੱਖਾਂ ਤੋਂ ਦੂਰ ਲੈ ਗਿਆ।
ਤੇ ਫਿਰ ਮਨ ਦੀਆਂ ਅੱਖਾਂ ਵਿੱਚ ਕੋਈ ਅੰਨ੍ਹੇਰਾ ਨਹੀਂ ਸੀ, ਬਸ ਬੇਅੰਤ ਸਟੈਪੀ ਸੀ ਤੇ ਪੌਣ ਚੱਕੀਆਂ ਸਨ। ਘੋੜੇ ਦੇ ਸੁੰਮਾਂ ਦੀ ਕਾੜ ਕਾੜ ਆਉਂਦੀ ਉਹ ਆਵਾਜ਼, ਜੋ ਪੌਣ
ਚੱਕੀਆਂ ਵਾਲੇ ਪਾਸਿਉਂ ਆ ਰਹੀ ਸੀ, ਤੇ ਉਸ ਆਦਮੀ ਦਾ ਪਿੱਛਾ ਕਰਦੇ ਤਿਰਛੇ ਪਰਛਾਵੇਂ ... ਪਰ ਕਿੱਧਰ ਨੂੰ ?... ਉਹ ਪਾਗਲ ਹੈ! ਪਰਤ ਆ।... ਪਰ ਉਸ ਦਾ ਪਰਿਵਾਰ ਉੱਥੇ ਹੈ... ਤੇ ਇੱਥੇ ਉਸ ਦਾ ਪੁੱਤਰ ਮੋਇਆ ਪਿਆ ਹੈ...।
"ਦੂਜੀ ਕੰਪਨੀ...!"
ਧੂਣੀਆਂ ਦੀ ਕਤਾਰ ਉੱਤੇ ਫਿਰ ਅੰਨ੍ਹੇਰਾ ਫੈਲਣ ਲੱਗ ਪਿਆ।
"ਉਹ ਕੋਜ਼ੂਖ ਨੂੰ ਰੀਪੋਰਟ ਪੇਸ਼ ਕਰਨ ਗਿਆ ਏ । ਉਸ ਨੂੰ ਕਸਾਕਾਂ ਦਾ ਸਭ ਪਤਾ ਹੈ।"
"ਤੇ ਉਸ ਕਈਆਂ ਨੂੰ ਮਾਰਿਆ ਵੀ ਹੈ। ਤੀਵੀਆਂ ਤੇ ਬੱਚਿਆਂ ਨੂੰ ਵੀ ।"
“ਉਹ ਸਿਰ ਤੋਂ ਪੈਰ ਤੱਕ ਕਸਾਕੀ ਬਾਣੇ ਵਿੱਚ ਹੈ। ਸਰਕੇਸ਼ੀਅਨ ਕੋਟ ਤੇ ਉਹ ਫਰ ਦੀ ਟੋਪੀ। ਉਹ ਉਸ ਨੂੰ ਆਪਣੇ ਵਿੱਚੋਂ ਹੀ ਇੱਕ ਸਮਝਦੇ ਨੇ। 'ਕਿਹੜੀ ਰਜਮੈਂਟ ?' ਉਹ ਪੁੱਛਦੇ ਨੇ। 'ਫਲਾਣੀ', ਉਹ ਅੱਗੋਂ ਆਖਦਾ ਹੈ ਤੇ ਘੋੜੇ ਉੱਤੇ ਸਵਾਰ ਉੱਡੀ ਜਾਂਦਾ ਹੈ। ਜੇ ਉਸ ਨੂੰ ਕੋਈ ਤੀਵੀਂ ਲੱਭ ਜਾਏ ਤਾਂ ਉਸ ਦਾ ਸਿਰ ਲਾਹ ਛੱਡਦਾ ਹੈ, ਤੇ ਜੇ ਕੋਈ ਬੱਚਾ ਮਿਲ ਜਾਏ, ਉਸ ਨੂੰ ਛੁਰਾ ਮਾਰ ਦਿੰਦਾ ਹੈ। ਉਹ ਝਾੜੀਆਂ ਦੇ ਪਿੱਛੇ ਛੁਪ ਕੇ ਬੈਠਾ ਰਹਿੰਦਾ ਹੈ ਤੇ ਉੱਥੋਂ ਕਸਾਕਾਂ ਉੱਤੇ ਗੋਲੀ ਚਲਾਂਦਾ ਰਹਿੰਦਾ ਹੈ। ਉਸ ਨੂੰ, ਉਹਨਾਂ ਬਾਰੇ ਸਭ ਕੁਝ ਪਤਾ ਹੈ ਕਿ ਉਹ ਕਿੰਨੇ ਨੇ, ਕਿਸ ਟੁਕੜੀ ਵਿੱਚੋਂ ਨੇ, ਅਤੇ ਸਾਰੀ ਖ਼ਬਰ ਜਾ ਕੇ ਕਜੂਖ ਨੂੰ ਦੇ ਦੇਂਦਾ ਹੈ।"
"ਬੱਚਿਆਂ ਨੇ ਕੀ ਕੀਤਾ ਹੈ? ਉਹ ਤਾਂ ਮਾਸੂਮ ਨੇ", ਹਉਕਾ ਲੈਂਦੀ ਇੱਕ ਤੀਵੀਂ ਬੋਲੀ। ਉਹ ਬੜੀ ਉਦਾਸ ਆਪਣੀ ਠੋਡੀ ਹਥੇਲੀ ਉੱਤੇ ਧਰੀ ਕੂਹਣੀ ਦੇ ਭਾਰ ਬੈਠੀ ਹੋਈ ਸੀ।
"ਦੂਜੀ ਕੰਪਨੀ। ਸੁਣਦਾ ਨਹੀਂ ਤੈਨੂੰ ?"
ਜੋ ਢੋਹ ਲਾ ਕੇ ਬੈਠੇ ਹੋਏ ਸਨ, ਆਰਾਮ ਨਾਲ ਉੱਠ ਕੇ ਖਲ੍ਹ ਗਏ। ਲੱਤਾਂ ਬਾਹਾਂ ਅਕੜਾਈਆਂ, ਇੱਕ ਅੱਧ ਉਬਾਸੀ ਲਈ ਤੇ ਟੁਰ ਪਏ। ਪਹਾੜ ਉੱਤੇ ਆਕਾਸ਼ ਵਿੱਚ ਤਾਰੇ ਡਲ੍ਹਕਾਂ ਮਾਰ ਰਹੇ ਸਨ। ਆਦਮੀ ਆਪਣੀਆਂ ਦੇਗਚੀਆਂ ਕੋਲ ਬੈਠੇ ਦਲੀਆਂ ਖਾਣ ਲੱਗ ਪਏ।
ਇੱਕ ਵੇਰ ਉਹ ਆਪਣੇ ਚਮਚੇ ਕੰਪਨੀ ਦੇ ਦੰਗੇ ਵਿੱਚ ਪਾਂਦੇ, ਤੇ ਝਟ ਚੁੱਕ ਕੇ ਮੂੰਹ ਵਿੱਚ ਪਾ ਲੈਂਦੇ - ਹੇਠ, ਜੀਭਾਂ, ਗਲੇ ਸਭ ਸਾੜ ਲੈਂਦੇ । ਭਾਵੇਂ ਮੂੰਹ ਸੜਦਾ ਸੀ, ਪਰ ਸਭ ਛੇਤੀ ਛੇਤੀ ਚਮਚੇ ਭਰ ਭਰ ਅੰਦਰ ਸੁੱਟਣ ਦੀ ਕਰ ਰਹੇ ਸਨ। ਕਦੇ ਕਦੇ ਕਿਸੇ ਦੇ ਚਮਚੇ ਵਿੱਚ ਮਾਸ ਦੀ ਬੋਟੀ ਆ ਜਾਂਦੀ, ਜੋ ਉਹ ਝਟ ਚੁੱਕ ਕੇ ਬੋਝੇ ਵਿੱਚ ਪਾ ਲੈਂਦਾ ਕਿ ਫਿਰ ਖਾਵਾਂਗਾ ਤੇ ਫਿਰ ਚਮਚਾ ਦੇਗੇ ਵਿੱਚ ਡੋਬ ਦੇਂਦਾ। ਉਸ ਦਾ ਕੋਲ ਬੈਠਾ ਸਾਥੀ ਬੋਟੀ ਵੱਲ ਵੇਖਦਾ, ਉਸ ਨੂੰ ਬੜਾ ਕਿਸਮਤ ਵਾਲਾ ਸਮਝਣ ਲੱਗ ਪੈਂਦਾ।
14
ਅੰਨ੍ਹੇਰੇ ਵਿੱਚ ਵੀ ਅਫੜਾ-ਤਫੜੀ ਵਿੱਚ ਫਸੀ ਇੱਕ ਝਗੜਾਲੂ ਭੀੜ, ਅੱਗੇ ਵਧੀ ਜਾਂਦੀ ਸਾਫ਼ ਵਿਖਾਈ ਦਿੰਦੀ ਸੀ । ਗਰਮੀ ਸਰਦੀ ਝਾਗ ਝਾਗ ਕੇ ਤੇ ਸ਼ਰਾਬ ਪੀ ਪੀ ਕੇ ਸਭ
ਮਛਰੇ ਹੋਏ ਸਨ ਤੇ ਉਹਨਾਂ ਦੀਆਂ ਆਵਾਜ਼ਾਂ ਪਾਟੀਆਂ ਹੋਈਆਂ ਸਨ । ਆਦਮੀਆਂ ਨੇ ਦੇਗੇ ਵਿੱਚ ਚਮਚੇ ਮਾਰਨੇ ਰੋਕ ਕੇ ਆਪਣੇ ਸਿਰ ਉੱਧਰ ਮੋੜ ਲਏ।
"ਮਲਾਹ ਨੇ ਉਹ।"
"ਇਹਨਾਂ ਨੂੰ ਚੈਨ ਨਹੀਂ, ਇੱਕ ਮਿੰਟ ਵੀ ਚੁੱਪ ਨਹੀਂ ਰਹਿ ਸਕਦੇ।"
"ਆਵਾਰਾਗਰਦ । ਇੱਕ ਤੁਸੀਂ ਹੋ, ਜੋ ਭੁੱਖੇ ਭੇੜੀਏ ਵਾਂਗ ਦਲੀਏ ਵਿੱਚ ਹੀ ਚਮਚੇ ਮਾਰਨ ਲੱਗੇ ਹੋਏ ਹੋ ਤੇ ਇਨਕਲਾਬ ਦੀ ਤੁਹਾਨੂੰ ਰਤਾ ਵੀ ਚਿੰਤਾ ਨਹੀਂ। ਤੁਸੀਂ ਇਨਕਲਾਬ ਦੇ ਨਾਂ ਉੱਤੇ ਥੁੱਕਦੇ ਹੋ। ਬੁਰਜੂਆ ਲਹੂ ਪੀਣੇ!"
"ਸਾਨੂੰ ਕੀ ਆਖਦਾ ਏਂ, ਜੋ ਕੁੱਤਿਆਂ ਵਾਂਗ ਭੌਂਕਣ ਲੱਗਾ ਹੋਇਆ ਏਂ।"
ਸਿਪਾਹੀ ਮਲਾਹਾਂ ਨੂੰ ਘੂਰਨ ਲੱਗੇ, ਪਰ ਅੰਦਰੋਂ ਖਬਰਦਾਰ ਹੋ ਕੇ; ਗੁੰਡਿਆਂ ਨੇ ਰੀਵਾਲਵਰ, ਬੰਬ ਤੇ ਕਾਰਤੂਸਾਂ ਦੀਆਂ ਪੇਟੀਆਂ ਗਲਾਂ ਦੁਆਲੇ ਪਾਈਆਂ ਹੋਈਆਂ ਸਨ।
"ਤੁਹਾਡਾ ਕੋਜੂਖ, ਤੁਹਾਨੂੰ ਕਿੱਥੇ ਧੱਕੀ ਜਾ ਰਿਹਾ ਏ, ਕਦੇ ਕਿਸੇ ਸੋਚਿਆ ਵੀ ਹੈ ? ਅਸਾਂ ਇਨਕਲਾਬ ਦਾ ਆਰੰਭ ਕੀਤਾ। ਮਾਸਕ ਦੀਆਂ ਹਿਦਾਇਤਾਂ ਦੀ ਪਰਵਾਹ ਨਾ ਕਰ ਕੇ ਵੀ ਅਸਾਂ ਕਈ ਜਹਾਜ਼ ਡੋਬ ਦਿੱਤੇ । ਬਾਲਸ਼ਵਿਕ ਜਰਮਨ ਕੈਸਰ ਨਾਲ ਅੰਦਰ ਅੰਦਰ ਖਬਰੇ ਕੀ ਘੁਸਰ ਮੁਸਰ ਕਰਨ ਲੱਗੇ ਹੋਏ ਨੇ, ਪਰ ਅਸੀਂ ਕਿਸੇ ਤਰ੍ਹਾਂ ਵੀ ਲੋਕਾਂ ਨਾਲ ਧੋਖਾ ਨਹੀਂ ਹੋਣ ਦਿਆਂਗੇ। ਜੇ ਕਿਸੇ ਸਾਡੇ ਨਾਲ ਗ਼ਦਾਰੀ ਕੀਤੀ, ਉਹਨੂੰ ਥਾਏਂ ਗੋਲੀ ਮਾਰ ਦਿਆਂਗੇ । ਕੋਜੂਖ ਕੌਣ ਹੁੰਦਾ ਏ ? ਇਕ ਅਫਸਰ ਹੀ ਨਾ ? ਤੇ ਤੁਸੀਂ ਭੇਡਾਂ ਵਾਂਗ ਉਸ ਦੇ ਪਿੱਛੇ ਪਿੱਛੇ ਟੁਰੀ ਜਾਂਦੇ ਹੋ। ਬੁੱਧੂ ਸਹੁਰੇ !"
ਅੱਗ ਉੱਤੇ ਪਏ ਕੰਪਨੀ ਦੇ ਦੰਗੇ ਨੂੰ ਅੱਗ ਦੀਆਂ ਲਾਟਾਂ, ਇੱਧਰੋਂ ਉੱਧਰੋਂ ਲਪ ਲਪ ਕਰਦੀਆਂ ਸੇਕ ਚਾੜ੍ਹ ਰਹੀਆਂ ਸਨ । ਇੱਕ ਬੰਦਾ ਔਖਾ ਹੋ ਕੇ ਬੋਲ ਪਿਆ:
"ਤੇ ਤੁਸੀਂ ਚੁੜੇਲਾਂ ਦਾ, ਡੇਰੇ ਦਾ ਡੇਰਾ ਹੀ ਨਾਲ ਲਈ ਫਿਰ ਰਹੇ ਹੋ।"
"ਤੇਰਾ ਕੀ ਮਤਲਬ ਏ, ਉਹਨਾਂ ਨਾਲ ? ਸੜੀ ਕਾਹਨੂੰ ਜਾਨਾਂ ਏਂ। ਐਵੇਂ ਜਿੱਥੇ ਲੋੜ ਨਹੀਂ ਹੁੰਦੀ, ਲੱਤ ਨਹੀਂ ਜਾ ਫਸਾਈਦੀ, ਹੋ ਸਕਦਾ ਏ ਤੈਨੂੰ ਪੁੱਠੀ ਪੈ ਜਾਏ। ਅਸਾਂ ਕੀ ਖੱਟਿਆ ਏ। ਉਹ ਕੌਣ ਸਨ, ਜਿਨ੍ਹਾਂ ਇਨਕਲਾਬ ਸ਼ੁਰੂ ਕੀਤਾ ਸੀ ? ਮਲਾਹ। ਜ਼ਾਰ ਨੇ ਕਿਸ ਨੂੰ ਗੋਲੀ ਮਾਰੀ ? ਕਿਸ ਨੂੰ ਉਸ ਸਮੁੰਦਰ ਵਿੱਚ ਡੋਬਿਆ? ਕਿਸ ਨੂੰ ਉਸ ਬੇੜੀਆਂ ਪਾਈਆਂ ? ਮਲਾਹਾਂ ਨੂੰ, ਹੋਰ ਕਿਸੇ ਨੂੰ ਤਾਂ ਨਹੀਂ । ਬਾਹਰੋਂ ਸਾਹਿਤ ਕੌਣ ਲੈ ਕੇ ਆਇਆ? ਮਲਾਹ । ਕਿਸ ਬੁਰਜੂਆ ਤੇ ਪਾਦਰੀਆਂ ਨੂੰ ਡੰਡਾ ਚਾੜ੍ਹਿਆ। ਮਲਾਹਾਂ ਨੇ । ਤੁਹਾਨੂੰ ਬੈਠ ਬਠਾਏ ਚਾਨਣਾ ਦਿੱਸਣ ਲੱਗ ਪਿਆ ਏ, ਜਦ ਕਿ ਸੰਘਰਸ਼ ਵਿੱਚ ਅਸਾਂ ਮਲਾਹਾਂ ਨੇ ਆਪਣਾ ਖੂਨ, ਪਾਣੀ ਵਾਂਗ ਡੋਲ੍ਹਿਆ ਏ। ਤੇ ਜਿਸ ਵੇਲੇ ਅਸੀਂ ਇਨਕਲਾਬ ਲਈ ਲਹੂ ਦੀ ਹੋਲੀ ਖੇਡ ਰਹੇ ਸਾਂ, ਜ਼ਾਰ ਸ਼ਾਹੀ ਦੀਆਂ ਬੰਦੂਕਾਂ ਹੱਥਾਂ ਵਿੱਚ ਫੜੀ ਤੁਸੀਂ ਸਾਡੇ ਉੱਤੇ ਆ ਕੁੱਦੇ। ਓਏ, ਤੁਸੀਂ ਵੀ ਕੁਝ ਸਵਾਰਨ ਜੋਗੇ ਹੋ ?"
ਕੁਝ ਸਿਪਾਹੀਆਂ ਨੇ ਆਪਣੇ ਚਮਚੇ ਹੇਠਾਂ ਸੁੱਟੇ ਤੇ ਰਫ਼ਲਾਂ ਫੜ ਕੇ ਉੱਠ ਖਲ੍ਹਤੇ। ਆਲੇ ਦੁਆਲੇ ਅੰਨ੍ਹੇਰਾ ਡੂੰਘਾ ਹੋ ਗਿਆ ਤੇ ਇਉਂ ਲੱਗਦਾ ਸੀ, ਜਿਉਂ ਝੱਟ ਪਹਿਲਾਂ ਦੇਗੇ
ਦੁਆਲੇ ਜੀਭਾਂ ਕੱਢਦੀ ਅੱਗ ਕਿਤੇ ਧਰਤੀ ਵਿੱਚ ਲੱਥ ਗਈ ਹੋਵੇ।
"ਜਵਾਨ, ਉੱਠ ਨਬੇੜਾ ਕਰ ਆਈਏ।"
ਮਲਾਹਾਂ ਨੇ ਆਪਣੇ ਰੀਵਾਲਵਰ ਸੂਤ ਲਏ ਤੇ ਆਪਣੇ ਬੰਬ ਕੱਢਣ ਲੱਗ ਪਏ। ਇਕ ਬੁੱਢਾ ਯੂਕਰੇਨੀਅਨ, ਜੋ ਪੱਛਮੀ ਮੋਰਚੇ ਉੱਤੇ ਅਖੀਰ ਤੱਕ ਸਾਮਰਾਜੀ ਜੰਗ ਦੇ ਵਿਰੁੱਧ ਲੜਦਾ ਰਿਹਾ ਸੀ ਤੇ ਨਿਰਭੈਤਾ ਕਾਰਨ ਜਿਸ ਨੂੰ ਸਾਰਜੈਂਟ ਬਣਾ ਦਿੱਤਾ ਗਿਆ ਸੀ, ਤੇ ਜਿਸ ਵੇਲੇ ਇਨਕਲਾਬ ਸ਼ੁਰੂ ਹੋਇਆ ਤਾਂ ਆਪਣੀ ਕੰਪਨੀ ਦੇ ਕਈ ਅਫ਼ਸਰਾਂ ਨੂੰ ਮਾਰ ਦਿੱਤਾ ਸੀ, ਮੂੰਹ ਵਿੱਚ ਦਲੀਆ ਭਰ ਕੇ, ਚਮਚ ਨਾਲ ਦੇਗੀ ਵਜਾਣ ਲੱਗ ਪਿਆ ਤੇ ਆਪਣੀਆਂ ਮੁੱਛਾਂ ਪੂੰਝਣ ਲੱਗ ਪਿਆ।
"ਮੁਰਗੇ ਨਾ ਹੋਣ ਤਾਂ !" ਉਹ ਮਲਾਹਾਂ ਨਾਲ ਉਲਝਣ ਲੱਗਾ। "ਓਏ, ਕੁਕੜੂ- ਕੜ੍ਹੀ ਕਰੋ ਨਾ ?"
ਉਸ ਦੀ ਚੋਭ ਸੁਣ ਕੇ, ਸਾਰੇ ਖਿੜ ਖਿੜ ਕਰਨ ਲੱਗੇ।
"ਉਹ ਸਾਨੂੰ 'ਕੂੜੇ ਦਾ ਢੋਲ' ਕਿਉਂ ਸਮਝਦੇ ਨੇ ?" ਸਿਪਾਹੀ ਗੁੱਸੇ ਵਿੱਚ ਬੁੱਢੇ ਨੂੰ ਪੁੱਛਣ ਲੱਗੇ।
ਅੱਗ ਫਿਰ ਮੱਚ ਪਈ। ਮਲਾਹਾਂ ਨੇ ਫਿਰ ਰੀਵਾਲਵਰ ਸਾਂਭ ਲਏ ਤੇ ਬੰਬ ਰੱਖ ਦਿੱਤੇ।
"ਤੁਹਾਡੀ, ਕਮੀਨਿਉ, ਕਿਸ ਨੂੰ ਪਰਵਾਹ ਹੈ!"
ਉਹ ਸਾਰੇ ਦੇ ਸਾਰੇ, ਝਗੜਾਲੂਆਂ ਦਾ ਇੱਜੜ, ਉੱਥੋਂ ਉੱਠ ਖਲ੍ਹੋਤਾ ਤੇ ਘੁਸਮੁਸੇ ਵਿੱਚ ਅੱਖੋਂ ਓਹਲੇ ਹੋ ਗਿਆ। ਉਹਨਾਂ ਦੀਆਂ ਪਿੱਠਾਂ ਉੱਤੇ ਹਾਲਾਂ ਵੀ ਲਪਟਾਂ ਦਾ ਚਾਨਣ ਪੈ ਰਿਹਾ ਸੀ। ਉਹਨਾਂ ਦੇ ਉੱਥੋਂ ਜਾਂਦਿਆਂ ਹੀ ਉਹਨਾਂ ਦੀਆਂ ਗੱਲਾਂ ਹੋਣ ਲੱਗ ਪਈਆਂ।
"ਕੁੱਪੇ ਚਾੜ੍ਹੇ ਹੋਏ ਨੇ ਉਹਨਾਂ ।"
"ਕਸਾਕਾਂ ਨੂੰ ਲੁੱਟਿਆ ਹੋਵੇਗਾ।"
"ਸੱਚ ? ਉਹਨਾਂ ਪੈਸੇ ਦਿੱਤੇ ਹੋਣਗੇ।"
"ਉਹਨਾਂ ਨੂੰ ਪੈਸੇ ਦੀ ਕੀ ਪਰਵਾਹ।"
"ਉਹਨਾਂ ਸਾਰੇ ਜਹਾਜ਼ ਲੁੱਟੇ ਸਨ।"
"ਜਹਾਜ਼ਾਂ ਦੇ ਨਾਲ, ਪੈਸਾ ਵੀ ਕਾਹਨੂੰ ਡੁੱਬੇ ? ਇਸ ਨਾਲ, ਕਿਸੇ ਦਾ ਕੀ ਲਾਭ ਹੋਵੇਗਾ ?"
"ਜਿਸ ਵੇਲੇ ਉਹ ਪਿੰਡ ਪਹੁਂਚੇ, ਉਹਨਾਂ ਕੁਲਕਾਂ ਵਾਲੀ ਕਹਾਣੀ ਮੁਕਾ ਦਿੱਤੀ। ਲੁੱਟ ਕੇ ਸਭ ਕੁਝ ਗਰੀਬ ਕਿਰਸਾਨਾਂ ਦੇ ਹਵਾਲੇ ਕਰ ਦਿੱਤਾ ਤੇ ਬੁਰਜੂਆ ਨੂੰ ਭਜਾ ਕੱਢਿਆ, ਕਈਆਂ ਨੂੰ ਗੋਲੀ ਮਾਰ ਦਿੱਤੀ ਤੇ ਕਈਆਂ ਨੂੰ ਫਾਂਸੀ ਦੇ ਦਿੱਤੀ।"
"ਸਾਡਾ ਪਾਦਰੀ”, ਇੱਕ ਜਵਾਨ ਮੁੰਡੇ ਦੀ ਬੜੀ ਕਾਹਲੀ ਜਿਹੀ ਆਵਾਜ਼ ਆਈ, ਅਤੇ ਉਸ ਦੀ ਗੱਲ ਨੂੰ ਵਿੱਚੋਂ ਕੋਈ ਟੋਕ ਨਾ ਦੇਵੇ, "ਮਸਾਂ ਉਪਦੇਸ਼ ਦੇ ਕੇ ਮੰਚ ਤੋਂ ਹੇਠਾਂ ਢਲਿਆ ਹੀ ਸੀ ਕਿ ਉਹਨਾਂ ਉਸ ਨੂੰ ਫੜ੍ਹ ਲਿਆ ਤੇ ਚੁੱਕ ਕੇ ਵਗਾਹ ਮਾਰਿਆ। ਬਸ, ਉਸ
ਦੀ ਕਹਾਣੀ ਮੁੱਕ ਗਈ। ਕਿੰਨਾ ਚਿਰ ਗਿਰਜੇ ਦੇ ਸਾਹਮਣੇ ਤਰੱਕਦਾ ਰਿਹਾ। ਕਿਸੇ ਦਫਨਾਣ ਦੀ ਪਰਵਾਹ ਵੀ ਨਾ ਕੀਤੀ !"
ਮੁੰਡਾ ਖਿੜ ਖਿੜ ਕਰ ਕੇ ਹੱਸਣ ਲੱਗ ਪਿਆ ਤੇ ਸਾਰੇ ਉਸ ਨਾਲ ਰਲ ਗਏ।
"ਅਹੁ ਵੇਖੋ! ਟੁਟਦਾ ਤਾਰਾ।''
ਸਾਰੇ ਕੰਨ ਲਾ ਕੇ ਸੁਣਨ ਲੱਗ ਪਏ: ਦੂਰੋਂ, ਜਿੱਥੇ ਨਾ ਬੰਦਾ ਸੀ ਨਾ ਬੰਦੇ ਦੀ ਜਾਤ, ਪਰ ਕੇਵਲ ਰਾਤ ਦਾ ਅੰਨ੍ਹੇਰਾ ਤੇ ਅਥਾਹ ਚੁੱਪ ਸੀ, ਇੱਕ ਆਵਾਜ਼ ਜਿਹੀ ਸੁਣਾਈ ਦਿੱਤੀ, ਪੜੱਛ ਕਰਦੀ, ਜਿਉਂ ਅਦਿਸ ਸਮੁੰਦਰ ਵਿੱਚੋਂ ਆਈ ਹੋਵੇ।
"ਠੀਕ ਆਖਦੇ ਸਨ, ਮਲਾਹ ਝੂਠ ਨਹੀਂ ਸਨ ਆਖਦੇ । ਆਪਣੀ ਗੱਲ ਹੀ ਲੈ ਲਓ। ਅਸੀਂ ਕਾਹਦੇ ਲਈ ਮਾਰੇ ਮਾਰੇ ਪਏ ਫਿਰਦੇ ਹਾਂ ? ਚੰਗਾ ਹੁੰਦਾ ਜਿੱਥੇ ਸਾਂ, ਉੱਥੇ ਹੀ ਰਹਿੰਦੇ। ਘੱਟੋ ਘੱਟ ਹਰ ਇੱਕ ਨੂੰ ਰੋਟੀ ਮਿਲ ਰਹੀ ਸੀ । ਮਾਲ ਡੰਗਰ ਕੋਲ ਸੀ... ਤੇ ਹੁਣ ਇੱਥੇ...।"
“ਮੈਂ ਵੀ ਇਹੀ ਆਖਦਾ ਹਾਂ। ਅਸੀਂ ਇੱਕ ਅਫ਼ਸਰ ਦੇ ਆਖੇ ਲੱਗ ਕੇ ਇੱਕ ਅਜਿਹੀ ਚੀਜ਼ ਲੱਭਣ ਘਰੋਂ ਟੁਰ ਪਏ, ਜੋ ਕਿਤੇ ਦਿੱਸਦੀ ਨਹੀਂ।"
“ਕਾਹਦਾ ਅਫ਼ਸਰ ਏ । ਸਾਡੇ ਤੁਹਾਡੇ ਵਰਗਾ ਉਹ ਵੀ ਇੱਕ ਬੰਦਾ ਹੈ।”
“ਪਰ ਸੋਵੀਅਤ ਸ਼ਕਤੀ ਸਾਡੀ ਮਦਦ ਕਿਉਂ ਨਹੀਂ ਕਰਦੀ? ਉਹ ਉੱਥੇ ਮਾਸਕੋ ਵਿੱਚ ਬੈਠੇ ਲੋਕਾਂ ਦਾ ਉੱਲੂ ਬਣਾਨ ਲੱਗੇ ਹੋਏ ਨੇ ਤੇ ਭੁਗਤਨਾ ਇੱਥੇ ਸਾਨੂੰ ਪੈ ਰਿਹਾ ਹੈ।"
ਦੂਰੋਂ ਮਲਾਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਜਿੱਥੇ ਜਿੱਥੇ ਧੂਣੀਆਂ ਬਲ ਰਹੀਆਂ ਸਨ, ਉੱਥੇ ਉੱਥੇ ਜਾ ਕੇ ਰੌਲਾ ਪਾਣ ਲੱਗੇ ਹੋਏ ਸਨ।
15
ਅਖੀਰ, ਰਾਤ ਨੇ ਆਪਣਾ ਰਾਜ ਸਾਂਭ ਲਿਆ। ਇੱਕ ਇੱਕ ਕਰਕੇ ਸਾਰੀਆਂ ਧੂਣੀਆਂ ਦੀ ਅੱਗ ਬੁੱਝਦੀ ਗਈ, ਪਿੱਛੇ ਰਹਿ ਗਿਆ ਅੰਨ੍ਹੇਰਾ ਤੇ ਇੱਕ ਖਾਮੋਸ਼ੀ । ਬੰਦੇ ਦੀ ਕਿਤੋਂ ਭਿਣਕ ਨਹੀਂ ਸੀ ਪੈਂਦੀ। ਇੱਕ ਆਵਾਜ਼ ਰਾਤ ਦਾ ਮੌਨ ਭੰਗ ਕਰਦੀ ਸੀ, ਉਹ ਸੀ ਘੋੜਿਆਂ ਦੇ ਘਾਹ ਵਿੱਚ ਮੂੰਹ ਮਾਰਨ ਦੀ ਚਰਰ ਚਰਰ ਦੀ ਆਵਾਜ਼।
ਇਕ ਕਾਲੀ ਜਿਹੀ ਸ਼ਕਲ, ਕਾਲੇ ਤੇ ਚੁੱਪ ਖਲ੍ਹਤੇ ਛੱਕੜਿਆਂ ਵਿੱਚੋਂ ਲੰਘ ਰਹੀ ਸੀ। ਜਿੱਥੋਂ ਥੋੜ੍ਹੀ ਜਿਹੀ ਥਾਂ ਦਿੱਸਦੀ, ਬੰਦਾ ਸੁੱਤੇ ਹੋਏ ਮੁਸਾਫਰਾਂ ਉੱਤੇ ਬੱਚਦਾ ਬਚਾਂਦਾ ਸੜਕ ਦੇ ਨਾਲ ਨਾਲ ਭੱਜਣ ਲੱਗ ਪੈਂਦਾ। ਉਸ ਦੇ ਮਗਰ ਮਗਰ ਇੱਕ ਹੋਰ ਅਜੀਬ ਜਿਹਾ ਬੰਦਾ, ਇਕ ਟੰਗ ਉੱਤੇ ਉਚਕਦਾ ਜਾ ਰਿਹਾ ਸੀ। ਕਦੇ ਕਦੇ ਛੱਕੜਿਆਂ ਕੋਲ ਸੁੱਤੇ ਬੰਦਿਆਂ ਵਿੱਚੋਂ, ਕੋਈ ਆਪਣਾ ਸਿਰ ਚੁੱਕਦਾ ਤੇ ਦੂਰ ਜਾਂਦੇ ਪਰਛਾਵਿਆਂ ਨੂੰ ਘੂਰ ਘੂਰ ਵੇਖਣ ਲੱਗ ਪੈਂਦਾ।
"ਕੌਣ ਹੋ ਸਕਦੇ ਨੇ ਉਹ? ਕੀ ਪਏ ਕਰਦੇ ਨੇ ? ਜਾਸੂਸ ਤਾਂ ਨਹੀਂ ! ਮੇਰੇ ਖਿਆਲ ਵਿੱਚ, ਉਹਨਾਂ ਨੂੰ ਫੜ੍ਹਨਾ ਚਾਹੀਦਾ ਹੈ।"
ਪਰ ਨੀਂਦ ਨੇ, ਗੱਲ ਉੱਥੇ ਦੀ ਉੱਥੇ ਹੀ ਠੱਪ ਦਿੱਤੀ।
ਡੂੰਘੀ ਚਾਰੇ ਪਾਸੇ ਫੈਲੀ ਖ਼ਾਮੋਸ਼ੀ ਵਿੱਚ, ਭੀੜ ਭਾੜ ਤੋਂ ਬਚਦੇ, ਉਹ ਉਛਲਦੇ ਤੇ ਦੌੜਦੇ ਅੱਗੇ ਅੱਗੇ ਭੱਜੀ ਗਏ। ਘੋੜਿਆਂ ਨੇ ਮੂੰਹ ਮਾਰਨਾ ਬੰਦ ਕਰਕੇ ਆਪਣੇ ਕੰਨ ਚੁੱਕ ਲਏ।
ਦੂਰੋਂ ਗੋਲੀ ਦੀ ਠਾਹ ਦੀ ਆਵਾਜ਼ ਆਈ। ਆਵਾਜ਼ ਅਗਲੇ ਪਾਸਿਉਂ, ਸੱਜੇ ਵੱਲ ਨੂੰ ਆਈ ਸੀ, ਸ਼ਾਇਦ ਪਹਾੜ ਵੱਲੋਂ। ਇਸ ਚਾਰੇ ਪਾਸੇ ਫੈਲੀ ਚੁੱਪ ਚਾਂ ਵਿੱਚ ਇਹ ਆਵਾਜ਼ ਬੜੀ ਅਜੀਬ ਤੇ ਵੱਖਰੀ ਜਿਹੀ ਲੱਗਦੀ ਸੀ।
ਉਹ ਦੋਵੇਂ ਕਾਲੇ ਚਿਹਰੇ, ਅੱਗੇ ਨਾਲੋਂ ਵੀ ਵਧੇਰੇ ਤੇਜ਼ ਦੌੜ ਪਏ।
ਤਿੰਨ ਹੋਰ ਗੋਲੀਆਂ ਦੀ ਆਵਾਜ਼ । ਉਸੇ ਪਾਸਿਉਂ, ਪਹਾੜ ਵੱਲੋਂ ਸੱਜੇ ਹੱਥ। ਭਾਵੇਂ ਅੰਨ੍ਹੇਰਾ ਹੀ ਸੀ, ਪਰ ਖੇਡਾਂ ਦਿੱਸਦੀਆਂ ਸਨ। ਤੇ ਫਿਰ ਰਾਟ... ਰਟ... ਰਟ... ਟਟ... ਹੋਣ ਲੱਗ ਪਈ।
ਇਕ ਕਾਲਾ ਜਿਹਾ ਸਿਰ ਉਤਾਂਹ ਹੋਇਆ, ਫਿਰ ਇੱਕ ਹੋਰ। ਇਕ ਕਾਲ਼ਾ ਜਿਹਾ ਚਿਹਰਾ ਉੱਠ ਕੇ ਬੈਠ ਗਿਆ ਇਕ ਹੋਰ ਉੱਠ ਕੇ ਰਫ਼ਲਾਂ ਦੇ ਢੇਰ ਵਿੱਚੋਂ, ਆਪਣੀ ਖਾਸ ਰਫ਼ਲ ਟੋਲਣ ਲੱਗ ਪਿਆ।
“ਹਾਂ ਭਈ ਗਰਿਣਸਕੋ, ਕੁਝ ਸੁਣਿਆ ਈ ? ਕੀ ਸੀ ਇਹ ?"
"ਚੁੱਪ।"
"ਪਰ ਸੁਣ ਤੇ ਰਿਹਾ ਏਂ ਨਾ... ਕਸਾਕ।"
“ਚੁੱਪ ਕਰ ਜਾ, ਨਹੀਂ ਤਾਂ ਟੁੱਟੇ ਭੰਨਾ ਬਹੇਂਗਾ।"
ਪਹਿਲਾਂ ਬੋਲਣ ਵਾਲਾ ਇੱਧਰ ਉੱਧਰ ਵੇਖਣ ਲੱਗ ਪਿਆ, ਆਪਣੇ ਚੱਡੇ ਤੇ ਪਿੱਠ ਖੁਰਕਣ ਲੱਗ ਪਿਆ, ਫਿਰ ਦੋ ਚਾਰ ਕਦਮ ਪੁੱਟਦਾ ਉੱਥੇ ਜਾ ਪਹੁੰਚਿਆ, ਜਿੱਥੇ ਜ਼ਮੀਨ ਉੱਤੇ ਇੱਕ ਭੂਰਾ ਚੋਗਾ ਪਿਆ ਹੋਇਆ ਸੀ ਤੇ ਮਲਕੜੇ ਜਿਹੇ ਆਰਾਮ ਨਾਲ ਜਾ ਕੇ ਵਿੱਚ ਪੈ ਗਿਆ।
ਰਟ... ਰਟ... ਰਟ...
ਫਿਰ ਤਿੰਨ ਵੇਰ ਠਾਹ... ਠਾਹ... ਠਾਹ !
ਖੱਡਾਂ ਦੀ ਗੁਫਾ ਵਿੱਚ, ਝਟ ਕੁ ਲਈ ਚੰਗਿਆੜੀਆਂ ਜਿਹੀਆਂ ਨਿਕਲਦੀਆਂ ਦਿੱਸੀਆਂ।
"ਰੱਬ ਦੀ ਮਾਰ ਕੰਬਖਤਾਂ ਨੂੰ ! ਝਟ ਚੈਨ ਨਹੀਂ ਲੈਂਦੇ। ਲੋਕ ਥੱਕ ਕੇ ਚੂਰ ਹੋਏ ਪਏ ਨੇ, ਮਸਾਂ ਇਹਨਾਂ ਦੀ ਅੱਖ ਜੁੜਦੀ ਪਈ ਏ ਤੇ ਉਹ ਸੂਰ ਦੇ ਬੱਚੇ ਤਾੜ ਤਾੜ... ਤੜ... ਤੜ ਕਰਦੇ ਫਿਰ ਰਹੇ ਨੇ। ਰੱਬ ਕਰੇ, ਉਹਨਾਂ ਨਾਲ ਵੀ ਇੰਝੇ ਵਰਤੇ। ਲੜਾਈ ਹੋ ਰਹੀ ਹੋਵੇ, ਲੜੋ ਜਿੰਨਾਂ ਲੜਿਆ ਜਾਵੇ । ਭਲਾ ਇਹ ਕੀ ਹੋਇਆ, ਸੁੱਤੇ ਪਿਆਂ ਨੂੰ ਬੰਦਾ ਜਗਾਈ ਜਾਵੇ। ਸੁੱਤੇ ਨੂੰ ਤਾਂ ਰੱਬ ਵੀ ਨਾ ਛੇੜੇ। ਇਸ ਨਾਲ ਲੱਭਦਾ ਕੀ ਹੈ, ਆਪਣੇ ਕਾਰਤੂਸ ਹੀ ਫੂਕਣੇ ਹੋਏ ਨਾ... ਲੋਕਾਂ ਦੀ ਨੀਂਦ ਹਰਾਮ ਕਰੀ ਜਾਣੀ...।"
ਫਿਰ ਝੱਟ ਮਗਰੋਂ, ਘੋੜਿਆਂ ਦੇ ਘਾਹ ਖਾਣ ਦੀ ਚਰਰ ਚਰਰ ਵਿੱਚ ਇੱਕ ਸੁੱਤੇ ਆਦਮੀ ਦੇ ਸਾਹ ਰਲਣ ਲੱਗ ਪਏ।
16
ਦੁਹਾਂ ਦੌੜਦੇ ਬੰਦਿਆਂ ਵਿੱਚੋਂ ਅਗਲੇ ਨੇ ਲੰਮਾ ਸਾਹ ਲਿਆ 'ਤੇ ਕਹਿਣ ਲੱਗਾ:-
"ਪਰ ਉਹ ਗਏ ਕਿੱਧਰ ?"
ਉਸ ਦੇ ਸਾਥੀ ਨੇ ਦੋੜਦੇ ਦੌੜਦੇ ਹੀ ਕਿਹਾ:
"ਬਹੁਤੇ ਦੂਰ ਨਹੀਂ। ਉਸ ਰੁੱਖ ਹੇਠਾਂ, ਸੜਕ ਉੱਤੇ।"
ਉਹ ਚੀਖ਼ਿਆ:
"ਬੇਬੇ ਗੋਰਪੀਨਾ।"
ਅਨ੍ਹੇਰੇ ਵਿੱਚੋਂ ਕਿਸੇ ਪੁੱਛ ਕੀਤੀ
"ਕੀ ਗੱਲ ਏ?"
"ਤੂੰ ਉੱਥੇ ਏਂ ?"
"ਅਸੀਂ ਇੱਥੇ ਸਹੀ ਸਲਾਮਤ ਹਾਂ।"
"ਛੱਕੜਾ ਕਿੱਥੇ ਏ ?"
"ਅਹੁ ਵੇਖਾਂ, ਜਿੱਥੇ ਤੂੰ ਖਲ੍ਹਤਾ ਹੋਇਆ ਏਂ। ਖੱਡ ਦੇ ਸੱਜੇ ਹੱਥ।"
ਫਿਰ ਅੰਨ੍ਹੇਰੇ ਵਿੱਚੋਂ ਰੁੰਨੀ ਹੋਈ, ਇਕ ਮਾਸੂਮ ਜਿਹੀ ਆਵਾਜ਼ ਆਈ।
"ਆਹ, ਸਟੈਪਨ, ਸਟੈਪਨ! ਬੱਚੇ ਦੀ ਮੌਤ ਹੋ ਗਈ!"
ਮੁਟਿਆਰ ਮਾਂ ਨੇ ਆਪਣੀਆਂ ਬਾਹਾਂ ਅਗੇਰੇ ਵਧਾਈਆਂ ਤੇ ਬੱਚਾ ਉਸਦੇ ਹਵਾਲੇ ਕਰ ਦਿੱਤਾ। ਸਟੈਪਨ ਨੇ ਠੰਡੀ ਠਾਰ ਪੋਟਲੀ ਜਿਹੀ ਹੱਥ ਵਿੱਚ ਫੜ੍ਹ ਲਈ, ਜਿਸ ਵਿੱਚੋਂ ਸਖਤ ਬਦਬੂ ਆ ਰਹੀ ਸੀ। ਉਸ ਆਪਣਾ ਸਿਰ ਸਟੈਪਨ ਦੀ ਛਾਤੀ ਨਾਲ ਲਾ ਦਿੱਤਾ ਤੇ ਅੰਨ੍ਹੇਰੇ ਨੂੰ ਝੂਣਦੇ, ਉਸ ਦੇ ਡਸਕੋਰੇ ਨਿਕਲਣ ਲੱਗ ਪਏ।
"ਉਹ ਜਾਂਦਾ ਰਿਹਾ, ਸਟੈਪਨ।"
ਤੀਵੀਂਆਂ ਨੀਂਦ ਜਾਂ ਥਕੇਵੇਂ ਦੀ ਪਰਵਾਹ ਨਾ ਕਰਦੀਆਂ ਹੋਈਆਂ ਉਸ ਦੇ ਦੁਆਲੇ ਆ ਖਲ੍ਹਤੀਆਂ। ਉਹਨਾਂ ਦੇ ਪਰਛਾਵੇਂ ਛੱਕੜੇ ਉੱਤੇ ਪੈ ਰਹੇ ਸਨ । ਉਹਨਾਂ ਛਾਤੀ ਉੱਤੇ ਕ੍ਰਾਸ ਦਾ ਚਿੰਨ੍ਹ ਬਣਾ ਲਿਆ ਤੇ ਸਮਝਾਉਣ ਲੱਗ ਪਈਆਂ।
"ਪਹਿਲੀ ਵੇਰਾਂ ਰੋਈ ਏ ਨਾ।"
"ਹੌਲੀ ਹੌਲੀ ਸੰਭਲ ਜਾਵੇਗੀ।"
"ਉਸ ਦੇ ਦੁੱਧ ਦਾ ਕੁਝ ਕਰਨਾ ਚਾਹੀਦਾ ਹੈ, ਨਹੀਂ ਤਾਂ ਬਾਉਰੀ ਹੋ ਜਾਵੇਗੀ।"
ਇੱਕ ਮਗਰੋਂ ਇੱਕ ਤੀਵੀਆਂ ਉਸ ਦੀਆਂ ਆਕੜੀਆਂ ਹੋਈਆਂ ਛਾਤੀਆਂ ਟੋਹ ਕੇ ਵੇਖਣ ਲੱਗ ਪਈਆਂ।
"ਪੱਥਰ ਹੋਏ ਹੋਏ ਨੇ !"
ਫਿਰ ਉਹਨਾਂ ਪ੍ਰਾਰਥਨਾ ਕੀਤੀ ਤੇ ਡੋਡੀਆਂ ਨੂੰ ਮੂੰਹ ਵਿੱਚ ਲੈ ਕੇ ਦੁੱਧ ਖਿੱਚਣ ਲੱਗ ਪਈਆਂ। ਦੁੱਧ ਮੂੰਹ ਵਿੱਚ ਆਉਂਦਿਆਂ ਹੀ ਉਹ ਤਿੰਨ ਪਾਸੇ ਕ੍ਰਾਸ ਦਾ ਚਿੰਨ੍ਹ ਬਣਾ ਕੇ ਚੁਲੀ ਕਰ ਛੱਡਦੀਆਂ।
ਆਦਮੀ, ਕੰਡੇਦਾਰ ਝਾੜੀਆਂ ਵਿੱਚ, ਅੰਨ੍ਹੇਰੇ ਵਿੱਚ ਟੋਆ ਪੁੱਟਣ ਲੱਗ ਪਏ। ਮਿੱਟੀ ਕੱਢ ਕੇ, ਉਹਨਾਂ ਲੋਥ ਵਿੱਚ ਰੱਖ ਕੇ, ਉੱਪਰੋਂ ਮਿੱਟੀ ਪਾ ਦਿੱਤੀ।
"ਸਟੈਪਨ, ਉਹ ਮਰ ਗਿਆ।"
ਅੰਨ੍ਹੇਰੇ ਵਿੱਚ ਆਦਮੀ ਨੇ ਸਿਰ ਉੱਤੇ ਲਮਕਦੀ ਟਹਿਣੀ ਨੂੰ ਹੱਥ ਵਿੱਚ ਲੈ ਲਿਆ ਤੇ ਬੱਚਿਆਂ ਵਾਂਗ ਦੁੱਖ ਦਾ ਮਾਰਿਆ ਸਿਸਕਣ ਲੱਗ ਪਿਆ ਤੇ ਤੀਵੀਂ ਡਸਕਰੇ ਭਰਦੀ ਤੇ ਚੀਖਾਂ ਮਾਰਦੀ, ਉਸ ਦੇ ਗਲ ਦੁਆਲੇ ਬਾਹਾਂ ਵਲ੍ਹੇਟ ਕੇ ਹੰਝੂ ਵਹਾਣ ਲੱਗ ਪਈ:
"ਸਟੈਪਨ, ਸਟੈਪਨ, ਸਟੈਪਨ!"
ਅੰਨ੍ਹੇਰੇ ਵਿੱਚ ਵੀ ਉਸ ਦੀਆਂ ਗੱਲ੍ਹਾਂ ਉੱਤੇ ਹੰਝੂ ਚਮਕ ਰਹੇ ਸਨ।
"ਉਹ ਜਾਂਦਾ ਰਿਹਾ ਸਟੈਪਨ ਮੌਤ ਹੋ ਗਈ ਸਟੈਪਨ।"
17
ਚਾਰੇ ਪਾਸੇ ਰਾਤ ਰਾਣੀ ਦੀਆਂ ਰਿਸ਼ਮਾਂ ਫੈਲੀਆਂ ਹੋਈਆਂ ਸਨ । ਨਾ ਕਿਤੇ ਅੱਗ, ਨਾ ਰੌਲਾ। ਕੇਵਲ ਘੋੜਿਆਂ ਦੇ ਮੂੰਹ ਵਿੱਚ ਘਾਹ ਲੈ ਕੇ ਚਰਰ ਚਰਰ ਕਰਨ ਦੀ ਆਵਾਜ਼। ਤੇ ਫਿਰ ਛੇਤੀ ਹੀ, ਉਹਨਾਂ ਦੀ ਹਿਲਜੁੱਲ ਵੀ ਰੁੱਕ ਗਈ ਤੇ ਕੁਝ ਜ਼ਮੀਨ ਉੱਤੇ ਲੰਮੇ ਪੈ ਗਏ। ਦਿਨ ਚੜ੍ਹਨ ਵਾਲਾ ਸੀ । ਪਹਾੜਾਂ ਦੇ ਪੈਰਾਂ ਵਿੱਚ ਇੱਡਾ ਵੱਡਾ ਕਾਫਲਾ ਸੁੱਤਾ ਪਿਆ ਸੀ ।
ਬਸ ਕੇਵਲ ਇੱਕ ਥਾਂ, ਰਾਤ ਦਾ ਅੰਨ੍ਹੇਰਾ, ਨੀਂਦ ਦੀ ਬੇਵਸੀ ਦਾ ਜਾਦੂ ਨਾ ਖਲੋਰ ਸਕਿਆ। ਸ਼ਾਂਤ ਬਾਗ ਦੇ ਰੁੱਖਾਂ ਵਿੱਚ ਚਾਨਣਾ ਚਮਕ ਰਿਹਾ ਸੀ। ਕੇਵਲ ਇੱਕ ਬੰਦਾ ਸਾਰਿਆਂ ਦੀ ਰਾਖੀ ਕਰ ਰਿਹਾ ਸੀ।
ਬਲੂਤ ਦੇ ਲੱਕੜ ਦੀ ਬਾਰੀਆਂ ਵਾਲੇ ਵੱਡੇ ਕਮਰੇ ਵਿੱਚ ਟੰਗੀਆਂ ਵੱਡੀਆਂ ਤਸਵੀਰਾਂ ਵਿੱਚ, ਸੰਗੀਨਾਂ ਮਾਰ ਮਾਰ ਕੇ, ਮੋਰੀਆਂ ਕੀਤੀਆਂ ਪਈਆਂ ਸਨ। ਮੇਜ਼ ਉਤੇ ਮੋਮਬੱਤੀ ਦਾ ਫਿੱਕਾ ਫਿੱਕਾ ਚਾਨਣਾ ਪੈ ਰਿਹਾ ਸੀ ਤੇ ਸਿਪਾਹੀ ਦਰਵਾਜ਼ਿਆਂ ਤੇ ਖਿੜਕੀਆਂ ਉੱਤੋਂ ਭਾਰੇ ਕੀਮਤੀ ਪਰਦੇ ਲਾਹ ਕੇ ਹੇਠਾਂ ਵਿਛਾਈ ਘੂਕ ਸੁੱਤੇ, ਘੁਰਾੜੇ ਮਾਰਨ ਲੱਗੇ ਹੋਏ ਸਨ। ਗੁੱਠਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਫ਼ਲਾਂ ਦੇ ਢੇਰ ਲੱਗੇ ਹੋਏ ਸਨ । ਹਵਾ ਵਿੱਚ ਬੰਦਿਆਂ ਤੇ ਘੋੜਿਆਂ ਦੇ ਪਸੀਨਿਆਂ ਦੀ ਬੋ ਰਚੀ ਹੋਈ ਸੀ।
ਬੂਹੇ ਵਿੱਚੋਂ ਇੱਕ ਮਸ਼ੀਨਗੰਨ ਦਾ ਮੂੰਹ ਬਾਹਰ ਵੱਲ ਨੂੰ ਨਿਕਲਿਆ ਹੋਇਆ ਸੀ।
ਕੋਜ਼ੂਖ, ਬਲੂਤ ਦੇ ਵੱਡੇ ਚਿਤਰਕਾਰੀ ਵਾਲੇ ਮੇਜ਼ ਉੱਤੇ ਜੋ ਖਾਣ ਵਾਲੇ ਕਮਰੇ ਜਿੱਡਾ ਲੰਮਾ ਸੀ, ਇੱਕ ਨਕਸ਼ੇ ਉੱਤੇ ਅੱਖਾਂ ਜੋੜੀ ਬੈਠਾ ਹੋਇਆ ਸੀ। ਮੋਮਬੱਤੀ ਦੀ ਕੰਬਦੀ
ਲੋਅ ਵਿੱਚ ਫਰਸ਼, ਕੰਧਾਂ ਤੇ ਚਿਹਰਿਆਂ ਉੱਤੇ ਕਈ ਤਰ੍ਹਾਂ ਦੇ ਪਰਛਾਵੇਂ ਹਿੱਲ ਰਹੇ ਸਨ।
ਉਸ ਦਾ ਐਡਜੂਟੈਂਟ ਵੀ ਨਕਸ਼ੇ ਉੱਤੇ ਵਾਹੇ ਸਮੁੰਦਰ ਤੇ ਪਹਾੜਾਂ ਦੇ ਸਿਲਸਲਿਆਂ ਉੱਤੇ ਝੁੱਕਿਆ ਹੋਇਆ ਸੀ।
ਇਕ ਅਰਦਲੀ ਚਮੜੇ ਦਾ ਥੈਲਾ, ਪਿੱਠ ਪਿੱਛੇ ਰਫ਼ਲ ਤੇ ਲੱਕ ਨਾਲ ਤਲਵਾਰ ਲਟਕਾਈ, ਤਿਆਰ-ਬਰ-ਤਿਆਰ ਖੜ੍ਹਤਾ ਹੋਇਆ ਸੀ। ਉਸ ਉਤੇ ਵੀ ਮੋਮਬੱਤੀ ਦਾ ਪਰਛਾਵਾ ਪੈ ਰਿਹਾ ਸੀ।
ਝੱਟ ਕੁ ਲਈ ਲਾਟ ਸਿੱਧੀ ਹੋਈ ਤੇ ਸਾਰੇ ਪਰਛਾਵੇਂ ਜਿਉਂ ਖਲ੍ਹੇ ਗਏ।
"ਇਸ ਖੰਡ ਕੋਲ ਦੀ," ਸਹਾਇਕ ਨੇ ਉਂਗਲ ਨਕਸ਼ੇ ਉੱਤੇ ਧਰਦਿਆਂ ਆਖਿਆ, "ਉਹ ਸਾਡੇ ਉੱਤੇ ਹਾਲਾਂ ਵੀ ਹਮਲਾ ਕਰ ਸਕਦੇ ਨੇ ।"
“ਇੱਥੋਂ ਨਹੀਂ ਲੰਘ ਸਕਦੇ। ਏਡੇ ਉੱਚੇ ਅਲੰਘ ਪਹਾੜ ਨੇ, ਇੱਥੋਂ ਕਿਵੇਂ ਲੰਘ ਕੇ, ਸਾਨੂੰ ਹੱਥ ਪਾ ਸਕਦੇ ਨੇ ।"
ਸਹਾਇਕ ਦੇ ਹੱਥ ਉੱਤੇ ਥੋੜੀ ਜਿਹੀ ਪੰਘਰੀ ਹੋਈ ਮੋਮ ਡਿੱਗ ਪਈ।
"ਸਾਨੂੰ ਇਸ ਮੋੜ ਉੱਤੇ ਪਹੁੰਚ ਜਾਣਾ ਚਾਹੀਦਾ ਹੈ; ਫਿਰ ਅਸੀਂ ਉਹਨਾਂ ਦੇ ਹੱਥ ਨਹੀਂ ਆਉਂਦੇ। ਇੰਝ ਕਰਨ ਲਈ, ਸਾਨੂੰ ਝੱਟ ਟੁਰਨ ਦੀ ਕਰਨੀ ਚਾਹੀਦੀ ਹੈ।"
"ਕੋਈ ਖੁਰਾਕ ਨਹੀਂ ਕੋਲ।"
"ਕੀ ਕਰਨਾ ਏ। ਇੱਥੇ ਰੁਕਣ ਨਾਲ ਕਿਹੜਾ ਕਿਤੇ ਮਿਲ ਜਾਣੀ ਏ। ਆਪਣੇ ਆਪ ਨੂੰ ਬਚਾਣ ਦਾ ਇੱਕੋ ਤਰੀਕਾ ਹੈ, ਕਿ ਇੱਥੋਂ ਟੁਰ ਪਿਆ ਜਾਵੇ । ਕਮਾਂਡਰ ਸੱਦੇ ਗਏ ਹਨ ਜਾਂ ਨਹੀਂ ?"
"ਉਹ ਆ ਰਹੇ ਨੇ," ਅਰਦਲੀ ਨੇ ਆਖਿਆ ਤੇ ਕਈ ਪਰਛਾਵੇਂ ਉਸ ਦੇ ਮੂੰਹ ਤੇ ਧੌਣ ਉੱਤੇ ਨੱਚ ਉੱਠੇ।
ਬਸ ਉੱਚੀਆਂ ਉੱਚੀਆਂ ਬਾਰੀਆਂ ਵਿੱਚ ਵੀ ਘੁੱਪ ਅੰਨ੍ਹੇਰਾ ਪਸਰਿਆ ਰਿਹਾ।
ਰਟ-ਟਟ-ਟਟ-ਟਟ-ਟਾ-ਟਾ-
ਦੂਰੋਂ ਪੱਬੀਆਂ ਵਿੱਚ, ਫਿਰ ਤੜ ਤੜ ਦੀ ਆਵਾਜ਼ ਅੰਨ੍ਹੇਰੇ ਨੂੰ ਚੀਰਦੀ ਲੰਘ ਗਈ ਤੇ ਇੱਕ ਭੈ ਸਹਿਮ ਦੀ ਹਵਾ ਚਾਰੇ ਪਾਸੇ ਖਿਲਰ ਗਈ।
ਪੌੜੀਆਂ ਵਰਾਂਡਾ ਤੇ ਫਿਰ ਖਾਣ-ਵਾਲੇ ਕਮਰੇ ਵਿੱਚ, ਭਾਰੇ ਭਾਰੇ ਪੈਰਾਂ ਦੀ ਆਵਾਜ਼ ਉਸ ਭੈ ਨੂੰ ਜਾਂ ਭੈ ਦੀ ਸੂਚਨਾ ਨੂੰ, ਹੋਰ ਨੇੜੇ ਲੈ ਆਈ। ਉਸ ਪਤਲੀ ਜਿਹੀ ਮੋਮਬੱਤੀ ਦੀ ਲੋਅ ਵਿੱਚ ਵੀ ਕਮਾਂਡਰਾਂ ਦੇ ਚਿਹਰਿਆਂ ਉੱਤੇ ਪਈ ਧੂੜ ਸਾਫ਼ ਦਿਖਾਈ ਦੇਂਦੀ ਸੀ। ਲਗਾਤਾਰ ਧੁੱਪ ਵਿੱਚ ਟੁਰਨ ਨਾਲ ਤੇ ਥਕੇਵੇਂ ਦੇ ਮਾਰੇ ਹੋਏ ਹੋਣ ਕਰਕੇ, ਉਹਨਾਂ ਦੇ ਚਿਹਰੇ ਨਿਕਲੇ ਹੋਏ ਤੇ ਤਣੇ ਹੋਏ ਸਨ।
"ਕਿਵੇਂ ਰਹੀ?" ਕੋਜੂਖ ਨੇ ਪੁੱਛਿਆ।
"ਅਸਾਂ ਉਹਨਾਂ ਨੂੰ ਪਿੱਛੇ ਧੱਕ ਦਿੱਤਾ।"
ਖਾਣ ਵਾਲੇ ਕਮਰੇ ਵਿੱਚ ਜਿਉਂ ਅਫੜਾ-ਤਫੜੀ ਮਚੀ ਹੋਈ ਹੋਵੇ।
“ਉਹ ਕੁਝ ਵੀ ਨਹੀਂ ਕਰ ਸਕਦੇ।" ਇਕ ਹੋਰ ਆਦਮੀ ਨੇ ਭਾਰੀ ਜਿਹੀ ਆਵਾਜ਼ ਵਿੱਚ ਆਖਿਆ। "ਜੇ ਉਹਨਾਂ ਕੋਲ ਤੋਪਖਾਨਾ ਹੁੰਦਾ, ਤਾਂ ਇਕ ਵੱਖਰੀ ਗੱਲ ਹੀ ਹੋਣੀ ਸੀ। ਉਹਨਾਂ ਕੋਲ ਘੋੜੇ ਉੱਤੇ ਲੱਦੀ ਇੱਕੋ ਮਸ਼ੀਨਗੰਨ ਹੈ।"
ਇੰਝ ਲੱਗਦਾ ਸੀ, ਜਿਉਂ ਕੋਜੂਖ ਦਾ ਚਿਹਰਾ ਪੱਥਰ ਵਿੱਚੋਂ ਘੜ੍ਹਿਆ ਹੋਇਆ ਹੋਵੇ। ਉਸ ਨੱਕ-ਮੂੰਹ ਵਟਿਆ ਤੇ ਉਸ ਦੇ ਭਾਰੇ ਭਰਵੱਟਿਆਂ ਨੇ ਜਿਉਂ ਉਸ ਦੀਆਂ ਅੱਖਾਂ ਕੱਜ ਲਈਆਂ। ਸਭ ਜਾਣਦੇ ਸਨ ਕਿ ਉਹ ਕਸਾਕਾਂ ਦੇ ਹਮਲੇ ਕਰਕੇ ਪ੍ਰੇਸ਼ਾਨ ਨਹੀਂ ਸੀ।
ਸਭ ਮੇਜ਼ ਦੇ ਆਲੇ ਦੁਆਲੇ ਖਲ੍ਹਤੇ ਹੋਏ ਸਨ। ਕੋਈ ਸਿਗਰਟ ਪੀ ਰਿਹਾ ਸੀ, ਕੋਈ ਇੱਕ ਸੁੱਕੀ ਰੋਟੀ ਹੱਥ ਵਿੱਚ ਫੜੀ ਮੂੰਹ ਮਾਰ ਰਿਹਾ ਸੀ ਤੇ ਕਈ ਥਕੇ ਟੁੱਟੇ ਮੇਜ਼ ਉੱਤੇ ਪਏ ਨਕਸ਼ੇ ਦੇ ਰੰਗਾਂ ਵਿੱਚ ਗੁਆਚੇ ਹੋਏ ਸਨ।
ਕੋਜੂਖ ਮੂੰਹ ਘੁੱਟਦਾ ਬੋਲੀ ਗਿਆ:
"ਤੁਸੀਂ ਹੁਕਮ ਨਹੀਂ ਮੰਨਦੇ।"
ਥੱਕੇ ਹੋਏ ਚਿਹਰਿਆਂ ਤੇ ਸੁੱਕੀਆਂ ਧੌਣਾਂ ਉੱਤੇ ਪਰਛਾਵੇਂ ਪੈਣ ਲੱਗ ਪਏ; ਸਾਰੇ ਕਮਰੇ ਵਿੱਚ ਉੱਚੀਆਂ ਉੱਚੀਆਂ ਆਵਾਜ਼ਾਂ ਉੱਠਣ ਲੱਗ ਪਈਆਂ, ਜਿਉਂ ਹੁਕਮ ਦੇਣ ਲੱਗਿਆਂ ਖੁੱਲ੍ਹੀਆਂ ਥਾਵਾਂ ਵਿੱਚ ਅਕਸਰ ਹੁੰਦਾ ਏ।
"ਤੁਸਾਂ ਸਿਪਾਹੀਆਂ ਨੂੰ ਮਾਰ ਕੇ ਰੱਖ ਦਿੱਤਾ ਏ..
“ਮੇਰੀ ਯੂਨਿਟ ਬਿਲਕੁਲ ਮਰੀ ਮੁੱਕੀ ਪਈ ਹੈ, ਮੈਂ ਉਹਨਾਂ ਨੂੰ ਬਿਲਕੁਲ ਨਹੀਂ ਆਖਦਾ ਕਿ ਤਿਆਰ ਹੋ ਕੇ ਟੁਰ ਪੈਣ।"
"ਜਦ ਅਸੀਂ ਥੋੜ੍ਹਾ ਰੁਕੇ, ਮੇਰੇ ਬੰਦੇ ਸਿੱਧੇ ਜ਼ਮੀਨ ਉੱਤੇ ਡਿੱਗ ਪਏ। ਉਹਨਾਂ ਕੋਲੋਂ ਉੱਠ ਕੇ ਅੱਗ ਵੀ ਨਾ ਬਾਲੀ ਗਈ। ਮੋਇਆਂ ਬਰਾਬਰ ਸਨ।"
"ਇਸ ਤਰ੍ਹਾਂ ਟੁਰ ਪੈਣਾ ਬਿਲਕੁਲ ਅਸੰਭਵ ਗੱਲ ਹੈ। ਜੇ ਇੰਝ ਹੀ ਹੁੰਦਾ ਰਿਹਾ ਤਾਂ ਸਿਪਾਹੀਆਂ ਨੂੰ ਅਸੀਂ ਮਾਰ ਛੱਡਾਂਗੇ ।"
"ਬਿਲਕੁਲ ਸੱਚੀ ਗੱਲ ਹੈ।"
ਕੋਜ਼ੂਖ ਦਾ ਚਿਹਰਾ ਪਥਰਾਇਆ ਹੋਇਆ ਸੀ। ਭਰਵੱਟਿਆਂ ਹੇਠ ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ, ਵੇਖਣ ਨਾਲੋਂ ਦੂਰੋਂ ਆਉਂਦੀ ਆਵਾਜ਼ ਨੂੰ ਸੁਣਨ ਦਾ ਕੰਮ ਵਧੇਰੇ ਕਰ ਰਹੀਆਂ ਸਨ । ਖੁੱਲ੍ਹੀਆਂ ਖਿੜਕੀਆਂ ਵਿੱਚ ਉਸੇ ਤਰ੍ਹਾਂ ਅੰਨ੍ਹੇਰਾ ਗੋਠ ਮਾਰੀ ਬੈਠਾ ਰਿਹਾ, ਇਸ ਤੋਂ ਬਾਹਰ ਥੱਕੀ ਹਾਰੀ ਰਾਤ ਊਂਘਾਂ ਲੈ ਰਹੀ ਸੀ, ਸ਼ਾਇਦ ਕੁਝ ਤਣਾਅ ਘਟਿਆ ਹੋਇਆ ਸੀ। ਭਾਵੇਂ ਖੇਡਾਂ ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨਹੀਂ ਸੀ ਆਈ, ਪਰ ਅੰਨ੍ਹੇਰਾ ਹੋਰ ਸੰਘਣਾ ਹੋ ਗਿਆ ਜਾਪਦਾ ਸੀ।
"ਜੇ ਹੋਵੇ, ਮੈਂ ਤਾਂ ਆਪਣੀ ਯੂਨਿਟ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ।" ਇਕ ਰਜਮੈਂਟ ਦਾ ਕਮਾਂਡਰ ਇਉਂ ਬੋਲਿਆ ਜਿਉਂ ਜ਼ੋਰ ਦੀ ਹੁਕਮ ਚਾੜ੍ਹ ਰਿਹਾ ਹੋਵੇ।
“ਮੈਂ ਸਦਾਚਾਰਕ ਤੌਰ 'ਤੇ ਉਹਨਾਂ ਬੰਦਿਆਂ ਦੀ ਜ਼ਿੰਦਗੀ, ਸਿਹਤ ਤੇ ਕਿਸਮਤ ਦਾ ਜ਼ਿੰਮੇਵਾਰ ਹਾਂ ਜੋ ਮੈਨੂੰ ਸੌਂਪੇ ਗਏ ਨੇ।"
"ਠੀਕ ਗੱਲ ਹੈ।" ਇੱਕ ਬ੍ਰਿਗੇਡ ਕਮਾਂਡਰ, ਆਪਣੇ ਅਹੁਦੇ ਤੇ ਸਰੀਰ ਦੇ ਭਾਰ ਨੂੰ ਤੋਲਦਾ ਬੋਲਿਆ।
ਉਹ ਬਾਕਾਇਦਾ ਫੌਜ ਦਾ ਅਫ਼ਸਰ ਸੀ ਤੇ ਉਸ ਦੇ ਵਿਚਾਰ ਵਿੱਚ ਇਹੀ ਉਹ ਸਮਾਂ ਸੀ ਕਿ ਉਹ ਆਪਣਾ ਆਪ ਤੇ ਆਪਣੇ ਤਜ਼ਰਬੇ ਦੱਸੇ, ਜੋ ਜ਼ਾਰਸ਼ਾਹੀ ਦੇ ਸੂਝਵਾਨਾਂ ਅੱਗੇ ਉਹ ਨਹੀਂ ਸੀ ਦੱਸ ਸਕਿਆ।
"ਬਿਲਕੁਲ ਠੀਕ ਤੇ ਨਾਲ, ਕੂਚ ਦੇ ਹੁਕਮ ਵੀ ਚੰਗੀ ਤਰ੍ਹਾਂ ਸੋਚੇ ਵਿਚਾਰੇ ਨਹੀਂ ਗਏ। ਯੂਨਿਟਾਂ ਨੂੰ ਕਿਸੇ ਵੱਖਰੇ ਢੰਗ ਨਾਲ ਰੱਖਣਾ ਚਾਹੀਦਾ ਹੈ ਨਹੀਂ ਤਾਂ, ਸਾਰੇ ਦੇ ਸਾਰੇ, ਕਿਸੇ ਵੇਲੇ ਵੱਢੇ ਜਾਣਗੇ।"
"ਪਰ, ਜੇ ਮੈਂ ਉਹਨਾਂ ਵਿੱਚੋਂ ਹੁੰਦਾ," ਕੀਊਬਨ ਜਵਾਨਾਂ ਦਾ ਇੱਕ ਪਤਲਾ ਜਿਹਾ ਕਮਾਂਡਰ ਸਰਕੇਸ਼ੀਅਨ ਕੋਟ ਪਾਈ ਤੇ ਗਾਤਰੇ ਵਿੱਚ ਚਾਂਦੀ ਦੀ ਤਲਵਾਰ, ਸਿਰ ਉੱਤੇ ਢਿਲਕੀ ਜਿਹੀ ਫਰ ਦੀ ਟੋਪੀ ਪਾਈ, ਵਿੱਚੋਂ ਬੋਲ ਪਿਆ। "ਜੇ ਮੈਂ ਉਹਨਾਂ ਕਸਾਕਾਂ ਵਿੱਚੋਂ ਹੁੰਦਾ, ਸੱਚ ਆਖਦਾ ਹਾਂ, ਮੈਂ ਖੱਡ ਵਿੱਚੋਂ ਨਿਕਲ ਕੇ ਪੈ ਜਾਂਦਾ ਤੇ ਸਾਡੀ ਇੱਕ ਬੰਦੂਕ ਵੀ, ਏਸ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗਦਾ ਕਿ ਕੀ ਹੋ ਰਿਹਾ ਹੈ, ਖੋਹ ਲਈ ਗਈ ਹੁੰਦੀ।"
"ਨਾ ਕੋਈ ਤਜਵੀਜ਼, ਨਾ ਹੁਕਮ! ਅਸੀਂ ਹਾਂ ਵੀ ਕੀ, ਇੱਕ ਦਲ, ਬੇਤਰਤੀਬ ਇੱਜੜ?"
ਫਿਰ ਕੋਜ਼ੂਖ, ਹੌਲੀ ਹੌਲੀ ਤੇ ਸਾਫ ਸਪੱਸ਼ਟ ਸ਼ਬਦਾਂ ਵਿੱਚ ਆਖਣ ਲੱਗਾ:
"ਕਮਾਂਡ ਕਿਸੇ ਦੇ ਹੱਥ ਵਿੱਚ ਹੈ? ਤੁਹਾਡੇ ਜਾਂ ਮੇਰੇ ?"
ਕਮਰੇ ਦੇ ਅਸ਼ਾਂਤ ਵਾਤਾਵਰਣ ਵਿੱਚ ਉਸ ਦੇ ਬੋਲ ਭਾਰੇ ਪੱਥਰ ਵਾਂਗ ਲਟਕ ਗਏ। ਉਸ ਦੀਆਂ ਛੇਕ ਸੁੱਟਣ ਵਾਲੀਆਂ ਅੱਖਾਂ ਵਿੱਚ ਹਾਲਾਂ ਵੀ ਜਿਉਂ ਕੋਈ ਉਡੀਕ ਛੁਪੀ ਹੋਈ ਸੀ, ਪਰ ਇਹ ਕਿਸੇ ਉੱਤਰ ਦੀ ਉਡੀਕ ਨਹੀਂ ਸਨ ਕਰ ਰਹੀਆਂ।
ਫਿਰ ਪਰਛਾਵੇਂ ਨੱਚਣ ਲੱਗ ਪਏ - ਚਿਹਰਿਆਂ ਦੇ ਬਦਲੇ ਹੋਏ ਰੁਖ - ਸਗੋਂ ਚਿਹਰੇ ਹੀ ਬਦਲੇ ਹੋਏ। ਤੇ ਫਿਰ ਭਾਰੇ ਤੇ ਬੇਤੁਕੇ ਰੋਲੇ ਨਾਲ ਕਮਰਾ ਭਰ ਗਿਆ।
"ਅਸੀਂ ਕਮਾਂਡਰ ਵੀ ਉਸੇ ਤਰ੍ਹਾਂ ਜ਼ਿੰਮੇਵਾਰ ਹਾਂ, ਜਿਵੇਂ ਤੁਸੀਂ।"
"ਜ਼ਾਰ ਦੇ ਸਮੇਂ ਵੀ ਔਖੇ ਵੇਲੇ ਅਫ਼ਸਰਾਂ ਕੋਲ ਸਲਾਹ ਲਈ ਜਾਂਦੀ ਸੀ, ਹੁਣ ਤਾਂ ਖੈਰ ਗੱਲ ਹੀ ਇਨਕਲਾਬ ਦੀ ਹੈ।"
ਇਸ ਦਾ ਮੰਨਤਕ ਇਹ ਸੀ:
'ਤੂੰ ਇੱਕ ਬਿਲਕੁਲ ਉਜੱਡ ਬੰਦਾ ਹੈ, ਬਿਲਕੁਲ ਸਿੱਧਾ ਸਾਦਾ ਬੰਦਾ, ਜੋ ਵੇਲ਼ੇ ਦੀ ਨਜ਼ਾਕਤ ਨੂੰ ਬਿਲਕੁਲ ਨਹੀਂ ਸਮਝ ਸਕਦਾ। ਤੈਨੂੰ ਮੋਰਚੇ ਉੱਤੇ ਹੀ ਅਫ਼ਸਰ ਬਣਾ ਦਿੱਤਾ ਗਿਆ। ਜਿੱਥੇ ਜਦ ਬਾਕਾਇਦਾ ਅਫ਼ਸਰਾਂ ਦੀ ਥੁੜ੍ਹ ਹੋ ਜਾਵੇ ਤਾਂ ਐਰੇ ਗੈਰੇ ਦੀ ਵੀ ਤਰੱਕੀ ਕਰ ਦਿੱਤੀ ਜਾਂਦੀ ਹੈ। ਹੁਣ ਲੋਕਾਂ ਤੈਨੂੰ ਚੁਣਿਆ ਹੈ, ਪਰ ਲੋਕ ਤਾਂ ਅਕਸਰ ਅੰਨ੍ਹੇ ਹੁੰਦੇ ਨੇ।'
ਇਹ ਸਨ ਉਹ ਭਾਵ, ਜੇ ਚਿਹਰਿਆਂ ਅਤੇ ਪੁਰਾਣੀ ਫੌਜ ਦੇ ਪੇਸ਼ੇਵਰ ਅਫ਼ਸਰਾਂ ਦੇ ਰੁਖ਼ ਤੋਂ ਸਪੱਸ਼ਟ ਹੋ ਰਹੇ ਸਨ । ਜਦ ਕਿ ਉਹ ਕਮਾਂਡਰ, ਜੋ ਕੱਲ੍ਹ ਤੱਕ, ਨਾਈ, ਮੋਚੀ, ਤਰਖਾਣ
ਤੇ ਧੋਬੀ ਸਨ, ਇਹ ਆਖਦੇ ਜਾਪਦੇ ਸਨ:
'ਤੂੰ ਵੀ ਸਾਡੇ ਵਿੱਚੋਂ ਹੀ ਏਂ, ਤੇ ਕਿਸੇ ਗੱਲੋਂ ਸਾਡੇ ਨਾਲੋਂ ਚੰਗਾ ਨਹੀਂ! ਤੇਰੇ ਹੱਥ ਕਮਾਂਡ ਕਿਉਂ ਹੋਵੇ, ਤੇ ਸਾਡੇ ਹੱਥ ਨਾ ਹੋਵੇ ? ਅਸੀਂ ਸਭ ਕੁਝ ਕਰ ਸਕਦੇ ਹਾਂ, ਤੇ ਸਗੋਂ ਤੇਰੇ ਨਾਲੋਂ ਚੰਗਾ।'
ਕੋਜੂਖ, ਇਸ ਵਿਚਾਰਧਾਰਾ ਤੋਂ ਜਾਣੂ ਸੀ । ਉਸ ਨੂੰ ਅਣਬੋਲੀ ਆਲੋਚਨਾ ਦੀ ਸੂਝ ਸੀ ਤੇ ਉਹ ਸਮੇਂ ਦੀ ਉਡੀਕ ਵਿੱਚ, ਖਿੜਕੀਆਂ ਤੋਂ ਦੂਰ, ਅੰਨ੍ਹੇਰੇ ਵਿੱਚ ਨਿੱਕੀਆਂ ਨਿੱਕੀਆਂ ਅੱਖਾਂ ਨਾਲ ਘੂਰ ਰਿਹਾ ਸੀ।
ਤੇ ਇਸ ਸਬਰ ਨੂੰ ਬੂਰ ਪੈ ਗਿਆ।
ਬਹੁਤ ਦੂਰ, ਅੰਨ੍ਹੇਰੇ ਵਿੱਚ, ਰੌਲੇ ਦੀ ਇੱਕ ਮੱਧਮ ਜਿਹੀ ਆਵਾਜ਼ ਸੁਣਾਈ ਦਿੱਤੀ । ਹੌਲੀ ਹੌਲੀ ਇਹ ਆਵਾਜ਼ ਵੱਧਦੀ ਵੀ ਗਈ ਤੇ ਉੱਚੀ ਹੁੰਦੀ ਹੁੰਦੀ ਸਾਫ਼ ਸੁਣਨ ਲੱਗ ਪਈ। ਅੰਨ੍ਹੇਰੇ ਵਿੱਚ, ਰਾਤ ਦੇ ਭਾਰੇ ਪੈਰ, ਹੋਰ ਭਾਰੇ ਹੋ ਗਏ । ਪੈਰਾਂ ਦੇ ਧਮਾਕੇ ਵੱਧਦੇ ਗਏ.. ਨੇੜੇ ਨੇੜੇ ਹੁੰਦੇ ਗਏ ਤੇ ਫਿਰ ਸਭ ਕੁਝ ਰਲਗਡ ਹੋ ਗਿਆ। ਵਰਾਂਡੇ ਉੱਤੇ ਬੰਦਿਆਂ ਦੀ ਭੀੜ ਇਕੱਠੀ ਹੁੰਦੀ ਜਾ ਰਹੀ ਸੀ, ਤੇ ਇੱਕ ਦੇ ਪਿੱਛੇ ਇੱਕ, ਸਿਪਾਹੀਆਂ ਦੀ ਭੀੜ ਪੌੜੀਆਂ ਲੰਘਦੀ ਮੱਧਮ ਮੱਧਮ ਪੈਂਦੀ ਰੌਸ਼ਨੀ ਵਾਲੇ ਖਾਣ ਵਾਲੇ ਕਮਰੇ ਵਿੱਚ ਆ ਪਹੁੰਚੀ। ਜਦ ਤੱਕ ਕਮਰਾ ਨੱਕ ਨੱਕ ਭਰ ਨਾ ਗਿਆ, ਉਹ ਆਈ ਗਏ। ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਸੀ, ਉਹ ਕਈ ਅਤੇ ਇਕੋ ਜਿਹੇ ਸਨ। ਕਮਾਂਡਰ ਸੁੰਗੜ ਕੇ ਮੇਜ਼ ਉੱਤੇ ਪਏ ਨਕਸ਼ੇ ਵੱਲ ਹੋ ਗਏ। ਸੜ ਚੁੱਕੀ ਮੋਮਬੱਤੀ ਬਸ ਆਖਰੀ ਲੋਅ ਦੇਣ ਲੱਗੀ ਹੋਈ ਸੀ।
ਇਸ ਖਾਮੋਸ਼ੀ ਵਿੱਚ ਸਿਪਾਹੀ ਖੰਘੂਰੇ ਮਾਰਨ ਲੱਗ ਪਏ, ਨੱਕ ਸੁਣਕਨ ਲੱਗ ਪਏ, ਫਰਸ਼ ਉੱਤੇ ਥੁੱਕ ਸੁੱਟ ਕੇ ਉੱਪਰ ਬੂਟ ਰਗੜਨ ਲੱਗ ਪਏ ਤੇ ਸਿਗਰਟ ਦਾ ਧੂਆਂ ਛੱਡਣ ਲੱਗ ਪਏ । ਭੀੜ ਉੱਤੇ ਬਦ-ਸ਼ਗਨੀ ਦਾ ਧੂੰਆਂ ਖਿਲਰ ਗਿਆ।
"ਸਾਖਿਓ!"
ਘੁੱਪ ਅੰਨ੍ਹੇਰੇ ਕਮਰੇ ਵਿੱਚ ਚੁੱਪ-ਚਾਂ ਵਰਤ ਗਈ।
"ਸਾਖਿਓ!"
ਘੁੱਟੇ ਹੋਏ ਮੂੰਹ ਵਿੱਚੋਂ ਕੋਜ਼ੂਖ ਨੇ ਮਸਾਂ ਬੋਲ ਕਢੇ।
“ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਕੰਪਨੀਆਂ ਦੇ ਆਗੂਆਂ ਤੇ ਤੁਹਾਨੂੰ ਕਮਾਂਡਰ ਸਾਥੀਆਂ ਨੂੰ, ਕਿ ਸਾਡੀ ਹਾਲਤ ਕੀ ਹੈ। ਸਾਡੇ ਪਿੱਛੇ ਕਸਬੇ ਤੇ ਬੰਦਰਗਾਹ ਉੱਤੇ ਕਸਾਕਾਂ ਨੇ ਕਬਜ਼ਾ ਕਰ ਲਿਆ ਹੈ। ਲਗਭਗ ਵੀਹ ਹਜ਼ਾਰ ਫੱਟੜ ਤੇ ਬਿਮਾਰ, ਲਾਲ ਸੈਨਾ ਦੇ ਸਿਪਾਹੀ ਪਿੱਛੇ ਸਨ, ਤੇ ਸਭ ਨੂੰ ਕਸਾਕ ਅਫਸਰਾਂ ਦੇ ਹੁਕਮ ਨਾਲ ਮੌਤ ਦੀ ਨੀਂਦ ਸੁਆ ਦਿੱਤਾ ਗਿਆ ਹੈ। ਸਾਡੇ ਨਾਲ ਵੀ ਉਸੇ ਤਰ੍ਹਾਂ ਹੀ ਵਾਪਰਨੀ ਹੈ। ਕਸਾਕ ਸਾਡੇ ਤੀਜੇ ਦਸਤੇ ਦੇ ਬਿਲਕੁਲ ਪਿੱਛੇ ਪਿੱਛੇ ਹਨ। ਸਾਡੇ ਸੱਜੇ ਸਮੁੰਦਰ ਹੈ ਤੇ ਖੱਬੇ ਪਹਾੜ। ਵਿਚਕਾਰ ਲਾਂਘਾ ਹੈ, ਜਿਸ ਉੱਤੇ ਅਸੀਂ ਹੁਣ ਟੁਰੀ ਜਾ ਰਹੇ ਹਾਂ। ਕਸਾਕ ਪਹਾੜਾਂ ਪਿੱਛੋਂ ਦੀ ਸਾਡਾ ਪਿੱਛਾ ਕਰ ਰਹੇ ਹਨ ਤੇ ਦੁਰਗਾਂ ਵਿੱਚੋਂ ਲੰਘਦੇ ਉਹਨਾਂ ਸਾਨੂੰ ਆ ਅਪੜਨਾ ਹੈ, ਤਾਂ ਤੱਤਫਟ ਅਸਾਂ ਉਹਨਾਂ ਨੂੰ ਪਿੱਛੇ
ਮਾਰ ਭਜਾਣਾ ਹੈ। ਉਹ ਉਦੋਂ ਤੱਕ ਸਾਡੇ ਉੱਤੇ ਹਮਲਾ ਕਰਦੇ ਰਹਿਣਗੇ, ਜਦ ਤਕ ਅਸੀਂ ਉੱਥੇ ਨਹੀਂ ਪਹੁੰਚ ਜਾਂਦੇ, ਜਿੱਥੇ ਪਹਾੜਾਂ ਦੇ ਸਿਲਸਿਲੇ ਸਮੁੰਦਰ ਤੋਂ ਪਰੇ ਹਟ ਜਾਂਦੇ ਹਨ - ਉੱਥੇ ਬੜੇ ਉੱਚੇ ਤੇ ਵਿਸ਼ਾਲ ਪਹਾੜ ਹਨ, ਤੇ ਉੱਥੇ ਪਹੁੰਚ ਕੇ, ਅਸੀਂ ਕਸਾਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵਾਂਗੇ। ਇਸ ਲਈ ਸਾਨੂੰ, ਸਾਹਿਲ ਦੇ ਨਾਲ ਨਾਲ, ਟੁਆਪਸੇ ਤੱਕ ਇੱਥੋਂ ਤਿੰਨ ਸੌ ਮੀਲ ਦਾ ਫਾਸਲਾ ਜ਼ਰੂਰ ਨਬੇੜ ਲੈਣਾ ਚਾਹੀਦਾ ਹੈ। ਉੱਥੋਂ ਅਸੀਂ ਪਹਾੜਾਂ ਦੇ ਨਾਲ ਨਾਲ ਜਾਂਦੇ ਮੁੱਖ ਮਾਰਗ 'ਤੇ ਪਹੁੰਚ ਜਾਵਾਂਗੇ ਤੇ ਫਿਰ ਕੀਊਬਨ ਖੇਤਰ ਵਿੱਚ ਪਹੁੰਚ ਜਾਵਾਂਗੇ, ਜਿੱਥੇ ਸਾਡੀਆਂ ਮੁੱਖ ਫੌਜਾਂ ਇਕੱਤਰ ਹੋਈਆਂ ਹੋਈਆਂ ਹਨ। ਬਸ ਇਹੀ ਇੱਕ ਮੌਕਾ ਸਾਡੇ ਲਈ ਹੈ। ਜਿਵੇਂ ਹੋਵੇ, ਸਾਨੂੰ ਟੁਰ ਪੈਣਾ ਚਾਹੀਦਾ ਹੈ। ਸਾਡੇ ਕੋਲ ਖੁਰਾਕ ਕੇਵਲ ਪੰਜ ਦਿਨਾਂ ਲਈ ਹੈ, ਫਿਰ ਸਾਨੂੰ ਫਾਕੇ ਕਟਣੇ ਪੈਣਗੇ । ਸਾਨੂੰ ਬਸ ਇੱਥੋਂ ਟੁਰ ਪੈਣਾ ਚਾਹੀਦਾ ਹੈ, ਭਾਵੇਂ ਦੌੜਨਾ ਹੀ ਪਵੇ, ਬਿਨਾਂ ਭੁੱਖ-ਤੇਹ ਜਾਂ ਨੀਂਦ ਦੀ ਪਰਵਾਹ ਕੀਤਿਆਂ। ਭੱਜੇ ਬਗੈਰ ਸਾਡਾ ਗੁਜ਼ਾਰਾ ਨਹੀਂ। ਇਸੇ ਵਿੱਚ ਸਾਡਾ ਭਲਾ ਹੈ; ਤੇ ਜੇ ਅੱਗੋਂ ਸਾਡਾ ਰਾਹ ਰੁੱਕਿਆ ਦਿਸੇ, ਤਾਂ ਸਾਨੂੰ ਸਭ ਕੁਝ ਅੱਗੋਂ ਧੱਕ ਕੇ ਲੰਘ ਜਾਣਾ ਚਾਹੀਦਾ ਹੈ।"
ਉਹ ਬਿਨਾਂ ਕਿਸੇ ਵੱਲ, ਵਿਸ਼ੇਸ਼ ਤੌਰ 'ਤੇ ਵੇਖਣ ਦੇ ਰੁੱਕ ਗਿਆ। ਭਰੇ ਹੋਏ ਕਮਰੇ ਵਿੱਚ ਖਾਮੋਸ਼ੀ ਛਾ ਗਈ, ਬਸ ਚੁੱਪ-ਚਾਂ ਸੀ, ਜਾਂ ਅੱਧ ਪਚੱਧੀ ਸੜੀ ਹੋਈ ਮੋਮਬੱਤੀ ਵਿੱਚ, ਹਿਲਦੇ ਜੁਲਦੇ ਪਰਛਾਵੇਂ ਤੇ ਇੱਕ ਖਾਮੋਸ਼ੀ ਫੈਲੀ ਹੋਈ ਸੀ ਖਿੜਕੀਆਂ ਦੇ ਬਾਹਰ, ਦੂਰ ਸਮੁੰਦਰ ਦੇ ਫੈਲਾਅ ਤੀਕ।
ਸੈਂਕੜੇ ਅੱਖਾਂ ਕੋਜ਼ੂਖ ਦੇ ਚਿਹਰੇ ਉੱਤੇ ਟਿਕੀਆਂ ਹੋਈਆਂ ਸਨ।
ਉਸ ਦੇ ਵਟੇ ਹੋਏ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ।
"ਸੜਕ ਉੱਤੇ ਤੁਹਾਨੂੰ ਰੋਟੀ ਪਾਣੀ ਕੁਝ ਵੀ ਨਹੀਂ ਲੱਭੇਗਾ; ਸੋ ਮੈਦਾਨਾਂ ਵਿੱਚ ਪਹੁੰਚਣ ਤੱਕ, ਸਾਨੂੰ ਵਾਹੋਦਾਹੀ ਕਰਨੀ ਪਵੇਗੀ।"
ਆਪਣੀਆਂ ਅੱਖਾਂ ਨੀਵੀਆਂ ਕੀਤੇ ਹੋਏ ਉਹ ਰੁੱਕਿਆ ਤੇ ਅੱਗੋਂ ਕਹਿ ਗਿਆ:
“ਆਪਣਾ ਕਮਾਂਡਰ ਹੋਰ ਕੋਈ ਚੁਣ ਲਵੋ ਤੇ ਇਹ ਲਓ ਮੇਰਾ ਤਿਆਗ ਪੱਤਰ।"
ਮੋਮਬੱਤੀ ਪੂਰੀ ਸੜੀ ਚੁੱਕੀ ਸੀ; ਅੰਨ੍ਹੇਰਾ ਤੇ ਖਾਮੋਸ਼ੀ ਛਾਈ ਹੋਈ ਸੀ।
"ਹੋਰ ਮੋਮਬੱਤੀ ਕੋਈ ਨਹੀਂ ?"
"ਮੇਰੇ ਕੋਲ ਇੱਕ ਹੈ," ਐਡਜੂਟੈਂਟ ਨੇ ਆਖਿਆ। ਉਸ ਇੱਕ ਤੀਲੀ ਮਗਰੋਂ ਹੋਰ ਤੀਲੀ ਬਾਲੀ । ਝੱਟ ਕੁ ਲਈ, ਚਾਨਣ ਦੀ ਲੋਅ ਉਹਨਾਂ ਸੈਂਕੜੇ ਅੱਖਾਂ ਨੂੰ ਰੁਸ਼ਨਾ ਜਾਂਦੀ ਜੋ ਕੋਜੂਖਦੇ ਚਿਹਰੇ ਉੱਤੇ ਗਡੀਆਂ ਹੋਈਆਂ ਸਨ, ਤੇ ਫਿਰ ਘੁੱਪ ਅੰਨ੍ਹੇਰਾ ਸਭ ਕੁਝ ਨੂੰ ਨਿਗਲ ਜਾਂਦਾ। ਫਿਰ ਇੱਕ ਮੋਮੀ ਕਾਗਜ਼ ਬਲਿਆ ਤੇ ਅੰਨ੍ਹੇਰੇ ਦਾ ਕੜ ਟੁੱਟਾ। ਫਿਰ ਗੱਲਾਂ ਸ਼ੁਰੂ ਹੋ ਗਈਆਂ। ਫਿਰ ਕੋਈ ਥੁੱਕਣ ਲੱਗ ਪਿਆ, ਕੋਈ ਖੰਘੂਰੇ ਮਾਰਨ ਲੱਗ ਪਿਆ, ਕੋਈ ਨੱਕ ਸੁਣਕਣ ਲੱਗ ਪਿਆ ਤੇ ਕੋਈ ਫਰਸ਼ ਉੱਤੇ ਬੂਟ ਰਗੜਨ ਲੱਗ ਪਿਆ।
"ਸਾਥੀ ਕੋਜੂਖ,” ਬ੍ਰਿਗੇਡ ਕਮਾਂਡਰ, ਗੱਲਬਾਤ ਦੀ ਸੁਰ ਵਿੱਚ ਨਾ ਕਿ ਹੁਕਮ ਚਾੜ੍ਹਨ ਵਾਲੀ ਆਵਾਜ਼ ਵਿੱਚ, ਆਖਣ ਲੱਗਾ, "ਸਾਨੂੰ ਔਕੜਾਂ ਦਾ ਪਤਾ ਹੈ, ਭਿਆਨਕ
ਮੁਸੀਬਤਾਂ ਤੇ ਰੁਕਾਵਟਾਂ ਨੇ ਸਾਡੇ ਰਾਹ ਵਿੱਚ ਸਾਡੇ ਪਿੱਛੇ ਤਬਾਹੀ ਮੂੰਹ ਅੱਡੀ ਖਲ੍ਹਤੀ ਹੋਈ ਹੈ ਤੇ ਜੇ ਅਸਾਂ ਢਿੱਲ ਮੱਠ ਕੀਤੀ, ਸਭ ਨੂੰ ਬਰਬਾਦੀ ਦਾ ਮੂੰਹ ਵੇਖਣਾ ਪਵੇਗਾ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ, ਇੱਥੋਂ ਨਿਕਲ ਜਾਈਏ। ਬਸ ਤੇਰੇ ਕੋਲ ਹੀ ਸ਼ਕਤੀ ਤੇ ਸਾਧਨ ਹੈ ਕਿ ਇਸ ਮੁਸੀਬਤ ਵਿੱਚ ਫ਼ੌਜ ਨੂੰ ਕੱਢਿਆ ਜਾਵੇ। ਮੈਨੂੰ ਆਸ ਹੈ ਕਿ ਮੇਰੀ ਇਸ ਰਾਇ ਵਿੱਚ ਸਾਡੇ ਸਾਰੇ ਸਾਥੀਆਂ ਦੀ ਸਹਿਮਤੀ ਪ੍ਰਾਪਤ ਹੋਵੇਗੀ...।"
"ਠੀਕ ਹੈ। ਅਸੀਂ ਸਹਿਮਤ ਹਾਂ। ਕਮਾਂਡ ਸੰਭਾਲੀ ਰੱਖੋ।" ਸਾਰੇ ਕਮਾਂਡਰ ਬੜੀ ਤਤਪਰਤਾ ਤੇ ਇੱਕ ਆਵਾਜ਼ ਵਿੱਚ ਬੋਲੇ।
ਸੈਂਕੜੇ ਅੱਖਾਂ ਮਿੱਤਰਾਂ ਵਾਲੀ ਤੱਕਣੀ ਨਾਲ, ਕਮਰੇ ਦੀ ਮੱਧਮ ਰੋਸ਼ਨੀ ਵਿੱਚ, ਕੋਜੂਖ ਵੱਲ ਉੱਠ ਗਈਆਂ।
"ਤੂੰ ਤਿਆਗ ਪੱਤਰ ਕਿਵੇਂ ਦੇ ਸਕਦਾ ਹੈ," ਰਸਾਲੇ ਦੇ ਸੌ ਜਵਾਨਾਂ ਦੀ ਟੁਕੜੀ ਦੇ ਕਮਾਂਡਰ ਨੇ ਆਪਣੇ ਸਿਰ ਦੇ ਪਿੱਛੇ ਆਪਣੀ ਫਰ ਦੀ ਟੋਪੀ ਲਿਜਾਂਦਿਆਂ ਆਖਿਆ। "ਤੈਨੂੰ ਲੋਕਾਂ ਨੇ ਚੁਣਿਆ ਸੀ।"
ਚੁੱਪ ਚਾਪ ਸਿਪਾਹੀ ਚਮਕਦੀਆਂ ਅੱਖਾਂ ਨਾਲ ਵੇਖੀ ਜਾ ਰਹੇ ਸਨ।
ਭਾਰੇ ਭਰਵੱਟਿਆਂ ਹੇਠੋਂ ਕੋਜ਼ੂਖ ਨੇ ਬੜੇ ਹੱਠ ਨਾਲ ਉੱਪਰ ਤੱਕਿਆ।
“ਚੰਗਾ, ਸਾਥੀਓ। ਪਰ ਮੈਂ ਤੁਹਾਡੇ ਸਾਰਿਆਂ ਲਈ ਇੱਕ ਸ਼ਰਤ ਲਾਉਂਦਾ ਹਾਂ ਤੇ ਤੁਹਾਨੂੰ ਦਸਤਖਤ ਕਰਨੇ ਪੈਣਗੇ: ਜੋ ਕਿਸੇ ਹੁਕਮ ਮੰਨਣ ਤੋਂ ਜ਼ਰਾ ਵੀ ਨਾਂਹ ਨੁਕਰ ਕੀਤੀ, ਉਸ ਲਈ ਸਜ਼ਾ ਮੌਤ ਹੋਵੇਗੀ। ਤੁਹਾਨੂੰ ਇਸ ਮਤਲਬ ਲਈ ਦਸਤਖਤ ਕਰਨੇ ਪੈਣਗੇ।"
"ਠੀਕ ਏ ਫਿਰ ।"
"ਦਸਤਖਤ ਕਿਉਂ ਕਰੀਏ ?''
"ਕਰੀਏ ਕਿਉਂ ਨਾ ?"
“ਸੱਚੀ ਗੱਲ ਏ, ਅਸੀਂ ਤਾਂ ਹਮੇਸ਼ਾ... " ਕਮਾਂਡਰ ਬੇਥਵੀ ਵਿੱਚ ਬੁੜ ਬੁੜ ਕਰਨ ਲੱਗ ਪਏ।
"ਜਵਾਨੋ !" ਕੋਜੂਖ ਆਪਣੇ ਫ਼ੌਲਾਦੀ ਜਬੜੇ ਘੁੱਟਦਾ ਬੋਲਿਆ। "ਜਵਾਨ, ਤੁਹਾਡਾ ਕੀ ਵਿਚਾਰ ਹੈ ?"
"ਮੌਤ।" ਸੈਂਕੜੇ ਆਵਾਜ਼ਾਂ ਕਮਰੇ ਨੂੰ ਝੂਣਦੀਆਂ ਖੁੱਲ੍ਹੀਆਂ ਅਨ੍ਹੇਰੀਆਂ ਖਿੜਕੀਆਂ ਵਿੱਚੋਂ ਬਾਹਰ ਖਲਾਅ ਵਿੱਚ ਫੈਲ ਗਈਆਂ। "ਉਸ ਕੁੱਤੇ ਨੂੰ ਗੋਲੀ ਮਾਰ ਦਿੱਤੀ ਜਾਵੇਗੀ! ਉਸ ਨਾਲ ਕਿਸ ਗੱਲ ਦੀ ਰਿਐਤ, ਜੋ ਹੁਕਮ ਨਾ ਮੰਨੇ ? ਬਸ ਗੋਲੀ।"
ਸਿਪਾਹੀ ਇੰਝ ਫਿਰ ਹਿੱਲਣ ਜੁਲਣ ਲੱਗ ਪਏ ਜਿਉਂ ਅਚਾਨਕ ਕਿਸੇ ਉਹਨਾਂ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਹੋਣ। ਉਹ ਇੱਕ ਦੂਜੇ ਨਾਲ ਖਹਿੰਦੇ, ਸੈਣਤਾਂ ਕਰਨ ਤੇ ਨੱਕ ਸੁਣਕਣ ਲੱਗ ਪਏ ਤੇ ਅੱਧ ਪਚੱਧੀਆਂ ਪੀਤੀਆਂ ਸਿਗਰਟਾਂ ਮੂੰਹ ਵਿੱਚੋਂ ਕੱਢ ਕੇ ਬੂਟਾਂ ਹੇਠ ਮਧੋਲਣ ਲੱਗ ਪਏ।
ਕੋਜੂਖ ਨੇ ਆਪਣੇ ਜਬਾੜੇ ਘੁਟੀ ਫਿਰ ਆਪਣੀ ਸ਼ਰਤ ਦੁਹਰਾਈ, ਜਿਉਂ ਆਪਣੇ
ਸ਼ਬਦ ਉਹਨਾਂ ਦੇ ਦਿਮਾਗਾਂ ਵਿੱਚ ਘੁਸੇੜ ਰਿਹਾ ਹੋਵੇ:
"ਕੋਈ ਵੀ ਜੋ ਜ਼ਬਤ ਤੋੜੇਗਾ, ਭਾਵੇਂ ਕਮਾਂਡਰ ਹੋਵੇ ਤੇ ਭਾਵੇਂ ਕੋਈ ਮਾਮੂਲੀ ਸਿਪਾਹੀ, ਗੋਲੀ ਨਾਲ ਉਡਾ ਦਿੱਤਾ ਜਾਵੇਗਾ।”
"ਜ਼ਰੂਰ ਉਸ ਨੂੰ ਗੋਲੀ ਦਾਗ ਦਿੱਤੀ ਜਾਵੇਗੀ ਕੁੱਤੇ ਦੇ ਬੱਚੇ ਨੂੰ, ਕਮਾਂਡਰ ਹੋਵੇ ਤੇ ਭਾਵੇਂ ਸਿਪਾਹੀ, ਇੱਕੋ ਗੱਲ ਹੈ।"
ਇੰਝ ਲੱਗਦਾ ਸੀ, ਜਿਉਂ ਇਹ ਮਹਾਨ ਕਮਰਾ ਹੀ ਬੋਲ ਰਿਹਾ ਹੋਵੇ।
ਫਿਰ ਉਹਨਾਂ ਨੂੰ ਇੰਝ ਲੱਗਾ, ਜਿਉਂ ਉਹਨਾਂ ਦੇ ਸ਼ੋਰ ਲਈ ਇਹ ਕਮਰਾ ਛੋਟਾ ਪੈ ਰਿਹਾ ਹੋਵੇ।
"ਠੀਕ ਹੈ ਫਿਰ! ਸਾਥੀ ਈਵਾਨਕੋ, ਕਾਗਜ਼ ਉੱਤੇ ਲਿਖ ਲਓ ਤੇ ਕਮਾਂਡਰਾਂ ਨੂੰ ਦਸਤਖਤ ਕਰਨ ਲਈ ਦੇ ਦਿਓ: ਮੌਤ ਦੀ ਸਜ਼ਾ, ਬਿਨਾਂ ਕਿਸੇ ਕੋਰਟ ਕਚਹਿਰੀ ਦੇ, ਹੁਕਮ ਨਾ ਮੰਨਣ ਵਾਲੇ ਨੂੰ, ਭਾਵੇਂ ਹੁਕਮ ਛੋਟਾ ਹੋਵੇ ਜਾਂ ਵੱਡਾ, ਜਾਂ ਕਿਸੇ ਤਰ੍ਹਾਂ ਦੀ ਆਲੋਚਨਾ ਹੋਵੇ...।"
ਸਹਾਇਕ ਨੇ ਜੇਬ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਥੋੜ੍ਹੀ ਜਿਹੀ ਥਾਂ ਆਪਣੇ ਖਲ੍ਹਣ ਲਈ ਬਣਾ ਕੇ, ਅੱਗੇ ਹੋ ਕੇ ਲਿਖਣ ਲੱਗ ਪਿਆ।
"ਤੇ ਤੁਸੀਂ ਸਾਥੀਓ, ਹੁਣ ਜਾਓ। ਆਪਣੀਆਂ ਕੰਪਨੀਆਂ ਵਿੱਚ ਜਾ ਕੇ ਫਰਮਾਨ ਦੱਸੋ: ਲੋਹੇ ਵਰਗਾ ਜ਼ਬਤ ਤੇ ਕੋਈ ਦਇਆ ਨਹੀਂ।"
ਸਿਪਾਹੀ ਸਿਗਰਟਾਂ ਦੇ ਆਖਰੀ ਕਸ਼ ਮਾਰਦੇ, ਇੱਕ ਦੂਜੇ ਨੂੰ ਧੱਕੇ ਦੇਂਦੇ ਵਰਾਂਡੇ ਵਿੱਚੋਂ ਆ ਕੇ, ਬਾਗ ਵਿੱਚ ਇਕੱਠੇ ਹੋ ਗਏ। ਦੂਰ ਦੂਰ ਤੱਕ ਉਹਨਾਂ ਦੇ ਰੌਲੇ ਨੇ ਰਾਤ ਦੀ ਨੀਂਦ ਖੋਲ੍ਹ ਦਿੱਤੀ।
ਸਮੁੰਦਰ ਉੱਤੇ ਦਿਨ ਚੜ੍ਹਨ ਲੱਗ ਪਿਆ।
ਕਮਾਂਡਰਾਂ ਨੂੰ ਅਚਾਨਕ ਇਉਂ ਮਹਿਸੂਸ ਹੋਇਆ ਜਿਉਂ ਉਹਨਾਂ ਦੇ ਮੋਢਿਆਂ ਉੱਤੋਂ ਇੱਕ ਭਾਰ ਲੱਥ ਗਿਆ ਹੋਵੇ। ਹੁਣ ਸਭ ਕੁਝ ਯਕੀਨੀ, ਸਾਫ ਤੇ ਸਪੱਸ਼ਟ ਸੀ; ਉਹ ਹੱਸਣ ਟੱਪਣ ਲੱਗ ਪਏ। ਵਾਰ ਵਾਰੀ ਉਹ ਮੇਜ਼ ਕੋਲ ਆਏ ਤੇ ਮੌਤ ਦੀ ਸਜ਼ਾ ਉੱਤੇ ਦਸਤਖਤ ਕਰਨ ਲੱਗ ਪਏ।
ਕੋਜ਼ੂਖ ਭਵਾਂ ਖਿੱਚ ਕੇ ਦੋ ਹਰਫੀ ਹੁਕਮ ਦੇਣ ਲੱਗ ਪਿਆ, ਜਿਉਂ ਜੋ ਕੁਝ ਹੁਣੇ ਵਾਪਰਿਆ ਸੀ, ਉਸ ਮਹਾਨ ਕਾਰਜ ਅੱਗੇ ਜੋ ਉਸ ਦੇ ਸਿਰ ਉੱਤੇ ਸੀ, ਇਹ ਬਿਲਕੁਲ ਤੁੱਛ ਸੀ।
"ਸਾਥੀ ਵੋਸਤਰੇਤਿਨ, ਆਪਣੀ ਕੰਪਨੀ ਤਿਆਰ ਕਰੋ ਤੇ ।" ਉਸੇ ਸਮੇਂ ਇੱਕ ਸਰਪਟ ਦੌੜਦੇ ਘੋੜੇ ਦੀ ਆਵਾਜ਼ ਸੁਣੀ ਗਈ; ਇਹ ਵਰਾਂਡੇ ਦੇ ਨੇੜੇ ਪਹੁੰਚੀ; ਤੇ ਫਿਰ ਘੋੜਾ, ਸਪੱਸ਼ਟ ਸੀ ਕਿ ਕਿੱਲੇ ਨਾਲ ਬੰਨ੍ਹ ਦਿੱਤਾ ਗਿਆ ਸੀ। ਘੋੜੇ ਦੇ ਟੱਪਣ ਤੇ ਫਰਕੜੇ ਮਾਰਨ ਤੇ ਰਕਾਬਾਂ ਖੜਕਨ ਦੀ ਆਵਾਜ਼ ਹੋਣ ਲੱਗ ਪਈ।
ਇੱਕ ਕੀਊਬਨ ਕਸਾਕ, ਲੰਮਾ ਫਰ ਦਾ ਟੋਪ ਪਾਈ, ਕਮਰੇ ਦੀ ਮੱਧਮ ਰੌਸ਼ਨੀ ਵਿੱਚ ਸਾਹਮਣੇ ਆ ਖਲ੍ਹੋਤਾ।
"ਸਾਥੀ ਕੋਜ਼ੂਖ," ਉਹ ਕਹਿਣ ਲੱਗਾ, "ਦੂਜੇ ਤੇ ਤੀਜੇ ਦਸਤੇ ਰਾਤ ਦੇ ਪੜਾਅ ਲਈ ਇੱਥੋਂ ਅੱਠ ਮੀਲ ਦੂਰ ਰੁੱਕ ਗਏ ਨੇ । ਕਮਾਂਡਰ ਨੇ ਤੁਹਾਨੂੰ ਸੁਨੇਹਾ ਘੱਲਿਆ ਹੈ ਕਿ ਉਦੋਂ ਤਕ ਇੱਥੇ ਉਡੀਕ ਕਰੋ, ਜਦ ਤਕ ਉਸ ਦੇ ਦਸਤੇ ਤੁਹਾਡੇ ਨਾਲ ਨਹੀਂ ਆ ਰਲਦੇ, ਤਾਂ ਜੋ ਸਾਰੇ ਇਕੱਠੇ ਕੂਚ ਕਰ ਸਕਣ।"
ਕੋਜੂਖ ਨੇ ਬੜੀ ਕਰੜੀ ਨਜ਼ਰ ਉਸ ਉੱਤੇ ਸੁੱਟੀ।
"ਹੋਰ ਅੱਗੋਂ ਦਸ।"
"ਮਲਾਹ ਟੋਲੀਆਂ ਬਣਾ ਕੇ ਸਿਪਾਹੀਆਂ ਤੇ ਸਾਮਾਨ ਵਾਲੇ ਛਕੜਿਆਂ ਵੱਲ ਰੋਲਾ ਪਾਂਦੇ ਆਉਂਦੇ ਨੇ ਤੇ ਬਗਾਵਤ ਫੈਲਾ ਰਹੇ ਨੇ ਉਹ ਆਖਦੇ ਨੇ ਕਿ ਕਮਾਂਡਰਾਂ ਦੇ ਹੁਕਮ ਮੰਨਣ ਵਿੱਚ ਕੋਈ ਤੁਕ ਨਹੀਂ ਤੇ ਸਿਪਾਹੀਆਂ ਨੂੰ ਆਪ ਕੰਟਰੋਲ ਆਪਣੇ ਹੱਥ ਵਿੱਚ ਲੈ ਲੈਣਾ ਚਾਹੀਦਾ ਹੈ ਤੇ ਨਾਲ ਇਹ ਕਿ ਕੋਜ਼ੂਖ ਨੂੰ ਵੱਢ ਦਿਓ ।"
"ਹੋਰ?"
"ਕਸਾਕਾਂ ਨੂੰ ਦੁਰਗਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸਾਡੇ ਆਦਮੀ ਖੱਡਾਂ ਦੇ ਉੱਪਰ ਚੜ੍ਹ ਗਏ ਤੇ ਉਹਨਾਂ ਨੂੰ ਸਾਹਮਣੀ ਢਲਾਣ ਉੱਤੇ ਧੱਕ ਦਿੱਤਾ। ਸਾਡੇ ਤਿੰਨ ਬੰਦੇ ਫੱਟੜ ਤੇ ਇੱਕ ਮਾਰਿਆ ਗਿਆ।"
ਕੋਜੂਖ ਖਾਮੋਸ਼ ਸੀ।
"ਠੀਕ ਹੈ, ਤੂੰ ਜਾ।"
ਖਾਣ ਵਾਲੇ ਕਮਰੇ ਵਿੱਚ ਚਿਹਰੇ ਹੌਲੇ ਫੁੱਲ ਹੋਏ ਹੋਏ ਸਨ । ਕੰਧਾਂ ਉਤੇ ਟੰਗੇ ਫਰੇਮਾਂ ਵਿੱਚ ਸਮੁੰਦਰ ਦਾ ਰੰਗ, ਜੋ ਕਿਸੇ ਦੀ ਬੁਰਸ਼ ਦਾ ਜਾਦੂ ਸਨ, ਫਿੱਕਾ ਨੀਲਾ ਸੀ, ਪਰ ਅਸਲੀ ਸਮੁੰਦਰ ਦੂਰ ਖਿੜਕੀਆਂ ਵਿੱਚੋਂ ਕਿਸੇ ਜਾਦੂ ਵਿੱਚ ਰੰਗਿਆ ਨੀਲਾ ਨੀਲਾ ਦਿੱਸ ਰਿਹਾ ਸੀ।
“ਸਾਥੀ ਕਮਾਂਡਰੋ, ਇੱਕ ਘੰਟੇ ਦੇ ਅੰਦਰ ਅੰਦਰ ਇੱਥੋਂ ਚਾਲੇ ਪਾ ਦਿਓ ਤੇ ਰਫ਼ਤਾਰ ਤੇਜ਼ ਕਰੀ ਜਾਓ। ਰਾਹ ਵਿੱਚ ਕੇਵਲ ਆਦਮੀਆਂ ਤੇ ਘੋੜਿਆਂ ਨੂੰ, ਪਾਣੀ ਪਿਆਉਣ ਲਈ ਰੋਕੋ । ਹਰ ਇੱਕ ਖੱਡ ਵਿੱਚ, ਇੱਕ ਆਦਮੀ ਮਸ਼ੀਨਗੰਨ ਲੈ ਕੇ ਖਲ੍ਹ ਜਾਵੇ । ਯੂਨਿਟਾਂ ਇੱਕ ਦੇ ਪਿੱਛੇ ਇੱਕ ਜੁੜੀਆਂ ਟੁਰੀ ਜਾਣ। ਕਿਸੇ ਥਾਂ ਵੀ ਵਸਨੀਕਾਂ ਨੂੰ ਤੰਗ ਨਾ ਕੀਤਾ ਜਾਵੇ। ਘੋੜਿਆਂ ਉੱਤੇ ਸਵਾਰ ਹਰਕਾਰਿਆਂ ਨੂੰ ਯੂਨਿਟਾਂ ਬਾਰੇ ਪੂਰੀ ਸੂਚਨਾ ਮੈਨੂੰ ਦੇਣ ਲਈ, ਝੱਟ- ਪੱਲ ਭੇਜਦੇ ਰਹੋ।"
"ਇਸੇ ਤਰ੍ਹਾਂ ਹੋਵੇਗਾ," ਕਮਾਂਡਰਾਂ ਉੱਤਰ ਦਿੱਤਾ।
ਸਾਥੀ ਵਸਤਰੋਤਿਨ, ਆਪਣੀ ਕੰਪਨੀ ਨੂੰ ਪਿਛਾੜੀ ਵੱਲ ਲੈ ਜਾਓ, ਮਲਾਹਾਂ ਨੂੰ ਉੱਥੋਂ ਹਟਾ ਦਿਓ ਤੇ ਉਹਨਾਂ ਨੂੰ ਯੂਨਿਟਾਂ ਦੇ ਨਾਲ ਨਾ ਟੁਰਨ ਦਿਓ। ਜੇ ਚਾਹੁਣ ਤਾਂ ਪਿਛਲੇ ਦਸਤਿਆਂ ਨਾਲ ਬੇਸ਼ੱਕ ਜਾ ਰਲਣ ।"
"ਠੀਕ ਹੈ।”
"ਮਸ਼ੀਨਗੰਨ ਨਾਲ ਲੈ ਜਾਓ, ਤੇ ਜੇ ਲੋੜ ਪਵੇ ਤਾਂ ਵਰਤ ਲਿਓ।"
"ਬਹੁਤ ਅੱਛਾ।"
ਸਾਰੇ ਕਮਾਂਡਰ ਬੂਹੇ ਵੱਲ ਵਧੇ।
ਕੋਜ਼ੂਖ ਆਪਣੇ ਸਹਾਇਕ ਨੂੰ ਲਿਖਾਣ ਲੱਗ ਪਿਆ ਕਿ ਉਹਨਾਂ ਵਿੱਚੋਂ ਕਿਸ ਦਾ ਅਹੁੱਦਾ ਘਟਾਇਆ ਜਾਵੇ, ਕਿਸ ਦੀ ਬਦਲੀ ਜਾਂ ਉੱਚੀ ਪਦਵੀ ਉੱਤੇ ਤਰੱਕੀ ਕੀਤੀ ਜਾਵੇ।
ਫਿਰ ਸਹਾਇਕ ਨੇ ਨਕਸ਼ਾ ਸਾਂਭਿਆ ਤੇ ਕੇਖ ਦੇ ਨਾਲ ਹੀ ਟੁਰ ਗਿਆ।
ਮੋਮਬੱਤੀ ਦਾ ਪਰਛਾਵਾਂ ਵਿਸ਼ਾਲ ਖਾਲੀ ਕਮਰੇ 'ਚ ਫਰਸ਼ ਉੱਤੇ ਪਏ ਬੁੱਕਾਂ ਤੇ ਸਿਗਰਟਾਂ ਦੇ ਟੋਟਿਆਂ ਉੱਤੇ ਕੰਬਦਾ ਰਿਹਾ। ਹਵਾ ਲੋਕਾਂ ਦੀ ਹਵਾੜ ਨਾਲ ਭਾਰੀ ਤੇ ਰੁੱਕੀ ਹੋਈ ਸੀ, ਮੇਜ਼ ਉਤੇ ਜਿਸ ਥਾਂ ਮੋਮਬੱਤੀ ਬਲ ਬਲ ਕੇ ਮੋਮ ਪੰਘਰੀ ਹੋਈ ਸੀ, ਉਹ ਥਾਂ ਸੜ ਗਈ ਸੀ ਤੇ ਧੂੰਆਂ ਨਿਕਲਣ ਲੱਗ ਪਿਆ ਸੀ। ਸਾਰੀਆਂ ਰਫ਼ਲਾਂ ਤੇ ਕਾਠੀਆਂ ਗਾਇਬ ਹੋ ਚੁੱਕੀਆਂ ਸਨ।
ਖੁੱਲ੍ਹੇ ਬੂਹੇ, ਸਮੁੰਦਰ ਵਿੱਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਧੁੰਧਲਕੇ ਨੂੰ ਵੇਖੀ ਜਾ ਰਹੇ ਸਨ।
ਪਹਾੜੀ ਸਾਹਿਲ ਦੇ ਨਾਲ ਨਾਲ ਬੰਦਿਆਂ ਨੂੰ ਜਗਾਣ ਲਈ ਢੋਲ ਵੱਜਣ ਲੱਗ ਪਏ। ਬਿਗਲਾਂ ਦੀ ਆਵਾਜ਼ ਦੂਰ ਦੂਰ ਤੱਕ ਗੂੰਜਣ ਲੱਗ ਪਈ । ਉਸ ਖੂਬਸੂਰਤ ਸੱਖਣੇ ਮਕਾਨ ਉੱਤੇ ਧੂੰਏ ਦੀ ਇੱਕ ਸੰਘਣੀ ਥੰਮੀ ਜਿਹੀ ਉੱਸਰਦੀ ਜਾ ਰਹੀ ਸੀ - ਸੜੀ ਮੋਮਬੱਤੀ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਸੀ।
18
ਦੂਜੇ ਤੇ ਤੀਜੇ ਸੈਨਿਕ ਦਸਤੇ, ਜੋ ਕੋਜੂਖ ਦੇ ਪਿੱਛੇ ਪਿੱਛੇ ਆ ਰਹੇ ਸਨ, ਬਹੁਤ ਪਿੱਛੇ ਰਹਿ ਗਏ। ਕਿਸੇ ਕੋਲ ਹੁਣ ਭੱਜਣ ਦੀ ਸ਼ਕਤੀ ਨਹੀਂ ਸੀ ਰਹੀ ਗਰਮੀ ਤੇ ਥਕਾਵਟ ਨੇ ਕੰਮ ਕਰ ਦਿੱਤਾ ਸੀ। ਲੋਕ ਛੇਤੀ ਹੀ ਤ੍ਰਿਕਾਲਾਂ ਢਲੇ ਪੜਾਅ ਕਰ ਲੈਂਦੇ, ਤੇ ਫਿਰ ਚਿਰਾਕੇ ਜਿਹੇ ਦੂਜੀ ਸਵੇਰ, ਟੁਰ ਪੈਂਦੇ। ਵੱਡੀ ਸੜਕ ਉੱਤੇ ਮੁਹਰਲੇ ਤੇ ਪਿਛਲੇ ਦਸਤਿਆਂ ਵਿੱਚ ਖੱਪਾ ਵੱਧਦਾ ਗਿਆ।
ਰਾਤ ਫਿਰ, ਵੱਡੀ ਸੜਕ ਦੇ ਨਾਲ ਨਾਲ ਸਾਹਿਲ ਤੇ ਪਹਾੜਾਂ ਦੇ ਵਿਚਕਾਰ, ਕਈ ਮੀਲਾਂ ਵਿੱਚ ਕੈਂਪ ਲੱਗ ਗਏ।
ਥੱਕੇ ਟੁੱਟੇ ਤੇ ਗਰਮੀ ਦੇ ਸਤਾਏ ਲੋਕ ਫਿਰ ਅੱਗਾਂ ਬਾਲਣ, ਰਲ ਕੇ ਗੱਪਾਂ ਮਾਰਨ, ਹੱਸਣ, ਸਾਜ਼ ਵਜਾਣ ਤੇ ਯੂਕਰੇਨ ਦੇ ਪਿਆਰੇ ਗੀਤ ਗਾਉਣ ਲੱਗ ਪਏ। ਮਨੁੱਖ ਦੇ ਇਤਿਹਾਸ ਨਾਲ ਮੇਲ ਖਾਂਦੇ, ਖੁਸ਼ੀ ਤੇ ਗਮੀ ਦੇ ਤਰਾਨੇ ਗੂੰਜਣ ਲੱਗ ਪਏ।
ਮਲਾਹ, ਪਹਿਲੇ ਦਸਤੇ ਵਿੱਚੋਂ ਕੱਢ ਦੇਣ ਮਗਰੋਂ, ਫਿਰ ਬੰਬ ਤੇ ਰਿਵਾਲਵਰ ਘੁਮਾਂਦੇ ਇੱਕ ਚੁੱਲ੍ਹੇ ਤੋਂ ਦੂਜੇ ਚੁੱਲ੍ਹੇ ਤੱਕ, ਗਾਲ੍ਹਾਂ ਕੱਢਦੇ ਟੁਰਨ ਫਿਰਨ ਲੱਗ ਪਏ।
"ਤੁਹਾਡੀ ਹਾਲਤ ਭੇਡਾਂ ਨਾਲ ਵੀ ਗਈ ਗੁਜ਼ਰੀ ਹੈ। ਕੌਣ ਹੈ ਤੁਹਾਡਾ ਲੀਡਰ ? ਜ਼ਾਰ ਦੀ ਫੌਜ ਦਾ ਸੁਨਹਿਰੇ ਤਕਮੇ ਵਾਲਾ ਅਫ਼ਸਰ ਕੌਣ ਹੈ ਤੁਹਾਡਾ ਕੋਜੂਖ ? ਉਸ ਜ਼ਾਰ ਦੀ
ਸੇਵਾ ਨਹੀਂ ਸੀ ਕੀਤੀ ? ਜ਼ਰੂਰ ਕੀਤੀ ਸੀ, ਤੇ ਹੁਣ ਬਾਲਸ਼ਵਿਕ ਬਣ ਬੈਠਾ ਹੈ । ਤੇ ਤੁਹਾਨੂੰ ਪਤਾ ਹੈ, ਬਾਲਸ਼ਵਿਕ ਕੌਣ ਹੁੰਦੇ ਨੇ ? ਉਹਨਾਂ ਨੂੰ ਮੁਹਰਬੰਦ ਗੱਡੀਆਂ ਵਿੱਚ, ਜਰਮਨੀ ਤੋਂ ਜਾਸੂਸੀ ਕਰਨ ਲਈ ਭੇਜਿਆ ਗਿਆ ਸੀ, ਤੇ ਰੂਸ ਵਿੱਚ ਝੱਲਿਆਂ ਦਾ ਡੇਰਾ ਉਹਨਾਂ ਦੁਆਲੇ ਇਉਂ ਭਿਣਕਣ ਲੱਗ ਪਿਆ ਏ, ਜਿਉਂ ਸ਼ਹਿਦ ਦੁਆਲੇ ਮਖਿਆਰੀਆਂ ਤੇ ਇਹਨਾਂ ਬਾਲਸ਼ਵਿਕਾਂ ਦਾ ਜਰਮਨ ਕੈਸਰ ਨਾਲ ਇੱਕ ਗੁਪਤ ਸਮਝੌਤਾ ਹੈ। ਇਹ ਗੱਲ ਹੈ, ਭੇਡ । ਤੁਸੀਂ ਰੂਸ ਨੂੰ ਤਬਾਹ ਕਰ ਰਹੇ ਹੋ, ਲੋਕਾਂ ਨੂੰ ਬਰਬਾਦ ਕਰ ਰਹੇ ਹੋ। ਅਸੀਂ ਸਮਾਜਵਾਦੀ ਇਨਕਲਾਬੀ ਕਿਸੇ ਚੀਜ਼ ਨਾਲ ਬੱਝ ਕੇ ਨਹੀਂ ਰਹਿੰਦੇ। ਬਾਲਸ਼ਵਿਕ ਸਰਕਾਰ ਨੇ ਮਾਸਕੋ ਤੋਂ ਸਾਨੂੰ ਹੁਕਮ ਦਿੱਤਾ ਕਿ ਜਾ ਕੇ ਬੇੜਾ ਜਰਮਨ ਨੂੰ ਦੇ ਦਿਓ। ਪਰ ਅਸਾਂ ਜੋ ਕਰਨਾ ਸੀ, ਸਾਨੂੰ ਪਤਾ ਸੀ, ਅਸਾਂ ਸਮੁੰਦਰ ਵਿੱਚ ਡੋਬ ਦਿੱਤਾ ਏ । ਜੇ ਉਹਨਾਂ ਨੂੰ ਅਸੀਂ ਪਸੰਦ ਨਹੀਂ ਤਾਂ ਨਾ ਸਹੀ... ਤੁਸੀਂ ਫੁੱਦੂ, ਨਿਰੀਆਂ ਭੇਡਾਂ ਹੋ, ਨਿਰੇ ਡੰਗਰ । ਜਿਹੜਾ ਮਰਜ਼ੀ ਤੁਹਾਨੂੰ ਹਿਕ ਲਵੇ, ਤੁਸੀਂ ਧੌਣਾਂ ਹੇਠਾਂ ਸੁੱਟੀ ਟੁਰੀ ਜਾਓਗੇ। ਅਸੀਂ ਤੁਹਾਨੂੰ ਠੀਕ ਆਖ ਰਹੇ ਹਾਂ, ਉਹਨਾਂ ਦਾ ਇੱਕ ਗੁਪਤ ਸਮਝੌਤਾ ਹੈ। ਬਾਲਸ਼ਵਿਕਾਂ ਨੇ ਰੂਸ ਨੂੰ ਕੈਸਰ ਅੱਗੇ ਵੇਚ ਦਿੱਤਾ ਹੈ। ਇਸ ਦੇ ਬਦਲੇ ਉਹਨਾਂ ਨੂੰ ਇੱਕ ਪੂਰੀ ਗੱਡੀ ਸੋਨੇ ਨਾਲ ਲੱਦੀ ਦਿੱਤੀ ਗਈ ! ਤੁਸੀਂ ਇੱਕ ਇੱਜੜ ਤੋਂ ਵੱਧ ਕੁਝ ਨਹੀਂ...।"
“ਮੂੰਹ ਬੰਦ ਕਰੋ, ਕੁੱਤਿਆਂ ਵਾਂਗ ਸਾਨੂੰ ਨਾ ਭੌਂਕੋ। ਦਫਾ ਹੋ ਜਾਓ ਇੱਥੋਂ... ਤੁਹਾੜੀ...!"
ਸਿਪਾਹੀ ਤਾਅ ਖਾ ਗਏ ਤੇ ਚੰਗਾ ਮੰਦਾ ਆਖ ਗਏ, ਪਰ ਜਦ ਮਲਾਹ ਉੱਥੋਂ ਟੁਰ ਗਏ, ਉਹਨਾਂ ਦੀਆਂ ਆਖੀਆਂ ਗੱਲਾਂ ਹੀ ਆਪ ਦੁਹਰਾਣ ਲੱਗ ਪਏ।
"ਇਹ ਠੀਕ ਹੈ ਕਿ ਮਲਾਹ ਗਲਾਧੜ ਹੁੰਦੇ ਨੇ, ਪਰ ਜੋ ਉਹ ਆਖਦੇ ਨੇ ਉਹ ਵੀ ਨਿਰੀ ਸੁੱਟ ਪਾਣ ਵਾਲੀ ਗੱਲ ਨਹੀਂ। ਬਾਲਸ਼ਵਿਕ ਸਾਡੀ ਮਦਦ ਕਿਉਂ ਨਹੀਂ ਕਰਦੇ ? ਉਹਨਾਂ ਕਸਾਕਾਂ ਨੂੰ ਸਾਡੇ ਉਤੇ ਹਮਲਾ ਕਰਨ ਦਿੱਤਾ ਤੇ ਮਾਸਕੋ ਤੋਂ ਸਾਨੂੰ ਕੋਈ ਮਦਦ ਨਾ ਘੱਲੀ - ਉਹ ਆਪ ਮੌਜ ਕਰਦੇ ਨੇ ਤੇ ਸਾਡੀ ਉਹਨਾਂ ਨੂੰ ਰਤਾ ਜਿੰਨੀ ਵੀ ਪਰਵਾਹ ਨਹੀਂ।"
ਜਿਸ ਤਰ੍ਹਾਂ ਪਿਛਲੀ ਰਾਤੇ ਹੋਇਆ ਸੀ, ਅੱਜ ਵੀ ਘੁੱਪ ਅੰਨ੍ਹੇਰ ਵਿੱਚ, ਖੱਡਾਂ ਵਿੱਚੋਂ ਠਾਹ... ਠੂਹ ਹੋਣ ਲੱਗ ਪਈ... ਚੰਗਿਆੜੀਆਂ ਉੱਡਦੀਆਂ ਦਿੱਸਣ ਲੱਗ ਪਈਆਂ, ਮਸ਼ੀਨਗੰਨਾਂ ਤੜ ਤੜ ਕਰਦੀਆਂ ਰਹੀਆਂ ਫਿਰ ਹੌਲੀ ਹੌਲੀ, ਸਾਰਾ ਡੇਰਾ ਖਾਮੋਸ਼ੀ ਤੇ ਨੀਂਦ ਵਿੱਚ ਸ਼ਾਂਤ ਹੋ ਗਿਆ।
ਪਿਛਲੀ ਰਾਤ ਵਾਂਗ, ਅੱਜ ਵੀ, ਉਸ ਸੱਖਣੇ ਬੰਗਲੇ ਵਿੱਚ, ਜਿਸ ਦੇ ਵਰਾਂਡੇ ਦਾ ਮੂੰਹ ਸਮੁੰਦਰ ਵੱਲ ਸੀ; ਫਿਰ ਇੱਕ ਕਾਨਫਰੰਸ ਹੋਈ। ਪਿਛਲੇ ਦੋ ਦਲਾਂ ਦੇ ਕਮਾਂਡਰ ਇਕੱਤਰ ਹੋਏ ਹੋਏ ਸਨ। ਕਾਨਫਰੰਸ ਉਦੋਂ ਤੱਕ ਰੁੱਕੀ ਰਹੀ, ਜਦ ਤੀਕ ਸਰਪਟ ਘੋੜਾ ਦੁੜਾਂਦਾ ਇੱਕ ਸਵਾਰ ਪਿੰਡ ਮੋਮਬੱਤੀਆਂ ਲੈ ਕੇ ਨਾ ਆ ਪਹੁੰਚਿਆ। ਪਹਿਲਾਂ ਵਾਂਗ ਹੀ ਫਿਰ ਇੱਕ ਨਕਸ਼ਾ ਮੇਜ਼ ਉੱਤੇ ਖਲਾਰ ਦਿੱਤਾ ਗਿਆ। ਪਹਿਲਾਂ ਵਾਂਗ ਹੀ ਸਿਗਰਟਾਂ ਦੇ ਟੋਟੇ, ਥੁੱਕ ਫਰਸ਼ ਉੱਤੇ ਖਿਲਰ ਗਏ ਤੇ ਪਾੜੇ ਵਿਗਾੜੇ ਚਿੱਤਰ ਕੰਧਾਂ ਉੱਤੇ ਲਟਕੇ ਰਹੇ।
ਕਾਲੀ ਦਾਹੜੀ ਦੇ ਭਾਰੀ ਦੇਹ ਵਾਲਾ ਖੁਸ਼ ਰਹਿਣਾ ਸਮੋਲੋਦੂਰੋਵ, ਮਲਾਹਾਂ ਵਾਲੀ
ਜਾਕਿਟ ਪਾਈ, ਲੱਤਾਂ ਅੱਡ ਕੇ ਬੈਠਾ ਚਾਹ ਪੀ ਰਿਹਾ ਸੀ। ਉਸ ਦੀਆਂ ਯੂਨਿਟਾਂ ਦੇ ਕਮਾਂਡਰ ਉਸ ਦੇ ਆਲੇ ਦੁਆਲੇ ਖਲ੍ਹਤੇ ਹੋਏ ਸਨ।
ਜਿਸ ਤਰੀਕੇ ਨਾਲ ਉਹ ਕਸ਼ ਮਾਰ ਰਹੇ ਸਨ, ਬੇਮੁਹਾਰੀਆਂ ਗੱਲਾਂ ਕਰ ਰਹੇ ਸਨ, ਤੇ ਪੈਰਾਂ ਹੇਠ ਬੂਟਾਂ ਨਾਲ ਜਿਵੇਂ ਸਿਗਰਟਾਂ ਦੇ ਫੋਟੋ ਮਿੱਧ ਰਹੇ ਸਨ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਕਿਸੇ ਨੂੰ ਕੁਝ ਪਤਾ ਨਹੀਂ ਸੀ ਲਗ ਰਿਹਾ ਕਿ ਗੱਲ ਬਾਤ ਸ਼ੁਰੂ ਕਿਵੇਂ ਕੀਤੀ ਜਾਵੇ।
ਤੇ ਇੱਥੇ ਫਿਰ ਹਰੇਕ ਕਮਾਂਡਰ ਦੇ ਦਿਮਾਗ ਵਿੱਚ ਇਹ ਬੈਠਾ ਹੋਇਆ ਸੀ ਕਿ ਉਹੀ ਸਭ ਕੁਝ ਕਰਤਾ ਧਰਤਾ ਹੈ, ਤੇ ਉਹੀ ਸਭ ਦਾ ਰਾਖਾ ਹੈ ਤੇ ਉਸੇ ਉਹਨਾਂ ਨੂੰ ਸੁਰੱਖਿਆ ਵਿੱਚ ਲੈ ਜਾਣਾ ਹੈ।
ਪਰ ਕਿੱਥੇ...?
ਸਥਿਤੀ ਬੇਥਵੀ ਤੇ ਬੇਯਕੀਨੀ ਸੀ । ਕੋਈ ਵੀ ਨਹੀਂ ਸੀ ਦਸ ਸਕਦਾ ਕਿ ਜੇ ਉਹ ਅੱਗੇ ਵਧੇ ਤਾਂ ਕੀ ਹੋ ਜਾਵੇਗਾ। ਪਰ ਇਹ ਸਭ ਚੰਗੀ ਤਰ੍ਹਾਂ ਜਾਣਦੇ ਸਨ ਕਿ ਪਿੱਛੇ ਹੱਟਣਾ, ਮੌਤ ਦੇ ਮੂੰਹ ਵਿੱਚ ਜਾਣਾ ਹੈ।
"ਸਾਨੂੰ ਤਿੰਨਾਂ ਦਲਾਂ ਦਾ ਇੱਕ ਮੁਖੀ ਚੁਣ ਲੈਣਾ ਚਾਹੀਦਾ ਹੈ," ਇੱਕ ਕਮਾਂਡਰ ਦਾ ਸੁਝਾਅ ਸੀ।
"ਤੂੰ ਠੀਕ ਆਖਦਾ ਹੈਂ। ਇਸ ਵਿੱਚ ਕੋਈ ਦੂਜੀ ਰਾਇ ਨਹੀਂ ਹੋ ਸਕਦੀ," ਸਭ ਨੇ ਇੱਕ ਸੁਰ ਆਖਿਆ।
ਸਭ ਹੀ ਇਹ ਆਖਣ ਲਈ ਫ਼ੜਕ ਰਹੇ ਸਨ ਕਿ. "ਉਹ ਮੈਂ ਹਾਂ.'" ਪਰ ਕੋਈ ਆਖਣ ਦੀ ਦਲੇਰੀ ਨਹੀਂ ਸੀ ਕਰ ਰਿਹਾ।
ਚੂੰਕਿ, ਸਭ ਹੀ ਆਪਣੇ ਆਪ ਨੂੰ ਸੰਭਵ ਉਮੀਦਵਾਰ ਸਮਝ ਰਿਹਾ ਸੀ, ਇਸ ਕਰਕੇ ਇਕ ਦੂਜੇ ਦੀਆਂ ਅੱਖਾਂ ਬਚਾ ਕੇ ਚੁੱਪ ਚਾਪ ਕਸ਼ ਮਾਰਨ ਲੱਗੇ ਹੋਏ ਸਨ।
"ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ, ਕਿਸੇ ਨੂੰ ਚੁਣ ਲੈਣਾ ਚਾਹੀਦਾ ਹੈ। ਮੈਂ ਸਮੋਲੋਦੂਰੋਵ ਦਾ ਨਾਂ ਤਵੀਜ਼ਦਾ ਹਾਂ।"
"ਸਮੋਲਦੂਰੋਵ! ਸਮੋਲੋਦੁਰੋਵ!"
ਇਕ ਗੱਲ ਅਚਾਨਕ ਸਾਹਮਣੇ ਆ ਗਈ । ਹਰੇਕ ਦਾ ਵਿਚਾਰ ਸੀ ਕਿ "ਸਮਲੋਦੂਰੋਵ ਇੱਕ ਚੰਗਾ ਸਾਥੀ ਹੈ। ਖਾਊ-ਪੀਊ ਮੌਜ ਕਰ ਤਰ੍ਹਾਂ ਦਾ ਬੰਦਾ । ਇੱਕ ਜਮਾਂਦਰੂ ਇਨਕਲਾਬੀ, ਜਿਸ ਦੀ ਜਲਸਿਆਂ ਵਿੱਚ ਗੱਜਣ ਲਈ ਚੰਗੀ ਦਹਾੜਦੀ ਆਵਾਜ਼ ਹੈ, ਪਰ ਇੱਕ ਮੁੱਖ ਕਮਾਂਡਰ ਵਜੋਂ ਮੱਥਾ ਭੰਨਾ ਬੈਠੇਗਾ ਤੇ ਫਿਰ ਤੇ ਫਿਰ ਮੈਂ।"
ਫਿਰ ਸਾਰੇ ਇੱਕ ਆਵਾਜ਼ ਹੋ ਕੇ ਬੋਲੇ:
"ਸਮੋਲੋਦੂਰੋਵ! ਸਮੋਲੋਦੂਰੋਵ!"
ਸਮੋਲੋਦੂਰੋਵ ਨੇ ਅਫੜਾ-ਦਫੜੀ ਵਿੱਚ ਆਪਣੀਆਂ ਬਾਹਾਂ ਹਿਲਾਈਆਂ।
“ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਇੱਕ ਜਹਾਜ਼ੀ ਹਾਂ। ਸਮੁੰਦਰ ਵਿੱਚ ਤਾਂ ਮੈਂ ਭਿਆਨਕ ਤੋਂ ਭਿਆਨਕ ਸਥਿਤੀ ਨਾਲ ਨਿਬੜ ਸਕਦਾ ਹਾਂ, ਪਰ ਅਸੀਂ ਖੁਸ਼ਕੀ ਉੱਤੇ
ਹਾਂ...।"
"ਸਮੋਲੋਦੂਰੋਵ। ਸਮੋਲੋਦੂਰੋਵ!"
"ਖੈਰ, ਜੇ ਤੁਹਾਡੀ ਇਹੀ ਮਰਜ਼ੀ ਹੈ, ਤਾਂ ਮੈਂ ਕੰਮ ਸਾਂਭ ਲਵਾਂਗਾ। ਪਰ ਤੁਹਾਨੂੰ ਮੇਰੀ ਮਦਦ ਕਰਨੀ ਪਵੇਗੀ, ਸਾਰਿਆਂ ਨੂੰ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਠੀਕ ਹੈ ਫਿਰ। ਕੱਲ੍ਹ ਅਸੀਂ ਕੂਚ ਕਰਾਂਗੇ। ਹੁਕਮਨਾਮਾ ਤਿਆਰ ਕਰੋ।"
ਸਭ ਜਾਣਦੇ ਸਨ ਕਿ ਭਾਵੇਂ ਹੁਕਮ ਹੋਵੇ ਤੇ ਭਾਵੇਂ ਨਾ, ਉਹਨਾਂ ਨੂੰ ਟੁਰਨਾ ਹੀ ਪੈਣਾ ਏ। ਹੋਰ ਕਰ ਵੀ ਕੀ ਸਕਦੇ ਸਨ ? ਨਾ ਉਹ ਰੁੱਕ ਸਕਦੇ ਸਨ ਤੇ ਨਾ ਕਸਾਕਾਂ ਹੱਥੋਂ ਵੱਢੇ ਜਾਣ ਲਈ, ਉਹ ਪਿਛਾਂਹ ਹੀ ਮੁੜ ਸਕਦੇ ਸਨ । ਸਭ ਮਹਿਸੂਸ ਕਰਦੇ ਸਨ ਕਿ ਹੋਰ ਕੋਈ ਰਾਹ ਨਹੀਂ ਸੀ, ਸਿਵਾਏ ਇਸ ਦੇ ਕਿ ਉਸ ਘੜੀ ਦੀ ਉਡੀਕ ਕਰਨ, ਜਦ ਤੀਕ ਸਮੋਲੋਦੂਰੋਵ ਉਲਟ ਪੁਲਟ ਕਰਕੇ ਆਪਣਾ ਮੱਥਾ ਭਨਾ ਨਹੀਂ ਲੈਂਦਾ। ਪਰ ਕਿਵੇਂ ? ਇੱਕੋ ਰਾਹ ਸੀ ਕਿ ਕੋਜੂਖ ਦੇ ਦਲ ਦਾ ਆਸਰਾ ਲੈ ਕੇ ਉਹ ਵੀ ਪਿੱਛੇ ਪਿੱਛੇ ਟੁਰੀ ਜਾਣ।
ਕਿਸੇ ਆਖਿਆ:
"ਕੋਜ਼ੂਖ ਨੂੰ ਦਸ ਦੇਣਾ ਚਾਹੀਦਾ ਹੈ ਕਿ ਨਵਾਂ ਕਮਾਂਡਰ ਚੁਣ ਲਿਆ ਗਿਆ ਹੈ।"
"ਉਹ ਕੱਖ ਜਿੰਨੀ ਵੀ ਪਰਵਾਹ ਨਹੀਂ ਕਰਨ ਲੱਗਾ, ਜੋ ਉਸ ਨੂੰ ਚੰਗਾ ਲੱਗੇਗਾ, ਉਹ ਕਰੀ ਜਾਵੇਗਾ।" ਕਈ ਹੋਰ ਬੋਲ ਪਏ।
ਸਮੋਲੇਦੂਰੋਵ ਨੇ ਵੱਟ ਕੇ ਮੇਜ਼ ਉੱਤੇ ਮੁੱਕਾ ਮਾਰਿਆ, ਤੇ ਮੇਜ਼ ਦਾ ਫੱਟਾ ਕੜਕ ਗਿਆ।
"ਮੈਂ ਉਸ ਨੂੰ ਹੇਠਾਂ ਲਾਵਾਂਗਾ - ਵੇਖ ਲੈਣਾ। ਉਹ ਆਪਣੇ ਦਲ ਨੂੰ ਕਸਬੇ ਵਿੱਚੋਂ ਲੈ ਕੇ ਭੱਜ ਪਿਆ। ਉਸ ਨੂੰ ਉੱਥੇ ਅੜਨਾ ਚਾਹੀਦਾ ਸੀ । ਡੱਟ ਕੇ ਮੁਕਾਬਲਾ ਕਰਦਿਆਂ ਆਬਰੂ, ਪਤ ਨਾਲ ਮੈਦਾਨ ਵਿੱਚ ਮਰ ਮਿਟਣਾ ਚਾਹੀਦਾ ਸੀ।"
ਸਭ ਦੀਆਂ ਅੱਖਾਂ ਸਮਲੋਦੂਰਵ ਉੱਤੇ ਟਿਕੀਆਂ ਹੋਈਆਂ ਸਨ ਜੋ ਇਸ ਵੇਲੇ ਪੂਰੇ ਜਲਾਲ ਵਿੱਚ ਸੀ। ਇਹ ਉਸ ਦੇ ਮੂੰਹੋਂ ਕੱਢੇ ਸ਼ਬਦਾਂ ਦਾ ਚਮਤਕਾਰ ਨਹੀਂ ਸੀ, ਸਗੋਂ ਉਸ ਦੇ ਡੀਲ ਡੋਲ ਦਾ ਰੋਹਬ ਸੀ, ਜਿਸ ਉਹਨਾਂ ਦੇ ਦਿਲਾਂ ਅੰਦਰ ਯਕੀਨ ਬਿਠਾ ਦਿੱਤਾ ਸੀ। ਸਭ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਇੱਕ ਰਾਹ ਲੱਭ ਪਿਆ ਹੈ: ਕੋਜ਼ੂਖ ਦੋਸ਼ੀ ਸੀ । ਆਪ ਹੀ ਸਿਰ ਭਾਰ ਭੱਜੀ ਫਿਰਦਾ ਸੀ। ਕਿਸੇ ਦੂਜੇ ਨੂੰ ਆਪਣਾ ਫੌਜੀ ਕਮਾਲ ਦੱਸਣ ਦਾ ਅਵਸਰ ਹੀ ਨਹੀਂ ਸੀ ਦੇਂਦਾ। ਹੁਣ ਪੂਰੀ ਵਾਹ ਉਸ ਦੇ ਵਿਰੁੱਧ ਲਾ ਦੇਣੀ ਚਾਹੀਦੀ ਹੈ। ਅਮਲਾ ਤਿਆਰ ਹੋ ਗਿਆ। ਇੱਕ ਆਦਮੀ ਘੋੜੇ ਉੱਤੇ ਕੋਜੂਖਵੱਲ ਭਜਾ ਦਿੱਤਾ ਗਿਆ। ਹੈੱਡਕੁਆਰਟਰ ਦਾ ਪ੍ਰਬੰਧ ਕਰ ਲਿਆ ਗਿਆ। ਟਾਈਪ ਦੀਆਂ ਮਸ਼ੀਨਾਂ ਤੇ ਕਲਰਕ ਲੱਭ ਕੇ ਦਫਤਰ ਖੋਲ੍ਹ ਦਿੱਤਾ ਗਿਆ। ਕੰਮ ਜ਼ੋਰਾਂ ਉੱਤੇ ਸ਼ੁਰੂ ਹੋ ਗਿਆ।
ਸਿਪਾਹੀਆਂ ਦੇ ਨਾਂ, ਉਹਨਾਂ ਨੂੰ ਸਿਆਸੀ ਹਾਲਤ ਦੀ ਸੂਝ ਦੇਣ ਲਈ ਤੇ ਇੱਕ ਜਥੇਬੰਦੀ ਦੀ ਭਾਵਨਾ ਜਗਾਣ ਲਈ, ਅਪੀਲਾਂ ਟਾਈਪ ਕਰ ਲਈਆਂ ਗਈਆਂ "ਸਿਪਾਹੀਓ, ਅਸੀਂ ਦੁਸ਼ਮਣ ਕੋਲੋਂ ਨਹੀਂ ਡਰਦੇ," "ਚੇਤੇ ਰੱਖੋ ਸਾਥੀਓ, ਕਿ ਸਾਡੀ ਫੌਜ ਖਤਰੇ ਦੀ ਪਰਵਾਹ
ਨਹੀਂ ਕਰਦੀ!"
ਹੁਕਮਨਾਮੇ ਦੀਆਂ ਨਕਲਾਂ ਕਰਵਾ ਕੇ, ਕੰਪਨੀਆਂ ਤੇ ਟੁਕੜੀਆਂ ਨੂੰ ਪੜ੍ਹ ਕੇ ਸੁਣਵਾ ਦਿੱਤੀਆਂ ਗਈਆਂ। ਸਿਪਾਹੀ ਬਿਨਾਂ ਹਿਲ ਜੁਲ ਦੇ ਤੇ ਪਲਕਾਂ ਝਪਕੇ ਸੁਣਦੇ ਰਹੇ ਤੇ ਫਿਰ ਨਕਲਾਂ ਲੈਣ ਲਈ ਇੱਕ ਦੂਜੇ ਨੂੰ ਧੱਕੇ ਮਾਰਦੇ ਖਹਿਣ ਲੱਗ ਪਏ। ਕਈ ਕਾਗਜ਼ ਫੜਨ ਲਈ ਇੱਕ ਦੂਜੇ ਨਾਲ ਲੜ ਵੀ ਪਏ, ਕਈ ਝੋਲੀਆਂ ਵਿੱਚ ਰੱਖ ਕੇ ਵੱਟ ਕੱਢਣ ਲੱਗ ਪਏ, ਤੇ ਫਿਰ ਬੜੇ ਧਿਆਨ ਨਾਲ ਪੜ੍ਹ ਕੇ ਵਿਚ ਕੱਚਾ ਤੰਮਾਕੂ ਵਲ੍ਹੇਟ ਕੇ ਸੂਟੇ ਮਾਰਨ ਲੱਗ ਪਏ।
ਕੋਜੂਖ ਦੇ ਪਿੱਛੇ ਪਿੱਛੇ ਉੱਡਦੇ ਹੁਕਮਨਾਮੇ ਪੁਚਾਏ ਗਏ, ਪਰ ਉਹ ਨਿੱਤ ਅੱਗੇ ਵੱਧਦਾ ਗਿਆ। ਉਸ ਦੇ ਦਲ ਤੇ ਪਿੱਛੇ ਆਉਂਦੇ ਦਲਾਂ ਦਾ ਵਿਚਕਾਰਲਾ ਖੱਪਾ ਵੱਧਦਾ ਗਿਆ। ਇਹ ਬੜੀ ਭੜਕਾਊ ਗੱਲ ਸੀ।
"ਸਾਥੀ ਸਮਲਦੂਰੋਵ, ਕਜੂਖ ਤੇਰੇ ਹੁਕਮਾਂ ਦੀ ਪਰਵਾਹ ਨਹੀਂ ਕਰ ਰਿਹਾ ਤੇ ਅੱਗੇ ਵਧੀ ਜਾ ਰਿਹਾ ਹੈ," ਕਮਾਂਡਰਾਂ ਨੇ ਕਿਹਾ, "ਉਸ ਨੂੰ ਤੇਰੀ ਰੱਤੀ ਭਰ ਪਰਵਾਹ ਨਹੀਂ।"
"ਮੈਂ ਕੀ ਕਰ ਸਕਦਾ ਹਾਂ ?" ਸਮੋਲੋਦੂਰਵ ਨੇ ਮਜ਼ੇ ਨਾਲ ਅੱਗੋਂ ਹੱਸ ਛੱਡਿਆ। “ਖੁਸ਼ਕੀ ਉੱਤੇ ਮੈਂ ਕੀ ਕਰ ਸਕਦਾ ਹਾਂ, ਹਾਂ ਸਮੁੰਦਰ ਦੀ ਗੱਲ ਵੱਖਰੀ ਹੈ।"
"ਪਰ ਤੂੰ ਫ਼ੌਜ ਦਾ ਕਮਾਂਡਰ-ਇਨ-ਚੀਫ਼ ਏਂ। ਇਸ ਅਹੁਦੇ ਲਈ, ਤੈਨੂੰ ਚੁਣਿਆ ਗਿਆ ਹੈ ਤੇ ਕੋਜੂਖ ਤੇਰਾ ਮਾਤਹਿਤ ਹੈ।"
ਸਮੋਲੋਦੂਰੋਵ ਝੱਟ ਕੁ ਚੁੱਪ ਰਿਹਾ। ਉਸ ਦੀ ਭਾਰੀ ਛਾਤੀ ਵਿੱਚ ਗੁੱਸੇ ਦਾ ਗੁਬਾਰ ਇਕੱਠਾ ਹੁੰਦਾ ਰਿਹਾ।
"ਮੈਂ ਉਸ ਨੂੰ ਠੀਕ ਕਰ ਦੇਵਾਂਗਾ। ਬੰਨ੍ਹ ਦਿਆਂਗਾ ਰੱਸੇ ਨਾਲ ।"
"ਅਸੀਂ ਕਿਉਂ ਉਸ ਦੇ ਪਿੱਛੇ ਲੱਗੇ ਟੁਰੀ ਜਾ ਰਹੇ ਹਾਂ। ਸਾਨੂੰ ਆਪਣੀ ਯੋਜਨਾ ਬਣਾਨੀ ਚਾਹੀਦੀ ਹੈ। ਉਹ ਸਾਹਿਲ ਦੇ ਨਾਲ ਨਾਲ ਜਾ ਕੇ ਵੱਡੀ ਸੜਕ ਉੱਤੇ ਪੁੱਜਣਾ ਚਾਹੁੰਦਾ ਹੈ, ਜੋ ਪਹਾੜਾਂ ਦੇ ਨਾਲ ਨਾਲ ਹੁੰਦੀ ਕੀਊਬਨ ਸਟੈਪੀ ਵਿੱਚ ਜਾ ਨਿਕਲਦੀ ਹੈ, ਜਦ ਕਿ ਅਸੀਂ ਦੋਫੀਨੋਵਕਾ ਵਾਲੇ ਪਾਸਿਉਂ ਪਹਾੜਾਂ ਨੂੰ ਤੱਤਫਟ ਪਾਰ ਕਰ ਸਕਦੇ ਹਾਂ । ਉੱਥੇ ਇੱਕ ਪੁਰਾਣੀ ਸੜਕ ਹੈ ਤੇ ਇਹ ਰਾਹ ਵੀ ਛੋਟਾ ਹੈ।"
"ਕੋਜੂਖ ਨੂੰ ਸੁਨੇਹਾ ਘਲਿਆ ਜਾਵੇ ਕਿ ਤਤਕਾਲ ਆਪਣੇ ਦਲ ਨੂੰ ਰੋਕ ਕੇ ਗੱਲ ਬਾਤ ਲਈ ਪਹੁੰਚੇ ।" ਸਮੋਲੋਦੂਰੋਵ ਗੱਜਿਆ । "ਫੌਜ ਇੱਥੋਂ ਪਹਾੜਾਂ ਵੱਲ ਜਾਵੇਗੀ। ਜੇ ਕੋਜੂਖ ਨਾ ਮੰਨਿਆ, ਮੈਂ ਤੋਪ ਦੇ ਗੋਲਿਆਂ ਨਾਲ ਉਸ ਦੇ ਦਲ ਨੂੰ ਉੱਡਾ ਦਿਆਂਗਾ।"
ਕੋਜੂਖ ਨਾ ਆਇਆ ਤੇ ਅੱਗੇ ਹੀ ਅੱਗੇ ਵੱਧਦਾ ਗਿਆ। ਉਹ ਪਕੜ ਤੋਂ ਬਾਹਰ ਰਿਹਾ।
ਸਮੋਲੇਦੂਰੋਵ ਨੇ ਫੌਜ ਨੂੰ ਚੜ੍ਹਾਈ ਦੇ ਹੁਕਮ ਜਾਰੀ ਕਰ ਦਿੱਤੇ। ਪਰ ਉਸ ਦਾ ਚੀਫ਼ ਆਫ਼-ਸਟਾਫ਼, ਜੋ ਮਿਲਟਰੀ ਅਕਾਦਮੀ ਵਿੱਚੋਂ ਪੜ੍ਹ ਕੇ ਆਇਆ ਹੋਇਆ ਸੀ, ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ, ਉਹ ਉਸ ਅਵਸਰ ਦੀ ਉਡੀਕ ਵਿੱਚ ਸੀ ਜਦ ਸਮਲੋਦੂਰੋਵ ਇਕੱਲਾ ਹੋਵੇ (ਕਮਾਂਡਰਾਂ ਦੀ ਭੀੜ ਵਿੱਚ ਉਹ ਅੜ ਜਾਂਦਾ ਸੀ) । ਉਹ ਉਸ ਨੂੰ ਮਿਲ ਕੇ
ਕਹਿਣ ਲੱਗਾ । ਜੇ ਅਸੀਂ ਪਹਾੜਾਂ ਦੇ ਸਿਲਸਿਲੇ ਨੂੰ ਇੱਥੋਂ ਪਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਡੀਆਂ ਸਾਮਾਨ ਨਾਲ ਲੱਦੀਆਂ ਗੱਡੀਆਂ, ਰੀਫ਼ੂਜੀ ਤੇ ਸਭ ਤੋਂ ਮਹੱਤਵਪੂਰਨ ਸਾਡਾ ਤੋਪਖਾਨਾ, ਸਭ ਜਾਂਦਾ ਰਹੇਗਾ, ਕਿਉਂ ਜੋ ਸੜਕ ਕੋਈ ਨਹੀਂ; ਸਿਰਫ ਮਾਮੂਲੀ ਜਿਹਾ ਲਾਂਘਾ ਹੈ। ਕੋਜ਼ੂਖ ਬੜੀ ਸਿਆਣਪ ਨਾਲ ਕੰਮ ਕਰ ਰਿਹਾ ਹੈ। ਤੋਪਖਾਨੇ ਬਗੈਰ ਅਸੀਂ ਨਿਹੱਥੇ ਹੋ ਜਾਵਾਂਗੇ। ਕਸਾਕ ਨਿਹੱਥਿਆਂ ਨੂੰ ਘੇਰ ਲੈਣਗੇ । ਨਾਲੇ, ਜੇ ਅਸੀਂ ਤੇ ਕੱਖ ਵੱਖ ਵੱਖ ਹੋਵਾਂਗੇ, ਉਹ ਸਾਨੂੰ ਦੁਹਾਂ ਨੂੰ ਹਰਾ ਦੇਣਗੇ।"
ਦਲੀਲ ਸਾਫ ਸੀ । ਪਰ ਸਮੋਲੋਦੂਰੋਵ ਨੂੰ ਮਨਾਣ ਲਈ, ਚੀਫ਼-ਆਫ਼-ਸਟਾਫ਼ ਦਾ, ਆਰਾਮ ਨਾਲ ਤੇ ਹੌਲੀ ਹੌਲੀ ਗੱਲ ਕਰਨ ਦਾ ਇੱਕ ਢੰਗ ਸੀ, ਨਾ ਕਿ ਉਸ ਦਾ ਰੁਹਬ ਕਿ ਉਹ ਮਿਲਟਰੀ ਅਕਾਦਮੀ ਵਿੱਚੋਂ ਆਇਆ ਸੀ।
"ਹੁਕਮ ਭੇਜ ਦਿਓ ਕਿ ਮੁੱਖ ਮਾਰਗ ਦੇ ਨਾਲ ਨਾਲ ਅੱਗੇ ਵਧੀ ਜਾਣ।" ਸਮਲੋਦੂਰੋਵ ਨੱਕ ਚਾੜ੍ਹਦਾ ਬੋਲਿਆ।
ਤੇ ਫਿਰ ਸਿਪਾਹੀ, ਰੀਫ਼ੂਜੀ, ਸਾਮਾਨ ਗੱਡੀਆਂ ਅਫੜਾ-ਤਫੜੀ ਵਿੱਚ ਰੌਲਾ ਮਚਾਂਦਿਆਂ ਰਾਹੇ ਪੈ ਗਈਆਂ।
19
ਹਮੇਸ਼ਾ ਵਾਂਗ, ਕੋਜ਼ੂਖ ਦਾ ਦਲ ਜਦ ਰਾਤ ਵਿਸ਼ਰਾਮ ਕਰਨ ਲਈ ਟਿਕਦਾ ਤਾਂ ਆਰਾਮ ਤੇ ਨੀਂਦ ਉਹਨਾਂ ਲਈ ਹਰਾਮ ਹੁੰਦੀ। ਅੰਨ੍ਹੇਰੇ ਵਿੱਚ ਹੱਸਣ, ਸਾਜ਼ ਵਜਾਣ ਤੇ ਗਾਉਣ ਦੀ ਮੱਧਮ ਮੱਧਮ ਆਵਾਜ਼ ਉੱਠਦੀ ਰਹਿੰਦੀ। ਰਾਤ ਵਿੱਚ ਜ਼ਿੰਦਗੀ ਦੀ ਧੜਕਣ ਹੁੰਦੀ, ਸੁਖ ਚੈਨ ਹੁੰਦਾ ਤੇ ਜਵਾਨ ਉਮੰਗਾਂ ਹੁੰਦੀਆਂ ਤੇ ਹੁੰਦੇ ਹਵਾ ਵਿੱਚ ਘੁਲੇ ਜਵਾਨ ਜਜ਼ਬੇ।
ਸਿਸਕਦੀਆਂ ਨੇ ਪਹਾੜਾਂ ਵਰਗੀਆਂ ਛੱਲਾਂ
ਨੀਲੇ ਡੂੰਘੇ ਸਮੁੰਦਰਾਂ ਵਿੱਚ,
ਤੇ ਰੋਂਦੇ ਤੇ ਸਿਸਕਦੇ ਨੇ ਬਹਾਦਰ ਜਵਾਨ ਕਸਾਕ
ਤੁਰਕਾਂ ਦੀ ਫਾਹੀ ਵਿੱਚ।
ਆਵਾਜ਼ਾਂ, ਮਧੁਰ ਸੁਰਾਂ ਦੀਆਂ ਲਹਿਰਾਂ ਵਿੱਚ, ਦੂਰ ਦੂਰ ਤੱਕ ਰਾਤ ਦੇ ਅੰਨ੍ਹੇਰੇ ਵਿੱਚ ਤੇ ਬਹਾਦਰ ਕਸਾਕਾਂ ਦੇ ਦੁੱਖਦੇ ਹਿਰਦਿਆਂ ਵਿੱਚ ਡੁੱਬ ਗਈਆਂ। ਕੀ ਇਹ ਉਹਨਾਂ ਦੇ ਆਪਣੇ ਲਈ ਵੀ ਸੀ, ਜੋ ਅਫਸਰਾਂ, ਜਰਨੈਲਾਂ ਤੇ ਬੁਰਜੂਆ ਦੀ ਕੈਦ ਵਿੱਚੋਂ ਨੱਸ ਆਏ ਸਨ ਤੇ ਆਜ਼ਾਦੀ ਲਈ ਸੰਘਰਸ਼ ਵਿੱਚ ਜੁਟੇ ਹੋਏ ਸਨ। ਉਹਨਾਂ ਦੇ ਦੁੱਖ, ਖੇੜੇ ਨਾਲ ਰਲ ਕੇ, ਅੰਨ੍ਹੇਰੇ ਵਿੱਚ ਲੀਨ ਹੋ ਗਏ ਸਨ।
ਨੀਲੇ ਡੂੰਘੇ ਸਮੁੰਦਰਾਂ ਵਿੱਚ - !
ਸੱਚੀ ਮੁਚੀ ਦਾ ਸਮੁੰਦਰ ਬਿਲਕੁਲ ਨੇੜੇ ਸੀ, ਉਹਨਾਂ ਦੇ ਪੈਰਾਂ ਕੋਲ, ਪਰ ਇਹ ਅਦਿਸ ਤੇ ਖਾਮੋਸ਼ ਸੀ।
ਤੇ ਉਹਨਾਂ ਦੇ ਸੁੱਖ ਦੁੱਖ ਨਾਲ ਇੱਕ ਮਿਕ ਹੋਈਆਂ ਪਹਾੜਾਂ ਦੀਆਂ ਚੋਟੀਆਂ ਸੁਬਕ ਸੁਨਹਿਰੀ ਹੋ ਗਈਆਂ, ਜਿਸ ਕਰਕੇ ਪਹਾੜਾਂ ਦੇ ਸਿਲਸਲਿਆਂ ਦੇ ਪਸਾਰ ਵਧੇਰੇ ਕਾਲ਼ੇ ਤੈਂ ਸੋਗੀ ਹੋ ਗਏ।
ਫਿਰ ਡੂੰਘਾਣਾਂ, ਵਿਰਲਾਂ, ਤੇ ਖੱਡਾਂ ਵਿੱਚ, ਹੌਲੀ ਹੌਲੀ ਚੰਨ ਦੀਆਂ ਰਿਸ਼ਮਾਂ ਤਿਲ੍ਹਕਦੀਆਂ ਤੇ ਚਾਨਣੀ ਦਾ ਬੂਰ ਤਰੋਂਕਦੀਆਂ ਰੁੱਖਾਂ, ਪੱਥਰਾਂ ਤੇ ਪਹਾੜਾਂ ਦੀਆਂ ਚੋਟੀਆਂ ਦੇ ਗੰਭੀਰ ਪਰਛਾਵਿਆਂ ਨੂੰ ਹੋਰ ਵਧੇਰੇ ਸੋਗੀ ਕਰਨ ਲੱਗ ਪਈਆਂ।
ਚਾਨਣੀ ਦੇ ਪਿੱਛੇ ਪਿੱਛੇ ਚੰਨ ਉੱਭਰਦਾ ਸਾਹਮਣੇ ਹੋ ਗਿਆ ਤੇ ਉਸ ਇੱਕ ਨਵੇਂ ਹੀ ਸੰਸਾਰ ਦੀ ਰਚਨਾ ਕਰ ਦਿੱਤੀ। ਆਦਮੀ ਗਾਉਣ ਹੱਟ ਗਏ। ਹੁਣ ਚੱਟਾਨਾਂ ਤੇ ਡਿੱਗੇ ਰੁੱਖਾਂ ਉੱਤੇ ਬੈਠੇ ਜਵਾਕ ਤੇ ਕੁੜੀਆਂ, ਸਾਫ ਦਿੱਸਣ ਲੱਗ ਪਈਆਂ। ਚੱਟਾਨਾਂ ਹੇਠਾਂ ਲਹਿਰਾਂ ਲੈਂਦੇ ਸਮੁੰਦਰ ਨੂੰ ਚੰਨ ਨੇ ਧੋ ਕੇ ਹੋਰ ਨਿਖਾਰ ਦਿੱਤਾ ਤੇ ਇੰਝ ਲੱਗਦਾ ਸੀ ਕਿ ਦੂਰ ਦੂਰ ਤੱਕ ਪਿਘਲਿਆ ਹੋਇਆ ਸੋਨਾ ਡਲ੍ਹਕ ਡਲ੍ਹਕ ਕਰ ਰਿਹਾ ਹੋਵੇ। ਇਹ ਸ਼ਾਨ ਨਿਰਾਲੀ ਸੀ।
"ਇਸ ਵਿੱਚ ਜਾਨ ਹੈ।" ਕਿਸੇ ਆਖਿਆ।
"ਕਈ ਲੋਕ ਆਖਦੇ ਨੇ, ਇਸ ਨੂੰ ਰੱਬ ਨੇ ਬਣਾਇਆ ਹੈ।"
"ਇਹ ਗੱਲ ਕੀ ਹੈ ਕਿ ਇਸ ਵਿੱਚ ਜਹਾਜ਼ ਚਲਾਂਦਾ ਬੰਦਾ ਰੁਮਾਨੀਆ, ਓਡੇਸਾ ਜਾਂ ਸਵੇਸਤਾਪੋਲ ਜਾ ਪਹੁੰਚਦਾ ਹੈ, ਬਸ ਕੰਪਾਸ ਵੱਲ ਵੇਖਦੇ ਰਹੋ, ਤੇ ਕਿੱਥੋਂ ਦੇ ਕਿੱਥੇ ਜਾ ਪਹੁੰਚੋ ?"
"ਤੁਰਕੀ ਦੇ ਮੋਰਚੇ ਉੱਤੇ, ਜਵਾਨੋ, ਜਿਸ ਵੇਲੇ ਵੀ ਕੋਈ ਲੜਾਈ ਜਿੱਤੀ ਜਾਂਦੀ, ਪਾਦਰੀ ਉਸਤਤੀ ਕਰਨ ਲੱਗ ਪੈਂਦੇ। ਪਰ ਭਾਵੇਂ ਜਿੰਨੀ ਮਰਜ਼ੀ ਬੰਦਗੀ ਕਰੀ ਜਾਂਦੇ, ਮੈਦਾਨ ਵਿੱਚ ਲਾਸ਼ਾਂ ਦੇ ਢੇਰ ਉੱਚੇ ਹੀ ਉੱਚੇ ਹੁੰਦੇ ਜਾਂਦੇ ਸਨ।
ਚਾਨਣੀ ਦੀਆਂ ਤਾਰਾਂ ਝੜ ਝੜ ਪੈਂਦੀਆਂ ਢਲਾਨਾਂ ਉੱਤੇ ਪਲਮਦੀਆਂ, ਚੱਟਾਨਾਂ ਨਾਲ ਖਹਿ ਕੇ ਟੁੱਟ ਜਾਂਦੀਆਂ। ਪਹਾੜ ਦੀ ਕਿਸੇ ਸਿੱਧੀ ਦੰਦੀ ਨੂੰ, ਬਾਂਹ ਵਾਂਗ ਅੱਗੇ ਵਧੇ ਕਿਸੇ ਰੁੱਖ ਦੀ ਟਹਿਣੀ ਨੂੰ, ਕਿਸੇ ਖਿੱਘਰ ਨੂੰ, ਇੱਕ ਸਮੇਂ ਆਪਣੀ ਸੁਨਹਿਰੀ ਜਾਲੀ ਵਿੱਚ ਵਲ੍ਹੇਟ ਕੇ ਇੱਕ ਅਜੂਬਾ ਪੇਸ਼ ਕਰ ਦੇਂਦੀਆਂ।
ਮੱਧ ਮਾਰਗ ਤੋਂ ਕਈ ਆਵਾਜ਼ਾਂ ਦਾ ਰੌਲਾ, ਕਈ ਪੈਰਾਂ ਦੀ ਧਮਕ ਤੇ ਮਾਰੋ ਮਾਰ ਹੁੰਦੀ ਜਾਪੀ।
ਸਭ ਮੂੰਹ ਘੁਮਾ ਕੇ ਉਸੇ ਪਾਸੇ ਵੇਖਣ ਲੱਗ ਪਏ।
"ਇਹ ਮਾਰੋ ਮਾਰ ਕਰਦੀ ਭੀੜ ਕਿਧਰੋਂ ਆ ਗਈ ?"
"ਮਲਾਹ ਸਹੁਰੇ । ਇਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂ।"
ਮਲਾਹਾਂ ਦਾ ਬੇਮੁਹਾਰਾ ਇੱਜੜ, ਕਦੀ ਚੰਨ ਦੀ ਚਾਨਣੀ ਵਿੱਚ ਤੇ ਕਦੇ ਅੰਨ੍ਹੇਰੇ ਵਿੱਚ ਹੋ ਹਾ ਕਰਦਾ ਭੂਤਾਂ ਵਾਂਗ ਟੁਰੀ ਜਾ ਰਿਹਾ ਸੀ । ਕੁੜੀਆਂ ਤੇ ਮੁੰਡੇ ਬੈਠੇ ਬੈਠੇ, ਜਿਉਂ ਔਕ ਗਏ ਤੇ ਉਬਾਸੀਆਂ ਲੈਂਦੇ ਤੇ ਆਕੜਾਂ ਭੰਨਦੇ, ਇੱਕ ਇੱਕ ਕਰਕੇ ਉੱਥ ਕਿਰਨ ਲੱਗ ਪਏ।
"ਝਟ ਸੌਂ ਜਾਣਾ ਚਾਹੀਦਾ ਹੈ।"
ਚਾਂਘਰਦੇ, ਉੱਚਾ ਉੱਚਾ ਬੋਲਦੇ ਤੇ ਬਕਵਾਸ ਕਰਦੇ ਮਲਾਹ ਇੱਕ ਚੱਟਾਨ ਦੇ ਸਿਰੇ ਕੋਲ ਜਾ ਪਹੁੰਚੇ। ਚੰਨ ਤੋਂ ਉਹਲੇ ਪਰਛਾਵੇਂ ਵਿੱਚ ਉਹ ਛੱਕੜਾ ਖਲ੍ਹਤਾ ਹੋਇਆ ਸੀ, ਜਿਸ ਵਿੱਚ ਕੋਜ਼ੂਖ ਸੁੱਤਾ ਪਿਆ ਸੀ।
"ਕੀ ਗੱਲ ਹੈ ?"
ਦੋ ਸੰਤਰੀ ਰਫ਼ਲਾਂ ਤਾਣ ਕੇ ਅੱਗੇ ਖਲ੍ਹੇ ਗਏ।
"ਕਮਾਂਡਰ ਕਿੱਥੇ ਹੈ ?"
ਕੋਜੂਖ ਪਹਿਲਾਂ ਹੀ ਛਾਲ ਮਾਰ ਕੇ ਉੱਠ ਖਲ੍ਹਤਾ ਸੀ ਤੇ ਅੰਨ੍ਹੇਰੇ ਵਿੱਚ ਉਸ ਦੀਆਂ ਅੱਖਾਂ ਭੇੜੀਏ ਵਾਂਗ ਲਿਸ਼ਕ ਰਹੀਆਂ ਸਨ।
ਸੰਤਰੀ ਰਫਲਾਂ ਅੱਗੇ ਕਰਦੇ ਚੀਖ਼ੇ:
“ਪਿੱਛੇ ਹਟ ਜਾਓ, ਨਹੀਂ ਗੋਲੀ ਮਾਰ ਦਿਆਂਗੇ।"
"ਕੀ ਕਹਿੰਦੇ ਨੇ ?" ਕੋਜੂਖ ਨੇ ਪੁੱਛਿਆ।
"ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਹਾਂ, ਕਮਾਂਡਰ । ਸਾਡੀ ਖੁਰਾਕ ਮੁੱਕ ਗਈ ਹੈ। ਕੀ ਤੁਹਾਡੀ ਇੱਛਾ ਹੈ, ਅਸੀਂ ਭੁੱਖੇ ਮਰ ਜਾਈਏ ? ਅਸੀਂ ਕੋਈ ਪੰਜ ਹਜ਼ਾਰ ਬੰਦੇ ਹਾਂ। ਇਨਕਲਾਬ ਲਈ ਅਸਾਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਨੇ ਤੇ ਕੀ ਹੁਣ ਅਸੀਂ ਕੁੱਤਿਆਂ ਦੀ ਮੌਤ ਮਰ ਜਾਈਏ ?''
ਪਰਛਾਵੇਂ ਵਿੱਚ ਭਾਵੇਂ ਕੋਜੂਖ ਦਾ ਚਿਹਰਾ ਉਹਨਾਂ ਨੂੰ ਏਨਾ ਸਾਫ ਨਹੀਂ ਸੀ ਦਿੱਸਦਾ, ਪਰ ਅੱਖਾਂ ਦੀ ਚਮਕ ਸਭ ਵੇਖ ਰਹੇ ਸਨ।
"ਫੌਜ ਵਿੱਚ ਭਰਤੀ ਹੋ ਜਾਓ। ਤੁਹਾਨੂੰ ਪੂਰਾ ਰਾਸ਼ਨ ਤੇ ਰਫਲਾਂ ਦਿੱਤੀਆਂ ਜਾਣਗੀਆਂ। ਸਾਡੇ ਕੋਲ ਖੁਰਾਕ ਬਹੁਤ ਥੋੜ੍ਹੀ ਹੈ। ਅਸੀਂ ਕੇਵਲ ਰਫ਼ਲਾਂ ਵਾਲਿਆਂ ਨੂੰ ਹੀ ਦੇਂਦੇ ਹਾਂ। ਮਸਾਂ ਗੁਜ਼ਾਰੇ ਵਾਲੀ ਗੱਲ ਹੈ। ਸਾਡੇ ਲੜਨ ਵਾਲੇ ਸਿਪਾਹੀਆਂ ਨੂੰ ਵੀ ਮਸਾਂ ਹੀ ਰਾਸ਼ਨ ਨਸੀਬ ਹੁੰਦਾ ਹੈ।"
"ਕੀ ਅਸੀਂ ਨਹੀਂ ਲੜਦੇ ? ਸਾਨੂੰ ਫ਼ੌਜੀਆਂ ਵਿੱਚ ਰਲਣ ਲਈ ਕਿਉਂ ਮਜਬੂਰ ਕਰਦੇ ਹੋ ? ਸਾਨੂੰ ਸਭ ਪਤਾ ਹੈ ਕਿ ਕੀ ਕਰਨਾ ਹੈ । ਜਦ ਲੜਨ ਦਾ ਵਕਤ ਆਇਆ, ਅਸੀਂ ਤੁਹਾਡੇ ਨਾਲੋਂ ਵੀ ਵਧੇਰੇ ਜੂਝ ਕੇ ਲੜਾਂਗੇ। ਲੜਾਂਗੇ ਵੀ ਚੰਗਾ । ਤੁਹਾਨੂੰ ਕੋਈ ਹੱਕ ਨਹੀਂ ਕਿ ਸਾਡੇ ਵਰਗੇ ਹੰਢੇ ਵਰਤੇ ਇਨਕਲਾਬੀਆਂ ਉੱਤੇ ਹੁਕਮ ਚਾੜ੍ਹ। ਕਿੱਥੇ ਸਾਉ ਤੁਸੀਂ, ਜਦ ਅਸਾਂ ਜ਼ਾਰ ਨੂੰ ਗੱਦੀ ਤੋਂ ਲਾਹ ਕੇ ਪਰੇ ਮਾਰਿਆ ਸੀ? ਤੂੰ ਜ਼ਾਰ ਦੀ ਫੌਜ ਵਿੱਚ ਅਫ਼ਸਰ ਹੁੰਦਾ ਮੈਂ। ਹੁਣ ਤੂੰ ਚਾਹੁੰਦਾ ਹੈ ਕਿ ਸਭ ਕੁਝ ਇਨਕਲਾਬ ਦੇ ਹਵਾਲੇ ਕਰ ਦੇਣ ਮਗਰੋਂ ਅਸੀਂ ਬਰਬਾਦ ਹੋ ਜਾਈਏ । ਤੂੰ ਸਮਝਦਾ ਹੈਂ, ਕਿ ਜੋ ਮਰਜ਼ੀ ਕਰ ਲਵੇਂ, ਕਿਉਂ ਜੋ ਤੂੰ ਆਪਣੇ ਆਪ ਨੂੰ ਕਮਾਂਡਰ ਬਣਾ ਲਿਆ ਹੈ ? ਸਾਢੇ ਸੋਲ਼ਾਂ ਸੌ ਮੁੰਡਿਆਂ ਨੇ ਕਸਬੇ ਵਿੱਚ ਆਪਣੀ ਜਾਨਾਂ ਦੇ ਦਿੱਤੀਆਂ। ਅਫ਼ਸਰਾਂ ਨੇ ਉਹਨਾਂ ਨੂੰ ਜਿਉਂਦਿਆਂ ਕਬਰਾਂ ਵਿੱਚ ਪਾ ਦਿੱਤਾ ਤੇ ਤੂੰ ਹੁਣ- ।"
"ਉਹਨਾਂ ਪੰਦਰਾਂ ਸੌਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ, ਤੇ ਤੁਸੀਂ ਇੱਥੇ ਕੰਜਰੀਆਂ ਲਈ ਫਿਰਦੇ ਹੋ।"
ਮਲਾਹ ਸਾਨ੍ਹਾਂ ਦੇ ਵੱਗ ਵਾਂਗ ਭੂਤਰ ਖਲ੍ਹਤੇ:
"ਤੂੰ ਸਾਨੂੰ, ਇਨਕਲਾਬ ਦੇ ਲੜਾਕਿਆਂ ਨੂੰ, ਮਿਹਣੇ ਮਾਰ ਰਿਹਾ ਹੈਂ।"
ਉਹ ਗੱਜਦੇ ਤੇ ਛਿੱਬੀਆਂ ਦੇਂਦੇ, ਸਤਰੀਆਂ ਨੂੰ ਘੂਰਨ ਲੱਗ ਪਏ। ਪਰ ਕੋਜੂਖ ਦੀਆਂ ਭੱਖਦੀਆਂ ਅੱਖਾਂ ਨੂੰ ਕੋਈ ਧੋਖਾ ਨਹੀਂ ਸੀ ਲੱਗ ਰਿਹਾ; ਉਹਨਾਂ ਨੂੰ ਸਭ ਕੁਝ ਦਿੱਸਦਾ ਸੀ, ਛਿੱਬੀਆਂ ਦੇਣ ਵਾਲੇ ਦਿੱਸਦੇ ਸਨ ਤੇ ਉਹ ਵੀ ਦਿੱਸਦੇ ਸਨ ਜੋ ਇੱਕ ਇੱਕ ਕਰਕੇ ਇੱਧਰ ਉੱਧਰ ਘੁਸਰਨ ਲੱਗ ਪਏ ਸਨ, ਤੇ ਕੋਡੇ ਹੋਏ ਚੰਨ ਦੀਆਂ ਰਿਸ਼ਮਾਂ ਵਿੱਚ ਟੁਰਦੇ, ਬੰਬਾਂ ਨੂੰ ਲੋਕ ਨਾਲੋਂ ਖੋਲ੍ਹ ਰਹੇ ਸਨ ਤੇ ਫਿਰ ਸਾਰੇ ਦੇ ਸਾਰੇ ਫਸੇ ਹੋਏ ਛਕੜੇ ਵੱਲ ਚੜ੍ਹ ਵਗੇ।
ਉਸੇ ਪਲ ਰਾਟ -ਰਟ - ਟਟ- ਟਟ ਕਰਦੀ ਇੱਕ ਮਸ਼ੀਨਗੰਨ ਚੱਲਣ ਲੱਗ ਪਈ । ਛੱਕੜੇ ਉੱਤੇ ਇੱਕ ਲਿਸ਼ਕਾਰਾ ਪਿਆ, ਜਿਸ ਵਿੱਚ ਉਹ ਲਿਸ਼ਕਦੀ ਅੱਖ ਚਮਕ ਰਹੀ ਸੀ - ਗੋਲੀਆਂ ਏਨੀ ਸਫ਼ਾਈ ਨਾਲ ਅੰਨ੍ਹੇਰੇ ਨਾਲ ਜੁੜੀ ਚੰਨ ਦੀ ਚਾਨਣੀ ਵਿੱਚ ਉੱਡ ਰਹੀਆਂ ਸਨ ਕਿ ਕੋਈ ਇੱਕ ਵੀ ਕਿਸੇ ਦੀ ਹੱਡੀ ਜਾਂ ਸਰੀਰ ਨਾਲ ਨਹੀਂ ਛੋਹੀ, ਪਰ ਇੱਕ ਅਜਿਹੀ ਖੌਫ਼ਨਾਕ ਹਵਾ ਜਿਹੀ ਉੱਡਣ ਲੱਗੀ ਕਿ ਮਲਾਹਾਂ ਦੀਆਂ ਟੋਪੀਆਂ ਸਿਰਾਂ ਉੱਤੇ ਲੱਥ ਗਈਆਂ ਤੇ ਉਹ ਪਿੱਛੇ ਹੋਟ ਗਏ।
"ਸ਼ੈਤਾਨ। ਚਲਾਕ ਭੂਤਨੇ। ਮਸ਼ੀਨਗੰਨਰ ਹੋਣ ਤਾਂ ਇਹੋ ਜਿਹੇ।"
ਦੂਰ ਦੂਰ ਤੱਕ ਫੈਲੀ ਚੰਨ ਦੀ ਚਾਨਣੀ ਵਿੱਚ, ਸਾਰਾ ਕਾਫ਼ਲਾ ਘੂਕ ਸੁੱਤਾ ਹੋਇਆ ਸੀ। ਪਹਾੜ ਵੀ ਦੁੱਧ ਚਾਨਣੀ ਵਿੱਚ ਧੋਤੇ ਉੱਘਾ ਲੈ ਰਹੇ ਸਨ । ਸਮੁੰਦਰ ਦੇ ਨਾਲ ਨਾਲ, ਕੰਢੇ ਤੋਂ ਲੈ ਕੇ ਦੂਰ ਦਿਸਹੱਦੇ ਤੀਕ, ਚੰਨ ਦੀ ਚਾਨਣੀ ਵਿੱਚ, ਚਾਂਦੀ ਵੰਨੀ ਵੱਡੀ ਸੜਕ ਥਿਰਕ ਰਹੀ ਸੀ।
20
ਲੋਅ ਲੱਗਦਿਆਂ ਹੀ, ਦਲ ਵਿੱਚ, ਮੁੱਖ ਸੜਕ ਦੇ ਨਾਲ ਨਾਲ ਹਿੱਲਜੁੱਲ ਹੋਣ ਲੱਗ ਪਈ।
ਸੱਜੇ ਪਾਸੇ ਦੂਰ ਦੂਰ ਤੱਕ ਸਮੁੰਦਰ ਦਾ ਫੈਲਾਅ ਸੀ, ਤੇ ਖੱਬੇ ਰੁੱਖਾਂ ਨਾਲ ਭਰੇ ਪਹਾੜ, ਜਿਨ੍ਹਾਂ ਉੱਤੇ ਨੰਗੀਆਂ ਚੱਟਾਨਾਂ ਸਿਰ ਉੱਤੇ ਤਾਜ ਵਾਂਗ ਰੱਖੀਆਂ ਹੋਈਆਂ ਸਨ।
ਖਹੁਰੀਆਂ ਸਿਖਰਾਂ ਉੱਤੋਂ ਕਿਰਨਾਂ ਦੀ ਤਪਸ਼ ਤਿਲ੍ਹਕਦੀ ਹੇਠਾਂ ਵੱਲ ਆ ਰਹੀ ਸੀ । ਮੁੱਖ ਮਾਰਗ ਉੱਤੇ ਘੱਟਾ ਹੀ ਘੱਟਾ ਉੱਡਣ ਲੱਗ ਪਿਆ ਸੀ। ਭਿਣ ਭਿਣ ਕਰਦੀਆਂ ਕੀਊਬਨ, ਸਟੈਪੀ ਦੀਆਂ ਜਾਣੀਆਂ ਪਛਾਣੀਆਂ ਮੱਖੀਆਂ, ਬੰਦਿਆਂ ਤੇ ਜਾਨਵਰਾਂ ਨੂੰ ਇੱਕੋ ਜਿਹੀਆਂ ਦੁਖੀ ਕਰਨ ਲੱਗ ਪਈਆਂ । ਉਹ ਲੋਕਾਂ ਦੇ ਨਾਲ ਨਾਲ ਧੁਰ ਘਰੋਂ ਆਈਆਂ ਸਨ, ਉਹਨਾਂ ਨਾਲ ਹੀ ਰਾਤ, ਉਹ ਵੀ ਡੇਰੇ ਲਾ ਲੈਂਦੀਆਂ ਤੇ ਦਿਨ ਚੜ੍ਹੇ ਉਹਨਾਂ ਦੇ ਉੱਠਦਿਆਂ ਹੀ ਉਹ ਵੀ ਉੱਠ ਪੈਂਦੀਆਂ।
ਸੱਪ ਵਾਂਗ ਪੇਚ ਖਾਂਦੀ ਮੁੱਖ ਸੜਕ, ਮਿੱਟੀ ਘੱਟੇ ਨਾਲ ਭਰੀ ਹੋਈ, ਸੰਘਣੇ ਜੰਗਲ
ਵਿੱਚੋਂ ਜਾ ਨਿਕਲੀ । ਛਾਂ ਕਰਕੇ, ਇੱਥੇ ਠੰਡ ਤੇ ਚੁਪ-ਚਾਂ ਸੀ । ਰੁੱਖਾਂ ਦੇ ਝੁਰਮਟ ਵਿੱਚੋਂ ਨਿਕਲੀਆਂ ਚੱਟਾਨਾਂ ਦਿੱਸਦੀਆਂ ਸਨ । ਮੁੱਖ ਸੜਕ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ, ਜੰਗਲ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਸੀ। ਝਾੜ ਤੇ ਵੇਲਾਂ ਇੱਕ ਇੱਕ ਟਹਿਣੀ ਨਾਲ ਚਮੁੱਟੀਆਂ ਹੋਈਆਂ ਸਨ। ਪਹਾੜੀ ਝਾੜੀਆਂ ਦੀਆਂ ਨੋਕਾਂ ਨਿਕਲੀਆਂ ਹੋਈਆਂ ਤੇ ਕਈ ਅਜਿਹੇ ਕੰਡਿਆਲੇ ਝਾੜ ਸਨ ਕਿ ਕੋਲੋਂ ਲੰਘਦਿਆਂ ਦੇ ਕੱਪੜੇ ਫੜ ਲੈਂਦੇ। ਇਹ ਰਿੱਛਾਂ, ਜੰਗਲੀ ਬਿੱਲੀਆਂ, ਜੰਗਲੀ ਬੱਕਰੀਆਂ, ਹਿਰਨਾਂ, ਤੇ ਬਿੱਲਿਆਂ ਦੇ ਮਿਆਉਂ ਮਿਆਉਂ ਕਰਨ ਦੀ ਠਾਹਰ ਸੀ। ਸੈਂਕੜੇ ਮੀਲਾਂ ਵਿੱਚ ਬੰਦੇ ਦੇ ਦਰਸ਼ਨ ਨਹੀਂ ਸਨ ਹੁੰਦੇ। ਕਸਾਕਾਂ ਦਾ ਕਿਤੇ ਨਿਸ਼ਾਨ ਤੱਕ ਨਹੀਂ ਸੀ।
ਕਿਸੇ ਵੇਲੇ ਇੱਥੇ ਸਰਕੇਸ਼ੀਅਨ ਪਹਾੜਾਂ ਦੀਆਂ ਵੱਖੀਆਂ ਉੱਤੇ, ਦੂਰ ਦੂਰ ਝੁੱਗੀਆਂ ਪਾ ਕੇ ਰਹਿੰਦੇ ਹੁੰਦੇ ਸਨ । ਕਿਤੇ ਕਿਤੇ ਪਗਡੰਡੀਆਂ ਚੱਟਾਨਾਂ ਤੇ ਜੰਗਲ ਵਿੱਚੋਂ ਵੱਲ ਖਾਂਦੀਆਂ, ਅੱਗੇ ਟੁਰੀਆਂ ਜਾਂਦੀਆਂ ਸਨ । ਹੇਠੋਂ ਦੰਦੀਆਂ ਥੱਲੇ, ਨਿੱਕੀਆਂ ਨਿੱਕੀਆਂ ਭੂਸਲੀਆਂ ਝੁੱਗੀਆਂ, ਆਲ੍ਹਣਿਆਂ ਵਾਂਗ ਲੱਗਦੀਆਂ ਸਨ । ਪਾਣੀ ਦੇ ਲਾਗੇ, ਜਿੱਥੇ ਥੋੜ੍ਹੀ ਬਹੁਤ ਜ਼ਮੀਨ ਸੀ, ਉੱਥੇ ਮੱਕੀ ਦੇ ਖੇਤ ਤੇ ਸੰਭਾਲ ਕੇ ਰੱਖੇ ਹੋਏ ਬਾਗ ਦਿੱਸਦੇ ਸਨ।
ਸੱਤਰ ਕੁ ਸਾਲ ਪਹਿਲਾਂ, ਜ਼ਾਰ ਦੀ ਸਰਕਾਰ ਨੇ ਸਰਕੇਸ਼ੀਅਨਾਂ ਨੂੰ ਤੁਰਕੀ ਵੱਲ ਧੱਕ ਦਿੱਤਾ ਸੀ। ਉਦੋਂ ਤੋਂ ਹੀ ਲਾਂਘਿਆਂ ਉੱਤੇ ਝਾੜ-ਝਖਾੜ ਉੱਗ ਆਏ, ਭਾਰੇ ਜੰਗਲ ਉੱਗ ਗਏ, ਮੀਲਾਂ ਵਿੱਚ, ਵੀਰਾਨ ਪਹਾੜ ਜੰਗਲੀ ਜਾਨਵਰਾਂ ਦੀ ਠਾਹਰ ਬਣ ਗਈ।
ਆਦਮੀਆਂ ਨੇ ਲੋਕਾਂ ਦੁਆਲੇ ਰੱਸੀਆਂ ਵਲ੍ਹੇਟ ਲਈਆਂ ਸਨ, ਰਾਸ਼ਨ ਮੁੱਕਦਾ ਜਾ ਰਿਹਾ ਸੀ।
ਛੱਕੜੇ ਚੀਂ ਚੀਂ ਚੂਕਦੇ ਟੁਰੀ ਜਾ ਰਹੇ ਸਨ ਤੇ ਫੱਟੜ ਉਹਨਾਂ ਨਾਲ ਚੰਬੜੇ, ਆਪਣੇ ਆਪ ਨੂੰ ਨਾਲ ਨਾਲ ਧੂਹਦੇ ਟੁਰੀ ਜਾ ਰਹੇ ਸਨ । ਛੱਕੜਿਆਂ ਵਿੱਚੋਂ ਬੱਚੇ ਸਿਰ ਚੁੱਕ ਚੁੱਕ ਬਾਕੀ ਜਾਂਦੇ ਸਨ ਤੇ ਇੱਕੋ ਤੋਪ ਨੂੰ ਖਿੱਚਦੇ, ਜੇਤਰਾਂ ਵਿੱਚ ਘੋੜਿਆਂ ਦਾ ਬੁਰਾ ਹਾਲ ਹੋ ਰਿਹਾ ਸੀ।
ਵੱਲ ਖਾਂਦੀ ਮੁੱਖ ਸੜਕ ਸਮੁੰਦਰ ਵੱਲ ਮੁੜਨ ਲੱਗ ਪਈ । ਦੂਰ ਦੂਰ ਤੱਕ ਸੁਰਮਈ ਫੈਲਾਅ ਵਿੱਚ, ਸੂਰਜ ਦਾ ਰਾਹ ਝਿਲ ਮਿਲ ਝਿਲ ਮਿਲ ਕਰੀ ਜਾ ਰਿਹਾ ਸੀ।
ਲਿਸ਼ ਲਿਸ਼ ਕਰਦੀਆਂ ਲਹਿਰਾਂ, ਦੂਰੋਂ ਵੱਟੇ ਵੱਟ ਹੋਈਆਂ, ਕੰਢੇ ਦੇ ਗੀਟਿਆਂ ਨਾਲ ਖਹਿ ਰਹੀਆਂ ਸਨ।
ਇੱਕ ਪਲ ਚੁੱਕੇ ਬਿਨਾਂ, ਕਾਫ਼ਲਾ ਮੁੱਖ ਸੜਕ ਉੱਤੇ ਪੈਂਡੇ ਪਿਆ ਹੋਇਆ ਸੀ। ਜਵਾਨ ਗੱਭਰੂ, ਕੁੜੀਆਂ, ਬੱਚੇ ਤੇ ਫੱਟੜ, ਜੋ ਟੁਰ ਸਕਦੇ ਸਨ, ਆਪਣੇ ਪਾਟੇ ਪੁਰਾਣੇ ਕੱਪੜੇ ਲਾਹ ਕੇ ਢਲਾਨ ਤੋਂ ਰਿੜ੍ਹਦੇ - ਪਜਾਮੇ, ਸਕਰਟਾਂ ਕਮੀਜ਼ਾਂ ਸਾਂਭਦੇ ਤੇ ਰਫ਼ਲਾਂ ਨੂੰ ਸਾਂਭਦੇ ਸਿਕਰਦੇ, ਸਾਫ਼ ਸੁਥਰੇ ਪਾਣੀ ਵਿੱਚ ਵੜ ਗਏ। ਉਹਨਾਂ ਦੇ ਪਾਣੀ ਵਿੱਚ ਵੜਨ ਦੀਆਂ ਛੋਹ ਨਾਲ, ਸੂਰਜ ਦੀਆਂ ਕਿਰਨਾਂ ਵਿੱਚ ਬਣੀ ਸਤਰੰਗੀ ਪੀਂਘ, ਜਿਉਂ ਟੋਟੇ ਹੋ ਗਈ। ਨਹਾਉਣ ਵਾਲੇ ਛਾਲਾਂ ਮਾਰ ਮਾਰ ਕੇ ਉੱਚੀ ਉੱਚੀ ਰੋਲਾ ਪਾਂਦੇ, ਇੱਕ ਦੂਜੇ ਉੱਪਰ ਹੱਥਾਂ ਨਾਲ ਉਛਾਲ ਉਛਾਲ ਪਾਣੀ ਸੁੱਟਣ ਲੱਗ ਪਏ। ਇੱਕ ਵੇਰ ਫੇਰ ਚਿਹਰਿਆਂ ਉੱਤੇ ਖੁਸ਼ੀ ਥਿਰਕਣ ਲੱਗ ਪਈ । ਸਾਹਿਲ ਦੇ ਕੰਢੇ, ਜ਼ਿੰਦਗੀ ਨੱਚ ਉੱਠੀ।
ਸਮੁੰਦਰ ਆਪਣੀ ਚੌੜੀ ਛਾਤੀ ਉੱਤੇ, ਨੱਚਦੇ ਟੱਪਦੇ ਪੈਰਾਂ ਨੂੰ ਘੁੱਟੀ ਜਾ ਰਿਹਾ ਸੀ - ਪਰ ਉਸ ਦਾ ਮੱਥਾ ਵੱਟ ਵੱਟ ਹੋਇਆ ਹੋਇਆ ਸੀ। ਉਹ ਪਾਣੀ ਵਿੱਚ ਛੜਪ ਛੜਪ ਕਰਦੇ ਸਰੀਰਾਂ ਨੂੰ ਮਸਤੀ ਵਿੱਚ ਚੁੰਮੀ ਜਾ ਰਿਹਾ ਸੀ ।
ਕਾਫ਼ਲਾ ਵਧੀ ਗਿਆ.. ਅੱਗੇ ਹੋਰ ਅੱਗੇ।
ਨਹਾਉਣ ਵਾਲੇ ਪਾਣੀ ਵਿੱਚੋਂ ਬਾਹਰ ਨਿਕਲ ਆਏ, ਆਪਣੇ ਬੋਅ ਮਾਰਦੇ ਪਾਟੇ ਪੁਰਾਣੇ ਕਪੜਿਆਂ ਨੂੰ ਚੁੱਕੀ ਰਫ਼ਲਾਂ ਸੰਭਾਲਦੇ ਉੱਥੋਂ ਨੱਸ ਪਏ। ਸਰੀਰ ਤੋਂ ਪਾਣੀ ਦੇ ਟੇਪੇ ਚੋਈ ਜਾ ਰਹੇ ਸਨ। ਜਿਸ ਵੇਲੇ ਉਹ ਕਾਫ਼ਲੇ ਨਾਲ ਜਾ ਰਲੇ, ਉਹਨਾਂ ਪਸੀਨੇ ਦੇ ਮਾਰੇ ਕਪੜੇ ਝੱਟ ਤਨ ਦੁਆਲੇ ਵਲ੍ਹੇਟ ਲਏ ਤੇ ਖਿੜ ਖਿੜ ਕਰਦੇ ਟੁਰਨ ਲੱਗ ਪਏ।
ਉਹਨਾਂ ਵੱਲੋਂ ਵੇਖ ਕੇ, ਕਈ ਹੋਰ ਦੌੜਦੇ ਤੇ ਛਾਲਾਂ ਮਾਰਦੇ, ਨੰਗੇ ਪਾਣੀ ਵਿੱਚ ਜਾ ਵੜੇ ਤੇ ਮੁੱਠਾਂ ਵਿੱਚ ਲਹਿਰਾਂ ਫੜ੍ਹਨ ਲੱਗ ਪਏ।
ਤੇ ਕਾਫ਼ਲਾ ਟੁਰੀ ਗਿਆ।
ਗਰਮੀਆਂ ਦੇ ਬੰਗਲੇ ਦਿੱਸਣ ਲੱਗ ਪਏ, ਫਿਰ ਕਸਬੇ ਦੀਆਂ ਝੁੱਗੀਆਂ, ਜੋ ਮੁੱਖ ਸੜਕ ਦੇ ਨਾਲ ਨਾਲ ਬੰਜਰ ਸਾਹਿਲ ਉੱਤੇ ਬਣੀਆਂ ਹੋਈਆਂ ਸਨ, ਦਿੱਸਣ ਲੱਗ ਪਈਆਂ। ਸਭ ਕੁਝ ਸੜਕ ਨਾਲ ਚੰਬੜਿਆ ਜਾਪਦਾ ਸੀ, ਜੋ ਜੰਗਲਾਂ, ਦੰਦੀਆਂ ਤੇ ਖੇਡਾਂ ਵਿੱਚੋਂ ਆਉਣ ਜਾਣ ਦਾ ਇੱਕ ਇੱਕ ਵਸੀਲਾ ਬਣੀ ਹੋਈ ਸੀ।
ਬੰਦੇ ਭੱਜ ਕੇ ਬੰਗਲਿਆਂ ਵਿੱਚ ਜਾ ਵੜੇ ਤੇ ਗੁੱਠਾਂ ਫਰੋਲਣ ਲੱਗ ਪਏ, ਪਰ ਉੱਥੇ ਸਿਵਾਏ ਵੀਰਾਨੀ ਤੇ ਉਜਾੜ ਦੇ ਕੁਝ ਵੀ ਨਹੀਂ ਸੀ।
ਕਸਬੇ ਵਿੱਚ ਝੁਲਸੇ ਹੋਏ ਯੂਨਾਨੀ ਸਨ, ਯੂਨਾਨੀ ਜਿਨ੍ਹਾਂ ਦੇ ਵੱਡੇ ਵੱਡੇ ਨੱਕ ਤੇ ਕਾਲੇ ਚਮਕਦੇ ਡੇਲਿਆਂ ਵਰਗੀਆਂ ਅੱਖਾਂ ਸਨ। ਚਾਰੇ ਪਾਸੇ ਫੈਲੋ ਭੈ ਨਾਲ, ਉਹਨਾਂ ਦੋ ਚਿਹਰੇ ਡਿੱਗੇ ਹੋਏ ਸਨ।
"ਸਾਡੇ ਕੋਲ ਕੋਈ ਰੋਟੀ ਨਹੀਂ। ਅਸੀਂ ਆਪ ਭੁੱਖੇ ਫਾਕੇ ਕੱਟਣ ਲੱਗੇ ਹੋਏ ਹਾਂ।"
ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਸਿਪਾਹੀ ਕੌਣ ਸਨ, ਕਿੱਥੋਂ ਆਏ ਸਨ ਤੇ ਕਿਧਰ ਜਾ ਰਹੇ ਸਨ। ਉਹਨਾਂ ਕੋਈ ਸਵਾਲ ਜਵਾਬ ਨਾ ਕੀਤੇ ਤੇ ਬੜੇ ਬੇਰੁਖੇ ਜਿਹੇ ਵੇਖਦੇ ਰਹੇ।
ਸਿਪਾਹੀ ਇੱਧਰ ਉੱਧਰ ਫੋਲਾ ਫਾਲੀ ਕਰਨ ਲਗ ਪਏ - ਪਰ ਸੱਚੀ ਗੱਲ ਤਾਂ ਇਹ ਸੀ ਕਿ ਉੱਥੇ ਹੈ ਹੀ ਕੁਝ ਨਹੀਂ ਸੀ।
ਪਰ ਉਹਨਾਂ ਯੂਨਾਨੀਆਂ ਦੇ ਚਿਹਰਿਆਂ ਤੋਂ ਭਾਂਪ ਲਿਆ ਕਿ ਉਹਨਾਂ ਖੁਰਾਕ ਛੁਪਾ ਕੇ ਰੱਖੀ ਹੋਈ ਸੀ। ਉਹ ਚੂੰਕਿ ਯੂਨਾਨੀ ਸਨ, ਉਹਨਾਂ ਦੇ ਆਪਣੇ ਬੰਦੇ ਨਹੀਂ ਸਨ, ਸਿਪਾਹੀ ਕਾਲੀਆਂ ਅੱਖਾਂ ਵਾਲੀਆਂ ਤੀਵੀਆਂ ਦੇ ਰੋਂਦੇ ਧੋਂਦੇ, ਉਹਨਾਂ ਦੀਆਂ ਸਾਰੀਆਂ ਬੱਕਰੀਆਂ ਹਿੱਕ ਕੇ ਲੈ ਗਏ।
ਪਹਾੜਾਂ ਨੂੰ ਪਰੇ ਧੱਕਦੀ ਇੱਕ ਖੁੱਲ੍ਹੀ ਡੁੱਲ੍ਹੀ ਵਾਦੀ ਵਿੱਚ ਅਚਾਨਕ, ਉਹ ਇੱਕ ਰੂਸੀ ਪਿੰਡ ਆ ਪਹੁੰਚੇ। ਇੱਕ ਲਿਸ਼ ਲਿਸ਼ ਲਿਸ਼ਕਾਂ ਮਾਰਦਾ ਦਰਿਆ ਵੱਲ-ਵਲੇਵੇਂ ਖਾਂਦਾ,
ਪਿੰਡ ਵਿੱਚੋਂ ਦੀ ਲੰਘ ਰਿਹਾ ਸੀ । ਚੂਨੇ ਨਾਲ ਪੋਚੀਆਂ ਝੁੱਗੀਆਂ ਦੀਆਂ ਕੰਧਾਂ, ਮਾਲ ਡੰਗਰ। ਪਹਾੜਾਂ ਦੀ ਇੱਕ ਢਲਾਣ ਉੱਤੇ, ਹਲ ਦੇ ਪਾਏ ਸਿਆੜ ਦਿੱਸ ਰਹੇ ਸਨ। ਇੱਥੇ ਉਹ ਕਣਕ ਬੀਜਦੇ ਸਨ। ਵਸੋਂ ਪੋਲਟਾਵਾ ਦੀ ਸੀ, ਜੋ ਆਪਣੀ ਬੋਲੀ ਬੋਲਦੇ ਸਨ।
ਇਹਨਾਂ ਬੜੀ ਖੁਸ਼ੀ ਨਾਲ ਆਪਣੀ ਕਣਕ ਤੇ ਜਈ ਸਿਪਾਹੀਆਂ ਨੂੰ ਦਿੱਤੀ ਤੇ ਕਈ ਸਵਾਲ ਪੁੱਛੇ। ਉਹਨਾਂ ਸੁਣਿਆ ਹੋਇਆ ਸੀ ਕਿ ਜ਼ਾਰ ਨੂੰ ਗੱਦੀਓਂ ਲਾਹ ਦਿੱਤਾ ਗਿਆ ਸੀ ਤੇ ਬਾਲਸ਼ਵਿਕਾਂ ਨੇ ਸੱਤ੍ਹਾ ਸੰਭਾਲ ਲਈ ਹੋਈ ਸੀ, ਪਰ ਉਹਨਾਂ ਨੂੰ ਇਹ ਕੋਈ ਖ਼ਬਰ ਨਹੀਂ ਸੀ ਕਿ ਹੁਣ ਹਾਲਤ ਕਿਹੋ ਜਿਹੀ ਸੀ। ਸਿਪਾਹੀਆਂ ਨੇ ਉਹਨਾਂ ਨੂੰ ਸਾਰੀ ਗੱਲ ਬਾਤ ਦੱਸੀ ਤੇ ਭਾਵੇਂ ਇਹ ਮਾੜੀ ਗੱਲ ਹੀ ਸੀ, ਕਿਉਂਜੋ ਇਹ ਪੇਂਡੂ ਉਹਨਾਂ ਦੇ ਹਮਵਤਨੀ ਸਨ, ਪਰ ਉਹ ਸਾਰੇ ਚੂਚੇ, ਬੱਤਖਾਂ ਤੇ ਮੁਰਗਾਬੀਆਂ ਲੈ ਗਏ, ਜਦ ਕਿ ਪਿੰਡ ਦੀਆਂ ਤੀਵੀਆਂ ਚੀਖ਼ਾਂ ਹੀ ਮਾਰਦੀਆਂ ਰਹਿ ਗਈਆਂ।
ਕਾਫ਼ਲਾਂ ਬਿਨਾਂ ਰੁੱਕੇ ਟੁਰੀ ਗਿਆ।
"ਖ਼ਬਰੇ ਕਦੋਂ ਅਸਾਂ ਐਨ ਮੂੰਹ ਲਾਇਆ ਸੀ।" ਆਪਣੇ ਲੱਕਾਂ ਦੁਆਲੇ ਰੱਸੀ ਵਲ੍ਹੇਟੀ ਲੋਕ ਕਹਿਣ ਲੱਗੇ।
ਬੰਦੇ, ਜਿਹੜੇ ਬੰਗਲਿਆਂ ਦੀ ਫੋਲਾ ਫਾਲੀ ਕਰਨ ਗਏ ਸਨ, ਕਿਤੋਂ ਇਕ ਗ੍ਰਾਮੋਫ਼ੋਨ ਤੇ ਤਵਿਆਂ ਦਾ ਢੇਰ ਚੁੱਕ ਲਿਆਏ । ਉਹਨਾਂ ਇੱਕ ਖਾਲੀ ਕਾਠੀ ਉੱਤੇ ਟਿਕਾ ਕੇ ਸੂਈ ਅੜਾ ਦਿੱਤੀ ਤੇ ਜੰਗਲ ਦੀ ਚੁੱਪ ਚਾਂ, ਨੰਗੀਆਂ ਦੰਦੀਆਂ ਤੇ ਚਿੱਟੀ ਉੱਡਦੀ ਧੂੜ ਵਿੱਚੋਂ, ਕੁਝ ਚੇਤੇ ਕਰਾਂਦੀ, ਇੱਕ ਮਨੁੱਖੀ ਆਵਾਜ਼ ਚੀਖਣ ਲੱਗ ਪਈ
ਪਿੱਸੂ! ਪੈ ਗਏ ਪਿੱਸੂ ! ਹਾਏ! ਹਾਏ!
ਬੰਦੇ ਹਾਸੇ ਨਾਲ ਦੂਹਰੇ ਹੋ ਹੋ ਜਾਂਦੇ ਟੁਰੀ ਗਏ।
"ਇੱਕ ਵੇਰ ਮੁੜ ਕੇ ਲਾ ਦਿਓ... ਪਿੱਸੂ ਨੂੰ।"
ਉਹਨਾਂ ਕਈ ਹੋਰ ਤਵੇ ਲਾਏ ਤੇ ਸਧਾਰਨ ਤੇ ਕਲਾਤਮਕ ਰੀਕਾਰਡਾਂ ਦਾ ਅਨੰਦ ਮਾਣਿਆ। ਅਚਾਨਕ ਗਰਾਮੋਫੋਨ ਵਿੱਚੋਂ ਸੁਰ ਨਿਕਲਣ ਲੱਗ ਪਈ:
ਜ਼ਾਰ ਦਾ ਭਲਾ ਹੋਵੇ...।
ਇੱਕ ਸੋਰ ਜਿਹਾ ਉੱਠਿਆ।
"ਮਾਰ ਕਾਠ ਇਹ ਨੂੰ ।"
"ਰੱਖ ਓਏ ਇਹ ਨੂੰ ਆਪਣੇ ਉਸ ਉੱਤੇ।"
ਉਹਨਾਂ ਤਵਾ ਲਾਹਿਆ ਤੇ ਭੂਆ ਕੇ ਸੜਕ ਉੱਤੇ ਸੁੱਟ ਦਿੱਤਾ, ਜਿਸ ਨੂੰ ਲਤਾੜਦੇ ਕਈ ਪੈਰ ਉੱਪਰੋਂ ਲੰਘ ਗਏ।
ਬਸ ਉਦੋਂ ਤੋਂ ਹੀ ਗਰਾਮੇਫ਼ੋਨ ਦੀ ਮੰਗ ਵੱਧ ਗਈ।
ਰਾਤ ਹੋਵੇ ਤੇ ਭਾਵੇਂ ਪ੍ਰਭਾਤ, ਕੋਈ ਨਾ ਕੋਈ ਤਵਾ, ਨਾਚ ਜਾਂ ਗਾਣੇ ਵਾਲਾ ਵੱਜਦਾ ਹੀ ਰਹਿੰਦਾ।
ਟੁਕੜੀਆਂ ਤੇ ਦਸਤੇ ਵਾਰੇ ਵਾਰੀ ਲਿਜਾ ਕੇ ਸੁਆਦ ਲੈਂਦੇ ਰਹੇ। ਕਈ ਤਾਂ ਕਿੰਨਾ
ਕਿੰਨਾ ਚਿਰ ਕਿਸੇ ਹੋਰ ਨੂੰ ਵਾਰੀ ਹੀ ਨਾ ਲੈਣ ਦੇਂਦੇ ਤੇ ਫਿਰ ਲੜਾਈ ਹੋ ਜਾਂਦੀ । ਇਹ ਸਭ ਦਾ ਦਿਲ ਪਰਚਾਵਾ ਹੋ ਗਿਆ। ਸਭ ਨੂੰ ਇਹ ਇੱਕ ਜਿਊਂਦੀ ਜਾਗਦੀ ਚੀਜ਼ ਜਾਪਦੀ ਸੀ।
21
ਇੱਕ ਕੀਊਬਨ ਘੋੜ-ਸਵਾਰ, ਕਾਠੀ ਉੱਤੇ ਝੁਕਿਆ ਹੋਇਆ ਤੇ ਸਿਰ ਉੱਤੇ ਇੱਕ ਵਾਸੀ ਰਖੀ ਹੋਈ ਫਰ ਦੀ ਟੋਪੀ ਪਾਈ, ਘੋੜੇ ਨੂੰ ਸਰਪਟ ਦੁੜਾਂਦਾ ਕਾਫ਼ਲੇ ਕੋਲ ਆ ਪਹੁੰਚਿਆ।
"ਬਟਕੋ* ਕਿੱਥੇ ਹੈ ?"
ਉਸ ਦਾ ਚਿਹਰਾ ਮੁੜ੍ਹਕੇ ਨਾਲ ਭਿੱਜਾ ਪਿਆ ਸੀ ਤੇ ਘੋੜੇ ਦੀਆਂ ਮੁੜ੍ਹਕੇ ਨਾਲ ਭਿੱਜੀਆਂ ਵੱਖੀਆਂ, ਧੌਂਕਣੀ ਵਾਂਗ ਹੇਠਾਂ ਉੱਪਰ ਹੋ ਰਹੀਆਂ ਸਨ।
ਭਾਰੇ, ਲਿਸ਼ਕਦੇ ਬੱਦਲ ਰੁੱਖਾਂ ਨਾਲ ਭਰੇ ਪਹਾੜਾਂ ਉੱਤੋਂ ਲੰਘਣ ਲਗ ਪਏ ਤੇ ਮੁੱਖ ਸੜਕ ਦੇ ਉੱਪਰ ਛਾ ਗਏ।
"ਲੱਗਦਾ ਏ ਤੂਫ਼ਾਨ ਆਵੇਗਾ।"
ਮੁੱਖ ਸੜਕ ਦੇ ਇੱਕ ਮੋੜ ਉੱਤੇ ਦਲ ਦੀ ਗੱਡੀ ਅਚਾਨਕ ਰੁੱਕ ਗਈ; ਪਿਆਦਾ ਫੌਜ ਦੇ ਜਵਾਨ ਕੋਲ ਕੋਲ ਹੋ ਗਏ ਸਾਮਾਨ ਗੱਡੀ ਦੇ ਕਚਨਾਵਾਂ ਨੇ ਖਿੱਚ ਖਿੱਚ ਕੇ ਘੋੜਿਆਂ ਦੀਆਂ ਰਾਸਾਂ, ਉਹਨਾਂ ਦੇ ਸਿਰ ਉਤਾਂਹ ਚੁੱਕ ਦਿੱਤੇ; ਤੇ ਪਿੱਛੋਂ ਆਉਂਦੇ ਛਕੜੇ, ਅਗਲਿਆਂ ਵਿੱਚ ਆ ਕੇ ਫਸ ਗਏ - ਸਾਰੇ ਦਾ ਸਾਰਾ ਕਾਫ਼ਲਾ ਰੁੱਕ ਗਿਆ।
"ਗੱਲ ਕੀ ਹੈ ? ਏਡੀ ਛੇਤੀ ਕਿਉਂ ਸਭ ਰੁੱਕ ਖਲ੍ਹਤੇ ਨੇ!"
ਘੋੜ ਸਵਾਰ ਦਾ ਤਰੇ ਤਰ ਚਿਹਰਾ ਉਸ ਦੇ ਘੋੜੇ ਦੀਆਂ ਵੱਖੀਆਂ ਹੇਠਾਂ ਉੱਪਰ ਹੁੰਦੀਆਂ ਤੇ ਅਚਾਨਕ ਰੁੱਕ ਜਾਣ ਨਾਲ, ਸਭ ਨੂੰ ਚਿੰਤਾ ਹੋਣ ਲੱਗ ਪਈ। ਜਿਸ ਵਿੱਚ ਹੌਲੀ ਹੌਲੀ ਵਾਧਾ ਹੁੰਦਾ ਗਿਆ ਤੇ ਸਭ ਭਿਆਨਕ ਅੰਦਾਜ਼ੇ ਲਾਣ ਲੱਗ ਪਏ ਤੇ ਉਸੇ ਘੜੀ ਦੂਰ ਗੋਲੀ ਚੱਲਣ ਦੀ ਮੱਧਮ ਜਿਹੀ ਆਵਾਜ਼ ਆਈ। ਗੋਲੀ ਦੀ ਹੋਰ ਆਵਾਜ਼ ਤਾਂ ਨਾ ਆਈ, ਪਰ ਇਸ ਅਚਾਨਕ ਚੁੱਪ ਨਾਲ ਭੈ ਵਿੱਚ ਹੋਰ ਵਾਧਾ ਹੋ ਗਿਆ।
ਇੱਥੋਂ ਤੱਕ ਕਿ ਗਰਾਮੋਫੋਨ ਵੀ ਵੱਜਣਾ ਬੰਦ ਹੋ ਗਿਆ। ਕੋਜੂਖ, ਨਿੱਕੀ ਬੱਘੀ ਵਿੱਚ ਸਵਾਰ, ਦਲ ਦੇ ਮੁਹਰਲੇ ਹਿੱਸੇ ਕੋਲ ਛੇਤੀ ਤੋਂ ਛੇਤੀ ਪਹੁੰਚਣ ਦੀ ਕਾਹਲ ਵਿੱਚ ਸੀ। ਫਿਰ ਦੌੜਦੇ ਜਾਂਦੇ ਘੋੜ ਸਵਾਰਾਂ ਨੇ ਅੱਗੇ ਜਾ ਕੇ ਰਾਹ ਰੋਕ ਲਿਆ ਤੇ ਲੱਗ ਪਏ ਚੰਗੀਆਂ ਮੰਦੀਆਂ ਸੁਣਾਨ।
"ਰੁੱਕ ਜਾਓ! ਪਿੱਛੇ ਮੁੜੋ। ਜੇ ਤੁਸੀਂ ਨਾ ਰੁੱਕੇ, ਅਸੀਂ ਗੋਲੀ ਮਾਰ ਦਿਆਂਗੇ। ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ। ਸੜਕ ਉੱਤੇ ਹੀ ਕਿਸੇ ਵੇਲੇ ਵੀ ਲੜਾਈ ਛਿੜਨ ਵਾਲੀ
*ਬਟਕੋ, ਭਾਵ “ਪਿਤਾ" ਯੂਕਰੇਨੀਅਨ ਭਾਸ਼ਾ ਵਿੱਚ ਨੇਤਾਵਾਂ ਲਈ ਵਰਤਿਆ ਜਾਂਦਾ ਹੈ - ਅੰਗਰੇਜ਼ੀ ਅਨੁਵਾਦਕ।
ਹੈ। ਇਹ ਹੁਕਮ ਹੈ। ਕੋਜੂਖ ਨੇ ਸਾਨੂੰ ਆਖਿਆ ਹੈ ਕਿ ਜੋ ਆਖੇ ਨਾ ਲੱਗੇ, ਗੋਲੀ ਨਾਲ ਉਡਾ ਦਿਓ ।"
ਖ਼ਤਰਾ ਚਾਰੇ ਪਾਸੇ ਵੱਧ ਗਿਆ। ਤੀਵੀਂਆਂ, ਬੁੱਢੇ, ਜਵਾਨ ਕੁੜੀਆਂ ਤੇ ਬੱਚੇ ਚੀਖ਼ਾਂ ਮਾਰਨ ਲੱਗ ਪਏ: "ਅਸੀਂ ਕਿੱਧਰ ਨੂੰ ਜਾਈਏ ? ਸਾਨੂੰ ਰੋਕ ਕਿਉਂ ਰਹੇ ਹੋ ? ਅਸੀਂ ਹੁਣ ਕੀ ਕਰੀਏ ? ਅਸੀਂ ਤੁਹਾਡੇ ਨਾਲ ਹਾਂ। ਜੇ ਮੌਤ ਆਈ, ਤਾਂ ਸਾਰੇ ਇਕੱਠੇ ਹੀ ਮਰਾਂਗੇ।"
ਘੋੜ ਸਵਾਰ ਬੜੇ ਸਖ਼ਤ ਸਨ।
"ਕੋਜ਼ੂਖ ਦਾ ਆਖਣਾ ਹੈ ਕਿ ਤੁਹਾਡੇ ਵਿੱਚ ਤੇ ਸਿਪਾਹੀਆਂ ਵਿੱਚ, ਚਾਰ ਮੀਲ ਦਾ ਫਾਸਲਾ ਹੋਣਾ ਚਾਹੀਦਾ ਹੈ। ਤੁਸੀਂ ਰਾਹ ਵਿੱਚ ਅੜੇ ਖੜ੍ਹੋਤੇ ਹੋ, ਸਮਝ ਗਏ ਹੋ। ਲੜਾਈ ਵਿੱਚ ਤੁਸੀਂ ਇੱਕ ਰੁਕਾਵਟ ਹੋ।"
"ਪਰ ਜੋ ਅੱਗੇ ਪਹੁੰਚੇ ਹੋਏ ਨੇ, ਉਹ ਸਾਡੇ ਹੀ ਬੰਦੇ ਨੇ । ਮੇਰਾ ਈਵਾਨ ਉਹਨਾਂ ਵਿੱਚ ਹੈ।"
"ਤੇ ਮੇਰਾ ਮਿਕੀਤਾ।"
'ਤੇ ਮੇਰਾ ਓਪਾਨਸ।"
"ਤੁਸੀਂ ਟੁਰ ਜਾਉਗੇ... ਸਾਨੂੰ ਛੱਡ ਜਾਓਗੇ।"
“ਤੁਹਾਡਾ ਦਿਮਾਗ ਕੰਮ ਕਰਦਾ ਹੈ ਜਾਂ ਨਹੀਂ ? ਅਸਾਂ ਲੜ ਕੇ ਤੁਹਾਡੀਆਂ ਜਾਨਾਂ ਬਚਾਣੀਆਂ ਨੇ। ਜਿਸ ਵੇਲੇ ਸੜਕ ਵਿਹਲੀ ਹੋ ਗਈ, ਤੁਸੀਂ ਸਾਡੇ ਪਿੱਛੇ ਪਿੱਛੇ ਆ ਜਾਓਗੇ। ਪਰ ਹੁਣ ਇੱਕ ਲੜਾਈ ਹੋਣ ਵਾਲੀ ਹੈ, ਤੁਸੀਂ ਰਾਹ ਰੋਕ ਰਹੇ ਹੋ।"
ਜਿੱਥੋਂ ਤੱਕ ਨਜ਼ਰ ਜਾਂਦੀ ਸੀ, ਛਕੜੇ ਫਸੇ ਖਲ੍ਹਤੇ ਹੋਏ ਸਨ, ਜਿਹੜੇ ਪੈਦਲ ਸਨ ਤੇ ਫੱਟੜ, ਭੀੜ ਵਿੱਚ ਧਕਮ ਧੱਕਾ ਕਰਨ ਲੱਗੇ ਹੋਏ ਸਨ। ਤੀਵੀਂਆਂ ਦੀਆਂ ਚੀਖਾਂ ਨੇ ਵਾਤਾਵਰਣ ਹਿਲਾ ਕੇ ਰੱਖ ਦਿੱਤਾ। ਕਈ ਮੀਲਾਂ ਤੱਕ ਮੁੱਖ ਸੜਕ ਰੁੱਕੀ ਪਈ ਸੀ। ਸਾਮਾਨ ਵਾਲੀ ਗੱਡੀ ਹਾਲਾਂ ਵੀ ਜਾਮ ਹੋਈ ਪਈ ਸੀ । ਮੱਖੀਆਂ ਘੋੜਿਆਂ ਦੀਆਂ ਪਿਛਾੜੀਆਂ, ਵੱਖੀਆਂ ਤੇ ਧੌਣਾਂ ਉੱਤੇ ਭਿਣ ਭਿਣਾ ਰਹੀਆਂ ਸਨ । ਬੱਚਿਆਂ ਉੱਤੇ ਏਨੀਆਂ ਮੱਖੀਆਂ ਸਨ ਕਿ ਉਹ ਕਾਲੇ ਹੋਏ ਪਏ ਸਨ। ਘੋੜੇ ਪ੍ਰੇਸ਼ਾਨੀ ਵਿੱਚ ਸਿਰ ਮਾਰੀ ਜਾ ਰਹੇ ਸਨ, ਤੇ ਪੌੜ ਚੁੱਕ ਚੁੱਕ ਢਿੱਡ ਨੂੰ ਮਾਰੀ ਜਾ ਰਹੇ ਸਨ । ਰੁੱਖਾਂ, ਬੂਟਿਆਂ ਵਿੱਚੋਂ ਸਮੁੰਦਰ ਦੀਆਂ ਝਲਕੀਆਂ ਪੈਂਦੀਆਂ ਸਨ। ਸਭ ਦੀਆਂ ਨਜ਼ਰਾਂ ਸੜਕ ਉੱਤੇ ਉਸ ਥਾਂ ਉੱਤੇ ਟਿਕੀਆਂ ਹੋਈਆਂ ਸਨ, ਜਿੱਥੇ ਘੜ ਸਵਾਰਾਂ ਨੇ ਰਾਹ ਰੋਕਿਆ ਹੋਇਆ ਸੀ। ਘੋੜ ਸਾਵਰਾਂ ਤੋਂ ਪਰ੍ਹੇ ਸਿਪਾਹੀ ਸਨ, ਉਹਨਾਂ ਦੇ ਆਪਣੇ ਸਿਪਾਹੀ, ਸਿੱਧੇ ਸਾਦੇ ਕਿਰਸਾਨ ਲੋਕ, ਰਫਲਾਂ ਚੁੱਕੀ - ਉਹ ਪੱਤਰਾਂ ਵਿੱਚ ਸੁੱਕਾ ਘਾਹ ਵਲ੍ਹੇਟ ਵਲ੍ਹੇਟ ਕੇ, ਸੂਟੇ ਮਾਰਨ ਲੱਗੇ ਹੋਏ ਸਨ, ਜਿਉਂ ਸਿਗਰਟ ਪੀ ਰਹੇ ਹੋਣ।
ਸਿਪਾਹੀ ਉੱਠੇ ਤੇ ਅੱਗੇ ਟੁਰਦੇ ਲੰਘ ਗਏ। ਮੁੱਖ ਸੜਕ ਦੇ ਮਿੱਟੀ ਘੱਟੇ ਵਾਲਾ ਹਿੱਸਾ ਹੋਰ ਮੋਕਲਾ ਹੁੰਦਾ ਗਿਆ ਤੇ ਜਿਵੇਂ ਜਿਵੇਂ ਇਹ ਮੋਕਲਾ ਹੁੰਦਾ ਗਿਆ, ਇੱਕ ਰਮਜ਼ ਮਈ ਖਤਰੇ ਦਾ ਭੈ ਹੋਰ ਵੱਧਦਾ ਗਿਆ।
ਘੋੜ ਸਵਾਰਾਂ ਉੱਤੇ ਮਿਨਤਾਂ ਦਾ ਕੋਈ ਅਸਰ ਨਹੀਂ ਸੀ। ਘੰਟਾ ਬੀਤ ਗਿਆ,
ਫਿਰ ਦੋ। ਸ਼ਖਣੀ ਮੁੱਖ-ਸੜਕ ਮੌਤ ਦੀ ਗਵਾਹੀ ਦੇ ਰਹੀ ਸੀ। ਤੀਵੀਂਆਂ ਦੀਆਂ ਰੋ ਰੋ ਕੇ ਅੱਖਾਂ ਸੁੱਜ ਗਈਆਂ। ਰੁੱਖ ਬੂਟਿਆਂ ਵਿੱਚੋਂ ਨੀਲਾ ਸਮੁੰਦਰ ਝਲਕ ਰਿਹਾ ਸੀ ਤੇ ਰੁੱਖਾਂ ਨਾਲ ਭਰੇ ਪਹਾੜਾਂ ਉੱਤੇ ਬੱਦਲ ਛਾਏ ਹੋਏ ਸਨ।
ਖ਼ਬਰੇ ਕਿੱਧਰੋਂ ਪਹਿਲਾਂ ਇੱਕ ਗੋਲਾ, ਫਿਰ ਦੂਜਾ ਤੇ ਫਿਰ ਤੀਜਾ ਡਿੱਗਣ ਦੀ ਆਵਾਜ਼ ਆਈ । ਪਹਾੜਾਂ, ਪਹਾੜੀਆਂ ਤੇ ਖੇਡਾਂ ਵਿੱਚੋਂ ਗੋਲੀਆਂ ਦੀ ਸ਼ਾਂ ਸ਼ਾਂ ਗੂੰਜ ਰਹੀ ਸੀ। ਇੱਕ ਮਸ਼ੀਨਗੰਨ ਤੜ ਤੜ ਕਰਦੀ ਚਾਰੇ ਪਾਸੇ ਭੈ ਭੀਤ ਕਰ ਰਹੀ ਸੀ।
ਫਿਰ ਜਿਨ੍ਹਾਂ ਦੇ ਹੱਥਾਂ ਵਿੱਚ ਚਾਬਕਾਂ ਸਨ, ਉਹਨਾਂ ਭੈ ਵਿੱਚ ਆਪਣੇ ਘੋੜਿਆਂ ਨੂੰ ਫੰਡਣਾ ਸ਼ੁਰੂ ਕਰ ਦਿੱਤਾ। ਜਾਨਵਰ ਅੱਗੇ ਅੱਗੇ ਕੁਦਾਕੜੇ ਮਾਰਨ ਲੱਗ ਪਏ। ਪਰ ਛੱਕੜਿਆਂ ਉੱਤੇ ਬੈਠੇ ਸਿਪਾਹੀਆਂ ਨੇ ਵੀ ਆਪਣੇ ਘੋੜਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਸਿਰ, ਮੂੰਹ, ਨੱਕ, ਕੰਨ, ਅੱਖਾਂ, ਕੋਈ ਅਜਿਹੀ ਥਾਂ ਨਾ ਬਚੀ ਜਿੱਥੇ ਚਾਬਕਾਂ ਨਹੀਂ ਵੱਜੀਆਂ। ਜਾਨਵਰ ਫੁਰਕੜੇ ਮਾਰਦੇ, ਆਪਣੇ ਸਿਰ ਹਵਾ ਵਿੱਚ ਉਛਾਲਦੇ, ਲਹੂ ਲੁਹਾਨ ਹੋਈਆਂ ਨਾਸਾਂ ਉੱਪਰ ਚੁੱਕਦੇ, ਗੁੱਸੇ ਭਰੀਆਂ ਅੱਖਾਂ ਘੁਮਾਂਦੇ, ਬੰਮਾਂ ਵਿੱਚ ਪਰਛੱਡੇ ਮਾਰਦੇ, ਪਿੱਛੇ ਧੱਕਦੇ ਧੱਕਦੇ ਲੱਤਾਂ ਝਾੜਨ ਲੱਗ ਪਏ। ਪਿੱਛੋਂ ਦੂਜੇ ਛੱਕੜਿਆਂ ਵਾਲ਼ੇ, ਘੋੜਿਆਂ ਨੂੰ ਕੁੱਟਦੇ ਭਜਾਂਦੇ, ਨਾਲ ਆ ਰਲੇ । ਬੱਚਿਆਂ ਦੀਆਂ ਇਉਂ ਚੀਖਾਂ ਨਿਕਲ ਰਹੀਆਂ ਸਨ, ਜਿਉਂ ਕੋਈ ਉਹਨਾਂ ਦੀਆਂ ਧੌਣਾਂ ਉੱਤੇ ਛੁਰੀਆਂ ਫੇਰ ਰਿਹਾ ਹੋਵੇ। ਉਹ ਵੀ ਸੋਟੀਆਂ, ਟਹਿਣੀਆਂ ਨਾਲ ਘੋੜਿਆਂ ਦੀਆਂ ਲੱਤਾਂ ਤੇ ਢਿੱਡ ਕੁੱਟੀ ਜਾ ਰਹੇ ਸਨ । ਤੀਵੀਆਂ ਚੀਖਦੀਆਂ ਘੋੜਿਆਂ ਦੀਆਂ ਵਾਗਾਂ ਖਿੱਚ ਰਹੀਆਂ ਸਨ ਤੇ ਫੱਟੜ, ਬਸਾਖੀਆਂ ਨਾਲ ਹੀ ਜਾਨਵਰਾਂ ਦੇ ਸਿਰ ਫੋਹਣ ਲੱਗੇ ਹੋਏ ਸਨ।
ਮਾਰ ਨਾਲ ਬਉਰੇ ਹੋਏ ਘੋੜੇ, ਲਤਾੜਦੇ ਤੇ ਭੰਨਦੇ ਤੋੜਦੇ ਅੱਗੇ ਅੱਗੇ ਨੱਸੀ ਜਾ ਰਹੇ ਸਨ। ਕੋਜੂਖ ਦੇ ਘੋੜ ਸਵਾਰ ਰਾਹ ਵਿੱਚੋਂ ਹਟ ਕੇ ਖਿੰਡਰ ਗਏ। ਕਿਰਸਾਨ ਛਾਲਾਂ ਮਾਰ ਕੇ ਛੱਕੜਿਆਂ ਉੱਤੇ ਚੜ੍ਹ ਬੈਠੇ। ਫੱਟੜ, ਜੋ ਹਾਲਾਂ ਤੀਕ ਸੰਭਲੇ ਹੋਏ ਸਨ, ਦੌੜਨ ਦੀ ਕੋਸ਼ਿਸ਼ ਵਿੱਚ ਡਿੱਗ ਪਏ ਤੇ ਘੜੀਸੇ ਗਏ ਤੇ ਫਿਰ ਖਸਤਾ ਹਾਲ, ਸੜਕ ਦੇ ਨਾਲ ਟੋਇਆਂ ਵਿੱਚ ਜਾ ਪਏ।
ਪਹੀਏ ਧੂੜਾਂ ਦੀਆਂ ਚੱਕਰੀਆਂ ਉਡਾਂਦੇ, ਖੜ ਖੜ ਕਰਦੇ ਅੱਗੇ ਨਿਕਲ ਗਏ। ਛੱਕੜਿਆਂ ਹੇਠ ਬੰਨ੍ਹੇ ਸੱਖਣੇ ਭਾਂਡੇ ਖੜ ਖੜ ਕਰਦੇ ਗਏ। ਬੰਦੇ ਜੀਭਾਂ ਬਾਹਰ ਕੱਢ ਕੱਢ, ਘੋੜਿਆਂ ਨੂੰ ਸ਼ਿਸ਼ਕਾਰਦੇ ਰਹੇ ਤੇ ਰੁੱਖਾਂ ਦੇ ਝੁਰਮਟ ਵਿੱਚੋਂ ਨੀਲਾ ਸਮੁੰਦਰ ਉਛਾਲੇ ਖਾਂਦਾ ਦਿੱਸਦਾ ਰਿਹਾ।
ਜਦ ਤੀਕ ਉਹ ਸਿਪਾਹੀਆਂ ਨਾਲ ਨਾ ਜਾ ਰਲੇ, ਭੱਜੀ ਗਏ। ਫਿਰ ਹੌਲੀ ਹੋ ਗਏ ਤੇ ਸਧਾਰਨ ਚਾਲੇ ਟੁਰਨ ਲਗ ਗਏ।
ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ । ਕਈ ਆਖਦੇ ਸਨ ਕਿ ਅੱਗੇ ਕਸਾਕ ਸਨ। ਪਰ ਕਸਾਕ ਅੱਗੇ ਕਿਵੇਂ ਆ ਗਏ। ਉਹ ਪਹਾੜਾਂ ਦੇ ਭਾਰੇ ਸਿਲਸਲਿਆਂ ਦੇ ਪਿੱਛੇ ਨਹੀਂ ਸਨ ਰਹਿ ਗਏ ? ਕਈ ਆਖਦੇ ਸਨ ਕਿ ਸਰਕੇਸ਼ੀਅਨ ਸਨ, ਜਾਂ ਸ਼ਾਇਦ ਕਿਲਮਿਕ, ਜਾਂ ਜਾਰਜੀਅਨ, ਜਾਂ ਕਿਸੇ ਅਜਿਹੀ ਕੌਮੀਅਤ ਦੇ ਲੋਕ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ - ਕੋਈ ਹਿਸਾਬ
ਸੀ ਕਿਸੇ ਦਾ । ਇਸ ਰੌਲੇ ਰੱਪੇ ਵਿੱਚ ਰੀਫ਼ੂਜੀਆਂ ਦੇ ਛੱਕੜੇ, ਲੜਾਕੂ ਯੂਨਿਟਾਂ ਦੇ ਬਰਾਬਰ ਆ ਗਏ - ਉਹਨਾਂ ਨੂੰ ਗੋਲੀ ਮਾਰ ਦੇਣ ਤੋਂ ਸਿਵਾ, ਪਿੱਛੇ ਕਰਨ ਦਾ ਕੋਈ ਤਰੀਕਾ ਨਹੀਂ ਸੀ ਬਚਿਆ... ਇੱਕ ਇੱਕ ਨੂੰ ਗੋਲੀ।
ਕਸਾਕ ਹੋਣ ਤੇ ਭਾਵੇਂ ਨਾ ਹੋਣ, ਜਾਰਜੀਅਨ ਹੋਣ ਤੇ ਭਾਵੇਂ ਜਾਰਜੀਅਨ ਨਾ ਹੋਣ, ਪਰ ਜ਼ਿੰਦਗੀ ਨੂੰ ਕੋਈ ਫਰਕ ਨਹੀਂ ਪੈਂਦਾ। ਗਰਾਮੋਫੋਨ ਫਿਰ ਗਾ ਰਿਹਾ ਸੀ:
ਮੇਰੇ ਜੋਸ਼ ਨੂੰ ਠੱਲ੍ਹ ਜਾਣ ਦਿਓ...!
ਕਿਤੇ ਕਿਤੇ ਲੋਕਾਂ ਦੇ ਗਾਉਣ ਦੀ ਆਵਾਜ਼ ਆਉਂਦੀ । ਉਹ ਮੁੱਖ ਸੜਕੇ ਪਏ ਰਹੇ, ਕਈ ਢਲਾਨਾਂ ਉੱਤੇ ਜਾ ਚੜ੍ਹਦੇ, ਜਿੱਥੇ ਨੋਕਦਾਰ ਕੰਡੇ ਤੇ ਝਾੜੀਆਂ ਉਹਨਾਂ ਦੇ ਪਾਟੇ ਕੱਪੜਿਆਂ ਵਿੱਚ ਅੜ ਕੇ ਹੋਰ ਲੰਗਾਰ ਲਾਹ ਦਿੰਦੇ - ਲੋਕੀਂ ਸੇਬ ਨਹੀਂ, ਸੇਬਾਂ ਦੇ ਨਾਂ ਉੱਤੇ ਖਬਰੇ ਕੀ ਖੱਟਾ ਖੱਟਾ ਤੋੜਨ ਤੇ ਖਾਣ ਵਿੱਚ ਜੁਟ ਗਏ । ਖਟਾਸ ਨਾਲ ਉਹਨਾਂ ਦਾ ਮੂੰਹ ਭੈੜਾ ਪੈ ਜਾਂਦਾ, ਪਰ ਜੋ ਵੀ ਲੱਭਦਾ ਤੋੜ ਕੇ ਢਿੱਡ ਦੇ ਹਵਾਲੇ ਕਰੀ ਜਾਂਦੇ। ਕਈ ਬਲੂਤ ਦੀਆਂ ਫਲੀਆਂ ਤੋੜ ਕੇ ਮੂੰਹ ਵਿੱਚ ਚੰਗਲ ਚਗਲ ਝੱਗ ਕੱਢਣ ਲੱਗ ਪੈਂਦੇ। ਫਿਰ ਝਾੜੀਆਂ ਵਿੱਚੋਂ ਉਹ ਨੰਗੇ ਨਿਕਲ ਆਉਂਦੇ। ਸਰੀਰ ਉੱਤੇ ਇੱਧਰ ਉੱਧਰ ਵੱਜੀਆਂ ਝਰੀਟਾਂ ਵਿੱਚੋਂ ਲਹੂ ਸਿਮ ਰਿਹਾ ਹੁੰਦਾ, ਤੇ ਉਹ ਲੀਰਾਂ ਨਾਲ ਮਸਾਂ ਆਪਣੇ ਲੱਕ ਕੱਜਦੇ।
ਤੀਵੀਂਆਂ, ਕੁੜੀਆਂ ਤੇ ਬੱਚੇ - ਸਭ ਝਾੜੀਆਂ ਵਿੱਚ ਜਾ ਵੜੇ- ਹੱਸਦੇ, ਦੌੜਦੇ ਤੇ ਰੋਲਾ ਪਾਂਦੇ । ਜਦੋਂ ਕੋਈ ਕੰਡਾ ਵੱਜ ਜਾਂਦਾ, ਜਾਂ ਥੋਹਰ ਡੰਡਾ ਕੱਪੜਿਆਂ ਵਿੱਚ ਅੜਦਾ ਚੁੱਭ ਜਾਂਦਾ ਤਾਂ ਕਿਸੇ ਕਿਸੇ ਦੀ ਜ਼ੋਰ ਦੀ ਚੀਖ ਨਿਕਲ ਜਾਂਦੀ। ਪਰ ਭੁੱਖ ਅੱਗੇ ਕੰਡੇ ਕੀ ਆਖਣ।
ਕਈ ਵੇਰ ਪਹਾੜ ਇੱਕ ਦੂਜੇ ਨਾਲੋਂ ਵੱਖਰੇ ਹੋ ਜਾਂਦੇ ਤੇ ਢਲਾਨ ਉੱਤੇ ਮੱਕੀ ਦੇ ਬੂਟਿਆਂ ਉੱਤੇ, ਪੱਕੀਆਂ ਛੱਲੀਆਂ ਦਿੱਸਣ ਲੱਗ ਪੈਂਦੀਆਂ, ਜਿਸ ਤੋਂ ਪਤਾ ਲੱਗਦਾ ਸੀ ਕਿ ਆਸ ਪਾਸ ਹੀ ਕੋਈ ਛੋਟਾ ਮੋਟਾ ਪਿੰਡ ਹੋਵੇਗਾ। ਟਿੱਡੀਆਂ ਵਾਂਗ ਲੋਕ ਖੇਤਾਂ ਵਿੱਚ ਵੜ ਗਏ ਤੇ ਛੱਲੀਆਂ ਤੋੜਨ ਲੱਗ ਪਏ। ਸਿਪਾਹੀ ਕੱਚੀਆਂ ਛੱਲੀਆਂ ਤੋੜ ਕੇ ਹੱਥਾਂ ਵਿੱਚ ਮਰੋੜਦੇ, ਮੁੱਖ ਸੜਕ ਵੱਲ ਭੱਜੀ ਜਾਂਦੇ ਤੇ ਫੱਕੇ ਮਾਰੀ ਜਾਂਦੇ।
ਮਾਵਾਂ ਨੇ ਵੀ ਛੱਲੀਆਂ ਦੇ ਦਾਣਿਆਂ ਨਾਲ ਆਪਣੇ ਮੂੰਹ ਭਰ ਲਏ ਤੇ ਚਿੱਥ ਚਿੱਥ ਕੇ ਚੱਬਣ ਲੱਗ ਪਈਆਂ ਤੇ ਫਿਰ ਆਪਣੀ ਤੱਤੀ ਜੀਭ ਨਾਲ, ਚਿੱਥੀ ਤੇ ਥੁੱਕ ਵਿੱਚ ਰਲੀ ਛੱਲੀ ਦਾ ਗੁੱਦਾ ਜਿਹਾ ਆਪਣੇ ਬੱਚਿਆਂ ਦੇ ਨਿੱਕੇ ਨਿੱਕੇ ਮੂੰਹਾਂ ਵਿੱਚ ਪਾ ਦੇਂਦੀਆਂ।
ਮੂਹਰਿਉਂ ਫਿਰ ਗੋਲੀ ਚੱਲਣ ਤੇ ਮਸ਼ੀਨਗੰਨ ਦੀ ਤੜ ਤੜ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ; ਪਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ। ਸਭ ਸਹਿੰਦੜ ਹੋ ਚੁੱਕੇ ਸਨ। ਫਿਰ ਠਾਹ ਠਾਹ ਦੀ ਆਵਾਜ਼ ਰੁੱਕ ਗਈ। ਗਰਾਮੇਫ਼ਨ ਚੀਖ ਰਿਹਾ ਸੀ:
ਮੈਨੂੰ ਤੇਰੇ ਪਿਆਰ ਭਿੱਜੇ ਬੋਲਾਂ ਦਾ ਇਤਬਾਰ ਕੋਈ ਨਾ...।
ਰੀਫ਼ੂਜੀ ਹੱਸਣ ਤੇ ਜੰਗਲ ਵਿੱਚ ਇੱਕ ਦੂਜੇ ਨੂੰ ਆਵਾਜ਼ਾਂ ਮਾਰਨ ਲੱਗ ਪਏ। ਸਿਪਾਹੀਆਂ ਦੇ ਗਾਉਣ ਦੀਆਂ ਸੁਰਾਂ ਉੱਚੀਆਂ ਹੁੰਦੀਆਂ ਗਈਆਂ। ਰੀਫ਼ੂਜੀਆਂ ਦੀ ਗੱਡੀ, ਪਿਆਦਾ ਫ਼ੌਜ ਨਾਲ ਜੁੜੀ ਟੁਰੀ ਜਾ ਰਹੀ ਸੀ। ਸਭ ਮੁੱਖ ਸੜਕ ਉੱਤੇ ਉੱਡਦੀ ਮਿੱਟੀ ਘੱਟੇ ਦੀ
ਪਰਵਾਹ ਕੀਤੇ ਬਿਨਾਂ ਟੁਰੀ ਜਾ ਰਹੇ ਸਨ।
22
ਪਹਿਲੀ ਵੇਰ ਦੁਸ਼ਮਣ ਨੇ ਉਹਨਾਂ ਨੂੰ ਅੱਗੇ ਵੱਧਣੋਂ ਰੋਕ ਦਿੱਤਾ ਸੀ। ਇਹ ਇੱਕ ਨਵਾਂ ਦੁਸ਼ਮਣ ਸੀ।
ਕਿਸ ਲਈ ? ਉਹ ਕੀ ਚਾਹੁੰਦੇ ਸਨ ?
ਕੋਜੂਖ ਨੇ ਵੇਖਿਆ ਕਿ ਸਭ ਕੁਝ ਠੱਪ ਹੋ ਚੁੱਕਾ ਸੀ; ਖੱਬੇ ਪਾਸੇ ਪਹਾੜ, ਸੱਜੇ ਪਾਸੇ ਸਮੁੰਦਰ ਤੇ ਦੁਹਾਂ ਦੇ ਵਿਚਕਾਰ ਭੀੜੀ ਮੁੱਖ ਸੜਕ। ਸੜਕ ਉੱਤੇ ਇੱਕ ਪੁੱਲ ਝੱਗਾਂ ਸੁੱਟਦੀ ਪਹਾੜੀ ਨਦੀ ਉੱਤੇ ਖਲ੍ਹਤਾ ਹੋਇਆ ਸੀ। ਇਸ ਪੁੱਲ ਤੋਂ ਲੰਘੇ ਬਗੈਰ ਗੁਜ਼ਾਰਾ ਨਹੀਂ ਸੀ। ਇਸ ਦੇ ਸਾਹਮਣੇ ਮਸ਼ੀਨਗੰਨਾਂ ਤੇ ਤੋਪ ਬੀੜੀ ਹੋਈ ਸੀ । ਲੋਹੇ ਦੇ ਛੜਾਂ ਉੱਤੇ ਉਸਰਿਆ ਇਹ ਕੱਚਾ ਜਿਹਾ ਪੁੱਲ ਕਿਸੇ ਵੀ ਫੌਜ ਨੂੰ ਧੋਖੇ ਵਿੱਚ ਫਸਾ ਸਕਦਾ ਸੀ। ਕਿੰਨਾਂ ਚੰਗਾ ਹੁੰਦਾ, ਜੇ ਉਹ ਜਵਾਨਾਂ ਨੂੰ ਖਿਲਾਰ ਕੇ ਰੱਖਦਾ। ਪਰ ਵਿਸ਼ਾਲ ਸਟੈਪੀ ਇਸ ਲਈ ਚੰਗੀ ਥਾਂ ਸੀ।
ਸਮੋਲੇਦੂਰੋਵ ਦੇ ਹੈੱਡਕੁਆਰਟਰ ਤੋਂ ਉਸ ਨੂੰ ਹਦਾਇਤਾਂ ਪੁਚਾ ਦਿੱਤੀਆਂ ਗਈਆਂ ਕਿ ਦੁਸ਼ਮਣ ਦੇ ਵਿਰੁੱਧ ਕੀ ਕਾਰਵਾਈ ਕੀਤੀ ਜਾਣੀ ਹੈ । ਉਸ ਦਾ ਰੰਗ ਨਿੰਬੂ ਵਰਗਾ ਪੀਲਾ ਪੈ ਗਿਆ ਤੇ ਜਬੜੇ ਘੁੱਟੇ ਗਏ। ਉਸ ਬਿਨਾਂ ਇੱਕ ਹਰਫ ਪੜ੍ਹੇ, ਕਾਗਜ਼ ਮਰੋੜ ਮਰਾੜ ਕੇ ਪਰ੍ਹੇ ਸੁੱਟ ਦਿੱਤਾ। ਸਿਪਾਹੀਆਂ ਨੇ ਇਸ ਨੂੰ ਚੁੱਕ ਲਿਆ ਤੇ ਹੱਥ ਨਾਲ ਵੱਟ ਕੱਢ ਕੇ, ਵਿੱਚ ਸੁੱਕੇ ਪੱਤਰ ਵਲ੍ਹੇਟ ਕੇ ਸੂਟੇ ਮਾਰਨ ਲੱਗ ਪਏ।
ਕੋਜ਼ੂਖ ਦੀ ਫ਼ੌਜ ਮੁੱਖ-ਮਾਰਗ ਉੱਤੇ ਫੈਲੀ ਹੋਈ ਸੀ। ਉਸ ਉਹਨਾਂ ਉੱਤੇ ਇੱਕ ਨਜ਼ਰ ਮਾਰੀ, ਨੰਗੇ ਪੈਰੀਂ ਬੰਦੇ, ਅੱਧਿਆਂ ਕੋਲ ਦੋ ਜਾਂ ਤਿੰਨ ਕਾਰਤੂਸ, ਬਾਕੀਆਂ ਕੋਲ ਰਫ਼ਲਾਂ ਪਰ ਬਾਰੂਦ ਕੋਈ ਨਹੀਂ। ਕੁੱਲ ਮਿਲਾ ਕੇ ਇੱਕ ਤੋਪ ਤੇ ਸੋਲਾਂ ਗੋਲ਼ੇ। ਪਰ ਕੋਜੂਖ ਸਿਪਾਹੀਆਂ ਵੱਲ ਇੰਜ ਵੇਖਦਾ ਸੀ, ਜਿਉਂ ਇੱਕ ਇੱਕ ਕੋਲ, ਕਈ ਕਈ ਸੌ ਕਾਰਤੂਸ ਹੋਣ ਤੇ ਪੂਰੀ ਫੌਜ ਤਿਆਰ ਬਰ ਤਿਆਰ ਹੋਵੇ । ਉਹਨਾਂ ਦੇ ਆਲੇ ਦੁਆਲੇ, ਉਸ ਨੂੰ ਆਪਣੀ ਸਟੈਪੀ ਦਿੱਸਦੀ ਸੀ, ਜਿਸ ਵਿੱਚ ਇੱਧਰ ਉੱਧਰ ਵੱਧ ਜਾਣਾ ਇੱਕ ਕੁਦਰਤੀ ਤੇ ਸਾਧਾਰਨ ਜਿਹੀ ਗੱਲ ਸੀ।
ਆਪਣੀਆਂ ਅੱਖਾਂ ਵਿੱਚ ਇੱਕ ਸੁਪਨਾ ਸਾਂਭੀ ਕਹਿਣ ਲੱਗਾ:
"ਸਾਥੀਓ! ਅਸੀਂ ਕਸਾਕਾਂ ਤੇ ਬਾਲ ਸੈਨਿਕਾਂ ਨਾਲ ਲੜੇ ਹਾਂ । ਸਾਨੂੰ ਪਤਾ ਹੈ ਕਿ ਅਸੀਂ ਕਿਉਂ ਲੜੇ: ਇਸ ਲਈ ਕਿ ਉਹ ਇਨਕਲਾਬ ਦਾ ਗਲਾ ਘੁੱਟ ਦੇਣਾ ਚਾਹੁੰਦੇ ਸਨ।"
ਸਿਪਾਹੀ ਸਿਰ ਹੇਠਾਂ ਸੁਟੀ ਉਸ ਵੱਲ ਵੇਖਣ ਲਗ ਪਏ ਤੇ ਉਹਨਾਂ ਦੀ ਤੱਕਣੀ ਤੋਂ ਸਾਫ ਪਤਾ ਲੱਗ ਰਿਹਾ ਸੀ:
"ਦੱਸਣ ਦੀ ਕੋਈ ਲੋੜ ਨਹੀਂ। ਸਾਨੂੰ ਪਤਾ ਹੈ। ਪਰ ਇਸ ਨਾਲ ਕੀ ਹੁੰਦਾ ਹੈ। ਅਸੀਂ ਪੁੱਲ ਉੱਤੇ, ਜਾਲ ਵਿੱਚ ਫਸਣ ਨਹੀਂ ਜਾਵਾਂਗੇ।"
"ਅਸੀਂ ਕਸਾਕਾਂ ਕੋਲੋਂ ਬਚ ਨਿਕਲੇ ਹਾਂ। ਪਹਾੜ ਉਹਨਾਂ ਕੋਲੋਂ ਸਾਨੂੰ ਵਾੜ ਬਣ ਕੇ ਬਚਾਂਦੇ ਨੇ। ਸਾਨੂੰ ਜ਼ਰਾ ਸਾਹ ਆਇਆ ਹੈ। ਪਰ ਇੱਕ ਨਵਾਂ ਦੁਸ਼ਮਣ ਸਾਡੇ ਪੇਸ਼ ਪੈ ਗਿਆ
ਹੈ। ਉਹ ਕੌਣ ਨੇ ? ਜਾਰਜੀਅਨ ਮੈਨਸ਼ਵਿਕ ਮੈਨਸ਼ਵਿਕ ਤੇ ਬਾਲ ਸੈਨਿਕ ਇੱਕੋ ਕੁਝ ਨੇ, ਉਹ ਬੁਰਜੂਆ ਦਾ ਸਾਥ ਦੇਂਦੇ ਨੇ। ਉਹਨਾਂ ਦਾ ਸੁਪਨਾ, ਸੋਵੀਅਤ ਸੱਤ੍ਹਾ ਨੂੰ ਤਬਾਹ ਕਰਨਾ ਹੈ।"
ਸਿਪਾਹੀਆਂ ਨੇ ਆਪਣੀ ਤੱਕਣੀ ਨਾਲ ਉੱਤਰ ਦਿੱਤਾ:
"ਤੂੰ ਤੇ ਤੇਰੀ ਸੋਵੀਅਤ ਸ਼ਕਤੀ । ਅਸੀਂ ਨੰਗੇ ਤੇ ਵਾਹਣੇ ਪੈਰੀਂ ਹਾਂ ਤੇ ਖਾਣ ਨੂੰ ਰੋਟੀ ਦੀ ਗਰਾਹੀ ਸਾਡੇ ਕੋਲ ਨਹੀਂ।"
ਕੋਜੂਖ ਨੇ ਉਹਨਾਂ ਦੀਆਂ ਅੱਖਾਂ ਵਿੱਚ ਲੁਕੇ ਅਰਥਾਂ ਨੂੰ ਤਾੜ ਲਿਆ, ਜਿਸ ਦਾ ਮਤਲਬ ਸੀ ਬਗਾਵਤ।
ਉਸ ਆਖਰੀ ਦਾਅ ਮਾਰਿਆ ਤੇ ਰਸਾਲੇ ਨੂੰ ਸੰਬੋਧਤ ਕੀਤਾ:
"ਸਾਥੀਓ, ਇਹ ਤੁਹਾਡੇ ਵੱਸ ਹੈ ਕਿ ਤੁਸੀਂ ਘੋੜਿਆਂ ਉੱਤੇ ਚੜ੍ਹ ਕੇ ਹੱਲਾ ਬੋਲ ਦਿਓ ਤੇ ਪੁੱਲ ਉੱਤੇ ਕਬਜ਼ਾ ਕਰ ਲਓ।"
ਰਸਾਲੇ ਦੇ ਹਰ ਜਵਾਨ ਨੇ ਇਹ ਮਹਿਸੂਸ ਕੀਤਾ ਕਿ ਘੋੜਿਆਂ ਉੱਤੇ ਚੜ੍ਹ ਕੇ ਸੌੜੇ ਪੁੱਲ ਉੱਤੇ ਇੱਕ ਪੰਕਤੀ ਵਿੱਚ ਹਮਲਾ ਕਰਨਾ ਤੇ ਉਹ ਵੀ ਬੀੜੀਆਂ ਮਸ਼ੀਨਗੰਨਾਂ ਦੇ ਮੂੰਹ ਵਿੱਚੋਂ ਲੰਘ ਕੇ, ਸ਼ੁਦਾਈਆਂ ਵਾਲਾ ਹੁਕਮ ਸੀ । ਕਈ ਘੋੜਿਆਂ ਦੇ ਇੱਕੋ ਵੇਰ ਲੰਘਣ ਦੀ ਥਾਂ ਹੀ ਨਹੀਂ ਸੀ। ਇਸ ਦਾ ਮਤਲਬ ਤਾਂ ਇਹ ਸੀ ਕਿ ਅੱਧਿਆਂ ਦੀਆਂ ਲਾਸ਼ਾਂ ਤਾਂ ਪੁੱਲ ਉੱਪਰ ਹੀ ਵਿੱਛੀਆਂ ਰਹਿ ਜਾਣਗੀਆਂ ਤੇ ਅੱਧੇ, ਪਿੱਛੇ ਹਟਣ ਵੇਲੇ ਟੋਟੇ ਟੋਟੇ ਕਰ ਦਿੱਤੇ ਜਾਣਗੇ।
ਪਰ ਆਪਣੇ ਸਰਕੇਸ਼ੀਅਨ ਕੋਟਾਂ ਵਿੱਚ ਉਹ ਬੜੇ ਚੁਸਤ ਨਜ਼ਰ ਆ ਰਹੇ ਸਨ। ਛਾਤੀਆਂ ਉੱਤੇ ਚਾਂਦੀ ਦੇ ਤਕਮੇ ਲਿਸ਼ ਲਿਸ਼ ਕਰ ਰਹੇ ਸਨ। ਸਰਕੋਸ਼ੀਅਨ ਫਰ ਦੇ ਟੋਪਾਂ ਤੇ ਕੀਊਬਨ ਟੋਪਾਂ ਵਿੱਚ ਉਹ ਬੜੇ ਰੋਹਬ ਵਾਲੇ ਲੱਗ ਰਹੇ ਸਨ। ਉਹਨਾਂ ਦੇ ਘੋੜਿਆਂ ਦੀਆਂ ਕਿਆ ਬਾਤਾਂ, ਕੀਊਬਨ ਸਟੈਪੀਆਂ ਦਾ ਉਹਨਾਂ ਘਾਹ ਚੁਗਿਆ ਤੇ ਹਵਾ ਭੁੱਖੀ ਹੋਈ ਸੀ। ਖਿੱਚੇ ਲਗਾਮਾਂ ਪਿੱਛੇ ਉਹ ਆਪਣੇ ਸਿਰ ਛੱਡ ਰਹੇ ਸਨ ਤੇ ਇੰਝ ਕੜਿਆਲਾਂ ਚੱਬ ਰਹੇ ਸਨ, ਜਿਉਂ ਇਸ਼ਾਰੇ ਉੱਤੇ ਹਵਾ ਨਾਲ ਗੱਲਾਂ ਕਰਨ ਲੱਗ ਪੈਣਗੇ। ਸਾਰੇ ਉਹਨਾਂ ਵੱਲ ਏਨੀਆਂ ਸ਼ਲਾਘਾ ਭਰੀਆਂ ਅੱਖਾਂ ਨਾਲ ਵੇਖ ਰਹੇ ਸਨ ਕਿ ਉਹ ਇੱਕ ਆਵਾਜ਼ ਵਿੱਚ ਕਹਿ ਉੱਠੇ:
"ਅਸੀਂ ਕਰ ਵਿਖਾਵਾਂਗੇ, ਸਾਥੀ ਕੋਜੂਖ!"
ਆਪਣੇ ਗੁਪਤ ਟਿਕਾਣੇ ਤੋਂ ਕੋਜ਼ੂਖ ਦੀ ਤੋਪ ਨੇ ਪੁੱਲ ਤੋਂ ਪਰ੍ਹੇ ਚੱਟਾਨਾਂ ਵਿੱਚ, ਜਿੱਥੇ ਮਸ਼ੀਨਗੰਨਾਂ ਛੁਪਾ ਕੇ ਰੱਖੀਆਂ ਪਈਆਂ ਸਨ, ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ । ਖੱਡਾਂ ਤੇ ਪਹਾੜਾਂ ਵਿੱਚ ਇੱਕ ਭਿਆਨਕ ਆਵਾਜ਼ ਗੂੰਜਦੀ ਲੰਘ ਗਈ ਤੇ ਰਸਾਲੇ ਦੇ ਜਵਾਨ, ਬਿਨਾਂ ਕਿਸੇ ਰੋਲੇ ਜਾਂ ਗੋਲੀ ਮਾਰਨ ਦੇ, ਸੜਕ ਦੇ ਇੱਕ ਮੋੜ ਦੇ ਪਿੱਛੋਂ ਸਿਰਾਂ ਉੱਤੇ ਟੋਪੀਆਂ ਠੀਕ ਕਰਦੇ ਦੌੜ ਕੇ ਸਾਹਮਣੇ ਆ ਗਏ। ਉਹਨਾਂ ਦੇ ਡਰੇ ਹੋਏ ਘੋੜੇ, ਧੌਣਾਂ ਅੱਗੇ ਵਧਾਈ, ਚੌੜੇ ਕੰਨ ਚੁੱਕੀ ਤੇ ਲਾਲ ਲਾਲ ਨਾਸਾਂ ਚਾੜ੍ਹਦੇ, ਸਰਪਟ ਦੌੜਦੇ ਉਹਨਾਂ ਨੂੰ ਪੁੱਲ ਉੱਤੇ ਤੇ ਇਸ ਦੇ ਪਰਲੇ ਪਾਸੇ ਲੈ ਗਏ।
ਜਾਰਜੀਅਨ ਮਸ਼ੀਨਗੰਨਾਂ ਨੂੰ ਕੁਝ ਸਮਝ ਨਾ ਆਈ ਕਿ ਅਚਾਨਕ ਇਹ ਆਫਤ
ਕਿੱਥੋਂ ਆ ਪਈ। ਉਹ ਗੋਲਿਆਂ ਵਿੱਚੋਂ ਨਿਕਲਦੇ ਬਾਰੂਦ ਤੇ ਗਰਜਦੀਆਂ ਤੋਪਾਂ ਦੇ ਧਮਾਕਿਆਂ ਨਾਲ ਬਦਲ ਗਏ। ਲਗਾਤਾਰ ਧਾਂਹ ਧਾਹ ਦੀਆਂ ਆਵਾਜ਼ਾਂ, ਪਹਾੜ ਵਿੱਚ ਗੂੰਜਾਂ ਪਾਂਦੀਆਂ ਲੰਘ ਰਹੀਆਂ ਸਨ। ਚੰਗੇ ਝੱਟ ਮਗਰੋਂ, ਉਹਨਾਂ ਹੋਸ਼ ਸੰਭਾਲੀ ਤੇ ਮਸ਼ੀਨਗੰਨਾਂ ਤੜ... ਤੜ... ਕਰਨ ਲੱਗ ਪਈਆਂ। ਇੱਕ ਘੋੜਾ ਡਿੱਗਾ, ਫਿਰ ਦੂਜਾ, ਫਿਰ ਤੀਜਾ, ਪਰ ਦੂਜੇ ਸਵਾਰ ਪਹਿਲਾਂ ਹੀ ਪੁੱਲ ਦੇ ਵਿਚਕਾਰ ਪੰਜ ਚੁੱਕੇ ਸਨ ਤੇ ਕੁਝ ਪਾਰ ਲੰਘ ਗਏ ਸਨ। ਕੋਜ਼ੂਖ ਦਾ ਸੋਲ੍ਹਵਾਂ ਗੋਲਾ ਫੱਟਿਆ.. ਤੇ ਉਸ ਦਾ ਰਸਾਲਾ ਪੁੱਲ ਦੇ ਉੱਪਰ ਖਲ੍ਹਤਾ ਹੋਇਆ ਸੀ।
"ਹੁੱਰਾ ਹੁੱਰਾ ਹੁੱਰਾ।"
ਸੱਜੇ ਖੱਬੇ ਉਹ ਆਪਣੀਆਂ ਤਲਵਾਰਾਂ ਵਾਹੁਣ ਲੱਗ ਪਏ। ਜਾਰਜੀਅਨ ਯੂਨਿਟਾਂ, ਜੋ ਪੁੱਲ ਤੋਂ ਕੁੱਝ ਵਿਥ ਉੱਤੇ ਸਨ, ਪਿੱਛੇ ਨੂੰ ਮੁੜੀਆਂ ਤੇ ਛੇਤੀ ਨਾਲ ਸੜਕ ਦੇ ਮੋੜ ਦੇ ਪਿਛਲੇ ਪਾਸੇ ਦੌੜਦੀਆਂ ਗਾਇਬ ਹੋ ਗਈਆਂ।
ਜਾਰਜੀਅਨ, ਜੋ ਪੁੱਲ ਦੀ ਰਾਖੀ ਕਰ ਰਹੇ ਸਨ ਤੇ ਜੋ ਆਪਣੀਆਂ ਦੂਜੀਆਂ ਫੌਜਾਂ ਨਾਲੋਂ ਵੱਖਰੇ ਹੋ ਚੁੱਕੇ ਸਨ, ਸਮੁੰਦਰ ਵੱਲ ਭੱਜ ਪਏ। ਪਰ ਉਹਨਾਂ ਦੇ ਅਫਸਰਾਂ ਨੇ ਪਹਿਲਾਂ ਹੀ ਛੋਟੀਆਂ ਕਿਸ਼ਤੀਆਂ ਦਾ ਆਪਣੇ ਲਈ ਪ੍ਰਬੰਧ ਕੀਤਾ ਹੋਇਆ ਸੀ, ਜੋ ਉਹ ਸਟੀਮਰਾਂ ਵੱਲ ਦੁੜਾਨ ਲੱਗ ਪਏ। ਚਿੰਮਨੀਆਂ ਕਾਲਾ ਧੂਆਂ ਛੱਡਣ ਲੱਗ ਪਈਆਂ ਤੇ ਸਟੀਮਰ ਖੁੱਲ੍ਹੇ ਸਮੁੰਦਰ ਵੱਲ ਟੁਰ ਪਏ।
ਗਲ਼ ਗਲ਼ ਪਾਣੀ ਵਿੱਚ, ਜਾਰਜੀਅਨ ਸਿਪਾਹੀ ਖਲ੍ਹਤੇ, ਲੰਮੀਆਂ ਬਾਹਾਂ ਚੁੱਕ ਚੁੱਕ, ਸਟੀਮਰਾਂ ਵੱਲ ਹੱਥ ਉੱਚੇ ਕਰ ਰਹੇ ਸਨ । ਉਹ ਜ਼ੋਰ ਜ਼ੋਰ ਦਾ ਰੌਲਾ ਪਾ ਰਹੇ ਸਨ, ਗਾਲ੍ਹਾਂ ਕੱਢ ਰਹੇ ਸਨ। ਆਪਣੇ ਬੱਚਿਆਂ ਦੀਆਂ ਦੁਹਾਈਆਂ ਦੇ ਰਹੇ ਸਨ, ਪਰ ਸਭ ਬੇਅਰਥ। ਤੇਜ਼ ਧਾਰੀ ਤਲਵਾਰਾਂ ਨੇ ਉਹਨਾਂ ਦੇ ਸਿਰ, ਧੌਣਾਂ, ਮੋਢੇ ਲਾਹ ਸੁੱਟੇ ਤੇ ਪਾਣੀ ਦਾ ਰੰਗ, ਉਹਨਾਂ ਦੇ ਲਹੂ ਨਾਲ ਲਾਲ ਹੋ ਗਿਆ।
ਸਟੀਮਰ ਕਾਲੇ ਕਾਲੇ ਟਿਮਕਣਿਆਂ ਵਾਂਗ ਦਿਸਹੱਦੇ ਵੱਲ ਅਲੋਪ ਹੋ ਗਏ ਤੇ ਕੰਢੇ ਉਤੇ ਹੁਣ ਕੋਈ ਵੀ ਦੁਹਾਈਆਂ ਦੇਣ, ਜਾਂ ਗਾਲ੍ਹਾਂ ਕੱਢਣ ਲਈ ਨਾ ਰਿਹਾ।
23
ਜੰਗਲਾਂ ਤੇ ਖੱਡਾਂ ਦੇ ਦੁਆਲੇ ਚੱਟਾਨੀ ਚੋਟੀਆਂ ਸਨ। ਜਿਸ ਵੇਲੇ ਉਹਨਾਂ ਵਿੱਚੋਂ ਲੰਘ ਕੇ ਹਵਾ ਹੇਠਲੇ ਪਾਸੇ ਆਉਂਦੀ, ਤਾਂ ਉਹ ਬੜੀ ਸੱਜਰੀ ਸੱਜਰੀ ਹੁੰਦੀ। ਪਰ ਹਵਾ ਮੁੱਖ ਮਾਰਗ ਤੱਕ ਨਹੀਂ ਸੀ ਪਹੁੰਚਦੀ, ਜਿੱਥੇ ਧੂੜ, ਮਿੱਟੀ ਤੇ ਮੱਖੀਆਂ ਉੱਡਦੀਆਂ ਰਹਿੰਦੀਆਂ ਸਨ ਤੇ ਧੁੱਪ ਬੜੀ ਤੇਜ਼ ਹੁੰਦੀ ਸੀ।
ਮੁੱਖ ਮਾਰਗ ਨੇ ਸਿੱਧੀਆਂ ਖਲ੍ਹਤੀਆਂ ਚੱਟਾਨਾਂ ਤੇ ਰੁੱਖਾਂ ਵਿੱਚੋਂ ਇੱਕ ਸੌੜਾ ਜਿਹਾ ਲਾਂਘਾ ਬਣਾਇਆ ਹੋਇਆ ਸੀ । ਸੜਕ ਵਿੱਚ ਵਿੰਗ ਤੇ ਮੋੜਾਂ ਕਰਕੇ, ਇਹ ਪਤਾ ਲਾਣਾ ਬਹੁਤ ਔਖਾ ਕੰਮ ਸੀ ਕਿ ਅੱਗੇ ਕੀ ਹੋ ਰਿਹਾ ਸੀ ਤੇ ਪਿੱਛੇ ਕੀ। ਖੱਡ ਵਿੱਚੋਂ ਨਿਕਲਣਾ ਤੇ ਇਸ
ਕੋਲੋਂ ਬੱਚ ਕੇ, ਇੱਕ ਪਾਸਿਉਂ ਲੰਘਣਾ, ਇੱਕ ਅਸੰਭਵ ਗੱਲ ਸੀ । ਇੱਕ ਮਨੁੱਖੀ ਭੀੜ ਰੋਲਾ ਪਾਂਦੀ ਅੱਗੇ ਨਿਕਲ ਗਈ, ਜਿਸ ਕੋਲ ਹੌਲੀ ਹੌਲੀ ਅੱਗੇ ਵੱਧਦੇ ਜਾਣ ਦੇ ਸਿਵਾ ਦੂਜਾ ਕੋਈ ਰਾਹ ਨਹੀਂ ਸੀ। ਚੱਟਾਨਾਂ ਨੇ ਸਮੁੰਦਰ ਅੱਗੇ ਉਹਲਾ ਕੀਤਾ ਹੋਇਆ ਸੀ।
ਕਈ ਵੇਰ, ਬਿਨਾਂ ਕਿਸੇ ਗੱਲ ਦੇ, ਅੱਗੋਂ ਦੀ ਹਿਲਜੁੱਲ ਰੁੱਕ ਜਾਂਦੀ । ਦੂਰ ਦੂਰ ਤੱਕ ਛੱਕੜਿਆਂ, ਲੋਕਾਂ ਤੇ ਘੋੜਿਆਂ ਦੀ ਲਾਮ ਡੋਰੀ ਲਗ ਜਾਂਦੀ ਤੇ ਫਿਰ ਉਹ ਹਿਲ ਪੈਂਦੇ, ਤੇ ਫਿਰ ਰੁੱਕ ਜਾਂਦੇ । ਪਰ ਕਿਉਂ? ਕਿਸੇ ਨੂੰ ਪਤਾ ਨਹੀਂ ਸੀ ਤੇ ਕਿਸੇ ਨੂੰ ਸਿਵਾਏ ਛੱਕੜਿਆਂ ਦੇ ਤੇ ਉਸ ਤੋਂ ਅੱਗੇ, ਇੱਕ ਵਿੰਗ ਤੇ ਇੱਕ ਉਸਰੀ ਹੋਈ ਕੰਧ ਦੇ, ਕੁਝ ਵੀ ਨਹੀਂ ਸੀ ਦਿੱਸਦਾ। ਸਿਰ ਉੱਤੇ-ਨੀਲੇ ਆਕਾਸ਼ ਦੀ ਛੱਤਰੀ ਤਣੀ ਹੋਈ ਸੀ।
ਇੱਕ ਕਮਜ਼ੋਰ ਜਿਹੀ ਆਵਾਜ਼ ਚੀਖੀ:
"ਮਾਂ, ਮੈਨੂੰ ਇੱਕ ਸੇਬ ਦੇ।"
ਤੇ ਕਿਸੇ ਹੋਰ ਛੱਕੜੇ ਤੋਂ:
"ਮਾਂ-ਮਾਂ...!"
ਤੇ ਫਿਰ ਇਸੇ ਤਰ੍ਹਾਂ, ਲਗਭਗ ਹਰ ਇੱਕ ਛਕੜੇ ਤੋਂ ਆਵਾਜ਼ਾਂ ਆਉਂਦੀਆਂ ਰਹੀਆਂ।
"ਚੁੱਪ ਕਰ ਜਾ! ਮੈਂ ਸੇਬ ਕਿੱਥੋਂ ਜਾ ਕੇ ਲੈ ਆਵਾਂ ਉਸ ਕੰਧ ਉੱਤੇ ਮੇਰੇ ਕੋਲੋਂ ਨਹੀਂ ਚੜ੍ਹਿਆ ਜਾਂਦਾ। ਵੇਖ ਨਾ, ਚਾਰੇ ਪਾਸੇ ਕੰਧਾਂ ਖਲ੍ਹੋਤੀਆਂ ਹੋਈਆਂ ਨੇ !"
ਪਰ ਬੱਚੇ ਕਿਵੇਂ ਚੁੱਪ ਕਰਦੇ। ਉਹ ਚੀਖ਼ ਚਹਾੜੇ ਪਾਈ ਗਏ।
"ਮਾਂ! ਮੈਨੂੰ ਇੱਕ ਛੱਲੀ ਦੇ! ਕੋਈ ਸੇਬ ਦੇ ਦੇ ਸੇਬ.. ਛੱਲੀ!"
ਮਾਂ ਦੀਆਂ ਅੱਖਾਂ ਚਮਕ ਉੱਠੀਆਂ। ਖਾੜੀ ਕੰਢੇ ਖਲ੍ਹਤੀ ਮਾਦਾ-ਭੇੜੀਆ ਵਾਂਗ, ਰੋਹ ਵਿੱਚ ਭਰੀਆਂ ਇੱਧਰ ਉੱਧਰ ਤਕਦੀਆਂ ਰਹੀਆਂ ਤੇ ਫਿਰ ਆਪਣੇ ਬੱਚਿਆਂ ਨੂੰ ਕੁੱਟਣ ਲੱਗ ਪਈਆਂ।
"ਚੁੱਪ ਕਰ ਜਾ, ਮੈਂ ਆਖਨੀ ਆਂ! ਮਰ ਜਾ ਖਾਂ ਪਰ੍ਹੇ ਇਸ ਨਾਲ । ਤੈਨੂੰ ਵੇਖ ਵੇਖ ਮੈਂ ਬਉਰੀ ਹੋ ਗਈ ਆਂ।"
ਬੱਚੇ ਬੇਵਸ, ਗੁੱਸੇ ਭਰੇ ਹੰਝੂ ਕੇਰਨ ਲੱਗ ਪਏ।
ਫਿਰ ਦੂਰੋਂ ਗੋਲੀਆਂ ਦੀਆਂ ਆਵਾਜ਼ਾਂ ਆਈਆਂ। ਕਿਸੇ ਨੂੰ ਵੀ ਉੱਥੇ ਇਸ ਦੀ ਪਰਵਾਹ ਨਹੀਂ ਸੀ, ਨਾ ਕਿਸੇ ਨੂੰ ਉਹਨਾਂ ਦਾ ਕੁਝ ਪਤਾ ਹੀ ਸੀ ਕਿ ਕਿੱਥੋਂ ਆ ਰਹੀਆਂ ਸਨ।
ਘੰਟਾ ਦੋ ਘੰਟਾ ਉਹ ਰੁੱਕੇ ਤੇ ਟੁਰ ਪਏ, ਪਰ ਫਿਰ ਰੁੱਕ ਗਏ।
"ਮਾਂ... ਛੱਲੀ।"
ਥੱਕੀਆਂ ਟੁੱਟੀਆਂ ਮਾਵਾਂ, ਰੋਟੀ ਲਈ ਉਹ ਜਾਨ ਲੈਣ ਤੱਕ ਤਿਆਰ ਸਨ । ਇੱਕ ਦੂਜੇ ਉੱਤੇ ਨੱਕ ਚਾੜ੍ਹਦੀਆਂ, ਛੱਕੜੇ ਵਿੱਚ ਇੱਧਰ ਉੱਧਰ ਹੱਥ ਮਾਰਨ ਲੱਗ ਪਈਆਂ। ਉਹਨਾਂ ਮੱਕੀ ਦੇ ਟਾਂਡੇ ਕੱਢੇ ਤੇ ਉਹਨਾਂ ਨੂੰ ਮੂੰਹ ਵਿੱਚ ਲੈ ਕੇ ਜ਼ੋਰ ਜ਼ੋਰ ਦੀ ਚਿੱਥ ਕੇ ਅੰਦਰ ਲੰਘਾਣ ਲੱਗ ਪਈਆਂ। ਕੱਚੇ ਮਸੂੜਿਆਂ ਵਿੱਚੋਂ ਲਹੂ ਨਿਕਲਣ ਲੱਗ ਪਿਆ। ਫਿਰ ਉਹ
ਚਿੱਥ ਚਿੱਥ ਕੇ ਬੱਚਿਆਂ ਦੇ ਨਿੱਕੇ ਨਿੱਕੇ ਭੁੱਖੇ ਮੂੰਹਾਂ ਵਿੱਚ ਗੁੱਦਾ ਪਾਣ ਲੱਗ ਪਈਆਂ । ਬੱਚੇ ਬੜੇ ਚਾਅ ਨਾਲ ਮੂੰਹ ਖੋਲ੍ਹ ਲੈਂਦੇ, ਪਰ ਮੂੰਹ ਮਾਰਦਿਆਂ ਹੀ ਤੀਲਾ ਗਲੇ ਵਿੱਚ ਚੁੱਭ ਜਾਂਦਾ। ਉਹ ਖੰਘਣ ਲੱਗ ਪੈਂਦੇ, ਸਾਹ ਰੁੱਕ ਜਾਂਦਾ ਤੇ ਫਿਰ ਮੂੰਹ ਵਿੱਚੋਂ ਬਾਹਰ ਕੱਢ ਕੇ ਚੀਖਣ ਲੱਗ ਪਏ।
"ਸਾਨੂੰ ਨਹੀਂ ਇਹ ਚਾਹੀਦਾ, ਸਾਨੂੰ ਨਹੀਂ ਚਾਹੀਦਾ!"
ਗੁੱਸੇ ਦੀਆਂ ਭਰੀਆਂ ਮਾਵਾਂ ਨੇ, ਚੰਡਾਂ ਨਾਲ ਉਹਨਾਂ ਦਾ ਮੂੰਹ ਘੜ੍ਹ ਕੇ ਰੱਖ ਦਿੱਤਾ।
"ਤੇ ਹੋਰ ਤੈਨੂੰ ਕੀ ਚਾਹੀਦਾ ਹੈ ?"
ਬੱਚਿਆਂ ਨੇ ਆਪਣੇ ਅੱਥਰੂ ਹੱਥਾਂ ਨਾਲ ਮੂੰਹ ਉੱਤੇ ਮਲ ਕੇ ਸੁਕਾ ਲਏ।
ਦੂਰਬੀਨ ਲਾ ਕੇ ਕੋਜੂਖਵੱਟੇ ਮੂੰਹ, ਦੁਸ਼ਮਣ ਦੇ ਟਿਕਾਣੇ ਵੇਖਣ ਲੱਗ ਪਿਆ। ਕਮਾਂਡਰ ਵੀ ਉਸ ਦੇ ਦੁਆਲੇ ਜੁੜ ਖੜ੍ਹੋਤੇ ਤੇ ਉਹ ਵੀ ਦੂਰਬੀਨਾਂ ਲਾ ਕੇ ਵੇਖਣ ਲੱਗ ਪਏ ਤੇ ਸਿਪਾਹੀ ਵੀ ਅੱਖਾਂ ਸੁਕੇੜ ਸੁਕੇੜ ਇਉਂ ਦੂਰ ਦੂਰ ਵੇਖਣ ਲੱਗ ਪਏ, ਜਿਉਂ ਉਹਨਾਂ ਵੀ ਦੂਰਬੀਨਾਂ ਲਾਈਆਂ ਹੋਈਆਂ ਹੋਣ।
ਅਖ਼ੀਰਲੇ ਦਲ ਮਗਰੋਂ, ਖੱਡ ਅੱਗੋਂ ਮੋਕਲੀ ਹੋ ਗਈ। ਇਸ ਮੁਘਾਰ ਵਿੱਚੋਂ ਦੂਰ ਦੇ ਸੁਰਮਈ ਪਹਾੜ ਨੇੜੇ ਜਾਪਣ ਲੱਗ ਪਏ। ਖੱਡ ਦੇ ਮੂੰਹ ਦੇ ਸਾਹਮਣੇ ਘਣੇ ਤੇ ਡੂੰਘੇ ਜੰਗਲ ਉੱਤੋਂ ਹੇਠਾਂ ਵੱਲ ਫੈਲੇ ਹੋਏ ਸਨ । ਪਹਾੜ ਦੀ ਪੱਧਰੀ ਚੋਟੀ ਬਿਲਕੁਲ ਇੱਕ ਚੱਟਾਨੀ ਸੀ ਤੇ ਬਿਲਕੁਲ ਸਿੱਧੀ ਤੀਹ ਫੁੱਟ ਉੱਚੀ ਖਲ੍ਹਤੀ ਹੋਈ ਸੀ। ਉੱਥੇ ਸਿਖ਼ਰ ਉੱਤੇ ਦੁਸ਼ਮਣ ਦੀਆਂ ਖਾਈਆਂ ਸਨ ਤੇ ਇੱਕ ਖੱਡ ਵਿੱਚੋਂ ਸੋਲ੍ਹਾਂ ਤੋਪਾਂ ਦੇ ਮੂੰਹ ਬਾਹਰ ਵੱਲ ਨੂੰ ਨਿਕਲੇ ਹੋਏ ਸਨ। ਜਿਸ ਵੇਲੇ ਦਲ ਇੱਥੋਂ ਦੀ ਲੰਘਣ ਲੱਗਾ, ਮਸ਼ੀਨਗੰਨਾਂ ਤਾੜ ਤਾੜ ਕਰਦੀਆਂ ਗੋਲੀਆਂ ਵਰ੍ਹਾਣ ਲੱਗ ਪਈਆਂ। ਸਿਪਾਹੀ ਝੱਟ ਦੌੜਦੇ ਚਟਾਨਾਂ ਪਿੱਛੇ ਹੋ ਗਏ। ਕੋਜੂਖ ਨੇ ਸਥਿਤੀ ਦਾ ਅਨੁਮਾਨ ਲਾਇਆ: ਬੜੀ ਔਖੀ ਗੱਲ ਹੈ, ਇੱਥੋਂ ਤਾਂ ਇੱਕ ਪੰਛੀ ਵੀ ਨਹੀਂ ਲੰਘ ਸਕਦਾ। ਅੱਗੇ ਜਾਣਾ, ਨਿਰਸੰਦੇਹ ਮੌਤ ਦੇ ਮੂੰਹ ਵਿੱਚ ਜਾਣਾ ਸੀ। ਉਸ ਹੇਠਾਂ ਇੱਕ ਕਸਬੇ ਵੱਲ ਵੇਖਿਆ, ਜੋ ਚਿੱਟਾ ਚਿੱਟਾ ਦੂਰੋਂ ਦਿੱਸ ਰਿਹਾ ਸੀ ਤੇ ਨੀਲੀ ਖਾੜੀ ਵਿੱਚ ਜਾਰਜੀਅਨ ਸਟੀਮਰ ਟਿਮਕਣਿਆਂ ਵਾਂਗ ਦਿੱਸ ਰਹੇ ਸਨ। ਉਸ ਨੂੰ ਬਚਾਅ ਲਈ ਕੋਈ ਨਵਾਂ ਰਾਹ ਢੂੰਡਣਾ ਪੈਣਾ ਸੀ - ਪਰ ਢੂੰਡੇ ਕਿਵੇਂ ?
ਕੋਈ ਨਵੀਂ ਜੋੜ ਤੋੜ ਕਰਨੀ ਪੈਣੀ ਸੀ - ਪਰ ਕਿਹੋ ਜਿਹੀ ਜੋੜ-ਤੋੜ? ਉਹ ਗੋਡਿਆਂ ਭਾਰ ਹੋ ਕੇ ਮੁੱਖ ਮਾਰਗ ਉੱਤੇ ਧੂੜ ਵਿੱਚ ਪਏ ਨਕਸ਼ੇ ਉੱਤੇ ਵਾਹੀਆਂ ਲਕੀਰਾਂ ਨੂੰ ਘੋਖਣ ਲੱਗ ਪਿਆ।
"ਸਾਥੀ ਕੋਜੂਖ!"
ਉਸ ਆਪਣਾ ਸਿਰ ਉਤਾਂਹ ਚੁੱਕਿਆ। ਦੇ ਮੌਜੀ ਸਿਪਾਹੀ ਵਿੰਗੀਆਂ ਲੱਤਾਂ ਕਰਕੇ ਸਾਹਮਣੇ ਖਲੋਤੇ ਦਿੱਸੇ।
ਕੋਜੂਖਨੇ ਸੋਚਿਆ, "ਪਾਗਲਾਂ, ਪੀਤੀ ਹੋਈ ਹੈ !"
ਪਰ ਉਹ ਚੁੱਪ ਕਰਕੇ, ਉਹਨਾਂ ਦੇ ਚਿਹਰਿਆਂ ਵੱਲ ਵੇਖਣ ਲੱਗ ਪਿਆ।
ਸਾਥੀ ਕੇਜੂਖ, ਵੇਖ ਰਿਹਾ ਏਂ ਸਭ ਕੁਝ, ਮੁੱਖ ਮਾਰਗ ਦੇ ਨਾਲ ਨਾਲ ਜਾਣਾ ਠੀਕ ਨਹੀਂ। ਉਹ ਜਾਰਜੀਅਨ, ਸਾਡੇ ਸਾਰਿਆਂ ਦਾ ਕੰਮ ਮੁਕਾ ਦੇਣਗੇ। ਅਸੀਂ ਟੋਹ ਲੈਂਦੇ ਰਹੇ ਹਾਂ... ਤੂੰ ਭਾਵੇਂ ਸਾਨੂੰ ਵਾਲੰਟੀਅਰਾਂ ਵਾਂਗ ਸਮਝ ਲੈ... ।"
ਕੋਜੂਖ ਦੀਆਂ ਅੱਖਾਂ, ਉਹਨਾਂ ਦੇ ਚਿਹਰਿਆਂ ਉੱਤੇ ਟਿਕੀਆਂ ਰਹੀਆਂ।
"ਸਾਹ ਬਾਹਰ ਛੱਡੋ। ਅੰਦਰ ਨਾ ਖਿੱਚ ਕੇ ਰੱਖੋ। ਕੱਢੇ ਸਾਹ ਬਾਹਰ। ਜਾਣਦੇ ਹੋ, ਇਸ ਦੀ ਸਜ਼ਾ ਕੀ ਏ ? ਕਤਾਰ ਵਿੱਚ ਖਲ੍ਹਾਰ ਕੇ ਗੋਲੀ।"
“ਸੱਚ ਆਖਦੇ ਹਾਂ, ਜੰਗਲੀ ਹਵਾ ਵਿਚ ਹੀ ਕੁਝ ਅਜਿਹੀ ਚੀਜ਼ ਰਲੀ ਹੋਈ ਹੈ। ਅਸੀਂ ਜੰਗਲ ਵਿੱਚ ਘੁੰਮਦੇ ਰਹੇ ਤੇ ਸਾਨੂੰ ਹਵਾ ਚੜ੍ਹ ਗਈ।"
"ਇੱਥੇ ਦਾਰੂ ਦੀਆਂ ਭੱਠੀਆਂ ਕਿਤੇ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਇੱਥੇ !" ਬੰਦਿਆਂ ਵਿੱਚੋਂ ਇੱਕ ਸੋਘੜ ਜਿਹੇ ਨੇ, ਜਿਸ ਦੀਆਂ ਅੱਖਾਂ ਕਿਸੇ ਯੂਕਰੇਨੀਅਨ ਵਾਂਗ ਹਸੂ ਹਸੂੰ ਕਰਦੀਆਂ ਸਨ, ਖੋਲ੍ਹ ਕੇ ਗੱਲ ਦੱਸਣ ਲੱਗਾ। "ਜੰਗਲ ਨਿਰੇ ਰੁੱਖਾਂ ਨਾਲ ਭਰੇ ਹੋਏ ਨੇ, ਬੱਸ ਰੁੱਖ ਹੀ ਰੁੱਖ ।"
"ਹੋਸ਼ ਦੀ ਗੱਲ ਕਰ ।"
"ਸਾਥੀ ਕੋਜੂਖ, ਸੱਚ, ਸੱਚ ਆਖ ਰਿਹਾ ਵਾਂ । ਅਸੀਂ ਦੋਵੇਂ, ਗੰਭੀਰ ਗੱਲਾਂ ਕਰਦੇ ਉੱਧਰ ਫਿਰ ਰਹੇ ਸਾਂ ਕਿ ਜਾਂ ਤਾਂ ਅਸੀਂ ਇੱਥੇ ਮੁੱਖ ਮਾਰਗ ਉੱਤੇ ਬਰਬਾਦ ਹੋ ਜਾਵਾਂਗੇ ਤੇ ਜਾਂ ਪਿੱਛੇ ਪਰਤ ਕੇ ਕਸਾਕਾਂ ਹੱਥ ਵੱਢੇ ਜਾਵਾਂਗੇ। ਦੁਹਾਂ ਵਿੱਚੋਂ ਕੋਈ ਰਾਹ ਵੀ ਜੱਚਦਾ ਨਹੀਂ ਸੀ । ਅਸੀਂ ਹੋਰ ਕੀ ਕਰ ਸਕਦੇ ਸਾਂ ? ਤੇ ਲਓ, ਹੋਰ ਸੁਣੇ। ਰੁੱਖਾਂ ਦੇ ਪਿੱਛੇ ਇੱਕ ਜਾਰਜੀਅਨ ਸ਼ਰਾਬ ਦੀ ਭੱਠੀ ਸੀ। ਅਸੀਂ ਉੱਥੇ ਜਾ ਪਹੁੰਚੇ: ਚਾਰ ਜਾਰਜੀਅਨ ਸ਼ਰਾਬ ਪੀ ਰਹੇ ਸਨ ਤੇ ਨਾਲ ਮਾਸ ਖਾ ਰਹੇ ਸਨ। ਤੁਸੀਂ ਜਾਣਦੇ ਹੋ, ਜਾਰਜੀਅਨ ਸਾਰੇ ਹੀ ਸ਼ਰਾਬੀ ਹੁੰਦੇ ਨੇ। ਅਸੀਂ ਕਿੰਨਾ ਚਿਰ ਨੱਕ ਅੱਗੇ ਡੱਬੂ ਦੇ ਕੇ ਖਲ੍ਹਤੇ ਰਹੇ, ਪਰ ਉੱਥੇ ਖਲ੍ਹਣਾ ਫਿਰ ਵੀ ਔਖਾ ਹੋ ਗਿਆ। ਉਹਨਾਂ ਗੋਵਾਲਵਰ ਸੂਤ ਲਏ। ਅਸੀਂ ਬਚ ਕੇ ਪਰ੍ਹੇ ਹੋ ਗਏ, ਤੇ ਦੁਹਾਂ ਨੂੰ ਗੋਲੀ ਮਾਰ ਦਿੱਤੀ। ਖ਼ਬਰਦਾਰ ਕੋਈ ਹਿੱਲਿਆ ਤਾਂ । ਤੁਹਾਨੂੰ ਅਸੀਂ ਘੇਰ ਲਿਆ ਹੈ। ਹੱਥ ਖੜ੍ਹੇ ਕਰ ਦਿਓ!' ਉਹਨਾਂ ਦੀ ਹੋਸ਼ ਉੱਡ ਗਈ। ਉਹਨਾਂ ਨੂੰ ਇਸ ਤਰ੍ਹਾਂ ਦੀ ਕਿਸੇ ਗੱਲ ਦਾ ਚਿੱਤ ਚੇਤਾ ਵੀ ਨਹੀਂ ਸੀ । ਅਸਾਂ ਤੀਜੇ ਨੂੰ ਵੀ ਗੋਲੀ ਮਾਰ ਦਿੱਤੀ ਤੇ ਚੌਥੇ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ। ਭੱਠੀ ਦਾ ਮਾਲਕ ਤਾਂ ਪਹਿਲਾਂ ਹੀ ਜਿਊਂਦੇ ਨਾਲ ਮੋਇਆ ਬਹੁਤਾ ਲੱਗਦਾ ਸੀ ਤੇ ਇਹ ਠੀਕ ਹੈ, ਅਸਾਂ ਉੱਥੇ ਜਾਰਜੀਅਨਾਂ ਦਾ ਛੱਡਿਆ ਮਾਸ ਖਾ ਲਿਆ- ਆਪੇ ਭਰਨਗੇ ਪੈਸੇ ਆਪਣੀਆਂ ਮੋਟੀਆਂ ਤਨਖਾਹਾਂ ਵਿੱਚੋਂ - ਪਰ ਅਸਾਂ ਸ਼ਰਾਬ ਨੂੰ ਹੱਥ ਨਹੀਂ ਲਾਇਆ, ਕਿਉਂਕਿ ਤੁਸਾਂ ਮਨ੍ਹਾਂ ਕੀਤਾ ਹੋਇਆ ਹੈ।"
“ਪੀਣ ਨੂੰ ਮਾਰੇ ਗੋਲੀ! ਜੇ ਮੈਂ ਸੁੰਘਿਆ ਵੀ ਹੋਵੇ, ਤੇ ਧੌਣ ਮਰੋੜ ਕੇ ਆਂਦਰਾਂ ਬਾਹਰ ਕੱਢ ਦਿਓ।"
"ਅੱਗੋਂ ਗੱਲ ਕਰ।'"
"ਅਸੀਂ ਲੋਥਾਂ ਘੜੀਸ ਕੇ ਜੰਗਲ ਵਿੱਚ ਲੈ ਆਏ, ਉਹਨਾਂ ਦੇ ਹਥਿਆਰ ਸਾਂਭ
ਲਏ ਤੇ ਉਸ ਬਚੇ ਹੋਏ ਜਾਰਜੀਅਨ ਤੇ ਭੱਠੀ ਦੇ ਮਾਲਕ ਨੂੰ ਵੀ ਨਾਲ ਹੀ ਲੈ ਆਏ, ਇਸ ਡਰ ਤੋਂ ਕਿ ਕਿਤੇ ਸਾਡੇ ਬਾਰੇ ਕਿਸੇ ਨੂੰ ਦੱਸ ਨਾ ਦੇਣ। ਹੇਠਾਂ ਕਸਬੇ ਵਿੱਚ ਸਾਨੂੰ ਪੰਜ ਬੰਦੇ, ਤੀਵੀਆਂ ਤੇ ਕੁੜੀਆਂ ਨਾਲ ਮਿਲੇ । ਰੂਸੀ, ਸਾਡੇ ਆਪਣੇ ਲੋਕ, ਜੋ ਕਸਬੇ ਲਾਗੇ ਕਿਤੇ ਅੜੇ ਹੋਏ ਹਨ। ਕਾਲੇ ਜਾਰਜੀਅਨ ਚਿੱਟੇ ਰੰਗ ਦੀਆਂ ਜ਼ਨਾਨੀਆਂ ਨੂੰ ਵੇਖਦੇ ਹੀ ਝੱਲੇ ਹੋ ਜਾਂਦੇ ਨੇ । ਸੋ ਆਪਣੇ ਘਰ ਘਾਟ ਛੱਡ ਕੇ, ਉਹ ਆਪਣੇ ਬੰਦਿਆਂ ਨੂੰ ਲੱਭਣ ਟੁਰ ਪਏ। ਉਹ ਦੱਸਦੇ ਸਨ ਕਿ ਡੰਡੀਓ ਡੰਡੀ ਕਸਬੇ ਪਹੁੰਚ ਸਕਦੇ ਹਾਂ। ਪਰ ਉਹਨਾਂ ਦਾ ਕਹਿਣਾ ਸੀ ਕਿ ਬੜਾ ਔਖਾ ਕੰਮ ਹੈ। ਰਾਹ ਵਿੱਚ ਖੱਡਾਂ, ਖਾਈਆਂ, ਦੰਦੀਆਂ, ਸੰਘਣੇ ਜੰਗਲ ਪੈਂਦੇ ਨੇ, ਪਰ ਬੰਦਾ ਪਹੁੰਚ ਸਕਦਾ ਹੈ। ਉਹ ਦੱਸਦੇ ਹਨ ਕਿ ਸਿੱਧੇ ਉੱਥੇ ਜਾਣਾ ਠੀਕ ਨਹੀਂ। ਸਾਰੇ ਰਾਹਾਂ ਤੇ ਡੰਡੀਆਂ ਨੂੰ ਉਹ ਆਪਣੇ ਹੱਥ ਦੀਆਂ ਉਂਗਲਾਂ ਵਾਂਗ ਪਛਾਣਦੇ ਨੇ। ਬੜਾ ਔਖਾ ਕੰਮ ਹੈ, ਪਰ ਅਸਾਧ ਨਹੀਂ - ਕੀਤਾ ਜਾ ਸਕਦਾ ਹੈ।"
"ਉਹ ਪੰਜ ਬੰਦੇ ਕਿੱਥੇ ਨੇ ?"
"ਇੱਥੇ ਹੀ ਨੇ।"
ਇੱਕ ਬਟਾਲੀਅਨ ਦਾ ਕਮਾਂਡਰ ਅੱਗੇ ਵੱਧ ਆਇਆ।
"ਕਾਮਰੇਡ ਕੋਜੂਖ, ਅਸਾਂ ਸਾਹਿਲ ਵਾਲਾ ਪਾਸਾ ਸਾਰਾ ਵੇਖ ਲਿਆ ਹੈ, ਉਸ ਰਾਹੋਂ ਜਾਣਾ ਬਹੁਤ ਔਖਾ ਹੈ। ਪਾਣੀ ਵਿੱਚੋਂ ਸਿੱਧੀਆਂ ਖੜੀਆਂ ਚੱਟਾਨਾਂ ਉੱਪਰ ਨੂੰ ਜਾਂਦੀਆਂ ਨੇ ।"
"ਕੀ ਪਾਣੀ ਡੂੰਘਾ ਹੈ ?"
"ਚਟਾਨਾਂ ਦੇ ਲਾਗੇ ਲੱਕ ਲੱਕ ਹੈ, ਕਿਤੇ ਕਿਤੇ ਗਲ ਗਲ ਤੇ ਕਿਤੇ ਬੰਦਾ ਡੁੱਬ ਵੀ ਜਾਂਦਾ ਹੈ।"
"ਫਿਰ ਕੀ ਹੋਇਆ।" ਕੋਲ ਖੜ੍ਹਾ ਇੱਕ ਸਿਪਾਹੀ, ਜੋ ਬੜੇ ਧਿਆਨ ਨਾਲ ਗੱਲਾਂ ਸੁਣੀ ਜਾ ਰਿਹਾ ਸੀ, ਬੋਲ ਪਿਆ। ਉਸ ਦੇ ਕੱਪੜੇ ਲੀਰੋ ਲੀਰ ਸਨ ਤੇ ਹੱਥ ਵਿੱਚ ਰਫ਼ਲ ਫੜ੍ਹੀ ਹੋਈ ਸੀ। "ਬੜੇ ਵੱਡੇ ਵੱਡੇ ਪੱਥਰ ਰਿੜ੍ਹ ਕੇ, ਸਮੁੰਦਰ ਦੇ ਕੰਢੇ ਆ ਕੇ ਪਾਣੀ ਵਿੱਚ ਪਏ ਹੋਏ ਹਨ। ਅਸੀਂ ਇੱਕ ਪੱਥਰ ਤੋਂ ਦੂਜੇ ਪੱਥਰ ਤੱਕ ਛਾਲਾਂ ਮਾਰਦੇ ਜਾ ਸਕਦੇ ਹਾਂ।
ਹਰੇਕ ਬੰਦਾ ਸੁਝਾਅ, ਖ਼ਬਰ, ਸਪੱਸ਼ਟੀਕਰਨ, ਕੋਈ ਤਜਵੀਜ਼ ਪੇਸ਼ ਕਰੀ ਜਾ ਰਿਹਾ ਸੀ। ਕਈਆਂ ਦੀਆਂ ਗੱਲਾਂ ਬੜੀਆਂ ਸਿਆਣੀਆਂ ਤੇ ਦਲੇਰੀ ਭਰੀਆਂ ਸਨ। ਆਮ ਸਥਿਤੀ ਕਿਸੇ ਠੋਸ ਗੱਲ ਉੱਤੇ ਪਹੁੰਚਣ ਦੀ ਸੀ।
ਕੋਜੂਖ ਨੇ ਕਮਾਂਡਰਾਂ ਦੀ ਇੱਕ ਮੀਟਿੰਗ ਸੱਦੀ। ਉਸ ਦਾ ਮੂੰਹ ਵੱਟਿਆ ਹੋਇਆ ਸੀ। ਤੇ ਅੱਖਾਂ ਲਾਲ ਲਾਲ।
"ਸਾਥੀਓ, ਤਿੰਨੇ ਦਲ ਕਸਬੇ ਵਿੱਚ ਜਾਣ। ਕੰਮ ਬੜਾ ਔਖਾ ਹੈ। ਉਹਨਾਂ ਨੂੰ ਪੈਦਲ ਪਗਡੰਡੀਆਂ ਉੱਤੇ ਜਾਣਾ ਪਵੇਗਾ, ਦੰਦੀਆਂ ਉੱਤੇ ਚੜ੍ਹਨਾ ਪਵੇਗਾ, ਖੱਡਾਂ ਵਿੱਚੋਂ ਲੰਘਣਾ ਪਵੇਗਾ ਤੇ ਕਰਨਾ ਵੀ ਇਹ ਸਭ ਰਾਤ ਨੂੰ ਹੀ ਪਵੇਗਾ। ਪਰ ਜੋ ਵੀ ਹੋਵੇ, ਇਹ ਕੰਮ ਕਰਨਾ ਹੀ ਹੈ।"
ਕਮਾਂਡਰਾਂ ਦੇ ਜੋ ਦਿਲਾਂ ਅੰਦਰ ਵਿਚਾਰ ਸੀ, ਉਹ ਜੀਭ ਉਤੇ ਲਿਆਉਣ ਤੋਂ ਡਰ
ਰਹੇ ਸਨ:
"ਅਸੀਂ ਤਬਾਹ ਹੋ ਜਾਵਾਂਗੇ, ਇੱਕ ਘੋੜਾ ਵੀ ਪਰਤ ਕੇ ਨਹੀਂ ਆ ਸਕੇਗਾ।"
"ਸਾਡੇ ਕੋਲ ਪੰਜ ਗਾਈਡ ਨੇ, ਰੂਸੀ, ਇੱਥੋਂ ਦੇ ਹੀ ਰਹਿਣ ਵਾਲੇ । ਉਹਨਾਂ ਦੇ ਮਨ ਵਿੱਚ ਜਾਰਜੀਅਨਾਂ ਦੇ ਵਿਰੁੱਧ ਕੋਈ ਸਾੜ ਹੈ। ਉਹਨਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਦੇ ਪਰਵਾਰਾਂ ਨੂੰ ਬੰਧਕ ਵਜੋਂ ਰੱਖਿਆ ਜਾਵੇਗਾ। ਕਸਬੇ ਦੇ ਪਿਛਲੇ ਪਾਸਿਉਂ ਅੰਨ੍ਹੇਰੀ ਵਾਂਗ ਜਾ ਪਵੋ।"
ਉਹ ਖਾਮੋਸ਼ ਹੋ ਗਿਆ ਤੇ ਖੱਡਾਂ ਵਿੱਚ ਫੈਲੇ ਘੁਸਮੁਸੇ ਵੱਲ, ਟਿਕਟਿਕੀ ਬੰਨ੍ਹ ਕੇ ਦੇਖਣ ਲੱਗ ਪਿਆ ਤੇ ਫਿਰ ਗੱਲ ਮੁਕਾਂਦਿਆਂ ਦੇ ਟੁੱਕ ਆਖਿਆ:
"ਬਚੇ ਨਾ ਇੱਕ ਵੀ ਉੱਥੇ।"
ਰਸਾਲੇ ਦੇ ਜਵਾਨਾਂ ਨੇ ਸਿਰ ਉੱਤੇ ਟੋਪੀਆਂ ਟਿਕਾ ਲਈਆਂ।
"ਕਰ ਦਿਖਾਵਾਂਗੇ, ਕਾਮਰੇਡ ਕੋਜ਼ੂਖ ।"
ਤੇ ਛਾਲਾਂ ਮਾਰ ਕੇ ਘੋੜਿਆਂ ਉੱਤੇ ਚੜ੍ਹ ਬੈਠੇ।
ਕੋਜੂਖ ਗੱਲ ਕਰੀ ਗਿਆ:
"ਪਿਆਦਾ ਫੌਜ ਨੂੰ... ਕਾਮਰੇਡ ਖਰੋਮੋਵ, ਆਪਣੇ ਦਸਤੇ ਨੂੰ ਲੈ ਕੇ ਸਮੁੰਦਰ ਵੱਲ ਚਲਾ ਜਾਹ ਤੇ ਬੰਦਰਗਾਹ ਵਿੱਚ ਜਾ ਘੁੱਸ। ਦਿਨ ਚੜ੍ਹਦੇ ਹਮਲਾ ਕਰਦੇ ਬਿਨਾਂ ਗੋਲੀ ਚਲਾਏ ਤੇ ਲੰਗਰ ਸੁੱਟੀ ਖਲ੍ਹੋਤੇ ਸਾਰੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈ।"
ਝੱਟ ਕੁ ਸਾਹ ਲੈਣ ਮਗਰੋਂ ਉਸ ਫਿਰ ਆਖਿਆ:
"ਬਚੇ ਇੱਕ ਵੀ ਨਾ।"
ਕਮਾਂਡਰ ਸੋਚੀਂ ਪੈ ਗਏ:
"ਜੇ ਜਾਰਜੀਅਨਾਂ ਨੇ ਕਿਸੇ ਇੱਕ ਵੀ ਬੰਦੇ ਨੂੰ ਰਾਈਫਲ ਫੜਾ ਕੇ, ਕਿਸੇ ਐਸੀ ਥਾਂ ਖੜ੍ਹਾ ਕਰ ਦਿੱਤਾ, ਤਾਂ ਉਹ ਚਟਾਨਾਂ ਉੱਤੇ ਸਾਹਮਣੇ ਆਉਂਦਿਆਂ ਹੀ ਸਾਡੀ ਰਜਮੈਂਟ ਦੇ ਇੱਕ ਇੱਕ ਬੰਦੇ ਉੱਤੇ ਬੜੇ ਆਰਾਮ ਨਾਲ ਗੋਲੀ ਮਾਰੀ ਜਾਵੇਗਾ।"
ਪਰ ਸਾਰੇ ਇੱਕ ਆਵਾਜ਼ ਨਾਲ ਜ਼ੋਰ ਦੀ ਬੋਲੇ:
"ਕਰਾਂਗੇ, ਕਾਮਰੇਡ ਕੋਜ਼ੂਖ।"
"ਦੇ ਰਜਮੈਂਟਾਂ ਪਹਿਲਾ ਹਮਲਾ ਕਰਨ ਲਈ ਤਿਆਰ ਕਰ ਲਓ।"
ਇਕ ਇਕ ਕਰਕੇ, ਉੱਚੀਆਂ ਚੋਟੀਆਂ ਉੱਤੋਂ, ਸੂਰਜ ਦੀ ਲਾਲੀ ਫਿੱਕੀ ਪੈਂਦੀ ਗਈ । ਗੂੜ੍ਹਾ ਨੀਲਾ ਰੰਗ ਚਾਰੇ ਪਾਸੇ ਡੁੱਲ੍ਹ ਗਿਆ। ਖੱਡ ਵਿੱਚ ਰਾਤ ਪੈ ਗਈ।
ਕੋਜੂਖ ਕਹਿਣ ਲੱਗਾ:
"ਹਮਲੇ ਦੀ ਅਗਵਾਈ ਮੈਂ ਕਰਾਂਗਾ।"
ਉਸ ਦੇ ਸਾਹਮਣੇ ਚੁੱਪ ਖੜ੍ਹੋਤੇ ਸਾਰਿਆਂ ਦੀਆਂ ਅੱਖਾਂ ਅੱਗੇ ਇੱਕ ਤਸਵੀਰ ਉਭਰਨ ਲੱਗ ਪਈ: ਸੰਘਣਾ ਜੰਗਲ, ਰੋਕੜ ਚੜਾਈ, ਸਿੱਧੀਆਂ ਖਲੋਤੀਆਂ ਮਾਰੂ ਚਟਾਨਾਂ । ਝਟ ਕੁ ਮਗਰੋਂ ਇਹ ਤਸਵੀਰ ਝਿਲਮਿਲ ਕਰਦੀ ਅੱਖੋਂ ਉਹਲੇ ਹੋ ਗਈ। ਰਾਤ, ਛੁਹਲੇ ਪੈਰੀਂ ਢੱਲ
ਆਈ। ਕੇਖ ਇੱਕ ਚਟਾਨ ਉੱਤੇ ਚੜ੍ਹ ਗਿਆ। ਹੇਠਾਂ ਉਸ ਦੇ ਮੈਲੇ ਕੁਚੈਲੇ, ਪਾਟੇ ਕੱਪੜੇ ਪਾਈ ਤੇ ਵਾਹਣੇ ਪੈਰ, ਦੂਜੇ ਸਿਪਾਹੀ ਤੇ ਇੱਕ ਬੇਮੁਹਾਰੀ ਭੀੜ, ਹੱਥ ਵਿੱਚ ਸੰਗੀਨਾਂ ਫੜੀ ਖਲ੍ਹਤੀ ਹੋਈ ਸੀ।
ਸਭਨਾਂ ਦੀਆਂ ਅੱਖਾਂ ਉਸ ਉੱਤੇ ਜੁੜੀਆਂ ਹੋਈਆਂ ਸਨ। ਉਸ ਸਮੱਸਿਆ ਨੂੰ ਹੱਲ ਕਰਨਾ ਉਸ ਦੇ ਹੱਥ ਵਿੱਚ ਸੀ, ਜਿਸ ਉੱਤੇ ਉਹਨਾਂ ਦਾ ਜੀਵਨ ਨਿਰਭਰ ਕਰਦਾ ਸੀ। ਸਥਿਤੀ ਨਾਲ, ਹਰ ਹਾਲਤ ਵਿੱਚ, ਉਸ ਨੂੰ ਨਿਬੜਨਾ ਹੀ ਸੀ । ਹੋਰ ਦੂਜਾ ਰਾਹ ਹੀ ਕੋਈ ਨਹੀਂ ਸੀ।
ਉਹਨਾਂ ਹਜ਼ਾਰਾਂ ਮਜ਼ਬੂਰ ਅੱਖਾਂ ਦੀ ਤੱਕਣੀ ਦੇ ਬੱਲ ਉੱਤੇ, ਜੋ ਇਹ ਸਮਝਦੀਆਂ ਸਨ ਕਿ ਉਹਨਾਂ ਦੇ ਜੀਵਨ ਤੇ ਮੌਤ ਦਾ ਭੇਤ, ਉਸ ਦੇ ਹੱਥ ਵਿੱਚ ਸੀ, ਕੋਜ਼ੂਖ ਵਿੱਚ ਅਸਾਧਾਰਨ ਸ਼ਕਤੀ ਆਈ ਹੋਈ ਸੀ। ਉਹ ਕਹਿਣ ਲੱਗਾ:
"ਸਾਥੀਓ। ਸਾਡੇ ਲਈ ਕੋਈ ਦੂਜਾ ਰਾਹ ਨਹੀਂ। ਜਾਂ ਤਾਂ ਅਸੀਂ ਆਪਣੀਆਂ ਜਾਨਾਂ ਇੱਥੇ ਦੇ ਦਈਏ ਤੇ ਜਾਂ ਕਸਾਕਾਂ ਹੱਥੋਂ, ਜੋ ਛੇਤੀ ਹੀ ਸਾਨੂੰ ਆ ਫੜ੍ਹਨਗੇ, ਦੁੱਖ ਤੇ ਕਲੇਸ਼ ਭੋਗਦੇ ਮਰ ਜਾਈਏ। ਸਾਡਾ ਤੇ ਉਹਨਾਂ ਦਾ ਫਰਕ ਬਹੁਤ ਹੈ। ਸਾਡੇ ਕੋਲ ਕੋਈ ਕਾਰਤੂਸ ਨਹੀਂ, ਨਾ ਗੋਲੇ ਨੇ ਤੇ ਸੱਖਣੇ ਹੱਥੀਂ ਲੜਨਾ ਪੈਣਾ ਹੈ ਤੇ ਸਾਨੂੰ ਦੁਸ਼ਮਣ ਦੀਆਂ ਸੋਲ੍ਹਾਂ ਤੋਪਾਂ ਦਾ ਸਾਹਮਣਾ ਕਰਨਾ ਹੈ। ਪਰ ਜੇ ਅਸੀਂ ਸਾਰੇ ਰਲ ਕੇ ਇੱਕੋ ਵੇਰ..."
ਉਹ ਸਕਿੰਟ ਕੁ ਲਈ ਰੁੱਕ ਗਿਆ । ਉਸ ਦਾ ਕਰੜਾ ਚਿਹਰਾ ਚਟਾਨ ਵਾਂਗ ਹੋਰ ਸਖਤ ਹੋ ਗਿਆ ਤੇ ਉਹ ਏਡੀ ਜ਼ੋਰ ਨਾਲ ਗੱਜਿਆ, ਜੋ ਕਤੱਈ ਉਸ ਦੀ ਆਪਣੀ ਆਵਾਜ਼ ਨਹੀਂ ਸੀ ਕਿ ਸਰੋਤਿਆਂ ਦਾ ਅੰਦਰ ਹਿੱਲ ਗਿਆ:
"ਜੇ ਅਸੀਂ ਸਾਰੇ ਦੇ ਸਾਰੇ ਇੱਕੋ ਵੇਰ ਟੁੱਟ ਕੇ ਪੈ ਜਾਈਏ, ਤਾਂ ਸਾਡੇ ਆਪਣੇ ਲੋਕਾਂ ਲਈ ਅੱਗੋਂ ਰਾਹ ਸਾਫ਼ ਹੈ।"
ਜੋ ਉਸ ਆਖਿਆ ਕੋਈ ਅਨੋਖੀ ਗੱਲ ਨਹੀਂ ਹੈ। ਇੱਕ ਇੱਕ ਸਿਪਾਹੀ ਇਸ ਤੋਂ ਵਾਕਫ਼ ਸੀ। ਪਰ ਜਿਸ ਤਰ੍ਹਾਂ ਉਹ ਗੱਜਿਆ ਸੀ ਤੇ ਜਿਹੜੀ ਉਹਦੇ ਬੋਲਾਂ ਵਿੱਚ ਸ਼ਕਤੀ ਸੀ ਉਸ ਦੇ ਪ੍ਰਭਾਵ ਹੇਠ ਸਿਪਾਹੀਆਂ ਨੇ ਗੱਜ ਕੇ ਅੱਗੋਂ ਉੱਤਰ ਦਿੱਤਾ:
"ਇੱਕੋ ਹੱਲਾ ਮਾਰਾਂਗੇ। ਜਾਂ ਤਾਂ ਬੱਚ ਨਿਕਲੇ ਤੇ ਜਾਂ ਮਾਰੇ ਗਏ ।"
ਅੰਨ੍ਹੇਰੇ ਵਿੱਚ ਦੰਦੀਆਂ ਹੁਣ ਚਿੱਟੀਆਂ ਨਹੀਂ ਸਨ ਦਿੱਸਦੀਆਂ। ਕੁਝ ਵੀ ਸਾਫ਼ ਨਹੀਂ ਸੀ ਦਿੱਸਦਾ, ਪਹਾੜ, ਦੰਦੀਆਂ, ਜੰਗਲ ਸਭ ਨੂੰ ਅੰਨ੍ਹੇਰੇ ਨੇ ਮੂੰਹ ਵਿੱਚ ਪਾ ਲਿਆ ਸੀ । ਰਸਾਲੇ ਦੇ ਘੋੜਿਆਂ ਦੀ ਆਖਰੀ ਟੋਲੀ ਗਾਇਬ ਹੋ ਚੁੱਕੀ ਸੀ । ਪਹਾੜੀ ਤੋਂ ਸੁੱਕੀ ਪਈ ਨਦੀ ਵੱਲ ਢੱਲਦਿਆਂ ਨੂੰ ਹੱਥ ਪਾਈ, ਪੱਕੇ ਪੈਰ ਰੱਖਦੇ ਢਲੀ ਆ ਰਹੇ ਸਨ। ਬਸ ਕਿਸੇ ਵੇਲ਼ੇ ਕੋਈ ਰੋੜਾ-ਵੱਟਾ ਜ਼ਰੂਰ ਰਿੜ੍ਹਦਾ ਹੇਠਾਂ ਜਾ ਪੈਂਦਾ ਸੀ। ਦੇ ਰਜਮੈਂਟਾਂ ਦੇ ਆਖਰੀ ਸਿਪਾਹੀ ਜੰਗਲ ਵਿੱਚ ਲੋਪ ਹੋ ਗਏ, ਜਿਸ ਦੇ ਸਿਰੇ ਉੱਤੇ ਮਾਰੂ ਸਿੱਧੀ ਚਟਾਨ ਹੁਣ ਦਿੱਸਣੋਂ ਰਹਿ ਗਈ ਸੀ । ਪਰ ਹੈ ਜ਼ਰੂਰ ਸੀ।
ਸਾਮਾਨ ਵਾਲੀ ਗੱਡੀ ਬਿਲਕੁਲ ਘੁੱਪ ਅੰਨ੍ਹੇਰੇ ਵਿੱਚ ਪਈ ਹੋਈ ਸੀ: ਨਾ ਕਿਤੇ ਅੱਗ ਬਲ ਰਹੀ ਸੀ, ਨਾ ਕੋਈ ਕਿਤੇ ਹਾਸਾ ਹੀ ਸੀ ਜਿਸ ਤੋਂ ਜ਼ਿੰਦਗੀ ਦੇ ਹੋਣ ਦਾ ਅਹਿਸਾਸ
ਹੋ ਸਕੇ।
ਇੱਥੋਂ ਤੱਕ ਕਿ ਭੁੱਖੇ ਭਾਣੇ ਥੱਕਿਆਂ ਦੀ ਵੀ ਆਵਾਜ਼ ਨਹੀਂ ਸੀ ਆ ਰਹੀ, ਜੋ ਦੜ ਵੱਟ ਕੇ ਪਏ ਹੋਏ ਸਨ।
ਚਾਰੇ ਪਾਸੇ ਇੱਕ ਖਾਮੋਸ਼ੀ... ਤੇ ਅੰਨ੍ਹੇਰਾ ਫੈਲਿਆ ਹੋਇਆ।
24
ਪਹਾੜ ਦੇ ਪੱਧਰੇ ਸਿਖਰ ਉੱਤੇ ਇੱਕ ਡਰਾਉਣਾ ਜਾਰਜੀਅਨ, ਨਿੱਕੀਆਂ ਨਿੱਕੀਆਂ ਮੁੱਛਾਂ ਤੇ ਬਦਾਮ ਵਰਗੀਆਂ ਅੱਖਾਂ, ਜਿਸ ਨੂੰ ਵੇਖਦਿਆਂ ਹੀ ਤੀਵੀਂਆਂ ਦਾ ਕਲੇਜਾ ਨਿਕਲਣ ਲੱਗ ਪੈਂਦਾ ਸੀ, ਚੱਕਰ ਕੱਟੀ ਜਾ ਰਿਹਾ ਸੀ । ਉਸ ਸਰਕੇਸ਼ੀਅਨ ਕੋਟ ਪਾਇਆ ਹੋਇਆ ਸੀ, ਜਿਸ ਕਰਕੇ ਉਸ ਦਾ ਪਤਲਾ ਲੱਕ ਛੁਪਿਆ ਹੋਇਆ ਸੀ। ਮੋਢੇ ਉੱਤੇ ਸੁਨਹਿਰੀ ਫ਼ੀਤੀਆਂ ਸਨ। ਝੱਟ ਪਲ ਉਹ ਆਪਣੇ ਆਲੇ ਦੁਆਲੇ ਝਾਤ ਮਾਰ ਲੈਂਦਾ। ਉਸ ਨੂੰ ਚਾਰੇ ਖਾਈਆਂ, ਫਸੀਲਾਂ ਤੇ ਚੰਗੀ ਤਰ੍ਹਾਂ ਲਕੋਈਆਂ ਮਸ਼ੀਨਗੰਨਾਂ ਦਿੱਸਦੀਆਂ।
ਪੰਜਤਾਲੀ ਕੁ ਗਜ਼ ਅੱਗੇ, ਸਿੱਧੀ ਦੰਦੀ ਦਾ ਸਿਰਾ ਸੀ । ਜੋ ਇਸ ਸੰਘਣੇ ਜੰਗਲ ਵਿੱਚੋਂ ਨਿਕਲ ਕੇ ਉੱਪਰ ਵੱਲ ਜਾਂਦੀ ਸੀ । ਜੰਗਲ ਦੇ ਹੇਠਾਂ ਇੱਕ ਖੱਡ ਸੀ, ਜਿਸ ਵਿੱਚੋਂ ਇੱਕ ਸਾਫ਼ ਸੁਥਰੀ ਵੱਡੀ ਸੜਕ ਨਿਕਲਦੀ ਸੀ । ਇਸੇ ਸੜਕ ਦੇ ਪਠਾਰ ਉੱਤੋਂ ਲਕੋਈਆਂ ਬੰਦੂਕਾਂ ਗੋਲੀ ਚਲਾਂਦੀਆਂ ਸਨ। ਉੱਥੇ ਹੀ ਦੁਸ਼ਮਣ ਸੀ।
ਮਸ਼ੀਨਗੰਨਾਂ ਦੇ ਸਾਹਮਣੇ ਚੱਕਰ ਕੱਢਦੇ ਸੰਤਰੀ ਪਹਿਰਾ ਦੇ ਰਹੇ ਸਨ। ਬੜੇ ਚੁਸਤ ਜਵਾਨ ਸਨ।
ਹੇਠਾਂ ਪਾਟੇ ਕੱਪੜਿਆਂ ਵਾਲਿਆਂ ਸੂਰਾਂ ਨੂੰ ਚੰਗੀ ਤਰ੍ਹਾਂ ਤਾੜਨਾ ਉਦੋਂ ਹੀ ਕਰ ਦਿੱਤੀ ਗਈ ਸੀ, ਜਦ ਉਹਨਾਂ ਖੱਡ ਵਿੱਚੋਂ ਧੁੰਨੀਆਂ ਬਾਹਰ ਕੱਢਣ ਦੀ ਸੋਚੀ ਸੀ। ਛੇਤੀ ਕਰ ਕੇ ਉਹ ਭੁੱਲਣਗੇ ਨਹੀਂ।
ਇੱਥੇ ਕਰਨਲ ਮੀਖੇਲਦੇ (ਜੋ ਭਰ ਜਵਾਨ ਗਭਰੂ ਸੀ।) ਆਪ ਖਲ੍ਹਤਾ ਹੋਇਆ ਸੀ, ਜਿਸ ਇਸ ਦੱਰੇ ਦੇ ਟਿਕਾਣੇ ਨੂੰ ਚੁਣਿਆ ਹੋਇਆ ਸੀ। ਹੈੱਡਕੁਆਰਟਰ ਵਿੱਚ ਇੱਕ ਟਿਕਾਣੇ ਲਈ ਉਸ ਪੂਰਾ ਜ਼ੋਰ ਲਾਇਆ ਸੀ, ਜਿੱਥੋਂ ਪੂਰੇ ਸਾਹਿਲ ਉੱਤੇ ਨਜ਼ਰ ਰੱਖੀ ਜਾ ਸਕਦੀ ਸੀ।
ਇਕ ਵੇਰ ਫਿਰ ਉਸ ਆਸ ਪਾਸ ਨਜ਼ਰ ਮਾਰੀ । ਦੰਦੀਆਂ ਦੇ ਸਿਰੇ ਉੱਤੇ ਤੇ ਪਾਣੀ ਵਿੱਚ, ਸਿੱਧੀਆਂ ਖਲ੍ਹਤੀਆਂ ਸਾਹਿਲ ਦੀਆਂ ਚਟਾਨਾਂ ਵੱਲ ਉਸ ਝਾਤ ਮਾਰੀ । ਲੱਗਦਾ ਸੀ, ਜਿਉਂ ਕੁਦਰਤ ਨੇ ਆਪ ਕਿਸੇ ਦੁਸ਼ਮਣ ਨੂੰ ਇੱਧਰ ਰੋਕਣ ਲਈ ਇਹ ਸਿਲਸਿਲਾ ਬਣਾਇਆ ਹੋਇਆ ਸੀ।
ਪਰ ਕੇਵਲ ਦੁਸ਼ਮਣ ਨੂੰ ਰੋਕ ਦੇਣ ਨਾਲ ਹੀ ਗੱਲ ਨਹੀਂ ਮੁੱਕ ਜਾਂਦੀ, ਜਦ ਤਕ ਕਿ ਉਸ ਨੂੰ ਤਬਾਹ ਨਾ ਕਰ ਦਿੱਤਾ ਜਾਵੇ। ਉਸ ਪਹਿਲਾਂ ਹੀ ਵਿਉਂਤ ਘੜੀ ਹੋਈ ਸੀ ਕਿ ਮੁੱਖ
ਮਾਰਗ ਦੇ ਉਸ ਹਿੱਸੇ ਵੱਲ ਉਹ ਸਟੀਮਰਾਂ ਨੂੰ ਭੇਜ ਦੇਵੇਗਾ, ਜੋ ਸਾਹਿਲ ਦੇ ਨਾਲ ਨਾਲ ਲੰਘਦਾ ਹੈ। ਫਿਰ ਸਮੁੰਦਰ ਵਿੱਚੋਂ ਗੋਲਾਬਾਰੀ ਕਰਕੇ ਕੁਝ ਫ਼ੌਜ ਕੱਢੇ ਉੱਤੇ ਲਾਹ ਦਿੱਤੀ ਜਾਵੇਗੀ ਤੇ ਦੁਹਾਂ ਪਾਸਿਉਂ, ਲੁਡੀ ਬੁਚੀ ਨੂੰ ਕੁੜਿੱਕੀ ਵਿੱਚ ਲੈ ਕੇ, ਚੂਹਿਆਂ ਵਾਂਗ ਮਾਰ ਦਿੱਤਾ ਜਾਵੇਗਾ।
ਉਹ ਪ੍ਰਿੰਸ ਮੀਖੇਲਦੇ; ਜਿਸ ਦੀ ਕੁਤਾਇਸੀ ਦੇ ਲਾਗੇ ਇੱਕ ਕਮਾਲ ਦੀ ਜਾਗੀਰ ਸੀ, ਇੱਕ ਝਟਕੇ ਨਾਲ ਸਾਹਿਲ ਵੱਲੋਂ ਸਿਰ ਕੱਢਦੇ ਕਿਸੇ ਅਜਗਰ ਦਾ ਸਿਰ ਤਲਵਾਰ ਨਾਲ ਵੱਢ ਕੇ ਪਰ੍ਹੇ ਸੁੱਟ ਦੇਵੇਗਾ। ਰੂਸੀ ਇਸ ਸੱਭਿਅਕ ਤੇ ਸ਼ਾਨਦਾਰ ਜਾਰਜੀਆ ਦੇ ਦੁਸ਼ਮਣ ਸਨ, ਦੁਸ਼ਮਣ ਜੋ ਆਰਮੇਨੀਅਨਾਂ, ਤੁਰਕਾਂ, ਅਜ਼ਰਬਾਈਜਾਨੀਆਂ, ਤਤਾਰਾਂ ਤੇ ਅਬਖਾਜ਼ਾਨੀਆਂ ਦੀ ਟੱਕਰ ਦੇ ਸਨ। ਬਾਲਸ਼ਵਿਕ ਮਨੁੱਖਜਾਤੀ ਦੇ ਦੁਸ਼ਮਣ ਸਨ, ਸੰਸਾਰ ਸੱਭਿਅਤਾ ਦੇ ਦੁਸ਼ਮਣ ਸਨ। ਮੀਖੇਲਦੇ ਆਪ ਇੱਕ ਸਮਾਜਵਾਦੀ ਸੀ - ਉਹ, ਉਸ ਯੂਨਾਨੀ ਕੁੜੀ ਨੂੰ ਨਾ ਸੱਦ ਲਏ ? ... ਪਰ ਰਹਿਣ ਦਿਓ... ਇੱਥੇ ਸਿਪਾਹੀਆਂ ਵਿੱਚ ਕੀ ਸੱਦਣਾ- ਪਰ ਉਹ ਇੱਕ ਸੱਚਾ ਸਮਾਜਵਾਦੀ ਸੀ, ਜਿਸ ਨੂੰ ਇਤਿਹਾਸ ਦੀ ਚੜ੍ਹਾਈ ਉਤਰਾਈ ਦੀ ਪੂਰੀ ਸੂਝ ਸੀ ਤੇ ਉਹਨਾਂ ਦਾ ਜਾਨੀ ਦੁਸ਼ਮਣ ਸੀ, ਜੋ ਸਮਾਜਵਾਦ ਦੇ ਨਾਂ ਉੱਤੇ ਹੇਠਲੇ ਤਬਕੇ ਵਾਲਿਆਂ ਦੇ ਰੋਹ ਨੂੰ ਭੜਕਾ ਕੇ ਮਾਅਰਕੇ ਮਾਰਦੇ ਫਿਰਦੇ ਸਨ।
ਉਹ ਲਹੂ ਦਾ ਪਿਆਸਾ ਨਹੀਂ ਸੀ, ਲਹੂ ਵਗਾਣ ਵਿੱਚ ਉਸ ਨੂੰ ਘ੍ਰਿਣਾ ਆਉਂਦੀ ਸੀ, ਪਰ ਜਿੱਥੇ ਸੰਸਾਰ ਸੱਭਿਅਤਾ ਦੀ ਗੱਲ ਆ ਜਾਵੇ ਤੇ ਆਪਣੇ ਮੁਲਕੀ ਬੰਦਿਆਂ ਦੀ ਭਲਾਈ ਦਾ ਸਵਾਲ ਆ ਜਾਵੇ, ਉਸ ਵਰਗਾ ਲਹੂ ਪੀਣਾ ਹੋਰ ਕੌਣ ਹੋ ਸਕਦਾ ਸੀ ਤੇ ਉਹ ਜਿਹੜੇ ਦੂਰ ਖੜ੍ਹੇ ਮੁੱਛਾਂ ਨੂੰ ਤਾਅ ਦੇਣ ਲੱਗੇ ਹੋਏ ਨੇ, ਇਕ ਮਾਈ ਦਾ ਲਾਲ ਵੀ ਜਿਉਂਦਾ ਨਹੀਂ ਰਹਿਣ ਦੇਣਾ।
ਉਹ ਖੜ੍ਹਾ ਚੱਕਰ ਕੱਟੀ ਜਾ ਰਿਹਾ ਸੀ ਤੇ ਦੂਰਬੀਨ ਲਾ ਕੇ ਦੰਦੀ, ਖੱਡ ਨੂੰ ਦੁਸ਼ਵਾਰ ਜੰਗਲ ਤੇ ਵਿੱਚੋਂ ਲੰਘਦੇ ਚਿੱਟੇ ਮੁੱਖ ਮਾਰਗਾਂ ਦੇ ਵਿੰਗ ਤੇ ਖੋਜ ਨੂੰ ਤੇ ਪਹਾੜ ਦੀਆਂ ਚੋਟੀਆਂ ਦੀ ਲਿਸ਼ਕ ਨੂੰ ਵੇਖੀ ਜਾ ਰਿਹਾ ਸੀ।
ਉਸ ਦਾ ਕੋਟ ਬੜਾ ਫੱਬਦਾ ਸੀ ਤੇ ਕਿਸੇ ਬੜੀ ਵਧੀਆ ਚੀਜ਼ ਦਾ ਬਣਿਆ ਹੋਇਆ ਸੀ। ਉਸ ਦੀ ਕੀਮਤੀ ਤਲਵਾਰ ਤੇ ਰੀਵਾਲਵਰ ਦੀ ਮੁੱਠ 'ਚ ਵਡਮੁੱਲੇ ਹੀਰੇ ਤੇ ਨਗ ਜੜ੍ਹੇ ਹੋਏ ਸਨ ਅਤੇ ਉਸ ਦੀ ਬਰਫ਼ ਵਰਗੀ ਚਿੱਟੀ ਫਰ ਦੀ ਟੋਪੀ, ਉਸਮਾਨ ਦੀ ਕਲਾ ਕਿਰਤੀ ਦਾ ਇੱਕ ਕਮਾਲ ਸੀ। ਕਾਕੇਸ਼ਸ ਵਿੱਚ ਉਸ ਦਾ ਕੀ ਮੁਕਾਬਲਾ ਸੀ - ਭਲਾ ਇਹੋ ਜਿਹੀ ਸ਼ਾਨ ਦੇ ਹੁੰਦਿਆਂ, ਉਹ ਕਮਾਲ ਦੇ ਜੋਹਰ ਨਾ ਵਿਖਾਵੇ ਤਾਂ ਕੀ ਵਿਖਾਵੇ ਇਹੀ ਤਾਂ ਉਸ ਵਿੱਚ, ਤੇ ਉਸ ਦੇ ਸਾਹਮਣੇ ਖੜ੍ਹੋਤੇ ਸਿਪਾਹੀਆਂ ਵਿੱਚ ਵਰਕ ਦੀ ਗੱਲ ਸੀ । ਉਸ ਵਰਗੀ ਸੂਝ ਤੇ ਤਜ਼ਰਬਾ ਉਹਨਾਂ ਅਫਸਰਾਂ ਕੋਲ ਕਿੱਥੇ। ਤੇ ਚੱਕਰ ਕੱਢਦੇ ਉਸ ਨੂੰ ਆਪਣਾ ਆਪ ਭਾਰਾ ਭਾਰਾ ਲੱਗਣ ਲੱਗ ਪਿਆ।
"ਹੇ! ਇਹ ਤੂੰ ਏਂ ?"
ਉਸ ਦਾ ਅਰਦਲੀ, ਬੇਸਿਰ ਪੈਰ ਦੇ ਨੈਣ ਨਕਸ਼, ਪੀਲਾ ਚਿਹਰਾ, ਆਪਣੇ ਕਰਨਲ
ਵਰਗੀਆਂ ਡੱਬ ਡੱਬ ਕਰਦੀਆਂ ਕਾਲੀਆਂ ਅੱਖਾਂ, ਦੌੜਦਾ ਅੱਗੇ ਆਇਆ ਤੇ ਸਲੂਟ ਮਾਰੀ ।
"ਹਾਂ, ਹਜ਼ੂਰ।”
ਕਰਨਲ ਦੀ ਜੀਭ ਉੱਤੇ ਹੀ ਸੀ ਕਿ ਉਹ ਆਖੇ ਕਿ 'ਜਾਹ, ਜਾ ਕੇ ਉਸ ਯੂਨਾਨੀ ਕੂੜੀ ਨੂੰ ਲੈ ਆ...?'
ਪਰ ਉਸ ਆਖਿਆ ਨਾ ਤੇ ਸਗੋਂ, ਸਖ਼ਤੀ ਨਾਲ ਅਰਦਲੀ ਨੂੰ ਘੂਰਿਆ।
"ਖਾਣਾ ਤਿਆਰ ਹੈ ?"
"ਹਾਂ ਸਰਕਾਰ, ਅਫ਼ਸਰ ਬੈਠੇ ਉਡੀਕ ਰਹੇ ਨੇ।"
ਕਰਨਲ ਬੜੇ ਰੋਹਬ ਨਾਲ ਸਿਪਾਹੀਆਂ ਵਿੱਚੋਂ ਲੰਘ ਗਿਆ, ਜੋ ਸਾਵਧਾਨ ਖੜ੍ਹੇ ਗਏ। ਉਹਨਾਂ ਦੇ ਚਿਹਰੇ ਪਤਲੇ ਸਨ । ਆਵਾਜਾਈ ਠੱਪ ਹੋ ਜਾਣ ਕਰਕੇ, ਭੁੱਖੇ ਸਿਪਾਹੀ, ਮੁੱਠੀ ਮੁੱਠੀ ਮੱਕੀ ਉੱਤੇ ਝੱਟ ਲੰਘਾ ਰਹੇ ਸਨ। ਉਹ ਸਾਵਧਾਨ ਖੜ੍ਹੋਤੇ ਕਰਨਲ ਨੂੰ ਵੇਖਦੇ ਰਹੇ ਸਨ, ਜੋ ਅੱਧੀਆਂ ਅੱਧੀਆਂ ਉਂਗਲਾਂ ਚਿੱਟੇ ਦਸਤਾਨੇ ਵਿੱਚੋਂ ਬਾਹਰ ਕੱਢੀ ਝੂਮਦਾ ਕੋਲ਼ੋਂ ਲੰਘ ਗਿਆ ਸੀ। ਉਹ ਧੂਣੀਆਂ ਕੋਲੋਂ ਲੰਘ ਗਿਆ। ਜਿੱਥੇ ਧੂੰਆਂ ਹੀ ਧੂੰਆਂ ਸੀ, ਪਿਆਦਾ ਫੌਜ ਦੇ ਰਫ਼ਲਾਂ ਦੇ ਢੇਰ ਕੋਲੋਂ ਲੰਘ ਗਿਆ - ਬੈਟਰੀਆਂ ਅੱਗੋਂ ਲੰਘਿਆ ਤੇ ਚਿੱਟੇ ਤੰਬੂ ਵਿੱਚ ਪਹੁੰਚ ਗਿਆ, ਜਿੱਥੇ ਇੱਕ ਚਮਕਦਾਰ ਮੇਜ਼, ਬੋਤਲਾਂ, ਪਲੇਟਾਂ, ਗਲਾਸਾਂ, ਪਨੀਰ ਤੇ ਫਲਾਂ ਨਾਲ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੱਦੀ ਪਈ ਸੀ।
ਗੱਲਾਂ ਦਾ ਪ੍ਰਵਾਹ ਰੁੱਕ ਗਿਆ। ਸਾਰੇ ਅਫਸਰ ਵੀ ਉਸ ਦੇ ਹਮ ਉਮਰ ਤੇ ਉਸੇ ਵਰਗੇ ਲੱਕ ਤੋਂ ਭੀੜੇ ਸਰਕੇਸ਼ੀਅਨ ਕੋਟਾਂ ਵਿੱਚ ਫੱਬੇ ਖੜ੍ਹੋਤੇ ਹੋਏ ਸਨ । ਸਭ ਉੱਠ ਕੇ ਖਲ੍ਹ ਗਏ।
"ਆਓ ਭਈ, ਖਾਣਾ ਖਾਈਏ।" ਕਰਨਲ ਨੇ ਆਖਿਆ ਤੇ ਸਭ ਮੇਜ਼ ਦੁਆਲੇ ਬੈਠ ਗਏ।
ਜਿਸ ਵੇਲੇ ਆਪਣੇ ਤੰਬੂ ਵਿੱਚ ਸੌਣ ਦੀ ਤਿਆਰੀ ਕਰ ਰਿਹਾ ਸੀ, ਉਸ ਨੂੰ ਬੜੇ ਮਜ਼ੇਦਾਰ ਝੂਟੇ ਆ ਰਹੇ ਸਨ । ਉਸ ਅਰਦਲੀ ਅੱਗੇ ਆਪਣੀਆਂ ਲੱਤਾਂ ਲੰਮੀਆਂ ਕਰ ਦਿੱਤੀਆਂ ਤਾਂ ਜੋ ਉਹ, ਲਿਸ਼ ਲਿਸ਼ ਕਰਦੇ ਬੂਟ ਲਾਹ ਦੇਵੇ ਤੇ ਸੋਚਣ ਲੱਗ ਪਿਆ:
"ਉਸ ਯੂਨਾਨੀ ਕੁੜੀ ਨੂੰ ਕਿਉਂ ਨਾ ਸੱਦ ਲਿਆ, ਪਰ ਚੱਲੋ, ਨਹੀਂ ਸੱਦਿਆ ਤਾਂ ਸਿਆਣੀ ਗੱਲ ਹੀ ਕੀਤੀ ਹੈ।"
25
ਰਾਤ ਦੀਆਂ ਕਾਲਖ਼ਾਂ ਨੇ ਪਹਾੜਾਂ ਦੀਆਂ ਦੰਦੀਆਂ ਤੇ ਭਿਆਨਕ ਖੜ੍ਹੀਆਂ ਚਟਾਨਾਂ ਨੂੰ ਹੜੱਪ ਲਿਆ, ਜੋ ਦਿਨ ਦੇ ਸਮੇਂ ਪਠਾਰ ਮੂਹਰੇ ਖਲ੍ਹਤੇ ਆਕੜਾਂ ਭੰਨਦੇ ਰਹਿੰਦੇ ਸਨ। ਖੜ੍ਹੀਆਂ ਚਟਾਨਾਂ ਦੇ ਪੈਰਾਂ ਵਿੱਚ ਫੈਲਿਆ ਸੰਘਣਾ ਜੰਗਲ ਵੀ ਅੰਨ੍ਹੇਰੇ ਨੇ ਖਾ ਲਿਆ। ਕੋਈ ਚੀਜ਼ ਵੀ ਹੁਣ ਦਿੱਸਦੀ ਨਹੀਂ ਸੀ।
ਇਸ ਘੁੱਪ ਅਨ੍ਹੇਰੇ ਵਿੱਚੋਂ ਇਸੇ ਵਰਗਾ ਕਾਲਾ ਸਿਆਹ ਇੱਕ ਮੰਤਰੀ ਲੰਘਿਆ। ਉਹ ਦੱਸ ਕਦਮ ਅੱਗੇ ਗਿਆ, ਪੈਰਾਂ ਉੱਤੇ ਮੁੜਿਆ ਤੇ ਹੌਲੀ ਹੌਲੀ ਪਰਤ ਆਇਆ। ਜਿਸ ਵੇਲੇ ਉਹ ਇੱਕ ਪਾਸੇ ਜਾਂਦਾ, ਉਸ ਨੂੰ ਮਸ਼ੀਨਗੰਨ ਦੀ ਇੱਕ ਲੀਕ ਜਿਹੀ ਉੱਭਰੀ ਲੱਗਦੀ, ਜਿਸ ਵੇਲੇ ਦੂਜੇ ਪਾਸੇ ਜਾਂਦਾ ਤੇ ਉਸ ਨੂੰ ਸਿੱਧੀ ਖਲੋਤੀ ਚਟਾਨ ਉੱਭਰੀ ਦੱਸਦੀ, ਜੋ ਤੋੜ ਤੱਕ ਅੰਨ੍ਹੇਰੇ ਵਿੱਚ ਵਲ੍ਹਟੀ ਹੋਈ ਸੀ ਤੇ ਸੱਚ ਪੁੱਛੋਂ ਤਾਂ ਇਹ ਸਭ ਵੇਖ ਕੇ ਉਸ ਨੂੰ ਹੌਸਲਾ ਹੋ ਜਾਂਦਾ ਕਿ ਇੱਥੋਂ ਤਾਂ ਇੱਕ ਛਿਪਕਲੀ ਨੂੰ ਵੀ ਲੰਘਣਾ ਔਖਾ ਹੈ।
ਇਸ ਸੁਨਸਾਨ ਵਿੱਚ, ਉਹ ਹੌਲੇ ਪੈਰੀਂ ਦਸ ਕਦਮ ਅੱਗੇ ਜਾਂਦਾ ਤੇ ਹੌਲੀ ਹੌਲੀ ਮੁੜ ਪੈਂਦਾ ਤੇ ਫਿਰ ਟੁਰ ਪੈਂਦਾ।
ਆਪਣੇ ਪਿੰਡ ਉਸ ਦੀ ਇੱਕ ਨਿੱਕੀ ਜਿਹੀ ਬਗੀਚੀ ਤੇ ਥੋੜ੍ਹਾ ਟੋਟਾ ਮੱਕੀ ਦੇ ਖੇਤ ਦਾ ਸੀ। ਉੱਥੇ ਉਸ ਦੀ ਵਹੁਟੀ ਨੀਨਾ ਸੀ ਤੇ ਉਸ ਦੇ ਕੁੱਛੜ, ਉਸ ਦਾ ਬਾਲ ਸਰਗੇ। ਜਿਸ ਵੇਲੇ ਉਹ ਉਹਨਾਂ ਨੂੰ ਛੱਡ ਕੇ ਆਉਣ ਲੱਗਾ ਸੀ, ਸਰਗੋ ਉਸ ਵੱਲ ਅਲੂਚੇ ਵਰਗੀਆਂ ਕਾਲੀਆਂ ਅੱਖਾਂ ਟਿਕਾ ਕੇ ਵੇਖਣ ਲੱਗ ਪਿਆ ਸੀ । ਉਹ ਮਾਂ ਦੀਆਂ ਬਾਹਵਾਂ ਵਿੱਚ ਕੁੱਦ ਕੁੱਦ ਪੈਂਦਾ ਸੀ ਤੇ ਗੋਭਲੀਆਂ ਬਾਹਾਂ ਅੱਗੇ ਅੱਗੇ ਕਰਕੇ ਮੁਸਕਰਾਂਦਾ ਤੇ ਪੋਪਲੇ ਮੂੰਹ ਵਿੱਚੋਂ ਬੁੜ ਬੁੜੀਆਂ ਛੱਡਦਾ ਸੀ ਤੇ ਜਦ ਉਸ ਬਾਲ ਨੂੰ ਨੀਨਾ ਦੀ ਝੋਲੀ ਵਿੱਚੋਂ ਲੈ ਲਿਆ, ਤਾਂ ਸਰਗ ਆਪਣਾ ਅੱਡਿਆ ਮੂੰਹ ਪਿਉ ਦੇ ਮੂੰਹ ਨਾਲ ਲਾ ਕੇ ਥੁਕਾਂ ਨਾਲ ਮੂੰਹ ਗਿੱਲਾ ਕਰਨ ਲੱਗ ਪਿਆ। ਇਸ ਵੇਲੇ ਇਸ ਸਿਆਹ ਕਾਲੀ ਪਠਾਰ ਉੱਤੇ ਖਲ੍ਹਤੇ ਸਰਗੋ ਦਾ ਪੋਪਲਾ ਮੂੰਹ ਤੇ ਬੁੜਬੁੜੀਆਂ ਸਾਫ ਦਿਸ ਰਹੀਆਂ ਸਨ।
ਦਸ ਹੌਲੇ ਹੌਲੇ ਕਦਮ, ਮੱਧਮ ਜਿਹਾ ਮਸ਼ੀਨਗੰਨ ਦਾ ਭੁਲੇਖਾ, ਤੇ ਹੌਲੇ ਹੌਲੇ ਪੈਰ ਫਿਰ ਅੱਡੇ ਹੋਏ ਮੂੰਹ ਵਾਲੀ ਦੰਦੀ ਵੱਲ...।
ਬਾਲਸ਼ਵਿਕਾਂ ਨੇ ਉਸ ਨੂੰ ਕੋਈ ਹਾਨੀ ਨਹੀਂ ਸੀ ਪਹੁੰਚਾਈ । ਪਰ ਉਹ ਇਸ ਉਚਾਈ ਤੋਂ ਵੀ ਉਹਨਾਂ ਨੂੰ ਗੋਲੀ ਮਾਰ ਸਕਦਾ ਸੀ । ਮੁੱਖ ਮਾਰਗ ਤੋਂ ਉਸ ਦੀ ਨਜ਼ਰ ਤੋਂ ਬਚ ਕੇ ਇੱਕ ਛਿਪਕਲੀ ਵੀ ਨਹੀਂ ਸੀ ਲੰਘ ਸਕਦੀ । ਬਾਲਸ਼ਵਿਕਾਂ ਨੇ ਜ਼ਾਰ ਦਾ ਕੰਮ ਮੁਕਾ ਦਿੱਤਾ ਸੀ ਤੇ ਜ਼ਾਰ ਨੇ ਜਾਰਜੀਆ ਨੂੰ ਨਚੋੜ ਕੇ ਰੱਖ ਦਿੱਤਾ ਸੀ। ਚੰਗਾ ਹੀ ਹੋਇਆ ਇਸ ਨਾਲ । ਆਖਦੇ ਨੇ ਰੂਸ ਵਿੱਚ ਜ਼ਮੀਨ ਕਿਸਾਨਾਂ ਦੀ ਹੋ ਗਈ ਹੈ। ਉਸ ਦਾ ਜਿਉਂ ਹਉਕਾ ਨਿਕਲ ਗਿਆ। ਉਸ ਨੂੰ ਭਰਤੀ ਕਰ ਲਿਆ ਗਿਆ ਸੀ ਤੇ ਜਿਸ ਵੇਲੇ ਹੁਕਮ ਹੋਇਆ, ਖੜ੍ਹੀ ਚਟਾਨ ਤੋਂ ਦੂਰ ਖਲ੍ਹਤੇ ਬੇਦਿਆਂ ਉੱਤੇ ਉਹ ਗੋਲੀ ਚਲਾ ਦੇਵੇਗਾ।
ਤੇ ਫਿਰ ਅੱਖਾਂ ਸਾਹਮਣੇ ਸਰਗੋ ਦੇ ਪੋਪਲੇ ਮੂੰਹ ਵਿੱਚੋਂ ਉਸ ਨੂੰ ਬੁੜ ਬੁੜੀਆਂ ਨਿਕਲਦੀਆਂ ਦਿੱਸਣ ਲੱਗ ਪਈਆਂ। ਉਹਨੂੰ ਜ਼ਰਾ ਨਿੱਘ ਜਿਹਾ ਮਹਿਸੂਸ ਹੋਇਆ ਤੇ ਉਸ ਮੁਸਕਰਾ ਪਿਆ, ਪਰ ਉਸ ਦਾ ਕਾਲਾ ਚਿਹਰਾ ਪਹਿਲਾਂ ਵਾਂਗ ਹੀ ਗੰਭੀਰ ਬਣਿਆ ਰਿਹਾ।
ਬਿਨਾਂ ਕਿਸੇ ਹਿਲਜੁੱਲ, ਰਾਤ ਦੀ ਖ਼ਾਮੋਸ਼ੀ ਚਾਰੇ ਪਾਸੇ ਖਿੱਲਰੀ ਰਹੀ। ਉਸ ਨੂੰ ਲੱਗਾ, ਜਿਉਂ ਤੜਕਾ ਹੋਣ ਵਾਲਾ ਹੋਵੇ, ਕਿਉਂ ਜੋ ਖ਼ਾਮੋਸ਼ੀ ਹੋਰ ਡੂੰਘੀ ਹੋ ਗਈ ਸੀ। ਉਸ ਦਾ ਸਿਰ ਭਾਰਾ ਭਾਰਾ ਹੋਇਆ ਅੱਗੇ ਅੱਗੇ ਝੂਟਣ ਲੱਗ ਪਿਆ, ਪਰ ਉਸ ਇੱਕ ਝੂਟਾ ਦੇ ਦਿੱਤਾ।
ਪਹਾੜ ਕਾਲੀ ਰਾਤ ਨਾਲੋਂ ਵੀ ਵਧੇਰੇ ਕਾਲੇ ਸਨ । ਵਿਰਲੀ ਵਿਰਲੀ ਥਾਏਂ ਕੱਲਮ ਕਾਰੇ ਤਾਰੇ ਟਿਮ ਟਿਮਾ ਰਹੇ ਸਨ।
ਦੁਰੇਡਿਉਂ ਕਿਸੇ ਪੰਛੀ ਦੀ ਅਜੀਬ ਜਿਹੀ ਕਿਕ ਕਿਕ ਕਰਦੀ ਚਿਚਲਾਂਦੀ ਆਵਾਜ਼ ਆਈ। ਜਾਰਜੀਆ ਵਿੱਚ ਇਹੋ ਜਿਹੀ ਆਵਾਜ਼ ਉਸ ਕਦੇ ਨਹੀਂ ਸੀ ਸੁਣੀ।
ਸਾਰਾ ਵਾਤਾਵਰਣ ਕਿਸੇ ਅਦਿਸ ਚੀਜ਼ ਨਾਲ ਭਾਰਾ ਹੋਇਆ ਲੱਗਦਾ ਸੀ। ਚਾਰੇ ਪਾਸੇ ਭਾਵੇਂ ਚੁੱਪ ਚਾਂ ਸੀ, ਪਰ ਇੰਝ ਲੱਗਦਾ ਸੀ ਜਿਉਂ ਕੋਈ ਭਿਆਨਕ ਵਸਤੂ ਉਸ ਵੱਲ ਵੱਧਦੀ ਆ ਰਹੀ ਹੋਵੇ। ਤੇ ਕੁਝ ਕੁਝ ਸੁਭਾਵਕ ਵੀ ਸੀ ਕਿ ਸਭ ਕੁਝ ਖਾਮੋਸ਼ ਵੀ ਰਹੇ ਤੇ ਆਪਣੇ ਪੈਰ, ਉਸ ਵੱਲ ਵਧਾਂਦੀ ਵੀ ਜਾਵੇ।
"ਨੀਨਾ, ਤੂੰ ? ...ਤੇ ਸਰਗੋ ਕਿੱਥੇ ਈ ?"
ਉਸ ਆਪਣੀਆਂ ਅੱਖਾਂ ਖੋਲ੍ਹੀਆਂ, ਉਹ ਇੱਕ ਕੱਚੀ ਜਿਹੀ ਕੰਧ ਨਾਲ ਲੱਗਾ ਹੋਇਆ ਸੀ ਤੇ ਸਿਰ ਢਿਲਕ ਕੇ ਛਾਤੀ ਉੱਤੇ ਲੱਗਾ ਪਿਆ ਸੀ । ਸੁਫਨੇ ਦਾ ਪਰਛਾਵਾਂ ਜਿਹਾ ਹਾਲਾਂ ਵੀ ਉਸ ਦੀਆਂ ਅੱਖਾਂ ਅੱਗੋਂ ਰਾਤ ਦੇ ਅਨ੍ਹੇਰੇ ਦੇ ਫੈਲਾਅ ਵਿੱਚ ਨੱਚ ਰਿਹਾ ਸੀ।
ਉਸ ਆਪਣੇ ਸਿਰ ਨੂੰ ਝੂਣਿਆ ਤੇ ਸਭ ਕੁਝ ਜਿਉਂ ਟਿਕ ਗਿਆ। ਉਹ ਸ਼ੱਕ ਭਰੀਆਂ ਅੱਖਾਂ ਨਾਲ ਵੇਖਣ ਲੱਗ ਪਿਆ। ਲਟਕਿਆ ਹੋਇਆ ਸੱਖਣ, ਧੁੰਦਲੀ ਜਿਹੀ ਕੱਚੀ ਕੰਧ, ਚਟਾਨ ਦਾ ਸਿਰਾ, ਮਸ਼ੀਨਗੰਨ, ਜੋ ਦਿੱਸਣ ਨਾਲ ਮਹਿਸੂਸ ਵਧੇਰੇ ਹੁੰਦੀ ਸੀ, ਸਭ ਆਪਣੀ ਆਪਣੀ ਥਾਂ ਉੱਤੇ, ਪਹਿਲਾਂ ਵਾਂਗ ਹੀ ਟਿਕੇ ਹੋਏ ਸਨ। ਦੂਰ ਇੱਕ ਪੰਛੀ ਚਿਚਲਾਉਂਦਾ ਲੰਘ ਗਿਆ। ਜਾਰਜੀਆ ਵਿੱਚ ਤਾਂ ਇਹੋ ਜਿਹੇ ਪੰਛੀ ਨਹੀਂ ਸਨ ਹੁੰਦੇ।
ਉਹ ਦੂਰ ਨੀਝਾਂ ਲਾ ਕੇ ਵੇਖਣ ਲੱਗ ਪਿਆ.. ਕਾਲੀਆਂ ਵਿਰਲਾਂ ਵਿੱਚ ਟਿਮ ਟਿਮ ਕਰਦੇ ਫਿੱਕੇ ਪੈਂਦੇ ਤਾਰੇ ਕਿਸੇ ਹੋਰ ਹੀ ਨਮੂਨੇ ਵਿੱਚ ਖਿਲਰੇ ਦਿੱਸੇ, ਜੋ ਪਹਿਲਾਂ ਨਾਲੋਂ ਵੱਖਰਾ ਸੀ। ਉਸ ਦੀਆਂ ਅੱਖਾਂ ਸਾਹਮਣੇ ਕਹਿਰਾਂ ਦੀ ਖਾਮੋਸ਼ੀ ਲਟਕੀ ਹੋਈ ਸੀ, ਜੋ ਡੂੰਘਾਣਾਂ ਵਿੱਚ ਲੱਥੀ ਜਾਪਦੀ ਸੀ ਤੇ ਉਸ ਨੂੰ ਚੰਗਾ ਭਲਾ ਪਤਾ ਸੀ ਕਿ ਇਹ ਸੰਘਣੇ ਜੰਗਲ ਦੇ ਅੰਨ੍ਹੇਰਿਆਂ ਦੀ ਕਰਾਮਾਤ ਸੀ । ਉਸ ਉਬਾਸੀ ਲਈ ਤੇ ਸੋਚਣ ਲੱਗ ਪਿਆ: "ਮੈਨੂੰ ਟੁਰਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ.. ।" ਪਰ ਸੋਚ ਦੀ ਲੜੀ ਟੁੱਟੀ ਨਾ; ਫਿਰ ਅੰਨ੍ਹੇਰੇ ਦੀਆਂ ਕਾਲੀਆਂ ਚਾਦਰਾਂ, ਦਿੱਸਦੀਆਂ ਅੱਖਾਂ ਅੱਗੇ ਤਣਨ ਲੱਗ ਪਈਆਂ ਤੇ ਫਿਰ ਯਾਦਾਂ ਤੁਰਦੀਆਂ ਤਰਦੀਆਂ ਉਸ ਦੇ ਦਿਲ ਵਿੱਚ ਇੱਕ ਪੀੜ ਜਗਾਂਦੀਆਂ ਲੰਘਣ ਲੱਗ ਪਈਆਂ।
ਉਸ ਪੁੱਛਿਆ:
"ਕੀ ਅੰਨ੍ਹੇਰੇ ਵੀ ਤਰ ਲੈਂਦੇ ਨੇ ?"
ਤੇ ਕਿਸੇ ਉੱਤਰ ਦਿੱਤਾ:
"ਕਿਉਂ ਨਹੀਂ।"
ਪਰ ਇਹ ਉੱਤਰ ਸ਼ਬਦਾਂ ਦਾ ਨਹੀਂ ਸੀ, ਸਗੋਂ ਕਿਸੇ ਪੋਪਲੇ ਮੂੰਹ ਦੀ ਮੁਸਕਾਨ ਸੀ।
ਉਹ ਝੱਟ ਕੁ ਲਈ ਉਸ ਪੋਪਲੇ, ਕੂਲੇ ਮੂੰਹ ਦੀ ਯਾਦ ਨਾਲ ਝੁਣਿਆ ਗਿਆ। ਉਸ ਆਪਣਾ ਹੱਥ ਅਗੇਰੇ ਵਧਾਇਆ ਤੇ ਨੀਨਾ ਨੇ ਬੱਚੇ ਦਾ ਸਿਰ ਉਸ ਦੇ ਹੱਥ ਵਿੱਚ ਦੇ ਦਿੱਤਾ,
ਪਰ ਭੂਰਾ ਭੂਰਾ ਸਿਰ, ਜਿਉਂ ਰੁੜ੍ਹਦਾ (ਉਸ ਸਾਹ ਰੋਕ ਲਿਆ) ਜਾਂਦਾ ਚੱਟਾਨ ਦੇ ਸਿਰੇ ਉੱਤੇ ਜਾ ਕੇ ਰੁੱਕ ਗਿਆ ਸੀ। ਉਸ ਦੀ ਵਹੁਟੀ ਦੀਆਂ ਅੱਖਾਂ ਵਿੱਚ ਲਹੂ ਢਲ ਆਇਆ ਸੀ- ਹਾਏ ਮੈਂ ਮਰ ਗਈ... ਪਰ ਜੋ ਹੋ ਬੀਤਿਆ ਸੀ, ਉਸ ਕਰਕੇ ਨਹੀਂ। ਕੋਈ ਹੋਰ ਚੀਜ਼ ਉਸ ਨੂੰ ਖੋਹ ਪਾ ਰਹੀ ਸੀ: ਘੁਲੇ ਹੋਏ ਘੁਸਮੁਸੇ ਵਿੱਚ- ਜੋ ਸਵੇਰ ਤੋਂ ਪਹਿਲਾਂ ਅੱਗੇ ਅੱਗੇ ਭੱਜਦਾ ਹੈ - ਹਜ਼ਾਰਾਂ ਭੂਰੇ ਸਿਰ ਚਟਾਨ ਦੇ ਸਿਰੇ ਉੱਤੇ ਉਭਰ ਆਏ ਸਨ, ਜੋ ਆਪ ਰਿੜ੍ਹਦੇ, ਸ਼ਾਇਦ ਉੱਧਰ ਜਾ ਪਹੁੰਚੇ ਹੋਣ। ਸਿਰ ਉੱਚੇ ਹੀ ਉੱਚੇ ਹੁੰਦੇ ਗਏ, ਧੌਣਾਂ ਦਿੱਸਣ ਲੱਗ ਪਈਆਂ, ਫੈਲੀਆਂ ਬਾਹਾਂ ਜਿਉਂ ਕਿਤੋਂ ਉੱਗ ਆਈਆਂ, ਮੋਢੇ ਉੱਠੇ ਹੋਏ ਹਿੱਲਣ ਲੱਗ ਪਏ, ਪੱਕੇ ਪੀਡ ਜਬਾੜਿਆਂ ਵਾਲੇ ਜੰਗਾਲੇ ਚਿਹਰੇ ਉੱਭਰੇ ਤੇ ਲੋਹੇ ਵਰਗੀ ਕੜਕਦੀ ਇੱਕ ਆਵਾਜ਼ ਜਿਉਂ ਖਾਮੋਸ਼ੀਆਂ ਨੂੰ ਤਾਰ ਤਾਰ ਕਰਕੇ ਸੁੱਟ ਗਈ।
"ਅੱਗੇ ਵੱਧ... ਹੱਲਾ ਬੋਲ ਦਿਓ!"
ਜੰਗਲੀ ਜਾਨਵਰਾਂ ਦੀਆਂ ਗਰਜਦੀਆਂ ਆਵਾਜ਼ਾਂ ਨੇ ਜਿਉਂ ਹਰ ਚੀਜ਼ ਚੀਰ ਪਾੜ ਕੇ ਪਰ੍ਹੇ ਸੁੱਟ ਦਿੱਤੀ, ਜਾਰਜੀਅਨ ਨੇ ਗੋਲੀ ਦਾਗ ਦਿੱਤੀ, ਉਹ ਧਰਤੀ ਉੱਤੇ ਡਿੱਗ ਪਿਆ ਤੇ ਬੱਚਾ, ਜੋ ਮਾਂ ਦੀ ਗਲਵਕੜੀ ਵਿੱਚ ਕੁੱਦ ਕੁੱਦ ਪੈਂਦਾ ਸੀ, ਬਾਹਾਂ ਮਾਰਦਾ ਸੀ ਤੇ ਮੁਸਕਰਾਹਟ ਭਰੇ ਮੂੰਹ ਵਿੱਚੋਂ ਬੁੜ ਬੁੜੀਆਂ ਛੱਡਦਾ ਸੀ, ਛਾਤੀ ਵਿੱਚ ਪੀੜ ਘੁਟੀ ਆਪਣਾ ਪੋਪਲਾ ਮੂੰਹ ਪਪੋਲਦਾ ਕਿਤੇ ਲੋਪ ਹੋ ਗਿਆ।
26
ਕਰਨਲ ਵਾਹੋ ਦਾਹੀ ਆਪਣੇ ਤੰਬੂ ਵਿੱਚੋਂ ਨਿਕਲਿਆ ਤੇ ਬੰਦਰਗਾਹ ਵੱਲ ਦੌੜ ਪਿਆ। ਸਵੇਰ ਦੇ ਘੁਸਮੁਸੇ ਵਿੱਚ ਸਿਪਾਹੀ ਚਟਾਨਾਂ ਉੱਤੇ ਡਿਗੀਆਂ ਲਾਸ਼ਾਂ ਉੱਤੋਂ ਦੌੜਦੇ ਲੰਘੀ ਜਾ ਰਹੇ ਸਨ। ਉਸ ਦੇ ਪਿਛਲੇ ਪਾਸਿਉਂ ਇੱਕ ਬੜੀ ਵਹਿਸ਼ਤ ਭਰੀ ਚੀਖ ਆਈ ਤੇ ਕੋਲੋਂ ਦੀ ਲੰਘ ਗਈ। ਘੋੜੇ ਆਪਣੇ ਗਲਾਵੇਂ ਤੋੜ ਕੇ ਤੇ ਲੱਤਾਂ ਛੱਡਦੇ ਲਤਾੜਦੇ ਲੰਘਣ ਲੱਗ ਪਏ।
ਪੱਥਰਾਂ ਤੇ ਝਾੜੀਆਂ ਉੱਤੇ ਇੱਕ ਛੁਹਲੇ ਗੱਭਰੂ ਵਾਂਗ ਛਾਲਾ ਮਾਰਦਾ, ਕਰਨਲ ਏਨੀ ਤੇਜ਼ੀ ਨਾਲ ਦੌੜ ਰਿਹਾ ਸੀ ਕਿ ਉਸ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ। ਉਸ ਦੇ ਖਿਆਲਾਂ ਵਿੱਚ ਬੰਦਰਗਾਹ ਜਹਾਜ਼ ਤੇ ਮੁਕਤੀ ਵਸੇ ਹੋਏ ਸੀ। ਉਸ ਦੀ ਛੁਹਲੀ ਚਾਲ ਦੇ ਨਾਲ ਤਾਲਮੇਲ ਖਾਂਦੇ, ਉਸ ਦੇ ਵਿਚਾਰ ਉਸ ਦੇ ਮਨ ਮਸਤਕ ਵਿੱਚੋਂ ਕੀ, ਸਗੋਂ ਉਸ ਦੇ ਸਾਰੇ ਸਰੀਰ ਵਿੱਚੋਂ ਲੰਘ ਰਹੇ ਸਨ - "ਜੇ ਕਿਤੇ ਉਹ ਮੈਨੂੰ... ਬਸ ਇੱਕ ਮਾਰਨ ਨਾ. ਮਾਰਨ ਨਾ.. ਬਸ ਮੈਨੂੰ ਮਾਰਨ ਨਾ... ਬਸ, ਜੇ ਕਿਤੇ ਮੈਨੂੰ ਆਸਰਾ ਦੇ ਦੇਣ। ਉਹ ਜੋ ਆਖਣ, ਮੈਂ ਉਹਨਾਂ ਲਈ ਕਰਨ ਨੂੰ ਤਿਆਰ ਹਾਂ ਉਹਨਾਂ ਦੇ ਡੰਗਰ ਚਾਰਾਂ ਭੇਡਾਂ ਚੁਗਾ ਲਿਆਵਾਂ ਭਾਂਡੇ ਮਾਂਜ ਦਿਆਂ ਜ਼ਮੀਨ ਪੁਟਾਂ, ਛਕੜਿਆਂ ਵਿੱਚ ਖਾਦ ਢੋਆਂ... ਬਸ, ਜੇ ਇੱਕ ਵੇਰ ਮੈਨੂੰ ਮੇਰੀ ਜਾਨ ਬਖਸ਼ ਦੇਣ... ਬਸ ਮੈਨੂੰ ਮਾਰਨ ਨਾ ..ਆਹ.. ਪਰਮਾਤਮਾ। ਜ਼ਿੰਦਗੀ ਬੜੀ ਵੱਡਮੁੱਲੀ
...।"
ਉਸ ਦੇ ਪਿਛਲੇ ਪਾਸੇ ਤੇ ਸੱਜੇ ਖੱਬੇ, ਏਨੇ ਜ਼ੋਰ ਨਾਲ ਨੱਸ ਭੱਜ ਹੋ ਰਹੀ ਸੀ ਕਿ ਧਮ ਧਮ ਦੀ ਆਵਾਜ਼ ਨਾਲ ਜ਼ਮੀਨ ਕੰਬ ਜਾਂਦੀ ਸੀ ਤੇ ਭੈਅ ਜਿਉਂ ਬਿਲਕੁਲ ਉਸ ਦੇ ਮਗਰ ਟੁਰੀ ਆ ਰਿਹਾ ਹੋਵੇ ਤੇ ਇਸ ਨਾਲ ਵੀ ਭਿਆਨਕ, ਉਹ ਆਵਾਜ਼ਾਂ ਤੇ ਗੁੱਸੇ ਭਰੀਆਂ ਗਾਲ੍ਹਾਂ ਸਨ, ਜੋ ਅੰਤਿਮ ਸਵਾਸਾਂ ਉੱਤੇ ਆਈ ਰਾਤ ਨੂੰ ਕਬਾ ਰਹੀਆਂ ਸਨ।
ਇਸ ਭਿਆਨਕ ਗਰਜ ਵਿੱਚ ਹੋਰ ਵਾਧਾ ਕਰਨ ਲਈ, ਰੁੱਕ ਰੁੱਕ ਕੇ, ਕੜਾਕ ਕੜਾਕ ਦੀ ਆਵਾਜ਼ ਆਉਣ ਲੱਗ ਪਈ । ਉਸ ਨੂੰ ਇੰਝ ਮਹਿਸੂਸ ਹੋਇਆ, ਜਿਵੇਂ ਰਫਲਾਂ ਦੇ ਬੱਟ ਮਾਰ ਮਾਰ ਕੇ ਖੋਪੜੀਆਂ ਇਉਂ ਭੰਨੀਆਂ ਜਾ ਰਹੀਆਂ ਹੋਣ, ਜਿਉਂ ਖੋਪੇ ਵਾਲੀ ਗਿਰੀ। ਰੁਕ ਰੁੱਕ ਕੇ ਪੀੜ ਨਾਲ ਕਰਾਹੁਣ ਦੀਆਂ ਆਵਾਜ਼ਾਂ ਵੀ ਆਉਂਦੀਆਂ ਸਨ - ਸੰਗੀਨਾਂ ਆਪਣਾ ਕੰਮ ਕਰੀ ਜਾ ਰਹੀਆਂ ਸਨ।
ਉਹ ਬੇਵਸੀ ਵਿੱਚ ਦੰਦ ਕਰੀਚ ਰਿਹਾ ਸੀ ਤੇ ਉਸ ਦੀਆਂ ਨਾਸਾਂ ਵਿੱਚ ਗਰਮ ਹਵਾੜ੍ਹ ਨਿਕਲ ਰਹੀ ਸੀ।
"ਕਾਸ਼, ਮੇਰੀ ਜ਼ਿੰਦਗੀ ਮੈਨੂੰ ਬਖਸ਼ ਦਿੱਤੀ ਜਾਂਦੀ ਮੈਂ ਆਪਣੀ ਜਨਮਭੂਮੀ ਛੱਡ ਦਿਆਂਗਾ... ਆਪਣੀ ਮਾਂ ਛੱਡ ਜਾਵਾਂਗਾ... ਆਪਣੀ ਆਬਰੂ... ਆਪਣਾ ਪਿਆਰ... ਬਸ, ਜੇ ਮੇਰੀ ਜਾਨ ਬਖਸ਼ੀ ਹੋ ਜਾਵੇ ਬਾਅਦ ਵਿੱਚ ਫਿਰ ਸਭ ਕੁਝ ਮਿਲ ਸਕਦਾ ਹੈ ਪਰ ਇਸ ਵੇਲੇ... ਕੇਵਲ ਜਿਊਣ ਦੀ ਜਿਊਣ ਦੀ ਤਾਂਘ... !"
ਉਸ ਦੀ ਸਾਰੀ ਸ਼ਕਤੀ ਜਿਉਂ ਸਮਾਪਤ ਹੋ ਚੁੱਕੀ ਸੀ, ਪਰ ਉਹ ਮੋਢੇ ਸੁਕੇੜ ਕੇ, ਮੁੱਠਾਂ ਵੱਟੀ, ਬਾਹਾਂ ਅਕੜਾਈ, ਭੈਭੀਤ ਹੋਇਆ ਏਡੀ ਤੇਜ਼ ਰਫ਼ਤਾਰ ਨਾਲ ਦੌੜਨ ਲੱਗ ਪਿਆ ਕਿ ਉਸ ਦੇ ਕੰਨਾਂ ਵਿੱਚ ਸੀਟੀਆਂ ਵੱਜਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਤੇ ਝੱਲਿਆਂ ਵਾਂਗ ਭੱਜਦੇ ਉਸ ਦੇ ਸਿਪਾਹੀ ਪਿੱਛੇ ਰਹਿ ਗਏ। ਉਹਨਾਂ ਦੀਆਂ ਦਰਦਨਾਕ ਆਵਾਜ਼ਾਂ ਨੇ, ਜਿਉਂ ਕਰਨਲ ਨੂੰ ਖੰਭ ਲਾ ਦਿੱਤੇ ਹੋਣ ਤੇ ਉਹ ਉੱਡਦਾ ਜਾ ਰਿਹਾ ਹੋਵੇ।
ਕੜਕ... ਕੜਾਕ...!
ਪਰ ਬੰਦਰਗਾਹ ਹੁਣ ਸਾਫ਼ ਸਾਹਮਣੇ ਦਿੱਸਦੀ ਸੀ... ਜਹਾਜ਼ ਆਹ। ਮੁਕਤੀ !
ਉਹ ਜਹਾਜ਼ ਵਲ ਜਾਂਦੀ ਗਲੀ ਵਿੱਚ ਦੌੜਦਾ ਗਿਆ ਤੇ ਝੱਟ ਕੁ ਲਈ ਉੱਥੇ ਖਲ੍ਹ ਗਿਆ। ਇੱਥੇ ਵੀ ਬੜੀ ਡਰਾਉਣੀ ਭੜਥੂ ਪਈ ਹੋਈ ਸੀ... ਗਲੀ ਵਿੱਚ ਜਹਾਜ਼ਾਂ ਉੱਪਰ, ਕੱਢੇ ਉਤੇ, ਘਾਟ ਉੱਤੇ ਕੜਕ ਕੜਕ ਹੋ ਰਹੀ ਸੀ । ਇਹ ਆਵਾਜ਼ ਚਾਰੇ ਪਾਸਿਉਂ ਆ ਰਹੀ ਸੀ।
ਉਹ ਬਿਲਕੁਲ ਗੁੱਗ ਹੋ ਗਿਆ। ਇੱਥੇ ਵੀ ਉਹੋ ਜਿਹੀ ਹਾਹਾਕਾਰ ਹੀ ਮੱਚੀ ਹੋਈ ਸੀ ਜਿਸ ਨਾਲ ਬੰਦੇ ਦਾ ਦਿਮਾਗ ਹਿੱਲ ਜਾਵੇ ਕੜਕ ਕੜਕ। ਇੱਥੇ ਵੀ ਪੀੜ ਭਰੀਆਂ ਚੀਖਾਂ ਲਾਟ ਵਾਂਗ ਨਿਕਲਦੀਆਂ ਤੇ ਝੱਟ ਬੁੱਝ ਜਾਂਦੀਆਂ।
ਉਹ ਪੈਰਾਂ ਉੱਤੇ ਹੀ ਚੱਕਰੀ ਵਾਂਗ ਘੁੰਮ ਗਿਆ ਤੇ ਪਹਿਲਾਂ ਨਾਲੋਂ ਵੀ ਵਧੇਰੀ ਫੁਰਤੀ ਤੇ ਤੇਜ਼ੀ ਨਾਲ ਬੰਦਰਗਾਹ ਤੋਂ ਦੌੜ ਪਿਆ। ਘਾਟ ਤੋਂ ਸਮੁੰਦਰ ਦੇ ਫੈਲਾਅ ਨੇ ਆਖਰੀ
ਵੇਰ ਉਸ ਵੱਲ ਝਾਕਿਆ।
"ਜਿਊਣ ਲਈ... ਜਿਊਣ ਲਈ।"
ਉਹ ਉਹਨਾਂ ਚਿੱਟੇ ਮਕਾਨਾਂ ਅੱਗੋਂ ਦੌੜਦਾ ਲੰਘ ਗਿਆ, ਜਿਸ ਦੀਆਂ ਬੇਵਸ ਖ਼ਾਮੋਸ਼ ਖਿੜਕੀਆਂ ਉਸ ਵੱਲ ਤੱਕਦੀਆਂ ਰਹੀਆਂ। ਉਹ ਕਸਬੇ ਦੇ ਬਾਹਰ ਵਾਰ ਜਾ ਪਹੁੰਚਿਆ, ਜਿੱਥੇ ਚਿੱਟਾ ਤੇ ਸ਼ਾਂਤ ਮੁੱਖ ਮਾਰਗ ਜਾਰਜੀਆ ਵੱਲ ਜਾ ਰਿਹਾ ਸੀ। ਉਸ ਸ਼ਕਤੀਸ਼ਾਲੀ ਜਾਰਜੀਆ ਵੱਲ ਨਹੀਂ, ਜਿੱਥੋਂ ਵਿਸ਼ਵ ਸੱਭਿਅਤਾ ਦਾ ਉਦੈ ਹੁੰਦਾ ਸੀ, ਉਸ ਜਾਰਜੀਆ ਵੱਲ ਨਹੀਂ, ਜਿੱਥੇ ਉਸ ਨੂੰ ਕਰਨਲ ਦੀ ਪਦਵੀ ਦਿੱਤੀ ਗਈ ਸੀ, ਪਰ ਉਸ ਪਿਆਰੀ ਜਨਮਭੂਮੀ ਜਾਰਜੀਆ ਵੱਲ, ਜਿੱਥੇ ਮੌਸਮ ਬਹਾਰ ਵਿੱਚ ਬੂਟੇ ਫੁੱਲਾਂ ਨਾਲ ਲੱਦੇ ਜਾਂਦੇ ਨੇ ਤੇ ਮਿੱਠੀ ਮਿੱਠੀ ਵਾਸ਼ਨਾ ਦੂਰ ਦੂਰ ਤੱਕ ਖਿੰਡੀ ਰਹਿੰਦੀ ਹੈ, ਜਿੱਥੇ ਪਹਾੜਾਂ ਨੇ ਚਿੱਟੀਆਂ ਬਰਫ ਦੀਆਂ ਟੋਪੀਆਂ ਸਿਰਾਂ ਉੱਤੇ ਪਾਈਆਂ ਹੁੰਦੀਆਂ ਨੇ ਤੇ ਜਿੱਥੇ ਰੁੱਖਾਂ ਨਾਲ ਲੱਦੀਆਂ ਢਲਾਨਾਂ ਹੇਠੋਂ ਉੱਪਰ ਤੇ ਉੱਪਰੋਂ ਹੇਠਾਂ ਵੱਲ ਰਿੜ੍ਹਦੀਆਂ ਜਾਂਦੀਆਂ ਨੇ ਤੇ ਜਾਰਜੀਆ ਜਿੱਥੇ ਗਰਮੀਆਂ ਵਿੱਚ ਏਨੀ ਗਰਮੀ ਹੁੰਦੀ ਹੈ, ਤੈਫਲੀਸ ਦੀ ਜਾਰਜੀਆ। ਜਿੱਥੇ ਹਸੂੰ ਹਸੂੰ ਕਰਦੀ ਵੱਗਦੀ ਵੱਡੀ ਸੜਕ ਹੈ ਤੇ ਝੱਗਾਂ ਸੁੱਟਦਾ ਦਰਿਆ ਦੂਰ। ਤੈਫਲੀਸ ਦੀਆਂ ਗਲੀਆਂ ਵਿੱਚ ਨਿੱਕੇ ਹੁੰਦਿਆਂ ਉਹ ਦੌੜਿਆ ਕਰਦਾ ਸੀ ਤੇ ਖੇਡਦਾ ਰਹਿੰਦਾ ਸੀ।
"ਆਹ। ਜ਼ਿੰਦਗੀ... ਜ਼ਿੰਦਗੀ।"
ਹੁਣ ਮਕਾਨ ਨੇੜੇ ਹੋ ਗਏ ਸਨ ਤੇ ਅੰਗੂਰਾਂ ਦੀਆਂ ਵੇਲਾਂ ਵਿੱਚ ਲਿਪਟੇ ਦਿੱਸਣ ਲੱਗ ਪਏ ਸਨ। ਗਰਜ, ਉਹ ਭਿਆਨਕ ਗਰਜ ਤੇ ਗੋਲੀ ਦੀ ਆਵਾਜ਼, ਦੂਰ ਹੋ ਗਈ ਸੀ, ਉਹ ਦੂਰ ਸਮੁੰਦਰ ਕੋਲ ਹੀ ਰਹਿ ਗਈ।
"ਬੱਚ ਗਿਆ।"
ਉਸੇ ਵੇਲ਼ੇ ਗਲੀਆਂ ਘੋੜਿਆਂ ਦੇ ਟਾਪਾਂ ਦੀਆਂ ਆਵਾਜ਼ਾਂ ਨਾਲ ਭਰ ਗਈਆਂ। ਨੁੱਕੜ ਵੱਲੋਂ ਘੋੜ ਸਵਾਰ ਦਿੱਸਣ ਲੱਗ ਪਏ ਤੇ ਨਾਲ ਹੀ ਮਾਰੂ ਆਵਾਜ਼ਾਂ ਫਿਰ ਨੂੰ ਕੰਡੇ ਖੜ੍ਹੇ ਕਰਨ ਲੱਗ ਪਈਆਂ । ਉਹਨਾਂ ਦੀਆਂ ਤਲਵਾਰਾਂ ਹਵਾ ਵਿੱਚ ਸ਼ੂ... ਸ਼ੂ ਕਰ ਰਹੀਆਂ ਸਨ।
ਸਾਬਕਾ ਪ੍ਰਿੰਸ ਮੀਖੇਲਦੇ ਜਾਰਜੀਆ ਦਾ ਸਾਬਕਾ ਕਰਨਲ ਪਿੱਛੇ ਦੌੜ ਪਿਆ। "ਬਚਾਓ। ਬਚਾਓ!"
ਉਸ ਦਾ ਸਾਹ ਛਾਤੀ ਵਿੱਚ ਹੀ ਅਟਕ ਗਿਆ। ਸਿਰ ਉੱਤੇ ਪੈਰ ਰੱਖ ਕੇ ਇੱਕ ਗਲੀ ਵਿੱਚੋਂ ਦੌੜਦਾ, ਧੁਰ ਕਸਬੇ ਅੰਦਰ ਪਹੁੰਚ ਗਿਆ। ਉਸ ਦੇ ਵੇਰ ਗੇਟ ਉੱਤੇ ਮੁੱਕੇ ਮਾਰੇ, ਪਰ ਉਹ ਲੋਹੇ ਦੀਆਂ ਛੜਾਂ ਨਾਲ ਪੱਕੇ ਬੰਦ ਕੀਤੇ ਹੋਏ ਸਨ । ਜ਼ਿੰਦਗੀ ਦਾ ਨਾਂ ਨਿਸ਼ਾਨ ਨਹੀਂ ਸੀ ਕਿਤੇ ਵਸੋਂ, ਜੋ ਕੁਝ ਗਲੀਆਂ ਵਿੱਚ ਵਾਪਰ ਰਿਹਾ ਸੀ, ਉਸ ਤੋਂ ਜਿਉਂ ਬਿਲਕੁਲ ਬੇਮੁਖ ਹੋਈ, ਸਹਿਮੀ ਹੋਈ ਸੀ।
ਫਿਰ ਉਸ ਨੂੰ ਇੱਕ ਆਸ ਦੀ ਕਿਰਨ ਚਮਕਦੀ ਦਿਸੀ: ਉਸ ਦੇ ਬਚਣ ਦਾ ਇੱਕੋ ਇੱਕ ਵਸੀਲਾ ਯੂਨਾਨੀ ਕੁੜੀ ਸੀ। ਉਹ ਰਹਿਮ ਭਰੀਆਂ ਚਮਕਦੀਆਂ ਕਾਲੀਆਂ ਅੱਖਾਂ ਨਾਲ ਉਸ ਨੂੰ ਉਡੀਕ ਰਹੀ ਸੀ । ਉਸ ਲਈ ਧਰਤੀ ਉੱਤੇ ਬਸ ਉਹੀ ਇੱਕ ਉਮੀਦ ਬਾਕੀ ਸੀ।
ਉਹ ਉਸ ਨਾਲ ਵਿਆਹ ਕਰ ਲਵੇਗਾ, ਆਪਣੀ ਜ਼ਮੀਨ ਦੇ ਦੇਵੇਗਾ, ਧਨ ਦੇ ਦੇਵੇਗਾ, ਉਸ ਦੇ ਲਿਬਾਸ ਦੇ ਕਿੰਗਰਿਆਂ ਨੂੰ ਉਹ ਚੁੰਮ ਲਵੇਗਾ।
ਉਸ ਦਾ ਦਿਮਾਗ ਪਾਟ ਕੇ ਚੂਰ ਚੂਰ ਹੋ ਗਿਆ।
ਵਾਸਤਵ ਵਿੱਚ, ਹੋਇਆ ਇਹ ਸੀ ਕਿ ਇੱਕ ਚਮਕਦੀ ਤਲਵਾਰ ਉਸ ਦੇ ਸਿਰ ਨੂੰ ਦੁਫਾੜ ਕਰਦੀ ਲੰਘ ਗਈ ਸੀ ਤੇ ਉਸ ਦਾ ਦਿਮਾਗ ਬਾਹਰ ਜਾ ਪਿਆ ਸੀ।
27
ਗਰਮੀ ਵੱਧਦੀ ਜਾ ਰਹੀ ਸੀ। ਕਸਬੇ ਉੱਤੇ ਗਹਿਰੀ ਧੁੰਦ ਪਈ ਹੋਈ ਸੀ । ਗਲੀਆਂ, ਚੌਕ, ਪਤਨ, ਘਾਟ ਵਿਹੜੇ ਤੇ ਮੁੱਖ ਮਾਰਗ ਮੁਰਦਿਆਂ ਦੀਆਂ ਲਾਸ਼ਾਂ ਨਾਲ ਭਰੇ ਪਏ ਸਨ। ਉਹ ਢੇਰਾਂ ਦੇ ਢੇਰ, ਕਈ ਰੂਪਾਂ ਵਿੱਚ ਇੱਕ ਦੂਜੇ ਉੱਪਰ ਪਏ ਹੋਏ ਸਨ। ਕਿਸੇ ਦਾ ਸਿਰ ਮੁੜਿਆ ਪਿਆ ਸੀ । ਕਈਆਂ ਦੇ ਸਿਰ ਹੈ ਹੀ ਨਹੀਂ ਸਨ । ਦਿਮਾਗ, ਮੁਰੱਬੇ ਵਾਂਗ ਪਟੜੀ ਉੱਤੇ ਪਿਆ ਹੋਇਆ ਸੀ। ਕਸਾਈਖਾਨੇ ਵਾਂਗ, ਕਾਲਾ ਕਾਲਾ ਲਹੂ ਘਰਾਂ ਦੇ ਨਾਲ ਨਾਲ ਤੇ ਜੰਗਲਿਆਂ ਦੇ ਨਾਲ ਨਾਲ ਜੰਮਿਆ ਪਿਆ ਸੀ ਗੇਟਾਂ ਵਿੱਚੋਂ ਲਹੂ ਸਿੰਮ ਸਿੰਮ ਕੇ ਬਾਹਰ ਨਿਕਲ ਰਿਹਾ ਸੀ।
ਮਰਿਆਂ ਦੀਆਂ ਲਾਸ਼ਾਂ ਜਹਾਜ਼ ਅੰਦਰ ਉੱਪਰਲੇ ਡੈੱਕ ਉੱਤੇ, ਹੇਠਾਂ ਸਾਮਾਨ ਰੱਖਣ ਵਾਲੀ ਥਾਂ, ਵੱਡੀ ਕੈਬਿਨ ਤੇ ਇਜਣ ਵਾਲੇ ਕਮਰਿਆਂ ਵਿੱਚ ਪਈਆਂ ਹੋਈਆਂ ਸਨ। ਜਵਾਨ ਚਿਹਰੇ 'ਤੇ ਫੁਟਦੀਆਂ ਮੁੱਛਾਂ। ਕੱਢੇ ਉੱਤੇ, ਨੀਲੇ ਸਾਫ ਪਾਣੀ ਵਿੱਚ ਪੱਥਰਾਂ ਉੱਤੇ ਪਏ ਹੋਏ ਤੇ ਉੱਤੋਂ ਮੱਛੀਆਂ ਦੀਆਂ ਭੂਰੀਆਂ ਪੂੰਗਾਂ ਤਰ ਕੇ ਲੰਘਦੀਆਂ ਜਾਂਦੀਆਂ।
ਕਸਬੇ ਦੇ ਵਿਚਕਾਰਲੇ ਹਿੱਸੇ ਵਿੱਚੋਂ ਰਫਲਾਂ ਦੀ ਠਾਹ ਠਾਹ ਤੇ ਲਗਾਤਾਰ ਰਟ... ਰਟ ਟਟ ਕਰਦੀ ਮਸ਼ੀਨਗੰਨ, ਗਿਰਜੇ ਦੇ ਆਲੇ ਦੁਆਲੇ ਇਕੱਠੇ ਹੋਏ ਜਾਰਜੀਅਨਾਂ ਦੀ ਇੱਕ ਕੰਪਨੀ ਸੂਰਮਗਤੀ ਪ੍ਰਾਪਤ ਕਰਦੀ ਜਾ ਰਹੀ ਸੀ । ਪਰ ਉੱਥੇ ਵੀ ਛੇਤੀ ਹੀ ਸਭ ਚੁੱਪ ਚਾਂ ਵਰਤ ਗਈ।
ਮੁਰਦੇ ਲੱਤਾਂ ਵਿੱਚ ਰੁਲ ਰਹੇ ਸਨ ਤੇ ਜਿਉਂਦੇ, ਕਸਬੇ, ਗਲੀਆਂ, ਵਿਹੜੇ ਤੇ ਪਤਨਾਂ ਉੱਤੇ, ਮੱਖੀਆਂ ਵਾਂਗ ਭਿਣਕ ਰਹੇ ਸਨ । ਬਾਹਰਲੀਆਂ ਹੱਦਾਂ, ਮੁੱਖ ਮਾਰਗ, ਪਹਾੜਾਂ ਵਾਲਾ ਪਾਸਾ ਤੇ ਖੇਡਾਂ ਵਿੱਚ ਛੱਕੜੇ, ਲੋਕ ਤੇ ਘੋੜੇ ਭਰੇ ਹੋਏ ਸਨ। ਚਾਂਭਲਣ, ਚੀਖਾਂ, ਹਾਸੇ ਤੇ ਆਮ ਰੌਲੇ ਨਾਲ, ਹਵਾ ਵਿੱਚ ਜਾਨ ਜਿਹੀ ਫਿਰੀ ਹੋਈ ਸੀ।
ਇਹਨਾਂ ਲਾਸ਼ਾਂ ਤੇ ਜਿਉਂਦਿਆਂ ਨਾਲ ਭਰੀਆਂ ਗਲੀਆਂ ਵਿੱਚੋਂ, ਕੋਜੂਖਘੋੜੇ ਉੱਤੇ ਸਵਾਰ ਹੋ ਕੇ ਲੰਘਿਆ।
"ਜਿੱਤ, ਸਾਥੀਓ, ਜਿੱਤ!"
ਤੇ ਜਿਉਂ ਕਿਤੇ ਕੋਈ ਲਾਸ਼ ਨਾ ਪਈ ਹੋਵੇ, ਕੋਈ ਲਹੂ ਦੀਆਂ ਛੱਪੜੀਆਂ ਨਾ ਹੋਣ, ਭੂਤਰੀਆਂ ਹੋਈਆਂ ਆਵਾਜ਼ਾਂ ਗੱਜੀਆਂ:
ਹੁੱਰਾਹ!"
ਤੇ ਇਹ ਜਿੱਤ ਦਾ ਨਾਹਰਾ, ਦੂਰ ਨੀਲੇ ਪਹਾੜਾਂ ਵਿੱਚੋਂ ਗੂੰਜਦੀ, ਘਾਟ ਤੋਂ ਪਰ੍ਹੇ, ਜਹਾਜ਼ਾਂ ਤੋਂ ਪਰ੍ਹੇ, ਖਾੜੀ ਵਿੱਚ ਜਾ ਕੇ ਕਿਤੇ ਡੁੱਬ ਗਿਆ।
ਬਾਜ਼ਾਰਾਂ ਵਿੱਚ ਦੁਕਾਨਾਂ ਤੇ ਸਟੋਰਾਂ ਵਿੱਚ ਬੜੀ ਹਾਬੜ ਮਚੀ ਹੋਈ ਸੀ। ਲੱਕੜੀ ਦੇ ਬਕਸੇ ਚੱਕ ਚੁੱਕ ਕੇ, ਭੰਨੇ ਜਾ ਰਹੇ ਸਨ, ਕੱਪੜੇ ਬੜੇ ਚਾਅ ਨਾਲ ਵੰਡੇ ਜਾ ਰਹੇ ਸਨ, ਲਿਨਨ, ਕੰਬਲ, ਟਾਈਆਂ, ਐਨਕਾਂ, ਸਕਰਟ ਇੱਕ ਦੂਜੇ ਦੇ ਹੱਥਾਂ ਵਿੱਚੋਂ ਖੋਹੇ ਜਾ ਰਹੇ ਸਨ।
ਮਲਾਹਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਆ ਪਹੁੰਚੀਆਂ। ਉਹ ਚਾਰੇ ਪਾਸੇ ਆ ਕੇ ਖਿਲਰ ਗਏ - ਤਗੜੇ, ਪੱਕੇ ਹੱਡ-ਕਾਠ ਦੇ ਬੰਦੇ, ਜਹਾਜ਼ੀ ਜਾਕਟਾਂ ਪਾਈ, ਧੂੰਏਂ ਦੇ ਬੌਬਿਆਂ ਵਰਗੇ ਮੋਕਲੇ ਪਜਾਮੇ ਤੇ ਫੜਫੜਾਂਦੀਆਂ ਗੋਲ ਰਿਬਨਾਂ ਵਾਲੀਆਂ ਟੋਪੀਆਂ। ਉਹ ਜ਼ੋਰ ਦੀ ਦਹਾੜਦੇ ਬੋਲੇ:
"ਹੱਟ ਜਾਓ ਇੱਕ ਪਾਸੇ!"
"ਛੇਤੀ ਨਾਲ ਹਟੇ।"
"ਇਸ ਗੋਲੇ ਨੂੰ ਹੇਠਾਂ ਲਾਹ ਲਓ।"
ਉਹ ਛੇਤੀ ਛੇਤੀ ਕੰਮ ਵਿੱਚ ਜੁੱਟ ਗਏ। ਇੱਕ ਆਦਮੀ ਨੇ ਰਿਬਨਾਂ ਵਾਲਾ, ਖੰਭਾਂ ਦਾ ਬਣਿਆ, ਤੀਵੀਂਆਂ ਦਾ ਟੋਪ ਸਿਰ ਉੱਤੇ ਰਖਿਆ ਹੋਇਆ ਸੀ ਤੇ ਸਿਰ ਉੱਤੇ ਚੁੰਨੀ ਲੈ ਕੇ ਖਹੁਰੇ ਮੂੰਹ ਉੱਤੇ ਘੁੰਡ ਕੱਢਣ ਲੱਗਾ ਹੋਇਆ ਸੀ। ਇਕ ਹੋਰ ਹੱਥ ਵਿੱਚ, ਧੁੱਪ ਵਾਲੀ ਜ਼ਨਾਨਾ ਛੱਤਰੀ ਫੜੀ ਲੱਕ ਮਟਕਾਣ ਲੱਗਾ ਹੋਇਆ ਸੀ।
ਸਿਪਾਹੀ, ਤਨ ਦੁਆਲੇ ਲੀਰਾਂ ਲਮਕਾਈ, ਝੁਲਸੇ ਤੇ ਲੂਹੇ ਪੈਰਾਂ ਉੱਤੇ ਥਿਰਕਦੇ ਮਸਤੀ ਵਿਚ ਝੂਮ ਰਹੇ ਸੀ । ਉਹਨਾਂ ਨੂੰ, ਛੀਟਾਂ ਤੇ ਲਿਨਨ ਦਾ ਬਹੁਤ ਸ਼ੋਕ ਸੀ, ਭਾਵੇਂ ਕੋਰਾ ਹੋਵੇ ਤੇ ਭਾਵੇਂ ਧੋਤਾ, ਜੋ ਉਹ ਆਪਣੇ ਬੰਦਿਆਂ ਤੇ ਵਹੁਟੀਆਂ ਲਈ ਇਕੱਠਾ ਕਰਨ ਲੱਗੇ ਹੋਏ ਸਨ।
ਇੱਕ ਨੇ ਕਰੜੇ ਕਾਲਰਾਂ ਵਾਲੀਆਂ ਕਮੀਜ਼ਾਂ ਦਾ ਡੱਬਾ ਕੱਢ ਲਿਆ ਦੋਵੇਂ ਪਾਸੇ ਬਾਂਹਾਂ ਫੜ ਕੇ ਖੋਲ੍ਹ ਕੇ ਹੱਸਣ ਲੱਗ ਪਿਆ।
"ਵੇਖੋ ਓਏ ਕਮੀਜ਼!... ਇਹਨੂੰ ਕਮੀਜ਼ ਆਖਦੇ ਜੇ !"
ਉਹ ਆਪਣਾ ਸਿਰ, ਵਿੱਚੋਂ ਇਉਂ ਲੰਘਾਣ ਲੱਗ ਪਿਆ ਜਿਉਂ ਘੋੜੇ ਨੂੰ ਪਟਾ ਪਾ ਰਿਹਾ ਹੋਵੇ।
"ਵਿੱਚੋਂ ਸਿਰ ਕਿਉਂ ਨਹੀਂ ਲੰਘਦਾ ? ਇਉਂ ਲੱਗਦੈ, ਜਿਉਂ ਵਿੱਚ ਲੱਕੜ ਦਿੱਤੀ ਹੋਈ ਹੋਵੇ।"
ਉਹ ਅੱਗੇ ਝੁੱਕਿਆ ਤੇ ਫਿਰ ਸਿੱਧਾ ਖਲ੍ਹ ਗਿਆ। ਕਲਫ ਨਾਲ ਆਕੜੀ ਹੋਈ ਕਮੀਜ਼ ਛਾਤੀ ਉੱਤੇ ਵਸ ਗਈ ਤੇ ਉਹ ਇਉਂ ਸਿਰ ਅੱਗੇ ਕਰਨ ਲੱਗ ਪਿਆ, ਜਿਉਂ ਭੇਡੂ ਟੱਕਰ ਮਾਰਨ ਲਈ ਆਪਣੇ ਸਿੰਗ ਅੱਗੇ ਕਰਦਾ ਹੈ।
"ਰੱਬ ਨਾ ਕਰੇ ਇਸ ਮੈਨੂੰ ਹਿੱਲਣ ਨਹੀਂ ਦੇਣਾ, ਵਿੱਚ ਸਪਰਿੰਗ ਲੱਗੇ ਹੋਏ ਨੇ।"
"ਭੈੜੀ ਦਿਆ, ਸਪਰਿੰਗ ਨਹੀਂ, ਮਾਵਾ ਲੱਗੀ ਹੋਈ ਹੈ।"
"ਮਾਵਾ, ਉਹ ਕੀ ਹੁੰਦੈ?"
"ਆਲੂਆਂ ਦਾ ਬਣਾਂਦੇ ਨੇ। ਕਮੀਜ਼ਾਂ ਨੂੰ ਇਸ ਕਰਕੇ ਲੁਆਂਦੇ ਨੇ ਕਿ ਛਾਤੀ ਆਕੜੀ ਰਹੇ।"
ਇੱਕ ਚੌੜੇ-ਚਿਘੇ ਬੰਦੇ ਨੇ, ਜਿਸ ਦਾ ਕਾਲ਼ਾ ਸਰੀਰ ਲੀਰਾਂ ਵਿੱਚੋਂ ਝਾਕ ਰਿਹਾ ਸੀ, ਇੱਕ ਫੈਸ਼ਨਦਾਰ ਪੂਛ ਵਾਲਾ ਕੋਟ ਹੱਥ ਵਿੱਚ ਫੜ੍ਹਿਆ ਹੋਇਆ ਸੀ। ਉਹ ਬੜੇ ਧਿਆਨ ਨਾਲ ਇਸ ਨੂੰ ਘੋਖਦਾ ਰਿਹਾ ਤੇ ਫਿਰ ਆਪਣੇ ਪਾਟੇ ਪੁਰਾਣੇ ਕੱਪੜੇ ਲਾਹ ਕੇ ਪਰ੍ਹੇ ਵਗਾਹ ਮਾਰੇ। ਜਿਸ ਵੇਲੇ ਅਲਫ ਨੰਗਾ ਹੋ ਗਿਆ, ਉਸ ਆਪਣੀਆਂ ਲੰਗੂਰ ਵਰਗੀਆਂ ਲੰਮੀਆਂ ਬਾਹਾਂ ਵਿੱਚ ਫਸਾ ਦਿੱਤੀਆਂ, ਜੋ ਮਸਾਂ ਕੂਹਣੀਆਂ ਤੱਕ ਪਹੁੰਚਦੀਆਂ ਸਨ ਤੇ ਢਿੱਡ ਉੱਤੇ ਕੋਟ ਦੇ ਬਟਨ ਮੇਲ ਲਏ। ਆਪਣੇ ਆਪ ਉੱਤੇ ਝਾਤ ਮਾਰ ਕੇ, ਦੰਦ ਕੱਢਣ ਲੱਗ ਪਿਆ।
"ਹੁਣ ਕਿਤੋਂ ਇੱਕ ਪਜਾਮਾ ਵੀ ਲੱਭ ਜਾਏ ਨਾ !"
ਉਹ ਚਾਰੇ ਪਾਸੇ ਹੱਥ ਮਾਰਦਾ ਰਿਹਾ, ਪਰ ਪਜਾਮਾ ਹੱਥ ਨਾ ਆਇਆ। ਉਸ ਦਿਲ ਨਾ ਛੱਡਿਆ। ਸਾਰੀ ਦੁਕਾਨ ਉਸ ਫੋਲ ਮਾਰੀ ਤੇ ਅਖੀਰ ਉਸ ਦੇ ਹੱਥ ਇੱਕ ਗੱਤੇ ਦਾ ਡੱਬਾ ਆ ਗਿਆ ਤੇ ਵਿੱਚੋਂ ਅਜੀਬ ਜਿਹੀਆਂ ਚੀਜ਼ਾਂ ਕੱਢਣ ਲੱਗ ਪਿਆ। ਉਸ ਤਹਿਆਂ ਖੋਲ੍ਹੀਆਂ ਤੇ ਫਿਰ ਹਿਚ ਹਿਚ ਕਰਨ ਲੱਗ ਪਿਆ।
"ਲੱਗਦਾ ਤਾਂ ਪਜਾਮੇ ਵਰਗਾ ਹੀ ਹੈ, ਪਰ ਗੰਢੇ ਦੀ ਛਿੱਲ ਵਰਗਾ ਪਤਲਾ ਏ। ਫੀਓਦਰ, ਇਹ ਕੋਈ ਨਵੇਂ ਨਮੂਨੇ ਦਾ ਪਜਾਮਾ ਏ?"
ਪਰ ਫੀਓਦਰ ਆਪਣੇ ਆਹਰੇ ਲੱਗਾ ਹੋਇਆ ਸੀ- ਉਹ ਆਪਣੀ ਤੀਵੀਂ ਤੇ ਬੱਚਿਆਂ ਲਈ ਕੋਈ ਕੱਪੜਾ ਲੱਭਣ ਲੱਗਾ ਹੋਇਆ ਸੀ । ਉਹਨਾਂ ਦੇ ਤਨ ਦੁਆਲੇ ਇੱਕ ਲੀਰ ਵੀ ਨਹੀਂ ਸੀ।
ਉਸ ਬੰਦੇ ਨੇ, ਜਿਸ ਪੂਛਲ-ਕੋਟ ਪਾਇਆ ਹੋਇਆ ਸੀ, ਮੱਥੇ ਉੱਤੇ ਤਿਉੜੀਆਂ ਪਾਈਆਂ ਤੇ ਲੱਗ ਪਿਆ ਆਪਣੀਆਂ ਗੰਦੀਆਂ ਤੇ ਲੂਹੀਆਂ ਹੋਈਆਂ ਤਗੜੀਆਂ ਲੰਮੀਆਂ ਲੱਤਾਂ ਉੱਪਰ ਉਸ ਚੀਜ਼ ਨੂੰ ਫਸਾਣ । ਜੋ ਉਹ ਪਾ ਰਿਹਾ ਸੀ, ਉਹ ਰਬੜ ਵਾਂਗ ਉਸ ਦੀਆਂ ਲੱਤਾਂ ਦੁਆਲੇ ਚੰਬੜ ਗਿਆ।
ਫੀਓਦਰ ਦੀ ਨਿਗਾਹ ਪਈ ਤੇ ਹੱਸ ਹੱਸ ਕੇ ਉਹ ਦੂਹਰਾ ਹੋਣ ਲੱਗ ਪਿਆ।
"ਵੇਖੋ ਓਏ, ਓਪਾਨਸ ਨੂੰ!” ਹਾਸੇ ਨਾਲ, ਸਟੋਰ ਦੀਆਂ ਕੰਧਾਂ ਵੀ ਹਿੱਲਣ ਲੱਗ ਪਈਆਂ।
"ਓਏ ਵੇਖੋ ਸਹੁਰੇ ਨੂੰ, ਤੀਵੀਂਆਂ ਦੀਆਂ ਪੱਟਾਂ ਤੋਂ ਉੱਪਰ ਵਾਲੀਆਂ ਰਬੜ ਦੀਆਂ ਜੁਰਾਬਾਂ ਫਸਾ ਬੈਠਾ !"
“ਓਏ ਗਾਂਹ ਹੋ, ਤੀਵੀਂਆਂ ਕਿਤੇ ਮਨੁੱਖ ਨਹੀਂ ਹੁੰਦੀਆਂ ?"
"ਪਾ ਕੇ ਪੁਤਰਾ ਜਾਵੇਂਗਾ ਕਿੱਧਰ, ਸਭ ਕੁਝ ਵਿੱਚੋਂ ਦਿੱਸਣ ਲੱਗਾ ਹੋਇਆ ਏ ?"
ਓਪਾਨਸ ਦਾ ਚਾਅ ਮੱਠਾ ਪੈ ਗਿਆ।
"ਵੇਖ ਸਹੁਰੀ ਦਿਆਂ ਨੂੰ, ਪਜਾਮੇ ਬਣਾ ਕੱਢੇ ਆ, ਇਡੇ ਪਤਲੇ ਗੰਢੇ ਦੀ ਛਿੱਲ ਵਰਗੇ। ਨਾਸ ਵੱਜੀ ਪਈ ਐ, ਇਹ ਪਜਾਮਾ ਏ।"
ਉਸ ਡੱਬਾ ਖੋਲ੍ਹ ਕੇ ਪਰ੍ਹੇ ਮਾਰਿਆ ਤੇ ਇੱਕ ਮਗਰੋਂ ਇੱਕ, ਛੇ ਜ਼ਨਾਨਾ ਵੱਡੇ ਜਾਂਘੀਏ ਉੱਪਰ ਹੇਠਾਂ ਪਾ ਲਏ । ਲਿੱਚ ਲਿੱਚ ਕਰਦੇ ਰਬੜ ਦੇ ਜਾਂਘੀਏ ਉਸ ਦੀਆਂ ਲੱਤਾਂ ਨਾਲ ਚੰਬੜ ਗਏ।
ਅਚਾਨਕ ਮਲਾਹਾਂ ਨੇ ਕੰਨ ਚੁੱਕ ਲਏ, ਝੱਟ ਕੁ ਖਲ੍ਹਤੇ ਰਹੇ ਤੇ ਫਿਰ ਖਿੜਕੀਆਂ ਬੂਹਿਆਂ ਨਾਲ ਜਾ ਵੱਜੇ। ਬਾਹਰੋਂ ਭੀੜ ਹੂ-ਹਾ ਕਰਦੀ ਅੰਦਰ ਆ ਵੜੀ ਸੀ। ਘੋੜਿਆਂ ਨੇ ਅਗਲੇ ਪੌੜ ਚੁੱਕੇ ਹੋਏ ਸਨ, ਤੇ ਪਿੱਠਾਂ ਉੱਤੇ ਸ਼ੁਸ਼... ਸ਼ੁਸ਼ ਕਰਦੀਆਂ ਚਾਬਕਾਂ ਵਰਨ ਲੱਗ ਪਈਆਂ। ਸਿਪਾਹੀ ਵੀ ਭੱਜ ਕੇ ਖਿੜਕੀਆਂ ਨਾਲ ਜਾ ਲੱਗੇ। ਬਾਜ਼ਾਰ ਵਿੱਚ, ਮਲਾਹ ਹੱਥਾਂ ਵਿੱਚ ਲੁੱਟ ਦਾ ਮਾਲ ਫੜੀ ਇੱਧਰ ਉੱਧਰ ਭੱਜੀ ਫਿਰ ਰਹੇ ਸਨ। ਰਸਾਲੇ ਦੇ ਜਵਾਨਾਂ ਨੇ, ਆਪਣੇ ਘੋੜੇ ਉਹਨਾਂ ਦੇ ਪਿੱਛੇ ਲਾਏ ਹੋਏ ਸਨ ਤੇ ਸੱਜੇ ਖੱਬੇ ਸ਼ੁਸ਼ ਸ਼ੁਸ਼ ਕਰਦੀਆਂ ਚਾਬਕਾਂ ਮਲਾਹਾਂ ਦੀ ਖੱਲ੍ਹੜੀ ਉਧੇੜ ਰਹੀਆਂ ਸਨ। ਅੱਗੇ ਪਿੱਛੇ ਤੇ ਮੂੰਹ ਉੱਤੇ ਪੈਂਦੀਆਂ ਚਾਬਕਾਂ ਨੇ ਉਹਨਾਂ ਦਾ ਹੁਲੀਆਂ ਵਿਗਾੜ ਕੇ ਰੱਖ ਦਿਤਾ। ਚਿਹਰੇ ਉੱਤੋਂ ਲਹੂ ਦੀਆਂ ਤਤੀਰੀਆਂ ਫੁਟ ਕੇ ਨਿਕਲਣ ਲੱਗ ਪਈਆਂ।
ਭੱਜੇ ਜਾਂਦੇ ਮਲਾਹ, ਜਾਨਵਰਾਂ ਵਾਂਗ, ਖਾੜੀ ਵੱਲ ਵੇਖੀ ਜਾ ਰਹੇ ਸਨ; ਅਖੀਰ ਉਹ ਹੋਰ ਵਧੇਰੇ ਚਾਬਕਾਂ ਦੀ ਮਾਰ ਨਾ ਝੱਲ ਸਕੇ ਤੇ ਲੁੱਟ ਦਾ ਸਾਰਾ ਮਾਲ ਇੱਧਰ ਉੱਧਰ ਸੁੱਟਦੇ ਭੱਜ ਗਏ।
28
ਦਬਾਦਬ ਢੋਲ ਵੱਜੀ ਜਾ ਰਿਹਾ ਸੀ। ਇੱਕ ਬਿਗਲ ਦੀ ਆਵਾਜ਼ ਆਈ।
ਹੁਣ ਸਾਰੇ ਬਾਜ਼ਾਰ ਵਿੱਚ ਸਿਪਾਹੀ ਬੜੇ ਸਾਊਆਂ ਵਾਂਗ ਖਲ੍ਹੋਤੇ ਹੋਏ ਸਨ । ਭਾਂਤ ਭਾਂਤ ਦੇ ਕੱਪੜਿਆਂ ਵਿੱਚ ਉਹਨਾਂ ਦਾ ਸਾਊਪੁਣਾ ਹੋਰ ਵੀ ਅਜੀਬ ਲੱਗਦਾ ਸੀ। ਕਈਆਂ ਨੇ ਹਾਲਾਂ ਵੀ ਪਸੀਨੇ ਦੀਆਂ ਮਾਰੀਆਂ ਲੀਰਾਂ ਹੀ ਲਟਕਾਈਆਂ ਹੋਈਆਂ ਸਨ ਤੇ ਕਈਆਂ ਨੇ ਕਲਫ਼ ਲੱਗੀਆਂ ਕਮੀਜ਼ਾਂ ਆਪਣੀਆਂ ਚੌੜੀਆਂ ਛਾਤੀਆਂ ਉੱਤੇ ਫਸਾ ਕੇ, ਲੱਕ ਦੁਆਲੇ ਰੱਸੀ ਬੰਨ੍ਹੀ ਹੋਈ ਸੀ। ਕਈਆਂ ਨੇ ਤੀਵੀਆਂ ਦੇ ਰਾਤ ਨੂੰ ਪਾਉਣ ਵਾਲੇ ਗਾਊਨ, ਜਾਂ ਅੰਗੀਆਂ ਫਸਾਈਆਂ ਹੋਈਆਂ ਸਨ, ਜਿਸ ਵਿੱਚੋਂ ਉਹਨਾਂ ਦੀਆਂ ਬਾਹਾਂ, ਧੌਣਾਂ ਤੇ ਸਿਰ ਨਿਕਲੇ ਹੋਏ, ਬੜੇ ਅਜੀਬ ਜਿਹੇ ਲੱਗਦੇ ਸਨ । ਇਕ ਤੀਜੀ ਕੰਪਨੀ ਦੇ ਮੋਹਰੀ ਨੇ ਆਪਣੇ ਨੰਗੇ ਪਿੰਡੇ ਉੱਤੇ ਪੁੱਛਲ-ਕੋਟ ਫਸਾਇਆ ਹੋਇਆ ਸੀ। ਜਿਸ ਦੀਆਂ ਬਾਹਾਂ, ਮਸਾਂ ਉਸ ਦੀਆਂ ਕੂਹਣੀਆਂ ਤੱਕ ਪਹੁੰਚਦੀਆਂ ਸਨ ਤੇ ਨੰਗੀਆਂ ਲੱਤਾਂ ਉੱਤੇ ਚਿੱਟੀ ਜਾਲੀ ਦੀ ਲੰਮੀ ਜਰਾਬ ਚੜ੍ਹੀ ਹੋਈ ਸੀ।
ਕੋਜ਼ੂਖ ਜਬਾੜੇ ਘੁਟੀ ਤੇ ਹਮੇਸ਼ਾ ਲਿਸ਼ਕਣ ਵਾਲੀਆਂ ਅੱਖਾਂ ਲਿਸ਼ਕਾਂਦਾ, ਉੱਥੇ
ਆ ਨਿਕਲਿਆ। ਉਸ ਦੇ ਪਿੱਛੇ ਪਿੱਛੇ ਕਮਾਂਡਰ ਸਨ, ਸੁਹਣੀਆਂ ਜਾਰਜੀਅਨ ਫਰ ਦੀਆਂ ਟੋਪੀਆਂ ਤੇ ਕਿਰਮਚੀ ਰੰਗ ਦੇ ਕੋਟ ਪਾਈ। ਲੋਕਾਂ ਨਾਲ ਉਹਨਾਂ ਦੇ ਚਾਂਦੀ ਮੜ੍ਹੀਆਂ ਤੇ ਕਾਲੀਆਂ ਮੁੱਠਾਂ ਵਾਲੀਆਂ, ਪੇਟੀਆਂ ਨਾਲ ਕਟਾਰਾਂ ਲਟਕ ਰਹੀਆਂ ਸਨ।
ਕੋਜੂਖ ਝੱਟ ਘੜੀ ਖਲ੍ਹਤਾ ਰਿਹਾ ਤੇ ਆਪਣੀਆਂ ਵਿਨ੍ਹਦੀਆਂ ਅੱਖਾਂ ਨਾਲ ਜਵਾਨਾਂ ਨੂੰ ਘੋਖਦਾ ਰਿਹਾ।
“ਸਾਥਿਓ!”
ਉਸ ਦੀ ਆਵਾਜ਼ ਉਸੇ ਤਰ੍ਹਾਂ ਹੀ ਭਾਰੀ ਸੀ, ਜਦ ਉਸ ਰਾਤ, ਉਸ ਜੋਸ਼ ਨਾਲ ਆਖਿਆ ਸੀ, "ਅੱਗੇ ਵਧ! ਹੱਲਾ ਬੋਲ ਦਿਓ!"
“ਸਾਥੀਓ, ਸਾਡੀ ਇਹ ਇੱਕ ਇਨਕਲਾਬੀ ਫੌਜ ਹੈ। ਅਸੀਂ ਆਪਣੇ ਬੱਚਿਆਂ, ਬੀਵੀਂਆਂ, ਆਪਣੇ ਬੁੱਢੇ ਮਾਂ-ਬਾਪ, ਇਨਕਲਾਬ ਤੇ ਆਪਣੀ ਧਰਤੀ ਲਈ ਲੜਦੇ ਹਾਂ। ਇਹ ਸਾਡੀ ਜ਼ਮੀਨ, ਸਾਨੂੰ ਕਿਸ ਦਿੱਤੀ ਹੈ ?"
ਉਹ ਉੱਤਰ ਦੀ ਉਡੀਕ ਕਰਦਾ ਰੁੱਕ ਗਿਆ, ਜੋ ਉਹ ਜਾਣਦਾ ਸੀ ਕਿ ਕੋਈ ਵੀ ਨਹੀਂ ਦੇ ਸਕੇਗਾ। ਜਵਾਨ ਬਿਲਕੁਲ ਅਹਿਲ ਤੇ ਖਾਮੋਸ਼ ਖਲ੍ਹਤੇ ਰਹੇ।
"ਸਾਨੂੰ ਜ਼ਮੀਨ ਕਿਸ ਦਿੱਤੀ ? ਸੋਵੀਅਤ ਸ਼ਕਤੀ ਨੇ । ਤੁਸਾਂ ਕੀ ਕੀਤਾ ਹੈ ? ਤੁਸੀਂ ਚੋਰ, ਡਾਕੂ ਬਣ ਤੁਰੇ ਹੋ ਤੇ ਲੁੱਟ ਮਾਰ ਵਿੱਚ ਲੱਗ ਗਏ ਹੋ।"
ਖਾਮੋਸ਼ੀ ਹੋਰ ਤਣੀ ਗਈ । ਭਾਰੀ ਆਵਾਜ਼ ਆਖੀ ਗਈ:
“ਮੈਂ, ਦਲ ਦੇ ਨੇਤਾ ਦੇ ਨਾਤੇ ਹੁਕਮ ਦਿੰਦਾ ਹਾਂ ਕਿ ਜਿਹੜੇ ਜਿਹੜੇ ਲੁੱਟ ਦੇ ਮੁਜਰਮ ਨੇ, ਭਾਵੇਂ ਇੱਕ ਧਾਗੇ ਦੀ ਗੋਲੀ ਹੀ ਕਿਉਂ ਨਾ ਹੋਵੇ, ਉਹਨਾਂ ਨੂੰ ਪੰਝੀ ਪੰਝੀ ਕੋੜੇ ਮਾਰੇ ਜਾਣ।"
ਸਭ ਦੀਆਂ ਅੱਖਾਂ ਉਸ ਵੱਲ ਚੁੱਕੀਆਂ ਗਈਆਂ। ਉਹ ਮੈਲਾ ਕੁਚੈਲਾ ਬਣਿਆ ਹੋਇਆ ਸੀ, ਉਸ ਦੀ ਪੈਂਟ ਦੇ ਚੀਥੜੇ ਉੱਡੇ ਹੋਏ ਸਨ, ਉਸ ਦਾ ਖੁਸਿਆ ਤੀਲਿਆ ਦਾ ਟੋਪ ਚਿੱਬਾ ਹੋਇਆ ਹੋਇਆ ਸੀ।
"ਜਿਸ ਵੀ ਲੁੱਟ ਵਿੱਚ ਹਿੱਸਾ ਲਿਆ ਹੈ, ਭਾਵੇਂ ਕੁਝ ਵੀ ਲੁੱਟਿਆ ਹੋਵੇ, ਤਿੰਨ ਕਦਮ ਅੱਗੇ ਆ ਜਾਉ।"
ਘੜੀ ਠਹਿਰ ਗਈ ਜਿਉਂ ਕੋਈ ਨਾ ਹਿਲਿਆ।
ਫਿਰ ਅਚਾਨਕ... ਪੈਰ ਚੁੱਕੇ ਜਾਣ ਲੱਗ ਪਏ. ਤੇ ਇੱਕ ਦੋ ਤਿੰਨ ਕਰਕੇ ਧਮ ਧਮ ਬੂਟ ਜ਼ਮੀਨ ਉੱਤੇ ਮਾਰਦੇ ਅੱਗੇ ਵੱਧ ਆਏ। ਗਿਣਤੀ ਦੇ ਬੰਦੇ, ਆਪਣੇ ਅਸਲੀ ਪਾਟੇ-ਪੁਰਾਣੇ ਲੀਰਾਂ ਪਾਈ, ਆਪਣੀ ਥਾਂ ਖਲ੍ਹਤੇ ਰਹਿ ਗਏ।
ਅਗਲੀ ਕਤਾਰ ਵਾਲ਼ੇ ਆਪਣੇ ਨਵੇਂ ਬੇ ਢੰਗੇ ਕਪੜਿਆਂ ਵਿੱਚ ਖਲ੍ਹਤੇ, ਖੇਤ ਵਿੱਚ ਖਲ੍ਹਤੇ ਡਰਨਿਆਂ ਵਾਂਗ ਲੱਗਦੇ ਸਨ।
“ਜੋ ਕੁਝ ਤੁਸਾਂ ਕਸਬੇ ਵਿੱਚੋਂ ਚੁੱਕਿਆ ਹੈ, ਉਹ ਸਭ ਦੀ ਸਾਂਝੀ ਚੀਜ਼ ਹੈ; ਇਹ ਤੁਹਾਡੀਆਂ ਵਹੁਟੀਆਂ ਤੇ ਬੰਦਿਆਂ ਨੂੰ ਵੰਡ ਦਿੱਤੀ ਜਾਵੇਗੀ । ਜੋ ਕੁਝ ਤੁਸੀਂ ਲੈ ਕੇ ਆਏ ਹੋ,
ਸਭ ਆਪਣੇ ਸਾਹਮਣੇ ਭੁੰਜੇ ਰੱਖ ਦਿਓ।"
ਪਹਿਲੀ ਕਤਾਰ ਵਿੱਚ ਖਲ੍ਹਤੇ, ਜੋ ਕੱਪੜਾ ਲੱਤਾ ਜਾਂ ਕੁਝ ਹੋਰ ਚੁੱਕ ਕੇ ਲਿਆਏ ਸਨ, ਆਪਣੇ ਸਾਹਮਣੇ ਰੱਖਣ ਲੱਗ ਪਏ ਤੇ ਜਿਨ੍ਹਾਂ ਜਾਂਘੀਏ ਤੇ ਜ਼ਨਾਨੀਆਂ ਦੇ ਪਜਾਮੇ, ਅੰਗੀਆਂ, ਕਲਫ਼ ਲੱਗੀਆਂ ਕਮੀਜ਼ਾਂ, ਨਾਈਟ ਗਾਉਨ ਤੇ ਹੋਰ ਕੁਝ ਪਾਇਆ ਹੋਇਆ ਸੀ, ਲਾਹ ਕੇ ਨੰਗੇ ਧੜੰਗੇ, ਝੁਲਸੇ ਸਰੀਰ ਕੱਢ ਕੇ ਖੜ੍ਹੇ ਹੋ ਗਏ। ਉਹ ਕੰਪਨੀ ਦਾ ਲੀਡਰ ਵੀ ਝਾਲਰਾਂ ਵਾਲੀ ਜਨਾਨਾ ਨਿੱਕਰ ਲਾਹ, ਸਾਰਿਆਂ ਦੇ ਸਾਹਮਣੇ ਨੰਗਾ ਹੋ ਖਲ੍ਹਤਾ।
ਲੰਮੇ ਲੰਮੇ ਬੈਂਤਾਂ ਨਾਲ ਭਰਿਆ ਇੱਕ ਛੱਕੜਾ ਉੱਥੇ ਆ ਗਿਆ।
ਕੋਜ਼ੂਖ ਨੇ ਕੰਪਨੀ ਦੇ ਲੀਡਰ ਨੂੰ ਆਖਿਆ:
"ਕੋਡਾ ਹੋ ਜਾ।"
ਬੰਦਾ ਲੱਤਾਂ ਬਾਹਾਂ ਉੱਤੇ ਝੁੱਕ ਗਿਆ ਤੇ ਉਸ ਦਾ ਮੂੰਹ, ਝਾਲਰਾਂ ਵਾਲੀ ਨਿੱਕਰ ਨਾਲ ਜਾ ਲੱਗਾ। ਸੂਰਜ ਉਸ ਦੀ ਨੰਗੀ ਪਿੱਠ ਲੂਹਣ ਲੱਗ ਪਿਆ।
"ਸਾਰੇ ਕੋਡੇ ਹੋ ਜਾਓ।" ਕਜੂਖ ਦੀ ਭਾਰੀ ਆਵਾਜ਼ ਗੱਜੀ।
ਸਭ ਪਿੱਠਾ ਉੱਚੀਆਂ ਕਰਕੇ ਕੱਡੇ ਹੋ ਗਏ ਤੱਪਦੀ ਧੁੱਪ ਦੀਆਂ ਕਿਰਨਾਂ ਨੰਗੇ ਪਿੰਡਿਆਂ ਨੂੰ ਲੂਹਣ ਲੱਗ ਪਈਆਂ।
ਕੋਜੂਖ ਪੱਥਰ ਦਾ ਪੱਥਰ ਖੜ੍ਹਾ ਵੇਖੀ ਗਿਆ। ਇਸ ਝਗੜਾਲੂ ਭੀੜ ਦੇ ਲੋਕਾਂ ਨੇ ਉਸ ਨੂੰ ਕਮਾਂਡਰ ਚੁਣਿਆ ਸੀ । ਇਹ ਮੁੱਕੇ ਉੱਘਰ ਉੱਘਰ ਕੇ ਪੈਂਦੇ ਸਨ ਕਿ ਉਹ ਸ਼ਰਾਬ ਬਦਲੇ ਸਭ ਨੂੰ ਵੇਚ ਦੇਵੇਗਾ। ਆਪਣੀ ਮਨ ਮਰਜ਼ੀ ਅਨੁਸਾਰ ਇਹਨਾਂ ਉਸ ਨੂੰ ਗਾਲ੍ਹਾਂ ਕੱਢੀਆਂ ਸਨ।
ਇਕ ਅਜਿਹਾ ਵਕਤ ਵੀ ਆਇਆ ਸੀ ਜਦ ਉਹ ਉਸ ਦਾ ਸੰਗੀਨਾਂ ਨਾਲ ਢਿੱਡ ਪਾੜ ਦੇਣਾ ਚਾਹੁੰਦੇ ਸਨ।
ਤੇ ਹੁਣ, ਨੰਗ-ਮਨੰਗ, ਸਿਰ ਸੁੱਟੀ ਉਸ ਦੀ ਤਾਬਿਆਂ ਵਿੱਚ ਪਏ ਹੋਏ ਸਨ।
ਤਾਕਤ ਤੇ ਉੱਚਤਾ ਦੀ ਹਵਾ, ਜੋ ਕਦੇ ਉਸ ਵੇਲੇ ਉਸ ਅੰਦਰ ਝੁਲੀ ਸੀ ਜਦ ਉਹ ਇਕ ਅਫ਼ਸਰ ਬਣਨ ਵੇਲੇ ਲੋਚਦਾ ਸੀ, ਉਸ ਨੂੰ ਇੱਕ ਸੁਫ਼ਨਾ ਵੀ ਨਹੀਂ ਸੀ ਆਇਆ। ਪਰ ਇਹ ਹੋਰ ਤਰ੍ਹਾਂ ਦੀ ਹਵਾ ਸੀ; ਜਿਹੜੀ ਖਾਹਸ਼ ਅੱਜ ਉਸ ਨੂੰ ਪ੍ਰੇਰ ਰਹੀ ਸੀ, ਉਸ ਦਾ ਕੁਝ ਹੋਰ ਹੀ ਰੰਗ ਸੀ - ਨਸ਼ਾ ਸੀ । ਉਹ ਇਹਨਾਂ ਬੰਦਿਆਂ ਨੂੰ ਕੁਝ ਨਹੀਂ ਆਖੇਗਾ, ਆਜ਼ਾਦ ਕਰ ਦੇਵੇਗਾ, ਇਹਨਾਂ ਨੂੰ ਜੋ ਕੈਂਡੇ ਹੋਏ ਬੈਂਤਾਂ ਨੂੰ ਉਡੀਕ ਰਹੇ ਸਨ। ਇਸ ਵੇਲੇ ਉਹ ਉਸ ਦੇ ਹੁਕਮ ਅੱਗੇ ਝੁੱਕੇ ਹੋਏ ਸਨ, ਪਰ ਜੇ ਉਸ ਕਦੇ ਇਹ ਆਖਣ ਦਾ ਹੀਆ ਕੀਤਾ ਹੁੰਦਾ ਕਿ, "ਸਾਥੀਓ, ਅਸੀਂ ਕਿਸਾਨਾਂ ਤੇ ਅਫ਼ਸਰਾਂ ਅੱਗੇ ਸਮਰਪਣ ਕਰਨ ਲੱਗੇ ਹਾਂ" ਤਾਂ ਉਹਨਾਂ ਉਸ ਦੇ ਸਰੀਰ ਵਿੱਚੋਂ ਆਪਣੀ ਸੰਗੀਨਾਂ ਪਾਰ ਕਰ ਦਿੱਤੀਆਂ ਹੁੰਦੀਆਂ।
ਅਚਾਨਕ ਕੋਜੂਖ ਦੀ ਭਾਰੀ ਆਵਾਜ਼ ਗੂੰਜੀ
"ਕੱਪੜੇ ਪਾ ਲਓ!"
ਸਭ ਪੈਰਾਂ ਉੱਤੇ ਉਛਲ ਕੇ ਖਲ੍ਹ ਗਏ, ਤੇ ਆਪਣੀਆਂ ਕਲਫ਼ ਵਾਲੀਆਂ ਕਮੀਜ਼ਾਂ
ਤੇ ਨਾਈਟ ਗਾਉਨ ਪਾਣ ਲੱਗ ਪਏ। ਕੰਪਨੀ ਦੇ ਨੇਤਾ ਨੇ ਆਪਣਾ ਗਾਊਨ ਤੇ ਛੇ ਜਾਂਘੀਏ ਫਸਾ ਲਏ।
ਕੋਜੂਖ ਨੇ ਹੱਥ ਨਾਲ ਇਸ਼ਾਰਾ ਕੀਤਾ ਤੇ ਦੋ ਸਿਪਾਹੀ ਚੈਨ ਦਾ ਸਾਹ ਲੈਂਦੇ, ਬੈਂਤਾਂ ਦਾ ਢੇਰ ਛੱਕੜੇ ਵਿੱਚ ਸੁੱਟਣ ਲੱਗ ਪਏ। ਛਕੜਾ ਹੌਲੀ ਹੌਲੀ ਜਵਾਨਾਂ ਵਿੱਚੋਂ ਲੰਘਣ ਲੱਗ ਪਿਆ ਤੇ ਸਭ ਆਪਣੀਆਂ ਛੀਟਾਂ ਤੇ ਲਿਨਨ ਦੇ ਢੇਰ ਚੁੱਕ ਚੁੱਕ ਵਿੱਚ ਸੁੱਟਣ ਲੱਗ ਪਏ।
29
ਅੰਨ੍ਹੇਰੇ ਨੂੰ ਚੀਰਦੀ ਨਿੰਮ੍ਹੀ ਨਿੰਮ੍ਹੀ ਚਾਨਣ ਦੀ ਲੋਅ ਸਭ ਦੇ ਚਿਹਰੇ ਤੇ ਸਰੀਰ ਰੁਸ਼ਨਾ ਗਈ। ਛਕੜੇ ਦੇ ਪਹੀਏ ਤੇ ਘੋੜੇ ਦਾ ਸਿਰ ਵੀ ਲਿਸ਼ਕ ਪਏ। ਰਾਤ ਹਾਸੇ, ਗੱਲਾਂ ਤੇ ਖੇੜਿਆਂ ਭਰੀ ਸੀ । ਗੀਤ ਲਹਿਰੀਆਂ ਉੱਠਣ ਲੱਗ ਪਈਆਂ, ਕੋਈ ਸਾਜ਼ ਛੇੜ ਬੈਠਾ; ਵਿੱਚ ਵਿੱਚ ਏਕਾਰਡੀਅਨ ਦੀ ਧੁਨ ਵੱਜ ਉੱਠਦੀ। ਜਿੱਥੋਂ ਤੱਕ ਨਜ਼ਰ ਦੀ ਮਾਰ ਸੀ, ਧੂਣੀਆਂ ਬਲ ਰਹੀਆਂ ਸਨ।
ਤੇ ਰਾਤ ਕਿਸੇ ਹੋਰ ਗੱਲੋਂ ਵੀ ਮਹਾਨ ਸੀ, ਜਿਸ ਦੀ ਸਭ ਨੂੰ ਉਡੀਕ ਸੀ..।
ਕਸਬੇ ਉੱਤੇ ਬਿਜਲੀ ਦੇ ਚਾਨਣੇ ਦਾ ਜਲੋ ਸੀ।
ਤਿੜ ਤਿੜ ਕਰਕੇ ਬਲਦੀ ਅੱਗ ਦੀ ਲਾਲ ਲਾਲ ਲੋਅ ਵਿੱਚ ਇੱਕ ਜਾਤਾ ਪਛਾਤਾ ਚਿਹਰਾ ਚਮਕ ਰਿਹਾ ਸੀ । ਸਦਕੇ ਬੇਬੇ ਗੋਪਰੀਨਾ । ਉਸ ਦਾ ਖਾਵੰਦ ਭੇਡ ਦੀ ਖਲ ਉੱਤੇ ਭੇਜੇ ਖ਼ਾਮੋਸ਼ ਲੇਟਿਆ ਹੋਇਆ ਸੀ । ਧੂਣੀ ਦੇ ਆਸ ਪਾਸ, ਚਿਹਰਿਆਂ ਉੱਤੇ ਲਾਲ ਭਾਹ ਮਾਰਦੇ, ਸਿਪਾਹੀ ਬੈਠੇ ਹੋਏ ਸਨ, ਜੋ ਸਾਰੇ ਦੇ ਸਾਰੇ ਵੱਡੀ ਬੇਬੇ ਗੋਪਰੀਨਾ ਦੇ ਪਿੰਡ ਦੇ ਸਨ। ਉਬਾਲਣ ਲਈ ਅੱਗ ਉੱਤੇ ਭਾਂਡੇ ਸਨ, ਪਰ ਵਿੱਚ ਨਿਰਾ ਪਾਣੀ ਪਿਆ ਹੋਇਆ ਸੀ।
ਬੇਬੇ ਗੋਪਰੀਨਾ ਝੂਰ ਰਹੀ ਸੀ:
“ਆਹ ਪ੍ਰਭੂ ਈਸਾ ਤੇ ਮੇਰੀ ਪ੍ਰਭੂ ਦੀ ਮਾਤਾ, ਇਹ ਜਿਊਣ ਵੀ ਕਿਹੋ ਜਿਹਾ ਹੈ । ਅਸੀਂ ਖਬਰੇ ਕਿੱਥੋਂ ਟੁਰ ਕੇ, ਕਿਥੇ ਆ ਪਹੁੰਚੇ, ਤੇ ਮੂੰਹ ਵਿਚ ਪਾਣ ਨੂੰ ਇੱਕ ਬੁਰਕੀ ਵੀ ਨਹੀਂ। ਅਜੀਬ ਰੰਗ ਢੰਗ ਨੇ ਸਾਡੇ ਨਵੇਂ ਹਾਕਮਾਂ ਦੇ, ਜੋ ਸਾਨੂੰ ਅੱਧੀ ਰੋਟੀ ਵੀ ਨਹੀਂ ਦੇ ਸਕਦੇ ? ਅੰਕਾ ਕਿੱਧਰ ਦਿੱਸਦੀ ਨਹੀਂ, ਤੇ ਬੁੱਢੇ ਨੇ ਗੱਲ ਨਾ ਕਰਨ ਦੀ ਖਬਰੇ ਸਹੁ ਹੀ ਖਾਧੀ ਹੋਈ ....।"
ਸਾਰੇ ਮੁੱਖ ਮਾਰਗ ਤੇ ਧੂਣੀਆਂ ਬੱਲ ਰਹੀਆਂ ਸਨ।
ਅੱਗ ਦੇ ਲਾਗੇ ਪਰ ਇਸ ਦੇ ਚਾਨਣ ਤੋਂ ਪਰ੍ਹੇ, ਪਿੱਠ ਭਾਰ ਆਪਣੇ ਸਿਰ ਉੱਤੇ ਦੋਵੇਂ ਬਾਹਾਂ ਰੱਖੀ ਤੇ ਆਕਾਸ਼ ਵੱਲ ਅੱਖਾਂ ਲਾਈ, ਇੱਕ ਸਿਪਾਹੀ ਸੋਚਾਂ ਵਿੱਚ ਪਿਆ ਹੋਇਆ ਸੀ। ਪਰ ਉਸ ਨੂੰ ਤਾਰਿਆਂ ਦੀ ਕੋਈ ਖਬਰ ਨਹੀਂ ਸੀ। ਉਸ ਦੀ ਆਤਮਾ ਦੁਖੀ ਸੀ ਤੇ ਉਹ ਕਿਸੇ ਗੱਲ ਨੂੰ ਚੇਤ ਰਿਹਾ ਸੀ, ਜੋ ਉਸ ਦੀ ਯਾਦ ਵਿੱਚ ਨਹੀਂ ਸੀ ਆ ਰਹੀ। ਉਹ ਸਿਰ ਉੱਤੇ ਹੱਥ ਰੱਖੀ, ਉਸੇ ਤਰ੍ਹਾਂ ਸੋਚਾਂ ਵਿੱਚ ਗੋਤੇ ਖਾਂਦਾ ਰਿਹਾ।
ਦੇਗਚੀ ਵਿੱਚ ਪਾਣੀ ਉਬਲ ਉਬਲ ਝੱਲਾ ਹੋ ਰਿਹਾ ਸੀ।
ਬੇਬੇ ਗੋਪਰੀਨਾ ਕੋਲੋਂ ਹੋਰ ਚੁੱਪ ਨਾ ਰਿਹਾ ਗਿਆ।
"ਅਜ ਤੱਕ ਕਦੇ ਇੰਝ ਹੋਇਆ ਏ? ਇਥੇ ਲੈ ਆਏ ਨੇ ਸਭ ਨੂੰ ਮਰਨ ਲਈ। ਜਿੰਨਾ ਮਰਜ਼ੀ ਉਬਾਲੀ ਜਾਉ, ਅਖੀਰ ਤਾਂ ਪਾਣੀ ਨਾਲ ਹੀ ਢਿੱਡ ਭਰਨਾ ਹੈ।"
"ਅਹਿ ਵੇਖੋ ।" ਬੂਟ ਵਾਲਾ ਪੈਰ ਅੱਗੇ ਵਧਾਂਦਾ ਸਿਪਾਹੀ ਆਖਣ ਲੱਗਾ। ਬੂਟ ਵਲਾਇਤੀ ਸੀ ਤੇ ਉੱਪਰ ਉਸ ਨਵੀਂ ਨਕੋਰ ਬਿਰਜਸ ਪਾਈ ਹੋਈ ਸੀ।
ਦੂਜੀ ਧੂਣੀ ਉੱਤੇ ਏਕਾਰਡੀਅਨ ਦੀਆਂ ਸੁਰਾਂ ਉੱਠ ਰਹੀਆਂ ਸਨ। ਦੂਰ ਦੂਰ ਬਲਦੀਆਂ ਧੂਣੀਆਂ ਵਿੱਚੋਂ ਕਦੀ ਚਾਨਣ ਹੋ ਜਾਂਦਾ, ਤੇ ਕਦੀ ਝੱਟ ਕੁ ਲਈ ਅੰਨ੍ਹੇਰੇ ।
"ਅੰਕਾ ਕਿੱਧਰ ਗਈ। ਉਹ ਕਿੱਥੇ ਹੋਣੀ ਏ ? ਕੀ ਲੱਭਦੀ ਹੋਣੀ ਏ ਪਈ ? ਬੁੱਢਿਆ, ਲੰਮੀ ਤਾਣ ਕੇ ਗੇਲੀ ਵਾਂਗ ਪਿਆ ਹੋਇਆ ਏਂ... ਉਸ ਨੂੰ ਦੇ ਇੱਕ ਚੰਗਾ ਝੂਟਾ, ਪੁੱਟ ਸੁੱਟ ਉਸ ਦੇ ਸਿਰ ਦੇ ਵਾਲ। ਤੇਰੇ ਮੂੰਹੋਂ ਗੱਲ ਨਹੀਂ ਨਿਕਲਦੀ।"
ਫੜਾ ਦੇ ਮੇਰਾ ਹੁੱਕਾ ਤੇ ਤੰਮਾਕੂ ਲੱਗੇ ਸੂਟਾ।
ਸਿਪਾਹੀ ਢਿੱਡ ਭਾਰ ਹੋ ਗਿਆ, ਆਪਣਾ ਲਾਲ ਸੂਹਾ ਮੂੰਹ ਤਲੀ ਉੱਤੇ ਧਰ ਕੇ ਅੱਗ ਵੱਲ ਵੇਖੀ ਜਾ ਰਿਹਾ ਸੀ।
ਏਕਾਰਡੀਅਨ ਬੜੀਆਂ ਸੁਰੀਲੀਆਂ ਤਰਜ਼ਾਂ ਛੇੜ ਰਿਹਾ ਸੀ । ਧੂਣੀਆਂ ਦੁਆਲੇ ਹਾਸੇ, ਠੱਠੇ ਤੇ ਗੀਤ ਹਿਲੋਰੇ ਲੈ ਰਹੇ ਸਨ। “ਉਹ ਸਭ ਵੀ ਰੱਬ ਦੇ ਜੀਵ ਸਨ ਤੇ ਹਰੇਕ ਦੀ ਕੋਈ ਮਾਂ ਸੀ...।"
ਉਹ ਬੜੀ ਨਿੱਸਲ ਆਵਾਜ਼ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਤੇ ਇੱਕ ਖਾਮੋਸ਼ੀ ਗੱਲਾਂ ਤੇ ਹਾਸੇ ਉੱਤੇ ਛਾਈ ਹੋਈ ਸੀ, ਸਭਨਾਂ ਦੇ ਨੱਕਾਂ ਨਾਲ ਪਠਾਰ ਵੱਲੋਂ ਇੱਕ ਸੜ੍ਹਾਂਦ ਆ ਕੇ ਖਹਿੰਦੀ ਲੰਘ ਗਈ। ਉੱਥੇ ਖਬਰੇ ਕਿੰਨੀਆਂ ਲੋਥਾਂ ਸੜ ਰਹੀਆਂ ਸਨ।
ਇੱਕ ਵਡੇਰੀ ਉਮਰ ਦਾ ਸਿਪਾਹੀ ਉੱਠ ਕੇ ਉਸ ਮੁੰਡੇ ਵੱਲ ਵੇਖਣ ਲੱਗ ਪਿਆ, ਜੋ ਗੱਲਾਂ ਕਰ ਰਿਹਾ ਸੀ। ਉਸ ਅੱਗ ਵਿੱਚ ਥੁੱਕ ਸੁੱਟੀ, ਜੋ ਝੱਟ ਕੁ ਹਿੱਸ ਹਿੱਸ ਕਰਦੀ ਰਹੀ। ਇਹ ਖ਼ਾਮੋਸ਼ੀ ਖਬਰੇ ਹੋਰ ਕਿੰਨੀ ਦੇਰ ਇਸੇ ਤਰ੍ਹਾਂ ਛਾਈ ਰਹਿੰਦੀ, ਜੇ ਅਚਾਨਕ ਘਬਰਾਈਆਂ ਹੋਈਆਂ ਆਵਾਜ਼ਾਂ ਦਾ ਸ਼ੋਰ ਨਾ ਉੱਠ ਪੈਂਦਾ:
"ਕੀ ਹੋ ਗਿਆ ਏ ?"
"ਉਹ ਕੌਣ ਹੈ ?"
ਸਭਨਾ ਦੇ ਸਿਰ ਉੱਧਰ ਮੁੜ ਗਏ ਤੇ ਕੋਈ ਕਹਿਣ ਲੱਗਾ:
"ਅੱਗੇ ਟੁਰ ਓਏ ਚੂਹਿਆ।"
ਜੋਸ਼ ਨਾਲ ਭਰੇ ਸਿਪਾਹੀਆਂ ਦੀ ਇੱਕ ਭੀੜ ਅੱਗ ਦੁਆਲੇ ਘਿਰ ਗਈ; ਅੰਨ੍ਹੇਰੇ ਵਿੱਚੋਂ ਲਾਲ ਚਿਹਰੇ, ਉਤਾਂਹ ਚੁੱਕੇ ਹੋਏ ਹੱਥ ਤੇ ਸੰਗੀਨਾਂ ਦਿੱਸਣ ਲੱਗ ਪਈਆਂ। ਉਹਨਾਂ ਵਿਚਕਾਰ ਤੇ ਉਹਨਾਂ ਨਾਲ ਵੱਖਰਾ ਜਿਹਾ ਦਿੱਸਣ ਵਾਲੇ ਇੱਕ ਪਤਲੇ ਜਿਹੇ ਜਾਰਜੀਅਨ ਦੇ ਮੋਢਿਆਂ ਉੱਤੇ ਸੁਨਹਿਰੀ ਰੰਗ ਦੀਆਂ ਫੀਤੀਆਂ ਲਗੀਆਂ ਹੋਈਆਂ ਸਨ । ਉਹ ਮੁੰਡਾ ਜਿਹਾ
ਸੀ, ਬੋੜਾ ਜਿਹਾ ਸਰਕੇਸ਼ੀਅਨ ਕੋਟ ਪਾਈ।
ਜਿਸ ਤਰ੍ਹਾਂ ਜਾਨਵਰ ਖਾੜੀ ਉੱਤੇ ਖਲ੍ਹਤਾ ਬਿਟਰ ਬਿਟਰ ਵੇਖੀ ਜਾਂਦਾ ਏ, ਉਸੇ ਤਰ੍ਹਾਂ ਉਹ ਆਪਣੇ ਵੜ ਕੇ ਲਿਆਉਣ ਵਾਲਿਆਂ ਵੱਲ ਵੇਖੀ ਜਾ ਰਿਹਾ ਸੀ। ਉਸ ਦੀਆਂ ਏਨੀਆਂ ਸੁਹਣੀਆਂ ਕਾਲੀਆਂ ਅੱਖਾਂ, ਕਿਸੇ ਕੁੜੀ ਦੇ ਚਿਹਰੇ ਦੀ ਸ਼ਾਨ ਹੁੰਦੀਆਂ। ਉਸ ਦੀਆਂ ਪਿਪਣਾਂ ਥੱਲੇ ਲਹੂ ਦੇ ਟੇਪੇ ਇਉਂ ਕੰਬ ਰਹੇ ਸਨ, ਜਿਉਂ ਅੱਥਰੂ । ਇਉਂ ਜਾਪਦਾ ਸੀ ਕਿ ਮੁੰਡਾ ਹੁਣੇ ਕੁਰਲਾ ਪਵੇਗਾ, "ਮਾਂ" । ਪਰ ਉਸ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਤੇ ਬਸ ਬਿਟ ਬਿਟ ਉਹ ਵੇਖਦਾ ਹੀ ਰਿਹਾ।
“ਇਕ ਝਾੜੀ ਪਿੱਛੇ ਛੁਪਿਆ ਸੀ," ਜੋਸ਼ ਨਾਲ ਇੱਕ ਸਿਪਾਹੀ ਬੋਲਿਆ। "ਬਸ ਸਬਬ ਨਾਲ ਹੀ ਮੈਨੂੰ ਦਿੱਸ ਪਿਆ। ਮੈਂ ਝਾੜੀਆਂ ਵਿੱਚ ਜੰਗਲ ਪਾਣੀ ਜਾ ਰਿਹਾ ਸਾਂ ਕਿ ਮੁੰਡਿਆ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ: ਅੱਗੇ ਜਾ ਕੇ ਮਰ ਓਏ ਕੁੱਤੀ ਦਿਆ ਪੁੱਤਾ, ਥੋੜ੍ਹਾ ਜਿਹਾ ਹੋਰ ਅਗੇਰੇ। ਮੈਂ ਝਾੜੀਆਂ ਵਿੱਚ ਹੋਰ ਅਗੇਰੇ ਦੂਰ ਗਿਆ ਤੇ ਉੱਥੇ ਮੈਨੂੰ ਕੋਈ ਕਾਲੀ ਜਿਹੀ ਚੀਜ਼ ਦੱਸੀ। ਸੋਚਿਆ ਪੱਥਰ ਹੋਵੇਗਾ ਤੇ ਹੱਥ ਲਾ ਕੇ ਟੋਹਣ ਲੱਗ ਪਿਆ ਤੇ ਇਹੀ ਸੀ ਉੱਥੇ। ਮੈਂ ਰਫ਼ਲ ਦਾ ਬੱਟ ਮਾਰਨ ਲੱਗਾ ਸਾਂ ।"
"ਲੰਘਾ ਦੇ ਅੰਦਰ ਉਸ ਦੇ, ਕੀ ਪਿਆ ਉਡੀਕਨਾ ਏਂ।" ਇਕ ਨਿੱਕਾ ਜਿਹਾ ਸਿਪਾਹੀ ਸੰਗੀਨ ਮਾਰਨ ਦੀ ਤਿਆਰੀ ਵਿੱਚ ਅੱਗੇ ਵੱਧਦਾ ਬੋਲਿਆ।
"ਰੁੱਕ ਜਾ, ਰੁੱਕ ਜਾ।" ਆਲੇ ਦੁਆਲੇ ਖਲ੍ਹਤੇ ਲੋਕ ਬੋਲ ਪਏ। "ਕਮਾਂਡਰ ਨੂੰ ਜਾ ਕੇ ਖਬਰ ਕਰ ਦੇ ।"
ਜਾਰਜੀਅਨ ਮੁੰਡਾ ਹਾੜੇ ਕੱਢਦਾ ਬੋਲਿਆ:
"ਮੈਨੂੰ ਭਰਤੀ ਕਰ ਲਿਆ ਗਿਆ ਸੀ... ਫੌਜ ਵਿੱਚ ਮੈਂ ਕੀਤਾ ਕੁਝ ਨਹੀਂ। ਮੈਨੂੰ ਇੱਥੇ ਭੇਜ ਦਿੱਤਾ ਗਿਆ ਸੀ । ਮੇਰੀ ਮਾਂ ਵੀ ਹੈ।"
ਨਵੇਂ ਸਿਰੋਂ, ਮੁੰਡੇ ਦੀਆਂ ਪਿਪਣਾਂ ਨਾਲ ਲਹੂ ਭਿੱਜੇ ਹੰਝੂਆਂ ਦੇ ਟੇਪੇ ਲਟਕਣ ਲੱਗ ਪਏ, ਜੋ ਉਸ ਦੇ ਪਾਟੇ ਹੋਏ ਸਿਰ ਵਿੱਚੋਂ ਵਗੀ ਜਾ ਰਿਹਾ ਸੀ। ਆਲੇ ਦੁਆਲੇ ਸਿਪਾਹੀ ਆਪਣੀਆਂ ਬੰਦੂਕਾਂ ਦੀ ਚੁੰਨੀਆਂ ਉੱਤੇ ਸਿਰ ਟਿਕਾਈ, ਮਾਯੂਸ ਜਿਹੇ ਖਲ੍ਹਤੇ ਹੋਏ ਸਨ।
ਸਿਪਾਹੀ ਜਿਹੜਾ ਢਿੱਡ ਭਾਰ ਲੇਟਿਆ ਅੱਗ ਵੱਲ ਬਿਟ ਬਿਟ ਵੇਖੀ ਜਾ ਰਿਹਾ ਸੀ, ਕਹਿਣ ਲੱਗਾ:
"ਮੁੰਡਾ ਹੀ ਏ ਹਾਲਾਂ, ਸੋਲ੍ਹਾਂ ਤੋਂ ਵੱਧ ਦਾ ਨਹੀਂ ਹੋਣਾ।"
ਕਈ ਹੋਰ ਬੋਲ ਪਏ
"ਤੂੰ ਕੌਣ ਹੁੰਦਾ ਏਂ? ਕੁਲਕ ? ਸਾਡੀ ਲੜਾਈ ਤਾਂ ਬਾਲ ਸੈਨਿਕਾਂ ਨਾਲ ਹੈ, ਜਾਰਜੀਅਨ ਖਬਰੇ ਕਿਉਂ ਅੱਗੇ ਆ ਗਏ? ਕਿਸ ਆਖਿਆ ਸੀ ਉਹਨਾਂ ਨੂੰ ਪੰਗਾ ਲੈਣ ਲਈ ? ਅਸੀਂ ਕਸਾਕਾਂ ਨਾਲ ਆਖਰੀ ਦਮ ਤੱਕ ਲੜਦੇ ਹਾਂ ਤੇ ਕਿਸੇ ਤਰ੍ਹਾਂ ਦੀ ਪੰਗੇਬਾਜ਼ੀ ਪਸੰਦ ਨਹੀਂ ਕਰਦੇ। ਜੇ ਤੂੰ ਸਾਡੇ ਕਿਸੇ ਕੰਮ ਵਿੱਚ ਲੱਤ ਅੜਾਈ, ਤਾਂ ਤੇਰਾ ਬੇੜਾ ਬੰਨੇ ਲਾ ਦਿਆਂਗੇ।''
ਚਾਰੇ ਪਾਸਿਉਂ ਜੋਸ਼ ਤੇ ਗੁੱਸੇ ਭਰੀਆਂ ਆਵਾਜ਼ਾਂ ਆਉਣ ਲੱਗ ਪਈਆਂ। ਦੂਜੀਆਂ ਧੂਣੀਆਂ ਤੋਂ ਵੀ ਲੋਕ ਇੱਧਰ ਆਉਣ ਲੱਗ ਪਏ।
"ਕੌਣ ਹੈ ਉਹ ?"
“ਮੁੰਡਾ ਏ ਕੋਈ ਹਾਲਾਂ ਉਸ ਦੇ ਦੁੱਧ ਦੇ ਦੰਦ ਨੇ।"
"ਓਏ ਛੱਡ ਸੁ ਪਰੇ ।"
ਇੱਕ ਸਿਪਾਹੀ ਭੈੜਾ ਜਿਹਾ ਮੂੰਹ ਬਣਾਂਦਾ, ਅੱਗ ਉੱਤੇ ਰੱਖੀ ਕੇਤਲੀ ਵੱਲ ਵੱਧਿਆ। ਇੱਕ ਕਮਾਂਡਰ ਵੀ ਅੱਗੇ ਆ ਗਿਆ। ਉਸ ਮੁੰਡੇ ਉਤੇ ਇੱਕ ਉੱਡਦੀ ਜਿਹੀ ਝਾਤ ਪਾਈ ਤੇ ਏਨੀ ਹੌਲੀ ਜਿਹੇ ਕਿ ਜਾਰਜੀਅਨ ਮੁੰਡੇ ਦੀ ਕੰਨੀਂ ਨਾ ਪੈ ਜਾਏ, ਕਹਿਣ ਲੱਗਾ:
"ਗੋਲੀ ਮਾਰ ਦਿਓ ।"
"ਇੱਧਰ ਆ ਓਏ।" ਦੋ ਸਿਪਾਹੀਆਂ ਨੇ ਮੋਢਿਆਂ ਉੱਤੇ ਰਫਲਾਂ ਰੱਖਦਿਆਂ ਤੇ ਬਿਨਾਂ ਮੁੰਡੇ ਵੱਲ ਤਕਿਆਂ, ਖਹੁਰੀ ਜਿਹੀ ਆਵਾਜ਼ ਵਿੱਚ ਆਖਿਆ।
"ਮੈਨੂੰ ਕਿੱਧਰ ਲੈ ਚਲੇ ਓ ?"
ਤਿੰਨੇ ਟੁਰਨ ਲੱਗ ਪਏ। ਅੰਨ੍ਹੇਰੇ ਵਿੱਚ ਜਵਾਬ ਮਿਲਿਆ
"ਹੈੱਡਕੁਆਰਟਰ, ਪੁੱਛ ਗਿੱਛ ਲਈ। ਤੂੰ ਉੱਥੇ ਹੀ ਸਵੇਂਗਾ।"
ਝਟ ਕੁ ਮਗਰੋਂ ਰਫ਼ਲ ਚੱਲਣ ਦੀ ਆਵਾਜ਼ ਆਈ। ਆਵਾਜ਼ ਪਹਾੜਾਂ ਤੋਂ ਗੂੰਜਦੀ ਕਿਤੇ ਜਾ ਕੇ ਅਲੋਪ ਹੋ ਗਈ, ਪਰ ਰਾਤ ਹਾਲਾਂ ਵੀ ਇਸ ਆਵਾਜ਼ ਨਾਲ ਬੌਂਦਲੀ ਰਹੀ। ਦੋ ਸਿਪਾਹੀ ਹੇਠਾਂ ਅੱਖਾਂ ਕਰੀ ਆਏ ਤੇ ਚੁੱਪ ਕਰਕੇ ਅੱਗ ਕੋਲ ਬੈਠ ਗਏ । ਰਾਤ ਇਸ ਅਖੀਰਲੀ ਗੋਲੀ ਉੱਤੇ ਝੂਰਦੀ ਪਈ ਸੀ।
ਇਸ ਲਮਕਦੀ ਗੂੰਜ ਨੂੰ ਭੁੱਲਣ ਦੀ ਤਾਂਘ ਵਿੱਚ, ਸਾਰੇ ਇੱਕ ਵੇਰ, ਪਹਿਲਾਂ ਨਾਲ ਵੀ ਉੱਚਾ ਉੱਚਾ ਬੋਲਣ ਲੱਗ ਪਏ। ਕੋਈ ਏਕਾਰਡੀਅਨ ਉੱਤੇ ਸੁਹਣੀ ਜਿਹੀ ਧੁਨ ਵਜਾਣ ਲੱਗ ਪਿਆ ਤੇ ਕੋਈ ਇੱਕ ਤਾਰੇ ਉੱਤੇ ਉਂਗਲਾਂ ਟੁਣਕਾਨ ਲੱਗ ਪਿਆ।
".. ਸੋ ਅਸੀਂ ਜੰਗਲ ਵਿੱਚੋਂ ਲੰਘਦੇ ਚਟਾਨ ਤੱਕ ਪੁੱਜ ਗਏ। ਇਉਂ ਮਹਿਸੂਸ ਹੁੰਦਾ ਸੀ, ਜਿਉਂ ਕੰਮ ਪਾਰ ਹੋ ਗਿਆ ਸੀ ਕਿ ਸਾਡੇ ਕੋਲੋਂ ਚਟਾਨ ਉੱਤੇ ਚੜ੍ਹਿਆ ਨਹੀਂ ਜਾਣਾ ਤੇ ਨਾ ਕਿਤੇ ਹੋਰ ਜਾਇਆ ਜਾਣਾ ਸੀ। ਦਿਨ ਚੜ੍ਹੇ, ਸਭ ਨੂੰ ਗੋਲੀ ਮਾਰ ਦਿੱਤੀ ਜਾਵੇਗੀ।"
“ਬੜੀ ਮੁਸੀਬਤ ਵਾਲੀ ਸਥਿਤੀ ਸੀ," ਕਿਸੇ ਹੋਰ ਨੇ ਆਖਿਆ ਤੇ ਹੱਸ ਪਿਆ।
“…ਸਾਨੂੰ ਪੱਕਾ ਯਕੀਨ ਸੀ ਕਿ ਉਹ ਸੌਣ ਦਾ ਬਹਾਨਾ ਹੀ ਕਰ ਰਹੇ ਸਨ, ਕੁੱਤੀ ਦੇ ਪੁੱਤਰ ਤੇ ਉੱਠ ਕੇ ਸਾਡੇ ਅੰਦਰ ਸਿੱਕਾ ਤੁੰਨ ਦੇਣਗੇ ਤੇ ਉਸ ਉੱਚੀ ਥਾਂ ਤੋਂ ਦਸ ਰਫਲਾਂ ਵਾਲੇ ਸਿਪਾਹੀ, ਸਾਡੀਆਂ ਦੋਹਾਂ ਰਜਮੈਂਟਾਂ ਨੂੰ ਮੱਖੀਆਂ ਵਾਂਗ ਮਾਰ ਕੇ ਸੁੱਟ ਸਕਦੇ ਸਨ। ਖੈਰ, ਇੱਕ ਦੂਜੇ ਦੇ ਮੋਢਿਆਂ ਤੇ ਸਿਰ ਉੱਤੇ ਪੈਰ ਧਰਦੇ, ਅਸੀਂ ਚੜ੍ਹ ਗਏ।" "ठे घटवे विषे मी ?"
“ਉਹ ਵੀ ਉਥੇ ਹੀ, ਸਾਡੇ ਨਾਲ ਹੀ ਚੜ੍ਹ ਰਿਹਾ ਸੀ ਜਦ ਅਸੀਂ ਬਿਲਕੁਲ ਚੋਟੀ ਉੱਤੇ ਪਹੁੰਚਣ ਹੀ ਵਾਲੇ ਸਾਂ, ਬਸ ਕੇਵਲ ਪੰਦਰਾਂ ਕੁ ਫੁੱਟ ਚਟਾਨ ਹੋਰ ਉੱਪਰ ਰਹਿ ਗਈ ਸੀ
ਕਿ ਦੰਦੀ, ਕੰਧ ਵਾਂਗ ਅੱਗੇ ਆ ਗਈ। ਹੁਣ ਅਸੀਂ ਕੀ ਕਰਦੇ? ਕੁਝ ਵੀ ਨਹੀਂ। ਸਾਡੇ ਸਾਰਿਆਂ ਦੇ ਦਿਲ ਟੁੱਟ ਗਏ। ਬਟਕੇ ਨੇ ਇੱਕ ਸਿਪਾਹੀ ਕੋਲ ਰਫ਼ਲ ਫੜ੍ਹੀ ਤੇ ਇੱਕ ਵਿਰਲ ਵਿੱਚ ਫਸਾ ਦਿੱਤੀ ਤੇ ਰਫ਼ਲ ਉੱਤੇ ਪੈਰ ਧਰ ਕੇ ਚੜ੍ਹ ਗਿਆ ਤੇ ਉਸ ਤੋਂ ਮਗਰੋਂ ਅਸਾਂ ਸਭ ਨੇ, ਆਪਣੀਆਂ ਰਫਲਾਂ ਇੱਧਰ ਉੱਧਰ ਵਿਰਲਾਂ ਵਿੱਚ ਫਸਾਈਆਂ ਤੇ ਚੋਟੀ ਉੱਤੇ ਜਾ ਚੜ੍ਹੇ ।"
"ਸਾਡੀ ਇੱਕ ਪੂਰੀ ਦੀ ਪੂਰੀ ਪਲਟਨ ਦੇ ਲੋਕ ਸਮੁੰਦਰ ਵਿੱਚ ਡੁੱਬ ਗਏ। ਅਸੀਂ ਇੱਕ ਇੱਕ ਪੱਥਰ ਉੱਤੋਂ ਛਾਲਾਂ ਮਾਰ ਰਹੇ ਸਾਂ। ਅੰਨ੍ਹੇਰਾ ਪੈ ਗਿਆ ਸੀ । ਉਹਨਾਂ ਦੇ ਪੈਰ ਉਖੜ ਗਏ ਤੇ ਇੱਕ ਦੂਜੇ ਉੱਪਰ ਡਿੱਗਦੇ ਹੇਠਾਂ ਆ ਪਏ। ਸਭ ਡੁੱਬ ਗਏ।"
ਭਾਵੇਂ ਉਹ ਜਿੰਨੀਆਂ ਮਰਜ਼ੀ ਗੋਲਾਂ ਗੱਪਾਂ ਨਾਲ ਆਪਣਾ ਧਿਆਨ ਉਸ ਰੁੱਖਾਂ ਵਿੱਚ ਗੂੰਜਦੀ ਆਵਾਜ਼ ਵੱਲੋਂ ਮੋੜਨ ਦੀ ਕੋਸ਼ਿਸ਼ ਪਏ ਕਰਨ, ਪਰ ਉਹ ਉਸੇ ਤਰ੍ਹਾਂ ਰਾਤ ਦੇ ਅੰਨ੍ਹੇਰੇ ਵਿੱਚ ਵਾਯੂਮੰਡਲ ਵਿੱਚ ਲਟਕੀ ਹੋਈ ਸੀ।
ਅਚਾਨਕ ਬੇਬੇ ਗੋਪਰੀਨਾ ਆਪਣੀ ਉਂਗਲ ਮੁਹਰੇ ਕਰਦੀ ਕਹਿਣ ਲੱਗੀ:
"ਉਹੀ ਕੀ ਹੋ ਸਕਦੈ ?"
ਸਾਰੇ ਉੱਧਰ ਵੇਖਣ ਲੱਗ ਪਏ। ਦੂਰ ਅੰਨ੍ਹੇਰੇ ਵਿੱਚ ਜਿੱਥੇ ਉਹ ਜਾਣਦੇ ਸਨ ਕਿ ਪਹਾੜ ਹੈ, ਉਹਨਾਂ ਨੂੰ ਉੱਚੀਆਂ ਉੱਚੀਆਂ ਕਈ ਮਸ਼ਾਲਾਂ ਵਿੱਚੋਂ ਫੁੱਫ ਫਫ ਕਰਦਾ, ਧੂੰਆਂ ਨਿਕਲਦਾ ਦਿੱਸਿਆ।
ਅੰਨ੍ਹੇਰੇ ਵਿੱਚੋਂ ਕਿਸੇ ਮੁੰਡੇ ਦੀ ਜਾਣੀ ਪਛਾਣੀ ਆਵਾਜ਼ ਆਈ:
"ਇਹ ਸਾਡੇ ਆਪਣੇ ਸਿਪਾਹੀ ਤੇ ਕੁਝ ਸਥਾਨਕ ਬੰਦੇ ਨੇ, ਜੋ ਲਾਸ਼ਾਂ ਲਈ ਜਾ ਰਹੇ ਨੇ। ਸਾਰਾ ਦਿਨ ਉਹ ਇਸੇ ਕੰਮ ਵਿੱਚ ਲੱਗੇ ਰਹੇ ਨੇ।"
ਫਿਰ ਚੁੱਪ ਚਾਂ ਹੋ ਗਈ।
30
ਫਿਰ ਦਿਨ ਚੜ੍ਹ ਗਿਆ। ਸਮੁੰਦਰ ਏਨਾ ਲਿਸ਼ਕ ਰਿਹਾ ਸੀ ਕਿ ਅੱਖਾਂ ਚੁੰਧਿਆ ਜਾਣ, ਨੀਲੇ ਨੀਲੇ ਪਹਾੜਾਂ ਦੀਆਂ ਰੇਖਾਵਾਂ ਉੱਭਰੀਆਂ ਹੋਈਆਂ ਸਨ। ਮੁੱਖ ਮਾਰਗ ਜਿਉਂ ਜਿਉਂ ਵੱਲ ਪੇਚ ਖਾਂਦਾ ਉੱਪਰ ਉੱਪਰ ਹੋਈ ਜਾਂਦਾ ਸੀ, ਉਹ ਨੀਵੇਂ ਨੀਵੇਂ ਹੁੰਦੇ ਜਾਂਦੇ ਲੱਗਦੇ ਸਨ।
ਦੂਰ ਹੇਠਾਂ ਕਸਬਾ, ਇੱਕ ਨਿੱਕਾ ਜਿਹਾ ਚਿੱਟਾ ਟਿਮਕਣਾ ਜਿਹਾ ਲੱਗਦਾ ਸੀ, ਜੋ ਹੌਲੀ ਹੌਲੀ ਅੱਖੋਂ ਓਹਲੇ ਹੋ ਗਿਆ। ਨੀਲੀ ਖਾੜੀ ਪਿੰਗਲ ਦੀਆਂ ਸਿੱਧੀਆਂ ਲੀਕਾਂ ਵਾਂਗ ਪਾਇਆ ਵਿੱਚ ਮੜ੍ਹੀ ਜਾਪਦੀ ਸੀ । ਬਿਨਾਂ ਸਾਈਂ ਖਸਮ ਦੇ ਜਾਰਜੀਅਨ ਜਹਾਜ਼ ਕਾਲੇ ਟਿਮਕਣਿਆਂ ਵਰਗੇ ਲੱਗਦੇ ਸਨ। ਬੜੇ ਦੁੱਖ ਦੀ ਗੱਲ ਹੈ, ਲਾਲ ਸੈਨਾ ਦੇ ਸਿਪਾਹੀ ਉਹਨਾਂ ਨੂੰ ਆਪਣੇ ਨਾਲ ਨਾ ਲਿਜਾ ਸਕੇ।
ਪਰ ਫੇਰ ਵੀ ਬਥੇਰਾ ਲੁੱਟ ਦਾ ਮਾਲ ਉਹਨਾਂ ਦੇ ਹੱਥ ਲੱਗਾ ਸੀ, ਹੁਣ ਉਹਨਾਂ ਕੋਲ
ਛੇ ਹਜ਼ਾਰ ਤੋਪ ਦੇ ਗੋਲੇ ਤੇ ਤਿੰਨ ਹਜ਼ਾਰ ਕਾਰਤੂਸ ਸਨ। ਕਮਾਲ ਦੇ ਜਾਰਜੀਅਨ ਘੋੜੇ, ਕਾਲੇ ਸਿਆਹ ਜੋਤਰਿਆਂ ਵਿੱਚ ਜੁੱਪੇ, ਸੋਲ਼ਾਂ ਜਾਰਜੀਅਨ ਤੋਪਾਂ ਖਿੱਚਣ ਵਿੱਚ ਜ਼ੋਰ ਲਾ ਰਹੇ ਸਨ। ਜਾਰਜੀਅਨ ਛਕੜੇ, ਭਾਂਤ ਭਾਂਤ ਦੀਆਂ ਚੀਜ਼ਾਂ ਵਸਤਾਂ ਨਾਲ ਭਰੇ ਪਏ ਸਨ । ਲੜਾਈ ਦੇ ਮੈਦਾਨ ਦੇ ਟੈਲੀਫੋਨ, ਕੰਡਿਆਲੀਆਂ ਤਾਰਾਂ ਤੇ ਦਵਾਈਆਂ। ਸਾਮਾਨ ਵਾਲੀ ਗੱਡੀ ਵਿੱਚ ਐਂਬੂਲੈਂਸ ਗੱਡੀਆਂ ਦਾ ਵਾਧਾ ਬਹੁਤ ਖੁਸ਼ੀ ਦੀ ਗੱਲ ਸੀ। ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਦਿੱਸ ਰਹੀ, ਪਰ ਦੋ ਚੀਜ਼ਾਂ ਦੀ ਬੜੀ ਥੁੜ੍ਹ ਸੀ: ਕਣਕ ਤੇ ਸੁੱਕਾ ਘਾਹ।
ਬੜੇ ਸਬਰ ਨਾਲ, ਭੁੱਖੇ ਘੋੜੇ, ਥੱਕੇ ਸਿਰ ਉਛਾਲਦੇ ਟੁਰੀ ਜਾ ਰਹੇ ਸਨ । ਸਿਪਾਹੀਆਂ ਨੇ ਆਪਣੀਆਂ ਪੇਟੀਆਂ ਘੁੱਟ ਕੇ ਬੰਨ੍ਹੀਆਂ ਹੋਈਆਂ ਸਨ । ਪਰ ਉਹ ਬੜੀਆਂ ਚੜ੍ਹਦੀਆਂ ਕਲਾਂ ਵਿੱਚ ਸਨ, ਕਿਉਂ ਜੋ ਹਰੇਕ ਦੀ ਪੇਟੀ ਵਿੱਚ ਦੋ ਸੌ ਜਾਂ ਤਿੰਨ ਸੌ ਕਾਰਤੂਸ ਪਏ ਹੋਏ ਸਨ। ਮੱਖੀਆਂ ਦੀ ਸਿਰ ਉੱਤੇ ਤਣੀ ਛੱਤਰੀ ਹੇਠਾਂ, ਮਿੱਟੀ ਘੱਟੇ ਦੇ ਬੱਦਲ ਉਡਾਂਦੇ, ਉਹ ਬੜੀ ਮਸਤੀ ਨਾਲ ਟੁਰੀ ਜਾ ਰਹੇ ਸਨ । ਮੱਖੀਆਂ ਦਾ ਇਸ ਮੁਹਿੰਮ ਨਾਲ ਪੱਕਾ ਸਾਥ ਸੀ । ਡਲ੍ਹਕਾਂ ਮਾਰਦੇ ਸੂਰਜ ਦੀ ਰੋਸ਼ਨੀ ਵਿੱਚ ਗੀਤ ਗਾਏ ਜਾ ਰਹੇ ਸਨ:
ਮਧੁਸ਼ਾਲਾ ਵਿੱਚ ਵੋਦਕਾ
ਬੀਅਰ ਤੇ ਸ਼ਰਾਬ ਦੀ ਲੱਗੀ ਏ ਬਹਾਰ...।
ਛੱਕੜੇ, ਬੱਘੀਆਂ ਤੇ ਗੱਡੀਆਂ ਸੜਕ ਉੱਤੋਂ ਚੀਂ ਚੀਂ ਕਰਦੇ ਟੁਰੀ ਗਏ। ਸੂਹੇ ਸਿਰਹਾਣਿਆਂ ਤੋਂ ਚਾਂਭਲੇ ਬੱਚੇ, ਸਿਰ ਚੁੱਕ ਚੁੱਕ ਪਏ ਵੇਖੀ ਜਾਂਦੇ।
ਕਈ ਲੋਕ ਮੁੱਖ ਮਾਰਗ ਦਾ ਮੋੜ ਬਚਾਣ ਲਈ ਵਿੱਚੋਂ ਹੁੰਦੇ ਟੁਰੀ ਜਾ ਰਹੇ ਸਨ: ਇੱਕ ਇੱਕ ਦੀ ਪੰਗਤੀ ਵਿੱਚ ਥੱਕੇ ਟੁੱਟੇ ਤੀਵੀਆਂ ਮਰਦ, ਸਿਰਾਂ ਉੱਤੇ ਪੁਰਾਣੀਆਂ ਟੋਪੀਆਂ ਪਾਈ, ਨੰਗੇ ਪੈਰੀਂ ਸੋਟੀਆਂ ਦਾ ਸਹਾਰਾ ਲੈ ਕੇ ਟੁਰੀ ਜਾ ਰਹੇ ਸਨ। ਉਹਨਾਂ ਨੂੰ ਹੁਣ ਆਪਣੇ ਮਾਲ ਡੰਗਰਾਂ ਤੇ ਕੁੱਕੜ ਚੂਚਿਆਂ ਦੀ ਕੋਈ ਚਿੰਤਾ ਨਹੀਂ ਸੀ ਰਹੀ ਨਾ ਕੋਈ ਗਾਂ ਰਹੀ ਸੀ, ਨਾ ਸੂਰ ਤੇ ਨਾ ਚੂਚੇ ਭੁੱਖ ਨੇ ਕੁੱਤੇ ਵੀ ਕਿਤੇ ਨਹੀਂ ਸਨ ਰਹਿਣ ਦਿੱਤੇ।
ਇੱਕ ਅਟੁੱਟ ਭੀੜ ਵਲ ਖਾਂਦੀ, ਪਹਾੜੀ ਸਿਖਰਾਂ ਤੇ ਦੰਦੀਆਂ ਤੇ ਸੁੱਖੜ ਚੜ੍ਹਾਈਆਂ ਉੱਤੋਂ ਲੰਘਦੀ, ਪਹਾੜਾਂ ਦੇ ਸਿਲਸਲਿਆਂ ਨੂੰ ਕੱਛਦੀ ਫਿਰ ਪਾਰ ਸਟੈਪੀ ਵਿੱਚ ਜਾ ਪਹੁੰਚਣ ਨੂੰ ਜਿੱਥੇ ਅੰਨ੍ਹ ਦਾਤਾ ਕਾਫ਼ੀ ਸੀ, ਤਰਲੇ ਲੈ ਰਹੀ ਸੀ।
ਭੁੱਲ ਜਾਓ ਦੁਖ ਤੇ ਗਮ ਯਾਰੋ,
ਆਓ ਚੁੱਕ ਪਿਆਲੇ ਤੇ ਮਖਮੂਰ ਹੋ ਜਾਓ...।
ਕਸਬੇ ਵਿੱਚੋਂ ਨਵੇਂ ਗੀਤਾਂ ਦੇ ਰੀਕਾਰਡ ਉਹਨਾਂ ਦੇ ਹੱਥ ਆ ਗਏ ਸਨ।
ਅਪਹੁੰਚ ਚੋਟੀਆਂ, ਨੀਲੇ ਆਕਾਸ਼ ਨੂੰ ਛੋਂਹਦੀਆਂ ਪਈਆਂ ਸਨ।
ਥੱਲੇ ਹੇਠਾਂ ਨਿੱਕਾ ਜਿਹਾ ਕਸਬਾ ਨੀਲੇ ਧੁੰਧਲਕੇ ਵਿੱਚ ਉਭਰਿਆ ਹੋਇਆ ਸੀ। ਖਾੜੀ ਦਾ ਆਲਾ ਦੁਆਲਾ ਧੁੰਧਲਾ ਹੋਇਆ ਹੋਇਆ ਸੀ । ਨੀਲੀ ਕਦੀ ਵਾਂਗ ਉੱਚਾ ਉੱਚਾ ਹੁੰਦਾ ਸਮੁੰਦਰ, ਮੁੱਖ ਮਾਰਗ ਦੇ ਰੁੱਖਾਂ ਦੀਆਂ ਚੋਟੀਆਂ ਦੇ ਪਿੱਛੇ ਛੁੱਪ ਗਿਆ ਸੀ। ਚਾਰੇ ਪਾਸੇ ਮਿੱਟੀ ਘੱਟਾ, ਮੱਖੀਆਂ ਤੇ ਢਿੱਗਾਂ ਦਿੱਸ ਰਹੀਆਂ ਸਨ ਤੇ ਦੂਰ ਦੂਰ ਫੈਲੇ ਹੋਏ ਸਨ ਕੰਵਾਰੇ
ਜੰਗਲ ਜੋ ਜਾਨਵਰਾਂ ਦੀ ਬਾਦਸ਼ਾਹਤ ਸਨ।
ਤ੍ਰਿਕਾਲਾਂ ਢਲੇ ਸਾਮਾਨ ਵਾਲੀ ਗੱਡੀ ਵਿੱਚ ਲਗਾਤਾਰ ਆਉਂਦੀ ਚੀਖਾਂ ਦੀ ਆਵਾਜ਼ ਵਿੱਚ, ਛੱਕੜਿਆਂ ਦੀ ਚੀਂ ਚੀਂ ਮੱਧਮ ਹੋ ਗਈ।
"ਮਾਂ..ਮਾਂ...ਮੈਨੂੰ ਭੁੱਖ ਲਗੀ ਏ.. ਭੁੱਖ ਭੁੱਖ ਲਗੀ ਏ ਮਾਂ ।"
ਮਾਵਾਂ ਕਾਲੇ ਤੇ ਮੁਰਝਾਏ ਪੰਛੀਆਂ ਵਾਂਗ ਅੱਗੇ ਨੂੰ ਧੌਣਾਂ ਤੇ ਚੁੰਝਾਂ ਨਿਕਲੀਆਂ ਹੋਈਆਂ, ਵਾਹਣੇ ਪੈਰੀਂ ਆਪਣੇ ਪਾਏ ਲਹਿੰਗੇ ਧਰੀਕਦੇ, ਛੱਕੜਿਆਂ ਦੇ ਨਾਲ ਨਾਲ ਸੜਕ ਦੀ ਚੜ੍ਹਾਈ ਚੜ੍ਹਦੀਆਂ ਲਾਲ ਸੂਹੀਆਂ ਅੱਖਾਂ ਨਾਲ ਬੱਚਿਆਂ ਵੱਲ ਬਿਟ ਬਿਟ ਵੇਖੀ ਜਾ ਰਹੀਆਂ ਸਨ। ਜਵਾਬ ਵੀ ਉਹ ਕੀ ਦੇਂਦੀਆਂ।
ਉਹ ਉੱਚੇ ਹੀ ਉੱਚੇ ਚੜ੍ਹਦੇ ਚਲੇ ਗਏ। ਜੰਗਲ ਘੱਟ ਸੰਘਣਾ ਹੁੰਦਾ ਗਿਆ ਤੇ ਪਿੱਛੇ ਰਹਿ ਗਿਆ। ਉੱਚੀਆਂ ਖਲ੍ਹਤੀਆਂ ਦੰਦੀਆਂ, ਖੱਡ ਤੇ ਭਾਰੇ ਅੱਗੇ ਵਧੇ ਚਟਾਨ ਇੰਝ ਜਾਪਦੇ ਸਨ, ਜਿਉਂ ਉਹਨਾਂ ਉੱਤੇ ਆ ਪੈਣਗੇ.. ਇੱਕ ਇੱਕ ਬਿੜਕ ਆਵਾਜ਼, ਘੋੜਿਆਂ ਦਾ ਵੱਜਦਾ ਇੱਕ ਇੱਕ ਪੌੜ, ਪਹੀਆਂ ਦੀ ਚੀਂ ਚੀਂ ਚਾਰੇ ਪਾਸੇ ਗੂੰਜ ਰਹੀ ਸੀ, ਤੇ ਵਿੱਚ ਰਲੀ ਹੋਈ ਸੀ ਮਨੁੱਖੀ ਆਵਾਜ਼ਾਂ ਦੀ ਹਾ ਹਾ ਕਾਰ । ਹਰ ਪਲ ਇਸ ਕਾਫ਼ਲੇ ਨੂੰ ਸੜਕ ਉੱਤੇ ਪਈਆਂ ਘੋੜਿਆਂ ਦੀਆਂ ਲੋਥਾਂ ਵਿੱਚੋਂ ਲੰਘਣਾ ਪੈ ਰਿਹਾ ਸੀ।
ਅਚਾਨਕ ਤਪਸ਼ ਜਿਉਂ ਘੱਟ ਹੋ ਗਈ। ਸਿਖ਼ਰਾਂ ਵੱਲੋਂ ਹਵਾ ਵਗਣ ਲੱਗ ਪਈ। ਬਿਨਾਂ ਬਿੜਕ, ਪਲ ਪਲ ਅਨ੍ਹੇਰਾ ਵੱਧਦਾ ਗਿਆ। ਝੱਟ ਅੰਨ੍ਹੇਰਾ ਫੈਲ ਗਿਆ ਤੇ ਸਿਆਹ ਕਾਲੇ ਆਕਾਸ਼ ਵਿੱਚੋਂ ਗੜ ਗੜ ਕਰਦਾ ਪਾਣੀ ਘਮ ਘਮ ਡਿੱਗਣ ਲੱਗ ਪਿਆ। ਇਹ ਕਿਤੇ ਮੀਂਹ ਨਹੀਂ ਸੀ ਵਰ੍ਹ ਰਿਹਾ, ਪਰ ਉਤੋਂ ਗੜ੍ਹਕਦਾ ਹੜ੍ਹ ਆ ਗਿਆ ਸੀ, ਜੋ ਲੋਕਾਂ ਨੂੰ ਪੈਰ ਰੋੜ੍ਹਨ ਲੱਗ ਪਿਆ ਸੀ। ਅੰਨ੍ਹੇਰੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ । ਪਾਣੀ ਉੱਤੋਂ, ਹੇਠ ਚਾਰੇ ਪਾਸਿਉਂ ਗੜ੍ਹਕਦਾ ਵਗ ਰਿਹਾ ਸੀ । ਪਾਟੀਆਂ ਹੋਈਆਂ ਲੀਰਾਂ ਤੇ ਗੁੱਥਾਂ ਹੋਏ ਸਿਰ ਦੇ ਵਾਲ ਪਾਣੀ ਵਿੱਚ ਭਿਜ ਕੇ ਚਟਾਈ ਵਾਂਗ ਹੋ ਗਏ। ਕਾਫਲੇ ਦੇ ਪੈਰ ਉੱਖੜ ਖੜ੍ਹੋਤੇ। ਲੋਕ, ਛੱਕੜੇ ਤੇ ਘੋੜੇ ਸਭ ਫਸ ਗਏ। ਪਾਣੀ ਦੇ ਰੋੜ੍ਹ ਨੇ, ਸਭ ਨੂੰ ਇੱਕ ਦੂਜੇ ਨਾਲੋਂ ਨਿਖੇੜ ਕੇ ਖਬਰੇ ਕਿਧਰ ਦਾ ਕਿਧਰ ਕਰ ਦਿੱਤਾ, ਨਾ ਕੁਝ ਦਿੱਸਦਾ ਸੀ, ਨਾ ਪਤਾ ਲੱਗਦਾ ਸੀ ਕਿ ਉਹਨਾਂ ਨਾਲ ਕੀ ਹੋ ਰਿਹਾ ਸੀ।
ਕੋਈ ਚੀਖਦਾ ਖੜਾ ਖਲ੍ਹਤਾ ਰੁੜ੍ਹੀ ਜਾ ਰਿਹਾ ਸੀ, ਕੋਈ ਪਾਣੀ ਵਿੱਚ ਡਿੱਗਾ ਰੁੜ੍ਹੀ ਜਾ ਰਿਹਾ ਸੀ। ਪਰ ਹੜ੍ਹ ਦੀ ਗੜ੍ਹਕ ਅੱਗੇ, ਉਹਨਾਂ ਚੀਖਾਂ ਦਾ ਕੀ ਜ਼ੋਰ ਸੀ । ਏਡਾ ਜ਼ੋਰ ਦਾ ਤੂਫਾਨ ਆਇਆ ਹੋਇਆ ਸੀ, ਜੋ ਇੰਝ ਲੱਗਦਾ ਸੀ ਕਿ ਆਕਾਸ਼ ਤੇ ਪਹਾੜ ਸਭ ਨੂੰ ਉੱਡਾ ਕੇ ਉਹਨਾਂ ਦੇ ਸਿਰਾਂ ਉੱਪਰ ਸੁੱਟ ਦੇਵੇਗਾ ਤੇ ਇਹ ਵੀ ਕੌਣ ਆਖ ਸਕਦਾ ਸੀ ਕਿ - ਪੂਰੀ ਗੱਡੀ ਦੀ ਗੱਡੀ, ਛੱਕੜਿਆਂ ਤੇ ਘੋੜਿਆਂ ਸਮੇਤ ਰੁੜ੍ਹਦੀ ਜਾ ਰਹੀ ਸੀ ।
"ਮਦਦ।"
"ਖਬਰੇ ਦੁਨੀਆਂ ਦਾ ਅੰਤ ਸੀ ਇਹ।"
ਸਭ ਉੱਚੀ ਉੱਚੀ ਰੌਲਾ ਪਾ ਰਹੇ ਸਨ, ਪਰ ਇਸ ਤੂਫ਼ਾਨ ਦੀ ਸ਼ੁਕਾਟ ਅੱਗੇ ਉਹਨਾਂ
ਦੀਆਂ ਚੀਖਾਂ ਨੂੰ ਕੌਣ ਸੁਣਦਾ ਸੀ।
ਕਈ ਘੋੜੇ ਪਾਣੀ ਦੇ ਵਹਿਣ ਵਿੱਚ ਰੁੜ੍ਹਦੇ, ਗਾਰ ਵਿੱਚ ਪਹੁੰਚ ਗਏ ਤੇ ਨਾਲ ਹੀ ਧੂਹ ਕੇ ਲੈ ਗਏ ਬੱਚਿਆਂ ਨਾਲ ਭਰੇ ਛੱਕੜੇ ਨੂੰ ਤੇ ਲੋਕ ਫਸੇ ਫਸਾਏ, ਇੰਝ ਟੁਰੀ ਗਏ, ਜਿਉਂ ਛੱਕੜਾ ਉਹਨਾਂ ਦੇ ਅੱਗੇ ਅੱਗੇ ਹਾਲਾਂ ਵੀ ਟੁਰੀ ਜਾ ਰਿਹਾ ਹੋਵੇ।
ਦੂਜੇ ਛੱਕੜਿਆਂ ਵਿੱਚ ਪਾਣੀ ਵਿੱਚ ਗੋਤੇ ਗੋਤ ਹੋਏ ਬੱਚੇ, ਭਿੱਜੇ ਸਿਰਹਾਣਿਆਂ ਤੇ ਲੀਰਾਂ ਵਿੱਚ ਸਹਿਮੇ, ਚੀਖ਼ੀ ਜਾ ਰਹੇ ਸੀ।
"ਮਾਂ... ਮਾਂ... ਡੈਡੀ..।"
ਇਸ ਹੜ੍ਹ ਦੀ ਗੜ੍ਹਕ ਅੱਗੇ ਉਹਨਾਂ ਦੀਆਂ ਦੁੱਖੀ ਚੀਖ਼ਾਂ ਕੀ ਆਖਣ। ਅੰਨ੍ਹੇਰੇ ਵਿੱਚ ਪੱਥਰ ਰਿੜ੍ਹਦੇ ਖਬਰੇ ਕਿੱਥੇ ਜਾ ਡਿੱਗਦੇ ਸਨ । ਪਾਣੀ ਵਿੱਚੋਂ ਲੰਘਦੀ ਹਵਾ, ਝੱਲਿਆਂ ਵਾਂਗ ਚੀਖ਼ਾਂ ਮਾਰਦੀ, ਖਬਰੇ ਕਿੱਧਰੋਂ ਆਉਂਦੀ ਸੀ ਤੇ ਕਿੱਧਰ ਜਾ ਨਿਕਲਦੀ ਸੀ।
ਅਚਾਨਕ ਕਾਲੀ ਬੋਲੀ ਰਾਤ ਵਿੱਚ ਇੱਕ ਨੀਲੀ ਜਿਹੀ ਭਾਹ ਲਿਸ਼ਕਦੀ। ਦੂਰ ਪਹਾੜਾਂ ਦੀਆਂ ਰੇਖਾਵਾਂ, ਦੰਦੀਆਂ, ਖੱਡ, ਘੋੜਿਆਂ ਦੇ ਕੰਨ ਜਿਉਂ ਸਾਹਮਣਿਓਂ ਉੱਭਰ ਆਏ.. ਵੇਖ ਕੇ ਅੱਖਾਂ ਨੂੰ ਕਈ ਚੋਭ ਜਿਹੀ ਪੈਂਦੀ ਸੀ - ਇਸ ਕੰਬਦੀ ਭਾਹ ਵਿੱਚ ਹਰ ਚੀਜ਼ ਮੁਰਦਾ, ਬੇਜਾਨ, ਬੇਹਰਕਤ ਜਾਪਦੀ ਸੀ। ਬੇਹਰਕਤ ਵਿਗੀਆਂ ਵਗਦੀਆਂ ਧਾਰਾਂ, ਭੱਗਾਂ ਸੁੱਟਦੀਆਂ ਵਗਦੀਆਂ ਨਦੀਆਂ, ਬੇਹਰਕਤ ਘੋੜੇ ਅੱਗੇ ਦਾ ਇੱਕ ਪੈਰ ਚੁੱਕਿਆ ਹੋਇਆ ਤੇ ਬੇਹਰਕਤ ਉਹ ਲੋਕ ਜੋ ਇਸ ਵਾਟ ਉੱਤੇ ਬਿਨਾਂ ਕਿਤੇ ਰੁੱਕੇ ਟੁਰੇ ਜਾ ਰਹੇ ਸਨ, ਟੁਰੀ ਜਾ ਰਹੇ ਸਨ ਕਾਲੇ ਮੂੰਹ ਅੱਡੀ ਜਿਉਂ ਕੋਈ ਗੱਲ ਮੂੰਹ ਵਿੱਚ ਆ ਕੇ ਰੁੱਕ ਗਈ ਹੋਵੇ ਤੇ ਬੇਹਰਕਤ ਸਨ ਬੱਚਿਆਂ ਦੇ ਉਹ ਨੀਲੇ ਪਏ ਹੱਥ, ਜੋ ਭਿੱਜੇ ਸਿਰਹਾਣਿਆਂ ਉੱਤੇ ਬੇਹਰਕਤ ਟਿਕੇ ਹੋਏ ਸਨ। ਸਭ ਕੁਝ ਇਸ ਕੰਬਦੀ ਆਵਾਜ਼ ਨੀਲੀ ਲੈਅ ਵਿੱਚ ਬੇਹਰਕਤ ਹੋ ਗਈ ਸੀ । ਜਿਉਂ ਸਭ ਕੁਝ ਜੰਮ ਗਿਆ ਹੋਵੇ।
ਇੰਝ ਜਾਪਦਾ ਸੀ ਕਿ ਇਸ ਨੀਲੀ ਲੋਅ ਦਾ ਕਾਂਬਾ ਸਾਰੀ ਰਾਤ ਛਿੜਿਆ ਰਹੇਗਾ, ਪਰ ਜਿਵੇਂ ਅਚਾਨਕ ਇਹ ਆਇਆ ਸੀ। ਉਸੇ ਤਰ੍ਹਾਂ ਤੱਕਦਿਆਂ ਤੱਕਦਿਆਂ, ਕਿਤੇ ਲੋਪ ਵੀ ਜਾ ਹੋਇਆ।
ਰਾਤ ਦੇ ਅੰਨ੍ਹੇਰੇ ਨੇ ਸਭ ਕੁਝ ਖਾ ਲਿਆ, ਪਰ ਅਚਾਨਕ ਇਸ ਚਾਰੇ ਪਾਸੇ ਫੈਲੀ ਚੁੱਪ ਚਾਂ ਨੂੰ ਝੂਦੀ ਇੱਕ ਆਵਾਜ਼ ਜਿਹੀ ਗੁੱਜੀ, ਜਿਉਂ ਪਹਾੜ ਦੀਆਂ ਵੱਖੀਆਂ ਪਾਟ ਗਈਆਂ ਹੋਣ ਤੇ ਵਿੱਚੋਂ ਆਂਦਰਾਂ ਏਡੇ ਜ਼ੋਰ ਦੀ ਗੜ ਗੜ ਕਰਦੀਆਂ ਬਾਹਰ ਨਿਕਲ ਆਈਆਂ ਹੋਣ ਕਿ ਰਾਤ ਦੀ ਵਿਸ਼ਾਲਤਾ ਨੂੰ ਸਾਂਭ ਕੇ ਰੱਖਣਾ ਔਖਾ ਹੋ ਗਿਆ ਹੋਵੇ। ਸਭ ਕੁਝ ਟੋਟੇ ਟੋਟੇ ਹੋ ਕੇ ਗੜ੍ਹਕਦਾ, ਚਾਰੇ ਪਾਸੇ, ਖੇਡਾਂ, ਖਾਈਆਂ ਤੇ ਜੰਗਲਾਂ ਵਿੱਚ ਰਿੜ੍ਹਦਾ ਜਾ ਡਿੱਗਾ । ਲੋਕਾਂ ਦੇ ਕੰਨ ਬੋਲੇ ਹੋ ਗਏ ਤੇ ਬੱਚਿਆਂ ਵਿੱਚ ਜਿਉਂ ਸਾਹ ਸਤ ਸਮਾਪਤ ਹੋ ਗਿਆ ਹੋਵੇ।
ਸਾਮਾਨ ਗੱਡੀ, ਸਿਪਾਹੀ, ਬੰਦੂਕਾਂ ਲੱਕੜ ਦੀਆਂ ਪੇਟੀਆਂ, ਰੀਫੂਜੀ-ਸਭ ਕੁਝ ਅਹਿਲ ਖੜ੍ਹਾ ਸੀ। ਲੋਕ ਤੇ ਛਕੜੇ ਸਭ ਇਸ ਹੜ੍ਹ ਤੇ ਤੂਫ਼ਾਨ, ਗਰਜ ਤੇ ਲਿਸ਼ਕਦੀ ਮਾਰੂ ਬਿਜਲੀ ਅੱਗੇ ਆਪਣੇ ਤਰਾਣ ਗੁਆ ਬੈਠੇ ਸਨ। ਸ਼ਕਤੀ ਦਾ ਅਖੀਰਲਾ ਕਣ ਵੀ ਬਾਕੀ
ਨਹੀਂ ਸੀ ਰਹਿ ਗਿਆ ਕਿਸੇ ਵਿੱਚ। ਘੜੇ ਬੇਹਾਲ ਗੋਡੇ ਗੋਡੇ ਪਾਣੀ ਵਿੱਚ ਕੰਨ ਸੁੱਟੀ ਟੁਰੀ ਜਾ ਰਹੇ ਸਨ। ਇਸ ਬਉਰੀ ਰਾਤ ਦੇ ਦੁੱਖਾਂ ਤੇ ਕਲੇਸ਼ਾਂ ਦੀ ਕੋਈ ਕੀ ਕਹਾਣੀ ਪਾਵੇ।
ਤੇ ਦਿਨ ਚੜ੍ਹੇ ਸੂਰਜ ਦੀਆਂ ਕਿਰਨਾਂ ਲਿਸ਼ਕਣ ਲੱਗ ਪਈਆਂ: ਧੋਤੀ ਧਾਤੀ ਹਵਾ, ਡਾਢੀ ਨਿਖਰੀ ਹੋਈ ਸੀ, ਨੀਲੇ ਪਹਾੜਾਂ ਉੱਤੇ ਜਿਉਂ ਧੋਤੀ ਹੋਈ ਮਹੀਨ ਚਾਦਰ ਖਿਲਰੀ ਪਈ ਹੋਵੇ। ਬਸ, ਜੋ ਚਿਹਰਾ ਕਾਲ਼ਾ ਪਿਆ ਹੋਇਆ ਸੀ, ਜਾਂ ਸੁੱਕ ਕੇ ਮੂੰਹ ਅੱਗੇ ਨੂੰ ਨਿਕਲ ਆਇਆ ਸੀ, ਜਾਂ ਹੱਡ ਗੋਡੇ ਰਗੜ ਕੇ ਖਲ੍ਹਤਾ ਹੋਇਆ ਸੀ, ਤਾਂ ਉਹ ਸੀ ਮਨੁੱਖ। ਉਹ ਥੱਕੇ ਹਾਰੇ ਘੋੜਿਆਂ ਨੂੰ ਟੋਰਨ ਲਈ ਵਾਹ ਲਾ ਰਹੇ ਸਨ ਤੇ ਘੋੜੇ। ਅੱਗੇ ਭੁੱਕੇ ਹੋਏ ਸਿਰ, ਪਿੰਜਰ ਨਿਕਲੇ ਹੋਏ ਤੇ ਸੁੱਕੇ ਚਮੜੇ ਉੱਪਰ ਧੋਤੇ ਹੋਏ ਵਾਲ ਨਾਲ ਚੰਬੜੇ ਹੋਏ।
ਇਹਨਾਂ ਮੌਤਾਂ ਦੀ ਖ਼ਬਰ ਕੋਜ਼ੂਖ ਨੂੰ ਦਿੱਤੀ ਗਈ।
"ਗੱਲ ਇੰਝ ਹੈ ਸਾਥੀ ਕੋਜ਼ੂਖ, ਤਿੰਨ ਛੱਕੜੇ, ਲੋਕਾਂ ਤੇ ਸਭ ਕੁਝ ਨਾਲ ਲੱਦ ਲਦਾਏ, ਖੱਡ ਵਿੱਚ ਰੁੜ੍ਹ ਗਏ ਨੇ। ਇੱਕ ਬੱਘੀ ਉੱਤੇ ਇੱਕ ਚਟਾਨ ਆ ਕੇ ਡਿੱਗੀ, ਤੇ ਉਹ ਟੋਟੇ ਟੋਟੇ ਹੋ ਗਈ। ਦੋ ਬੰਦਿਆਂ ਨੂੰ ਬਿਜਲੀ ਮਾਰ ਗਈ । ਤੀਜੀ ਕੰਪਨੀ ਦੇ ਦੋ ਬੰਦਿਆਂ ਦਾ ਕੁਝ ਪਤਾ ਨਹੀਂ ਲੱਗ ਰਿਹਾ। ਕਈ ਘੋੜੇ ਮੁੱਖ ਮਾਰਗ ਉੱਤੇ ਡਿੱਗੇ ਢੱਠੇ ਮਰੇ ਪਏ ਹਨ।"
ਕੋਜੂਖ ਨੇ ਪਾਣੀ ਨਾਲ ਧੋਤੇ ਮੁੱਖ ਮਾਰਗ ਵੱਲ ਤੇ ਬੇਮੁਹਾਰੇ ਚਟਾਨਾਂ ਵੱਲ ਨਿਗਾਹ ਮਾਰੀ।
"ਅਸੀਂ ਰਾਤ ਰੁਕਾਂਗੇ ਨਹੀਂ" ਉਹ ਕਹਿਣ ਲੱਗਾ, "ਰਾਤ ਦਿਨ ਟੁਰੀ ਜਾਣਾ ਹੈ। ਅੱਗੇ ਹੀ ਅੱਗੇ ਵਧੀ ਜਾਣਾ ਹੈ।"
"ਸਾਥੀ ਕੋਜ਼ੂਖ ਘੋੜਿਆਂ ਦੇ ਵੱਸ ਦਾ ਹੁਣ ਇਹ ਨਹੀਂ ਰਿਹਾ। ਇੱਕ ਮੁੱਠ ਸੁੱਕਾ ਘਾਹ ਕਿਤੇ ਨਹੀਂ। ਜਦ ਅਸੀਂ ਜੰਗਲਾਂ ਵਿੱਚੋਂ ਲੰਘਦੇ ਸਾਂ ਤਾਂ ਉਹਨਾਂ ਨੂੰ ਪੱਤਰ ਤੋੜ ਤੋੜ ਖੁਆਂਦੇ ਸਾਂ, ਇਥੇ ਤਾਂ ਹੁਣ ਪੱਥਰ ਹੀ ਪੱਥਰ ਰਹਿ ਗਏ ਨੇ।"
ਕੋਜੂਖ ਝੱਟ ਕੁ ਲਈ ਮੌਨ ਰਿਹਾ।
"ਬਿਨਾਂ ਘੜੀ ਦੀ ਢਿੱਲ ਮੱਠ ਦੇ ਟੁਰੀ ਚੱਲੋ।" ਉਸ ਆਖਿਆ। "ਜੇ ਅਸੀਂ ਰੁੱਕੇ, ਸਾਰੇ ਘੋੜੇ ਤਬਾਹ ਹੋ ਜਾਣਗੇ। ਹੁਕਮ ਲਿਖੋ।"
ਪਹਾੜ ਦੀ ਹਵਾ ਡਾਢੀ ਨਿਖਰੀ ਹੋਈ ਸੀ ਤੇ ਸਾਹ ਲੈਣਾ ਜ਼ਿੰਦਗੀ ਦੇ ਘੁੱਟ ਭਰਨਾ ਸੀ, ਪਰ ਇਹਨਾਂ ਹਜ਼ਾਰਾਂ ਬੰਦਿਆਂ ਲਈ ਇਸ ਦੀ ਕੋਈ ਖਿੱਚ ਨਹੀਂ ਸੀ ਰਹੀ। ਉਹ ਅੱਖਾਂ ਭੁੰਜੇ ਟਿਕਾਈ, ਛੱਕੜਿਆਂ ਜਾਂ ਤੋਪਾਂ ਦੇ ਨਾਲ ਨਾਲ, ਸੜਕ ਦੇ ਇੱਕ ਪਾਸੇ ਟੁਰੀ ਗਏ। ਰਸਾਲੇ ਦੇ ਬੰਦੇ ਘੋੜਿਆਂ ਤੋਂ ਉੱਤਰ ਕੇ, ਉਹਨਾਂ ਦੀ ਲਗਾਮ ਫੜੀ ਪਿੱਛੇ ਪਿੱਛੇ, ਤੁਰੀ ਜਾ ਰਹੇ ਸਨ।
ਚਾਰੇ ਪਾਸੇ ਬੰਜਰ ਖੁਸ਼ਕ ਸੁੱਖੜ ਚਟਾਨਾਂ ਦੇ ਅੱਡੇ ਮੂੰਹਾਂ ਵਾਲੀਆਂ ਖੱਡਾਂ, ਜਿਉਂ ਆਪਣੇ ਸ਼ਿਕਾਰ ਨੂੰ ਹੜੱਪ ਕਰ ਜਾਣ ਲਈ ਉਡੀਕ ਰਹੀਆਂ ਹੋਣ । ਖਾਈਆਂ ਵਿੱਚ ਧੁੰਦ ਫੈਲੀ ਹੋਈ ਸੀ।
ਸਿਆਹ ਚਟਾਨਾਂ ਤੇ ਦਰਾੜਾਂ ਛੱਕੜਿਆਂ ਦੀ ਲਗਾਤਾਰ ਚੀਂ ਚੀਂ, ਪਹੀਆਂ ਦੀ
ਖੜ ਖੜ ਤੇ ਪੈੜਾਂ ਦੀ ਕਾੜ ਕਾੜ ਤੇ ਖੜਕ ਖੜਕਾਰ ਨਾਲ ਗੂੰਜ ਗਈਆਂ ਖ਼ਾਮੋਸ਼ੀ ਸਗੋਂ ਕਈ ਗੁਣਾਂ ਉੱਚੀ ਹੋ ਕੇ ਗੂੰਜੀ ਤੇ ਗਜਦੀ ਲੰਘ ਗਈ। ਸਭ ਚੁੱਪ ਚਾਂ ਵਿਚ ਟੁਰੀ ਜਾ ਰਹੇ ਸਨ। ਜੇ ਕਿਸੇ ਚੀਖ਼ ਵੀ ਮਾਰੀ ਹੁੰਦੀ, ਤਾਂ ਇਸ ਰੋਲੇ ਵਿੱਚ ਜੇ ਕਈ ਮੀਲਾਂ ਵਿੱਚ ਫੈਲਿਆ ਹੋਇਆ ਸੀ, ਡੁੱਬ ਜਾਂਦੀ ।
ਇਥੋਂ ਤੱਕ ਕਿ ਬੱਚੇ ਵੀ ਨਾ ਚੀਖਦੇ ਸਨ ਤੇ ਨਾ ਰੋਟੀ ਮੰਗਦੇ ਸਨ। ਉਹਨਾਂ ਦੇ ਮੁਰਦਾ ਬੇਜਾਨ ਸਿਰ ਹਿੱਲੀ ਜਾਂਦੇ ਸਨ । ਮਾਵਾਂ ਨੂੰ ਕੋਈ ਲੋੜ ਨਹੀਂ ਸੀ ਕਿ ਉਹ ਬੰਦਿਆਂ ਨੂੰ ਚੁੱਪ ਕਰਾਂਦੀਆਂ, ਉਹ ਛੱਕੜਿਆਂ ਦੇ ਪਿੱਛੇ ਪਿੱਛੇ, ਭੀੜ ਨਾਲ ਭਰੇ ਉਸ ਮੁੱਖ ਮਾਰਗ ਉੱਤੇ ਅੱਖਾਂ ਟਿਕਾਈ ਟੁਰੀ ਜਾ ਰਹੀਆਂ ਸਨ, ਜੋ ਉੱਪਰ ਉੱਪਰ ਹੁੰਦਾ ਆਕਾਸ਼ ਵੱਲ ਪਹੁੰਚਣ ਦੀ ਕਰ ਰਿਹਾ ਸੀ। ਉਹਨਾਂ ਦੀਆਂ ਅੱਖਾਂ ਖੁਸ਼ਕ ਹੋਈਆਂ ਹੋਈਆਂ ਸਨ।
ਜਿਸ ਵੇਲੇ ਕੋਈ ਘੋੜਾ ਰੁੱਕ ਜਾਂਦਾ, ਛੱਕੜੇ ਵਿੱਚ ਬੈਠੇ ਸਾਰਿਆਂ ਦੇ ਭੈਅ ਨਾਲ ਸਤਰ ਸੁੱਕਣ ਲੱਗ ਪੈਂਦੇ। ਸ਼ੁਦਾਈਆਂ ਵਾਂਗ, ਉਹ ਹੇਠਾਂ ਚੱਲ ਕੇ ਪਹੀਏ ਨੂੰ ਥੰਮ੍ਹ ਲੈਂਦੇ ਤੇ ਛੱਕੜੇ ਵਿੱਚ ਮੋਢੇ ਦੇ ਕੇ ਜ਼ੋਰ ਜ਼ੋਰ ਦੀ ਰੌਲਾ ਪਾਂਦੇ ਤੇ ਸ਼ੁਸ਼-ਸ਼ੁਸ਼ ਕਰਦੇ ਚਾਬਕਾਂ ਘੁਮਾਈ ਜਾਂਦੇ ਤੇ ਉਹਨਾਂ ਦਾ ਰੌਲਾ ਉਸ ਸਦਾ ਦੀ ਛਕੜਿਆਂ ਦੀ ਚੀਂ ਚੀਂ ਵਿੱਚ ਜੋ ਅਣਗਿਣਤ ਪਹੀਆਂ ਦੀ ਖੜ ਖੜ ਨਾਲ ਕਈ ਗੁਣਾਂ ਵੱਧ ਉੱਚੀ ਹੋ ਕੇ ਗੂੰਜਦਾ ਸੀ, ਗੁੰਮ ਹੋ ਜਾਂਦਾ ।
ਘੋੜਾ ਮਸਾਂ ਇੱਕ ਦੇ ਕਦਮ ਹੋਰ ਟੁਰਦਾ, ਡਗਮਗਾਂਦਾ ਤੇ ਉੱਥੇ ਹੀ ਡਿੱਗ ਪੈਂਦਾ। ਥੰਮ੍ਹ ਟੁੱਟ ਜਾਂਦਾ, ਫਿਰ ਉਸ ਨੂੰ ਕੋਈ ਨਾ ਉੱਠਾ ਸਕਦਾ, ਲੱਤਾਂ ਆਕੜੀਆਂ ਪਈਆਂ ਹੁੰਦੀਆਂ, ਦੰਦ ਬਾਹਰ ਨੂੰ ਨਿਕਲੇ ਹੁੰਦੇ ਤੇ ਉਸ ਦੀਆਂ ਅੱਖਾਂ ਅੱਗੇ ਅੰਨ੍ਹੇਰਾ ਛਾਇਆ ਹੁੰਦਾ।
ਬੱਚਿਆਂ ਨੂੰ ਛੱਕੜੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ। ਮਾਂ ਵੱਡਿਆਂ ਨੂੰ ਧੱਕਾ ਮਾਰ ਕੇ ਅੱਗੇ ਲਾ ਲੈਂਦੀ ਤੇ ਨਿਆਣਿਆਂ ਨੂੰ ਕੁੱਛੜ ਜਾਂ ਪਿੱਠ ਉੱਤੇ ਪਾ ਲੈਂਦੀ। ਜਦ ਬੱਚੇ ਵਧੇਰੇ ਹੁੰਦੇ, ਮਾਂ ਇੱਕ ਨੂੰ ਜਾਂ ਦੋਹਾਂ ਨੂੰ ਸੜਕ ਉੱਤੇ ਡਿੱਗੇ ਛੱਕੜੇ ਵਿੱਚ ਹੀ ਛੱਡ ਦੇਂਦੀ ਤੇ ਬਿਨਾਂ ਪਿੱਛੇ ਇੱਕ ਝਾਤ ਪਾਇਆ ਹੰਝੂਆਂ ਰਹਿਤ ਅੱਖਾਂ ਦੂਰ ਸੜਕ ਉੱਤੇ ਟਿਕਾਈ ਟੁਰੀ ਜਾਂਦੀ। ਉਸ ਦੇ ਪਿੱਛੇ ਦੂਜੇ ਲੋਕ ਬਿਨਾਂ ਵੇਖੇ ਟੁਰੀ ਜਾਂਦੇ ਤੇ ਡਿਗੇ ਹੋਏ ਛੱਕੜੇ ਦੇ ਦੁਆਲਿਓਂ ਦੂਜੇ ਛਕੜੇ ਲੰਘੀ ਜਾਂਦੇ। ਜੀਉਂਦੇ ਘੋੜੇ ਮਰੇ ਹੋਏ ਘੋੜੇ ਵੱਲ ਵੇਖ ਕੇ ਮੂੰਹ ਦੂਜੇ ਪਾਸੇ ਫੇਰ ਲੈਂਦੇ। ਜਿਊਂਦੇ ਬੱਚੇ ਡਿੱਗ ਹੋਏ ਛੱਕੜੇ ਵਿੱਚ ਪਏ ਦੂਜੇ ਬੱਚਿਆਂ ਕੋਲੋਂ ਦੀ ਲੰਘ ਜਾਂਦੇ - ਤੇ ਉਹ ਬੇਰੋਕ ਗੂੰਜ ਰਹੀ ਚੀਂ ਚੀਂ ਬੀਤੇ ਨੂੰ ਖਾ ਜਾਂਦੀ।
ਇੱਕ ਮਾਂ, ਜੋ ਆਪਣੇ ਬੱਚੇ ਨੂੰ ਕਈ ਮੀਲ ਚੁੱਕੀ ਟੁਰੀ ਆਈ ਸੀ, ਥੱਕ ਕੇ ਲੜਖੜਾਨ ਲੱਗ ਪਈ, ਉਸ ਦੇ ਗੋਡੇ ਜਵਾਬ ਦੇ ਗਏ। ਮੁੱਖ ਮਾਰਗ ਛੱਕੜੇ ਤੇ ਚਟਾਨਾਂ ਉਸ ਦੇ ਦੁਆਲੇ ਇੱਕ ਧੁੰਦ ਵਾਂਗ ਪਸਰਨ ਲੱਗ ਪਏ।
“ਨਾ, ਮੈਂ ਤਾਂ ਕਦੇ ਵੀ ਉੱਥੇ ਨਹੀਂ ਪਹੁੰਚ ਸਕਦੀ...।"
ਉਹ ਸੜਕ ਕੰਢੇ ਵੱਟਿਆਂ ਦੇ ਇੱਕ ਢੇਰ ਉਤੇ ਬੈਠ ਗਈ ਤੇ ਬੱਚੇ ਵੱਲ ਵੇਖਦੀ, ਉਸ ਨੂੰ ਹੱਥਾਂ ਵਿੱਚ ਉਛਾਲਣ ਲੱਗ ਪਈ ਤੇ ਛੱਕੜਿਆਂ ਦੀ ਅਟੁੱਟ ਕਤਾਰ ਉਸ ਦੇ ਕੋਲੋਂ ਲੰਘਦੀ ਗਈ।
ਉਸ ਦੇ ਬੱਚੇ ਦਾ ਕਾਲਾ ਸੁੱਕਾ ਮੂੰਹ ਖੁੱਲ੍ਹਾ ਹੋਇਆ ਸੀ। ਉਸ ਦੀਆਂ ਗੂੜੀਆਂ ਨੀਲੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ।
ਉਹ ਰੋਣ ਹਾਕੀ ਹੋਈ ਹੋਈ ਸੀ।
“ਮੇਰੇ ਲਾਲ, ਮੇਰੇ ਬੱਚੇ, ਮੇਰੇ ਫੁੱਲ ਮੈਂ ਤੈਨੂੰ ਦੁੱਧ ਕਿੱਥੋਂ ਦਿਆਂ।"
ਉਹ ਬੱਚੇ ਦਾ ਮੂੰਹ ਚੁੰਮ ਚੁੰਮ ਕੇ ਬੇਹਾਲ ਹੋ ਗਈ, ਜੋ ਉਸ ਦੀ ਜਿੰਦ ਸੀ ਜਾਨ ਸੀ, ਤੇ ਇੱਕ ਇੱਕ ਖੁਸ਼ੀ ਦਾ ਸਹਾਰਾ ਸੀ। ਪਰ ਉਸ ਦੀਆਂ ਅੱਖਾਂ ਖੁਸ਼ਕ ਸਨ।
ਨਿੱਕਾ ਕਾਲਾ ਮੂੰਹ ਸਖਤ ਪਿਆ ਹੋਇਆ ਸੀ ਤੇ ਉਸ ਦੀਆਂ ਤਾੜੇ ਲੱਗੀਆਂ ਅੱਖਾਂ ਉੱਤੇ ਚਿੱਟਾ ਆਇਆ ਹੋਇਆ ਸੀ। ਉਸ ਘੁੱਟ ਕੇ ਉਸ ਦਾ ਨਿੱਕਾ ਜਿਹਾ ਮੂੰਹ ਆਪਣੀ ਛਾਤੀ ਨਾਲ ਲਾ ਲਿਆ। ਉਹ ਠੰਡਾ ਠਾਰ ਹੁੰਦਾ ਜਾ ਰਿਹਾ ਸੀ।
“ਮੇਰੀ ਬੱਚੀ, ਮੇਰੀ ਲਾਡੋ, ਤੂੰ ਸਦਾ ਲਈ ਦੁੱਖ ਤੋਂ ਛੁੱਟ ਚਲੀ ਏ, ਮੇਰੀ ਰਾਣੇ।"
ਬੱਚੇ ਦਾ ਨਿੱਕਾ ਜਿਹਾ ਸਰੀਰ ਉਸ ਦੀ ਝੋਲੀ ਵਿੱਚ ਆਕੜ ਗਿਆ।
ਉਸ ਵੱਟੇ ਪਰੇ ਕਰਕੇ ਥੋੜ੍ਹੀ ਜਿਹੀ ਥਾਂ ਹੱਥਾਂ ਨਾਲ ਪੁਟੀ ਤੇ ਆਪਣੀ ਲਾਡਲੀ ਨੂੰ ਵਿੱਚ ਲਿਟਾ ਦਿੱਤਾ। ਉਸ ਦੇ ਗਲੇ ਵਿੱਚੋਂ ਤਵੀਤ ਲਾਹ ਲਿਆ, ਉਸ ਉਤੇ ਬੁੱਕਾਂ ਨਾਲ ਮਿੱਟੀ ਪਾਈ ਤੇ ਛਾਤੀ ਉੱਤੇ ਕਰਾਸ ਦਾ ਚਿੰਨ੍ਹ ਬਣਾ ਕੇ, ਖ਼ਾਮੋਸ਼ ਖਲ੍ਹੇ ਗਈ।
ਬਿਨਾਂ ਉੱਧਰ ਧਿਆਨ ਕੀਤੇ ਲੋਕ ਲੰਘਦੇ ਗਏ । ਛੱਕੜਿਆਂ ਦੀ ਅਟੁੱਟ ਕਤਾਰ ਚੀਂ ਚੀਂ ਕਰਦੀ ਲੰਘਦੀ ਗਈ ਤੇ ਇਸ ਭੁੱਖੀ ਚੀਂ ਚੀਂ ਦੀ ਗੂੰਜ ਭੁੱਖੇ ਪੱਥਰਾਂ ਵਿੱਚੋਂ ਪਰਤ ਕੇ ਆਉਂਦੀ ਗਈ।
ਦਸਤੇ ਦੇ ਸਭ ਤੋਂ ਅੱਗੇ, ਘੋੜਿਆਂ ਤੋਂ ਹੇਠਾਂ ਢਲ ਕੇ ਸਵਾਰ ਲੜਖੜਾਂਦੇ ਘੋੜਿਆਂ ਦੀਆਂ ਰਾਸਾਂ ਫੜੀ, ਆਪਣੇ ਪਿੱਛੇ ਪਿੱਛੇ ਖਿੱਚੀ ਟੁਰੀ ਜਾ ਰਹੇ ਸਨ । ਘੋੜਿਆਂ ਦੇ ਕੰਨ ਕੁੱਤਿਆਂ ਦੇ ਕੰਨਾਂ ਵਾਂਗ ਹੇਠਾਂ ਡਿੱਗੇ ਝੂਲਦੇ ਜਾ ਰਹੇ ਸਨ।
ਗਰਮੀ ਤੇਜ਼ ਹੋ ਗਈ। ਮੱਖੀਆਂ ਜੋ ਝੱਖੜ ਤੂਫਾਨ ਵੇਲੇ ਛੱਕੜਿਆਂ ਦੇ ਹੇਠਾਂ ਜਾ ਵੜੀਆਂ ਸਨ, ਫਿਰ ਤੂੰ ਤੂੰ ਕਰਦੀਆਂ ਬਾਹਰ ਨਿਕਲ ਆਈਆਂ ਤੇ ਚਾਰੇ ਪਾਸੇ ਥਾਂ ਕਾਲੀ ਕਰ ਛੱਡੀ।
“ਓਏ ਮੁੰਡਿਓ! ਤੁਸੀਂ ਕਿਉਂ ਭਿੱਜੀ ਬਿੱਲੀ ਵਾਂਗ ਟੰਗਾਂ ਵਿੱਚ ਪੂਛ ਲਈ ਇੱਧਰ ਉੱਧਰ ਲਪਕਦੇ ਫਿਰ ਰਹੇ ਹੋ ? ਕੋਈ ਹੇਕ ਛੱਡ ਯਾਰ।"
ਕੋਈ ਵੀ ਨਾ ਅੱਗੋਂ ਬੋਲਿਆ। ਸਭ ਥੱਕੇ ਟੁੱਟੇ ਟੁਰੀ ਗਏ। ਰਸਾਲੇ ਦੇ ਜਵਾਨ, ਘੋੜਿਆਂ ਨੂੰ ਆਪਣੇ ਪਿੱਛੇ ਪਿੱਛੇ ਖਿੱਚੀ ਟੁਰੀ ਜਾ ਰਹੇ ਸਨ।
“ਡਾਢੇ ਨਿਕੰਮੇ ਓ ਯਾਰ, ਓਏ ਕੋਈ ਤਵਾ ਹੀ ਲਾ ਦਿਓ।"
ਉਸ ਤਵਿਆਂ ਵਾਲ਼ੇ ਝੋਲੇ ਵਿੱਚ ਹੱਥ ਮਾਰਿਆ ਤੇ ਇੱਕ ਵਿੱਚੋਂ ਕੱਢ ਲਿਆ, ਤੇ ਉੱਤੇ ਛਪੇ ਹਰਫ਼ ਪੜ੍ਹਨ ਲੱਗ ਪਿਆ: "ਬ.. ਬਿ.. ਬਿਮ, ...ਬੋ ... ਬਮ, ਓਏ ਅਹਿ ਕੀ ਊਟ ਪਟਾਂਗ?"
'ਮ.. ਮਸ.. ਖਰੇ... ਜੋ ਹਸਾਣ ਗੇ । ਖਬਰੇ ਕੀ ਊਟ ਪਟਾਂਗ ਹੈ। ਪਰ ਚੱਲੋ ਲਾ
ਦਿਓ ।"
ਉਸ ਵਾਜੇ ਨੂੰ ਜੋ ਘੋੜੇ ਦੀ ਪਿੱਠ ਉੱਤੇ ਪਿਆ ਹੋਇਆ ਸੀ, ਚਾਬੀ ਦਿੱਤੀ ਤੇ ਉੱਤੇ ਤਵਾ ਟਿੱਕਾ ਕੇ ਰੱਖ ਦਿੱਤਾ।
ਝੱਟ ਕੁ ਉਸ ਦੇ ਚਿਹਰੇ ਤੋਂ ਸੱਚੀ ਮੁੱਚੀ ਦੀ ਹੈਰਾਨੀ ਦੀ ਝਲਕ ਦਿੱਸੀ, ਫਿਰ ਉਹ ਉਸ ਮੇਰੀ ਵਿੱਚ ਅੱਖਾਂ ਜੋੜ ਕੇ ਵੇਖਣ ਲੱਗ ਪਿਆ ਤੇ ਕੰਨਾਂ ਤੀਕ ਉਸ ਦੀਆਂ ਵਾਛਾਂ ਖਿੜ ਗਈਆਂ... ਉਸ ਦਾ ਇੱਕ ਇੱਕ ਦੰਦ ਲਿਸ਼ਕਿਆ ਤੇ ਫਿਰ ਉਸ ਨੂੰ ਹਾਸੇ ਦੀ ਜਿਉਂ ਇੱਕ ਛੂਤ ਦੀ ਬਿਮਾਰੀ ਲੱਗ ਗਈ ਤੇ ਉਸ ਦਾ ਹਾਸਾ ਵੱਖੀਆਂ ਪਾੜਨ ਲੱਗ ਪਿਆ। ਗਾਉਣ ਦੀ ਥਾਈਂ ਤਵੇ ਵਿੱਚੋਂ ਇੰਝ ਹਾਸੇ ਦੇ ਬੁੱਲੇ ਨਿਕਲ ਰਹੇ ਸਨ ਜਿਉਂ ਵਾਜੇ ਵਿੱਚ ਕੋਈ ਬੈਠਾ ਹੱਸ ਹੱਸ ਦੂਹਰਾ ਚੋਹਰਾ ਹੋ ਰਿਹਾ ਹੋਵੇ। ਦੋ ਬੰਦੇ ਹੱਸ ਰਹੇ ਸਨ । ਪਹਿਲਾਂ ਇੱਕ ਫਿਰ ਦੂਜਾ ਤੇ ਫਿਰ ਦੋਵੇਂ ਇਕੱਠੇ । ਹਾਸਾ ਵੀ ਬੜਾ ਅਜੀਬ ਜਿਹਾ ਸੀ, ਕਦੇ ਬੱਚਿਆਂ ਵਰਗਾ ਜਿਉਂ ਕੋਈ ਉਹਨਾਂ ਨੂੰ ਕੁਤ ਕੁਤਾੜੀਆਂ ਕੱਢ ਰਿਹਾ ਹੋਵੇ ਤੇ ਕਦੇ ਕਦੇ ਏਨਾ ਉੱਚਾ ਉੱਚਾ ਕਿ ਆਲਾ ਦੁਆਲਾ ਵੀ ਹਿਲ ਜਾਏ। ਉਹ ਏਨਾ ਹੱਸੇ, ਏਨਾ ਹੱਸੇ ਕਿ ਉਹਨਾਂ ਦਾ ਸੰਘ ਸੁੱਕਣ ਲੱਗ ਪਿਆ ਤੇ ਖੰਘ ਛਿੜ ਗਈ। ਪਰ ਉਹ ਹੱਸੀ ਜਾ ਰਹੇ ਸਨ, ਝੱਲਿਆਂ ਵਾਂਗ ਸਿਰ ਮਾਰ ਮਾਰ ਜਿਉਂ ਜ਼ਨਾਨੀਆਂ ਨੂੰ ਮਿਰਗੀ ਪੈ ਰਹੀ ਹੋਵੇ। ਉਹਨਾਂ ਦੀਆਂ ਵੱਖੀਆਂ ਪਾਟਦੀਆਂ ਜਾ ਰਹੀਆਂ ਸਨ ਤੇ ਹਾਸਾ ਸੀ ਕਿ ਠੱਲ੍ਹਿਆ ਨਹੀਂ ਸੀ ਜਾ ਰਿਹਾ।
ਪੈਦਲ ਟੁਰਦੇ ਰਸਾਲੇ ਦੇ ਬੰਦੇ ਉਸ ਧੂਤੇ ਵੱਲ ਵੇਖ ਵੇਖ, ਜੋ ਕਈ ਤਰ੍ਹਾਂ ਦੇ ਹਾਸੇ ਦੀਆਂ ਆਵਾਜ਼ਾਂ ਕੱਢ ਰਿਹਾ ਸੀ, ਮੁਸਕਰਾਨ ਲੱਗ ਪਏ। ਇਸ ਹਾਸੇ ਦੀ ਬਿਮਾਰੀ ਐਸੀ ਪਈ ਕਿ ਇੱਕ ਨੂੰ ਹੱਸਦਾ ਵੇਖ ਕੇ ਦੂਜਾ ਵੀ ਹੱਸੀ ਜਾ ਰਿਹਾ ਸੀ, ਤੇ ਫਿਰ ਕਿੱਥੋਂ ਕਿੱਥੋਂ ਤੱਕ ਇਹ ਲਹਿਰ ਜਿਹੀ ਫੈਲ ਗਈ।
ਇਹ ਹੌਲੀ ਹੌਲੀ ਟੁਰਦੇ ਪਿਆਦਾ ਫੌਜ ਵਿੱਚ ਵੀ ਜਾ ਪਹੁੰਚੀ। ਉੱਥੇ ਵੀ ਸਾਰੇ ਹੱਸਣਾ ਸ਼ੁਰੂ ਹੋ ਗਏ, ਬਿਨਾਂ ਇਸ ਗੱਲ ਤੋਂ ਵਾਕਿਫ਼ ਹੋਏ ਕਿ ਗੱਲ ਕੀ ਸੀ । ਹਾਸੇ ਦੀਆਂ ਲਹਿਰਾਂ ਸਭ ਨੂੰ ਝੂਣਦੀਆਂ ਪਿੱਛੇ ਵੱਲ ਜਾ ਪਹੁੰਚੀਆਂ।
"ਹੋ ਕੀ ਗਿਆ ਸਾਰਿਆਂ ਨੂੰ ?" ਪੁੱਛਦੇ ਵੀ ਜਾਂਦੇ, ਤੇ ਹੱਸ ਹੱਸ ਦੂਹਰੇ ਹੁੰਦੇ, ਆਪਣੀਆਂ ਵੱਖੀਆਂ ਵੀ ਘੁਟੀ ਜਾਂਦੇ।
ਪਿਆਦਾ ਫੌਜ ਦੇ ਬੰਦੇ ਹੱਸੇ ਤੇ ਸਾਮਾਨ ਵਾਲੀ ਗੱਡੀ ਵਾਲੇ ਹੱਸੇ, ਰੀਫੂਜੀ ਹੱਸੇ, ਅੱਖਾਂ ਵਿੱਚ ਖੌਫ ਭਰੀਆਂ ਮਾਵਾਂ ਹੱਸੀਆਂ, ਮੀਲਾਂ ਮੀਲਾਂ ਵਿੱਚ ਸਭ ਮੁੱਖ ਮਾਰਗ ਉੱਤੇ ਟੁਰਦੇ ਹੱਸੀ ਜਾ ਰਹੇ ਸਨ ਤੇ ਨਾਲ ਨਾਲ ਛੱਕੜਿਆਂ ਦੀ ਚੀਂ ਚੀਂ ਤੇ ਪਹੀਆਂ ਦੀ ਖੜ ਖੜ ਵੀ ਜਿਉਂ ਭੁੱਖੇ ਪੱਥਰਾਂ ਵਿੱਚ ਹਾਸਾ ਗੂੰਜਾ ਰਹੀ ਸੀ।
ਜਿਸ ਵੇਲੇ ਹਾਸੇ ਦੀ ਇਹ ਲਹਿਰ ਸਭ ਨੂੰ ਹਿਲੋਰੇ ਦੇਂਦੀ ਕੋਜੂਖਕੋਲ ਪਹੁੰਚੀ ਉਸ ਦਾ ਚੇਹਰਾ ਰੰਗੇ ਹੋਏ ਚਮੜੇ ਵਾਂਗ ਹੋ ਗਿਆ ਤੇ ਫਿਰ ਪੂਰੀ ਮੁਹਿੰਮ ਵਿੱਚ, ਪਹਿਲੀ ਵੇਰ ਚਿੱਟਾ ਹੋ ਗਿਆ।
"ਕੀ ਹੋ ਰਿਹਾ ਹੈ ?"
ਉਸ ਦਾ ਸਹਾਇਕ, ਜੋ ਹਾਸੇ ਨਾਲ ਹਿੱਲ ਰਿਹਾ ਸੀ, ਬੜੀ ਮੁਸ਼ਕਲ ਨਾਲ ਕਾਬੂ ਪਾਂਦਾ ਕਹਿਣ ਲੱਗਾ:
"ਕੀ ਕੋਈ ਆਖੇ। ਸਭ ਪਾਗਲ ਹੋ ਗਏ ਨੇ। ਮੈਂ ਹੁਣੇ ਜਾ ਕੇ ਪਤਾ ਲਾ ਕੇ ਆਉਂਦਾ ਹਾਂ।"
ਕੋਜ਼ੂਖ ਨੇ ਝੱਟ ਚਾਬੁਕ ਸਹਾਇਕ ਦੇ ਹੱਥੋਂ ਖੋਹ ਲਈ, ਘੋੜੇ ਦੀ ਲਗਾਮ ਫੜੀ ਤੇ ਢਿੱਲੜ ਜਿਹਾ ਕਾਠੀ ਉੱਤੇ ਬਹਿ ਗਿਆ। ਉਸ ਬੜੀ ਬੇਦਰਦੀ ਨਾਲ ਚਾਬਕਾਂ ਮਾਰ ਮਾਰ ਘੋੜੇ ਦੀਆਂ ਵੱਖੀਆਂ ਸੇਕ ਛੱਡੀਆਂ। ਮੋਇਆ ਮੁੱਕਿਆ ਘੋੜਾ ਕੰਨ ਹੇਠਾਂ ਸੁੱਟੀ, ਹੌਲ਼ੀ ਹੌਲ਼ੀ ਟੁਰਨ ਲੱਗ ਪਿਆ ਤੇ ਉੱਧਰ ਚਾਬਕਾਂ ਨੇ ਉਸ ਦੀ ਖੋਲ੍ਹ ਉਧੇੜ ਕੇ ਰੱਖ ਦਿੱਤੀ ਤੇ ਫਿਰ ਮੰਦੇ ਹਾਲ, ਜ਼ਰਾ ਦੌੜਨ ਲੱਗ ਪਿਆ।
ਉਸ ਦੇ ਚਾਰੇ ਪਾਸੇ ਹਾਸੇ ਦੇ ਬੁੱਲ੍ਹੇ ਉੱਠ ਰਹੇ ਸਨ।
ਕੋਜੂਖ ਨੂੰ ਇਉਂ ਮਹਿਸੂਸ ਹੋਇਆ, ਜਿਉਂ ਉਸ ਦੇ ਚਿਹਰੇ ਦੀਆਂ ਰਗਾਂ ਫੜਕ ਰਹੀਆਂ ਹੋਣ ਤੇ ਉਸ ਬੜੀ ਪੱਕੀ ਤਰ੍ਹਾਂ ਆਪਣੇ ਜਬਾੜੇ ਘੁੱਟ ਲਏ। ਅਖੀਰ ਉਹ ਸਭ ਤੋਂ ਅੱਗੇ ਹੱਸਣ ਵਾਲੇ ਹਰਾਵਲ ਕੋਲ ਜਾ ਪਹੁੰਚਿਆ। ਗਾਲ੍ਹ ਕੱਢ ਕੇ ਉਸ ਬੜੇ ਜ਼ੋਰ ਨਾਲ ਚਾਬਕ ਤਵੇ ਉੱਤੇ ਦੇ ਮਾਰੀ।
"ਬੰਦ ਕਰੋ ਇਸ ਨੂੰ ।"
ਟੁੱਟਾ ਹੋਇਆ ਤਵਾ ਚਿਚਲਾ ਕੇ ਚੁੱਪ ਹੋ ਗਿਆ ਤੇ ਚਾਰੇ ਪਾਸੇ ਜਿਉਂ ਹਾਸੇ ਦੀ ਅੱਗ ਉੱਤੇ ਪਾਣੀ ਹੈ ਗਿਆ ਤੇ ਚੁੱਪ ਚਾਂ ਹੋ ਗਈ ਤੇ ਇਸ ਚੁੱਪ ਨੂੰ ਤੋੜਦੀ, ਫਿਰ ਉਹੀ ਛੱਕੜਿਆਂ ਦੀ ਚੀਂ ਚੀਂ ਤੇ ਖੜ ਖੜ ਕਈ ਗੁਣਾ ਉੱਚੀ ਹੋ ਕੇ ਗੂੰਜਦੀ, ਵਾਤਾਵਰਣ ਵਿੱਚ ਖਿਲਰ ਗਈ।
ਕੋਈ ਉੱਚਾ ਉੱਚਾ ਆਖਣ ਲੱਗਾ:
"ਦਰਾ!"
ਮੁੱਖ ਮਾਰਗ ਹੇਠਾਂ ਵੱਲ ਨੂੰ ਚੱਲਣ ਲੱਗ ਪਿਆ।
31
"ਉਹਨਾਂ ਵਿੱਚੋਂ ਕਿੰਨੇ ?"
"ਪੰਜ।"
ਜੰਗਲ, ਆਕਾਸ਼ ਤੇ ਦੂਰ ਖੜ੍ਹੇ ਪਹਾੜ ਧੁੱਪ ਦੀ ਤਪਸ਼ ਨਾਲ ਜਿਉਂ ਧੁੰਧਲੇ ਪਏ ਹੋਏ ਸਨ।
"ਇੱਕੋ ਵਾਰੀ ?"
“ਹਾਂ”
ਕੀਊਬਨ ਗਸ਼ਤ ਦਾ ਸਿਪਾਹੀ, ਉਸ ਦੇ ਚਿਹਰੇ ਉੱਤੋਂ ਪਸੀਨੇ ਦੀਆਂ ਤਤੀਰੀਆਂ
ਛੁੱਟ ਰਹੀਆਂ, ਉਸ ਦੇ ਮੂੰਹ ਦੀ ਗੱਲ ਹਾਲਾਂ ਪੂਰੀ ਵੀ ਨਹੀਂ ਸੀ ਹੋਈ ਕਿ ਹੁਝਕਾ ਖਾ ਕੇ ਆਪਣੇ ਘੋੜੇ ਦੇ ਅਯਾਲਾਂ ਉੱਤੇ ਆ ਪਿਆ। ਘੋੜੇ ਦੀਆਂ ਵੱਖੀਆਂ ਝੱਗ ਛੱਡ ਰਹੀਆਂ ਸਨ ਤੇ ਮੱਖੀਆਂ ਨੇ ਉਸ ਛਿੱਬਾ ਪਾਇਆ ਹੋਇਆ ਸੀ ਤੇ ਉਹ ਸਿਰ ਮਾਰ ਮਾਰ, ਸਵਾਰ ਦੇ ਹੱਥੋਂ ਲਗਾਮ ਖਿੱਚਣ ਲਈ ਜ਼ੋਰ ਲਾ ਰਿਹਾ ਸੀ।
ਕੋਜੂਖ ਇੱਕ ਨਿੱਕੀ ਜਿਹੀ ਬੱਘੀ ਵਿੱਚ, ਕੋਚਵਾਨ ਤੇ ਆਪਣੇ ਸਹਾਇਕ ਨਾਲ ਬੈਠਾ ਹੋਇਆ ਸੀ । ਉਹਨਾਂ ਦੇ ਚਿਹਰੇ ਸੂਹੀ ਭਾਹ ਮਾਰ ਰਹੇ ਸਨ, ਜਿਉਂ ਹੁਣੇ ਗਰਮ ਪਾਣੀ ਨਾਲ ਨਹਾ ਕੇ ਆ ਰਹੇ ਹੋਣ। ਸਿਵਾਏ ਗਸ਼ਤ ਦੇ ਸਿਪਾਹੀ ਦੇ ਉੱਥੇ ਆਸ ਪਾਸ ਕੋਈ ਰੂਹ ਵੀ ਨਹੀਂ ਸੀ ਦਿੱਸਦੀ।
ਮੁੱਖ ਮਾਰਗ ਤੋਂ ਕਿੰਨੀ ਕੁ ਦੂਰ ਹੈ ?"
ਕੀਊਬਨ ਘੋੜ ਸਵਾਰ ਨੇ ਆਪਣੀ ਚਾਬਕ ਨਾਲ ਖੱਬੇ ਪਾਸੇ ਸੈਣਤ ਕੀਤੀ।
"ਉਹਨਾਂ ਝਾੜੀਆਂ ਤੋਂ ਕੋਈ ਅੱਠ ਦਸ ਮੀਲ ਪਰ੍ਹੇ।"
"ਕੋਈ ਹੋਰ ਸੜਕ ਵੀ ਜਾਂਦੀ ਏ ਉੱਧਰ ?"
“ਹਾਂ”
"ਕਸਾਕ ਤਾਂ ਨਹੀਂ ਕਿਤੇ ?"
“ਕੋਈ ਕਸਾਕ ਨਹੀਂ। ਸਾਡੇ ਬੰਦੇ ਪੰਦਰਾਂ ਮੀਲ ਅੱਗੇ ਗਏ ਹੋਏ ਨੇ, ਕਸਾਕਾਂ ਦਾ ਕਿਤੇ ਨਾਂ ਨਿਸ਼ਾਨ ਨਹੀਂ। ਇੱਥੋਂ ਕੋਈ ਵੀਹ ਪੰਝੀ ਮੀਲ ਦੂਰ ਕਸਾਕ ਫਾਰਮਾਂ ਵਿੱਚ ਖਾਈਆਂ ਪੁੱਟਣ ਲੱਗੇ ਹੋਏ ਨੇ।
ਕੋਜ਼ੂਖ ਦੇ ਚਿਹਰੇ ਦੀਆਂ ਨਾੜੀਆਂ ਫੜਕ ਰਹੀਆਂ ਸਨ ਜੋ ਅਚਾਨਕ ਸ਼ਾਂਤ ਪੇ ਗਈਆਂ।
"ਹਰਾਵਲ ਨੂੰ ਰੋਕ ਦਿਓ ਸਾਰੇ ਦੇ ਸਾਰੇ ਦਲ ਨੂੰ ਦੂਜੀ ਸੜਕ ਉੱਤੇ ਜਾਣ ਨੂੰ ਆਖ ਦਿਓ, ਤੇ ਸਾਰੀਆਂ ਰਜਮੈਂਟਾਂ, ਰੀਫ਼ਿਜੀ, ਸਾਮਾਨ ਵਾਲੀਆਂ ਗੱਡੀਆਂ ਨੂੰ, ਉਹਨਾਂ ਪੰਜਾਂ ਮੂਹਰਿਓਂ ਕਤਾਰ ਵਿੱਚ ਲੰਘਣ ਨੂੰ ਆਖੋ ।"
ਕੀਊਬਨ ਸਵਾਰ ਕਾਠੀ ਉੱਤੇ ਥੋੜ੍ਹਾ ਜਿਹਾ ਅਦਬ ਨਾਲ ਅੱਗੇ ਨੂੰ ਝੁੱਕ ਗਿਆ, ਜਿਉਂ ਜ਼ਬਤ ਵਿੱਚ ਰਹਿਣਾ ਚਾਹੁੰਦਾ ਹੋਵੇ ਤੇ ਕਹਿਣ ਲੱਗਾ:
"ਅਸੀਂ ਆਪਣੇ ਰਾਹ ਤੋਂ ਬਹੁਤ ਲਾਂਭੇ ਟੁਰ ਜਾਵਾਂਗੇ। ਲੋਕ ਪਹਿਲਾਂ ਹੀ ਇੱਕ ਇੱਕ ਕਰਕੇ ਸੜਕ ਉੱਤੇ ਡਿੱਗੀ ਜਾ ਰਹੇ ਨੇ। ਉਤੋਂ ਅਤਿ ਦੀ ਗਰਮੀ ਹੈ ਤੇ ਖਾਣ ਲਈ ਕੁਝ ਵੀ ਕੋਲ ਨਹੀਂ।"
ਦੂਰ ਫੈਲੀ ਸੜਕ ਨੂੰ ਕੋਜੂਖ ਦੀਆਂ ਵਿੰਨ੍ਹਵੀਆਂ ਅੱਖਾਂ ਘੂਰਦੀਆਂ ਘੁਰਦੀਆਂ ਸੋਚੀਂ ਪੈ ਗਈਆਂ। ਤਿੰਨ ਦਿਨ ਬੀਤ ਗਏ.. ਲੋਕਾਂ ਦੇ ਮੂੰਹ ਨਿਕਲ ਆਏ ਸਨ। ਅੱਖਾਂ ਵਿੱਚ ਭੁੱਖ ਦਾ ਤਰਲਾ ਲਿਸ਼ਕ ਰਿਹਾ ਸੀ। ਤਿੰਨ ਦਿਨ ਹੋਣ ਲੱਗੇ, ਕਿਸੇ ਨੂੰ ਅੰਨ੍ਹ ਨਸੀਬ ਨਹੀਂ ਹੋਇਆ । ਪਹਾੜਾਂ ਨੂੰ ਭਾਵੇਂ ਲੰਘ ਆਏ, ਪਰ ਬੰਜਰ ਪੱਬੀਆਂ ਨੂੰ ਲੰਘ ਜਾਈਏ ਤਾਂ ਕਿਤੇ ਜਾ ਕੇ ਕਿਸੇ ਪਿੰਡ ਵਿੱਚ ਪਹੁੰਚਿਆ ਜਾਵੇ ਤੇ ਬੰਦਿਆਂ ਤੇ ਘੋੜਿਆਂ ਲਈ ਕੋਈ ਅੰਨ੍ਹ-ਪਾਣੀ
ਨਸੀਬ ਹੋਵੇ। ਪਰ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ, ਇਥੋਂ ਨਿਕਲ ਜਾਣਾ ਚਾਹੀਦਾ ਹੈ। ਕਸਾਕਾਂ ਨੂੰ ਖਾਈਆਂ ਵਿੱਚ ਮੋਰਚੇ ਨਹੀਂ ਬਣਾਨ ਦੇਣੇ ਚਾਹੀਦੇ। ਇਕ ਪਲ ਵੀ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਦਸ ਬਾਰਾਂ ਮੀਲਾਂ ਦਾ ਵੱਲ ਖਾ ਕੇ ਜਾਣਾ ਠੀਕ ਨਹੀਂ।
ਉਹਨਾਂ ਉਸ ਜਵਾਨ ਕੀਊਬਨ ਦੀ ਸ਼ਕਲ ਉੱਤੇ ਨਿਗਾਹ ਮਾਰੀ, ਜੋ ਗਰਮੀ ਤੇ ਭੁੱਖ ਨਾਲ ਕਾਲਾ ਪਿਆ ਹੋਇਆ ਸੀ। ਉਸ ਦੀਆਂ ਅੱਖਾਂ ਲਿਸ਼ਕੀਆਂ ਤੇ ਘੁੱਟੇ ਜਬੜੇ ਹਿੱਲੇ:
"ਫੌਜ ਨੂੰ ਨਾਲ ਵਾਲੀ ਸੜਕ ਉੱਤੇ ਮੋੜੋ, ਤੇ ਵੇਖਣ ਦਿਓ, ਅੱਗੇ ਕੀ ਹੁੰਦਾ ਏ।"
"ਜੋ ਹੁਕਮ।"
ਕੀਊਬਨ ਘੋੜ ਸਵਾਰ ਨੇ ਆਪਣੇ ਸਿਰ ਉੱਤੇ ਪਸੀਨੇ ਵਿਚ ਭਿੱਜੀ ਅਸਤਰਖ਼ਾਨੀ ਟੋਪੀ ਠੀਕ ਕੀਤੀ ਤੇ ਆਪਣੇ ਨਿਰਦੋਸ਼ ਘੋੜੇ ਨੂੰ ਚਾਬਕਾਂ ਜੜ੍ਹ ਦਿੱਤੀਆਂ, ਜੋ ਇੱਕ ਦਮ ਗਰਮੀ ਤੇ ਮੱਖੀਆਂ ਨੂੰ ਭੁੱਲ ਗਿਆ ਤੇ ਪੈਰਾਂ ਉੱਤੇ ਉਛਲਣ ਲੱਗ ਪਿਆ ਤੇ ਫਿਰ ਮੁੱਖ ਮਾਰਗ ਦੇ ਨਾਲ ਨਾਲ ਦੁੜਕੀ ਚਾਲੇ ਪੈ ਗਿਆ।
ਅਸਲ ਵਿੱਚ ਅੱਗੇ ਕੋਈ ਮੁੱਖ-ਮਾਰਗ ਨਹੀਂ ਸੀ । ਜੋ ਸੀ, ਉਹ ਸੀ ਭੂਰੀ ਚਿੱਟੀ ਮਿੱਟੀ ਦੇ ਉੱਡਦੇ ਗੋਲ ਗੋਲ ਚੱਕਰ ਜੋ ਰੁੱਖਾਂ ਦੀਆਂ ਚੋਟੀਆਂ ਉੱਤੋਂ ਦੀ ਹੁੰਦੇ ਦੂਰ ਪਹਾੜੀਆਂ ਵਲ ਉੱਡਦੇ ਜਾ ਰਹੇ ਸਨ ਅਤੇ ਉਹਨਾਂ ਮਿੱਟੀ ਘੱਟੇ ਦੇ ਚੱਕਰਾਂ ਵਿੱਚ ਹਜ਼ਾਰਾਂ ਭੁੱਖ ਤੇਹ ਦੀਆਂ ਸਤਾਈਆਂ ਰੂਹਾਂ ਟੁਰੀ ਜਾ ਰਹੀਆਂ ਸਨ।
ਕੋਜ਼ੂਖ ਦੀ ਲੱਕੜ ਦੀ ਬੱਘੀ ਹੇਠੋਂ ਉੱਪਰ ਤਪੀ ਹੋਈ, ਖੜ ਖੜ ਕਰਦੀ ਜਾ ਰਹੀ ਸੀ। ਉਸ ਦੀ ਗੱਦੀ ਦੇ ਹੇਠ ਇੱਕ ਤੱਪਦੀ ਮਸ਼ੀਨਗੰਨ ਦਾ ਮੂੰਹ ਬਾਹਰ ਨੂੰ ਨਿਕਲਿਆ ਹੋਇਆ ਸੀ।
ਕੀਊਬਨ ਘੋੜ ਸਵਾਰ ਮਿੱਟੀ ਘੱਟੇ ਦੇ ਬੱਦਲਾਂ ਵਿੱਚੋਂ ਲੰਘਦਾ ਜਾ ਰਿਹਾ ਸੀ । ਕੱਖ ਨਜ਼ਰੀ ਨਹੀਂ ਸੀ ਆ ਰਿਹਾ, ਸਿਵਾਏ ਬੇਸ਼ੁਮਾਰ, ਪਾਟੇ ਕੱਪੜਿਆਂ ਵਿੱਚ, ਥੱਕੇ ਟੁੱਟੇ ਤੇ ਖੇਰੂੰ ਖੇਰੂੰ ਹੋਏ ਬੰਦਿਆਂ ਦੇ ਟੁਰੀ ਜਾਣ ਦੀ ਆਵਾਜ਼ ਦੇ। ਘੋੜ ਸਵਾਰ ਟੁਰੀ ਗਏ, ਛਕੜੇ ਚੀਂ ਚੀਂ ਕਰੀ ਗਏ। ਮੱਥੇ ਉੱਤੋਂ ਚੋਂ ਚੋ ਪਸੀਨਾ ਅੱਖਾਂ ਮੂਹਰੇ ਲਟਕਣ ਲੱਗ ਪਿਆ।
ਨਾ ਕੋਈ ਬੋਲਦਾ ਸੀ, ਨਾ ਹੱਸਦਾ ਸੀ । ਬਸ ਉਹ ਟੁਰੀ ਜਾ ਰਹੇ ਸਨ, ਖ਼ਾਮੋਸ਼ੀ ਨੂੰ ਨਾਲ ਨਾਲ ਧੂਹਦੇ। ਤੇ ਉਸ ਦਮਘੋਟੂ ਚੁੱਪ ਵਿੱਚ ਸਾਹ ਲੈ ਰਹੇ ਸਨ, ਥੱਕੇ ਹਾਰੇ ਪੈਰ, ਥੱਕੇ ਹਾਰੇ ਘੋੜਿਆਂ ਦੇ ਸੁੰਮ ਤੇ ਜਾਨ ਖਾਉ ਛੱਕੜਿਆਂ ਦੀ ਚੀਂ ਚੀਂ।
ਘੋੜੇ ਧੋਣਾਂ ਅੱਗੇ ਕਰੀ ਤੇ ਕੰਨ ਹੇਠਾਂ ਸੁੱਟੀ ਟੁਰੀ ਜਾ ਰਹੇ ਸਨ।
ਹਰ ਹੁੱਝਕੇ ਉੱਤੇ ਬੱਚਿਆਂ ਦੇ ਸਿਰ ਉੱਛਲ ਜਾਂਦੇ ਤੇ ਮੂੰਹ ਖੁੱਲ੍ਹ ਜਾਂਦਾ ਤੇ ਦੰਦਾਂ ਦੀ ਮਾੜੀ ਜਿਹੀ ਝਲਕ ਪੈ ਜਾਂਦੀ।
"ਪਾਣੀ...ਪਾਣੀ।"
ਸਾਹ ਘੱਟੂ ਧੂੜ ਵਾਤਾਵਰਨ ਵਿੱਚ ਘੁਲੀ ਹੋਈ ਸੀ, ਤੇ ਹਰ ਸ਼ੈ ਇਸ ਵਿੱਚ ਵਲ੍ਹੇਟੀ ਹੋਈ ਸੀ ਤੇ ਇਸ ਵਿੱਚੋਂ ਛੁਪ ਛੁਪ ਲੰਘ ਰਹੇ ਸਨ ਪਿਆਦਾ ਫੌਜ ਦੇ ਸਿਪਾਹੀ, ਘੋੜਸਵਾਰ ਤੇ ਚੀਂ ਚੀਂ ਕਰਦੇ ਮੱਠੀ ਚਾਲੇ ਟੁਰੇ ਜਾਂਦੇ ਛਕੜੇ। ਅਸਲ ਵਿੱਚ ਇਹ ਏਨੀ ਨਾ ਸਹਾਰੀ ਜਾਣ
ਵਾਲੀ ਗਰਮੀ ਨਹੀਂ ਸੀ ਤੇ ਨਾ ਹੀ ਹਵਾ ਵਿੱਚ ਫਸੀ ਚਿੱਟੀ ਧੂੜ ਸੀ - ਪਰ ਇੱਕ ਮਾਯੂਸੀ ਸੀ, ਜੋ ਸਭ ਉੱਤੇ ਲਿੱਪੀ ਹੋਈ ਸੀ। ਆਸ ਉੱਡ ਚੁੱਕੀ ਸੀ, ਵਿਚਾਰ ਦਮ ਤੋੜ ਚੁੱਕੇ ਸਨ, ਪਰ ਜੋ ਰਹਿ ਗਈ ਸੀ ਉਹ ਸੀ ਕਠੋਰਤਾ। ਲੋਹੇ ਵਰਗਾ ਪੱਕਾ ਆਪਸੀ ਸਨੇਹ ਜੋ ਇਹਨਾਂ ਬੰਦਿਆਂ ਵਿੱਚ ਉਸ ਭੀੜੇ ਰਾਹ ਤੋਂ ਲੰਘਣ ਲੱਗਿਆ ਪੈਦਾ ਹੋਇਆ ਸੀ, ਜੋ ਪਹਾੜਾਂ ਤੇ ਸਮੁੰਦਰ ਨੂੰ ਨਿਖੇੜਦਾ ਸੀ, ਹੁਣ ਲੋਹੇ ਦਾ ਛੜ ਬਣ ਖਲ੍ਹਤਾ ਸੀ । ਉਹ ਭੁੱਖੇ ਸਨ ਨੰਗੇ ਪੈਰੀਂ ਸਨ, ਥੱਕੇ ਟੁੱਟੇ ਸਨ ਤੇ ਧੁੱਪ ਦੇ ਮਾਰੇ ਹੋਏ ਸਨ ਤੇ ਉੱਥੋਂ ਕੁਝ ਦੂਰ ਰੱਜੇ ਪੁੱਜੇ ਕਸਾਕਾਂ ਦੇ ਰਜਮੈਂਟ ਤੇ ਫਿਟੇ ਹੋਏ ਜਰਨੈਲ ਸਨ, ਜੋ ਖਾਈਆਂ ਵਿੱਚ ਬੈਠੇ ਹੋਏ ਸਨ।
ਕੀਊਬਨ ਘੋੜਸਵਾਰ ਇਸ ਮਿੱਟੀ ਘੱਟੇ ਦੇ ਘਿਰੇ ਬੱਦਲਾਂ ਵਿੱਚੋਂ ਲੰਘਦਾ ਹਾਕਾਂ ਮਾਰ ਕੇ ਪੁੱਛਦਾ ਜਾਂਦਾ ਸੀ ਕਿ ਇਹ ਕਿਹੜੀ ਯੂਨਿਟ ਜਾ ਰਹੀ ਸੀ ।
ਕਿਤੋਂ ਕਿਤੇ ਜਿੱਥੇ ਇਹ ਗੁਬਾਰ ਪਾਟਿਆ ਹੁੰਦਾ ਤਾਂ ਉਸ ਲੰਗਾਰ ਵਿੱਚ ਧੁੰਦਲੇ ਨੀਲੇ ਆਕਾਸ਼ ਹੇਠਾਂ ਕੰਬਦੀਆਂ ਪਹਾੜੀਆਂ ਤੇ ਖਾਮੋਸ਼ ਜੰਗਲਾਂ ਦੀਆਂ ਸ਼ਕਲਾਂ ਉੱਭਰ ਆਉਂਦੀਆਂ। ਸੂਰਜ ਲੋਹਾ ਲਾਖਾ ਹੋਇਆ ਹੋਇਆ ਸੀ ਤੇ ਸਿਪਾਹੀਆਂ ਦੇ ਚਿਹਰਿਆਂ ਨੂੰ ਤਪਾ ਰਿਹਾ ਸੀ। ਪਰ ਪਿੱਛੇ ਉਹੀ ਛੱਕੜਿਆਂ ਦੀ ਚੀਂ ਚੀਂ ਤੇ ਥੱਕੇ ਹਾਰੇ ਮਨੁੱਖਾਂ ਤੇ ਘੋੜਿਆਂ ਦੀ ਟੁਰੀ ਆਉਂਦੀ ਭੀੜ ਦੀ ਆਵਾਜ਼ ਸੀ । ਸੜਕ ਦੇ ਨਾਲ ਨਾਲ ਇਸ ਧੁੰਦ ਤੇ ਗੁਬਾਰ ਵਿੱਚ ਵਲ੍ਹੇਟੇ ਉਹ ਚਿਹਰੇ ਸਾਫ ਦਿੱਸ ਰਹੇ ਸਨ, ਜੋ ਬੇਹਾਲ ਹੋਏ ਸੜਕ ਉੱਤੇ ਡਿੱਗ ਪਏ ਸਨ ਤੇ ਉਹਨਾਂ ਦੇ ਖੁੱਲ੍ਹੇ ਮੂੰਹਾਂ ਵਿੱਚ ਮੱਖੀਆਂ ਭਿਣ ਭਿਣਾ ਰਹੀਆਂ ਸਨ।
ਘੋੜਿਆਂ ਤੇ ਬੰਦਿਆਂ ਵਿੱਚ ਖਹਿੰਦਾ ਤੇ ਢਹਿੰਦਾ ਡਿੱਗਦਾ ਕੀਊਬਨ ਸਵਾਰ ਹਰਾਵਲ ਕੋਲ ਪਹੁੰਚ ਗਿਆ ਤੇ ਹੇਠਾਂ ਝੁਕ ਕੇ ਕਮਾਂਡਰ ਨਾਲ ਗੱਲ ਬਾਤ ਕਰਨ ਲੱਗ ਪਿਆ। ਕਮਾਂਡਰ ਨੇ ਨੱਕ ਮੂੰਹ ਵਟਿਆ ਤੇ ਟੁਰੇ ਜਾਂਦੇ ਜੱਥੇ ਦੇ ਜੱਥੇ ਨੂੰ, ਜੋ ਗੁਬਾਰ ਵਿੱਚ ਕਦੇ ਦਿੱਸ ਪੈਂਦਾ ਤੇ ਕਦੇ ਫਿਰ ਛੁਪ ਜਾਂਦਾ, ਭਾਰੀ ਆਵਾਜ਼ ਵਿੱਚ ਚੀਖਿਆ:
"ਰਜਮੈਂਟ... ਰੁੱਕ।"
ਸਾਹ ਘੁੱਟਦੀ ਧੂੜ ਵਿੱਚ ਉਸ ਦੀ ਆਵਾਜ਼ ਵਲ੍ਹੇਟੀ ਗਈ, ਪਰ ਉਹਨਾਂ ਦੇ ਕੰਨ੍ਹਾਂ ਨਾਲ ਜਾ ਛੋਹੀ ਜਿਨ੍ਹਾਂ ਨੂੰ ਆਖਿਆ ਗਿਆ ਸੀ ਤੇ ਦੂਰ ਤੱਕ, ਸਾਰੇ ਦਲ ਵਿੱਚ ਉਹ ਆਵਾਜ਼ ਗੂੰਜਦੀ ਪਹੁੰਚ ਗਈ
"ਬਟਾਲੀਅਨ, ਰੁੱਕ।”
"ਕੰਪਨੀ, ਰੁੱਕੋ।"
ਤੇ ਫਿਰ ਦੂਰ ਦੂਰ ਤੱਕ ਨਾ ਸੁਣੀ ਜਾਣ ਵਾਲੀ ਆਵਾਜ਼ "ਰੁੱਕੋ" ਹਵਾ ਵਿੱਚ ਲਟਕਦੀ, ਗੁਆਚ ਗਈ।
ਦਲ ਦੇ ਸਿਰੇ ਉੱਤੇ ਕਦਮ ਰੁੱਕ ਗਏ ਤੇ ਖ਼ਾਮੋਸ਼ ਲਹਿਰਾਂ ਵਿੱਚ ਉੱਡਦਾ ਇਹ ਰੁਕਣਾ ਸਭ ਤੱਕ ਪਹੁੰਚ ਗਿਆ। ਸਭ ਪੈਰ ਧਰਤੀ ਨਾਲ ਜਿਉਂ ਜੁੜ ਗਏ। ਇਹ ਇਸ ਤੱਪਦੇ-ਭੱਠ ਵਿੱਚ ਇੱਕ ਅਜਿਹੀ ਘੜੀ ਆ ਗਈ, ਜਦ ਦੁਨੀਆਂ ਬਿਲਕੁਲ ਸ਼ਾਂਤ ਹੋ ਗਈ - ਅਤਿ ਦੇ ਥਕੇਵੇਂ ਤੇ ਗਰਮੀ ਦੀ ਸਤਾਈ ਹੋਈ ਇਹ ਸ਼ਾਂਤੀ। ਫਿਰ ਬੰਦੇ ਨੱਕ ਸੁਣਕਣ ਲੱਗ
ਪਏ, ਗਲੇ ਵਿੱਚੋਂ ਖੰਘ ਖੰਘ ਕੇ ਧੂੜ ਬੁੱਕਣ ਲੱਗ ਪਏ। ਉਹਨਾਂ ਦੇ ਚਿਹਰਿਆਂ, ਘੋੜਿਆਂ ਦੇ ਸਿਰਾਂ ਤੇ ਛੱਕੜਿਆਂ ਉੱਪਰ ਮਿੱਟੀ ਦੀਆਂ ਤਹਿਆਂ ਜੰਮੀਆਂ ਹੋਈਆਂ ਸਨ।
ਕਈ ਮੁੱਖ ਮਾਰਗ ਦੇ ਨਾਲ ਨਾਲ ਟੋਇਆਂ ਦੇ ਕੱਢੇ, ਆਪਣੀਆਂ ਰਫ਼ਲਾਂ ਗੱਡਿਆਂ ਵਿੱਚ ਲੈ ਕੇ ਬੈਠ ਗਏ ਤੇ ਕਈ ਹੋਰ ਤਪਦੇ ਸੂਰਜ ਵਿੱਚ ਸਿੱਧੇ ਲੰਮੇ ਪੈ ਗਏ।
ਘੋੜੇ ਆਪਣੇ ਢਿੱਲੇ ਪੈਰਾਂ ਉੱਤੇ ਸਿਰ ਸੁੱਟੀ ਮੱਖੀਆਂ ਅੱਗੇ ਸਿਰ ਝੁਕਾ ਕੇ ਖਲ੍ਹ ਗਏ।
"ਉੱਠੇ। ਖੜ੍ਹੇ ਹੋ ਜਾਓ!"
ਕੋਈ ਵੀ ਨਾ ਹਿੱਲਿਆ । ਮੁੱਖ ਮਾਰਗ ਉੱਤੇ ਲੋਕ, ਘੋੜੇ ਤੇ ਛੱਕੜੇ ਜਿੱਥੇ ਸਨ, ਉੱਥੇ ਹੀ ਖੜ੍ਹੇ ਰਹੇ। ਇੰਝ ਜਾਪਦਾ ਸੀ ਕਿ ਦੁਨੀਆਂ ਦੀ ਕੋਈ ਤਾਕਤ ਇਹਨਾਂ ਧੁੱਪ ਦੇ ਲੂਹੇ ਬੰਦਿਆਂ ਨੂੰ ਪੈਰਾਂ ਉਪਰ ਖੜ੍ਹਾ ਨਹੀਂ ਸੀ ਕਰ ਸਕਦੀ - ਪੱਥਰ ਦਾ ਢੇਰ ਬਣੇ ਪਏ ਸਨ ਸਭ।
"ਖੜੇ ਹੋ ਜਾਓ। ਲੰਮੇ ਪਿਆਂ ਕੰਮ ਨਹੀਂ ਬਣਨਾ ?"
ਉਹ ਇੱਕ ਇੱਕ ਦੋ ਦੋ ਤਿੰਨ ਤਿੰਨ ਕਰਕੇ ਉੱਠ ਕੇ ਖਲ੍ਹਣ ਲੱਗ ਪਏ, ਜਿਉਂ ਉਹਨਾਂ ਮੌਤ ਦੀ ਸਜ਼ਾ ਸੁਣ ਲਈ ਹੋਵੇ। ਉਹਨਾਂ ਕੋਈ ਕਤਾਰ ਨਾ ਬਣਾਈ। ਤੇ ਨਾ ਉਹਨਾਂ ਕਿਸੇ ਹੋਰ ਹੁਕਮ ਦੀ ਉਡੀਕ ਕੀਤੀ, ਰਫ਼ਲਾਂ ਦਾ ਭਾਰ ਮੋਢਿਆਂ ਉੱਤੇ ਚੁੱਕੀ ਥੱਕੇ ਥੱਕੇ ਪੈਰ ਰੱਖਦੇ, ਲਾਲ ਅੱਖਾਂ ਕੱਢੀ ਆਪਣੀ ਵਾਟੇ ਪੈ ਗਏ।
ਉਹ ਮੁੱਖ ਮਾਰਗ ਦੇ ਵਿਚਕਾਰ ਟੋਇਆਂ ਦੇ ਕੰਢੇ ਕੰਢੇ, ਤੇ ਪਹਾੜੀਆਂ ਦੀਆਂ ਢਲਾਨਾਂ ਦੇ ਨਾਲ ਨਾਲ ਟੁਰੀ ਜਾ ਰਹੇ ਸਨ । ਛੱਕੜਿਆਂ ਨੇ ਆਪਣੀ ਸਦਾ ਦੀ ਚੀਂ ਚੀਂ ਆਰੰਭ ਦਿੱਤੀ ਤੇ ਸਿਰਾਂ ਉੱਤੇ ਮੱਖੀਆਂ ਦੇ ਛੱਤੇ ਫਿਰ ਉੱਡਣ ਲੱਗ ਪਏ।
ਲੂਹੇ ਹੋਏ ਚਿਹਰਿਆਂ ਦੀਆਂ ਅੱਖਾਂ ਵਿੱਚ ਚਿੱਟਾ ਦਿੱਸਣ ਲੱਗ ਪਿਆ। ਸਿਰਾਂ ਉੱਪਰ ਟੋਪਾਂ ਦੀ ਥਾਈਂ, ਬਲਦੇ ਸੂਰਜ ਦੀ ਗਰਮੀ ਤੋਂ ਬਚਣ ਲਈ ਲੋਕਾਂ ਨੇ ਕੱਖ-ਕਾਨੇ, ਪੱਤਰ ਘਾਹ ਤੇ ਟਹਿਣੀਆਂ ਰੱਸੀਆਂ ਵਿੱਚ ਪਰੋ ਕੇ, ਸਿਰਾਂ ਉਤੇ ਰੱਖੇ ਹੋਏ ਸਨ। ਉਹਨਾਂ ਦੇ ਪੈਰ ਨੰਗੇ, ਪਾਟੇ ਹੋਏ ਤੇ ਕਾਲੇ ਹੋ ਗਏ ਸਨ। ਕਈ ਅਲਫ ਨੰਗੇ, ਹਬਸ਼ੀਆਂ ਵਾਂਗ ਤੇ ਲੱਕ ਦੁਆਲੇ ਲੀਰਾਂ ਲਟਕਾਈ ਟੁਰੇ ਜਾ ਰਹੇ ਸਨ । ਉਹਨਾਂ ਦੀਆਂ ਪਿੰਡਲੀਆਂ ਦੀਆਂ ਟੁਰ ਟੁਰ ਕੇ ਰਗਾਂ ਉੱਭਰ ਆਈਆਂ ਸਨ । ਸਿਰ ਪਿਛਾਂਹ ਸੁੱਟੀ, ਮੋਢਿਆਂ ਉੱਤੇ ਰਫ਼ਲਾਂ ਰੱਖੀ ਤੇ ਨਿੱਕੀਆਂ ਨਿੱਕੀਆਂ ਖੁੱਡਿਆਂ ਵਰਗੀਆਂ ਅੱਖਾਂ ਤੇ ਝੁਲਸੇ ਹੋਏ ਮੂੰਹ ਬੁਰੇ ਹਾਲ ਉਹ ਟੁਰੀ ਜਾ ਰਹੇ ਸਨ। ਕਾਲੀ ਧੁੱਤ ਵਹੀਰ ਦੀ ਵਹੀਰ, ਬੇਰਹਿਮ ਗਰਮੀ, ਭੁੱਖ ਤੇ ਮਾਯੂਸੀਆਂ ਦੀ ਸਤਾਈ ਹੋਈ ਵਾਟੇ ਪਈ ਹੋਈ ਸੀ।
ਅਚਾਨਕ ਹੁਕਮ ਹੋਇਆ, ਜਿਸ ਦੀ ਆਸ ਨਹੀਂ ਸੀ ਕੀਤੀ ਜਾਂਦੀ ।
“ਖੱਬੇ ਮੁੜੋ।"
ਹਰ ਇੱਕ ਅੱਗੇ ਟੁਰੀ ਜਾਂਦੀ ਯੂਨਿਟ ਦੇ ਕੰਨ ਵਿੱਚ ਪਿਆ:
"ਖੱਬੇ... ਮੁ... ੜੋ...।"
ਉਹ ਭੱਜ ਕੇ ਨਾਲ ਦੀ ਸੜਕ ਉੱਤੇ, ਪਹਿਲਾਂ ਹੈਰਾਨ ਤੇ ਫਿਰ ਰਜ਼ਾਮੰਦ ਭੀੜ
ਵਿੱਚ ਜਾ ਰਲੇ । ਨਾਲ ਵਾਲੀ ਸੜਕ ਪਥਰੀਲੀ ਸੀ, ਇਸ ਉੱਤੇ ਕੋਈ ਮਿੱਟੀ ਘੱਟਾ ਨਹੀਂ ਸੀ ਤੇ ਯੂਨਿਟਾਂ ਇਸ ਵੱਲ ਮੁੜੀ ਜਾ ਰਹੀਆਂ ਸਨ। ਪਹਿਲਾਂ ਰਸਾਲਾ, ਫਿਰ ਚੀਂ ਚੀਂ ਕਰਦੀ ਤੇ ਖੱਟਰ ਖੱਟਰ ਡੋਲਦੀ ਸਾਮਾਨ ਵਾਲੀ ਗੱਡੀ ਤੇ ਫਿਰ ਬੱਘੀਆਂ। ਪਾਗਲ ਸੂਰਜ ਹਾਲਾਂ ਵੀ ਤਪਸ਼ ਦੇ ਬੁਖਾਰ ਨਾਲ ਥਰ ਥਰ ਕੰਬ ਰਿਹਾ ਸੀ । ਮੱਖੀਆਂ ਦੇ ਕਾਲੇ ਝੁਰਮਟ ਵੀ ਨਾਲ ਵਾਲੀ ਸੜਕ ਉੱਤੇ ਹੋ ਗਏ। ਹੌਲੀ ਹੌਲੀ ਬੈਠਦੀ ਮਿੱਟੀ ਦੇ ਬੱਦਲ ਤੇ ਸਾਹ ਘੱਟੂ ਖ਼ਾਮੋਸ਼ੀ ਪਿੱਛੇ ਰਹਿ ਗਏ ਤੇ ਚੋਰਾਹੇ ਉੱਤੇ ਆਵਾਜ਼ਾਂ ਭਾਂਤ ਭਾਂਤ ਦੀਆਂ ਗੱਲਾਂ ਤੇ ਹਾਸੇ ਉੱਡਣ ਲੱਗ ਪਏ।
"ਸਾਨੂੰ ਲੈ ਕੇ ਕਿੱਧਰ ਚੱਲੇ ਨੇ ?"
“ਸ਼ਾਇਦ ਕਿਸੇ ਜੰਗਲ ਵਿੱਚ ਤਾਂ ਜੇ ਸਾਡੇ ਸੁੱਕੇ ਗਲੇ ਜ਼ਰਾ ਤਰ ਹੋ ਜਾਣ।"
"ਨਹੀਂ ਓਏ ਬੁੱਧੂਆ। ਤੇਰੇ ਵਾਸਤੇ ਜੰਗਲ ਵਿੱਚ ਉਹਨਾਂ ਖੇਡਾਂ ਦਾ ਬਿਸਤਰਾ ਵਿਛਾ ਕੇ ਰੱਖਿਆ ਹੋਇਆ ਹੈ, ਤਾਂ ਜੇ ਤੂੰ ਉੱਥੇ ਲੱਤਾਂ ਲੰਮੀਆਂ ਤਾਣ ਕੇ ਸੋ ਜਾਵੇ।"
“ਓਏ ਨਹੀਂ, ਪੂੜੇ ਤਲ ਕੇ ਬੈਠੇ ਹੋਣਗੇ ਨਾਲ ਕਰੀਮਾਂ ।"
"ਕਰੀਮ ਨਹੀਂ ਪੁੱਤਰ, ਮੱਖਣ।"
"ਸੰਘਣੀ ਫੁੱਟੀਆਂ ਵਾਲੀ ਕਰੀਮ ।"
"ਤੇ ਸ਼ਹਿਦ।"
'ਤੇ ਇੱਕ ਠੰਡਾ ਹਦੁਆਣਾ ।"
ਇੱਕ ਲੰਮੇ ਪਤਲੇ ਆਦਮੀ ਨੇ, ਜਿਸ ਚੀਥੜੇ ਹੋਇਆ ਤੇ ਪਸੀਨੇ ਵਿੱਚ ਗੜੁੱਚ ਕੋਟ ਪਾਇਆ ਹੋਇਆ ਸੀ ਤੇ ਲੱਕ ਉੱਤੇ ਪਿਛਲੇ ਪਾਸੇ ਲੀਰਾਂ ਲਟਕੀਆਂ ਹੋਈਆਂ ਸਨ. ਗੁੱਸੇ ਨਾਲ ਬੁੱਕਦਾ ਬੋਲ ਪਿਆ:
"ਲਪਰ ਲਪਰ ਨਾ ਕਰ -ਚੁੱਪ ਕਰ ਜਾ ।"
ਉਸ ਢਿੱਡ ਸੁਕੇੜ ਕੇ ਆਪਣੇ ਲੱਕ ਉੱਤੇ ਕਸ ਕੇ ਪੇਟੀ ਬੰਨ੍ਹ ਲਈ ਤੇ ਰੋਹ ਵਿੱਚ ਆਪਣੇ ਇੱਕ ਛਿੱਲੇ ਮੋਢੇ ਉੱਤੋਂ ਰਫ਼ਲ ਚੁੱਕ ਕੇ ਦੂਜੇ ਉੱਤੇ ਧਰ ਲਈ।
ਸਾਰੇ ਏਡੇ ਜ਼ੋਰ ਨਾਲ ਖਿੜ ਖਿੜ ਕਰਕੇ ਹੱਸੇ ਕਿ ਉੱਪਰ ਬੈਠੀਆਂ ਮੱਖੀਆਂ ਵੀ ਉੱਡ ਕੇ ਤੂੰ ਤੂੰ ਕਰਨ ਲੱਗ ਪਈਆਂ।
"ਓਪਾਨਸ ਤੂੰ ਪਿੱਛਾ ਢਕ ਕੇ, ਅੱਗਾ ਨੰਗਾ ਕਿਉਂ ਰੱਖਿਆ ਹੋਇਆ ਹੈ ? ਪਜਾਮਾ ਘੁਮਾ ਕੇ ਅਗਲੇ ਪਾਸੇ ਕਰ ਲੈ ਨਹੀਂ ਤਾਂ ਪਿੰਡ ਦੀਆਂ ਜ਼ਨਾਨੀਆਂ ਨੇ ਤੈਨੂੰ ਖਾਣ ਲਈ ਕੁਝ ਨਹੀਂ ਦੇਣਾ - ਵੇਖਦਿਆਂ ਹੀ ਉਹਨਾਂ ਮੂੰਹ ਦੂਜੇ ਪਾਸੇ ਕਰ ਲੈਣਾ ਹੈ।"
“ਹਾ...ਹਾ...ਹਾ..ਹੋ..ਹੋ...ਹੋ..।“
“ਮੁੰਡਿਓ, ਇੰਝ ਜਾਪਦੈ, ਜਿਉਂ ਅਸੀਂ ਕਿਤੇ ਪੜਾਅ ਕਰਨ ਵਾਲੇ ਹਾਂ।"
"ਪਰ ਮੈਨੂੰ ਪਤੈ, ਆਸ ਪਾਸ ਕੋਈ ਪਿੰਡ ਨਹੀਂ।"
“ਉਹ ਤਾਰ ਦੇ ਖੰਭੇ ਨਹੀਂ ਦਿੱਸਦੇ ਤੈਨੂੰ ਮੁੱਖ ਮਾਰਗ ਤੋਂ ਹੇਠਾਂ ਵੱਲ ਜਾਂਦੇ ਕਿਸੇ ਨਾ ਕਿਸੇ ਪਿੰਡ ਤਾਂ ਉਹ ਜਾਂਦੇ ਹੀ ਹੋਣਗੇ।"
“ਓਏ ਰਸਾਲੇ ਵਾਲਿਓ। ਕਮਾ ਕੇ ਖਾਇਆ ਕਰੋ ਸਹੁਰਿਓ। ਕੋਈ ਵਾਜਾ ਗਾਜਾ
ਹੀ ਸੁਣਾ ਦਿਓ।
ਘੋੜੇ ਦੀ ਪਿੱਠ ਉੱਤੇ ਰੱਖਿਆ ਗਰਾਮੋਫੋਨ ਗੜੋਂ ਗੜੇ ਕਰਨ ਲੱਗ ਪਿਆ:
ਕਿਧਰ ਗਏ ਚਲੇ,
ਮੇਰੇ ਦਿਨ ਬਹਾਰ ਦੇ... ?
ਥੱਕੀ ਟੁੱਟੀ, ਪਰ ਮਸਤੀ ਵਿੱਚ ਟੁਰੀ ਜਾਂਦੀ ਭੀੜ ਦੇ ਸਿਰਾਂ ਉਤੇ ਕਾਲੀਆਂ ਮੱਖੀਆਂ ਦੀ ਭਿਣ ਭਿਣ ਵਿੱਚੋਂ ਗੀਤ ਦੀ ਸੁਰ ਭਿਣਕਣ ਲੱਗ ਪਈ । ਲੋਕ ਮਿੱਟੀ ਘੱਟੇ ਵਿੱਚ ਗਲੇਵੇ, ਚੀਥੜੇ ਲਟਕਦੇ, ਨੰਗੇ ਤੇ ਇਸ ਉੱਪਰ ਕਹਿਰ ਤਪਦੇ ਸੂਰਜ ਦਾ। ਉਹਨਾਂ ਦੀਆਂ ਟੰਗਾਂ ਟੁਰ ਟੁਰ ਕੇ ਇੰਝ ਭਾਰੀਆਂ ਹੋਈਆਂ ਹੋਈਆਂ ਸਨ ਜਿਉਂ ਕਿਸੇ ਸਿੱਕਾ ਢਾਲ ਕੇ ਵਿੱਚ ਭਰ ਦਿੱਤਾ ਹੋਵੇ, ਪਰ ਇੱਕ ਬੰਦੇ ਨੇ ਉੱਚੀ ਹੇਕ ਛੱਡ ਦਿੱਤੀ:
ਨਾਜੋ ਜਾਣਦੀ ਸੀ ਦਿਲਾਂ ਦੀ...।
ਉਸ ਦੀ ਆਵਾਜ਼ ਪਾਟ ਗਈ - ਖੁਸ਼ਕ ਗਲੇ ਵਿੱਚੋਂ ਨਿਕਲਦੀ ਵੀ ਕਿਵੇਂ, ਪਰ ਦੂਜੀਆਂ ਚੀਖਦੀਆਂ ਆਵਾਜ਼ਾਂ ਨੇ ਅੱਗੋਂ ਗੀਤ ਦੇ ਸੁਰ ਨੂੰ ਚੁੱਕ ਲਿਆ:
ਮਰਜ਼ੀ ਕੀ ਜਵਾਨਾਂ ਦੀ
ਉਹ ਲੋਚੇ ਢੋਲਾਂ ਦੀ ਘੁਮਕਾਰ
ਡਮ ਡਮਾ ਡਮ ਡਮ ਡਮਾਮ
ਡਮ ਡਮਾ ਡਮ...।
ਲਫਜ਼ ਬੜੇ ਬੇਮੇਲ ਜਿਹੇ ਤਵੇ ਦੇ ਗੀਤ "ਕਿੱਧਰ ਗਏ ਚੱਲੇ ਦਿਨ ਬਹਾਰ ਦੇ" ਵਿੱਚ ਘੁਸਰਨ ਲੱਗ ਪਏ।
"ਅਹੁ ਵੇਖੋ, ਆ ਗਿਆ ਸਾਡਾ ਬਟਕੋ!"
ਸਭ ਉੱਧਰ ਮੂੰਹ ਮੋੜ ਕੇ ਵੇਖਣ ਲੱਗ ਪਏ। ਹਾਂ ਉਹੀ ਸੀ, ਚੌੜਾ ਚਿੱਘਾ, ਫਿੱਥਾ ਹੋਇਆ ਸਿਰ ਉੱਤੇ ਕਾਨਿਆਂ ਦਾ ਟੋਪ, ਜਿਸ ਵਿੱਚ ਉਹ ਛੱਤਰੀ ਵਾਲੀ ਖੁੰਮ ਲੱਗਦਾ ਸੀ। ਉਸ ਉਹਨਾਂ ਵੱਲ ਧਿਆਨ ਨਾਲ ਵੇਖਿਆ। ਛਾਤੀ ਉੱਤੇ ਪਸੀਨੇ ਵਿੱਚ ਗੜੁਚ ਝੱਗੇ ਦੇ ਲੰਗਾਰ ਵਿੱਚੋਂ ਵਾਲ ਸਾਫ ਦਿੱਸ ਰਹੇ ਸਨ। ਪਜਾਮਾ ਲੀਰੋ ਲੀਰ ਹੋਇਆ ਸੀ ਤੇ ਵਾਹਣੇ ਪੈਰ ਛਾਲਿਆਂ ਨਾਲ ਭਰੇ ਹੋਏ ਸਨ।
"ਮੁੰਡਿਓ, ਸਾਡਾ 'ਬਟਕੋ ਨਿਰਾ ਡਾਕੂ ਵਰਗਾ ਲੱਗਦਾ ਏ। ਜੇ ਕਿਤੇ ਜੰਗਲ ਵਿੱਚ ਤੁਹਾਡੀ ਨਜ਼ਰ ਉਸ ’ਤੇ ਪੈ ਜਾਵੇ, ਤੁਸੀਂ ਭੱਜ ਹੀ ਜਾਓ ।"
ਪਿਆਰ ਭਰੇ ਉਸ ਵਲ ਵੇਖ ਕੇ ਸਾਰੇ ਹੱਸਣ ਲੱਗ ਪਏ।
ਉਹ ਖੜ੍ਹਾ, ਕੋਲੋਂ ਲੰਘਦੀ ਚੀਥੜੇ ਲਮਕਦੀ ਭੀੜ ਤੇ ਰੌਲੇ ਨੂੰ ਗੰਭੀਰ ਚਿਹਰੇ ਤੇ ਨਿੱਕੀਆਂ ਨਿੱਕੀਆਂ ਘੋਖੀ ਅੱਖਾਂ ਨਾਲ ਵੇਖਦਾ ਰਿਹਾ।
"ਨਿਰਾ ਇੱਜੜ ਹੀ ਲੱਗਦੇ ਨੇ," ਉਸ ਸੋਚਿਆ। "ਜੇ ਕਸਾਕ ਇਸ ਵੇਲੇ ਹਮਲਾ ਕਰ ਦੇਣ, ਸਾਡਾ ਕੱਖ ਵੀ ਨਾ ਰਹੇ। ਇੱਕ ਇੱਜੜ ਤੋਂ ਵੱਧ ਇਹ ਕੁਝ ਵੀ ਨਹੀਂ ਇਸ ਵੇਲੇ।
ਕਿੱਧਰ ਗਏ ਚੱਲੇ
ਦਿਨ ਬਹਾਰ ਦੇ..?
"ਆਹ ਕੀ ਓਏ ? ਕੀ ਹੈ ?" ਭੀੜ ਚਿੰਤਾ ਵਿੱਚ "ਨਾਜੇ" ਤੇ "ਦਿਨ ਬਹਾਰ ਦੇ" ਭੁੱਲ ਕੇ ਪੁੱਛਣ ਲੱਗ ਪਈ।
ਸਭ ਖਾਮੋਸ਼ ਸਨ, ਕੇਵਲ ਪੈਰਾਂ ਦੀ ਧਮ ਧਮ ਸੁਣੀ ਜਾ ਰਹੀ ਸੀ, ਸਭ ਮੁੜ ਕੇ ਉਧਰ ਤੱਕਣ ਲੱਗ ਪਏ, ਜਿੱਧਰ ਦੂਰ ਤਾਰ ਦੇ ਖੰਭ ਇੱਕ ਦੇ ਪਿੱਛੇ ਇੱਕ, ਚਲੇ ਗਏ ਸਨ ਤੇ ਸਭ ਤੋਂ ਅਖੀਰਲਾ, ਇੱਕ ਮੰਜ਼ਲ ਤੋਂ ਵੱਧ ਉੱਚਾ ਨਹੀਂ ਸੀ ਲੱਗਦਾ। ਨੇੜੇ ਦੇ ਚਾਰ ਖੰਭਿਆਂ ਨਾਲ ਚਾਰ ਆਦਮੀ ਲਟਕ ਰਹੇ ਸਨ । ਉਹਨਾਂ ਦੇ ਦੁਆਲੇ ਮੱਖੀਆਂ ਦਾ ਝੁਰਮਟ ਭਿਣ ਭਿਣ ਕਰ ਰਿਹਾ ਸੀ। ਗਲਾਂ ਵਿੱਚ ਫਾਹੀਆਂ ਪਈਆਂ ਹੋਈਆਂ ਤੇ ਠੰਡੀਆਂ ਰੱਸੇ ਨਾਲ ਲੱਗੀਆਂ ਹੋਈਆਂ। ਅੱਖਾਂ ਦੇ ਨਿਰੇ ਖੁੱਡੇ ਜੋ ਕਾਵਾਂ ਨੇ ਚੁੰਝਾਂ ਨਾਲ ਠੰਗ ਛੱਡੀਆਂ ਸਨ ਤੇ ਦੰਦ ਬਾਹਰ ਨਿਕਲੇ ਹੋਏ ਤੇ ਕਾਲ਼ੇ ਲੋਥ । ਆਂਦਰਾਂ ਵੀ ਬਾਹਰ ਲਟਕ ਰਹੀਆਂ ਸਨ । ਸੂਰਜ ਚਮਕ ਰਿਹਾ ਸੀ। ਪਾਸਿਆਂ ਤੋਂ ਗਰਮ ਸਲਾਖਾਂ ਨਾਲ ਦਾਗਣ ਕਰਕੇ, ਮਾਸ ਝੁਲਸਿਆ ਹੋਇਆ ਤੇ ਉੱਡਣ ਲੱਗਾ ਹੋਇਆ ਸੀ। ਭੀੜ ਦੇ ਨੇੜੇ ਪਹੁੰਚਣ ਕਰਕੇ ਉੱਥੋਂ ਕਾਂ ਉੱਡ ਕੇ ਕੋਲ ਹੀ, ਦੂਜੇ ਖੰਭੇ ਉੱਤੇ ਜਾ ਬੈਠੇ ਤੇ ਧੌਣਾਂ ਮੋੜ ਮੋੜ ਵੇਖਣ ਲੱਗ ਪਏ।
ਚਾਰ ਆਦਮੀ ਤੇ ਇੱਕ ਹੋਰ ਪੰਜਵੀਂ ਲਾਸ਼ ਕਿਸੇ ਕੁੜੀ ਦੀ ਸੀ, ਜੋ ਨੰਗੀ ਕੀਤੀ ਹੋਈ ਸੀ, ਛਾਤੀਆਂ ਕੱਟੀਆਂ ਹੋਈਆਂ ਸਨ ਤੇ ਸਾਰਾ ਸਰੀਰ ਕਾਲਾ ਪਿਆ ਹੋਇਆ ਸੀ।
"ਰਜਮੈਂਟ ਰੁੱਕ ਜਾਓ।”
ਪਹਿਲੇ ਖੰਭੇ ਨਾਲ ਇੱਕ ਕਾਗਜ਼ ਦਾ ਪੁਰਜ਼ਾ ਬੰਨ੍ਹਿਆ ਹੋਇਆ ਸੀ।
"ਬਟਾਲੀਅਨ ਰੁੱਕੋ ।"
"ਕੰਪਨੀ... ਰੁੱਕੋ।"
ਇਹ ਹੁਕਮ ਸਾਰੇ ਦਲ ਵਿੱਚ ਇੱਕ ਇੱਕ ਕਰਕੇ ਪਹੁੰਚ ਗਿਆ।
ਉਹਨਾਂ ਪੰਜਾਂ ਵੱਲੋਂ ਇੱਕ ਸੋਗੀ ਤੇ ਸੜ੍ਹਾਂਦ ਭਰੀ ਹਵਾ ਆ ਰਹੀ ਸੀ।
ਕੋਜੂਖ ਨੇ ਆਪਣਾ ਫਿੱਥਾ ਟੋਪ ਹੱਥ ਵਿੱਚ ਫੜ ਲਿਆ। ਹੋਰਨਾਂ ਨੇ ਵੀ, ਜਿਨ੍ਹਾਂ ਟੇਪ ਪਾਏ ਹੋਏ ਸਨ, ਸਿਰਾਂ ਉੱਤੋਂ ਲਾਹ ਲਏ। ਜਿਹਨਾਂ ਦੇ ਸਿਰ ਉੱਤੇ ਘਾਹ, ਤੀਲੇ, ਟਹਿਣੀਆਂ ਵਲ੍ਹੇਟੀਆਂ ਹੋਈਆਂ ਸਨ, ਉਹਨਾਂ ਵੀ ਛਿੱਕੂ ਹੱਥ ਵਿੱਚ ਫੜ ਲਏ।
ਸੂਰਜ ਚਮਕ ਰਿਹਾ ਸੀ।
ਸੜ੍ਹਾਂਦ ਨੱਕ ਵਿੰਨ੍ਹ ਰਹੀ ਸੀ।
"ਸਾਥੀ, ਉਹ ਮੈਨੂੰ ਫੜਾ।" ਕੋਜ਼ੂਖ ਨੇ ਆਖਿਆ।
ਸਹਾਇਕ ਨੇ ਖੰਭੇ ਉੱਤੇ ਟੰਗੇ ਬੰਦੇ ਨਾਲ ਲਟਕ ਕੇ ਉਸ ਕਾਗਜ਼ ਦੇ ਪੁਰਜ਼ੇ ਨੂੰ ਲਾਹ ਕੇ ਉਸ ਨੂੰ ਫੜਾ ਦਿੱਤਾ।
ਕੋਜ਼ੂਖ ਦੇ ਜਬਾੜੇ ਘੁਟੇ ਗਏ ਤੇ ਉਹ ਕਾਗਜ਼ ਹੱਥ ਵਿੱਚ ਝੁਲਾ ਕੇ ਕਹਿਣ ਲੱਗਾ:
"ਸਾਥੀਓ, ਇਹ ਜਰਨੈਲ ਦਾ ਫਰਮਾਨ ਹੈ। ਜਰਨੈਲ ਪਕਰਵਸਕੀ ਨੇ ਲਿਖਿਆ ਹੈ:
"ਬਾਲਸ਼ਵਿਕਾਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਰੱਖਣ ਵਾਲਿਆਂ ਨਾਲ ਇਹੀ ਸਲੂਕ ਕੀਤਾ
ਜਾਵੇਗਾ, ਜਿਸ ਤਰ੍ਹਾਂ ਇਹਨਾਂ ਪੰਜਾਂ ਹਰਾਮਜ਼ਾਦਿਆਂ ਨਾਲ ਕੀਤਾ ਗਿਆ ਹੈ, ਜੋ ਮੇਕੋਪ ਕਾਰਖਾਨੇ ਵਿੱਚ ਕੰਮ ਕਰਦੇ ਸਨ । " ਉਸ ਆਪਣੇ ਜਬਾੜੇ ਘੁੱਟ ਲਏ। ਝੱਟ ਕੁ ਮਗਰੋਂ ਉਹ ਕਹਿਣ ਲੱਗਾ, "ਤੁਹਾਡੇ ਭਰਾ ਤੁਹਾਡੀ ਭੈਣ ।"
ਇਥੇ ਪਹੁੰਚ ਕੇ, ਉਹਨਾਂ ਲਫਜ਼ਾਂ ਉੱਤੇ ਜੋ ਉਹ ਕਹਿਣੇ ਚਾਹੁੰਦਾ ਸੀ, ਉਸ ਮੂੰਹ ਬੰਦ ਕਰ ਲਿਆ । ਲਫਜ਼ ਜਿਹਨੂੰ, ਸ਼ਾਇਦ ਉਹ ਸਮਝਦਾ ਹੋਵੇ, ਬੇਕਾਰ ਸਨ।
ਹਜ਼ਾਰਾਂ ਸ਼ੋਅਲੇ ਛੱਡਦੀਆਂ ਅੱਖਾਂ ਚੁੱਕੀਆਂ ਰਹਿ ਗਈਆਂ। ਹਜ਼ਾਰਾਂ ਦਿਲਾਂ ਵਿੱਚ ਇੱਕੋ ਧੜਕਣ ਧੜਕ ਰਹੀ ਸੀ। ਸੱਖਣੇ ਅੱਖਵਾਨਿਆਂ ਵਿੱਚੋਂ ਕਾਲ਼ੇ ਟੇਪੇ ਤ੍ਰਿਪ ਤ੍ਰਿਪ ਡਿੱਗ ਰਹੇ ਸਨ।
ਹਵਾ ਵਿੱਚ ਸੜ੍ਹਾਂਦ ਤੈਰ ਰਹੀ ਸੀ।
ਵਾਤਾਵਰਨ ਵਿੱਚ ਘੁਲੀ ਚੁੱਪ-ਚਾਂ ਨੂੰ ਕਾਲੀਆਂ ਸਿਆਹ ਮੱਖੀਆਂ ਦੀ ਭਿਣ ਭਿਣ ਤੋੜ ਦੇਂਦੀ ਸੀ। ਸੋਗਾਂ ਦੀ ਖ਼ਾਮੋਸ਼ੀ ਤੇ ਸੜ੍ਹਾਂਦ। ਕਾਲੇ ਟੇਪੇ ਡਿੱਗੀ ਗਏ।
"ਕਤਾਰ ਵਿੱਚ! ਕੂਚ!"
ਭਾਰੇ ਪੈਰਾਂ ਦੀ ਧਮ ਧਮ ਨਾਲ ਖਾਮੋਸ਼ੀ ਟੁੱਟ ਗਈ। ਤੱਪਦੇ ਬਲਦੇ ਦਿਨ ਵਿੱਚ ਇੱਕ ਨਵਾਂ ਤਾਲ ਬੱਝ ਗਿਆ, ਜੋ ਇੱਕ ਇਕੱਲੇ ਦ੍ਰਿੜ ਤੇ ਅਦੁੱਤੀ ਸ਼ਕਤੀ ਵਾਲੇ ਟੁਰੇ ਜਾਂਦੇ ਮਨੁੱਖ ਦਾ ਤਾਲ ਸੀ।
ਉਹ ਏਨੀ ਤੇਜ਼ ਚਾਲ ਨਾਲ ਟੁਰੀ ਜਾ ਰਹੇ ਸਨ ਕਿ ਉਹਨਾਂ ਨੂੰ ਆਪ ਨਹੀਂ ਸੀ ਧਿਆਨ ਰਿਹਾ ਕਿ ਪੈਰਾਂ ਦੀ ਧਮਕ ਕਿੰਨੀ ਗੂੰਜ ਰਹੀ ਹੈ। ਬੇਧਿਆਨ ਉਹ ਝੂਮਦੇ ਟੁਰੀ ਜਾ ਰਹੇ ਸਨ । ਸੂਰਜ ਆਕਾਸ਼ ਵਿੱਚੋਂ ਬਲਦੀਆਂ ਕਿਰਨਾਂ ਸੁੱਟੀ ਜਾ ਰਿਹਾ ਸੀ।
ਪਹਿਲੀ ਪਲਟਨ ਵਿੱਚ ਇੱਕ ਛੋਟੇ ਕੱਦ ਦਾ ਕਾਲੀਆਂ ਮੁੱਛਾਂ ਵਾਲਾ ਆਦਮੀ ਲੜਖੜਾ ਗਿਆ, ਹੱਥੋਂ ਰਫ਼ਲ ਡਿੱਗ ਪਈ ਤੇ ਉਹ ਧੋਂਹ ਕਰਦਾ ਜ਼ਮੀਨ ਉੱਤੇ ਡਿੱਗ ਪਿਆ। ਉਸ ਦਾ ਪੀਲਾ ਚਿਹਰਾ ਸੁੱਜ ਗਿਆ। ਧੌਣ ਦੀਆਂ ਰਗਾਂ ਖਿੱਚੀਆਂ ਗਈਆਂ, ਖੁੱਲ੍ਹੀਆਂ ਪਲਕਾਂ ਹੇਠ ਪੁਤਲੀਆਂ ਹਿੱਲਣ ਲੱਗ ਪਈਆਂ ਤੇ ਸੂਹੇ ਡੇਲੇ ਬਾਹਰ ਨਿਕਲ ਆਏ ਤੇ ਸੂਰਜ ਤਪਦੀਆਂ ਕਿਰਨਾਂ ਸੁੱਟੀ ਗਿਆ।
ਕੋਈ ਵੀ ਨਾ ਰੁੱਕਿਆ, ਕਿਸੇ ਦੀ ਚਾਲ ਮੱਠੀ ਨਾ ਹੋਈ- ਸਗੋਂ ਚਾਲ ਹੋਰ ਤੇਜ਼ ਹੋ ਗਈ । ਸਭ ਨੂੰ ਇੱਕ ਕਾਹਲੀ ਸੀ ਤੇ ਸਭ ਦੀਆਂ ਅੱਖਾਂ ਦੂਰ ਦੂਰ, ਆਪਣੇ ਤਪਦੇ ਰਾਹ ਉੱਤੇ ਲੱਗੀਆਂ ਹੋਈਆਂ ਸਨ।
"ਚੁੱਕਣ ਲਈ ਸਟ੍ਰੇਚਰ ।"
ਇੱਕ ਬੱਘੀ ਅੱਗੇ ਵੱਧ ਆਈ ਤੇ ਬੰਦੇ ਨੂੰ ਚੁੱਕ ਕੇ ਇਸ ਵਿੱਚ ਪਾ ਲਿਆ ਗਿਆ।
ਉਸ ਨੂੰ ਧੁੱਪ ਨੇ ਲੂਹ ਸੁੱਟਿਆ ਸੀ। ਝੱਟ ਇਕ ਹੋਰ ਡਿੱਗ ਪਿਆ, ਫਿਰ ਦੋ ਹੋਰ।
"ਸਟ੍ਰੇਚਰ।"
ਫਿਰ ਹੁਕਮ ਹੋਇਆ:
"ਆਪਣੇ ਸਿਰ ਢੱਕ ਲਓ।"
ਜਿਹਨਾਂ ਕੋਲ ਟੋਪ ਸਨ, ਉਹਨਾਂ ਸਿਰ ਉੱਤੇ ਰੱਖ ਲਏ, ਕਈਆਂ ਨੇ ਤੀਵੀਆਂ ਵਾਲੀਆਂ ਛੱਤਰੀਆਂ ਖੋਲ੍ਹ ਲਈਆਂ। ਜਿਹਨਾਂ ਕੋਲ ਕੁਝ ਵੀ ਨਹੀਂ ਸੀ, ਉਹਨਾਂ ਘਾਹ ਦੀਆਂ ਮੁੱਠਾਂ ਪੁਟ ਕੇ ਸਿਰ ਉੱਤੇ ਰੱਖ ਲਈਆਂ। ਬਿਨਾਂ ਇੱਕ ਪਲ ਰੁੱਕੇ ਉਹਨਾਂ ਪਸੀਨੇ ਤੇ ਮਿੱਟੀ ਘੱਟੇ ਵਿੱਚ ਚਿੱਥੜ ਹੋਏ ਕਪੜੇ ਪਾੜ ਲਏ, ਪਜਾਮੇ ਲਾਹ ਸੁੱਟੇ ਤੇ ਟੋਟੇ ਕਰਕੇ, ਰੁਮਾਲ ਬਣਾ ਲਏ ਤੇ ਸਿਰਾਂ ਦੁਆਲੇ ਤੀਵੀਂਆਂ ਵਾਂਗ ਵਲ੍ਹੇਟਣ ਲੱਗ ਪਏ ਤੇ ਟੁਰੀ ਗਏ, ਉਸ ਮੁੱਖ ਮਾਰਗ ਨੂੰ ਆਪਣੇ ਵਾਹਣੇ ਪੈਰਾਂ ਹੇਠ ਲਤਾੜਦੇ, ਜੋ ਦੂਰ ਤੱਕ ਸਾਹਮਣੇ ਫੈਲਿਆ ਪਿਆ ਸੀ ।
ਕੋਜੂਖ ਆਪਣੀ ਬੱਘੀ ਵਿੱਚ ਬੈਠਾ ਦਸਤੇ ਦੀ ਗੱਡੀ ਤੱਕ ਪਹੁੰਚਣਾ ਚਾਹੁੰਦਾ ਸੀ। ਕੋਚਵਾਨ ਦੀਆਂ ਅੱਖਾਂ ਧੁੱਪ ਕਰ ਕੇ ਭਾਰੀ ਮੱਛੀ ਦੀਆਂ ਅੱਖਾਂ ਵਾਂਗ ਬਾਹਰ ਨਿਕਲੀਆਂ ਹੋਈਆਂ ਸਨ। ਉਹ ਚਾਬਕ ਨਾਲ ਘੋੜੇ ਦੀਆਂ ਵੱਖੀਆਂ ਸੇਕਣ ਲੱਗਾ ਹੋਇਆ ਸੀ, ਪਸੀਨਾ ਢੂੰਗੇ ਵਿੱਚੋਂ ਚੋ ਚੋ ਕੇ ਭੁੰਜੇ ਡਿੱਗੀ ਜਾ ਰਿਹਾ ਸੀ । ਝੱਗੋ ਝੱਗ ਹੋਏ ਜਾਨਵਰ ਵਿਚਾਰੇ ਬਥੇਰੀ ਵਾਹ ਲਾ ਰਹੇ ਸਨ, ਪਰ ਸਿਪਾਹੀ ਤੇ ਦੂਜੇ ਲੋਕ ਵੀ ਅੱਗੋਂ ਤੇਜ਼ ਹੀ ਤੇਜ਼ ਦੌੜੀ ਜਾ ਰਹੇ ਸਨ।
"ਪਾਗਲ ਹੋ ਗਏ ਨੇ ਖਬਰੇ ! ਖਰਗੋਸ਼ਾਂ ਵਾਂਗ ਚੁਗੀਆਂ ਭਰਦੇ ਜਾ ਰਹੇ ਨੇ।"
ਕੋਚਵਾਨ ਨੇ ਘੋੜਿਆਂ ਦੀਆਂ ਰਾਸਾਂ ਖਿੱਚ ਕੇ, ਫਿਰ ਉਹਨਾਂ ਨੂੰ ਫੰਡਣਾ ਸ਼ੁਰੂ ਕਰ ਦਿੱਤਾ।
"ਸ਼ਾਵਾ ਜਵਾਨੇ ਸ਼ਾਵਾ ।" ਕੋਜੂਖਆਪਣੇ ਸੰਘਣੇ ਭਰਵੱਟਿਆਂ ਹੇਠ ਫੌਲਾਦੀ ਅੱਖਾਂ ਨਾਲ ਉਹਨਾਂ ਨੂੰ ਦੌੜਦੇ ਜਾਂਦੇ ਦੇਖ ਕੇ ਸੋਚਣ ਲੱਗ ਪਿਆ। "ਇਸ ਚਾਲੇ ਤਾਂ, ਨਿੱਤ ਪੰਜਾਹ ਸੱਠ ਮੀਲ ਦਾ ਪੈਂਡਾ ਮੁਕਾ ਲੈਣਗੇ ।"
ਉਹ ਬੱਘੀ ਤੋਂ ਹੇਠਾਂ ਢਲ ਕੇ, ਦੂਜਿਆਂ ਨਾਲ ਤੇਜ਼ ਚਾਲੇ ਚੱਲਦਾ ਚੱਲਦਾ, ਉਹਨਾਂ ਵਿੱਚ ਹੀ ਗੁੰਮ ਹੋ ਗਿਆ।
'ਕੱਲੇ ਕਾਰੇ ਤਾਰ ਦੇ ਨੰਗੇ ਖੰਭੇ ਦੂਰ ਦੂਰੀਆਂ ਵਿੱਚ ਅਲੋਪ ਹੋ ਗਏ। ਦਲ ਦਾ ਮੁਹਰਲਾ ਭਾਗ ਖੱਬੇ ਪਾਸੇ ਮੋੜ ਮੁੜ ਕੇ ਮੁੱਖ ਮਾਰਗ ਉੱਤੇ ਪੈ ਗਿਆ ਤੇ ਫਿਰ ਦਮ ਘੋਟੂ ਮਿੱਟੀ ਘੰਟੇ ਵਿੱਚ ਗਲੇਫਿਆ ਗਿਆ । ਗੁਬਾਰ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਸੀ ਦਿੱਸ ਰਿਹਾ। ਤੋਲ ਤੋਲ, ਧਮ ਧਮ ਕਰਦੇ ਪੈਰ ਘੱਟੇ ਦੇ ਗੁਬਾਰਾਂ ਵਿੱਚ ਕਾਹਲੀ ਨਾਲ ਅੱਗੇ ਹੀ ਅੱਗੇ ਵੱਧਦੇ ਜਾ ਰਹੇ ਸਨ।
ਉਹਨਾਂ ਪਹਿਲੇ ਭਿਆਨਕ ਖੰਭਿਆਂ ਕੋਲੋਂ ਦੀ ਵਾਰੀ ਵਾਰੀ ਸਾਰੀਆਂ ਯੂਨਿਟਾਂ ਲੰਘੀਆਂ ਸਭ ਹੀ ਉੱਥੇ ਰੁੱਕ ਜਾਂਦੇ ।
ਗੋਰਾਂ ਦੀ ਫੈਲੀ ਇਸ ਚੁੱਪ ਵਿੱਚ ਉਹ ਵੀ ਸੁੰਨ ਹੋ ਗਏ। ਕਮਾਂਡਰਾਂ ਨੇ ਉਹਨਾਂ ਨੂੰ ਵੀ ਜਰਨੈਲ ਦਾ ਫਰਮਾਨ ਪੜ੍ਹ ਕੇ ਸੁਣਾ ਦਿੱਤਾ। ਹਜ਼ਾਰਾਂ ਸ਼ੇਅਲੇ ਛੱਡਦੀਆਂ ਅੱਖਾਂ ਸੁਣ ਕੇ ਵੇਖਦੀਆਂ ਰਹਿ ਗਈਆਂ। ਕਿਸੇ ਇੱਕੋ ਭਾਰੇ ਦਿਲ ਦੀ ਧੜਕਨ, ਸਾਰਿਆਂ ਦੀਆਂ ਛਾਤੀਆਂ ਵਿੱਚ ਧੜਕਨ ਲੱਗ ਪਈ।
ਉੱਥੇ ਉਹ ਪੰਜ, ਬੇਹਿਸ, ਬੇਹਰਕਤ, ਫਾਹੀਆਂ ਨਾਲ ਲਟਕਦੇ ਰਹੇ। ਮਾਸ ਸੜ੍ਹਾਂਦ
ਛੱਡਦਾ ਲਟਕਣ ਲੱਗ ਪਿਆ ਤੇ ਹੇਠੋਂ ਚਿੱਟੇ ਹੱਡ ਦਿੱਸਣ ਲੱਗ ਪਏ।
ਤਾਰ ਦੇ ਖੰਭਿਆਂ ਉਤੇ ਬੈਠੇ ਕਾਂ ਲਿਸ਼ ਲਿਸ਼ ਕਰਦੀਆਂ ਅੱਖਾਂ ਨਾਲ ਇੱਧਰ ਉੱਧਰ ਵੇਖਦੇ ਰਹੇ। ਸੜਕ ਤੇ ਤਰੱਕਣ ਦੀ, ਮਾਸ ਦੀ ਬੇ ਹਵਾ ਵਿੱਚ ਉੱਡਦੀ ਰਹੀ।
ਫਿਰ ਦੂਜੀਆਂ ਯੂਨਿਟਾਂ ਦੇ ਬੰਦਿਆਂ ਦੇ ਪੈਰ ਵੀ ਧਮ ਧਮ ਪੈਂਦੇ, ਕਾਹਲੀ ਨਾਲ ਅੱਗੇ ਅੱਗੇ ਪੈਣ ਲੱਗ ਪਏ। ਬਿਨਾਂ ਕਿਸੇ ਹੁਕਮ ਦੀ ਉਡੀਕ ਕੀਤੇ ਕਤਾਰ ਵਿੱਚ ਨੰਗੇ ਸਿਰ ਉਹ ਤੇਜ਼ ਤੇਜ਼ ਟੁਰੀ ਗਏ। ਤਾਰ ਦੇ ਖੰਭੇ ਦਿੱਸਦੇ ਦਿੱਸਦੇ ਦੂਰ ਦੂਰੀਆਂ ਵਿੱਚ ਲੋਪ ਹੋ ਗਏ। ਦੁਪਹਿਰ ਦੇ ਪਰਛਾਵੇਂ ਉਹਨਾਂ ਦੇ ਪੈਰਾਂ ਨੂੰ ਨਾ ਰੋਕ ਸਕੇ ਤੇ ਉਹਨੇ ਦੀਆਂ ਅੱਖਾਂ ਦੂਰ ਤੱਪਦੇ ਰਾਹ ਉੱਤੇ ਟਿਕੀਆਂ ਰਹੀਆਂ ਤੇ ਉਹ ਟੁਰੀ ਗਏ।
ਫਿਰ ਹੁਕਮ ਹੋਇਆ।"ਆਪਣੇ ਸਿਰ ਢੱਕ ਲਓ।" ਨਿੱਕੇ ਵੱਡੇ ਸਭ ਅੱਗੇ ਨਾਲੋਂ ਵੀ ਵਧੇਰੇ ਤੇਜ਼ ਤੇ ਝੂਮਦੇ ਟੁਰਨ ਲੱਗ ਪਏ। ਖੱਬੇ ਪਾਸੇ ਮੋੜ ਕਟ ਕੇ ਤੇ ਫਿਰ ਮੁੱਖ ਮਾਰਗ ਉੱਤੇ ਆ ਨਿਕਲੇ ਤੇ ਮਿੱਟੀ ਘੱਟੇ ਦੇ ਗੁਬਾਰ ਵਿੱਚ ਜੋ ਨਾਲ ਨਾਲ ਉਡੀ ਜਾ ਰਿਹਾ ਸੀ, ਗਵਾਚ ਗਏ।
ਸੈਂਕੜੇ ਹਜ਼ਾਰਾਂ ਲੰਘ ਗਏ। ਹੁਣ ਪਲਟਨਾਂ ਕੰਪਨੀਆਂ, ਬਟਾਲੀਅਨਾਂ, ਜਾਂ ਰਜਮੈਂਟਾਂ ਵੱਖਰੀਆਂ ਨਹੀਂ ਸਨ ਰਹੀਆਂ, ਬਸ ਇੱਕੋ ਜੱਥੇ ਦਾ ਜੱਥਾ ਟੁਰੀ ਜਾ ਰਿਹਾ ਸੀ। ਅਣਗਿਣਤ ਪੈਰ ਇੱਕ ਵੇਰ ਧਰਤੀ ਉੱਤੇ ਪੈ ਰਹੇ ਸਨ, ਅਣਗਿਣਤ ਅੱਖਾਂ ਵੇਖੀ ਜਾ ਰਹੀਆਂ ਸਨ, ਪਰ ਇਕੋ ਵਿਸ਼ਾਲ ਦਿਲ, ਸਭ ਦੀਆਂ ਛਾਤੀਆਂ ਵਿੱਚ ਧੜਕ ਧੜਕ ਕਰ ਰਿਹਾ ਸੀ।
ਤੇ ਸਭਨਾਂ ਦੀਆਂ ਅੱਖਾਂ ਇੱਕ ਆਦਮੀ ਵਾਂਗ ਦੂਰ ਤਪਦੀਆਂ ਦੂਰੀਆਂ ਉੱਤੇ ਟਿਕੀਆਂ ਹੋਈਆਂ ਸਨ।
ਲੰਮੇ ਤਿਰਛੇ ਪਰਛਾਵੇਂ ਜ਼ਮੀਨ ਉੱਤੇ ਪੈ ਰਹੇ ਸਨ । ਪਹਾੜ ਨੀਲੀ ਨੀਲੀ ਧੁੰਦ ਵਿੱਚ ਗਲੇਫੇ ਹੋਏ ਸਨ। ਬੱਕਿਆ ਹਾਰਿਆ ਸੂਰਜ ਜੋ ਹੁਣ ਪਹਿਲਾਂ ਵਾਂਗ ਤਪਿਆ ਹੋਇਆ ਨਹੀਂ ਸੀ, ਉਹਨਾਂ ਪਹਾੜਾਂ ਦੇ ਪਿੱਛੇ ਕਿਤੇ ਜਾ ਕੇ ਲਥ ਗਿਆ। ਛੱਕੜੇ ਖੁੱਲ੍ਹੇ ਜਾਂ ਤ੍ਰਿਪਾਲਾਂ ਨਾਲ ਢੱਕੇ ਬੱਚਿਆਂ ਤੇ ਫੱਟੜਾਂ ਨਾਲ ਭਰੇ ਆਪਣੇ ਆਪ ਨੂੰ ਅੱਗੇ ਅੱਗੇ ਧੂਹੀ ਚੱਲੇ ਜਾ ਰਹੇ ਸਨ।
ਉਹਨਾਂ ਨੂੰ ਮਿੰਟ ਕੁ ਲਈ ਰੋਕਿਆ ਗਿਆ ਤੇ ਆਖਿਆ ਗਿਆ:
“ਤੁਹਾਡੇ ਆਪਣਿਆਂ ਨਾਲ ਵੇਖੋ ਜਰਨੈਲ ਨੇ ਕੀ ਕਾਰਾ ਕਰ ਛੱਡਿਆ।"
ਉਹ ਫਿਰ ਟੁਰੀ ਗਏ ਤੇ ਸਿਵਾਏ ਪਹੀਆਂ ਦੀ ਚੀਂ ਚੀਂ ਦੇ ਹੋਰ ਉੱਥੇ ਕੁਝ ਵੀ ਨਹੀਂ ਸੀ ਸੁਣ ਰਿਹਾ। ਬੱਚੇ ਡਰੇ ਡਰੇ, ਆਪਣੀਆਂ ਮਾਵਾਂ ਨੂੰ ਪੁੱਛ ਰਹੇ ਸਨ:
“ਮਾਂ ਕੀ ਜਿਹੜੇ ਮਰ ਗਏ ਨੇ, ਉਹ ਰਾਤ ਸਾਡੇ ਕੋਲ ਆ ਜਾਣਗੇ ?"
ਤੀਵੀਂਆਂ ਨੇ ਦੋਹਾਂ ਹੱਥਾਂ ਨਾਲ ਕਰਾਸ ਬਣਾਇਆ, ਨੱਕ ਸੁਣਕੇ ਤੇ ਅੱਖਾਂ ਪੂੰਝਦੀਆਂ ਆਖਣ ਲੱਗੀਆਂ:
“ਓਏ ਪੁੱਤਰ, ਧੀ ਰਾਣੀਏ।"
ਬੁੱਢੇ ਛਕੜਿਆਂ ਦੇ ਨਾਲ ਨਾਲ ਟੁਰੀ ਜਾ ਰਹੇ ਸਨ । ਹਰ ਚੀਜ਼ ਬੇਯਕੀਨੀ ਹੋਈ
ਹੋਈ ਸੀ। ਹੁਣ ਕਿਤੇ ਵੀ ਤਾਰ ਦੇ ਖੰਭੇ ਨਹੀਂ ਸਨ ਦਿੱਸਦੇ, ਸਗੋਂ ਅੰਨ੍ਹੇਰੇ ਵਿੱਚ ਉੱਚੇ ਉੱਚੇ ਥੰਮ੍ਹੇ ਦਿੱਸਦੇ ਸਨ ਜਿਹਨਾਂ ਦੇ ਸਿਰ ਉੱਤੇ ਆਕਾਸ਼ ਟਿਕਿਆ ਲੱਗਦਾ ਸੀ । ਤੇ ਸਾਰੇ ਆਕਾਸ਼ ਵਿੱਚ ਅਣਗਿਣਤ ਤਾਰੇ ਟਿਮ ਟਿਮਾ ਰਹੇ ਸਨ, ਪਰ ਹੇਠਾਂ ਰੌਸ਼ਨੀ ਨਹੀਂ ਸੀ ਆ ਰਹੀ। ਇੰਝ ਜਾਪਦਾ ਸੀ ਕਿ ਫਿਰ ਪਹਾੜ ਆ ਗਏ ਹੋਣ, ਪਰ ਸੱਚੀ ਗੱਲ ਇਹ ਸੀ ਕਿ ਇਹ ਪਹਾੜੀਆਂ ਸਨ ਤੇ ਚੋਟੀਆਂ ਪਹਿਲਾਂ ਹੀ ਅੰਨ੍ਹੇਰੇ ਖਾ ਗਏ ਸਨ ਤੇ ਦੂਰ ਦੂਰ ਤੱਕ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਫੈਲਿਆ ਹੋਇਆ ਸੀ, ਮੈਦਾਨ ਸੀ ਜਾਂ ਖਬਰੇ ਕੁਝ ਹੋਰ।
ਤੇ ਅਚਾਨਕ ਇਕ ਤੀਵੀਂ ਦੀ ਚੀਖਦੀ ਆਵਾਜ਼ ਏਡੀ ਉੱਚੀ ਗੂੰਜਦੀ ਨਿਕਲ ਗਈ ਕਿ ਤਾਰੇ ਵੀ ਤਹਿ ਕੇ ਹਿੱਲ ਗਏ।
"ਆਹ.. ਹੋ.. ਆਹ ਕੀ ਕਰ ਛੱਡਿਆ ਉਹਨਾਂ, ਉਹਨਾਂ ਨਾਲ ਜਾਨਵਰਾਂ... ਪਾਗਲਾਂ। ਦੁਹਾਈ ਵੇ ਲੋਕਾ। ਰਹਿਮ ਕਰੋ ਵੇਖੋ ਕੀ ਕੀਤਾ ਏ ਵਹਿਸ਼ੀਆਂ ਨੇ।"
ਉਹ ਇੱਕ ਖੰਭੇ ਨੂੰ ਫੜ ਕੇ ਠੰਡੇ ਪੈਰਾਂ ਨੂੰ ਛਾਤੀ ਨਾਲ ਘੁਟੀ ਆਪਣੀਆਂ ਸੁਹਣੀਆਂ ਜ਼ੁਲਫਾਂ ਰਗੜੀ ਜਾ ਰਹੀ ਸੀ।
ਕਿਸੇ ਦੇ ਤਗੜੇ ਹੱਥਾਂ ਨੇ ਜਿਉਂ ਖੰਭੇ ਨਾਲੋਂ ਉਸ ਨੂੰ ਧੂਹ ਕੇ ਛੱਕੜੇ ਵੱਲ ਲੈ ਆਂਦਾ। ਉਹ ਆਪਣੀਆਂ ਬਾਹਾਂ ਛੁੜਾਂਦੀ ਫਿਰ ਦੌੜ ਕੇ ਖੇਭੋ ਨਾਲ ਜਾ ਲੱਗੀ ਤੇ ਸੜ ਰਹੀ ਲਾਸ਼ ਨੂੰ ਛਾਤੀ ਨਾਲ ਘੁੱਟ ਕੇ, ਇਸ ਝੱਲੀ ਬਉਰੀ ਰਾਤ ਵਿੱਚ ਫਿਰ ਚੀਖਾਂ ਮਾਰਨ ਲੱਗ ਪਈ।
"ਤੇਰੀ ਮਾਂ ਕਿੱਧਰ ਗਈ ? ਤੇਰੀਆਂ ਭੈਣਾਂ ਕਿੱਧਰ ਗਈਆਂ ? ਕੀ ਤੂੰ ਹੋਰ ਜਿਊਣਾ ਨਹੀਂ ਮੈਂ ਚਾਹੁੰਦਾ ? ਤੇਰੀਆਂ ਸੁਹਣੀਆਂ ਅੱਖਾਂ ਕਿੱਧਰ ਗਈਆਂ, ਤੇਰੇ ਤ੍ਰਾਣ, ਤੇਰੀ ਆਵਾਜ਼, ਸਭ ਕਿਧਰ ਟੁਰ ਗਏ ? ਓਏ ਹੋਏ ਵਿਚਾਰਿਓ, ਬਦਕਿਸਮਤੋ! ਕੋਈ ਨਹੀਂ ਰਿਹਾ ਤੁਹਾਨੂੰ ਰੋਣ ਵਾਲਾ, ਸੋਗ ਮਨਾਣ ਵਾਲਾ, ਨਾ ਕੋਈ ਤੁਹਾਡੀਆਂ ਲੋਥਾਂ ਉੱਤੇ ਚਾਰ ਹੰਝੂ ਕੇਰਨ ਵਾਲਾ ।"
ਲੋਕ ਉਸ ਨੂੰ ਫੜ ਫੜ, ਲਾਸ਼ਾਂ ਕੋਲੋਂ ਇਧਰ ਖਿੱਚ ਕੇ ਲਿਆਉਂਦੇ, ਤੇ ਉਹ ਬਾਹਾਂ ਤੁੜਾਂਦੀ ਝੱਲਿਆਂ ਵਾਂਗ ਲਿਟਾਂ ਖਿਲਾਰੀ, ਉਹਨਾਂ ਵੱਲ ਹੀ, ਰਾਤ ਦੀਆਂ ਸਿਆਹੀਆਂ ਵਿੱਚ ਆਪਣੀਆਂ ਚੀਖਾਂ ਨਾਲ ਚੀਰ ਪਾਂਦੀ, ਭੱਜ ਭੱਜ ਪੈਂਦੀ ਤੇ ਕੁਰਲਾ ਉੱਠਦੀ
"ਓਏ ਕੀ ਕਰ ਛੱਡਿਆ ਜ਼ਾਲਮਾਂ ਮੇਰਾ ਪੁੱਤਰ ਖਾ ਲਿਆ। ਖਾ ਲਿਆ ਉਹਨਾਂ ਮੇਰਾ ਸਟੈਪਨ, ਖਾ ਗਏ ਬੱਚਾ ਤੈਨੂੰ ਉਹ ! ਓਏ ਖਾ ਜਾਓ ਆ ਕੇ ਸਾਨੂੰ ਸਾਰਿਆਂ ਨੂੰ, ਪੀ ਜਾਓ ਸਾਡੇ ਲਹੂ, ਖਾਓ ਆ ਕੇ ਮਾਸ ਓਏ, ਭਰ ਲਓ ਆਪਣੇ ਢਿੱਡ ਸਾਡੇ ਮਾਸ, ਲਹੂ, ਹੱਡੀਆਂ, ਅੱਖਾਂ ਤੇ ਮਿੱਝਾਂ ਨਾਲ...।"
"ਆ ਜਾ... ਬੱਸ ਕਰ ਬਸ!"
ਛੱਕੜੇ ਚੀਖਦੇ ਵਾਟੇ ਪਏ ਰਹੇ । ਉਸ ਦਾ ਛੱਕੜਾ ਵੀ ਅੱਗੇ ਟੁਰ ਗਿਆ ਸੀ। ਦੂਜੇ ਬੰਦਿਆਂ ਨੇ ਉਸ ਨੂੰ ਫੜ੍ਹੀ ਰੱਖਿਆ, ਪਰ ਫਿਰ ਵੀ ਬਾਹਾਂ ਤੁੜਾ ਤੁੜਾ ਕੇ ਆਪਣੀਆਂ ਚੀਖਾਂ ਨਾਲ ਰਾਤ ਦੀ ਖਾਮੋਸ਼ੀ ਦੇ ਲੰਗਾਰ ਲਾਹੀ ਜਾ ਰਹੀ ਸੀ।
ਬਸ, ਸਭ ਤੋਂ ਅਖੀਰਲੇ ਦਸਤੇ ਨੇ ਪਿੱਛੋਂ ਆ ਕੇ, ਉਸ ਨੂੰ ਫੜ੍ਹ ਲਿਆ ਤੇ ਉਸ
ਦੀਆਂ ਬਾਹਾਂ ਛੱਕੜੇ ਨਾਲ ਬੰਨ੍ਹ ਦਿੱਤੀਆਂ ਤੇ ਸਭ ਮੰਜ਼ਲ ਵੱਲ ਵਧੀ ਗਏ।
ਤੇ ਪਿੱਛੇ ਛੱਡ ਆਏ ਉਹ, ਉਹ ਲਾਸ਼ਾਂ ਤੇ ਉਹਨਾਂ ਦੀ ਸੜ੍ਹਾਂਦ।
32
ਜਿੱਥੋਂ ਮੁੱਖ ਮਾਰਗ ਪਹਾੜਾਂ ਤੋਂ ਨਿਖੜਿਆ, ਉੱਥੇ ਕਸਾਕ ਅੱਖਾਂ ਅੱਡੀ ਬੈਠੇ ਹੋਏ ਸਨ। ਜਦੋਂ ਤੋਂ ਬਗਾਵਤ ਸ਼ੁਰੂ ਹੋਈ ਇਸ ਕੀਊਬਨ ਧਰਤੀ ਉੱਤੇ, ਹਰ ਥਾਂ ਬਾਲਸ਼ਵਿਕ ਫੌਜਾਂ ਨੂੰ ਕਸਾਕ ਰਜਮੈਂਟਾਂ, ਵਲੰਟੀਅਰ ਅਫ਼ਸਰਾਂ ਦੀਆਂ ਯੂਨਿਟਾਂ ਤੇ ਬਾਲ ਸੈਨਿਕਾਂ ਸਾਹਮਣੇ, ਪਿੱਛੇ ਹਟਣਾ ਪਿਆ। ਕਿਸੇ ਇੱਕ ਥਾਂ ਵੀ ਉਹ ਨਾ ਅੜ ਸਕੇ ਤੇ ਝੱਲੇ ਜਰਨੈਲਾਂ ਨੂੰ ਠੱਲ੍ਹ ਸਕੇ । ਕਸਬੇ ਮਗਰ ਕਸਬਾ, ਪਿੰਡ ਮਗਰੋਂ ਪਿੰਡ ਸਭ ਉਹਨਾਂ ਦੇ ਕਬਜ਼ੇ ਵਿੱਚ ਆਉਂਦੇ ਗਏ।
ਬਗਾਵਤ ਦੇ ਆਰੰਭ ਵਿੱਚ ਬਾਲਸ਼ਵਿਕ ਫੌਜਾਂ ਦਾ ਇੱਕ ਹਿੱਸਾ ਬਾਗੀਆਂ ਦੀ ਫ਼ੌਲਾਦੀ ਜਥੇਬੰਦੀ ਵਿੱਚੋਂ ਟੁਟ ਕੇ ਬੇਮੁਹਾਰਾ, ਹਜ਼ਾਰਾਂ ਦੀ ਗਿਣਤੀ ਵਿੱਚ ਰੀਫ਼ਜੀਆਂ ਤੇ ਛੱਕੜਿਆਂ ਨੂੰ ਲੈ ਕੇ ਸਮੁੰਦਰ ਤੇ ਪਹਾੜਾਂ ਵਿੱਚ ਦੀ ਫੈਲੀਆਂ ਸੌੜੀਆਂ ਥਾਵਾਂ ਵਿੱਚ ਨੱਸ ਗਿਆ। ਉਹਨਾਂ ਦੀ ਨੱਠ ਭੱਜ ਏਨੀ ਤੇਜ਼ ਚਾਲੇ ਹੋਈ ਕਿ ਉਹ ਫੜ੍ਹੇ ਨਾ ਜਾ ਸਕੇ । ਪਰ ਹੁਣ ਉੱਥੇ ਕਸਾਕ ਉਹਨਾਂ ਦੀ ਉਡੀਕ ਵਿੱਚ ਬੈਠੇ ਹੋਏ ਸਨ।
ਕਸਾਕਾਂ ਨੂੰ ਪਤਾ ਮਿਲਿਆ ਸੀ ਕਿ ਜੱਥਿਆਂ ਕੋਲ ਜਿਹੜੇ ਪਹਾੜਾਂ ਦੇ ਨਾਲ ਨਾਲ ਟੁਰੀ ਜਾ ਰਹੇ ਹਨ, ਲੁੱਟ ਦਾ ਮਾਲ ਬੇਸ਼ੁਮਾਰ ਹੈ: ਸੋਨਾ, ਕੀਮਤੀ ਪੱਥਰ, ਕੱਪੜੇ, ਗਰਾਮੋਫੋਨ, ਅਥਾਹ ਜੰਗੀ ਸਾਮਾਨ ਤੇ ਇਸ ਗੱਲ ਦੀ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਏਨਾ ਕੁਝ ਕੋਲ ਹੁੰਦਿਆਂ ਵੀ ਉਹ ਨੰਗੇ ਸਿਰ, ਨੰਗੇ ਪੈਰ, ਤੇ ਲੀਰਾਂ ਲਟਕਾਈ ਫਿਰਦੇ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਰਹਿਣ ਬਹਿਣ ਦੀ ਕੋਈ ਸੁੱਧ ਨਹੀਂ। ਇਹ ਸੁਣ ਕੇ ਜਰਨੈਲਾਂ ਤੇ ਸਿਪਾਹੀਆਂ ਦੇ, ਸਭਨਾਂ ਦੇ ਮੂੰਹ ਵਿੱਚ ਪਾਣੀ ਆ ਗਿਆ। ਏਨੀ ਦੌਲਤ ਆਪ ਟੁਰ ਕੇ ਉਹਨਾਂ ਕੋਲ ਆ ਰਹੀ ਸੀ।
ਜਰਨੈਲ ਡੇਜੀਨਿਨ ਨੇ ਜਰਨੈਲ ਪੋਕਰੋਵਸਕੀ ਦੇ ਜ਼ਿੰਮੇ ਏਕਾਰਟਰੀਨੋਡਾਰ ਵਿੱਚ ਜਿਉਂ ਹੀ ਜੱਥੇ ਪਹਾੜਾਂ ਵਿੱਚੋਂ ਨਿਕਲ ਕੇ ਸਾਹਮਣੇ ਆਉਣ, ਆਪਣੀਆਂ ਸੈਨਿਕ ਟੁਕੜੀਆਂ ਨੂੰ ਜਥੇਬੰਦ ਕਰਕੇ ਘੇਰ ਲੈਣ ਦਾ ਕੰਮ ਸੌਂਪ ਦਿੱਤਾ। ਕਿਸੇ ਇੱਕ ਨੂੰ ਬਚ ਕੇ ਨਹੀਂ ਸੀ ਨਿਕਲ ਜਾਣ ਦਿੱਤਾ ਜਾਣਾ।
ਪੋਕਰੋਵਸਕੀ ਨੇ ਸਾਰੇ ਸਾਮਾਨ ਨਾਲ ਲੈੱਸ ਆਪਣੀਆਂ ਟੁਕੜੀਆਂ, ਬੇਲਇਆ (ਬੇਲਇਆ ਦਾ ਅਰਥ ਰੂਸੀ ਜ਼ਬਾਨ ਵਿੱਚ 'ਚਿੱਟਾ' ਹੈ ਦਰਿਆ ਦੇ ਨਾਲ ਨਾਲ, ਜਿਸ ਦਾ ਇਹ ਨਾਂ ਇਸ ਕਰਕੇ ਪਿਆ ਸੀ ਕਿ ਉਹ ਪਹਾੜਾਂ ਉੱਤੋਂ ਝੱਗ ਨਾਲ ਭਰਿਆ ਵੱਗਦਾ ਆਉਂਦਾ ਸੀ, ਰਾਹ ਰੋਕਣ ਲਈ ਤਿਆਰ ਬਰ ਤਿਆਰ ਕਰ ਦਿੱਤੀਆਂ।
ਕਸਾਕ ਬੜੀ ਮੌਜ ਵਿੱਚ ਆਪਣੀਆਂ ਟੋਪੀਆਂ ਸਿਰਾਂ ਉੱਤੇ ਟਿਕਾਈ, ਉੱਚੇ ਲੰਮੇ ਤੇ ਤਗੜੀ ਕਾਠੀ ਵਾਲ਼ੇ ਸਿਰ ਮਾਰਦੇ ਤੇ ਲਿਸ਼ ਲਿਸ਼ ਕਰਦੇ ਘੋੜਿਆਂ ਉੱਤੇ ਸਵਾਰ, ਖੜ੍ਹੇ ਹੋ
ਗਏ । ਉਹਨਾਂ ਦੀਆਂ ਤਲਵਾਰਾਂ ਸੂਰਜ ਦੀਆਂ ਕਿਰਨਾਂ ਵਿੱਚ ਚਮਕਾਂ ਮਾਰ ਰਹੀਆਂ ਸਨ। ਸਰਕੇਸ਼ੀਅਨ ਕੋਟਾਂ ਉੱਤੇ ਲੱਕ ਦੁਆਲੇ ਭੀੜੀਆਂ ਪੇਟੀਆਂ ਕੱਸੀਆਂ ਹੋਈਆਂ ਸਨ ਤੇ ਚਿੱਟੇ ਰਿਬਨਾਂ ਵਾਲੀਆਂ ਫ਼ਰ ਦੀਆਂ ਟੋਪੀਆਂ ਵਿੱਚ ਉਹਨਾਂ ਦੀ ਚੜ੍ਹਤ ਵੇਖਣ ਵਾਲੀ ਸੀ।
ਉਹ ਘੋੜਿਆਂ ਉੱਤੇ ਸਵਾਰ ਪਿੰਡਾਂ ਵਿੱਚੋਂ ਗਾਉਂਦੇ ਲੰਘੀ ਜਾ ਰਹੇ ਸਨ ਤੇ ਕਸਾਕ ਤੀਵੀਂਆਂ ਆਪਣੇ ਬੰਦਿਆਂ ਨੂੰ ਉਹਨਾਂ ਦੀ ਸੇਵਾ ਲਈ ਮਸਾਲੇਦਾਰ ਭੁੰਨਿਆ ਮਾਸ ਦੇ ਕੇ ਅੱਗੇ ਭੇਜ ਰਹੀਆਂ ਸਨ, ਜਦ ਕਿ ਬੁੱਢੇ ਸ਼ਰਾਬ ਦੇ ਕੁੱਪ ਮੋਢਿਆਂ ਉੱਤੇ ਚੁੱਕੀ ਫਿਰ ਰਹੇ ਸਨ।
"ਸਾਨੂੰ ਪਹਾੜਾਂ ਵਿੱਚੋਂ ਤਾਜ਼ਾ ਤਾਜ਼ਾ, ਇਕ ਬਾਲਸ਼ਵਿਕ ਫੜ ਕੇ ਲਿਆ ਦਿਓ. ਵੇਖੀਏ ਤਾਂ ਸਹੀ ਉਹ ਹੈਣ ਕਿਹੋ ਜਿਹੇ।"
"ਫਾਂਸੀ ਦੇ ਫੰਦੇ ਤਿਆਰ ਰੱਖੋ, ਅਸੀਂ ਜ਼ਰੂਰ ਫੜ੍ਹ ਲਿਆਵਾਂਗੇ।"
ਕਸਾਕ ਪੀਣ ਵਿੱਚ ਤੇ ਤਲਵਾਰ ਚਲਾਣ ਵਿੱਚ ਇੱਕੋ ਜਿਹੇ ਮਾਹਿਰ ਸਨ।
ਦੂਰ ਧੂੜ ਤੇ ਮਿੱਟੀ ਘੱਟੇ ਦੇ ਗੁਬਾਰ ਉੱਡਦੇ ਦਿੱਸੇ।
"ਓਹ ਆ ਗਏ।"
ਆ ਗਏ ਲਟਕਦੀਆਂ ਲੀਰਾਂ, ਮੁਰਝਾਏ ਹੋਏ, ਚੀਥੜੇ ਲਟਕਦੇ ਸਿਰਾਂ ਉੱਤੇ ਟਪਾਂ ਦੀ ਥਾਂ ਘਾਹ ਕਾਨੇ ਵਲ੍ਹੇਟੇ ਹੋਏ।
ਕਸਾਕ ਫਰ ਦੀਆਂ ਟੋਪੀਆਂ ਸੰਭਾਲਦੇ ਬਿਜਲੀ ਵਾਂਗ ਲਿਸ਼ਕਦੀਆਂ ਤਲਵਾਰਾਂ ਹਵਾ ਵਿੱਚ ਘੁਮਾਂਦੇ ਕਾਠੀਆਂ ਦੇ ਹੰਨਿਆਂ ਉੱਤੇ ਝੁਕੇ ਤੇ ਘੋੜਿਆਂ ਦੀਆਂ ਲਗਾਮਾਂ ਢਿੱਲੀਆਂ ਛੱਡਦੇ, ਸ਼ਾਂ ਸ਼ਾਂ ਕਰਦੇ ਹਵਾ ਵਿੱਚੋਂ ਨਿਕਲ ਗਏ।
“ਪਤਾ ਲੱਗੇਗਾ ਕਸਾਕਾਂ ਦੀ ਤਲਵਾਰ ਦਾ।"
" ਹੁੱਰਾ।"
ਪਰ ਅਚਾਨਕ ਕੁਝ ਹੋਰ ਹੀ ਭਾਣਾ ਵਰਤ ਗਿਆ, ਖਬਰੇ ਕਿੱਥੋਂ ਆ ਕੇ ਤਲਵਾਰਾਂ ਉਹਨਾਂ ਦੀਆਂ ਟੋਪੀਆਂ ਚੀਰਦੀਆਂ ਲੰਘਣ ਲੱਗ ਪਈਆਂ, ਘੋੜਿਆਂ ਤੇ ਸਵਾਰਾਂ ਦੀਆਂ ਧੌਣਾਂ ਵਿੱਚੋਂ ਤਲਵਾਰਾਂ ਘੱਪ ਘੱਪ ਕਰਦੀਆਂ ਲੰਘਣ ਲੱਗ ਪਈਆਂ, ਘੜੇ ਸਵਾਰਾਂ ਸਮੇਤ ਧਰਤੀ ਉਤੇ ਡਿੱਗ ਡਿੱਗ ਕੇ ਢੇਰ ਹੋਣ ਲੱਗ ਪਏ। ਜਿਹੜੇ ਬਚ ਗਏ, ਉਹ ਘੋੜਿਆਂ ਦੀਆਂ ਕਾਠੀਆਂ ਨਾਲ ਚੰਬੜੇ ਹਵਾ ਵਿੱਚ ਸਰਪਟ ਦੁੜਾਂਦੇ ਨਿਕਲ ਭੱਜੇ, ਪਰ ਸਿਰਾਂ ਉੱਤੇ ਸੂਕਦੀਆਂ ਗੋਲੀਆਂ ਨੇ ਦੂਰ ਨਾ ਲੰਘਣ ਦਿੱਤੇ । ਨੰਗੇ ਪੈਰੀਂ ਰਸਾਲੇ ਦੇ ਜਵਾਨ ਤਿੰਨ ਚਾਰ ਪੰਜ ਮੀਲ ਤੱਕ ਘੋੜੇ ਉਹਨਾਂ ਦੇ ਮਗਰ ਲਾਈ ਹਵਾ ਨਾਲ ਗੱਲਾਂ ਕਰਦੇ ਉੱਡਦੇ ਗਏ- ਜੇ ਕਸਾਕ ਬਚ ਨਿਕਲੇ ਤਾਂ ਇਸ ਕਰਕੇ ਕਿ ਉਹਨਾਂ ਦੇ ਦੁਸ਼ਮਣਾਂ ਦੇ ਘੋੜੇ ਥੱਕ ਚੁੱਕੇ ਸਨ।
ਕਸਾਕ ਪਿੰਡ ਵਿੱਚ ਜਾ ਵੜ੍ਹੇ। ਪਰ ਪਿੱਛੇ ਪਿੱਛੇ ਦੂਜੇ ਵੀ ਜਾ ਵੜ੍ਹੇ ਤੇ ਕਿੱਲਿਆਂ ਤੇ ਖੁਰਲੀਆਂ ਤੋਂ ਉਹਨਾਂ ਦੇ ਘੋੜੇ ਖੋਲ੍ਹਣ ਲੱਗ ਪਏ। ਅੱਗੇ ਆਉਣ ਵਾਲਿਆਂ ਦੇ ਸਿਰ ਉੱਡਣ ਲੱਗ ਪਏ। ਤਲਵਾਰਾਂ ਹਵਾ ਚੀਰਦੀਆਂ ਗਈਆਂ। ਤਾਜ਼ੇ ਘੋੜਿਆਂ ਉੱਤੇ ਚੜ੍ਹੇ ਕਸਾਕਾਂ ਦੇ ਤਿਹਾਏ ਫਿਰ ਉਹਨਾਂ ਦਾ ਪਿੱਛਾ ਕਰਨ ਲੱਗ ਪਏ - ਕਈ ਚਿੱਟੀਆਂ ਫਰ ਦੀਆਂ ਟੋਪੀਆਂ ਤੇ ਸਰਕੇਸ਼ੀਅਨ ਤੰਗ ਪੇਟੀਆਂ ਵਾਲੇ ਕੋਟ ਸਟੈਪੀ ਵਿੱਚ ਝਾੜੀਆਂ ਢਿੱਗਾਂ ਤੇ ਰੁੱਖਾਂ ਉੱਤੇ ਟੰਗੀ
ਗਏ।
ਬਚੇ ਬਚਾਏ ਕਸਾਕਾਂ ਨੂੰ ਉਦੋਂ ਹੀ ਜਾ ਕੇ ਸਾਹ ਆਇਆ ਜਦ ਉਹ ਵਾਪਸ ਆਪਣੀਆਂ ਖੁੰਦਕਾਂ ਤੇ ਖਾਈਆਂ ਵਿੱਚ ਜਾ ਪਹੁੰਚੇ ।
ਨੰਗੇ ਤੇ ਵਾਹਣੇ ਪੈਰ ਪਿਆਦਾ ਫੌਜ ਜੋ ਪਹਾੜਾਂ ਉੱਤੋਂ ਲੰਘ ਕੇ ਆਈ ਸੀ, ਕਸਾਕਾਂ ਦੀਆਂ ਟੁਕੜੀਆਂ ਦਾ ਪਿੱਛਾ ਕਰਨ ਵਿੱਚ ਜੁਟੀ ਰਹੀ। ਮਸ਼ੀਨਗੰਨਾਂ ਸ਼ੂਕਣ ਲੱਗ ਪਈਆਂ ਤੇ ਤੋਪਾਂ ਗੋਲ਼ੇ ਉਗਲਣ ਲੱਗ ਪਈਆਂ।
ਕੋਜੂਖ ਨੂੰ ਇਹ ਸਿਆਣਪ ਨਾ ਜਾਪੀ ਕਿ ਦਿਨ ਵੇਲੇ ਆਪਣੀਆਂ ਫੌਜਾਂ ਨੂੰ ਝੋਕਿਆ ਜਾਵੇ । ਉਸ ਨੂੰ ਪਤਾ ਸੀ ਕਿ ਦੁਸ਼ਮਣ ਨੂੰ ਆਪਣੀ ਗਿਣਤੀ ਦਾ ਬਹੁਤ ਲਾਭ ਹੈ ਤੇ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਫ਼ੌਜ ਦਾ ਉਹਨਾਂ ਨੂੰ ਭੇਤ ਪਤਾ ਲੱਗ ਜਾਵੇ । ਅੰਨ੍ਹੇਰਾ ਪੈਣ ਤੱਕ ਉਡੀਕਣਾ ਹੀ ਠੀਕ ਸੀ ਤੇ ਅੱਧੀ ਰਾਤ ਵੇਲ਼ੇ ਦਿਨ ਵਾਲਾ ਕਾਰਾ ਫਿਰ ਵਰਤਣ ਲੱਗ ਪਿਆ, ਪਰ ਹੁਣ ਬੰਦੇ ਨਹੀਂ ਸਗੋਂ ਜਿੰਨ ਕਸਾਕਾਂ ਨੂੰ ਜਾ ਚੰਬੜੇ ਸਨ । ਕਸਾਕਾਂ ਨੇ ਵੀ ਤਲਵਾਰਾਂ ਤੇ ਸੰਗੀਨਾਂ ਨਾਲ ਉਹਨਾਂ ਦੇ ਆਹੂ ਲਾਹਣੇ ਸ਼ੁਰੂ ਕਰ ਦਿੱਤੇ ਤੇ ਕਈਆਂ ਦੀਆਂ ਲੋਥਾਂ ਮਸ਼ੀਨਗੰਨਾਂ ਨਾਲ ਵਿਛਾ ਦਿੱਤੀਆਂ ਪਰ ਫਿਰ ਵੀ ਕਸਾਕ ਪਤਲੇ ਪੈਣ ਲੱਗ ਪਏ ਤੇ ਉਹਨਾਂ ਦੀਆਂ ਮਸ਼ੀਨਗੰਨਾਂ ਦੀ ਗੜ੍ਹਕ ਤੇ ਰਫ਼ਲਾਂ ਦੀ ਠਾਹ ਠਾਹ ਹੌਲੀ ਹੌਲੀ ਮੰਦੀ ਪੈਂਦੀ ਗਈ... ਭਾਰੀਆਂ ਤੋਪਾਂ ਵਿੱਚੋਂ ਅੱਗ ਦੀਆਂ ਲਾਟਾਂ ਕਿਸੇ ਕਿਸੇ ਵੇਲੇ ਹੀ ਦਿਸਦੀਆਂ ਸਨ ਤੇ ਫਿਰ ਹੌਲੀ ਹੌਲੀ, ਜਿਉਂ ਸਭ ਸ਼ਾਂਤ ਹੋ ਗਿਆ।
ਕਸਾਕ ਭੱਜ ਪਏ। ਪਰ ਅੰਨ੍ਹੇਰਾ ਉਹਨਾਂ ਨੂੰ ਬਚਾ ਨਾ ਸਕਿਆ। ਕਤਾਰਾਂ ਦੀਆਂ ਕਤਾਰਾਂ ਤਲਵਾਰਾਂ ਤੇ ਸੰਗੀਨਾਂ ਦੇ ਮੂੰਹਾਂ ਅੱਗੇ ਆ ਗਈਆਂ। ਰਫ਼ਲਾਂ, ਬੰਦੂਕਾਂ, ਮਸ਼ੀਨਗੰਨਾਂ, ਅਸਲ੍ਹਾ ਸਭ ਛੱਡ ਛਡਾ ਗਏ, ਉਹ ਅਨ੍ਹੇਰੇ ਕੋਲੋਂ ਸ਼ਰਨ ਮੰਗਦੇ, ਜਿੱਧਰ ਮੂੰਹ ਆਇਆ, ਭੱਜ ਵਗੇ। ਉਹਨਾਂ ਨੂੰ ਜਾਪਦਾ ਸੀ, ਜਿਉਂ ਹੋਣੀ ਨੇ ਉਹਨਾਂ ਨਾਲ ਕੋਈ ਮਜ਼ਾਕ ਕੀਤਾ ਹੋਵੇ।
ਤੇ ਜਿਸ ਵੇਲੇ ਸੂਰਜ ਚੜ੍ਹਿਆ, ਪਹਾੜੀਆਂ ਤੇ ਸਟੈਪੀਆਂ ਉਜਾਗਰ ਹੋ ਉੱਠੀਆਂ ਤੇ ਕਿਰਨਾਂ ਧਰਤੀ ਉੱਤੇ ਸਦਾ ਦੀ ਨੀਂਦ ਸੁੱਤੇ ਕਸਾਕਾਂ ਦੀਆਂ ਲੰਮੀਆਂ ਲੰਮੀਆਂ ਮੁੱਛਾਂ ਉੱਤੇ ਪੈਣ ਲੱਗ ਪਈਆਂ। ਨਾ ਕੋਈ ਉਹਨਾਂ ਵਿੱਚੋਂ ਕੈਦੀ ਸੀ, ਤੇ ਨਾ ਫੱਟੜ-ਬਸ ਲਾਸ਼ਾਂ ਦਾ ਢੇਰ ਸਨ।
ਪਿੱਛੇ ਸਾਮਾਨ ਵਾਲੀ ਗੱਡੀ ਦੇ ਰੀਫੂਜੀਆਂ ਨੇ ਅੱਗਾਂ ਬਾਲ ਲਈਆਂ ਸਨ, ਦੇਗਚੀਆਂ ਵਿੱਚ ਕੁਝ ਰਿਨ੍ਹਣ ਪਕਾਣ ਦਾ ਆਹਰ ਸ਼ੁਰੂ ਹੋ ਗਿਆ ਸੀ। ਘੋੜੇ ਸੁੱਕਾ ਘਾਹ ਮੁਰਕਣ ਲੱਗ ਪਏ ਸਨ। ਦੂਰ ਤੋਪਾਂ ਗਰਜ ਰਹੀਆਂ ਸਨ। ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਾ ਦਿੱਤਾ, ਕਿਉਂ ਜੋ ਉਹ ਇਸ ਦੇ ਆਦੀ ਹੋ ਚੁੱਕੇ ਸਨ। ਜਦ ਇਹ ਆਵਾਜ਼ ਰੁੱਕੀ ਅਗਲੇ ਦਸਤੇ ਵਿੱਚੋਂ ਆਦਮੀ ਆਉਣੇ ਸ਼ੁਰੂ ਹੋ ਗਏ: ਪਹਿਲਾਂ ਘੋੜੇ ਉੱਤੇ ਸਵਾਰ ਇੱਕ ਆਦਮੀ ਹਦਾਇਤਾਂ ਲੈ ਕੇ ਆਇਆ, ਫਿਰ ਇੱਕ ਸਈਸ ਤੇ ਫਿਰ ਇੱਕ ਸਿਪਾਹੀ ਚੋਰੀ ਆਪਣੇ ਪਰਿਵਾਰ ਨੂੰ ਮਿਲਣ ਆ ਗਿਆ। ਚਾਰੇ ਪਾਸਿਓਂ ਕਾਲੀਆਂ ਤੇ ਦੁਖੀ ਚਿਹਰੇ ਵਾਲੀਆਂ ਤੀਵੀਂਆਂ ਆ ਕੇ ਉਸ ਦੀ ਰਕਾਬ ਜਾਂ ਲਗਾਮ ਫੜ੍ਹ ਕੇ ਖਲ੍ਹ ਗਈਆਂ:
“ਮੇਰੇ ਆਦਮੀ ਦਾ ਕੀ ਹਾਲ ਹੈ ?"
"ਉਹ ਜਿਉਂਦੈ ਨਾ ?"
ਉਹਨਾਂ ਦੀਆਂ ਅੱਖਾਂ ਵਿੱਚ ਤਰਲਾ ਸੀ।
ਤੇ ਉਹ ਬੰਦਾ ਮਾੜੀ ਜਿਹੀ ਆਪਣੀ ਚਾਬਕ ਘੁਮਾਂਦਾ ਤੇ ਘੋੜੇ ਨੂੰ ਦੁੜਕੀ ਚਾਲੇ ਦੁੜਾਂਦਾ ਇੱਕ ਸੁਨੇਹਾ ਜਿਹਾ ਦੇਂਦਾ ਲੰਘ ਜਾਂਦਾ:
“ਜੀਉਂਦੈ... ਜੀਊਂਦੈ.. ਫੱਟੜ ਹੋ ਗਿਆ ਏ, ਫੱਟੜ ਮਰ ਗਿਆ ਏ... ਲਿਆ ਰਹੇ ਨੇ ਇੱਧਰ.. ।"
ਉਹ ਲੰਘ ਗਿਆ, ਕਈਆਂ ਤੀਵੀਂਆਂ ਨੇ ‘ਸ਼ੁਕਰ ਸ਼ੁਕਰ' ਕਰਕੇ ਹੱਥਾਂ ਨਾਲ ਕਰਾਸ ਬਣਾ ਲਏ, ਕਈ ਰੋਣ ਤੇ ਕੀਰਨੇ ਪਾਣ ਲੱਗ ਪਈਆਂ, ਕਈ ਬੇਹੋਸ਼ ਹੋ ਕੇ ਜ਼ਮੀਨ ਉਤੇ ਡਿੱਗ ਪਈਆਂ ਤੇ ਕਈ ਕੋਲ ਆ ਕੇ ਉਹਨਾਂ ਦੇ ਮੂੰਹ ਉਤੇ ਪਾਣੀ ਦੇ ਛੱਟੇ ਮਾਰਨ ਲੱਗ ਪਈਆਂ।
ਜਿਸ ਵੇਲੇ ਫੱਟੜ ਕੈਂਪ ਵਿੱਚ ਲਿਆਂਦੇ ਗਏ, ਉਹਨਾਂ ਦੀਆਂ ਮਾਵਾਂ, ਭੈਣਾਂ, ਗੁਆਂਢੀ ਤੇ ਪਿਆਰੀਆਂ ਆ ਕੇ ਦੇਖ ਭਾਲ ਕਰਨ ਲੱਗ ਪਈਆਂ। ਜਿਸ ਵੇਲੇ ਮੋਇਆਂ ਨੂੰ ਲਿਆਂਦਾ ਗਿਆ, ਤੀਵੀਂਆਂ ਨੇ ਰੋ ਰੋ ਕੇ ਤੇ ਲੋਥਾਂ ਉੱਤੇ ਡਿੱਗ ਡਿੱਗ ਕੇ, ਖੁੱਲ੍ਹੇ ਸਿਰਾਂ ਦੇ ਵਾਲ, ਆਪਣਾ ਬੁਰਾ ਹਾਲ ਕਰ ਲਿਆ ਤੇ ਚੀਖ਼ਾਂ ਨਾਲ ਸਾਰਾ ਵਾਤਾਵਰਨ ਸੋਗਮਈ ਹੋ ਗਿਆ।
ਘੋੜਿਆਂ ਉੱਤੇ ਸਵਾਰ ਬੰਦੇ ਇੱਕ ਪਾਦਰੀ ਦੀ ਭਾਲ ਵਿੱਚ ਟੁਰ ਗਏ।
"ਅਸੀਂ ਨਹੀਂ ਉਹਨਾਂ ਨੂੰ ਬਿਨਾਂ ਕਰਾਸ ਤੇ ਸੁਗੰਧੀਆਂ ਦੇ ਜਾਨਵਰਾਂ ਵਾਂਗ ਕਬਰਾਂ ਵਿੱਚ ਰੱਖਣ ਦੇਣਾ।"
ਪਾਦਰੀ ਨੇ ਬਹਾਨਾ ਕਰ ਦਿੱਤਾ ਕਿ ਮੇਰਾ ਸਿਰ ਦੁੱਖ ਰਿਹਾ ਹੈ।
"ਅੱਛਾਹ! ਤੇਰਾ ਸਿਰ ਦੁੱਖ ਰਿਹਾ ਏ, ਤੂੰ ਨਹੀਂ ਆ ਸਕਦਾ ? ਲੈ ਫਿਰ ਤੇਰੇ ਲੱਕ ਨੂੰ ਦਵਾਈ ਦੇਨੇ ਆਂ ।"
ਤੇ ਉਹਨਾਂ ਚਾਬਕਾਂ ਦਾ ਸਵਾਦ ਉਹਨੂੰ ਚਖਾ ਦਿੱਤਾ । ਵਾਹੋ ਦਾਹੀ ਪਾਦਰੀ ਲੱਕ ਫੜ੍ਹੀ ਉੱਠ ਕੇ ਖੜ੍ਹੋ ਗਿਆ, ਜਾਣ ਲਈ ਤਿਆਰ। ਉਸ ਨੂੰ ਆਪਣਾ ਚੋਗਾ ਪਾਣ ਲਈ ਕਿਹਾ ਗਿਆ। ਉਸ ਇੱਕ ਕਾਲੇ ਕੁੜਤੇ ਦੇ ਗਲਮੇ ਵਿੱਚੋਂ ਆਪਣਾ ਸਿਰ ਬਾਹਰ ਕੱਢ ਲਿਆ ਤੇ ਉੱਤੇ ਫੀਤੇ ਵਾਲੀ ਇੱਕ ਚਿੱਟੀ ਟੋਪੀ ਰੱਖ ਲਈ । ਤੇ ਟੋਪੀ ਹੇਠੋਂ ਵਾਲ ਠੀਕ ਕਰਦਾ ਉਹ ਸਜ ਕੇ ਖਲ੍ਹ ਗਿਆ। ਉਸ ਨੂੰ ਫਿਰ ਆਖਿਆ ਗਿਆ ਕਿ ਇੱਕ ਕਰਾਸ, ਧੂਫ਼ਦਾਨ ਤੇ ਅਗਰਬੱਤੀਆਂ ਵੀ ਲੈ ਲਏ।
ਉਹਨਾਂ ਫਿਰ ਇੱਕ ਹੋਰ ਛੋਟਾ ਪਾਦਰੀ ਵੀ ਲੱਭ ਲਿਆਂਦਾ। ਉਹ ਭਾਰਾ ਤੇ ਨਸ਼ੇ ਦਾ ਮਾਰਿਆ ਹੋਇਆ ਬੰਦਾ ਸੀ । ਉਸ ਵੀ ਮਾਤਮੀ ਰਸਮ ਪੂਰੀ ਕਰਨ ਲਈ ਆਪਣੇ ਕੱਪੜੇ ਪਾ ਲਏ। ਚਿਹਰਾ ਲਾਲ ਸੀ । ਇੱਕ ਹੋਰ ਗਿਰਜੇ ਦਾ ਸੇਵਕ ਵੀ ਨਾਲ ਸੀ । ਉਹ ਛੀਟਕਾ ਜਿਹਾ ਬੰਦਾ ਸੀ।
ਜਦ ਉਹ ਦੋਵੇਂ ਤਿਆਰ ਹੋ ਗਏ ਤਾਂ ਉਹਨਾਂ ਨੂੰ ਟੁਰਨ ਲਈ ਕਿਹਾ ਗਿਆ।
ਸਿਪਾਹੀਆਂ ਦੇ ਘੋੜੇ ਮੱਠੀ ਚਾਲੇ ਟੁਰ ਪਏ। ਵੱਡੇ ਪਾਦਰੀ, ਛੋਟੇ ਪਾਦਰੀ ਤੇ ਗਿਰਜੇ ਦੋ ਸੇਵਾਦਾਰ ਨੂੰ ਛੁਹਲੇ ਪੈਰੀਂ ਨਾਲ ਨਾਲ ਟੁਰਨਾ ਪਿਆ। ਘੋੜੇ ਆਪਣੇ ਸਿਰ ਉਛਾਲਦੇ ਤੇ ਸਵਾਰ ਚਾਬਕਾਂ ਘੁਮਾਂਦੇ ਟੁਰੀ ਜਾ ਰਹੇ ਸਨ ।
ਰੀਫ਼ੂਜੀ ਕੈਂਪ ਦੇ ਪਿੱਛੇ ਰੁੱਖਾਂ ਓਹਲੇ, ਇੱਕ ਕਬਰਸਤਾਨ ਵਿੱਚ ਉਡੀਕਦੀ ਭੀੜ ਜੁੜੀ ਹੋਈ ਸੀ। ਜਿਸ ਵੇਲੇ ਉਹਨਾਂ ਪਾਦਰੀ ਲੈ ਕੇ ਆਉਂਦਿਆਂ ਨੂੰ ਵੇਖਿਆ, ਤਾਂ ਰੌਲਾ ਪਾਣ ਲੱਗ ਪਏ:
"ਵੇਖੋ ਓਏ, ਪਾਦਰੀ ਵਿਚਾਰੇ ਨੂੰ ਖਿੱਚੀ ਲਈ ਆ ਰਹੇ ਨੇ।"
ਤੀਵੀਆਂ ਨੇ ਕਰਾਸ ਬਣਾ ਲਏ।
“ਸ਼ੁਕਰ ਹੈ ਰੱਬ ਦਾ, ਚੱਜ ਨਾਲ ਮਈਅਤ ਤਾਂ ਉੱਠੇਗੀ, ਕਬਰ ਵਿੱਚ ਤਾਂ ਪਾਏ ਜਾਣਗੇ।"
"ਲਉ, ਨਿੱਕਾ ਪਾਦਰੀ ਤੇ ਇੱਕ ਸੇਵਾਦਾਰ ਵੀ ਲੈ ਆਏ ਜੇ।"
ਸਿਪਾਹੀ ਬੋਲੇ: “ਛੋਟਾ ਪਾਦਰੀ, ਵਧੀਆ ਬੰਦਾ ਨਹੀਂ ਲੱਗਦਾ ਤੁਹਾਨੂੰ। ਵੇਖਦੇ ਨਹੀਂ, ਸੂਰਨੀ ਵਾਂਗ ਢਿੱਡ ਨਿਕਲਿਆ ਹੋਇਆ ਏ ਇਸ ਦਾ ।"
ਤਿੰਨੇ ਕਾਹਲੀ ਕਾਹਲੀ ਟੁਰਦੇ ਪਹੁੰਚ ਗਏ। ਉਹ ਸਾਹੋ ਸਾਹ ਹੋਏ ਹੋਏ ਸਨ, ਤੇ ਮੱਥੇ ਉੱਤੋਂ ਪਸੀਨਾ ਚੋ ਰਿਹਾ ਸੀ । ਸੇਵਾਦਾਰ ਨੇ ਝੱਟ ਧੂਫ਼ਦਾਨੀ ਵਿੱਚ ਕੋਇਲੇ ਮਘਾ ਦਿੱਤੇ। ਮ੍ਰਿਤਕਾਂ ਦੇ ਹੱਥ ਛਾਤੀਆਂ ਉੱਤੇ ਪਏ ਹੋਏ ਸਨ।
"ਪਰਵਰਦਿਗਾਰ, ਬਖਸ਼ ਲਵੋ...।"
ਛੋਟੇ ਪਾਦਰੀ ਨੇ ਹੌਲੀ ਜਿਹੇ ਆਖਿਆ ਤੇ ਸੇਵਾਦਾਰ ਨੇ ਛੇਤੀ ਨਾਲ ਵਿੱਚੋਂ ਆਵਾਜ਼ ਕੱਢੀ
“ਪਵਿੱਤਰ ਪ੍ਰਭੂ ਈਸਾ, ਪਵਿੱਤਰ ਤੇ ਸ਼ਕਤੀਸ਼ਾਲੀ... !"
ਧੂਫ਼ਦਾਨੀ ਵਿੱਚੋਂ ਧੂਏਂ ਦੀਆਂ ਨੀਲੀਆਂ, ਬਰੀਕ ਬਰੀਕ, ਲਕੀਰਾਂ ਉੱਠਣ ਲੱਗ ਪਈਆਂ।
ਤੀਵੀਂਆਂ ਦੇ ਖੁਸ਼ਕ ਗਲਿਆਂ ਵਿੱਚੋਂ ਡਸਕੋਰੇ ਨਿਕਲਣ ਲੱਗ ਪਏ। ਸਿਪਾਹੀਆਂ ਦੇ ਕਾਲੇ ਚਿਹਰੇ ਤਣ ਗਏ। ਉਹ ਪੂਜਾ ਪਾਠ ਦਾ ਕੋਈ ਹਰਫ਼ ਨਾ ਸੁਣ ਸਕੇ।
ਕੀਊਬਨ ਘੋੜ ਸਵਾਰ ਜੋ ਪਾਦਰੀ ਨੂੰ ਲੈ ਕੇ ਆਖਿਆ ਸੀ, ਨੰਗੇ ਸਿਰ ਇੱਕ ਵੱਡੇ ਲਾਖੇ ਉੱਤੇ ਬੈਠਾ ਹੋਇਆ ਸੀ। ਉਸ ਲਗਾਮ ਛੋਹੀ ਤੇ ਘੋੜਾ ਦੇ ਦਲਾਂਘਾ ਪੁੱਟ ਕੇ ਅੱਗੇ ਹੋ ਗਿਆ। ਪਾਦਰੀ ਵੱਲ ਝੁੱਕ ਕੇ, ਹੌਲੀ ਜਿਹੇ ਉਸ ਉਸ ਦੇ ਕੰਨ ਵਿੱਚ ਜੋ ਕਿਹਾ, ਉਹ ਸਭ ਨੂੰ ਸੁਣੀ ਗਿਆ
"ਜੇ ਤੂੰ ਭੁੱਖੇ ਸੂਰ ਵਾਂਗ ਫੌਂਹ ਫੌਂਹ ਕਰੀ ਗਿਆ ਨਾ, ਮੈਂ ਤੇਰੇ ਜੀਊਂਦੇ ਦੀ ਖੱਲ ਲਾਹ ਸੁੱਟਾਂਗਾ।"
ਪਾਦਰੀ, ਛੋਟਾ ਪਾਦਰੀ ਤੇ ਸੇਵਾਦਾਰ ਉਸ ਵੱਲ ਵੇਖ ਕੇ ਭੈਅ ਖਾ ਗਏ।
ਛੋਟਾ ਪਾਦਰੀ ਉੱਚੀ ਉੱਚੀ ਸੁਰ ਨਾਲ ਸ਼ਬਦ ਗਾਉਣ ਲੱਗ ਪਿਆ ਤੇ ਉਸ ਦੀ ਆਵਾਜ਼ ਸੁਣ ਕੇ ਕਬਰਸਤਾਨ ਦੇ ਪੰਛੀ ਵੀ ਚਾਰੇ ਪਾਸੇ ਪਰ ਫੜ ਫੜਾਨ ਲੱਗ ਪਏ ਪਾਦਰੀ ਤੇ ਸੇਵਾਦਾਰ ਸਭ ਨੇ ਸੁਰ ਛੋਹੀ ਹੋਈ ਸੀ।
“ਸੰਤਾਂ ਦੇ ਚਰਨਾਂ ਵਿੱਚ ਵਾਸ ਹੋਵੇ... ।"
ਕੀਉਬਨ ਸਵਾਰ ਨੇ ਘੋੜਾ ਪਿੱਛੇ ਕੀਤਾ ਤੇ ਮੱਥੇ ਉੱਤੇ ਤਿਉੜੀਆਂ ਪਾ ਕੇ, ਬੁੱਤ ਦਾ ਬੁੱਤ ਕਾਠੀ ਉੱਤੇ ਬੈਠਾ ਰਿਹਾ। ਸਭ ਕਰਾਸ ਦਾ ਚਿੰਨ੍ਹ ਬਣਾ ਕੇ ਲੱਕ ਹੇਠਾਂ ਝੁੱਕਣ ਲੱਗ ਪਏ।
ਜਿਸ ਵੇਲੇ ਕਬਰਾਂ ਵਿੱਚ ਮਿੱਟੀ ਪਾਈ ਜਾ ਰਹੀ ਸੀ, ਤਿੰਨ ਵੇਰ ਰਫ਼ਲਾਂ ਗੂੰਜੀਆਂ। ਤੀਵੀਂਆਂ ਨੱਕ, ਮੂੰਹ ਤੇ ਅੱਖਾਂ ਪੂੰਝਦੀਆਂ ਆਖਣ ਲੱਗੀਆਂ:
“ਪਾਦਰੀ ਨੇ ਸ਼ਬਦ ਬੜੇ ਸੁਹਣੇ ਪੜ੍ਹੇ ਨੇ, ਬੜਾ ਦਿਲ ਲਾ ਕੇ ਕੰਮ ਪੂਰਾ ਕੀਤਾ ਏ ਉਸ ।”
33
ਰਾਤ ਦੂਰ ਦੂਰ ਤੱਕ ਫੈਲੀ ਸਟੈਪੀ ਤੇ ਉਹਨਾਂ ਪਹਾੜਾਂ ਤੇ ਦੁਸ਼ਮਣਾਂ ਦੇ ਪਿੰਡ ਨੂੰ ਜੋ ਦਿਨੇ ਦਿਸਹੱਦੇ ਉੱਤੇ ਨੀਲੀ ਨੀਲੀ ਭਾਹ ਮਾਰਦੇ ਪਏ ਦਿੱਸਦੇ ਸਨ, ਡਕਾਰ ਗਈ। ਕਿਤੇ ਨਾਂ ਨੂੰ ਵੀ ਰੌਸ਼ਨੀ ਜਾਂ ਚੂੰ-ਚੜਿੱਕ ਨਹੀਂ ਸੀ ਸੁਣੀਂਦੀ । ਇੰਝ ਲੱਗਦਾ ਸੀ ਕਿ ਪਿੰਡ ਕਿਤੇ ਆਸ ਪਾਸ ਹੋਣ ਹੀ ਨਾ। ਦਿਨੇ ਡਿੱਗਦੇ ਗੋਲਿਆਂ ਦੀ ਆਵਾਜ਼ ਦੇ ਡਰੇ, ਕੁੱਤੇ ਵੀ ਖਾਮੋਸ਼ ਹੋਏ ਪਏ ਸਨ। ਕੇਵਲ ਦਰਿਆ ਸ਼ੂਕ ਰਿਹਾ ਸੀ।
ਸਾਰਾ ਦਿਨ ਦਰਿਆਓਂ ਪਾਰ ਵਾਲੇ ਪਾਸਿਓਂ ਜੋ ਰਾਤ ਦੇ ਅੰਨ੍ਹੇਰੇ ਵਿੱਚ ਹੁਣ ਦਿੱਸਦਾ ਨਹੀਂ ਸੀ, ਕਸਾਕਾਂ ਦੀ ਖੁਦਕਾਂ ਦੇ ਪਿਛਲੇ ਪਾਸਿਓਂ ਤੋਪਾਂ ਦੀ ਗਰਜ ਆਉਂਦੀ ਰਹੀ ਸੀ । ਲਗਾਤਾਰ ਤੋਪਾਂ ਚੱਲਦੀਆਂ ਰਹੀਆਂ ਸਨ ਤੇ ਗੋਲੇ ਡਿੱਗਦੇ ਰਹੇ ਸਨ, ਤੇ ਧੂਏ ਦੇ ਮੋਹਲੇ ਸਟੈਪੀ, ਬਗੀਚੀਆਂ ਤੇ ਖੱਡਾਂ ਉੱਤੇ ਚੱਕਰ ਖਾਂਦੇ ਲੰਘਦੇ ਰਹੇ ਸੀ । ਉਹਨਾਂ ਦੇ ਜਵਾਬ ਵਿੱਚ ਮਸਾਂ ਠਾਹ ਠੂਹ ਹੋ ਜਾਂਦੀ ਸੀ।
“- ਓ...ਹੋ. ਹੋ... ।” ਕਸਾਕ ਤੋਪਚੀ ਬੜੀ ਖੁੰਦਕ ਖਾਂਦੇ ਆਖਦੇ। "ਸਾਡੇ ਗੋਲਿਆਂ ਨੇ ਉਹਨਾਂ ਦਾ ਕਚੂਮਰ ਕੱਢ ਛੱਡਿਆ ਏ।"
ਤੇ ਉਹਨਾਂ ਫਿਰ ਤੋਪਾਂ ਵਿੱਚ ਗੋਲੇ ਪਾ ਲਏ ਸਨ ਤੇ ਨਵੇਂ ਸਿਰੇ ਝੱਖੜ ਝੋਲਣ ਲੱਗ ਪਏ ਸਨ।
ਕਸਾਕਾਂ ਦੇ ਸਾਹਮਏ ਸਥਿਤੀ ਬਿਲਕੁਲ ਸਪੱਸ਼ਟ ਸੀ: ਵਿਰੋਧੀ ਖਤਮ ਹੋ ਚੁੱਕੇ ਨੇ. ਕਮਜ਼ੋਰ ਪੈ ਗਏ ਨੇ, ਗੋਲੇ ਦਾ ਜਵਾਬ ਗੋਲੇ ਨਾਲ ਬਿਲਕੁਲ ਨਹੀਂ ਸੀ ਆ ਰਿਹਾ ਤ੍ਰਿਕਾਲਾਂ ਢਲੇ, ਲਥੜਾਂ ਨੇ ਦਰਿਆ ਵੱਲੋਂ ਹਮਲਾ ਕਰ ਦਿੱਤਾ ਪਰ ਬੜਾ ਮਹਿੰਗਾ ਪਿਆ ਉਹਨਾਂ ਨੂੰ - ਭਗਦੜ ਮੱਚ ਗਈ। ਜਿੱਧਰ ਕਿਸੇ ਨੂੰ ਟਿਕਾਣਾ ਮਿਲਿਆ, ਉਹ ਜਾ ਛੁਪਿਆ। ਸ਼ੁਕਰ
ਮਨਾਣ, ਰਾਤ ਪੈ ਗਈ, ਨਹੀਂ ਬੋਟੀਆਂ ਹੋ ਜਾਂਦੀਆਂ। ਚੱਲੋ ਹੁਣ ਦਿਨ ਚੜ੍ਹੇ ਵੇਖਿਆ ਜਾਵੇਗਾ।
ਦਰਿਆ ਸ਼ੂਕਾਟਾਂ ਮਾਰ ਰਿਹਾ ਸੀ, ਇਸ ਦੀ ਗੜ੍ਹਕ ਅੰਨ੍ਹੇਰੇ ਵਿੱਚ ਖਿਲਰੀ ਹੋਈ मी।
ਕੋਜੂਖ ਪ੍ਰਸੰਨ ਚਿੱਤ ਸੀ, ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚ ਫ਼ੌਲਾਦੀ ਚਮਕ ਸੀ। ਦੁਸ਼ਮਣ ਉਸ ਦੇ ਹੱਥਾਂ ਦਾ ਖਿਡੌਣਾ ਬਣਿਆ ਹੋਇਆ ਸੀ। ਸੂਰਜ ਡੁੱਬਣ ਤੋਂ ਪਹਿਲਾਂ ਉਸ ਹਦਾਇਤ ਕੀਤੀ ਸੀ ਕਿ ਮਾਮੂਲੀ ਜਿਹਾ ਹਮਲਾ ਕਰਕੇ, ਮਗਰੋਂ ਚੁੱਪ ਕਰਕੇ ਪਏ ਰਹਿਣ। ਤੇ ਜਦ ਉਸ ਰਾਤ ਗੇੜਾ ਮਾਰ ਕੇ ਵੇਖਿਆ, ਸਭ ਦਰਿਆ ਦੇ ਉੱਪਰ ਵੱਲ ਆਪਣੀਆਂ ਰਫ਼ਲਾਂ ਫੜੀ ਅੰਨ੍ਹੇਰੇ ਵਿੱਚ ਆਪਣੀ ਆਪਣੀ ਥਾਂ ਡਟੇ ਹੋਏ ਸਨ ਤੇ ਸੁੱਖੜ ਚਟਾਨ ਤੋਂ ਪੰਜਾਹ ਫੁੱਟ ਹੇਠਾਂ ਪਾਣੀ ਗੜ੍ਹਕ ਰਿਹਾ ਸੀ, ਤੇ ਇਸ ਗੜ੍ਹਕ ਨੇ ਉਸ ਪਹਿਲੀ ਰਾਤ ਦਾ ਚੇਤਾ ਕਰਾ ਦਿੱਤਾ, ਜਦ ਉਹ ਤਿਆਰ ਹੋ ਕੇ ਟੁਰੇ ਸਨ।
ਹਰੇਕ ਸਿਪਾਹੀ ਅੰਨ੍ਹੇਰੇ ਵਿੱਚ ਕੁੱਬਾ ਹੋ ਕੇ ਟੁਰਦਾ ਹੱਥਾਂ ਨਾਲ ਚਟਾਨ ਦੇ ਕਿੰਗਰਿਆਂ ਨੂੰ ਛੂੰਹਦਾ ਜਾਂਦਾ ਸੀ । ਇਹਨਾਂ ਸਾਰੇ ਹੰਢੇ ਵਰਤੇ ਸਿਪਾਹੀਆਂ ਨੂੰ ਇਹਨਾਂ ਥਾਂਵਾਂ ਦਾ ਪੂਰਾ ਤਜਰਬਾ ਸੀ। ਉਹ ਭੇਡਾਂ ਵਾਂਗ ਇਸ ਉਡੀਕ ਵਿੱਚ ਨਹੀਂ ਸਨ ਬੈਠੇ ਰਹਿੰਦੇ ਕਿ ਉਹਨਾਂ ਦਾ ਕਮਾਂਡਰ ਹੁਕਮ ਦੇਵੇਗਾ ਤੇ ਉਹ ਹਿੱਲਣਗੇ।
ਪਹਾੜਾਂ ਉੱਤੇ ਮੀਂਹ ਵਰ੍ਹਦਾ ਰਿਹਾ ਸੀ; ਦਿਨੇ ਦਰਿਆ ਝੱਗਾਂ ਸੁੱਟਦਾ ਉਛਾਲੇ ਖਾ ਰਿਹਾ ਸੀ ਤੇ ਹੁਣ ਗੜ੍ਹਕ ਰਿਹਾ ਸੀ।
ਸਿਪਾਹੀਆਂ ਨੂੰ ਪਤਾ ਸੀ ਕਿ ਇਸ ਵੇਲੇ ਦਰਿਆ ਵਿੱਚ ਛੇ ਛੇ ਫੁੱਟ ਪਾਣੀ ਹੋਵੇਗਾ - ਉਹਨਾਂ ਪਹਿਲਾਂ ਹੀ ਇਸ ਦਾ ਪੱਕਾ ਥਾਹ ਲੈ ਲਿਆ ਸੀ ਕਿ ਕਿਸੇ ਕਿਸੇ ਥਾਂ ਸ਼ਾਇਦ ਉਹਨਾਂ ਨੂੰ ਤਰਨਾ ਵੀ ਪਵੇ, ਪਰ ਇਸ ਦੀ ਕੀ ਚਿੰਤਾ, ਤਰਨਾ ਉਹਨਾਂ ਨੂੰ ਆਉਂਦਾ ਸੀ। ਅੰਨ੍ਹੇਰਾ ਪੈਣ ਤੋਂ ਪਹਿਲਾਂ ਜਿਸ ਵੇਲੇ ਖੱਡਾਂ, ਖਾਈਆਂ, ਝਾੜੀਆਂ ਤੇ ਲੰਮੇ ਲੰਮੇ ਘਾਹਾਂ ਵਿੱਚ ਪਿਆਂ, ਉਹਨਾਂ ਉੱਤੇ ਲਗਾਤਾਰ ਗਲੇ ਵਿੱਚੋਂ ਨਿਕਲ ਨਿਕਲ ਕੇ ਕਿਰਚਾਂ ਦੇ ਛੱਰੇ ਡਿੱਗ ਰਹੇ ਸਨ, ਹਰੇਕ ਨੇ ਦੁਸ਼ਮਣ ਦੀ ਉਸ ਥਾਂ ਨੂੰ ਚੁਣ ਰੱਖਿਆ ਸੀ, ਜਿਸ ਉੱਤੇ ਉਸ ਹਮਲਾ ਕਰਨਾ ਸੀ।
ਖੱਬੇ ਪਾਸੇ ਦਰਿਆ ਉੱਤੇ ਦੋ ਪੁਲ ਬਣੇ ਹੋਏ ਸਨ, ਇੱਕ ਰੇਲਵੇ ਦਾ ਪੁੱਲ ਤੇ ਦੂਜਾ ਲੱਕੜ ਦਾ। ਅੰਨ੍ਹੇਰੇ ਵਿੱਚ ਦੋਹਾਂ ਵਿੱਚੋਂ ਇੱਕ ਵੀ ਨਹੀਂ ਸੀ ਦਿੱਸਦਾ । ਕਸਾਕਾਂ ਨੇ ਆਪਣੀਆਂ ਤੋਪਾਂ ਦਾ ਨਿਸ਼ਾਨਾਂ ਉਹਨਾਂ ਵੱਲ ਸੇਧ ਕੇ ਰੱਖਿਆ ਹੋਇਆ ਸੀ ਤੇ ਇੱਕ ਵੱਖਰੀ ਮਸ਼ੀਨਗੰਨ ਵੀ ਸਿੱਧੀ ਕੀਤੀ ਪਈ ਸੀ - ਇਹ ਵੀ ਦਿੱਸਦੇ ਨਹੀਂ ਸਨ।
ਤੇ ਰਾਤ ਦੇ ਇਸ ਅੰਨ੍ਹੇਰੇ ਵਿੱਚ ਕੋਜੂਖਦੇ ਹੁਕਮ ਉੱਤੇ, ਪੈਦਲ ਸਿਪਾਹੀ ਤੇ ਰਸਾਲਾ ਪੁਲ ਦੇ ਸਾਹਮਣੇ ਖਲ੍ਹਤੇ ਹੋਏ ਸਨ। ਬਸ, ਇਸ ਅੰਨ੍ਹੇਰੇ ਤੇ ਚਾਰੇ ਪਾਸੇ ਫੈਲੀ ਚੁੱਪ ਨੂੰ ਦਰਿਆ ਦੇ ਪਾਣੀ ਦੀ ਗੜ ਗੜ ਹੀ ਕਿਸੇ ਵੇਲੇ ਤੋੜਦੀ ਜਾਂਦੀ ਸੀ।
ਕਸਾਕ ਆਪਣੀਆਂ ਖੁੰਦਕਾਂ ਵਿੱਚ ਬੈਠੇ ਤੇਜ਼ ਵੱਗਦੇ ਪਾਣੀ ਦੀ ਗੜ੍ਹਕ, ਮੋਢਿਆਂ ਉੱਤੇ ਰਫ਼ਲਾਂ ਰੱਖੀ ਸੁਣੀ ਜਾ ਰਹੇ ਸਨ, ਭਾਵੇਂ ਚੰਗੀ ਤਰ੍ਹਾਂ ਜਾਣਦੇ ਸਨ ਕਿ ਨੰਗੇ ਪੈਰਾਂ ਵਾਲ਼ੇ
ਇੱਜੜ ਰਾਤ ਨੂੰ ਦਰਿਆ ਲੰਘਣ ਦਾ ਹੀਆ ਨਹੀਂ ਕਰ ਸਕਦੇ - ਬਥੇਰੀ ਖੱਲ ਲੱਥ ਚੁੱਕੀ ਏ ਉਹਨਾਂ ਦੀ। ਉਹ ਉਡੀਕਦੇ ਰਹੇ ਤੇ ਹੌਲੀ ਹੌਲੀ ਰਾਤ ਬੀਤਦੀ ਗਈ।
ਸਿਪਾਹੀ ਚੱਟਾਨ ਦੇ ਕਿੰਗਰਿਆਂ ਉੱਤੇ ਚੰਬੜੇ ਬਿੱਜੂਆਂ ਵਾਂਗ ਬੈਠੇ ਰਹੇ; ਤੇ ਸਿਰ ਚੁੱਕੀ ਕਸਾਕਾਂ ਵਾਂਗ ਸ਼ੂਕਦੇ ਪਾਣੀ ਦੀ ਗੜ੍ਹਕ ਸੁਣਦੇ, ਉਡੀਕਦੇ ਰਹੇ। ਪਰ ਜਿਸ ਦੀ ਉਹਨਾਂ ਨੂੰ ਉਡੀਕ ਸੀ, ਉਹ ਗੱਲ ਨਾ ਹੋਈ, ਰਾਤ ਬੀਤਦੀ ਗਈ । ਹੌਲੀ ਹੌਲੀ ਤੇ ਅਣਇੱਛਾ ਨਾਲ ਪਹੁ ਫੁਟਾਲਾ ਹੋ ਗਿਆ।
ਹਾਲਾਂ ਵੀ ਕੁਝ ਸਾਫ਼ ਨਹੀਂ ਸੀ ਦਿੱਸ ਰਿਹਾ ਨਾ ਰੰਗ ਤੇ ਨਾ ਮੁਹਾਂਦਰੇ, ਪਰ ਅੰਨ੍ਹੇਰਾ ਫਿੱਕਾ ਫਿੱਕਾ ਹੁੰਦਾ ਜਾ ਰਿਹਾ ਸੀ। ਤੜਕ ਸਾਰ ਤੋਂ ਪਹਿਲਾਂ ਦੀ ਸਾਵਧਾਨੀ ਬੜੀ ਅਕਾਊ ਸੀ।
ਇੱਕ ਛਲਾਵਾ ਜਿਹਾ ਦਰਿਆ ਦੇ ਖੱਬੇ ਕੰਢੇ ਬਿਜਲੀ ਦੀ ਚਮਕ ਵਾਂਗ ਲੰਘ ਗਿਆ।
ਪੰਜਾਹ ਫੁੱਟ ਦੀ ਉਚਾਈ ਉੱਤੋਂ ਸਿਪਾਹੀ ਜਿਉਂ ਬੋਰੀ ਵਿੱਚੋਂ ਨਿਕਲ ਰਹੇ ਹੋਣ, ਆਪਣੇ ਨਾਲ ਰੋੜੇ ਵੱਟੇ ਤੇ ਮਿੱਟੀ ਕੇਰਦੇ ਹੇਠਾਂ ਰਿੜਨ ਲੱਗ ਪਏ । ਦਰਿਆ ਗੜ੍ਹਕਦਾ ਰਿਹਾ।
ਹਜ਼ਾਰਾਂ ਬੰਦਿਆਂ ਦੇ ਪਾਣੀ ਵਿੱਚ ਕੁੱਦਣ ਨਾਲ ਹਜ਼ਾਰਾਂ ਹੀ ਛਿੱਟੇ ਉੱਛਲ ਗਏ ਤੇ ਇਹਨਾਂ ਹਜ਼ਾਰਾਂ ਛਿੱਟਾਂ ਨੂੰ ਦਰਿਆ ਦੀ ਇੱਕ ਗੜ੍ਹਕ ਰੋੜ੍ਹ ਕੇ ਨਾਲ ਲੈ ਗਈ। ਦਰਿਆ ਲਗਾਤਾਰ ਇੱਕ ਆਵਾਜ਼ ਵਿੱਚ ਗੜ੍ਹਕੀ ਜਾ ਰਿਹਾ ਸੀ...।
ਸਵੇਰ ਦੇ ਘੁਸਮੁਸੇ ਵਿੱਚ ਕਸਾਕਾਂ ਦੀਆਂ ਅੱਖਾਂ ਸਾਹਮਣੇ ਸੰਗੀਨਾਂ ਦਾ ਜਿਉਂ ਇੱਕ ਜੰਗਲ ਉੱਗ ਆਇਆ: ਤੇ ਇੱਕ ਅਜੀਬ ਜਿਹੀ ਅਚਾਨਕ ਅਫੜਾ-ਤਫੜੀ ਦੀ ਹਵਾ ਘੁਲ ਗਈ। ਹੁਣ ਆਦਮ ਜਾਤ ਕਿਤੇ ਨਹੀਂ ਸੀ, ਬਲਕਿ ਜਾਨਵਰਾਂ ਦਾ ਝੁੰਡ ਗੁੱਥਮ-ਗੁੱਥਾ ਹੋਇਆ ਹੋਇਆ ਸੀ। ਕਸਾਕਾਂ ਤੇ ਸਿਪਾਹੀਆਂ ਦੀਆਂ ਲੋਥਾਂ ਜ਼ਮੀਨ ਉੱਤੇ ਡਿੱਗਣ ਲੱਗ ਪਈਆਂ। ਖਬਰੇ ਕਿੱਥੋਂ ਰਾਖਸ਼ੀ ਫ਼ੌਜ ਇੱਕ ਵੇਰ ਫੇਰ ਉਹਨਾਂ ਨੂੰ ਆ ਕੇ ਪੈ ਗਈ। ਕੀ ਉਹ ਬਾਲਸ਼ਵਿਕ ਹੋ ਸਕਦੇ ਸਨ, ਜਿਨ੍ਹਾਂ ਨੂੰ ਇੱਕ ਵੇਰ ਉਹਨਾਂ ਕੀਉਬਨ ਧਰਤੀ ਉੱਤੇ ਮਾਰ ਨਠਾਇਆ ਸੀ ? ਨਹੀਂ, ਇਹ ਤਾਂ ਕੋਈ ਹੋਰ ਹੀ ਸਨ । ਤੇ ਇਹਨਾਂ ਦਾ ਰੰਗ ਕਾਲਾ ਸੀ ਤੇ ਤਨ ਉੱਤੇ ਲੀਰਾਂ ਲਟਕ ਰਹੀਆਂ ਸਨ।
ਤੱਤਛਣ ਦਰਿਆ ਦੇ ਸੱਜੇ ਕੰਢੇ ਉੱਤੋਂ ਇੱਕ ਵਹਿਸ਼ੀ ਆਵਾਜ਼ ਦਹਾੜਦੀ ਗੱਜਣ ਲੱਗ ਪਈ। ਤੋਪਾਂ ਤੇ ਮਸ਼ੀਨਗੰਨਾਂ ਆਪਣੇ ਜਵਾਨਾਂ ਦੇ ਸਿਰਾਂ ਉੱਤੇ ਤੇ ਪਿੰਡ ਉੱਤੇ ਸਿੱਕਾ ਬਾਰੂਦ ਉਡਾਣ ਲੱਗ ਪਈਆਂ ਤੇ ਇਕ ਰਸਾਲਾ ਪੁੱਲਾਂ ਵਲ ਧੂੜਾਂ ਉਡਾਂਦਾ ਜਾ ਨਿਕਲਿਆ ਤੇ ਪਿੱਛੇ ਪਿੱਛੇ ਹਫ਼ਦੀ ਪਿਆਦਾ ਫੌਜ। ਕਸਾਕਾਂ ਦੀਆਂ ਤੋਪਾਂ ਤੇ ਮਸ਼ੀਨਗੰਨਾਂ ਖੋਹ ਲਈਆਂ ਗਈਆਂ ਤੇ ਦਸਤੇ ਪਿੰਡ ਵਿੱਚ ਜਾ ਵੜ੍ਹੇ। ਸਵੇਰ ਦੇ ਘੁਸ-ਮੁਸੇ ਵਿੱਚ ਸਿਪਾਹੀਆਂ ਨੇ ਇੱਕ ਝੌਂਪੜੀ ਵਿੱਚੋਂ ਇਕ ਲਿਸ਼ਕਾਰਾ ਜਿਹਾ ਨਿਕਲਦਾ ਵੇਖਿਆ, ਜੋ ਬੜੀ ਤੇਜ਼ ਰਫ਼ਤਾਰ ਨਾਲ ਇੱਕ ਬਿਨਾਂ ਕਾਠੀ ਦੇ ਘੜੇ ਉੱਤੇ ਅੱਖੋਂ ਓਹਲੇ ਹੋ ਗਿਆ।
ਘੁਸਮੁਸੇ ਵਿੱਚੋਂ ਝੁੱਗੀਆਂ, ਉੱਚੇ ਪਿੱਪਲ ਤੇ ਫਿੱਕਾ ਚਿੱਟਾ ਗਿਰਜਾ ਘਰ ਹੌਲੀ
ਹੌਲੀ ਸਾਫ ਦਿੱਸਣ ਲੱਗ ਪਏ ਸਨ। ਬਗੀਚਿਆਂ ਤੋਂ ਪਰੇ, ਸਵੇਰ ਦੀ ਲਾਲੀ ਘੁਲੀ ਹੋਈ ਸੀ।
ਪਾਦਰੀ ਦੇ ਘਰ ਵਿੱਚੋਂ ਕੁਝ ਬੰਦੇ ਕੱਢੇ ਗਏ, ਜਿਨ੍ਹਾਂ ਦੇ ਮੂੰਹਾਂ ਉੱਤੇ ਸਵਾਹ ਧੂੜੀ ਹੋਈ ਜਾਪਦੀ ਸੀ ਤੇ ਮੋਢਿਆਂ ਉੱਤੇ ਸੁਨਹਿਰੀ ਫੀਤੀਆਂ ਲੱਗੀਆਂ ਹੋਈਆਂ ਸਨ - ਕਸਾਕ ਹੈੱਡਕੁਆਰਟਰ ਦੇ ਕੁਝ ਬੰਦੇ ਇੱਥੋਂ ਫੜ ਲਏ ਗਏ ਸਨ । ਪਾਦਰੀ ਦੇ ਅਸਤਬਲ ਕੋਲ ਉਹਨਾਂ ਦੇ ਸਿਰ ਦੁਫਾੜ ਕਰ ਦਿੱਤੇ ਗਏ, ਤੇ ਲਹੂ ਲਿੱਦ ਵਿੱਚ ਰੁੜ੍ਹਨ ਲੱਗ ਪਿਆ।
ਗੋਲਿਆਂ ਦੇ ਧਮਾਕਿਆਂ ਤੇ ਰਫ਼ਲਾਂ ਦੀ ਠਾਹ ਠਾਹ ਰੌਲੇ ਤੇ ਹਾਹਾਕਾਰ ਦੀਆਂ ਆਵਾਜ਼ਾਂ ਵਿੱਚ ਦਰਿਆ ਦੀ ਗੜ੍ਹਕ ਜਿਉਂ ਡੁੱਬ ਕੇ ਰਹਿ ਗਈ।
ਪਿੰਡ ਚੌਧਰੀ ਦੇ ਘਰ ਦੀ ਹੇਠ ਉੱਪਰੋਂ ਫੋਲਾ ਫਾਲੀ ਕੀਤੀ ਗਈ - ਉਹ ਕਿੱਤੋਂ ਨਾ ਲਭਿਆ। ਪਹਿਲਾਂ ਹੀ ਨੱਸ ਗਿਆ ਸੀ। ਫਿਰ ਸਿਪਾਹੀਆਂ ਨੇ ਜ਼ੋਰ ਦੀ ਆਵਾਜ਼ ਦਿੱਤੀ.
"ਵੇਖ ਲੈ, ਜੇ ਤੂੰ ਸਾਹਮਣੇ ਨਾ ਹੋਇਆ ਨਾ, ਤਾਂ ਤੇਰੇ ਅਸਾਂ ਬੱਚੇ ਵੱਢ ਸੁੱਟਣੇ ਨੇ।’’
ਚੌਧਰੀ ਸਾਹਮਣੇ ਨਾ ਆਇਆ।
ਉਹਨਾਂ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਚੌਧਰੀ ਦੀ ਵਹੁਟੀ ਗਲ ਵਿੱਚ ਸਿਰ ਦੇ ਵਾਲ ਖਲਾਰੀ ਗੋਡਿਆਂ ਭਾਰ ਚੀਖਦੀ ਤੇ ਕੁਰਲਾਂਦੀ, ਸਿਪਾਹੀਆਂ ਦੇ ਪੈਰ ਫੜਨ ਲੱਗ ਪਈ। ਉਹਨਾਂ ਵਿੱਚੋਂ ਇੱਕ ਗੁੱਸੇ ਦਾ ਭਰਿਆ, ਭਾਰੀ ਆਵਾਜ਼ ਵਿੱਚ ਲਾਅਨਤਾਂ ਸੁੱਟਦਾ ਆਖਣ ਲੱਗਾ:
"ਖੂਨ ਹੁੰਦਾ ਵੇਖ ਕੇ ਚੀਖ਼ਾਂ ਕਾਹਨੂੰ ਮਾਰਨੀ ਏਂ? ਮੇਰੀ ਵੀ ਤੇਰੇ ਵਰਗੀ ਇੱਕ ਤਿੰਨਾਂ ਸਾਲਾਂ ਦੀ ਕੁੜੀ ਸੀ । ਅਸੀਂ ਪਹਾੜਾਂ ਵਿੱਚ ਉਸ ਨੂੰ ਦੱਬ ਆਏ ਹਾਂ, ਪਰ ਮੈਂ ਤੇਰੇ ਵਾਂਗ ਚੀਖ਼ਾਂ ਨਹੀਂ ਮਾਰਦਾ।"
ਉਸ ਪਹਿਲਾਂ ਛੋਟੀ ਕੁੜੀ ਨੂੰ ਚੀਰ ਸੁੱਟਿਆ ਤੇ ਫਿਰ ਬੁਦਾਈਆਂ ਵਾਂਗ ਚੀਖਾਂ ਮਾਰਦੀ, ਮਾਂ ਦੀ ਖੋਪੜੀ ਭੰਨ ਸੁੱਟੀ। ਝੁੱਗੀ ਲਾਗੇ, ਜ਼ਮੀਨ ਉੱਤੇ ਚੂਰ ਚੂਰ ਹੋਏ ਟੁੱਟੇ ਸ਼ੀਸ਼ਿਆਂ ਦੇ ਢੇਰ ਉੱਤੇ ਰੇਲਵੇ ਦੇ ਬੰਦਿਆਂ ਦੀ ਇੱਕ ਟੋਲੀ ਆ ਇਕੱਠੀ ਹੋਈ।
"ਜਰਨੈਲ ਪੋਕਰੋਵਸਕੀ ਇੱਥੇ ਸੁੱਤਾ ਸੀ। ਤੁਹਾਡੇ ਹੱਥੋਂ ਉਹ ਨਿਕਲ ਗਿਆ । ਜਦ ਉਸ ਤੁਹਾਡੀ ਆਵਾਜ਼ ਸੁਣੀ, ਉਸ ਖਿੜਕੀ ਭੰਨ ਕੇ ਪਰੇ ਸੁੱਟੀ ਤੇ ਕਮੀਜ਼ ਪਾਈ, ਬਿਨਾਂ ਪਜਾਮੇ ਦੇ ਇੱਕ ਬਿਨਾਂ ਕਾਠੀ ਦੇ ਘੋੜੇ ਉੱਤੇ ਸਵਾਰ ਹੋ ਕੇ ਇਥੋਂ ਨੱਸ ਗਿਆ।"
ਇੱਕ ਰਸਾਲੇ ਦੇ ਆਦਮੀ ਨੇ ਮੂੰਹ ਬਣਾ ਕੇ ਆਖਿਆ:
“ਉਸ ਪਜਾਮਾ ਕਿਉਂ ਨਾ ਪਾਇਆ, ਨਹਾ ਰਿਹਾ ਸੀ ?"
“ਉਹ ਸੁੱਤਾ ਹੋਇਆ ਸੀ।"
"ਕੀ। ਬਿਨਾਂ ਪਜਾਮਾ ਪਾਈ ਸੁੱਤਾ ਹੋਇਆ ਸੀ। ਇਹ ਕਿਵੇਂ ਹੋ ਸਕਦੈ ?"
"ਵੱਡੇ ਲੋਕ ਇਸੇ ਤਰ੍ਹਾਂ ਕਰਦੇ ਨੇ । ਇਹ ਡਾਕਟਰਾਂ ਦੀ ਸਲਾਹ ਹੈ।"
"ਕੀੜੇ ਸਾਲੇ । ਬੰਦਿਆਂ ਵਾਂਗ ਨਹੀਂ ਸੌਂ ਸਕਦੇ ।"
ਰਸਾਲੇ ਦੇ ਆਦਮੀ ਨੇ ਥੁੱਕ ਸੁੱਟੀ ਤੇ ਉੱਥੋਂ ਚਲਾ ਗਿਆ।
ਕਸਾਕ ਭੱਜ ਗਏ ਸਨ। ਕੋਈ ਸੱਤ ਕੁ ਸੌ ਖੁੰਦਕਾਂ ਵਿੱਚ ਤੇ ਸਟੈਪੀ ਵਿੱਚ ਇੱਕ ਸਿੱਧੀ ਕਤਾਰ ਵਿੱਚ ਮੋਏ ਪਏ ਹੋਏ ਸਨ। ਤੇ ਜਿਹੜੇ ਭੱਜ-ਨੱਠ ਗਏ, ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਇਸ ਜਿੰਨ੍ਹਾਂ-ਭੂਤਾਂ ਦੀ ਫ਼ੌਜ ਉੱਤੇ ਹੈਰਾਨ ਹੋ ਰਹੇ ਸਨ।
ਪਰ ਦੋ ਦਿਨ ਪਹਿਲਾਂ ਇਸ ਕਸਾਕ ਪਿੰਡ ਉੱਤੇ ਬਾਲਸ਼ਵਿਕਾਂ ਦੀਆਂ ਮੁੱਖ ਫੌਜਾਂ ਨੇ ਕਬਜ਼ਾ ਕਰ ਲਿਆ ਸੀ । ਕਸਾਕਾਂ ਨੇ ਜ਼ੋਰਦਾਰ ਹਮਲਾ ਕਰਕੇ ਉਹਨਾਂ ਨੂੰ ਬਾਹਰ ਕੱਢ ਕੇ ਮਾਰਿਆ ਸੀ ਤੇ ਭਜਾਂਦੇ ਉਹਨਾਂ ਦਾ ਦੂਰ ਤੱਕ ਪਿੱਛਾ ਕਰਦੇ ਚਲੇ ਗਏ ਸਨ ਤੇ ਹਾਲਾਂ ਵੀ ਉਹਨਾਂ ਦੇ ਪਿੱਛੇ ਲੱਗੇ ਹੋਏ ਸਨ। ਫਿਰ ਇਹ ਕਿੱਥੋਂ ਆ ਗਏ। ਕੀ ਸ਼ੈਤਾਨ ਆਪ ਉਹਨਾਂ ਦਾ ਸਾਥੀ ਸੀ?
ਸੂਰਜ ਸਟੈਪੀ ਦੇ ਦੂਰ ਦਿਸਹੱਦੇ ਉੱਤੇ ਚੜ੍ਹ ਆਇਆ ਸੀ, ਤੇ ਭੱਜੇ ਜਾਂਦਿਆਂ ਨੂੰ ਪਿੱਛੋਂ ਕਿਰਨਾਂ ਫੜਨ ਦਾ ਜਤਨ ਕਰ ਰਹੀਆਂ ਸਨ।
ਸਾਮਾਨ ਗੱਡੀਆਂ ਤੇ ਰੀਫ਼ੂਜੀ ਸਟੈਪੀ ਵਿੱਚ ਦੂਰ ਤੱਕ ਖਿਲਰੇ ਹੋਏ ਸਨ। ਫਿਰ ਅੱਗਾਂ ਬਲਣ ਲੱਗ ਪਈਆਂ ਤੇ ਨੀਲਾ ਨੀਲਾ ਧੂੰਆਂ ਆਕਾਸ਼ ਵਲ ਚੱਕਰ ਖਾਂਦਾ ਜਾਣ ਲੱਗ ਪਿਆ ਤੇ ਫਿਰ ਸੁੱਕੀਆਂ ਧੌਣਾਂ ਉੱਤੇ ਬੱਚਿਆਂ ਦੇ ਸਿਰ ਦਿੱਸਣ ਲੱਗ ਪਏ, ਜਿਨ੍ਹਾਂ ਨੂੰ ਮਨੁੱਖਾਂ ਦੇ ਜਾਏ ਆਖਣਾ ਔਖਾ ਸੀ । ਫਿਰ ਭੁੰਜੇ ਖਿਲਰੇ ਚਿੱਟੇ ਜਾਰਜੀਅਨ ਤੰਬੂਆਂ ਉੱਤੇ ਬਾਹਾਂ ਵਲਾਈ, ਮੇਏ ਹੋਏ ਬੰਦਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ, ਤੇ ਕੋਲ ਗੋਡਿਆਂ ਭਾਰ ਬੈਠੀਆਂ ਤੀਵੀਂਆਂ-ਐਤਕਾਂ ਇਹ ਹੋਰ ਤੀਵੀਂਆਂ ਸਨ, ਮਿੱਟੀ ਉਤੇ ਹੱਥ ਮਾਰ ਮਾਰ ਆਪਣੇ ਵਾਲ ਖੋਹ ਰਹੀਆਂ ਸਨ।
ਕੁਝ ਘੋੜਸਵਾਰਾਂ ਦੇ ਆਲੇ ਦੁਆਲੇ ਸਿਪਾਹੀ ਜੁੜ ਕੇ ਖੜ੍ਹੋ ਗਏ।
"ਕਿੱਧਰ ਜਾ ਰਹੇ ਹੋ ?"
“ਇੱਕ ਪਾਦਰੀ ਨੂੰ ਸੱਦਣ।”
"ਕੋਜੂਖ ਦਾ ਹੁਕਮ ਹੈ, ਕਿ ਜਿਹੜੇ ਬੈਂਡ ਕਸਾਕਾਂ ਕੋਲੋਂ ਖੋਹ ਕੇ ਲਿਆਂਦੇ ਗਏ ਹਨ, ਉਹ ਵਜਾਏ ਜਾਣ ।"
“ਬੈਂਡ ਦਾ ਕੀ ਫਾਇਦਾ ? ਇਹ ਪਿੱਪਲ ਦੇ ਢੋਲ ਨੇ, ਜਦ ਕਿ ਪਾਦਰੀ ਦਾ ਗਲਾ ਏਨਾ ਸੁਹਣਾ ਹੈ।"
“ਓਏ ਅਸਾਂ ਉਸ ਦੇ ਸੁਹਣੇ ਗਲੇ ਕੋਲੋਂ ਕੀ ਲੈਣਾ ਏ ? ਉਸ ਦੀ ਆਵਾਜ਼ ਨਾਲ ਤਾਂ ਢਿੱਡ ਦੁੱਖਣ ਲੱਗ ਪੈਂਦਾ ਏ। ਕੁਝ ਵੀ ਹੋਵੇ, ਬੈਂਡ ਇੱਕ ਸੈਨਿਕ ਚੀਜ਼ ਹੈ।"
"ਹਾਂ... ਹਾਂ... ਬੈਂਡ। ਬੈਂਡ।"
“ਨਹੀਂ.. ਨਹੀਂ.. ਪਾਦਰੀ ਪਾਦਰੀ ।"
ਉਹ ਬੈਂਡ ਤੇ ਪਾਦਰੀ ਕਰਦੇ ਰੌਲਾ ਪਾਣ ਲੱਗ ਪਏ। ਤੀਵੀਂਆਂ ਨੂੰ ਵੀ ਰੌਲੇ ਦਾ ਪਤਾ ਲੱਗ ਗਿਆ ਤੇ ਉਹ ਵੀ ਝੱਲਿਆਂ ਵਾਂਗ ਚੀਖਦੀਆਂ ਉੱਧਰ ਦੌੜ ਪਈਆਂ:
“ਪਾਦਰੀ । ਪਾਦਰੀ ।"
ਸਿਪਾਹੀ ਮੁੰਡੇ ਵੀ ਹੂਰੇ ਚੁੱਕੀ ਕੁੱਦ ਪਏ
"ਬੈਂਡ। ਬੈਂਡ।"
ਅਖੀਰ ਬੈਂਡ ਦੀ ਗੱਲ ਰਹੀ।
ਘੋੜਸਵਾਰ ਘੋੜਿਆਂ ਉੱਤੋਂ ਲੱਥਣ ਲੱਗ ਪਏ।
ਰੀਫੂਜੀ ਤੇ ਸਿਪਾਹੀ ਇਕ ਮਾਤਮੀ ਜਲੂਸ ਦੀ ਸ਼ਕਲ ਵਿੱਚ, ਬੈਂਡ ਦੇ ਪਿੱਛੇ ਪਿੱਛੇ ਟੁਰਨ ਲੱਗ ਪਏ, ਜਿਸ ਦੀਆਂ ਪਿੱਤਲ ਦੀਆਂ ਆਵਾਜ਼ਾਂ ਪਿੱਤਲ ਵਰਗੇ ਚਮਕਦੇ ਆਕਾਸ਼ ਵਿੱਚ ਸੋਗ ਤੇ ਸੱਤ੍ਹਾ ਦਾ ਵਿਖਾਲਾ ਕਰਨ ਲੱਗ ਪਈਆਂ।
34
ਕਸਾਕਾਂ ਨੂੰ ਮਾਰ ਭਜਾਇਆ ਗਿਆ ਸੀ, ਪਰ ਕੋਜੂਖ ਜ਼ਰਾ ਵੀ ਨਾ ਹਿੱਲਿਆ ਭਾਵੇਂ ਅੱਗੇ ਵੱਧਣਾ ਹੁਣ ਜ਼ਰੂਰੀ ਹੋ ਗਿਆ ਸੀ । ਸਥਾਨਕ ਆਬਾਦੀ ਵਿੱਚੋਂ ਸਨੇਹੀ ਤੇ ਸਕਾਊਟ ਆ ਆ ਕੇ ਦੱਸਦੇ ਹਨ ਕਿ ਕਸਾਕ ਫਿਰ ਜੁੜਨ ਤੇ ਸੰਗਠਿਤ ਹੋਣ ਲੱਗੇ ਹੋਏ ਸਨ। ਏਕਾਰਟਰੀਨੇਡਾਰ ਤੋਂ ਲਗਾਤਾਰ ਮਦਦ ਆ ਰਹੀ ਸੀ। ਬੈਟਰੀਆਂ ਪਹੁੰਚ ਰਹੀਆਂ ਸਨ, ਅਫ਼ਸਰਾਂ ਤੇ ਜਵਾਨਾਂ ਦੀਆਂ ਬਟਾਲੀਅਨਾਂ ਬੜੇ ਖ਼ਤਰਨਾਕ ਤਰੀਕੇ ਨਾਲ ਮਾਰਚ ਕਰਦੀਆਂ ਲੰਘਦੀਆਂ ਰਹਿੰਦੀਆਂ ਸਨ- ਸੌ ਸੌ ਕਸਾਕਾਂ ਦੇ ਨਵੇਂ ਦਸਤੇ ਲਗਾਤਾਰ ਤਿਆਰ ਹੁੰਦੇ ਜਾ ਰਹੇ ਸਨ - ਕੋਜੂਖ ਦੇ ਆਲੇ ਦੁਆਲੇ ਖ਼ਤਰਾ ਵੱਧਦਾ ਹੀ ਜਾ ਰਿਹਾ ਸੀ। ਇੱਕ ਭਾਰੀ ਫੌਜ ਇਕੱਠੀ ਹੋ ਰਹੀ ਸੀ। ਇੱਥੋਂ ਹਿਲਣਾ ਜ਼ਰੂਰੀ ਹੋ ਗਿਆ ਸੀ । ਬਹੁਤ ਅਹਿਮ ਸੀ । ਹਾਲਾਂ ਵੀ ਸੰਭਾਵਨਾ ਸੀ ਕਿ ਇਹਨਾਂ ਨੂੰ ਮਾਰ ਨਸਾਇਆ ਜਾਵੇ, ਕਿਉਂ ਜੋ ਮੁੱਖ ਫੌਜਾਂ ਬਹੁਤ ਦੂਰ ਨਹੀਂ ਸਨ ਗਈਆਂ ਹੋਈਆਂ ਪਰ ਕੋਜ਼ੂਖ ਹਿੱਲਣ ਬਾਰੇ ਨਹੀਂ ਸੀ ਸੋਚ ਰਿਹਾ।
ਉਸ ਦਾ ਜੀ ਨਹੀਂ ਸੀ ਕਰਦਾ ਕਿ ਜਿਹੜੇ ਦਸਤੇ ਪਿੱਛੇ ਰਹਿ ਗਏ ਨੇ, ਉਹਨਾਂ ਨੂੰ ਪਿੱਛੇ ਹੀ ਛੱਡ ਦਿੱਤਾ ਜਾਵੇ । ਉਹ ਜਾਣਦਾ ਸੀ ਕਿ ਉਹ ਬਹੁਤ ਕਮਜ਼ੋਰ ਸਨ ਤੇ ਜੇ ਉਹਨਾਂ ਨੂੰ ਆਪਣੇ ਆਪ ਉੱਤੇ ਛੱਡ ਦਿੱਤਾ ਗਿਆ, ਤਾਂ ਉਹ ਤਬਾਹ ਹੋ ਜਾਣਗੇ। ਤੇ ਉਹਨਾਂ ਦੀ ਤਬਾਹੀ ਨਾਲ ਜੋ ਵੀ ਕੋਜ਼ੂਖ ਦਾ ਭਵਿੱਖ ਇਸ ਗੱਲ ਨਾਲ ਬਣਨਾ ਸੀ ਕਿ ਉਹ ਹਜ਼ਾਰਾਂ ਜਾਨਾਂ ਦਾ ਰਾਖਾ ਹੈ, ਉਸ ਨੂੰ ਦਾਗ ਲੱਗ ਜਾਣਾ ਸੀ ।
ਉਹ ਰੁੱਕਿਆ ਰਿਹਾ ਤੇ ਕਸਾਕ ਆਪਣੀ ਫੌਜ ਤਿਆਰ ਕਰਦੇ ਰਹੇ - ਲੋਹੇ ਵਰਗਾ ਪੱਕਾ ਘੇਰਾ ਵਲਿਆ ਜਾ ਰਿਹਾ ਸੀ ਤੇ ਇਸ ਦੀ ਪੁਸ਼ਟੀ ਵਿੱਚ ਦੁਸ਼ਮਣ ਦੀਆਂ ਤੋਪਾਂ ਗੱਜਣੀਆਂ ਸ਼ੁਰੂ ਹੋ ਗਈਆਂ। ਆਕਾਸ਼ ਤੇ ਸਟੈਪੀ ਨੂੰ ਕੰਬਾਂਦੀਆਂ ਕਿਰਚਾਂ ਤੇ ਲੋਹੇ ਦੇ ਟੋਟੇ ਗੋਲਿਆਂ ਵਿੱਚੋਂ ਨਿਕਲ ਨਿਕਲ ਕੇ ਚਾਰੇ ਪਾਸੇ ਉੱਡਣ ਲੱਗ ਪਏ। ਕੋਜੂਖ ਨੇ ਹੁਕਮ ਜਾਰੀ ਕੀਤਾ ਕਿ ਜਵਾਬ ਵਿੱਚ ਤੋਪਾਂ ਚਲਾਈਆਂ ਜਾਣ, ਪਰ ਉੱਥੋਂ ਹਿੱਲਿਆ ਨਾ ਜਾਏ। ਦਿਨੇ ਲਗਾਤਾਰ ਧਾਂਹ ਧਾਹ ਦੇ ਧਮਾਕੇ ਹੁੰਦੇ ਰਹੇ ਤੇ ਧੂਏਂ ਦੇ ਮੋਹਲੇ, ਖੁੰਦਕਾਂ ਖਾਈਆਂ ਉੱਤੋਂ ਚੱਕਰ ਖਾਂਦੇ ਉੱਡਦੇ ਰਹੇ ਤੇ ਹਰ ਰਾਤ ਦਾ ਅੰਨ੍ਹੇਰਾ ਇੰਝ ਹੁੰਦਾ ਜਿਉਂ ਕਿਸੇ ਭਾਰੀ ਗੁਫ਼ਾ ਦਾ ਮੂੰਹ ਖੁੱਲ੍ਹਾ
ਹੋਵੇ । ਪਾਣੀ ਦੀ ਸ਼ੁਕਾਟ ਹੁਣ ਬਿਲਕੁਲ ਨਹੀਂ ਸੀ ਸੁਣੀ ਜਾਂਦੀ ।
ਇੱਕ ਰਾਤ ਤੇ ਇੱਕ ਦਿਨ ਬੀਤ ਗਿਆ। ਤਪਾਂ ਗੱਜਦੀਆਂ ਰਹੀਆਂ, ਉਹਨਾਂ ਦਾ ਅਸਪਾਤ ਤੱਤਾ ਹੁੰਦਾ ਰਿਹਾ, ਪਰ ਪਿਛਲੇ ਦਸਤੇ ਨਾ ਪਹੁੰਚੇ। ਦੂਜਾ ਦਿਨ ਲੰਘ ਗਿਆ, ਤੇ ਫਿਰ ਤੀਜਾ, ਪਰ ਦਸਤਿਆਂ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ । ਕਾਰਤੂਸ ਤੇ ਗੋਲਿਆਂ ਦੀ ਘਾਟ ਦਿੱਸਣ ਲੱਗ ਪਈ। ਕੋਜੂਖਨੇ ਹੁਕਮ ਦਿੱਤਾ ਕਿ ਬੜੇ ਸਰਫ਼ੇ ਨਾਲ ਗੋਲੀ ਚਲਾਈ ਜਾਵੇ । ਕਸਾਕਾਂ ਦੇ ਹੌਸਲੇ, ਜਦ ਜਵਾਬ ਵਿੱਚ ਗੋਲੇ ਨਾ ਚੱਲਣ, ਜਾਂ ਉਹ ਅੱਗੇ ਵੱਧਦੇ ਨਜ਼ਰ ਨਾ ਆਉਂਦੇ ਤਾਂ ਹੋਰ ਉੱਚੇ ਹੋ ਗਏ। ਉਹਨਾਂ ਫੈਸਲਾ ਕਰ ਲਿਆ ਕਿ ਕੋਜੂਖ ਦੀ ਫੌਜ ਥੱਕੀ ਟੁੱਟੀ ਸੀ, ਤੇ ਉਹ ਮਿਲ ਕੇ ਇੱਕ ਭਾਰੀ ਹਮਲਾ ਕਰਨ ਦੀ ਤਿਆਰੀ ਕਰਨ ਲੱਗ ਪਏ।
ਕੋਜੂਖ ਤਿੰਨ ਰਾਤਾਂ ਤੋਂ ਸੌਂ ਨਹੀਂ ਸੀ ਸਕਿਆ; ਉਸ ਦੇ ਚਿਹਰੇ ਦਾ ਰੰਗ ਇੱਕ ਰੰਗੇ ਹੋਏ ਭੇਡ ਦੀ ਖੱਲ ਦੇ ਕੋਟ ਵਰਗਾ ਹੋਇਆ ਹੋਇਆ ਸੀ; ਹਰ ਕਦਮ ਉੱਤੇ ਉਸ ਨੂੰ ਇਉਂ ਲੱਗਦਾ ਸੀ, ਜਿਉਂ ਉਹ ਗੋਡਿਆਂ ਤੱਕ ਧਰਤੀ ਵਿੱਚ ਧੱਸਦਾ ਜਾ ਰਿਹਾ ਹੋਵੇ। ਚੌਥੀ ਰਾਤ ਵੀ ਆ ਪਹੁੰਚੀ ਤੇ ਨਾਲ ਹੀ ਲਗਾਤਾਰ ਤੋਪਾਂ ਵਿੱਚੋਂ ਨਿਕਲਦੇ ਗੋਲਿਆਂ ਦੀਆਂ ਲਾਟਾਂ।
"ਮੈਂ ਘੰਟੇ ਕੁ ਭਰ ਲਈ ਸੌਂਣ ਲੱਗਾ ਹਾਂ।" ਕੋਜ਼ੂਖ ਕਹਿਣ ਲੱਗਾ। "ਜੇ ਕੋਈ ਖਾਸ ਗੱਲ ਹੋ ਜਾਵੇ, ਮੈਨੂੰ ਝੱਟ ਜਗਾ ਦੇਣਾ।"
ਉਸ ਦੀਆਂ ਅੱਖਾਂ ਮਸਾਂ ਬੰਦ ਹੀ ਹੋਈਆਂ ਸਨ ਕਿ ਲੋਕ ਭੱਜਦੇ ਆ ਪਹੁੰਚੇ।
"ਸਾਥੀ ਕੋਜੂਖ ਸਾਥੀ ਕੋਜ਼ੂਖ। ਹਾਲਤ ਵਿਗੜ ਰਹੀ ਹੈ.. ।"
ਕੋਜੂਖ ਉੱਛਲ ਕੇ ਖਲ੍ਹ ਗਿਆ। ਉਸ ਨੂੰ ਨਹੀਂ ਸੀ ਪਤਾ ਕਿ ਉਹ ਹੈ ਕਿੱਥੇ ਸੀ, ਤੇ ਉਸ ਨਾਲ ਹੋ ਕੀ ਰਿਹਾ ਸੀ। ਉਸ ਆਪਣੇ ਚਿਹਰੇ ਉੱਤੇ ਹੱਥ ਮਾਰਿਆ ਤੇ ਆਸ ਪਾਸ ਫੈਲੀ ਖ਼ਾਮੋਸ਼ੀ ਨਾਲ ਅਚਾਨਕ ਘਬਰਾ ਗਿਆ- ਤੋਪਾਂ ਜੋ ਦਿਨ ਰਾਤ ਬੱਦਲ ਵਾਂਗ ਗੱਜਦੀਆਂ ਰਹਿੰਦੀਆਂ ਸਨ, ਖਾਮੋਸ਼ ਸਨ ਤੇ ਕੇਵਲ ਰਫ਼ਲਾਂ ਦੀ ਠਾਹ ਠਾਹ ਅੰਨ੍ਹੇਰੇ ਵਿੱਚ ਭਰੀ ਹੋਈ ਸੀ। ਹਾਲਾਤ ਵਿਗੜ ਗਏ ਸਨ - ਇਸ ਦਾ ਮਤਲਬ ਤਾਂ ਹੱਥੋਂ ਹੱਥ ਲੜਾਈ ਸੀ। ਹੋ ਸਕਦਾ ਹੈ, ਮੋਰਚਾ ਟੁਟ ਗਿਆ ਹੋਵੇ। ਉਸ ਦਰਿਆ ਦੀ ਆਵਾਜ਼ ਸੁਣੀ...।
ਉਹ ਹੈੱਡਕੁਆਰਟਰ ਦੌੜਦਾ ਗਿਆ। ਜਾ ਕੇ ਵੇਖਿਆ ਕਿ ਸਭ ਦੇ ਚਿਹਰੇ ਬੁੱਝੇ ਹੋਏ ਸਨ। ਉਸ ਟੈਲੀਫੋਨ ਚੁੱਕਿਆ। ਇਹ ਵੀ ਚੰਗਾ ਹੋਇਆ, ਉਹਨਾਂ ਜਾਰਜੀਅਨਾਂ ਦੇ ਟੈਲੀਫੋਨ ਕਬਜ਼ੇ ਵਿੱਚ ਕਰ ਲਏ ਸਨ।
"ਮੈਂ ਬੋਲ ਰਿਹਾ ਹਾਂ - ਕਮਾਂਡਰ।"
ਅੱਗੋਂ ਇੱਕ ਮਰੀਅਲ ਜਿਹੀ ਆਵਾਜ਼ ਆਈ:
"ਸਾਥੀ ਕੋਜੂਖ, ਮਦਦ ਭੇਜੋ। ਮੈਂ ਆਪਣੀ ਸਥਿਤੀ ਨਹੀਂ ਸੰਭਾਲ ਕੇ ਰੱਖ ਸਕਦਾ। ਭਾਰੀ ਹਮਲਾ, ਅਫ਼ਸਰਾਂ ਦੀਆਂ ਯੂਨਿਟਾਂ ।"
ਕੋਜੂਖ ਨੇ ਟੈਲੀਫੋਨ ਵਿੱਚ ਕਰੜਾ ਜਿਹਾ ਜਵਾਬ ਦਿੱਤਾ:
“ਮੈਂ ਮਦਦ ਨਹੀਂ ਭੇਜ ਸਕਦਾ ਹੈ ਹੀ ਨਹੀਂ। ਆਖਰੀ ਬੰਦੇ ਤੱਕ ਡਟੇ ਰਹੋ।"
“ਮੇਰੇ ਕੋਲੋਂ ਨਹੀਂ ਹੋ ਸਕਦਾ ।" ਜਵਾਬ ਆਇਆ। " ਹਮਲੇ ਦਾ ਰੁਖ ਮੇਰੇ ਵੱਲ ਹੈ,
ਮੈਨੂੰ ਸੰਭਾਲੋ।"
"ਮੈਂ ਕਹਿ ਦਿੱਤਾ ਹੈ, ਡਟੇ ਰਹੇ। ਸਾਡੇ ਕੋਲ ਰੀਜ਼ਰਵ ਵਿੱਚ ਕੋਈ ਸਿਪਾਹੀ ਨਹੀਂ। ਮੈਂ ਛੇਤੀ ਆਪ ਪਹੁੰਚ ਰਿਹਾ ਹਾਂ।"
ਕੋਜ਼ੂਖ ਨੂੰ ਹੁਣ ਦਰਿਆ ਦੀ ਆਵਾਜ਼ ਨਹੀਂ ਸੀ ਸੁਣੀ ਰਹੀ। ਉਸ ਨੂੰ ਅੰਨ੍ਹੇਰੇ ਵਿੱਚ ਆਪਣੇ ਸਾਹਮਣੇ, ਸੱਜੇ ਤੇ ਖੱਬੇ ਕੇਵਲ ਰਫ਼ਲਾਂ ਦੀ ਤੜ ਤੜ ਦੀ ਆਵਾਜ਼ ਸੁਣੀ ਰਹੀ ਸੀ।
ਕੋਜੂਖ ਨੇ ਇੱਕ ਹੁਕਮ ਦੇਣਾ ਸ਼ੁਰੂ ਕੀਤਾ, ਪਰ ਵਿੱਚੇ ਰਹਿ ਗਿਆ।
"ਹੁੱਰਾ.. ਰਾਹ!"
ਅੰਨ੍ਹੇਰੇ ਦੇ ਹੁੰਦਿਆਂ ਵੀ ਗੱਲ ਸਾਫ਼ ਸੀ ਉਸ ਅੱਗੇ ਕਸਾਕਾਂ ਨੇ ਸੱਜੇ ਖੱਬੇ ਮਾਰ ਮਾਰਦਿਆਂ ਹਮਲਾ ਕਰ ਦਿੱਤਾ ਸੀ - ਲਾਂਘਾ ਬਣ ਗਿਆ ਹੈ- ਇੱਕ ਰਸਾਲਾ ਦਸਤਾ ਟੁੱਟ ਗਿਆ ਹੈ।
ਕੋਜ਼ੂਖ ਅੱਗੇ ਵਧਿਆ ਤੇ ਉਸ ਕਮਾਂਡਰ ਨਾਲ ਟਕਰਾ ਗਿਆ, ਜਿਸ ਨਾਲ ਉਸ ਹੁਣੇ ਗੱਲ ਕੀਤੀ ਸੀ।
"ਸਾਥੀ ਕੋਜ਼ੂਖ।"
"ਤੂੰ ਇੱਥੇ ਕੀ ਪਿਆ ਕਰਨਾ ਏਂ ?"
“ਮੈਂ ਉੱਥੇ ਟਿਕ ਨਹੀਂ ਸਕਦਾ- ਦਰਾਰ ਪੈ ਗਈ ਏ।"
"ਤੇਰੀ ਆਪਣੇ ਦਸਤੇ ਨੂੰ ਛੱਡਣ ਦੀ ਦਲੇਰੀ ਕਿਵੇਂ ਹੋਈ ?"
"ਸਾਥੀ ਕੋਜ਼ੂਖ ਮੈਂ ਆਪ ਮਦਦ ਮੰਗਣ ਲਈ ਆਇਆ ਹਾਂ।"
"ਗ੍ਰਿਫ਼ਤਾਰ ਕਰ ਲਓ ਇਸ ਨੂੰ ।"
ਰਾਤ ਦੀ ਘੁਲੀ ਸਿਆਹੀ ਵਿੱਚੋਂ ਚੀਖਾਂ, ਟੁਟੀਆਂ ਹੱਡੀਆਂ ਦੀਆਂ ਕੁਰਲਾਟਾਂ ਤੇ ਗੋਲੀ ਚੱਲਣ ਦੀਆਂ ਆਵਾਜ਼ਾਂ ਆਈਆਂ। ਛੱਕੜਿਆਂ, ਬੋਰਿਆਂ ਤੇ ਮਕਾਨਾਂ ਦੀਆਂ ਕਾਲੀਆਂ ਆਕ੍ਰਿਤੀਆਂ ਵਿੱਚੋਂ ਇੱਕ ਰੀਵਾਲਵਰ ਤੇ ਰਫ਼ਲ ਦਾ ਲਿਸ਼ਕਾਰਾ ਅੰਨ੍ਹੇਰੇ ਨੂੰ ਚੀਰਦਾ ਲੰਘ ਗਿਆ।
ਉਨ੍ਹਾਂ ਦੇ ਆਪਣੇ ਕੌਣ ਸਨ ? ਤੇ ਬਿਗਾਨੇ ਦੁਸ਼ਮਣ ਕੌਣ ਸਨ ? ਕੌਣ ਦੱਸ ਸਕਦਾ ਸੀ ? ਸ਼ਾਇਦ ਆਪਣੇ ਹੀ ਬੰਦੇ ਇੱਕ ਦੂਜੇ ਨੂੰ ਤਬਾਹ ਕਰਨ ਲੱਗੇ ਹੋਏ ਸਨ.. ਕੀ ਪਤਾ ਇਹ ਇੱਕ ਭੁਲੇਖਾ ਹੋਵੇ...?
ਸਹਾਇਕ ਅੱਗੇ ਆਇਆ ਕੋਜੂਖ ਅੰਨ੍ਹੇਰੇ ਵਿੱਚੋਂ ਉਸ ਦੀ ਸ਼ਕਲ ਪਛਾਣ ਸਕਦਾ ਸੀ।
"ਸਾਥੀ ਕੋਜ਼ੂਖ।"
ਉਸ ਦੀ ਆਵਾਜ਼ ਦੁੱਖੀ ਸੀ: ਭਲਾ ਮਾਣਸ ਜੀਉਣਾ ਚਾਹੁੰਦਾ ਸੀ।
ਤੇ ਅਚਾਨਕ ਸਹਾਇਕ ਨੇ ਸੁਣਿਆ:
'ਤੇ ਕੀ ਇਹ ਫਿਰ ਅੰਤ ਹੈ?"
ਇੱਕ ਅਸਾਧਾਰਨ ਆਵਾਜ਼, ਇੱਕ ਅਸਾਧਾਰਨ ਆਵਾਜ਼ ਕੋਜ਼ੂਖ ਲਈ! ਗੋਲੀ ਦੇ
ਨਿਸ਼ਾਨੇ ਚੀਖਾਂ, ਕੁਰਲਾਟਾਂ ਤੇ ਕਿਤੇ ਡੂੰਘਾਈ ਵਿੱਚ ਕਿਤੇ ਅਚੇਤ ਮਨ ਵਿੱਚ ਤੱਤਛਣ ਜ਼ਰਾ ਖੁੰਦਕ ਖਾ ਕੇ, ਸਹਾਇਕ ਨੇ ਸੋਚਿਆ:
"ਹਾਂ.. ਤੇ ਤੂੰ ਵੀ ਸਾਡੇ ਸਭ ਵਰਗਾ ਹੈ - ਤੂੰ ਵੀ ਜੀਉਣਾ ਚਾਹੁੰਦਾ ਹੈ।"
ਪਰ ਇਹ ਤਾਂ ਘੜੀ ਦੀ ਗੱਲ ਸੀ। ਅੰਨ੍ਹੇਰਾ ਸੀ, ਕੁਝ ਵੀ ਨਜ਼ਰ ਨਹੀਂ ਸੀ ਆਉਂਦਾ, ਪਰ ਉਸ ਦੀ ਨਿੱਤ ਵਰਗੀ ਸਖਤ ਆਵਾਜ਼ ਤੋਂ ਜੋ ਘੁਟੇ ਜਬਾੜੇ ਵਿੱਚੋਂ ਆਉਂਦੀ ਸੀ, ਬੰਦਾ ਉਸ ਦੇ ਚਿਹਰੇ ਦੀ ਸਖਤੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ ਸੀ।
"ਹੈੱਡਕੁਆਰਟਰਜ਼ ਤੋਂ ਤੱਤਛਣ ਇੱਕ ਮਸ਼ੀਨਗੰਨ ਦਰਾਰ ਵਾਲੀ ਥਾਂ ਭੇਜ ਦਿਓ। ਅਮਲੇ ਦੇ ਸਾਰੇ ਬੰਦਿਆਂ ਨੂੰ, ਸਾਮਾਨ ਦੀ ਗੱਡੀ ਦੇ ਬੰਦਿਆਂ ਨੂੰ ਇਕੱਠਾ ਕਰੋ, ਕਸਾਕਾਂ ਨੂੰ ਛਕੜਿਆਂ ਦੇ ਪਿੱਛੇ ਜਿੱਥੇ ਤੱਕ ਧੱਕਿਆ ਜਾ ਸਕਦਾ ਹੈ, ਧੱਕ ਦਿਓ। ਇੱਕ ਦਸਤਾ ਉਹਨਾਂ ਦੀ ਖੱਬੀ ਬਾਹੀ 'ਤੇ ਹਮਲਾ ਕਰਨ ਲਈ ਭੇਜ ਦਿਓ।
"ਠੀਕ ਹੈ!"
ਸਹਾਇਕ ਅੰਨ੍ਹੇਰੇ ਵਿੱਚ ਗਾਇਬ ਹੋ ਗਿਆ। ਚੀਖ ਚਹਾੜਾ, ਗੋਲੀ, ਕੁਰਲਾਟਾਂ ਤੇ ਮਾਰ ਧਾੜ ਮਚੀ ਰਹੀ। ਕੋਜ਼ੂਖ ਵਾਹੋ ਦਾਹੀ ਦੌੜ ਪਿਆ। ਸੱਜੇ ਖੱਬੇ ਰਫ਼ਲਾਂ ਵਿੱਚੋਂ ਲਾਟਾਂ ਨਿਕਲਦੀਆਂ ਰਹੀਆਂ, ਜਿਥੇ ਕਸਾਕਾਂ ਨੇ ਦਰਾਰ ਪਾ ਛੱਡੀ ਸੀ ਉਸ ਦੇ ਆਸ ਪਾਸ ਸੌ ਗਜ਼ ਦੀ ਵਿੱਥ ਉੱਤੇ ਅੰਨ੍ਹੇਰਾ ਪਸਰਿਆ ਰਿਹਾ। ਪਰ ਸਿਪਾਹੀ ਖੇਡ ਨਹੀਂ ਸਨ ਗਏ, ਉਹ ਪਿੱਛੇ ਹਟੇ ਸਨ ਤੇ ਜਿਹੜਾ ਵੀ ਓਹਲਾ ਉਹਨਾਂ ਨੂੰ ਦਿਸਿਆ, ਉਸ ਦੀ ਓਟ ਲੈ ਕੇ ਜਵਾਬੀ ਗੋਲੀ ਚਲਾਈ ਜਾ ਰਹੇ ਸਨ। ਅੰਨ੍ਹੇਰੇ ਵਿੱਚ ਹਮਲਾਵਰਾਂ ਨੂੰ ਸਾਫ ਵੇਖਿਆ ਜਾ ਸਕਦਾ ਸੀ ਕਿ ਕਿਵੇਂ ਉਹਨਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਅੱਗੇ ਵਧੀ ਆ ਰਹੀਆਂ ਸਨ। ਸਿਪਾਹੀ ਲੇਟੇ ਰਹੇ ਤੇ ਗੋਲੀਆਂ ਚਲਾਂਦੇ ਰਹੇ ਅੰਨ੍ਹੇਰੇ ਵਿੱਚ।
ਹੈੱਡਕੁਆਰਟਰ ਪਹੁੰਚੀ ਮਸ਼ੀਨਗੰਨ ਨੂੰ ਖਿੱਚ ਕੇ ਅੱਗੇ ਲੈ ਆਂਦਾ ਗਿਆ। ਕੋਜੂਖ ਨੇ ਆਪਣੇ ਬੰਦਿਆਂ ਨੂੰ ਗੋਲੀ ਬੰਦ ਕਰਨ ਲਈ ਤੇ ਉਦੋਂ ਚਲਾਣ ਲਈ ਕਿਹਾ ਜਦੋਂ ਆਖਿਆ ਜਾਵੇ, ਉਹ ਮਸ਼ੀਨਗੰਨ ਦੇ ਪਿੱਛੇ ਬੈਠਾ ਹੋਇਆ ਸੀ ਤੇ ਆਪਣਾ ਲੋਹਾ ਦੱਸ ਰਿਹਾ ਸੀ। ਸੱਜੇ ਤੇ ਖੱਬੇ ਲਿਸ਼ਕਾਰੇ ਤੇ ਕੜ ਕੜ ਕੜਾਕ ਹੋ ਰਹੀ ਸੀ। ਜਦ ਸਿਪਾਹੀਆਂ ਨੇ ਗੋਲੀ ਬੰਦ ਕਰ ਦਿੱਤੀ, ਦੁਸ਼ਮਣ ਅੱਗੇ ਵੱਲ ਵਧਿਆ, ਚੀਖ਼ਾਂ ਮਾਰਦਾ, "ਹੁਰਾ ਹ।" ਉਹ ਹੋਰ ਨੇੜੇ ਆ ਪਹੁੰਚੇ। ਇੱਕ ਇੱਕ ਦੀ ਸ਼ਕਲ ਸਾਫ ਦਿੱਸਦੀ ਸੀ । ਉਹ ਹੱਥ ਵਿੱਚ ਰਫ਼ਲਾਂ ਫੜੀ ਕੁੱਬੇ ਹੋਏ ਅੱਗੇ ਨੱਸ ਰਹੇ ਸਨ।
ਕੋਜੂਖਨੇ ਹੁਕਮ ਦਿੱਤਾ:
"ਭਰ ਭਰ ਕੇ ਗੋਲੀਆਂ ਦੀ ਵਾਛੜ ਸੁੱਟੇ ।"
ਉਸ ਮਸ਼ੀਨਗੰਨ ਚਲਾ ਦਿੱਤੀ।
ਰਟ..ਰਟ... ਟਟ...ਟਟ..।
ਤੇ ਕਿੱਲੀਆਂ ਵਾਂਗ ਉੱਖੜ ਉੱਖੜ ਕੇ ਲੋਥਾਂ ਡਿੱਗਣ ਲੱਗ ਪਈਆਂ। ਦੁਸ਼ਮਣ ਦੀਆਂ ਕਤਾਰਾਂ ਕੰਬ ਉੱਠੀਆਂ, ਭਗਦੜ ਮੱਚ ਗਈ ਤੇ ਇੱਧਰ ਉੱਧਰ ਖਿਲਰਦੇ ਪਿਛਾਂਹ ਨੂੰ
ਭੱਜ ਵਗੇ। ਫਿਰ ਆਖਰਾਂ ਦਾ ਅੰਨ੍ਹੇਰਾ ਗੋਲੀ ਚਲਣੀ ਬੰਦ ਹੋਈ ਤਾਂ ਦਰਿਆ ਦੀ ਆਵਾਜ਼ ਸੁਣਾਈ ਦੇਣ ਲੱਗ ਪਈ... ਹੌਲੀ ਹੌਲੀ... ਉੱਚੀ ਉੱਚੀ।
ਤੇ ਪਿੱਛੇ ਅਨ੍ਹੇਰੇ ਦੀ ਡੂੰਘਾਈਆਂ ਵਿੱਚ ਗੋਲੀ ਤੇ ਚੀਖ਼ਾਂ ਦੀ ਆਵਾਜ਼ ਵੀ ਮੱਧਮ ਪੈ ਗਈ - ਕਸਾਕ ਬਿਨਾਂ ਮਦਦ, ਬਿਖਰੇ ਹੋਏ, ਆਪਣੇ ਘੋੜਿਆਂ ਨੂੰ ਛੱਡ ਕੇ, ਛੱਕੜਿਆਂ ਹੇਠ ਰਗੜੀਂਦੇ, ਅੰਨ੍ਹੇਰੀਆਂ ਝੁੱਗੀਆਂ ਵਿੱਚ ਜਾ ਵੜ੍ਹੇ। ਉਹਨਾਂ ਵਿੱਚੋਂ ਦਸ ਜੀਉਂਦੇ ਫੜ ਲਏ ਗਏ ਸਨ। ਤਲਵਾਰਾਂ ਨਾਲ ਉਹਨਾਂ ਦੇ ਮੂੰਹ ਚੀਰ ਦਿੱਤੇ ਗਏ, ਜਿਨਾਂ ਵਿੱਚੋਂ ਵੈਦਕੇ ਦੀ ਬੋ ਆ ਰਹੀ ਸੀ।
ਦਿਨ ਚੜ੍ਹਦੇ ਸਾਰ ਸਿਪਾਹੀਆਂ ਦੀ ਇੱਕ ਪਲਟਨ ਗ੍ਰਿਫ਼ਤਾਰ ਕੀਤੇ ਕਮਾਂਡਰ ਨੂੰ ਫੜ ਕੇ ਕਬਰਸਤਾਨ ਵਿੱਚ ਲੈ ਗਈ। ਜਦ ਉਹ ਪਰਤੇ ਤਾਂ ਕਮਾਂਡਰ ਉਹਨਾਂ ਨਾਲ ਹੈ ਨਹੀਂ ਸੀ।
ਸੂਰਜ ਚੜ੍ਹ ਆਇਆ ਤੇ ਬੇਮੁਹਾਰੀਆਂ ਪਈਆਂ ਲਾਸ਼ਾਂ ਉੱਤੇ ਕਿਰਨਾਂ ਪੈਣ ਲੱਗ ਪਈਆਂ। ਉਹ ਇੰਝ ਪਏ ਹੋਏ ਸਨ, ਜਿਉਂ ਹੜ੍ਹ ਵਿੱਚ ਰੁੜ੍ਹਦੇ ਆਏ ਹੋਣ ਤੇ ਪਾਣੀ ਦੇ ਉਤਾਰ ਨਾਲ ਇਗੜ ਦੁਗੜ ਖਿਲਰੇ ਪਏ ਹੋਣ। ਜਿਥੇ ਕੋਜੂਖ ਰਾਤ ਰਿਹਾ ਸੀ, ਉੱਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ । ਥੋੜ੍ਹੇ ਕੁ ਸਮੇਂ ਲਈ ਜੰਗ ਬੰਦੀ ਦਾ ਪ੍ਰਬੰਧ ਕੀਤਾ ਗਿਆ। ਕੋਜੂਖ ਨੇ ਇਜਾਜ਼ਤ ਦੇ ਦਿੱਤੀ ਕਿ ਲੋਥਾਂ ਲੈ ਜਾਣ, ਮਤੇ ਧੁੱਪ ਦੇ ਸੋਕ ਨਾਲ ਸੜਨ ਲੱਗ ਪੈਣ ਤੇ ਵਬਾ ਫੈਲ ਜਾਵੇ।
ਜਦ ਲਾਸ਼ਾਂ ਚੁੱਕ ਲਈਆਂ ਗਈਆਂ ਤਾਂ ਫਿਰ ਬੰਦੂਕਾਂ ਗੱਲਾਂ ਕਰਨ ਲੱਗ ਪਈਆਂ, ਫਿਰ ਅਣਮਨੁੱਖੀ ਚੀਕ ਚਿਹਾੜ ਸਟੈਪੀ ਤੇ ਆਕਾਸ਼ ਦੇ ਲੰਗਾਰ ਲਾਹਣ ਲੱਗ ਪਿਆ ਤੇ ਛਾਤੀਆਂ ਤੇ ਦਿਮਾਗਾਂ ਉੱਤੇ ਪੱਥਰ ਦੀ ਸਿੱਲ ਵਾਂਗ ਬਹਿਣ ਲੱਗ ਪਿਆ।
ਅਸਪਾਤ ਫਟਿਆ, ਆਕਾਸ਼ ਵਿੱਚ ਕਿਰਚਾਂ ਤੇ ਸਿੱਕਾ ਉੱਡਿਆ, ਲੋਕ ਧਮਾਕਿਆਂ ਦੀ ਆਵਾਜ਼ ਕੰਨਾਂ ਵਿੱਚੋਂ ਕੱਢਣ ਲਈ ਮੂੰਹ ਖੋਲ੍ਹੀ ਹਉਕੇ ਭਰਦੇ ਟੁਰੀ ਜਾ ਰਹੇ ਸਨ; ਤੇ ਅਹਿਲ ਪਈਆਂ ਲਾਸ਼ਾਂ ਇਸ ਉਡੀਕ ਵਿੱਚ ਸਨ ਕਿ ਕਦੇ ਉਹਨਾਂ ਨੂੰ ਚੁੱਕ ਕੇ ਪਿੱਛੇ ਲਿਜਾਇਆ ਜਾਂਦਾ ਹੈ।
ਭਾਵੇਂ ਕਾਰਤੂਸ ਮੁਕਦੇ ਜਾ ਰਹੇ ਸਨ ਤੇ ਅਸਲ੍ਹੇ ਦੀਆਂ ਪੇਟੀਆਂ ਸੱਖਣੀਆਂ ਹੁੰਦੀਆਂ ਜਾ ਰਹੀਆਂ ਸਨ, ਕੋਜੂਖ ਨਾ ਹਿੱਲਿਆ। ਹਾਲਾਂ ਵੀ ਪਿੱਛੇ ਰਹਿ ਗਏ ਦਸਤਿਆਂ ਦਾ ਕੋਈ ਪਤਾ ਨਹੀਂ ਸੀ। ਉਹ ਇਹ ਫੈਸਲਾ ਕਰਨ ਦੀ ਜ਼ਿੰਮੇਵਾਰੀ ਸਾਹਮਣੇ ਹਿਚਕਚਾਇਆ ਕਿ ਕੀ ਕੀਤਾ ਜਾਵੇ ਤੇ ਸਲਾਹ ਲਈ ਕੌਂਸਲ ਬੁਲਾਈ: ਰੁਕੇ ਰਹਿਣ ਦਾ ਮਤਲਬ ਸੀ, ਸਭ ਦੀ ਮੌਤ: ਤੇ ਚਾਲੇ ਪਾਣ ਦਾ ਮਤਲਬ ਸੀ, ਪਿੱਛੇ ਰਹਿ ਗਏ ਦਸਤਿਆਂ ਦੀ ਮੌਤ।
35
ਦੂਰ ਪਰੇ ਵਿਸ਼ਾਲ ਸਟੈਪੀ, ਕੈਂਪ ਦੇ ਪਿਛਵਾੜੇ ਛੱਕੜਿਆਂ, ਘੋੜਿਆਂ, ਬੁੱਢਿਆਂ, ਬੱਚਿਆਂ ਤੇ ਫੱਟੜਾਂ ਦਾ ਸਮੂਹ ਸ਼ਾਮ ਦੇ ਧੁੰਧਲਕੇ ਵਿੱਚ ਗੱਲਾਂ ਦਾ ਰੌਲਾ। ਨੀਲਾ ਨੀਲਾ
ਧੁੰਧਲਕਾ ਤੇ ਬਲਦੀਆਂ ਧੂਣੀਆਂ ਦੇ ਧੂੰਏਂ ਦਾ ਵੀ ਰੰਗ ਨੀਲਾ ਨੀਲਾ।
ਕੋਈ ਦਸ ਬਾਰਾਂ ਮੀਲ ਅੱਗੇ ਲੜਾਈ ਜਾਰੀ ਸੀ, ਦੂਰ ਦੀ ਮਾਰ ਧਾੜ ਤੇ ਧਮਾਕਿਆਂ ਨਾਲ ਲਗਾਤਾਰ ਪੈਰਾਂ ਹੇਠ ਜ਼ਮੀਨ ਕੰਬੀ ਜਾਂਦੀ ਸੀ, ਪਰ ਉਹਨਾਂ ਨੂੰ ਇਸ ਸਭ ਕੁਝ ਦੀ ਆਦਤ ਪੈ ਚੁੱਕੀ ਸੀ, ਇਸੇ ਕਰਕੇ ਕਿਸੇ ਦਾ ਧਿਆਨ ਵੀ ਇਹਨਾਂ ਗੱਲਾਂ ਵਲ ਨਹੀਂ ਸੀ।
ਦੂਰ ਪਰੇ ਘੁਸਮੁਸਾ ਧੂੰਆਂ ਤੇ ਜੰਗਲ ਸਭ ਨੀਲੇ ਨੀਲੇ ਪਏ ਦਿੱਸਦੇ ਸਨ।
ਤੇ ਜੰਗਲ ਤੇ ਛੱਕੜਿਆਂ ਦੇ ਵਿਚਕਾਰਲੀ ਸਾਰੀ ਥਾਂ ਵੀ ਨੀਲੀ ਜਾਪਦੀ ਸੀ।
ਗੱਲਾਂ ਤੇ ਰੋਲਾ ਰੱਪਾ, ਜਾਨਵਰਾਂ ਦੀਆਂ ਆਵਾਜ਼ਾਂ, ਡੋਲ ਬਾਲਟੀਆਂ ਦੀ ਖੜ ਖੜ, ਬੱਚਿਆਂ ਦਾ ਚੀਕ-ਚਿਹਾੜਾ ਤੇ ਅਨੇਕਾਂ ਧੂਣੀਆਂ ਦੀ ਲਾਲੀ।
ਇਸ ਘਰੋਗੀ ਸ਼ਾਂਤੀ ਵਿੱਚ ਜੰਗਲ ਵਲੋਂ ਅਜੀਬ ਤੇ ਓਪਰੀ ਜਿਹੀ ਚੀਜ਼ ਆ ਰਲੀ।
ਪਹਿਲਾਂ ਤਾਂ ਇਹ ਮੱਧਮ ਜਿਹੀ ਲਗਾਤਾਰ ਅ-ਅ-ਅ-ਅ ਦੀ ਆਵਾਜ਼ ਜਿਹੀ ਲੱਗਦੀ । ਘੁਸਮੁਸੇ ਦੀ ਨੀਲਿੱਤਣ ਵਿੱਚੋਂ ਜੰਗਲ ਦੀ ਖਾਮੋਸ਼ੀ ਵਿੱਚ ਅ-ਅ-ਅ ਫਿਰ ਕੋਈ ਕਾਲੀ ਜਿਹੀ ਚੀਜ਼ ਉੱਭਰੀ, ਜੋ ਜੰਗਲ ਨਾਲੋਂ ਵੱਖਰੀ ਹੋ ਗਈ- ਇਕ ਚਟਾਨ ਫਿਰ ਇੱਕ ਹੋਰ ਤੇ ਫਿਰ ਇਕ ਹੋਰ। ਤੇ ਇਹ ਅੰਨ੍ਹੇਰੇ ਪਰਛਾਵੇਂ ਜੰਗਲ ਦੇ ਨਾਲ ਨਾਲ ਇੱਕ ਸਿੱਧੀ ਕੰਬਦੀ ਰੇਖਾ ਜਿਹੀ ਲੱਗੀ, ਜੋ ਕੈਂਪ ਵੱਲ ਵੱਧਦੀ ਆ ਰਹੀ ਸੀ, ਜਿਸ ਦਾ ਆਕਾਰ ਵੱਡਾ ਹੁੰਦਾ ਜਾ ਰਿਹਾ ਸੀ ਤੇ ਇਸ ਦੇ ਨਾਲ ਹੀ ਆਈ ਇੱਕ ਉਚੇਰੀ ਹੁੰਦੀ ਜਾਂਦੀ, ਖ਼ਤਰੇ ਭਰੀ ਤੇ ਭਿਆਨਕ - ਅ-ਅ-ਅ।
ਲੋਕਾਂ ਤੇ ਜਾਨਵਰਾਂ ਸਭ ਦੇ ਸਿਰ ਉਸ ਧੁੰਦਲੇ ਜੰਗਲ ਵੱਲ ਮੁੜ ਗਏ, ਜਿੱਧਰੋਂ ਇੱਕ ਉੱਚੀ ਨੀਵੀਂ ਤੋਂ ਦੇ ਟੋਟੇ ਵਿੱਚੋਂ ਅਚਾਨਕ ਲਿਸ਼ਕਾਰੇ ਪੈਣ ਲੱਗ ਪਏ ਸਨ। ਸਭ ਉੱਧਰ ਵੇਖੀ ਜਾ ਰਹੇ ਸਨ, ਧੂਣੀਆਂ ਵਿੱਚ ਅੱਗ ਦੀ ਲਾਲੀ ਮੱਘਦੀ ਪਈ मी।
ਸਭ ਨੇ ਸੁਣਿਆ.. ਧਰਤੀ ਉੱਤੇ ਪੈੜ, ਪੌੜ ਪੈਂਦੇ ਘੋੜਿਆਂ ਦੇ ਭਾਰੇ ਸੁੰਮਾਂ ਦੀ ਆਵਾਜ਼ ਵਿੱਚ ਦੂਰ ਗੱਜਦੀਆਂ ਤੋਪਾਂ ਦੇ ਧਮਾਕਿਆਂ ਦੀ ਆਵਾਜ਼ ਡੁੱਬ ਗਈ ਸੀ ।
"ਅ-ਅ-ਅ-ਅ...।"
ਪਹੀਆਂ, ਬੰਮਾਂ, ਧੂਣੀਆਂ ਸਭ ਵਿੱਚ ਇੱਕ ਭੈਅ ਦੀ ਹਵਾ ਘੁਲ ਗਈ।
"ਕਸਾਕ.. ਕਸਾਕ... ਕ... ਸਾਕ।"
ਘੋੜਿਆਂ ਦਾ ਘਾਹ ਚਿੱਥਣਾ ਬੰਦ ਹੋ ਗਿਆ, ਉਹਨਾਂ ਦੇ ਕੰਨ ਖੜ੍ਹੇ ਹੋ ਗਏ, ਖਬਰੇ ਕਿਵੇਂ ਛੱਕੜਿਆਂ ਥੱਲੇ ਕੁੱਤੇ ਆ ਕੇ ਬੈਠੇ ਹੋਏ ਸਨ।
ਕੋਈ ਵੀ ਉੱਠ ਕੇ ਨੱਸ ਨਹੀਂ ਪਿਆ, ਕਿਸੇ ਵੀ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਣ ਦੀ ਨਹੀਂ ਕੀਤੀ ਤੇ ਸਭ ਘੁਸਮੁਸੇ ਵਿੱਚੋਂ ਨੇੜੇ ਨੇੜੇ ਆਉਂਦੇ ਖਤਰੇ ਵੱਲ ਟਿਕ ਟਿਕੀ ਬੰਨ੍ਹੀ ਵੇਖੀ ਜਾ ਰਹੇ ਸਨ।
ਘੋੜਿਆਂ ਦੇ ਧਰਤੀ ਉੱਤੇ ਵੱਜਦੇ ਪੌੜਾਂ ਦੀ ਧਮਕ ਨਾਲ ਗੂੰਜਦੀ ਆਖਰਾਂ ਦੀ
ਫੈਲੀ ਖ਼ਾਮੋਸ਼ੀ ਨੂੰ ਕਿਸੇ ਮਾਂ ਦੀ ਚੀਖ ਨੇ ਚੀਰ ਪਾ ਦਿੱਤਾ । ਉਹ ਆਪਣੇ ਬੱਚੇ ਨੂੰ ਚੁੱਕੀ ਜੋ ਉਸ ਦੀ ਆਖਰੀ ਨਿਸ਼ਾਨੀ ਸੀ, ਕਲੇਜੇ ਨਾਲ ਘੁਟੀ, ਉਸ ਖਤਰੇ ਨੂੰ ਅੱਗੋਂ ਮਿਲਣ ਭੱਜ ਵਗੀ ਜੋ ਘੋੜਿਆਂ ਦੇ ਪੌੜਾਂ ਦੇ ਧਮਾਕਿਆਂ ਨਾਲ ਨੇੜੇ ਆਈ ਜਾ ਰਹੀ ਸੀ।
"ਮੌਤ! ਮੌਤ! ਮੌਤ ਮਿਲਣ ਆ ਰਹੀ ਏ।"
ਇਹ ਚੀਖ ਛੂਤ ਵਾਂਗ ਹਜ਼ਾਰਾਂ ਬੰਦਿਆਂ ਵਿੱਚ ਫੈਲ ਗਈ।
“ਮੌਤ! ਮੌਤ !"
ਜੋ ਜਿਸ ਦੇ ਹੱਥ ਵਿੱਚ ਆਇਆ ਉਸ ਫੜ੍ਹ ਲਿਆ, ਕੋਈ ਸੋਟੀ, ਘਾਹ ਦੀ ਮੁੱਠ, ਬੰਮ, ਫਤੂਹੀ, ਟਹਿਣੀ, ਫੱਟੜਾਂ ਨੇ ਆਪਣੀਆਂ ਬਸਾਖੀਆਂ-ਸਭ ਭੈਅ ਦੇ ਮਾਰੇ, ਇਹਨਾਂ ਫੋਕੇ ਹਥਿਆਰਾਂ ਨਾਲ ਆਪਣੇ ਆਪ ਨੂੰ ਹੌਸਲੇ ਦੇ ਦੇ ਮੌਤ ਨੂੰ ਅੱਗੇ ਹੋ ਕੇ ਮਿਲਣ ਲਈ ਟੁਰ ਪਏ।
"ਮੌਤ! ਮੌਤ !"
ਬੱਚੇ ਮਾਵਾਂ ਦੀਆਂ ਲੱਤਾਂ ਨਾਲ ਚੰਬੜੇ ਚੀਖ਼ਾਂ ਮਾਰਦੇ ਨਾਲ ਨਾਲ ਦੌੜੀ ਜਾ ਰਹੇ ਸਨ।
"ਮੌਤ ! ਮੌਤ!"
ਇਸ ਪਲ ਪਲ ਡੂੰਘੇ ਹੁੰਦੇ ਘੁਸਮੁਸੇ ਵਿੱਚੋਂ ਕਸਾਕ ਹੱਥਾਂ ਵਿੱਚ ਲਿਸ਼ ਲਿਸ਼ ਕਰਦੀਆਂ ਤਲਵਾਰਾਂ ਘੁਮਾਂਦੇ, ਘੋੜਿਆਂ ਨੂੰ ਸਰਪਟ ਦੁੜਾਂਦੇ ਸਾਫ ਦਿੱਸਣ ਲੱਗ ਪਏ ਤੇ ਦਿੱਸਣ ਲੱਗ ਪਏ ਪਿਆਦਾ ਫੌਜ ਦੀਆਂ ਕਤਾਰਾਂ ਦੇ ਕਤਾਰਾਂ ਜਵਾਨ ਮੋਢਿਆਂ ਉੱਤੇ ਰਫ਼ਲਾਂ ਤੇ ਹੱਥਾਂ ਵਿੱਚ ਕਾਲੇ ਝੰਡੇ ਫੜ-ਫੜਾਂਦੇ, ਇਕ ਭਿਆਨਕ ਦੇਹ ਵਾਲੇ ਜਾਨਵਰ ਦੀ ਆਵਾਜ਼ ਗੂੰਜਦੀ ਲੰਘ ਗਈ:
"ਮੌਤ।"
ਆਪ ਮੁਹਾਰੇ ਬਿਨਾਂ ਕਿਸੇ ਹੁਕਮ ਦੇ, ਲਗਾਮਾਂ ਕਮਾਨ ਦੀਆਂ ਰੱਸੀਆਂ ਵਾਂਗ ਖਿੱਚੀਆਂ ਗਈਆਂ, ਸਰਪਟ ਦੌੜਦੇ ਘੋੜੇ ਰੁਕ ਗਏ ਤੇ ਪਿਛਲੀਆਂ ਲੱਤਾਂ ਉੱਤੇ ਭਾਰ ਸੁੱਟ ਕੇ ਸਿਰ ਉਛਾਲਣ ਲੱਗ ਪਏ। ਕਸਾਕ ਰਕਾਬਾਂ ਵਿੱਚ ਪੈਰ ਘਮਾਈ ਚੁਪ ਚਾਪ ਹੋ ਗਏ ਤੇ ਸਾਹਮਣਿਓਂ ਆਉਂਦੀਆਂ ਕਾਲੀਆਂ ਕਤਾਰਾਂ ਵੱਲ ਵੇਖਣ ਲੱਗ ਪਏ। ਉਹ ਇਹਨਾਂ ਸ਼ੈਤਾਨਾਂ ਦੀ ਆਦਤ ਤੋਂ ਚੰਗੀ ਤਰ੍ਹਾਂ ਵਾਕਫ਼ ਸਨ - ਦੂਹ-ਬ-ਦੂਹ ਪਹਿਲਾਂ ਮੁੱਕਿਆਂ ਤੇ ਫਿਰ ਸੰਗੀਨਾਂ ਦੀਆਂ ਕਿਰਚਾਂ ਨਾਲ ਜੂਝਣ ਲੱਗ ਪੈਣਾ। ਜਦ ਤੋਂ ਇਹ ਪਹਾੜਾਂ ਵਿੱਚੋਂ ਨਿਕਲ ਕੈ ਆਏ ਸਨ, ਇਸੇ ਤਰ੍ਹਾਂ ਕਰਦੇ ਆ ਰਹੇ ਸਨ ਤੇ ਰਾਤ ਦੇ ਹਮਲਿਆਂ ਮਗਰੋਂ ਖਾਈਆਂ ਖੁੰਦਕਾਂ ਵਿੱਚ ਜਾ ਵੜਦੇ ਸਨ। ਅਨੇਕਾਂ ਕਸਾਕ ਆਪਣੀਆਂ ਸਟੈਪੀਆਂ ਵਿੱਚ ਹੀ ਮਾਰ ਦਿੱਤੇ ਗਏ ਸਨ।
ਤੇ ਛੱਕੜਿਆਂ ਦੇ ਪਿਛਵਾੜੇ ਅਣਗਿਣਤ ਧੂਣੀਆਂ ਵਿੱਚ ਜਿੱਥੇ ਕਸਾਕਾਂ ਦਾ ਖਿਆਲ ਸੀ ਕਿ ਨਿਹੱਥੀ ਭੀੜ ਵਿੱਚ ਜੋ ਬਿਨਾਂ ਕਿਸੇ ਬਚਾਅ ਤੇ ਉਪਾਅ ਦੇ ਬੁੱਢੇ ਤੇ ਤੀਵੀਂਆਂ ਸਮੇਤ ਇਕੱਠੀ ਹੋਈ ਹੋਈ ਸੀ, ਪਿਛਲੇ ਪਾਸਿਓਂ ਭਗਦੜ ਮਚਾ ਦਿੱਤੀ ਜਾਵੇ - ਸਦਾ ਯੁੱਧ ਲਈ ਤਿਆਰ ਬਰ ਤਿਆਰ ਜੱਥੇ ਰੋਲਾ ਪਾਂਦੇ, ਰਾਤ ਦੇ ਅੰਨ੍ਹੇਰੇ ਵਿੱਚੋਂ ਨਿਕਲ ਕੇ
ਸਾਹਮਣੇ ਆਉਣ ਲੱਗ ਪਏ:
"ਮੌਤ।"
ਜਦ ਕਸਾਕਾਂ ਨੇ ਵੇਖਿਆ ਕਿ ਇਹਨਾਂ ਜੱਥਿਆਂ ਦਾ ਕੋਈ ਅੰਤ ਤੇ ਸ਼ੁਮਾਰ ਨਹੀਂ, ਉਹ ਆਪਣੇ ਘੋੜਿਆ ਨੂੰ ਚਾਬਕਾਂ ਮਾਰਦੇ ਜੰਗਲਾਂ ਵਿੱਚੋਂ ਦੀ ਭਜਾਂਦੇ ਪਰਤ ਗਏ।
ਤੀਵੀਆਂ, ਬੱਚਿਆਂ, ਫੱਟੜਾਂ ਤੇ ਬੁੱਢਿਆਂ ਦੀਆਂ ਦੌੜਦੀਆਂ ਭੱਜਦੀਆਂ ਮੁਹਰਲੀਆਂ ਕਤਾਰਾਂ ਖਲ੍ਹ ਗਈਆਂ। ਉਹਨਾਂ ਦੇ ਮੱਥਿਆਂ ਉੱਤੇ ਤਰੇਲੀਆਂ ਸੁੱਕਣ ਲੱਗ ਪਈਆਂ: ਸਾਹਮਣੇ ਕੇਵਲ ਘੁੱਪ ਅੰਨ੍ਹੇਰੇ ਵਿੱਚ ਦੂਰ ਦੂਰ ਤਕ ਫੈਲਿਆ ਸ਼ਾਂਤ ਤੇ ਸੱਖਣਾ ਜੰਗਲ ਸੀ।
36
ਚਾਰ ਦਿਨ ਤੋਂ ਤੋਪਾਂ ਗੱਜਦੀਆਂ ਆ ਰਹੀਆਂ ਸਨ ਜਦ ਸਕਾਊਟਾਂ ਨੇ ਆ ਕੇ ਸੂਚਨਾ ਦਿੱਤੀ ਕਿ ਮਾਏਕੋਪ ਤੋਂ ਇੱਕ ਨਵਾਂ ਰਸਾਲਾ ਤੋਪਖਾਨਾ ਲੈ ਕੇ ਦੁਸ਼ਮਣ ਨਾਲ ਰਲ ਗਿਆ ਹੈ, ਕੌਂਸਲ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਪਿਛਲੇ ਦਸਤਿਆਂ ਦੀ ਉਡੀਕ ਕੀਤੇ ਬਿਨਾਂ ਹੀ ਰਾਤ ਨੂੰ ਉੱਥੋਂ ਟੁਰ ਪੈਣਾ ਸੀ ।
ਕੋਜੂਖ ਨੇ ਫੁਰਮਾਨ ਜਾਰੀ ਕੀਤਾ: ਪਹਿਲਾਂ, ਤ੍ਰਿਕਾਲਾਂ ਢਲੇ ਹੌਲੀ ਹੌਲੀ ਗੋਲੀ ਚਲਾਣੀ ਘਟਾਂਦੇ ਜਾਉ, ਤਾਂ ਜੇ ਦੁਸ਼ਮਣ ਦੀ ਸਾਵਧਾਨੀ ਘੱਟਦੀ ਜਾਵੇ; ਦੂਜਾ, ਦੁਸ਼ਮਣ ਦੀਆਂ ਖੁਦਕਾਂ ਵੱਲ ਬੜੇ ਧਿਆਨ ਨਾਲ ਬੰਦੂਕਾਂ ਨੂੰ ਨਿਸ਼ਾਨੇ ਉੱਤੇ ਸੇਧੀ ਰੱਖਣਾ, ਨਿਸ਼ਾਨਾ ਪੱਕਾ ਰੱਖਣਾ ਤੇ ਰਾਤ ਨੂੰ ਗੋਲੀ ਬਿਲਕੁਲ ਬੰਦ ਰੱਖਣੀ: ਤੀਜਾ, ਅੰਨ੍ਹੇਰੇ ਵਿੱਚ ਰਜਮੈਂਟਾਂ ਨੂੰ ਕਤਾਰਾਂ ਵਿੱਚ ਦੁਸ਼ਮਣ ਦੀਆਂ ਬੰਦਕਾਂ ਦੀ ਉੱਚਾਈ ਦੇ ਬਰਾਬਰ ਲੈ ਜਾਣਾ, ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਜ਼ਰਾ ਵੀ ਖੜਾਕ ਨਾ ਹੋਵੇ ਤੇ ਉੱਥੇ ਲੇਟੇ ਰਹਿਣਾ: ਚੌਥਾ, ਸਵੇਰੇ 1.30 ਵਜੇ ਤੱਕ ਯੂਨਿਟਾਂ ਦੀ ਹਰਕਤ ਬਿਲਕੁਲ ਮੁਕੰਮਲ ਸਵੇਰ 1.45 ਵਜੇ ਨਿਸ਼ਾਨੇ ਉੱਤੇ ਸੇਧੀਆਂ ਬੰਦੂਕਾਂ ਵਿੱਚੋਂ ਲਗਾਤਾਰ ਦਸ ਦਸ ਗੋਲੀਆਂ ਚਲਾਣੀਆਂ; ਪੰਜਵਾਂ, 2 ਵਜੇ ਸਵੇਰ ਵੇਲੇ ਦੀ ਅਖੀਰਲੀ ਗੋਲੀ ਤੋਂ ਬਾਅਦ ਖੁੰਦਕਾਂ ਉੱਤੇ ਸਧਾਰਨ ਪਿਆਦਾ ਫ਼ੌਜ ਦਾ ਹਮਲਾ ਕਰ ਦੇਣਾ ਰਸਾਲਾ ਫੌਜ, ਰੀਜ਼ਰਵ ਵਿੱਚ ਤਿਆਰ ਖੜ੍ਹੀਆਂ ਯੂਨਿਟਾਂ ਦੀ ਸਹਾਇਤਾਂ ਕਰੇਗੀ ਤੇ ਦੁਸ਼ਮਣ ਦਾ ਪਿੱਛਾ ਕਰੇਗੀ।
ਕਾਲੇ ਸਿਆਹ ਬੱਦਲਾਂ ਦੇ ਜੁੱਲੇ, ਸਟੈਪੀ ਉੱਤੇ ਜੁੜੇ ਲਟਕਣ ਲੱਗ ਪਏ। ਅਜੀਬ ਗੱਲ ਸੀ। ਦੋਹੀਂ ਪਾਸੀਂ ਬੰਦੂਕਾਂ ਚੁੱਪ ਸਨ; ਰਫਲਾਂ ਨੇ ਜਿਉਂ ਮੌਨ ਧਾਰ ਲਿਆ ਹੋਵੇ ਤੇ ਦਰਿਆ ਦੀ ਗੜ੍ਹਕ ਫਿਰ ਉਭਰਨ ਲੱਗ ਪਈ।
ਕੋਜੂਖ ਨੇ ਉਸ ਆਵਾਜ਼ ਵਲ ਧਿਆਨ ਦਿੱਤਾ - ਕੋਈ ਖਾਸ ਗੱਲ ਹੋ ਗਈ ਹੈ। ਇੱਕ ਵੀ ਗੋਲੀ ਨਹੀਂ, ਜਦ ਕਿ ਪਹਿਲੇ ਦਿਨੀਂ ਰਾਤ ਦਿਨ ਤੋਪਾਂ ਤੇ ਰਫ਼ਲਾਂ ਚੱਲਦੀਆਂ ਰਹਿੰਦੀਆਂ ਸਨ। ਸ਼ਾਇਦ ਦੁਸ਼ਮਣ ਦੀ ਵੀ ਤਰਕੀਬ ਉਸ ਵਾਲੀ ਹੀ ਹੋਵੇ - ਉਹਨਾਂ ਦੇ ਦੋ
ਹਮਲਿਆਂ ਦਾ ਮੁਕਾਬਲਾ ਹੋਵੇਗਾ, ਅਚਨਚੇਤ ਹਮਲਾ ਕਰਨ ਦਾ ਲਾਹਾ ਹੱਥੋਂ ਜਾਂਦਾ ਰਹੇਗਾ ਤੇ ਇੱਕ ਦੂਜੇ ਦੇ ਵਿਰੁੱਧ ਟੱਕਰ ਹੋ ਜਾਵੇਗੀ।
"ਸਾਥੀ ਕੋਜ਼ੂਖ।"
ਸਹਾਇਕ ਉਸ ਦੇ ਲੱਕੜ ਦੇ ਖੋਪੇ ਵਿੱਚ ਦਾਖਲ ਹੋਇਆ: ਉਸ ਦੇ ਪਿੱਛੇ ਪਿੱਛੇ ਰਫ਼ਲਾਂ ਚੁੱਕੀ ਦੇ ਸਿਪਾਹੀ ਤੇ ਉਹਨਾਂ ਦੇ ਵਿਚਕਾਰ ਇਕ ਬਿਨਾਂ ਹਥਿਆਰ ਦੇ ਪੀਲਾ ਜਿਹਾ ਮਾਮੂਲੀ ਸਿਪਾਹੀ ਦਾਖਲ ਹੋਇਆ।
"ਕੀ ਹੈ?"
"ਦੁਸ਼ਮਣ ਵੱਲੋਂ - ਜਰਨਲ ਪੋਕਰੇਵਸਕੀ ਵੱਲੋਂ ਇੱਕ ਚਿੱਠੀ।"
ਕੋਜੂਖ ਨੇ ਬੜੀ ਘੋਖਵੀਂ ਨਜ਼ਰ ਨਾਲ ਉਸ ਸਿਪਾਹੀ ਨੂੰ ਹੇਠ ਉੱਪਰ ਅੱਖਾਂ ਸੁਕੇੜ ਕੇ ਵੇਖਿਆ। ਸਿਪਾਹੀ ਨੇ ਠੰਡਾ ਹਉਕਾ ਭਰਿਆ ਤੇ ਬੋਝੇ ਵਿੱਚ ਹੱਥ ਪਾ ਕੇ ਕੁਝ ਟਟੋਲਣ ਲੱਗ ਪਿਆ।
"ਮੈਨੂੰ ਕੈਦੀ ਬਣਾ ਲਿਆ ਗਿਆ ਸੀ,"
ਉਹ ਕਹਿਣ ਲੱਗਾ। "ਸਾਡੇ ਬੰਦੇ ਪਿੱਛੇ ਹੱਟਦੇ ਜਾ ਰਹੇ ਸਨ - ਫਿਰ ਸਾਡੇ ਵਿੱਚੋਂ ਸੱਤ ਕੈਦੀ ਬਣਾ ਲਏ ਗਏ। ਬਾਕੀਆਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ।"
ਉਹ ਪਲ ਕੁ ਖਾਮੋਸ਼ ਖੜ੍ਹਾ ਰਿਹਾ; ਦਰਿਆ ਦੀ ਗੜ੍ਹਕ ਸਾਫ਼ ਸੁਣਾਈ ਦੇ ਰਹੀ ਸੀ; ਖਿੜਕੀ ਤੋਂ ਪਰੇ ਅੰਨ੍ਹੇਰਾ ਫੈਲਿਆ ਹੋਇਆ ਸੀ।
"ਇਹ ਇੱਕ ਚਿੱਠੀ ਹੈ। ਜਰਨਲ ਪੋਕਰੋਵਸਕੀ ਸ਼ੇਰ ਵਾਂਗ ਮੇਰੇ ਉੱਤੇ ਦਹਾੜਿਆ।" ਤੇ ਤੱਕਦਾ ਅੱਗੋਂ ਬੋਲਿਆ, "ਤੁਹਾਡੇ ਉੱਤੇ ਵੀ ਉਹ ਗੱਜ ਰਿਹਾ ਸੀ, ਸਾਥੀ ਆਖਦਾ ਸੀ, ਜਾਹ ਜਾ ਕੇ ਹਰਾਮੀ ਨੂੰ ਇਹ ਦੇ ਆ।"
ਜਰਨਲ ਪੋਕਰੋਵਸਕੀ ਦੀ ਚਿੱਠੀ ਦੀਆਂ ਸਤਰਾਂ ਉੱਤੇ ਕੋਜੂਖ ਦੀਆਂ ਅੱਖਾਂ ਨੱਚ ਰਹੀਆਂ ਸਨ:
"ਤੂੰ ਇੱਕ ਬਦਮਾਸ਼ ਏਂ, ਬਾਲਸ਼ਵਿਕਾਂ, ਚੋਰਾਂ, ਗੁੰਡਿਆਂ ਨਾਲ ਰਲ ਕੇ ਰੂਸੀ ਫੌਜ ਤੇ ਬੇੜੇ ਦੇ ਅਫ਼ਸਰਾਂ ਦੀ ਇੱਜ਼ਤ ਨੂੰ ਵੱਟਾ ਲਾ ਦਿੱਤਾ ਹੈ। ਪਰ ਯਾਦ ਰੱਖ ਡਾਕੂਆ, ਇਹ ਤੇਰਾ ਤੇ ਤੇਰੇ ਗੁੰਡਿਆਂ ਦਾ ਅੰਤ ਹੈ: ਤੂੰ ਹੁਣ ਅੱਗੇ ਨਹੀਂ ਜਾ ਸਕਦਾ, ਕਿਉਂ ਜੋ, ਤੂੰ ਇਸ ਵੇਲੇ ਮੇਰੀਆਂ, ਤੇ ਜਰਨਲ ਹੀਮਾਨ ਦੀਆਂ ਫ਼ੌਜਾਂ ਵਿੱਚ ਘਿਰ ਗਿਆ ਹੈ। ਬਦਮਾਸ਼ ਤੂੰ ਸਾਡੇ ਸ਼ਕੰਜੇ ਵਿੱਚੋਂ ਹੁਣ ਬਚ ਕੇ ਨਹੀਂ ਨਿਕਲ ਸਕਦਾ। ਜੇ ਤੂੰ ਰਹਿਮ ਦੀ ਮੰਗ ਕਰਦਾ ਹੈ, ਤੈਨੂੰ ਤੇਰੇ ਕਾਰਿਆਂ ਲਈ ਮਾਫ਼ ਕਰ ਦਿੱਤਾ ਜਾਵੇਗਾ। ਅੱਜ ਹੀ ਮੇਰੇ ਇਸ ਫਰਮਾਨ ਦੀ ਪੈਰਵੀ ਕਰ। ਸਾਰੇ ਹਥਿਆਰ ਬੈਲੋਰੈਚਨਸਕਾਇਆ ਸਟੇਸ਼ਨ ਉੱਤੇ ਜਮ੍ਹਾਂ ਕਰਾ ਦੇ ਤੇ ਆਪਣੇ ਬਿਨਾਂ ਹਥਿਆਰ ਦੇ ਇੱਜੜ ਨੂੰ ਚਾਰ ਪੰਜ ਮੀਲ ਸਟੇਸ਼ਨ ਦੇ ਪੱਛਮ ਵਾਲੇ ਪਾਸੇ ਲੈ ਜਾ; ਜਿਸ ਵੇਲੇ ਇਹ ਹੋ ਜਾਏ ਤਾਂ ਮੈਨੂੰ ਚੌਥੇ ਰੇਲਵੇ ਸ਼ੈਡ ਵਿੱਚ ਦੱਸ ਦੇਵੀਂ।"
ਕੋਜੂਖ ਨੇ ਆਪਣੀ ਘੜੀ ਤੇ ਫਿਰ ਖਿੜਕੀ ਤੋਂ ਬਾਹਰ ਅੰਨ੍ਹੇਰੇ ਵੱਲ ਵੇਖਿਆ। ਇੱਕ ਵੱਜ ਕੇ ਦਸ ਮਿੰਟ ਹੋਏ ਸਨ। "ਸੋ ਇਸ ਕਰਕੇ ਕਸਾਕਾਂ ਨੇ ਗੋਲੀ ਰੋਕੀ ਹੋਈ
ਸੀ, ਜਰਨਲ ਉੱਤਰ ਦੀ ਉਡੀਕ ਕਰ ਰਿਹਾ ਹੈ।" ਹਰਕਾਰੇ ਲਗਾਤਾਰ ਸੂਚਨਾ ਲੈ ਲੈ ਕੇ ਆ ਰਹੇ ਸਨ - ਸਾਰੀਆਂ ਯੂਨਿਟਾਂ ਦੁਸ਼ਮਣਾਂ ਦੇ ਟਿਕਾਣਿਆਂ ਦੇ ਲਾਗੇ ਪਹੁੰਚ ਚੁੱਕੀਆਂ ਹਨ ਤੇ ਬਿਲਕੁਲ ਤਿਆਰ ਸਨ।
"ਠੀਕ ਹੈ... ਠੀਕ ਹੈ" ਕੋਜ਼ੂਖ ਮਨ ਵਿੱਚ ਸੋਚਦਾ, ਖਾਮੋਸ਼ ਸਥਿਰ ਤੇ ਕਠੋਰ ਪਿਆ, ਉਹਨਾਂ ਨੂੰ ਅੱਖਾਂ ਸੁਕੇੜ ਕੇ ਵੇਖਣ ਲੱਗ ਪਿਆ।
ਖਿੜਕੀਆਂ ਦੇ ਬਾਹਰ ਇੱਕ ਸਰਪਟ ਦੌੜਦੇ ਜਾਂਦੇ ਘੋੜੇ ਦੇ ਪੌੜਾਂ ਦੀ ਆਵਾਜ਼ ਦਰਿਆ ਦੀ ਸ਼ੁਕਾਟ ਵਿੱਚ ਜਾ ਕੇ ਰਲ ਗਈ। ਕੋਜ਼ੂਖ ਦਾ ਦਿਲ ਬੈਠਣ ਲੱਗ ਪਿਆ।
"ਸਿਰਫ਼ ਪੰਦਰਾਂ ਮਿੰਟ ਰਹਿ ਗਏ। ਕੀ ਗੱਲ ਹੋ ਸਕਦੀ ਹੈ ਇਹ ?"
ਫੁਰਕੜੇ ਮਾਰਦੇ ਘੋੜੇ ਉੱਤੋਂ ਕੋਈ ਹੇਠਾਂ ਢਲ ਆਇਆ।
"ਸਾਥੀ ਕੋਜ਼ੂਖ" ਇੱਕ ਕੀਊਬਨ ਸਵਾਰ ਨੇ ਔਖ ਨਾਲ ਸਾਹ ਲੈਂਦਿਆਂ ਤੇ ਮੂੰਹ ਤੋਂ ਪਸੀਨਾ ਪੂੰਝਦਿਆਂ ਆਖਿਆ, "ਪਿੱਛੇ ਰਹਿ ਗਿਆ ਦਸਤਾ ਆ ਰਿਹਾ ਹੈ।"
ਉਹ ਕੋਜ਼ੂਖ ਦੀਆਂ ਅੱਖਾਂ ਸਾਹਮਣੇ ਸਭ ਕੁਝ ਇਕ ਲਿਸ਼ਕਾਰੇ ਵਿੱਚ ਲੰਘ ਗਿਆ ਰਾਤ, ਦੁਸ਼ਮਣ ਦੇ ਟਿਕਾਣੇ, ਜਰਨਲ ਪੋਕਰੋਵਸਕੀ ਤੇ ਉਸ ਦੀ ਚਿੱਠੀ, ਦੂਰ ਤੁਰਕੀ ਜਿੱਥੇ ਉਸ ਦੀ ਅਰਥਾਤ ਕੋਜੂਖ ਦੀ ਮਸ਼ੀਨਗੰਨ ਨੇ ਹਜ਼ਾਰਾਂ ਬੰਦੇ ਭੁੰਨ ਕੇ ਰੱਖ ਛੱਡੇ ਸਨ, ਜਦ ਕਿ ਉਸ ਨੂੰ ਮਾਮੂਲੀ ਜ਼ਰਬ ਤੱਕ ਨਹੀਂ ਸੀ ਆਈ- ਤੇ ਉਸ ਦੇ ਭਾਗਾਂ ਵਿੱਚ ਆਪਣੇ ਸਾਥੀਆਂ ਦੀ ਅਗਵਾਈ ਕਰਨੀ ਲਿਖਿਆ ਹੋਇਆ ਸੀ। ਉਹ ਨਾ ਕੇਵਲ ਆਪਣੇ ਦਸਤੇ ਨੂੰ ਹੀ ਬਚਾ ਲਵੇਗਾ, ਸਗੋਂ ਉਹਨਾਂ ਹਜ਼ਾਰਾਂ ਨੂੰ ਵੀ ਬਚਾ ਲਵੇਗਾ ਜੋ ਬੇਵਸੀ ਵਿੱਚ ਪਿੱਛੇ ਰਹਿ ਗਏ ਸਨ ਤੇ ਕਸਾਕਾਂ ਦੇ ਹੱਥੋਂ ਮੌਤ ਦੇ ਮੂੰਹ ਵਿੱਚ ਪੈਣ ਵਾਲੇ ਸਨ।
ਦੋ ਘੋੜੇ ਜੋ ਅੰਨ੍ਹੇਰੇ ਵਿੱਚ ਕਾਲੇ ਜਾਪਦੇ ਸਨ, ਰਾਤ ਦੇ ਅੰਨ੍ਹੇਰੇ ਵਿੱਚ ਗੋਲੀ ਵਾਂਗ ਗਏ। ਇੱਕ ਅਜੀਬ ਜਿਹੀ ਫੌਜ ਦੇ ਕਾਲੇ ਸਿਪਾਹੀ, ਪਿੰਡ ਦੇ ਅੰਦਰ ਵੜ੍ਹਨ ਲੱਗ ਪਏ।
ਕੋਜੂਖ ਘੋੜੇ ਤੋਂ ਉਤਰਿਆ ਤੇ ਸਿੱਧਾ ਇੱਕ ਅਮੀਰ ਕਸਾਕ ਦੇ ਰੌਸ਼ਨੀ ਵਿੱਚ ਜਗਮਗਾਂਦੇ ਮਕਾਨ ਵਿੱਚ ਚਲਾ ਗਿਆ।
ਮੇਜ਼ ਕੋਲ ਖਲ੍ਹਤਾ ਦੇਵ ਕੱਦ ਸਮਲੋਦੂਰਵ, ਗਲਾਸ ਵਿੱਚ ਬੜੀ ਤੇਜ਼ ਚਾਹ ਪੀ ਰਿਹਾ ਸੀ। ਉਸ ਦੀ ਕਾਲੀ ਸਿਆਹ ਦਾੜ੍ਹੀ, ਮਲਾਹਾਂ ਵਾਲੀ ਚੁਸਤ ਵਰਦੀ ਉੱਤੇ ਡਾਢੀ ਫੱਬਦੀ ਪਈ ਸੀ।
"ਆਓ ਵੀਰ।" ਉਸ ਭਾਰੀ ਪੱਧਰੀ ਆਵਾਜ਼ ਵਿੱਚ ਖੜ੍ਹੇ ਖਲ੍ਹਤੇ ਕੋਜੂਖਵਲ ਜ਼ਰਾ ਕੁ ਸਿਰ ਝੁਕਾਂਦਿਆਂ ਆਖਿਆ।
"ਚਾਹ ਪੀਏਂਗਾ ?"
"ਦਸ ਮਿੰਟ ਦੇ ਅੰਦਰ ਅੰਦਰ ਮੇਰੇ ਬੰਦਿਆਂ ਨੇ ਹਮਲਾ ਕਰ ਦੇਣਾ ਹੈ। ਯੂਨਿਟਾਂ ਬਿਲਕੁਲ ਖਾਈਆਂ ਦੇ ਸਿਰ ਉੱਤੇ ਉਡੀਕ ਵਿੱਚ ਲੇਟੀਆਂ ਹੋਈਆਂ ਹਨ। ਬੰਦੂਕਾਂ ਨੇ ਨਿਸ਼ਾਨੇ ਬੰਨ੍ਹੇ ਹੋਏ ਹਨ। ਦੂਜੇ ਦਸਤੇ ਨੂੰ ਹੁਕਮ ਦੇ ਦੇ ਕਿ ਦੋਹਾਂ ਪਾਸਿਆਂ ਤੋਂ ਹਮਲਾ ਕਰ ਦੇਣ, ਫਤਿਹ ਯਕੀਨੀ ਹੈ।
"ਮੈਂ ਹੁਕਮ ਨਹੀਂ ਦੇਵਾਂਗਾ।"
ਕੋਜੂਖ ਨੇ ਜਬਾੜੇ ਘੁਟ ਲਏ "
"ਕਿਉਂ?"
"ਕਿਉਂ ਜੋ ਉਹ ਹਾਲਾਂ ਆਏ ਹੀ ਨਹੀਂ।" ਸਮੋਲੋਦੁਰੋਵ ਨੇ ਬੜੇ ਸਾਊ-ਸੁਭਾ ਨਾਲ ਮੁਸਕਰਾ ਕੇ ਪਾਟੇ ਕਪੜਿਆਂ ਵਿੱਚ ਸਾਹਮਣੇ ਖਲ੍ਹਤੇ ਛੋਟੇ ਕੱਦ ਦੇ ਬੰਦੇ ਨੂੰ ਆਖਿਆ।
"ਦੂਜਾ ਦਸਤਾ ਪਿੰਡ ਵਿੱਚ ਵੜ੍ਹਦਾ ਜਾ ਰਿਹਾ ਹੈ। ਮੈਂ ਹੁਣੇ ਆਪ ਵੇਖਿਆ ਹੈ।"
"ਠੀਕ ਹੈ, ਪਰ ਮੈਂ ਹੁਕਮ ਨਹੀਂ ਦਿਆਂਗਾ।"
"ਕਿਉਂ ?” "ਕਿਉਂ, ਕਿਉਂ ਕੀ, ਤੂੰ ਖਾਹਮਖਾਹ ਕਿਉਂ ਕਿਉਂ ਕਰੀ ਜਾ ਰਿਹਾ ਏਂ ।" ਸਮੋਲੋਦੂਰੋਵ ਨੇ ਆਪਣੀ ਚੰਗੀ ਭਾਰੀ ਆਵਾਜ਼ ਵਿੱਚ ਕਿਹਾ। "ਬੰਦੇ ਥੱਕੇ ਹੋਏ ਨੇ ਤੇ ਝੱਟ ਉਹਨਾਂ ਨੂੰ ਆਰਾਮ ਕਰ ਲੈਣ ਦੇਣਾ ਚਾਹੀਦਾ ਹੈ। ਤੂੰ ਬੱਚਾ ਤਾਂ ਨਹੀਂ? ਤੈਨੂੰ ਸਮਝ ਕਿਉਂ ਨਹੀਂ ਆ ਰਹੀ।"
"ਜੇ ਮੈਂ ਉਹਨਾਂ ਨੂੰ ਹਰਾ ਦਿਆਂ," ਕੋਜੂਖ ਨੇ ਸੋਚਿਆ, "ਮੈਂ ਇਕੱਲਾ ਹੀ ਉਹਨਾਂ ਨੂੰ ਹਰਾ ਦਿਆਂਗਾ... ।” ਉਹ ਇਸ ਖਿਆਲ ਦੇ ਜਜ਼ਬੇ ਦੇ ਪ੍ਰਭਾਵ ਹੇਠ ਆਇਆ ਹੋਇਆ ਸੀ।
"ਚੱਲ ਠੀਕ ਹੈ ਫਿਰ," ਉਸ ਹੋਲੀ ਜਿਹੇ ਆਖਿਆ, “ਪਰ ਘੱਟੋ ਘੱਟ ਸਟੇਸ਼ਨ ਉੱਤੇ ਉਹਨਾਂ ਨੂੰ ਗੈਜ਼ਰਵ ਵਿਚ ਹੀ ਲੈ ਜਾ ਤੇ ਮੈਂ ਆਪਣੀ ਰੀਜ਼ਰਵ ਫੌਜ ਹਮਲਾ ਕਰਨ ਵਾਲੀਆਂ ਯੂਨਿਟਾਂ ਦੀ ਮਦਦ ਲਈ ਵਰਤ ਲਵਾਂਗਾ।"
"ਮੈਂ ਹੁਕਮ ਨਹੀਂ ਦੇਵਾਂਗਾ। ਤੈਨੂੰ ਪਤਾ ਹੀ ਹੈ, ਮੇਰੀ ਗੱਲ ਪੱਕੀ ਹੁੰਦੀ ਹੈ।"
ਮਲਾਹ ਇੱਕ ਨੁਕਰ ਤੋਂ ਦੂਜੀ ਨੁਕਰ ਤੱਕ ਕਮਰੇ ਵਿੱਚ ਗੇੜੇ ਮਾਰਨ ਲੱਗ ਪਿਆ। ਉਸ ਦੇ ਝੱਟ ਪਹਿਲਾਂ ਸਾਊਆਂ ਵਾਲੇ ਚਿਹਰੇ ਵਿੱਚ, ਹੁਣ ਖਚਰੀ ਸ਼ਰਾਰਤ ਰਲੀ ਹੋਈ ਸੀ।
ਹੁਣ ਅਕਲ ਦੀ ਗੱਲ ਉਸ ਨਾਲ ਕਿਸੇ ਤਰ੍ਹਾਂ ਵੀ ਨਹੀਂ ਸੀ ਕੀਤੀ ਜਾ ਸਕਦੀ।
ਕੋਜੂਖ ਨੂੰ ਇਸ ਗੱਲ ਦਾ ਪਤਾ ਸੀ; ਉਸ ਆਪਣੇ ਸਹਾਇਕ ਨੂੰ ਕਿਹਾ:
"ਆ ਚਲੀਏ।"
"ਇਕ ਮਿੰਟ ਚੁੱਕੋ।" ਚੀਫ਼ ਆਫ਼ ਸਟਾਫ਼ ਉੱਠ ਖਲ੍ਹੋਤਾ ਤੇ ਸਮੋਲਦੂਰਵ ਦੇ ਨੇੜੇ ਜਾ ਕੇ ਬੜੇ ਪ੍ਰਭਾਵਿਕ ਤਰੀਕੇ ਨਾਲ ਕਹਿਣ ਲੱਗਾ:
''ਯੇਰਮੇਈ ਅਲੈਕਸੀਇਚ ਤੁਸੀਂ, ਉਹਨਾਂ ਨੂੰ ਸਟੇਸ਼ਨ ਉੱਤੇ ਭੇਜ ਸਕਦੇ ਹੋ, ਰਹਿਣਾ ਤਾਂ ਉਹਨਾਂ ਰੀਜ਼ਰਵ ਵਿੱਚ ਹੀ ਹੈ।"
ਉਸ ਦੇ ਸ਼ਬਦਾਂ ਦੇ ਪਿੱਛੇ ਵਿਚਾਰ ਇਹ ਸੀ ਕਿ: "ਜੇ ਕਜ਼ਖ ਮਾਰ ਖਾ ਗਿਆ ਤਾਂ ਅਸੀਂ ਸਾਰੇ ਵੱਢ ਦਿੱਤੇ ਜਾਵਾਂਗੇ ।"
"ਠੀਕ ਹੈ ਫਿਰ - ਮੈਂ ਆਪ - ਅਸਲ ਵਿੱਚ ਮੈਨੂੰ ਕੋਈ ਇਸ ਵਿਚ ਇਤਰਾਜ਼ ਨਹੀਂ.... ਜਿਹੜੀਆਂ ਯੂਨਿਟਾਂ ਆਈਆਂ ਨੇ, ਬੇਸ਼ੱਕ ਲੈ ਜਾਉ ਉਹਨਾਂ ਨੂੰ ।"
ਸਮੋਲੋਦੂਰੋਵ ਜਿਸ ਗੱਲ ਉੱਤੇ ਅੜ ਜਾਵੇ ਫਿਰ ਉਸ ਨੂੰ ਕੋਈ ਹਟਾ ਨਹੀਂ ਸਕਦਾ ਪਰ ਦਬਾਅ ਇੱਕ ਅਜਿਹੇ ਵਿਅਕਤੀ ਵੱਲੋਂ ਆਇਆ ਸੀ, ਜਿਸ ਦੀ ਆਸ ਵੀ ਨਹੀਂ ਸੀ ਕੀਤੀ ਜਾ ਸਕਦੀ ਤੇ ਇਸੇ ਕਰਕੇ ਉਸ ਨੂੰ ਝੱਟ ਮੰਨਣਾ ਪੈ ਗਿਆ।
ਭਰਵੀਂ ਕਾਲੀ ਦਾਹੜੀ ਵਾਲੇ ਚਿਹਰੇ ਉੱਤੇ ਖਿਚਾਅ ਦੀ ਥਾਂ ਇੱਕ ਸੁਖ ਦਾ ਅਹਿਸਾਸ ਝਲਕਣ ਲੱਗ ਪਿਆ। ਉਸ ਛੋਟੇ ਕੱਦ ਦੇ ਬੰਦੇ ਦੇ ਮੋਢੇ ਉੱਤੇ ਆਪਣੇ ਭਾਰੇ ਪੰਜੇ ਨਾਲ ਥਾਪੜਾ ਦਿੱਤਾ।
"ਅੱਛਾ, ਭਰਾ ਸੁਣਾ, ਹੋਰ ਕੀ ਹਾਲ ਨੇ ? ਭਰਾ ਤੂੰ ਜਾਣਦਾ ਏਂ, ਅਸੀਂ ਸਮੁੰਦਰ ਦੇ ਭੇੜੀਏ ਹਾਂ, ਤੇ ਸਮੁੰਦਰ ਵਿੱਚ ਸਾਡੇ ਕੋਲੋਂ ਭਾਵੇਂ ਕੋਈ ਜੋ ਮਰਜ਼ੀ ਕਰਵਾ ਲਵੇ - ਸ਼ੈਤਾਨ ਦੀਆਂ ਆਂਦਰਾਂ ਵੀ ਪੁੱਠੀਆਂ ਕਰ ਕੇ ਰੱਖ ਦੇਈਏ, ਪਰ ਜਿੱਥੋਂ ਤੱਕ ਮੈਦਾਨ ਦਾ ਸਵਾਲ ਹੈ, ਇਸ ਬਾਰੇ ਸਾਨੂੰ ਓਨਾ ਹੀ ਗਿਆਨ ਹੈ ਜਿੰਨਾਂ ਸੂਰਾਂ ਨੂੰ ਸੰਤਰਿਆਂ ਦਾ।"
ਤੇ ਉਹ ਠਹਾਕਾ ਮਾਰ ਕੇ ਹੱਸਣ ਲੱਗ ਪਿਆ, ਜਿਸ ਨਾਲ ਉਸ ਦੀਆਂ ਕਾਲੀਆਂ ਮੁੱਛਾਂ ਹੇਠੋਂ ਚਿੱਟੇ ਦੰਦ ਲਿਸ਼ਕਣ ਲੱਗ ਪਏ।
"ਲਓ ਘੁਟ ਕੁ ਚਾਹ ?"
"ਸਾਥੀ ਕੋਜ਼ੂਖ" ਚੀਫ਼ ਆਫ਼ ਸਟਾਫ਼ ਨੇ ਸਨੇਹ ਨਾਲ ਆਖਿਆ, "ਮੈਂ ਹੁਣੇ ਹੁਕਮ ਲਿਖ ਦੇਂਦਾ ਹਾਂ ਤੇ ਦਸਤਾ ਤੇਰੇ ਗੈਜ਼ਰਵ ਲਈ ਹੁਣੇ ਸਟੇਸ਼ਨ ਨੂੰ ਟੁਰ ਜਾਵੇਗਾ।"
ਗੁੰਝਲ ਉਸ ਦੇ ਮਨ ਵਿੱਚ ਇਹ ਸੀ ਕਿ "ਠੀਕ ਏ ਭਰਾ, ਤੂੰ ਜੋ ਮਰਜ਼ੀ ਪਿਆ ਆਖ, ਪਰ ਸਾਡੇ ਬਗੈਰ ਤੇਰਾ ਗੁਜ਼ਾਰਾ ਨਹੀਂ।"
ਕੋਜੂਖ ਘੋੜਿਆਂ ਵਾਲੇ ਪਾਸੇ ਗਿਆ ਤੇ ਅੰਨ੍ਹੇਰੇ ਵਿੱਚ ਹੌਲੀ ਜਿਹੇ ਸਹਾਇਕ ਨੂੰ ਕਹਿਣ ਲੱਗਾ:
"ਇਥੇ ਹੀ ਠਹਿਰ! ਦਸਤੇ ਦੇ ਨਾਲ ਹੀ ਸਟੇਸ਼ਨ ਉੱਤੇ ਜਾਈਂ । ਉੱਥੋਂ ਮੈਨੂੰ ਖ਼ਬਰ ਕਰੀਂ। ਅੱਖੋਂ ਓਹਲੇ ਮੈਨੂੰ ਉਹਨਾਂ ਉੱਤੇ ਵਿਸ਼ਵਾਸ ਨਹੀਂ।"
ਲੰਮੀਆਂ ਲੰਮੀਆਂ ਪਾਲਾਂ ਵਿੱਚ ਕਰੜੀ ਧਰਤੀ ਨੂੰ ਜੱਫੀਆਂ ਪਾ ਕੇ ਸਿਪਾਹੀ ਲੇਟ ਗਏ ਤੇ ਉੱਤੋਂ ਕਾਲੀ ਸਿਆਹ ਰਾਤ ਉਹਨਾਂ ਉੱਤੇ ਭਾਰ ਪਾਂਦੀ ਰਹੀ । ਹਜ਼ਾਰਾਂ ਅੱਖਾਂ ਜਾਨਵਰਾਂ ਵਰਗੀ ਸੂਹ ਨਾਲ ਅੰਨ੍ਹੇਰੇ ਵਿੱਚ ਘੂਰਦੀਆਂ ਰਹੀਆਂ, ਪਰ ਕਸਾਕਾਂ ਦੀਆਂ ਬੰਦਕਾਂ ਵਿੱਚ ਸਭ ਸ਼ਾਂਤ ਸੀ। ਬਸ, ਦਰਿਆ ਦੀ ਆਵਾਜ਼ ਗੜ੍ਹਕ ਰਹੀ ਸੀ।
ਸਿਪਾਹੀਆਂ ਕੋਲ ਘੜੀਆਂ ਨਹੀਂ ਸਨ, ਪਰ ਇਕ ਇੱਕ ਦੀ ਛਾਤੀ ਉੱਤੇ ਕੋਈ ਉਡੀਕ ਵਲ੍ਹੇਟਣੀਆਂ ਲੈ ਰਹੀ ਸੀ । ਪਹਾੜ ਵਰਗੀ ਰਾਤ ਸਿਰ ਉੱਤੇ ਖ਼ਾਮੋਸ਼ ਖੜ੍ਹਤੀ ਹੋਈ ਸੀ ਤੇ ਇਕ ਇਕ ਨੂੰ ਦੋ ਘੰਟੇ ਗੁਜ਼ਾਰਨੇ, ਜਾਨ ਉੱਤੇ ਬਣੀ ਹੋਈ ਸੀ। ਪਾਣੀ ਦੀ ਲਗਾਤਾਰ ਗੜ੍ਹਕ ਦੇ ਨਾਲ ਨਾਲ ਵਕਤ ਗੁਜ਼ਰਦਾ ਜਾ ਰਿਹਾ ਸੀ।
ਤੇ ਭਾਵੇਂ ਸਾਰੇ ਇਸੇ ਉਡੀਕ ਵਿੱਚ ਸਨ, ਅਚਾਨਕ ਧਮਾਕਿਆਂ ਦੀਆਂ ਨਿਕਲਦੀਆਂ ਲਾਟਾਂ ਨਾਲ ਰਾਤ ਲੀਰੋ ਲੀਰ ਹੋ ਗਈ । ਤੀਹ ਤੋਪਾਂ ਆਪਣੀ ਪੂਰੀ ਗੜ੍ਹਕ ਨਾਲ ਇੱਕ ਘੜੀ ਸਾਹ ਲਏ ਬਗੈਰ, ਗੱਜਣ ਲੱਗ ਪਈਆਂ। ਕਸਾਕਾਂ ਦੀਆਂ ਖੰਦਕਾਂ ਜੋ
ਅੰਨ੍ਹੇਰੇ ਵਿੱਚ ਨਜ਼ਰ ਨਹੀਂ ਸਨ ਆਉਂਦੀਆਂ, ਗੋਲਿਆਂ ਦੇ ਵਟਣ ਨਾਲ ਉੱਡਦੀਆਂ ਚਿਣਗਾਂ ਤੇ ਕਿਰਚਾਂ ਦੀ ਲੋਅ ਵਿੱਚ, ਬੇਮੁਹਾਰੀਆਂ, ਪਾਲ ਦੀ ਪਾਲ, ਜਿਥੇ ਲੋਥਾਂ ਡਿੱਗਣ ਲੱਗ ਪਈਆਂ ਸਨ, ਦਿੱਸਣ ਲੱਗ ਪਈਆਂ।
"ਬਹੁਤ ਹੋ ਗਈ... ਬਹੁਤ।" ਇੱਕ ਦੁਖੀ ਵਿਚਾਰ ਸੀ, ਜੋ ਕਸਾਕਾਂ ਦੇ ਮਨ ਵਿੱਚ ਉੱਠ ਰਿਹਾ ਸੀ। ਉਹ ਬੰਦਕਾਂ ਵਿੱਚ ਪਏ ਕੰਧਾਂ ਨਾਲ ਦੁਬਕਦੇ ਜਾ ਰਹੇ ਸਨ ਤੇ ਉਡੀਕਦੇ ਸਨ ਕਿ ਰਾਤ ਦੀ ਇਹ ਭੰਗ ਹੁੰਦੀ ਖਾਮੋਸ਼ੀ, ਖਬਰੇ ਫਿਰ ਕਿਸ ਵੇਲੇ ਉਹਨਾਂ ਉੱਪਰ ਆਪਣੇ ਖੰਭ ਖਲਾਰਦੀ ਹੈ। ਪਰ ਵੈਂਗਣੀ ਲਾਟਾਂ ਨਿਕਲਦੀਆਂ ਰਹੀਆਂ, ਧਮਾਕਿਆਂ ਨਾਲ ਧਰਤੀ ਕੰਬਦੀ ਰਹੀ, ਕਲੇਜੇ ਧੜਕਦੇ ਰਹੇ ਤੇ ਦਿਮਾਗ ਹਿਲਦੇ ਰਹੇ ਤੇ ਉਸੇ ਤਰ੍ਹਾਂ ਮਰਨ ਵਾਲਿਆਂ ਦੀਆਂ ਕੁਰਲਾਟਾਂ ਕੰਨਾਂ ਨੂੰ ਵਿੰਨ੍ਹਦੀਆਂ ਰਹੀਆਂ।
ਤੇ ਫਿਰ ਜਿਵੇਂ ਅਚਾਨਕ ਰਾਤ ਦੀ ਖਾਮੋਸ਼ੀ ਟੁੱਟੀ ਸੀ, ਫਿਰ ਅੰਨ੍ਹੇਰੇ ਨੇ ਆਪਣੇ ਖੰਭ ਖਲਾਰ ਦਿੱਤੇ ਤੇ ਤੱਤਛਣ ਖਾਮੋਸ਼ੀ, ਉਹਨਾਂ ਬੈਂਗਣੀ ਲਾਟਾਂ ਤੇ ਤੋਪਾਂ ਦੀ ਅਣ-ਮਨੁੱਖੀ ਗੜ੍ਹਕ ਉੱਤੇ ਛਾ ਗਈ। ਖੁੰਦਕਾਂ ਉੱਤੇ ਕਾਲੇ ਪਰਛਾਵੇਂ ਡੋਲਣ ਲੱਗ ਪਏ ਤੇ ਇੱਕ ਨਵੀਂ ਵਹਿਸ਼ੀ ਗਰਜ, ਜੀਉਂਦੀ ਜਾਗਦੀ ਦਹਾੜਨ ਲੱਗ ਪਈ । ਕਸਾਕ ਖੁੰਦਕਾਂ ਵਿੱਚੋਂ ਬਾਹਰ ਕੁੱਦ ਖਲੋਤੇ ਤੇ ਸ਼ੈਤਾਨ ਦੇ ਸ਼ਕੰਜੇ ਵਿੱਚੋਂ ਨਿਕਲਣ ਲਈ ਤਰਲੇ ਲੈਣ ਲੱਗ ਪਏ, ਪਰ ਵੇਲਾ ਵਿਹਾ ਚੁੱਕਾ ਸੀ: ਖੰਦਕਾਂ ਲਾਸ਼ਾਂ ਨਾਲ ਭਰਨ ਲੱਗ ਪਈਆਂ। ਫਿਰ ਉਹਨਾਂ ਆਪਣੀਆਂ ਤਲਵਾਰਾਂ ਧੂਹ ਲਈਆਂ ਤੇ ਸੰਗੀਨਾਂ ਚੁੱਕ ਕੇ ਦੁਸ਼ਮਣ ਦਾ ਟਾਕਰਾ ਕਰਨ ਲੱਗ ਪਏ।
ਇਸ ਵਿੱਚ ਕੋਈ ਸ਼ੱਕ ਨਹੀਂ, ਉਹਨਾਂ ਨੂੰ ਕਿਸੇ ਸ਼ੈਤਾਨ ਦੀ ਸ਼ਕਤੀ ਨੇ ਆ ਦੱਬਿਆ ਸੀ, ਜਿਹੜੀ ਪੂਰੇ ਡੇਢ ਘੰਟਾ ਪੰਦਰਾਂ ਮੀਲ ਉਹਨਾਂ ਦਾ ਪਿੱਛਾ ਕਰਦੀ ਭਜਾਈ ਲਈ ਗਈ ਸੀ।
ਜਰਨੈਲ ਪੋਕਰਵਸਕੀ ਨੇ ਆਪਣੀ ਰਹੀ ਖਹੀ ਫ਼ੌਜ ਦੇ ਜਵਾਨਾਂ ਤੇ ਅਫ਼ਸਰਾਂ ਨੂੰ ਇਕੱਠਾ ਕੀਤਾ ਤੇ ਸਭ ਥੱਕੇ ਟੁੱਟੇ ਤੇ ਘਬਰਾਏ ਹੋਏ, ਏਕਾਰਟਰੀਨਡਾਰ ਟੁਰ ਗਏ ਤੇ ਲੁੱਚਿਆਂ ਲਫੰਗਿਆਂ ਲਈ ਰਾਹ ਖੁੱਲ੍ਹਾ ਛੱਡ ਗਏ।
37
ਆਪਣੀ ਪੂਰੀ ਸ਼ਕਤੀ ਇਕੱਤਰ ਕਰਕੇ, ਫਟੇ ਹਾਲ ਤੇ ਲਮਕਦੀਆਂ ਲੀਰਾਂ ਝੁਲਾਂਦੇ, ਬੁੱਝੇ ਹੋਏ ਚਿਹਰਿਆਂ ਵਾਲੇ ਦਸਤੇ ਆਪਣੀ ਵਾਟੇ ਪੈ ਗਏ। ਮੱਥੇ ਦੀਆਂ ਤਿਉੜੀਆਂ ਵਿੱਚ ਧੂੜ ਜੰਮੀ ਹੋਈ ਤੇ ਭਰਵੱਟਿਆਂ ਹੇਠ ਨਿੱਕੀਆਂ ਨਿੱਕੀਆਂ ਅੱਖਾਂ ਦੀਆਂ ਪੁਤਲੀਆਂ ਤੱਪਦੀ ਬਲਦੀ ਸਟੈਪੀ ਨੂੰ ਦੂਰ ਦੂਰ ਤੱਕ ਘੂਰੀ ਜਾ ਰਹੀਆਂ ਸਨ।
ਤੇਜ਼ ਚਾਲੇ ਤੋਪਾਂ ਘੂਕਦੀਆਂ ਜਾ ਰਹੀਆਂ ਸਨ। ਮਿੱਟੀ ਘੱਟੇ ਦੇ ਗੁਬਾਰ ਵਿੱਚ ਘੋੜੇ ਸਿਰ ਉਛਾਲਦੇ ਟੁਰੀ ਜਾ ਰਹੇ ਸਨ । ਤੋਪਚੀਆਂ ਦੀਆਂ ਅੱਖਾਂ ਦੂਰ ਨੀਲ਼ੇ ਦੁਮੇਲਾਂ ਉੱਤੇ ਟਿਕੀਆਂ ਹੋਈਆਂ ਸਨ।
ਲਗਾਤਾਰ ਖੜ ਖੜ ਕਰਦੀ, ਸਾਮਾਨ ਵਾਲੀ ਗੱਡੀ ਆਪਣੇ ਆਪ ਨੂੰ ਧੂਹੀ ਜਾ ਰਹੀ ਸੀ। ਹਾਰੀਆਂ ਹੰਭੀਆਂ ਮਾਵਾਂ ਵਾਹਣੇ ਪੈਰੀਂ ਮਿੱਟੀ ਘੱਟਾ ਉਡਾਂਦੀਆਂ ਛੱਕੜਿਆਂ ਦੇ ਪਿੱਛੇ ਪਿੱਛੇ ਟੁਰੀ ਜਾ ਰਹੀਆਂ ਸਨ । ਉਹਨਾਂ ਦੇ ਕਾਲੇ ਚਿਹਰਿਆਂ ਉੱਤੇ ਸਾਂਭੇ ਹੋਏ ਹੰਝੂਆਂ ਦੇ ਟੇਪੇ ਲਿਸ਼ਕ ਰਹੇ ਸਨ। ਉਹ ਵੀ ਇੱਕ ਪਲ ਨਜ਼ਰ ਚੁੱਕੇ ਬਗੈਰ ਦੂਰ ਸਟੈਪੀ ਦੀਆਂ ਨਿਲੱਤਣਾਂ ਵਿੱਚ ਗੁਆਚੀਆਂ ਹੋਈਆਂ ਸਨ।
ਹਜ਼ਾਰਾਂ ਲਾਟਾਂ ਛੱਡਦੀਆਂ ਅੱਖਾਂ ਦੂਰ ਦੂਰੀਆਂ ਉੱਤੇ ਟਿਕੀਆਂ ਹੋਈਆਂ ਸਨ: ਉੱਥੇ ਕਿਤੇ ਖੇੜਾ ਖਲ੍ਹਤਾ ਉਹਨਾਂ ਨੂੰ ਉਡੀਕ ਰਿਹਾ ਸੀ । ਉੱਥੇ ਕਿਤੇ ਉਹਨਾਂ ਦੇ ਦੁੱਖਾਂ ਕਲੇਸ਼ਾਂ ਦਾ ਅੰਤ ਸੀ ਤੇ ਉੱਥੇ ਸੀ ਉਡੀਕ ਰਹੀ ਸੁੱਖ ਦੀ ਘੜੀ।
ਕੀਊਬਨ ਧਰਤੀ ਉੱਤੇ ਸੂਰਜ ਲਾਟਾਂ ਸੁੱਟ ਰਿਹਾ ਸੀ ।
ਨਾ ਕਿਤੋਂ ਕੋਈ ਗੀਤ ਸੁਣ ਰਿਹਾ ਸੀ, ਨਾ ਕੋਈ ਆਵਾਜ਼, ਨਾ ਗਰਾਮੋਫੋਨ।
ਤੇ ਜੋ ਸੁਣੀ ਰਿਹਾ ਸੀ- ਉਹ ਸੀ ਮਿੱਟੀ ਧੂੜ ਵਿੱਚ ਧਮਕ ਧਮਕ ਪੈਂਦੇ ਪੈਰ, ਘੋੜਿਆਂ ਦੇ ਵੱਜਦੇ ਪੌੜ, ਭਾਰੇ ਪੈਰਾਂ ਦਾ ਕਾਂਬਾ, ਭਿਣ ਭਿਣ ਭਿਣਕਦੀਆਂ ਮੱਖੀਆਂ ਦੇ ਝੁਰਮਟ - ਤੇ ਇਹ ਸਭ ਕੁਝ ਇੱਕ ਦਿਲਕਸ਼ ਰਮਜ਼ ਭਰੀ ਮੰਜ਼ਲ ਵੱਲ ਟੁਰੀ ਜਾ ਰਿਹਾ ਸੀ, ਦੂਰ ਕਿਤੇ ਛੁਪੀ ਉਸ ਸਟੈਪੀ ਦੀਆਂ ਨਿਲੱਤਣਾਂ ਵਿੱਚ ਜਿੱਥੇ ਪਹੁੰਚ ਕੇ ਵੇਖਦੇ ਸਾਰ ਸ਼ਾਇਦ ਉਹ ਕੂਕ ਪੈਣਗੇ, "ਸਾਡੇ ਲੋਕ ।"
ਪਰ ਜਿੰਨਾ ਮਰਜ਼ੀ ਟੁਰੀ ਜਾਣ, ਦਿਨ ਤੇ ਰਾਤ, ਅਨੇਕਾਂ ਫਾਰਮ, ਪਿੰਡ, ਬਸਤੀਆਂ ਤੇ ਢੋਕਾਂ ਉਹ ਲੰਘ ਆਏ - ਪਰ ਰਿਹਾ ਹਮੇਸ਼ ਉਹੀ ਕੁਝ- ਹਮੇਸ਼ਾ ਇੱਕ ਨੀਲੀ ਦੂਰੀ ਦੂਰ ਸਟੈਪੀਆਂ ਵਿੱਚ ਉਭਰੀ ਹੋਈ, ਜੋ ਉਹਨਾਂ ਦੇ ਅੱਗੇ ਹੀ ਅੱਗੇ ਹੁੰਦੀ ਜਾਂਦੀ ਸੀ । ਜਿੱਥੋਂ ਵੀ ਉਹ ਲੰਘਦੇ ਇਹੀ ਦੱਸਿਆ ਜਾਂਦਾ:
“ਹਾਂ ਹੈ ਤਾਂ ਇੱਥੇ ਹੀ ਸਨ, ਪਰ ਟੁਰ ਗਏ ਨੇ । ਉਹ ਪਰਸੋਂ ਤੱਕ ਇੱਥੇ ਹੀ ਸਨ ਫਿਰ ਅਚਾਨਕ ਉੱਠ ਕੇ ਕਿਤੇ ਤੁਰ ਗਏ।" ਹਾਂ ਹੈ ਤਾਂ ਇੱਥੇ ਹੀ ਸਨ । ਚਾਰੇ ਪਾਸੇ ਕਿੱਲੀਆਂ ਚੁੱਕੀਆਂ ਦਿੱਸ ਰਹੀਆਂ ਨੇ, ਲਿੱਦ ਖਿਲਰੀ ਹੋਈ ਹੈ, ਪਰ ਹੁਣ ਸਭ ਸੁੰਨਸਾਨ ਪਿਆ ਹੋਇਆ ਸੀ।
ਇੱਥੇ ਤੋਪਖਾਨੇ ਪੜਾਅ ਕੀਤਾ ਸੀ, ਬੁਝੀ ਅੱਗ ਦੇ ਕੋਇਲੇ ਤੇ ਸਵਾਹ ਖਿਲਰੀ ਹੋਈ ਸੀ ਤੇ ਤੋਪ ਗੱਡੀ ਦੇ ਭਾਰੇ ਪਹੀਆਂ ਦੀਆਂ ਲੀਹਾਂ ਪਿੰਡ ਵਿੱਚੋਂ ਹੋ ਕੇ ਸੜਕ ਵਲ ਟੁਰ ਗਈਆਂ ਸਨ।
ਸੜਕ ਕੰਢੇ ਖੜ੍ਹੋਤੇ ਉੱਚੇ ਪਿੱਪਲਾਂ ਦੇ ਡੂੰਘੇ ਚਿੱਟੇ ਫੁੱਟ ਦਿੱਸ ਰਹੇ ਸਨ । ਖੱਲ ਉੱਧੜ ਆਈ ਸੀ। ਛਕੜੇ ਲੰਘੇ ਸਨ ਤੇ ਧੁਰਿਆਂ ਦੀਆਂ ਕਿੱਲੀਆਂ ਵੱਜ ਗਈਆਂ ਸਨ, ਪਿੱਪਲ ਛਿੱਲੇ ਗਏ ਸਨ।
ਨਿਸ਼ਾਨੀਆਂ ਦੱਸਦੀਆਂ ਸਨ ਕਿ ਇੱਥੇ ਕੋਈ ਟਿਕਿਆ ਸੀ। ਉਹਨਾਂ ਨਾਲ ਜਾ ਰਲਣ ਲਈ, ਫੌਜ ਸਮੁੰਦਰੀ ਬੇੜੇ ਦੇ ਧਮ ਧਮ ਡਿੱਗਦੇ ਜਰਮਨ ਗੋਲਿਆਂ ਦੀਆਂ ਕਿਰਚਾਂ ਵਿੱਚੋਂ ਲੰਘ ਗਈ ਸੀ। ਉਹ ਜਾਰਜੀਅਨਾਂ ਨਾਲ ਲੜੇ ਸਨ। ਪਹਾੜਾਂ ਵਿੱਚ ਉਹਨਾਂ ਦੇ ਬਾਲ
ਬੱਚੇ ਖੇਰੂੰ ਖੇਰੂੰ ਹੋ ਗਏ ਸਨ, ਸਿਰ ਧੜ ਦੀ ਬਾਜ਼ੀ ਲਾ ਕੇ ਕਸਾਕਾਂ ਦਾ ਮੁਕਾਬਲਾ ਕੀਤਾ ਸੀ - ਪਰ ਪਤਾ ਨਹੀਂ ਕਿਉਂ, ਸਟੈਪੀਆਂ ਵਿੱਚ ਮੰਜ਼ਲ ਦੂਰ ਹੀ ਦੂਰ ਹੱਟਦੀ ਜਾਂਦੀ ਸੀ । ਪਹਿਲਾਂ ਵਾਂਗ ਹੀ ਘੋੜਿਆ ਦੇ ਪੌੜ ਕਾੜ ਕਾੜ ਪੈ ਰਹੇ ਸਨ, ਸਾਮਾਨ ਵਾਲੀਆਂ ਗੱਡੀਆਂ ਉਸੇ ਤਰ੍ਹਾਂ ਚੀਂ ਚੀਂ ਕਰਦੀਆਂ ਲੰਘ ਰਹੀਆਂ ਸਨ, ਉਸੇ ਤਰ੍ਹਾਂ ਮੱਖੀਆਂ ਦਾ ਝੁਰਮਟ ਸਿਰਾਂ ਉੱਤੇ ਉੱਡੀ ਜਾ ਰਿਹਾ ਸੀ। ਮਿੱਟੀ ਘੱਟਾ ਧੂੜ ਤੇ ਵਿੱਚ ਲਿਬੜੇ ਤੇਜ਼ ਚਾਲੇ ਟੁਰੇ ਜਾਂਦੇ ਪੈਰ, ਹਜ਼ਾਰਾਂ ਅੱਖਾਂ ਵਿੱਚ ਲਟਕਦੀ ਇੱਕ ਆਸ ਜੋ ਕਦੇ ਨਿਰਾਸ਼ ਨਹੀਂ ਸੀ ਹੋਈ... ਉਹਨਾਂ ਦੂਰ ਦੀਆਂ ਦਿੱਸਦੀਆਂ ਸਟੈਪੀ ਦੀਆਂ ਹੱਦਾਂ ਉੱਤੇ ਟਿਕੀ ਹੋਈ ਸੀ।
ਥੱਕਿਆ ਹਾਰਿਆ ਕੋਜੂਖ ਝੁਲਸੀ ਹੋਈ ਚਮੜੀ, ਵੱਟਿਆ ਹੋਇਆ, ਆਪਣੀ ਬੱਘੀ ਵਿੱਚ ਬੈਠਾ ਜਾ ਰਿਹਾ ਸੀ । ਉਸ ਦੀਆਂ ਨਿੱਕੀਆਂ ਨਿੱਕੀਆਂ ਸੁੰਗੜੀਆਂ ਅੱਖਾਂ ਦੂਰ ਦਿਸ ਹੱਦੇ ਉੱਤੇ ਟਿਕੀਆਂ ਹੋਈਆਂ ਸਨ। ਉਸ ਲਈ ਵੀ ਇਹ ਇੱਕ ਰਮਜ਼ ਤੇ ਸੱਖਣ ਲਈ ਬੈਠੀ ਹੋਈ ਸੀ। ਉਸ ਦੇ ਜਬੜੇ ਘੁੱਟੇ ਹੋਏ ਸਨ।
ਲੰਘਦੇ ਗਏ ਪਿੰਡਾਂ ਮਗਰੋਂ ਪਿੰਡ ਤੇ ਫਾਰਮਾਂ ਮਗਰੋਂ ਫਾਰਮ ਤੇ ਬੀਤਦੇ ਗਏ ਦਿਨਾਂ ਮਗਰ ਦਿਨ ਥੱਕੇ ਟੁੱਟੇ ਤੇ ਹਾਰੇ।
ਕਸਾਕ ਤੀਵੀਂਆਂ ਸਿਰ ਨੀਵਾਂ ਕਰੀ, ਉਹਨਾਂ ਨੂੰ ਮਿਲਣ ਆਈਆਂ।
ਉਹਨਾਂ ਦੀਆਂ, ਜੀ ਆਇਆਂ ਨੂੰ ਆਖਦੀਆਂ ਅੱਖਾਂ ਵਿੱਚ ਘ੍ਰਿਣਾ ਘੁਲੀ ਹੋਈ ਸੀ। ਤੇ ਜਦ ਉਹ ਕੋਲੋਂ ਲੰਘ ਗਏ, ਇਹ ਤੀਵੀਂਆਂ ਹੈਰਾਨੀ ਨਾਲ ਪਿੱਛੋਂ ਉਹਨਾਂ ਨੂੰ ਵੇਖਦੀਆਂ ਖਲ੍ਹਤੀਆਂ ਰਹੀਆਂ - ਕਿਹੋ ਜਿਹੇ ਬੰਦੇ ਸਨ ਇਹ, ਨਾ ਇਹਨਾਂ ਕਿਸੇ ਨੂੰ ਲੁੱਟਿਆ ਨਾ ਕਿਸੇ ਨੂੰ ਮਾਰਿਆ, ਭਾਵੇਂ ਲੱਗਦੇ ਵਹਿਸ਼ੀ ਹੀ ਸਨ।
ਰਾਤ ਜਦ ਕਿਤੇ ਰੁੱਕਦੇ, ਕੋਜ਼ੂਖ ਖਬਰਾਂ ਸੁਣਦਾ ਹਮੇਸ਼ਾ ਉਹੀ- ਕਸਾਕ ਕਿਸੇ ਨੂੰ ਵੀ ਰੋਕਦੇ ਨਹੀਂ, ਦਿਨ ਹੋਵੇ ਤੇ ਭਾਵੇਂ ਰਾਤ ਤੇ ਨਾ ਇੱਕ ਵੇਰ ਵੀ ਗੋਲੀ ਚਲਾਂਦੇ ਨੇ, ਬਸ ਉਹਨਾਂ ਦੇ ਲੰਘਣ ਮਗਰੋਂ ਉਹ ਵੀ ਪਿੱਛੇ ਪਿੱਛੇ ਟੁਰ ਪੈਂਦੇ ਸਨ।
"ਠੀਕ ਹੈ। ਉਹਨਾਂ ਦਾ ਭੜਥਾ ਹੋ ਚੁੱਕਾ ਹੈ।" ਕੋਜੂਖ ਨੇ ਆਖਿਆ। ਉਸ ਦੇ ਚਿਹਰੇ ਦੀਆਂ ਰਗਾਂ ਖਿੱਚੀਆਂ ਗਈਆਂ।
ਉਸ ਹੁਕਮ ਜਾਰੀ ਕੀਤਾ:
"ਘੋੜੇ ਉੱਤੇ ਸਵਾਰ ਹਰਕਾਰਿਆਂ ਨੂੰ ਭੇਜ ਦਿਓ, ਜਾ ਕੇ ਸਾਰੀਆਂ ਯੂਨਿਟਾਂ ਨੂੰ ਖ਼ਬਰਦਾਰ ਕਰ ਦੇਣ ਕਿ ਪਿੱਛੇ ਕੋਈ ਨਾ ਰਹੇ। ਕਿਤੇ ਰੁੱਕਣ ਦੀ ਇਜਾਜ਼ਤ ਨਹੀਂ। ਬਸ ਟੁਰੀ ਜਾਣ ਅੱਗੇ ਨੂੰ। ਸਿਰਫ਼ ਸਾਹ ਲੈਣ ਲਈ, ਰਾਤ ਤਿੰਨ ਘੰਟੇ ਰੁੱਕਣ।"
ਤੇ ਫਿਰ ਚੀਂ ਚੀਂ ਕਰਦੇ ਛੱਕੜੇ, ਜੋਤਰਿਆਂ ਵਿੱਚ ਸਿਰ ਉਛਾਲਦੇ ਥੱਕੇ ਟੁੱਟੇ ਘੋੜੇ, ਖੜ ਖੜ ਕਰਦੀਆਂ ਛੱਕੜਿਆਂ ਉੱਤੇ ਲੱਦੀਆਂ ਤੋਪਾਂ, ਦੁਪਹਿਰ ਦੇ ਮਿੱਟੀ ਘੱਟੇ ਵਿੱਚੋਂ ਲੰਘਦੇ ਤੇ ਤਾਰਿਆਂ ਭਰੀ ਰਾਤ ਦੀ ਛਾਵੇਂ ਟੁਰਦੇ, ਤੜਕਸਾਰ ਦੇ ਨਿੰਦਰਾਏ ਘੁਸਮੁਸੇ ਦਾ ਮੂੰਹ ਚੁੰਮਦੇ, ਇਹ ਨਾ ਮੁੱਕਣ ਵਾਲੀ ਭਾਜੜ ਦੂਰ ਦੂਰ ਫੈਲੀਆਂ ਕੀਊਬਨ ਸਟੈਪੀਆਂ ਵਿੱਚ ਲੰਘਦੀ ਨਿਕਲ ਗਈ।
"ਥਕੇਵੇਂ ਨਾਲ ਘੋੜੇ ਡਿੱਗ ਰਹੇ ਨੇ, ਯੂਨਿਟ ਵਿੱਚ ਕਈ ਢਿੱਲੇ ਮੱਠੇ ਵੀ ਨੇ।" ਉਹਨਾਂ ਕੋਜ਼ੂਖ ਨੂੰ ਦਸਿਆ।
ਘੁੱਟੇ ਮੂੰਹ ਵਿੱਚੋਂ ਉਸ ਹੁਕਮ ਦਿੱਤਾ।
"ਇਹਨਾਂ ਛੱਕੜਿਆਂ ਨੂੰ ਛੱਡ ਦਿਓ। ਭਾਰ ਦੂਜੇ ਛੱਕੜਿਆਂ ਉੱਤੇ ਲੱਦ ਦਿਓ। ਢਿੱਲੇ ਮੰਠਿਆਂ ਉੱਤੇ ਨਿਗਾਹ ਰੱਖੋ ਤੇ ਉਹਨਾਂ ਨੂੰ ਉਠਾਓ। ਛੇਤੀ ਛੇਤੀ ਕੰਮ ਮੁਕਾਓ। ਅੱਗੇ ਅੱਗੇ ਵਧੀ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ।"
ਫਿਰ ਹਜ਼ਾਰਾਂ ਅੱਖਾਂ ਵਾਢੀਆਂ ਮਗਰੋਂ ਕਰੜੀ ਤੇ ਸਖਤ ਹੋਈ ਸਟੈਪੀ ਦੀਆਂ ਉਹਨਾਂ ਹੱਦਾਂ ਉੱਤੇ ਜਾ ਟਿਕੀਆਂ ਜੋ ਦਿਨ ਰਾਤ ਉਸ ਨੂੰ ਵਲੀ ਰੱਖਦੀਆਂ ਸਨ ਤੇ ਫਿਰ ਪਹਿਲਾਂ ਵਾਂਗ ਪਿੰਡਾਂ ਤੇ ਫਾਰਮਾਂ ਵਿੱਚ ਆਪਣੇ ਘੁਰਨੇ ਨੂੰ ਛੁਪਾਂਦਿਆਂ, ਕਸਾਕ ਤੀਵੀਆਂ ਹੱਸ ਹੱਸ ਆਖਣ ਲੱਗ ਪਈਆਂ:
"ਉਹ ਟੁਰ ਗਏ ਨੇ - ਕੱਲ੍ਹ ਉਹ ਇੱਥੇ ਸਨ।"
ਉਹ ਦੁੱਖਦੇ ਹਿਰਦਿਆਂ ਨਾਲ ਆਲੇ ਦੁਆਲੇ ਵੇਖਣ ਲੱਗ ਪਏ - ਬਿਲਕੁਲ ਹਮੇਸ਼ਾ ਵਾਂਗ, ਬੁਝਿਆ ਕੋਇਲਾ ਤੇ ਲਿੱਦਾਂ ਦੇ ਢੇਰ ਖਿਲਰੇ ਹੋਏ।
ਫਿਰ ਅਚਾਨਕ ਸਾਮਾਨ ਗੱਡੀ ਦੇ ਕੋਲ ਪਾਸ ਯੂਨਿਟਾਂ ਵਿੱਚੋਂ ਲੰਘਦੀਆਂ ਤੀਵੀਂਆਂ ਤੇ ਬੱਚਿਆਂ ਵਿੱਚ ਇਹ ਖਬਰ ਫੈਲ ਗਈ ਕਿ:
"ਪੁਲ ਉਡਾਏ ਜਾ ਰਹੇ ਨੇ, ਉਹ ਜਾਂਦੇ ਜਾਂਦੇ ਆਪਣੇ ਪਿੱਛੇ ਪੁੱਲਾਂ ਨੂੰ ਉਡਾਈ ਜਾ ਰਹੇ ਨੇ।"
ਬੇਬੇ ਗੋਰਪੀਨਾ ਦੀਆਂ ਖੌਫ ਨਾਲ ਅੱਖਾਂ ਟੱਡੀਆਂ ਹੋਈਆਂ ਸਨ। ਉਸ ਦੇ ਸੁੱਕੇ ਹੇਠਾਂ ਵਿੱਚੋਂ ਆਵਾਜ਼ ਆਈ।
"ਉਹ ਪੁੱਲ ਬਰਬਾਦ ਕਰ ਰਹੇ ਨੇ । ਉਹ ਟੁਰੀ ਜਾਂਦੇ ਪਿੱਛੇ ਪੁੱਲਾਂ ਨੂੰ ਤਬਾਹ ਕਰੀ ਜਾ ਰਹੇ ਨੇ।"
ਸਿਪਾਹੀ ਸੁੰਨ ਪਏ ਹੱਥਾਂ ਵਿੱਚ ਰਫ਼ਲਾ ਫੜੀ ਬੜੀ ਡਿੱਗੀ ਹੌਲੀ ਆਵਾਜ਼ ਵਿੱਚ ਆਖ ਰਹੇ ਸਨ:
"ਉਹਨਾਂ ਪੁੱਲ ਉੱਡਾ ਦਿੱਤੇ ਨੇ। ਉਹ ਸਾਡੇ ਕੋਲੋਂ ਨੱਸੀ ਜਾਂਦੇ ਪੁੱਲ ਉਡਾ ਗਏ ।"
ਜਿਸ ਵੇਲੇ ਦਸਤੇ ਦਾ ਹਿੱਸਾ ਟੁਰੀ ਜਾਂਦਾ ਦਰਿਆ, ਨਾਲਾ, ਖੱਡ, ਜਾਂ ਖੋਭੇ ਵਾਲੀ ਥਾਂ ਉੱਤੇ ਪੁਜਿਆ ਤਾਂ ਉਸ ਵੇਖਿਆ ਕਿ ਲੱਕੜ ਦੇ ਫੱਟੇ ਤੇ ਲੋਹੇ ਦੇ ਛੜ ਇੰਝ ਨਿਕਲੇ ਹੋਏ ਹਨ, ਜਿਉਂ ਲੰਮੇ ਲੰਮੇ ਕਾਲੇ ਦੰਦ ਅੱਡੇ ਹੋਏ ਮੂੰਹ ਵਿੱਚੋਂ ਬਾਹਰ ਨਿਕਲੇ ਹੋਣ - ਅਚਾਨਕ ਅੱਗੋਂ ਉਹਨਾਂ ਨੂੰ ਸੜਕ ਟੁੱਟੀ ਮਿਲੀ ਤੇ ਖੌਫ ਤੇ ਮਾਯੂਸੀ ਘੂਰਦੀ ਸਾਹਮਣੇ ਖਲ੍ਹੋ ਗਈ।
ਕੋਜੂਖ ਨੇ ਭਰਵੱਟੇ ਸੁਕੇੜ ਲਏ, ਫ਼ਰਮਾਨ ਜਾਰੀ ਕੀਤਾ:
“ਪੁੱਲਾਂ ਦੀ ਮੁਰੰਮਤ ਕਰੋ, ਲੰਘਣ ਦਾ ਪ੍ਰਬੰਧ ਕਰੋ, ਉਹਨਾਂ ਨੂੰ ਇਕੱਤਰ ਕਰੋ ਜਿਨ੍ਹਾਂ ਨੂੰ ਕੁਹਾੜੀ ਹੱਥ ਵਿੱਚ ਲੈਣੀ ਆਉਂਦੀ ਹੈ। ਉਹਨਾਂ ਨੂੰ ਹਰਾਵਲ ਨਾਲ ਅੱਗੇ ਭੇਜੋ।
ਥੀਮ, ਫੱਟੇ ਤੇ ਗਾਡਰ ਵਸੋਂ ਕੋਲੋਂ ਲਓ ਤੇ ਦਸਤੇ ਦੇ ਅਗਲੇ ਹਿੱਸੇ ਕੋਲ ਲੈ ਜਾਓ।
ਕੁਹਾੜੀਆਂ ਚੱਲਣ ਲੱਗ ਪਈਆਂ ਤੇ ਚਿੱਟੀਆਂ ਛਿਲਤਰਾਂ ਉੱਡਣ ਲੱਗ ਪਈਆਂ। ਅੱਧ ਪਚੱਧੇ ਕੱਚੇ ਬਣੇ ਤੇ ਲਿਫ ਲਿਫ ਕਰਦੇ ਪੁੱਲ ਉੱਤੇ ਅਣਗਿਣਤ ਸਾਮਾਨ ਗੱਡੀਆਂ, ਇੱਕ ਅਥਾਹ ਭੀੜ, ਭਾਰੀ ਤੋਪਖਾਨਾ ਤੇ ਦੋਹੀਂ ਪਾਸੀਂ ਪਾਣੀ ਵੇਖ ਵੇਖ ਤਹਿੰਦੇ ਤੇ ਫੁਰਕੜੇ ਮਾਰਦੇ ਘੋੜੇ ਲੰਘਣ ਲੱਗ ਪਏ। ਪਹਿਲਾਂ ਵਾਂਗ ਹੀ ਇੱਕ ਵਾਰ ਫੇਰ, ਅੱਖਾਂ ਉਸ ਦਿਸਹੱਦੇ ਉੱਤੇ ਜਾ ਟਿਕੀਆਂ ਜਿੱਥੇ ਸਟੈਪੀ ਆਕਾਸ਼ ਨਾਲ ਨਿਖੜੀ ਹੋਈ ਜਾਪਦੀ ਸੀ।
ਕੋਜੂਖ ਨੇ ਫਿਰ ਦਸਤਿਆਂ ਦੇ ਕਮਾਂਡਰਾਂ ਨੂੰ ਇਕੱਤਰ ਕੀਤਾ ਤੇ ਹੌਲੀ ਜਿਹੇ ਮੂੰਹ ਬਣਾ ਕੇ ਆਖਿਆ:
“ਸਾਥੀਓ ਸਾਡੇ ਆਪਣੇ ਬੰਦੇ ਜਿੰਨੀ ਛੇਤੀ ਤੋਂ ਛੇਤੀ ਉਹਨਾਂ ਕੋਲ ਹੋ ਸਕਦਾ ਹੈ, ਸਾਥੋਂ ਭੱਜੀ ਜਾ ਰਹੇ ਹਨ।"
ਬੜੀ ਉਦਾਸੀ ਵਿੱਚ ਉਹਨਾਂ ਜਵਾਬ ਦਿੱਤਾ:
"ਹਾਂ। ਪਰ ਸਮਝ ਨਹੀਂ ਆਉਂਦੀ ਕਿ ਕਿਉਂ ?"
"ਜਾਂਦੇ ਜਾਂਦੇ ਪੁੱਲ ਉਡਾਈ ਜਾ ਰਹੇ ਨੇ। ਇਹਨਾਂ ਹਾਲਤ ਵਿੱਚ ਅਸੀਂ ਬਹੁਤ ਚਿਰ ਨਹੀਂ ਕੱਢ ਸਕਾਂਗੇ। ਸੈਂਕੜੇ ਘੋੜੇ ਸਾਡੇ ਡਿੱਗ ਡਿੱਗ ਕੇ ਮਰਦੇ ਜਾ ਰਹੇ ਹਨ। ਲੋਕ ਪਾਲਾਂ ਵਿੱਚੋਂ ਨਿਕਲ ਕੇ ਪਿੱਛੇ ਰਹਿ ਜਾਂਦੇ ਹਨ ਤੇ ਜਿਹੜੇ ਪਿੱਛੇ ਰਹਿ ਗਏ ਹਨ, ਉਹਨਾਂ ਨੂੰ ਕਸਾਕ ਟੋਟੇ ਟੋਟੇ ਕਰ ਛਕਣਗੇ। ਹਾਲ ਦੀ ਘੜੀ ਕਸਾਕਾਂ ਨੂੰ ਅਸਾਂ ਸਬਕ ਸਿਖਾ ਦਿੱਤਾ ਹੈ; ਉਹ ਡਰੇ ਹੋਏ ਨੇ। ਉਹ ਸਾਡੇ ਲਈ ਸੜਕ ਖੁੱਲ੍ਹੀ ਛੱਡ ਦੇਂਦੇ ਨੇ, ਜਰਨਲ ਆਪਣੀਆਂ ਫੌਜਾਂ ਨੂੰ ਸਾਡੇ ਰਾਹ ਵਿੱਚੋਂ ਹਟਾ ਲੈਂਦੇ ਨੇ । ਫਿਰ ਵੀ ਅਸੀਂ ਇੱਕ ਤਗੜੇ ਘੇਰੇ ਵਿੱਚ ਘਿਰੇ ਹੋਏ ਹਾਂ, ਤੇ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਅਸੀਂ ਬਰਬਾਦ ਹੋ ਜਾਵਾਂਗੇ। ਸਾਡੇ ਕੋਲ ਬਹੁਤੇ ਕਾਰਤੁਸ ਨਹੀਂ ਤੇ ਗੋਲੇ ਵੀ ਗੁਜ਼ਾਰੇ ਜੋਗੇ ਹੀ ਨੇ । ਜਿਵੇਂ ਵੀ ਹੋ ਸਕੇ, ਇੱਥੋਂ ਜਾਨ ਛੁਡਾਨੀ ਚਾਹੀਦੀ ਹੈ!"
ਉਸ ਆਪਣੀਆਂ ਤੇਜ਼ ਸੁੰਗੜੀਆਂ ਹੋਈਆਂ ਅੱਖਾਂ ਨਾਲ ਉਹਨਾਂ ਵੱਲ ਵੇਖਿਆ।
ਸਭ ਖਾਮੋਸ਼ ਸਨ।
ਫਿਰ ਕੋਜੂਖਜ਼ੋਰ ਦੇਂਦਾ, ਇੱਕ ਇੱਕ ਲਫਜ਼ ਚਿੱਥ ਚਿੱਥ ਕੇ ਆਖਣ ਲੱਗਾ:
"ਸਾਨੂੰ ਨਿਕਲ ਜਾਣਾ ਚਾਹੀਦਾ ਹੈ। ਜੇ ਅਸਾਂ ਇੱਕ ਰਸਾਲਾ ਯੂਨਿਟ ਅੱਗੇ ਭੇਜਿਆ ਤਾਂ ਕਸਾਕ ਸਾਡੇ ਘੋੜਿਆਂ ਦੇ ਟੋਟੇ ਟੋਟੇ ਕਰ ਛੱਡਣਗੇ, ਕਿਉਂ ਜੋ ਘੋੜੇ ਬਿਲਕੁਲ ਥੱਕੇ ਹਾਰੇ ਹੋਏ ਨੇ । ਮਾਮੂਲੀ ਜਿਹੀ ਸਫ਼ਲਤਾ ਮਿਲਦਿਆਂ ਹੀ ਕਸਾਕਾਂ ਦੇ ਹੌਸਲੇ ਵੱਧ ਜਾਣਗੇ ਤੇ ਉਹ ਚਾਰੇ ਪਾਸਿਓਂ ਸਾਡੇ ਉੱਤੇ ਟੁਟ ਪੈਣਗੇ । ਸਾਨੂੰ ਕੋਈ ਹੋਰ ਰਾਹ ਕੱਢਣਾ ਚਾਹੀਦਾ ਹੈ। ਸਾਡੇ ਵਿੱਚੋਂ ਕੋਈ ਅੱਗੇ ਨਿਕਲ ਜਾਵੇ, ਜਿਸ ਨਾਲ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਪਿੱਛੇ ਹਾਂ।"
ਇਸ ਖ਼ਾਮੋਸ਼ੀ ਵਿੱਚ ਕੱਖ ਨੇ ਕਿਹਾ:
"ਕੌਣ ਤਿਆਰ ਹੁੰਦਾ ਹੈ ?"
ਇੱਕ ਜਵਾਨ ਆਦਮੀ ਉੱਠ ਖਲ੍ਹਤਾ। "ਸਾਥੀ ਸੈਲੀਵਾਨੋਵ, ਦੋ ਸਿਪਾਹੀਆਂ ਨੂੰ
ਨਾਲ ਲੈ ਲਓ ਤੇ ਮੋਟਰ ਉੱਤੇ ਜਾਓ ਪੂਰੀ ਕੋਸ਼ਿਸ਼ ਨਾਲ ਜੋ ਹੋਵੇ, ਜਾਣਾ ਹੀ ਪਵੇਗਾ। ਉੱਥੇ ਉਹਨਾਂ ਨੂੰ ਜਾ ਦੱਸੋ ਕਿ ਅਸੀਂ ਆਪ ਹੀ ਹਾਂ। ਸਾਡੇ ਕੋਲੋਂ ਉਹ ਕਿਉਂ ਨੱਸੀ ਜਾ ਰਹੇ ਨੇ ? ਕੀ ਉਹ ਚਾਹੁੰਦੇ ਹਨ ਕਿ ਸਾਡਾ ਨਾਸ ਹੋ ਜਾਵੇ ?"
ਘੰਟੇ ਦੇ ਅੰਦਰ ਅੰਦਰ, ਕਾਰ ਆ ਕੇ ਹੈੱਡਕੁਆਰਟਰ ਦੀ ਝੁੱਗੀ ਅੱਗੇ ਖੜ੍ਹੀ ਹੋ ਗਈ। ਇਸ ਵਿੱਚ ਦੋ ਮਸ਼ੀਨਗੰਨਾਂ ਸਨ, ਇੱਕ ਅੱਗੇ ਤੇ ਇੱਕ ਪਿੱਛੇ। ਡਰਾਈਵਰ ਬਿੰਧੀ ਜਿਹੀ ਵਰਦੀ ਪਾਈ, ਤਿਆਰ ਬਰ ਤਿਆਰ ਮੂੰਹ ਵਿੱਚ ਸਿਗਰਟ ਘੁਟੀ ਮਸ਼ੀਨ ਦੀ ਟੋਹ ਟਾਹ ਕਰ ਰਿਹਾ ਸੀ। ਸੈਲੀਵਾਨੋਵ ਤੇ ਉਸ ਦੇ ਦੋ ਸਿਪਾਹੀ ਬਿਲਕੁਲ ਜਵਾਨ ਸਨ ਤੇ ਉਹਨਾਂ ਦੀਆਂ ਅੱਖਾਂ ਵਿਚ ਇੱਕ ਖਿਚਾਅ ਘੁਲਿਆ ਹੋਇਆ ਸੀ।
ਕਾਰ ਘਰਰ... ਘਰਰ... ਘੂੰ-ਘੂੰ ਕਰਦੀ ਧੂੜ ਦੇ ਗੁਬਾਰ ਉਡਾਂਦੀ ਤੇ ਘੱਟੇ ਵਿੱਚੋਂ ਲੰਘਦੀ ਅੱਖੋਂ ਦੂਰ ਦੂਰ ਜਾਂਦੀ, ਇੱਕ ਟਿਮਕਣੇ ਵਾਂਗ ਅਲੋਪ ਹੋ ਗਈ।
ਤੇ ਇੱਕ ਬੇਅੰਤ ਭੀੜ, ਬੇਅੰਤ ਸਾਮਾਨ ਗੱਡੀਆਂ, ਬੇਅੰਤ ਘੋੜੇ, ਆਪਣੇ ਪੈਂਡੇ ਪਏ ਟੁਰੀ ਗਏ, ਮੋਟਰ ਵੱਲ ਧਿਆਨ ਕੀਤੇ ਬਗੈਰ, ਉਹ ਟੁਰੀ ਗਏ, ਬਿਨਾਂ ਰੁੱਕੇ, ਟੁਰੀ ਗਏ ਦੂਰ ਫੈਲੀ ਸਟੈਪੀ ਦੀ ਹੱਦਾਂ ਨੂੰ ਘੂਰਦੇ, ਕਦੇ ਆਸ ਭਰੇ ਤੇ ਕਦੀ ਨਿਰਾਸ਼।
38
ਉਹਨਾਂ ਦਾ ਰਾਹ ਡੱਕਣ ਲਈ ਤੂਫ਼ਾਨ ਚੀਖ਼ਾਂ ਮਾਰ ਰਿਹਾ ਸੀ। ਉਹਨਾਂ ਦੇ ਦੋਹੀਂ ਪਾਸੀਂ ਝੁੱਗੀਆਂ ਝੌਂਪੜੀਆਂ, ਸੜਕ ਕੰਢੇ ਖਲੋਤੇ ਪਿੱਪਲ ਤੇ ਦੂਰ ਦਿੱਸਦੇ ਗਿਰਜਾ ਘਰਾਂ ਦਾ ਝਾਉਲਾ ਪੈਂਦਾ ਤੇ ਫਿਰ ਝੱਟ ਸਭ ਕੁਝ ਅਲੋਪ ਹੋ ਜਾਂਦਾ । ਗਲੀਆਂ, ਸਟੈਪੀ, ਪਿੰਡਾਂ ਤੇ ਸੜਕ ਦੇ ਨਾਲ ਨਾਲ ਲੋਕਾਂ, ਘੋੜਿਆਂ ਤੇ ਮਾਲ ਡੰਗਰਾਂ, ਮਸਾਂ ਆਪਣਾ ਭੈਅ ਪ੍ਰਗਟ ਹੀ ਕੀਤਾ ਸੀ ਕਿ ਮੋਟਰ ਮਿੱਟੀ-ਘੱਟਾ, ਕੱਖ-ਕਾਨੇ ਤੇ ਪੱਤਰ ਉਡਾਂਦੀ ਘੂੰ ਘੂੰ ਕਰਦੀ ਲੰਘ ਗਈ।
ਕਸਾਕ ਤੀਵੀਂਆਂ ਸਿਰ ਮਾਰਨ ਲੱਗ ਪਈਆਂ।
"ਝੱਲੇ ਹੋ ਗਏ ਨੇ। ਇਹ ਕੀਹਦੀ ਕਾਰ ਏ ?"
ਕਸਾਕ ਸਕਾਊਟਾਂ, ਘੋੜੇ ਉੱਤੇ ਸਵਾਰ ਗਸ਼ਤ ਲਾਣ ਵਾਲਿਆਂ ਤੇ ਯੂਨਿਟਾਂ ਨੇ ਇਸ ਘੁਕਦੀ ਜਾਂਦੀ ਮੋਟਰ ਨੂੰ ਆਪਣੀ ਹੀ ਸਮਝ ਕੇ ਲੰਘ ਜਾਣ ਦਿੱਤਾ, ਨਹੀਂ ਤਾਂ ਭਲਾ ਕਿਸ ਦੀ ਮਜਾਲ ਸੀ ਕਿ ਕੋਈ ਉਹਨਾਂ ਵਿੱਚੋਂ ਇੰਝ ਲੰਘ ਜਾਂਦਾ ? ਪਰ ਕਿਸੇ ਵੇਲੇ ਕੁਝ ਚੇਤ ਕੇ ਉਹਨਾਂ ਇੱਕ ਦੋ ਵੇਰ ਗੋਲੀ ਚਲਾ ਦਿੱਤੀ, ਪਰ ਇਸ ਨਾਲ ਕੀ ਹੁੰਦਾ ਏ ? ਗੋਲੀ ਹਵਾ ਨੂੰ ਚੀਰਦੀ ਲੰਘ ਗਈ, ਬਸ ਹੋਰ ਕੀ।
ਇਸ ਤਰ੍ਹਾਂ ਮਾਰ ਧਾੜ ਵਿੱਚੋਂ ਮੀਲਾਂ ਦੇ ਮੀਲ ਲੰਘ ਗਏ। ਜੇ ਕਿਤੇ ਇੱਕ ਅੱਧ ਟਾਇਰ ਬੋਲ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ, ਉਹਨਾਂ ਵਾਲੀ ਬਸ ਹੋ ਜਾਣੀ ਸੀ। ਦੋ ਮਸ਼ੀਨਗੰਨਾਂ ਨੇ ਤਿਆਰ ਬਰ ਤਿਆਰ ਆਪਣੇ ਮੂੰਹ ਚੁੱਕੇ ਹੋਏ ਸਨ ਤੇ ਚਾਰ ਜੋੜੀ ਅੱਖਾਂ ਉਸ ਸੜਕ ਨੂੰ ਘੂਰੀ ਜਾ ਰਹੀਆਂ ਸਨ, ਜੋ ਅੱਗੋਂ ਖਿੱਚਦੀ ਆਉਂਦੀ ਤੇ ਉਹਨਾਂ ਦੇ ਪੈਰਾਂ ਹੇਠੋਂ ਨਿਕਲਦੀ
ਜਾਂਦੀ ਸੀ।
ਮੋਟਰ ਸ਼ੂਕਦੀ ਤੇ ਵਾਤਾਵਰਨ ਨੂੰ ਝੂਣਦੀ, ਧੂੜਾਂ ਉਡਾਈ ਗਈ । ਇਸ ਵਿੱਚ ਬੈਠੇ ਮੁਸਾਫਰ ਜਿਸ ਵੇਲੇ ਇੱਕ ਦਰਿਆ ਦੇ ਨੇੜੇ ਪਹੁੰਚੇ, ਤਾਂ ਉੱਖੜੇ ਹੋਏ ਲੋਹੇ-ਲੱਕੜ ਦਾ ਢੇਰ ਵੇਖ ਕੇ ਸੁੰਨ ਹੋ ਗਏ। ਉਹਨਾਂ ਫਿਰ ਸ਼ੂਟ ਵੱਟੀ ਤੇ ਵਲਾ ਪਾ ਕੇ, ਮੋਟਰ ਉਡਾਂਦੇ ਇੱਕ ਚੌਰਾਹੇ ਕੋਲ ਜਾ ਪੁੱਜੇ, ਜਿੱਥੇ ਲੋਕਾਂ ਨੇ ਭੰਨ ਤੋੜ ਕੀਤੀ ਹੋਈ ਸੀ।
ਤ੍ਰਿਕਾਲਾਂ ਢਲੇ ਉਹਨਾਂ ਦੀ ਨਜ਼ਰ ਉੱਡਦੀ ਜਾਂਦੀ ਮੋਟਰ ਵਿੱਚੋਂ ਪਿੰਡ ਦੇ ਗਿਰਜਾ ਘਰ ਦੇ ਘੰਟੇ ਉੱਤੇ ਪਈ। ਬਗੀਚੀਆਂ, ਪਿੱਪਲ ਦੂਰੋਂ ਜਿਉਂ ਦੌੜਦੇ ਇਹਨਾਂ ਕੋਲੋਂ ਦੀ ਲੰਘਦੇ ਜਾ ਰਹੇ ਸਨ, ਚਿੱਟੀਆਂ ਝੁੱਗੀਆਂ ਇੱਕ ਇੱਕ ਕਰਕੇ, ਇਹਨਾਂ ਵੱਲ ਦੌੜਦੀਆਂ ਆਉਂਦੀਆਂ। ਜਿਉਂ ਮਿਲਣ ਲਈ ਕਾਹਲੀਆਂ ਪੈ ਰਹੀਆਂ ਹੋਣ ਤੇ ਫਿਰ ਤੱਕਦੀਆਂ ਰਹਿ ਜਾਂਦੀਆਂ, ਮੋਟਰ ਧੂੜਾਂ ਉਡਾਂਦੀ ਅੱਗੇ ਨਿਕਲ ਜਾਂਦੀ ।
ਅਚਾਨਕ ਇੱਕ ਸਿਪਾਹੀ ਉੱਚਾ ਬੋਲਣ ਲੱਗ ਪਿਆ ਤੇ ਆਪਣੇ ਸਾਥੀ ਨੂੰ ਕਹਿਣ ਲੱਗਾ, ਉਸ ਦੇ ਚਿਹਰੇ ਦਾ ਰੰਗ ਬਿਲਕੁਲ ਬਦਲਿਆ ਹੋਇਆ ਸੀ।
ਆ..ਪ..ਣੇ.. ਲੋ... ਕ।"
"ਕਿੱਥੇ ? ਕਿੱਥੇ ? ਕੀ ਪਿਆ ਆਖਨਾ ਏਂ ?"
ਪਰ ਮੋਟਰ ਦੀ ਘੂਕਰ ਵਿੱਚ ਵੀ ਸਿਪਾਹੀ ਦੀ ਆਵਾਜ਼ ਨਾ ਡੁੱਬੀ।
“ਸਾਡੇ ਆਪਣੇ ? ਆਪਣੇ ਲੋਕ। ਅਹੁ ਵੇਖਾਂ!"
ਸੈਲੀਵਾਨੋਵ ਗੁੱਸੇ ਨਾਲ ਵੇਖਣ ਲੱਗ ਪਿਆ ਕਿ ਕਿਤੇ ਭੁਲੇਖਾ ਹੀ ਨਾ ਲੱਗ ਰਿਹਾ ਹੋਵੇ।
"ਹੁੱਰਾ.. ਹ!"
ਉਹਨਾਂ ਵੱਲ ਇੱਕ ਗਸ਼ਤੀ ਦਲ ਘੋੜੇ ਉੱਤੇ ਸਵਾਰ, ਟੋਪਾਂ ਉੱਤੇ ਲਾਲ ਲਾਲ ਤਾਰੇ ਜਿਉਂ ਸੂਹੇ ਫੁੱਲ ਖਿੜੇ ਹੋਏ ਹੋਣ, ਅੱਗੇ ਆਉਂਦਾ ਦਿੱਸਿਆ।
ਉਹਨਾਂ ਦੇ ਕੰਨਾਂ ਉੱਤੇ ਉਹੀ ਜਾਣੀਆਂ ਪਛਾਣੀਆਂ ਮੱਖੀਆਂ, ਤੂੰ ਤੂੰ ਕਰਦੀਆਂ ਉੱਡਦੀਆਂ ਦਿੱਸੀਆਂ। ਤੇ ਦੂਰ ਹਰੀਆਂ ਭਰੀਆਂ ਬਗੀਚੀਆਂ ਵੱਲੋਂ, ਟਾਟ ਟਪਰੀਆਂ ਤੇ ਝੁੱਗੀਆਂ ਵੱਲੋਂ ਰਫ਼ਲ ਚੱਲਣ ਦੀ ਆਵਾਜ਼ ਕੰਨਾਂ ਵਿੱਚੋਂ ਲੰਘ ਗਈ। ਸੈਲੀਵਾਨੋਵ ਦੇ ਮਨ ਮਸਤਕ ਵਿੱਚੋਂ ਇੱਕ ਗੱਲ ਝੁਣਦੀ ਲੰਘ ਗਈ, “ਭਰਾ ਭਰਾਵਾਂ ਨਾਲ ।" ਤੇ ਵਾਹੋ ਦਾਹੀ ਆਪਣਾ ਟੋਪ ਹਿਲਾ ਹਿਲਾ, ਭਰੀ ਆਵਾਜ਼ ਵਿੱਚ ਉੱਚੀ ਉੱਚੀ ਬੋਲਣ ਲੱਗ ਪਿਆ:
"ਮਿੱਤਰ.... ਮਿੱਤਰ!"
ਝੱਲਾ ਨਾ ਹੋਵੇ ਤਾਂ, ਕੀ ਸੁਣੀਂਦਾ ਸੀ ਕਿਸੇ ਨੂੰ ਭੱਜੀ ਜਾਂਦੀ ਮੋਟਰ ਦੇ ਰੌਲੇ ਵਿੱਚੋਂ, ਉਸ ਨੂੰ ਗੱਲ ਸਮਝ ਆਈ ਹੋਈ ਸੀ ਤੇ ਉਸ ਡਰਾਈਵਰ ਦਾ ਮੋਢਾ ਫੜ ਲਿਆ:
"ਰੋਕ! ਰੋਕ! ਬਰੇਕਾਂ ਮਾਰ ।"
ਸਿਪਾਹੀਆਂ ਨੇ ਮਸ਼ੀਨਗੰਨਾਂ ਦੇ ਪਿੱਛੇ ਆਪਣੇ ਸਿਰ ਹੇਠਾਂ ਕਰ ਲਏ । ਡਰਾਈਵਰ ਨੇ, ਜਿਸ ਦਾ ਚਿਹਰਾ ਕੁਝ ਮਿੰਟਾਂ ਲਈ ਖਿੱਚਿਆ ਗਿਆ ਸੀ, ਬਰੋਕਾਂ ਲਾ ਦਿੱਤੀਆਂ, ਮੋਟਰ
ਝੱਟ ਧੂੰਆਂ ਤੇ ਘੱਟਾ ਉਡਾਂਦੀ ਪੈਰਾਂ ਉਤੇ ਖੜ ਖੜ ਕਰਦੀ ਰੁੱਕ ਗਈ, ਤੇ ਵਿੱਚ ਬੈਠੇ ਸਵਾਰ ਅੱਗੇ ਨੂੰ ਜਾ ਪਏ ਤੇ ਤਦੇ ਦੋ ਗੋਲੀਆਂ ਸ਼ਾਂ ਕਰਕੇ ਛੱਤ ਉੱਪਰੋਂ ਦੀ ਲੰਘ ਗਈਆਂ।
"ਮਿੱਤਰ... ਦੋਸਤ... ਦੋਸਤ!" ਚਾਰੇ ਉੱਚਾ ਉੱਚਾ ਰੌਲਾ ਪਾਂਦੇ ਬੋਲੇ ।
ਗੋਲੀ ਚਲੀ ਗਈ। ਘੋੜਿਆਂ ਉਤੇ ਸਵਾਰ ਗਸ਼ਤੀ ਦਲ ਦੇ ਜਵਾਨਾਂ ਨੇ ਆਪਣੀਆਂ ਬੰਦੂਕਾਂ ਮੋਢੇ ਤੋਂ ਲਾਹ ਕੇ ਹੱਥ ਵਿੱਚ ਫੜ੍ਹ ਲਈਆਂ ਤੇ ਸੜਕ ਦੇ ਇੱਕ ਪਾਸੇ ਹੋ ਕੇ, ਵਿਚਕਾਰ, ਝੁੱਗੀਆਂ ਵਿੱਚੋਂ ਆਉਂਦੀਆਂ ਗੋਲੀਆਂ ਦਾ ਰਾਹ ਛੱਡ ਕੇ, ਘੋੜੇ ਸਰਪਟ ਦੁੜਾਂਦੇ, ਗੋਲੀਆਂ ਚਲਾਂਦੇ ਇੱਕ ਪਾਸੇ ਨਿਕਲ ਗਏ।
"ਮਾਰ ਛੱਡਣਗੇ ਸਾਨੂੰ।" ਡਰਾਈਵਰ ਦੇ ਕਰੜੇ ਹੋਠਾਂ ਵਿੱਚੋਂ ਆਵਾਜ਼ ਆਈ। ਉਹ ਮੋਟਰ ਖੜ੍ਹੀ ਕਰਕੇ, ਹੱਥ ਚੱਕੇ ਤੋਂ ਲਾਹ ਕੇ ਬੈਠਾ ਹੋਇਆ ਸੀ।
ਗਸ਼ਤੀ ਦਲ ਸਰਪਟ ਘੋੜੇ ਦੁੜਾਂਦਾ ਸਾਹਮਣੇ ਆ ਕੇ ਖੜ੍ਹਾ ਹੋ ਗਿਆ - ਬਿਲਕੁਲ ਸਾਹਮਣੇ ਤਣੀਆਂ ਹੋਈਆਂ ਦਸ ਬੰਦੂਕਾਂ ਦੀਆਂ ਕਾਲੀਆਂ ਬੰਨੀਆਂ। ਘੋੜ ਸਵਾਰਾਂ ਵਿੱਚੋਂ ਕੁਝ ਖੌਫ਼ ਦੇ ਮਾਰੇ ਹੋਏ ਛਾਲਾਂ ਮਾਰਦੇ ਹੇਠਾਂ ਉੱਤਰ ਆਏ ਤੇ ਦਹਾੜਦੇ ਬੋਲੇ:
"ਹੱਥ ਉੱਪਰ ਕਰੋ। ਮਸ਼ੀਨਗੰਨਾਂ ਤੋਂ ਪਰੇ ਹੋ ਜਾਓ। ਬਾਹਰ ਨਿਕਲ ਆਓ।"
ਦੂਜੇ ਸਾਥੀ, ਪੀਲੇ ਪਏ ਹੋਏ ਚਿਹਰੇ ਚੀਖ਼ਦੇ ਘੋੜਿਆਂ ਉੱਤੋਂ ਢਲ ਆਏ:
"ਬੇਟੀਆਂ ਕਰੋ ਯਾਰ! ਕੀ ਤੱਕੀ ਜਾ ਰਹੇ ਹੋ ? ਖੂਨੀ ਅਫ਼ਸਰ ਨੇ ਕਸਾਈ, ਪਾਰ ਬੁਲਾਓ ।"
ਮਿਆਨੇਂ ਧੂਹੀਆਂ ਤਲਵਾਰਾਂ ਲਿਸ਼ਕੀਆਂ।
"ਵੱਢ ਦੇਣਗੇ ਸਾਨੂੰ।" ਸੈਲੀਵਾਨੋਵ, ਦੋਵੇਂ ਸਿਪਾਹੀ ਤੇ ਡਰਾਈਵਰ ਝੱਟ ਮੋਟਰ ਵਿੱਚੋਂ ਛਾਲਾਂ ਮਾਰ ਕੇ ਨਿਕਲ ਆਏ। ਜਿਸ ਵੇਲੇ ਹੇਠਾਂ ਆ ਕੇ ਉਹ ਘੋੜਿਆਂ ਵਿਚਕਾਰ, ਚੁੱਕੀਆਂ ਤਲਵਾਰਾਂ ਤੇ ਸੋਧੀਆਂ ਰਫਲਾਂ ਦੇ ਵਿਚਕਾਰ ਖੜ੍ਹੇ ਹੋ ਗਏ ਤਾਂ ਤਨਾਅ ਕੁਝ ਘੱਟ ਗਿਆ ਕਿਉਂਕਿ ਚਾਰੇ ਬੰਦੇ ਮਸ਼ੀਨਗੰਨਾਂ ਤੋਂ ਲਾਂਭੇ ਹੋ ਗਏ ਸਨ, ਜਿਸ ਨੂੰ ਵੇਖ ਕੇ ਰਸਾਲੇ ਦੇ ਸਿਪਾਹੀਆਂ ਨੂੰ ਗੁੱਸਾ ਆ ਗਿਆ ਸੀ।
ਫਿਰ ਉਹ ਵੀ ਆਪਣੀ ਵਾਰੀ ਲੈਣ ਲੱਗ ਪਏ ਤੇ ਸੈਲੀਵਾਨੋਵ ਦੇ ਬੰਦਿਆਂ ਨੇ ਛੱਡਣਾ ਸ਼ੁਰੂ ਕਰ ਦਿੱਤਾ:
"ਤੁਹਾਡੇ ਸਿਰ ਫਿਰ ਗਏ ਨੇ - ਤੁਸੀਂ ਆਪਣੇ ਬੰਦਿਆਂ ਨੂੰ ਵੀ ਨਹੀਂ ਪਛਾਣ ਸਕਦੇ- ਤੁਹਾਡੀਆਂ ਅੱਖਾਂ ਖਬਰੇ ਪਿੱਠ ਪਿੱਛੇ ਬਣੀਆਂ ਹੋਈਆਂ ਨੇ । ਤੁਸਾਂ ਸਾਨੂੰ ਵੱਢ ਦਿੱਤਾ ਹੁੰਦਾ ਤੇ ਮਗਰੋਂ ਪਛਤਾਂਦੇ ਰਹਿੰਦੇ। ਤੁਹਾਡਾਂ ਵੀ ਅੱਲਾ ਹੀ ਵਾਲੀ ਹੈ।"
ਰਸਾਲੇ ਦੇ ਸਿਪਾਹੀ ਠੰਡੇ ਪੈ ਗਏ। "ਪਰ ਤੁਸੀਂ ਹੋ ਕੌਣ ?"
"ਕੌਣ ਕੀ! ਪਹਿਲਾਂ ਪੁੱਛ ਤਾਂ ਲਓ, ਫਿਰ ਗੋਲੀ ਵੀ ਮਾਰ ਲੈਣਾ । ਲੈ ਚੱਲੋ ਸਾਨੂੰ ਹੈੱਡਕੁਆਰਟਰ ।"
"ਪਰ ਸਾਨੂੰ ਕੀ ਪਤਾ ਏ ?" ਮੱਠੇ ਪਏ ਰਸਾਲੇ ਦੇ ਸਿਪਾਹੀ ਘੋੜਿਆਂ ਉੱਤੇ ਚੜ੍ਹ ਬੈਠੇ। "ਪਿਛਲੇ ਹਫਤੇ ਇੱਕ ਫੌਜੀ ਹਥਿਆਰਬੰਦ ਕਾਰ ਆਈ ਤੇ ਗੋਲੀ ਚਲਾਣ ਲੱਗ ਪਈ।
ਭਗਦੜ ਮੱਚ ਗਈ। ਚੱਲੇ ਬੈਠ ।"
ਚਾਰੇ ਫਿਰ ਮੋਟਰ ਵਿੱਚ ਬੈਠ ਗਏ । ਦੋ ਰਸਾਲੇ ਦੇ ਸਿਪਾਹੀ ਵੀ ਛਾਲ ਮਾਰ ਕੇ ਵਿੱਚ ਬੈਠ ਗਏ ਤੇ ਬਾਕੀਆਂ ਨੇ ਬੜੀ ਸੂਝ ਨਾਲ ਉਹਨਾਂ ਨੂੰ ਆਪਣੀਆਂ ਬੰਦੂਕਾਂ ਦੇ ਘੇਰੇ ਵਿੱਚ ਲੈ ਲਿਆ।
"ਸਾਥੀਓ, ਮੋਟਰ ਤੇਜ਼ ਨਾ ਚਲਾਓ, ਨਹੀਂ ਤਾਂ ਅਸੀਂ ਤੁਹਾਡੇ ਨਾਲ ਨਹੀਂ ਰਲ ਸਕਾਂਗੇ। ਸਾਡੇ ਘੋੜਿਆਂ ਦਾ ਕੰਮ ਹੋਇਆ ਹੋਇਆ ਹੈ।"
ਉਹ ਵਾੜੀਆਂ ਵਿੱਚੋਂ ਲੰਘਦੇ ਪਿੰਡ ਦੀ ਇੱਕ ਗਲੀ ਵਿੱਚ ਆ ਗਏ। ਰਾਹ ਵਿੱਚ ਸਿਪਾਹੀ, ਰੋਕ ਰੋਕ ਕੇ ਗੁੱਸੇ ਦੇ ਭਰੇ ਆਖਦੇ
“ਮਾਰ ਦਿਓ! ਲੈ ਕੇ ਕਿਥੇ ਜਾ ਰਹੇ ਹੋ ?"
ਗਰਮੀ ਵਿੱਚ ਤ੍ਰਿਕਾਲਾਂ ਢਲੇ, ਪਰਛਾਵੇਂ ਲੰਮੇ ਤੇ ਤਿਰਛੇ ਹੋ ਗਏ ਸਨ । ਸ਼ਰਾਬ ਵਿੱਚ ਮਸਤ, ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸੜਕ ਉੱਤੇ ਰੁੱਖਾਂ ਦੇ ਪਿਛਲੇ ਪਾਸਿਓਂ, ਕਸਾਕਾਂ ਦੀਆਂ ਭੰਨੀਆਂ ਟੁੱਟੀਆਂ ਝੁੱਗੀਆਂ ਦੀਆਂ ਲੱਥੀਆਂ ਖਿੜਕੀਆਂ ਝਾਕ ਰਹੀਆਂ ਸਨ। ਇਕ ਮਰੇ ਹੋਏ ਘੋੜੇ ਦੀ ਸੜ ਰਹੀ ਲਾਸ਼ ਬੋ ਨਾਲ ਨੱਕ ਵਿੰਨ੍ਹ ਰਹੀ ਸੀ। ਸਾਰੀ ਗਲੀ ਵਿੱਚ ਇੱਧਰ-ਉੱਧਰ, ਸੁੱਕਾ ਘਾਹ ਖਿਲਰਿਆ ਹੋਇਆ ਸੀ। ਵਾੜਿਆਂ ਦੇ ਪਿੱਛੇ ਬਿਨਾਂ ਫੁੱਲ-ਫੁੱਲ ਦੇ ਨੰਗੇ ਰੁੱਖ ਖਲ੍ਹਤੇ ਹੋਏ ਸਨ। ਟਹਿਣੀਆਂ ਟੁੱਟੀਆਂ ਹੋਈਆਂ ਪਾਸੇ ਲਟਕ ਰਹੀਆਂ ਸਨ। ਗਲੀ ਵਿੱਚੋਂ ਲੰਘਦਿਆਂ ਕਿਤੇ ਵੀ ਇੱਕ ਚੂਚਾ ਜਾਂ ਸੂਰ ਨਜ਼ਰੀਂ ਨਹੀਂ ਸੀ ਪਿਆ।
ਉਹ ਹੈੱਡਕੁਆਰਟਰ ਜਾ ਪਹੁੰਚੇ ਜੋ ਪਾਦਰੀ ਦੇ ਇੱਕ ਮੋਕਲੇ ਮਕਾਨ ਵਿੱਚ ਸੀ। ਡਿਉਢੀ ਲਾਗੇ ਉੱਗੀਆਂ ਝਾੜੀਆਂ ਵਿੱਚ ਦੇ ਸ਼ਰਾਬੀ ਪਏ ਘੁਰਾੜੇ ਮਾਰੀ ਜਾ ਰਹੇ ਸਨ। ਵਿਹੜੇ ਵਿੱਚ ਸਿਪਾਹੀ ਬੈਠੇ ਪੱਤੇ ਮਾਰ ਰਹੇ ਸਨ।
ਉਹ ਭੀੜ ਵਿੱਚੋਂ ਲੰਘ ਕੇ ਟੁਕੜੀ ਦੇ ਕਮਾਂਡਰ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ।
ਸੈਲੀਵਾਨੋਵ ਆਪਣੀਆਂ ਹਾਲ ਦੀਆਂ ਬੀਤੀਆਂ ਮੁਹਿੰਮਾਂ ਜਾਰਜੀਅਨਾਂ ਨਾਲ ਤੇ ਕਸਾਕਾਂ ਨਾਲ ਲੜਾਈਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਸੁਣਾਈ ਜਾ ਰਿਹਾ ਸੀ। ਉਤਸ਼ਾਹ ਨਾਲ ਭਰਿਆ ਜੋ ਕੁਝ ਉਸ ਦੇ ਅੰਦਰ ਭਰਿਆ ਹੋਇਆ ਸੀ, ਸੁਣਾਨ ਲੱਗਿਆਂ, ਉਹ ਅੱਗੇ ਦੀ ਪਿੱਛੇ ਤੇ ਪਿੱਛੇ ਦੀ ਅੱਗੇ ਮਾਰੀ ਜਾ ਰਿਹਾ ਸੀ।
"ਮਾਵਾਂ ਬੱਚੇ ਸੁੱਖੜ ਚਟਾਨਾਂ ਉੱਤੇ ਖੱਡਾਂ ਵਿੱਚੋਂ ਦੀ ਲੰਘਦੇ ਛਕੜੇ... ਕਾਰਤੂਸ ਇੱਕ ਵੀ ਕੋਲ ਨਾ ਰਿਹਾ ਖਾਲੀ ਹੱਥੀਂ ਲੜਾਈ... ।"
ਤੇ ਅਚਾਨਕ ਉਹ ਰੁੱਕ ਗਿਆ। ਕਮਾਂਡਰ, ਆਪਣੀ ਖਹੁਰੀ ਠੋਡੀ ਤੇ ਲੰਮੀਆਂ ਮੁੱਛਾਂ ਉੱਤੇ ਹੱਥ ਫੇਰਦਾ ਚੁੱਪ ਕਰਕੇ, ਖੁੰਦਕੀ ਅੱਖਾਂ ਕੱਢੀ ਸਭ ਸੁਣੀ ਜਾ ਰਿਹਾ ਸੀ।
ਕਮਾਂਡ ਦਾ ਅਮਲਾ ਜੋ ਸਾਰੇ ਜਵਾਨ ਬੰਦੇ ਸਨ, ਆਲੇ ਦੁਆਲੇ ਖਲ੍ਹਤੇ ਜਾਂ ਬੈਠੇ ਸੁਣੀ ਜਾ ਰਹੇ ਸਨ। ਉਹਨਾਂ ਦੇ ਧੁੱਪ ਦੇ ਮਾਰੇ ਚਿਹਰੇ, ਪੱਥਰ ਹੋਏ ਹੋਏ ਸਨ, ਤੇ ਹਾਸੇ ਦਾ ਕਿਤੇ ਨਾਂ ਨਹੀਂ ਸੀ।
ਸੈਲੀਵਾਨੋਵ ਨੂੰ ਇੰਝ ਮਹਿਸੂਸ ਹੋਇਆ, ਜਿਉਂ ਧੌਣ ਗਲਾ ਤੇ ਕੰਨ ਭੱਖਣ ਲੱਗ ਪਏ ਹੋਣ ਤੇ ਉਹ ਅਚਾਨਕ ਰੁੱਕ ਗਿਆ ਤੇ ਭਾਰੀ ਆਵਾਜ਼ ਵਿੱਚ ਤੱਤਛਣ ਬੋਲ ਪਿਆ, "ਇਹ ਨੇ ਸਾਡੇ ਕਾਗਜ਼ ਪੱਤਰ !" ਉਸ ਕਮਾਂਡਰ ਵੱਲ ਆਪਣੇ ਕਾਗਜ਼ ਸੁੱਟ ਦਿੱਤੇ।
ਕਮਾਂਡਰ ਨੇ ਕਾਗਜ਼ਾਂ ਨੂੰ ਆਪਣੇ ਸਹਾਇਕ ਵੱਲ ਸੁੱਟ ਦਿੱਤਾ, ਜੋ ਉਹਨਾਂ ਨੂੰ ਬੜੇ ਸੁਭਾਵਕ ਢੰਗ ਨਾਲ ਵੇਖਣ ਲੱਗ ਪਿਆ, ਜਿਉਂ ਉਸ ਨੂੰ ਸਭ ਪਹਿਲਾਂ ਹੀ ਪਤਾ ਹੋਵੇ। ਕਮਾਂਡਰ ਜਿਸ ਦੀਆਂ ਅੱਖਾਂ ਸੈਲੀਵਾਨੋਵ ਉੱਤੇ ਗੱਡੀਆਂ ਹੋਈਆਂ ਸਨ, ਜ਼ੋਰ ਪਾ ਕੇ ਕਹਿਣ ਲੱਗਾ:
"ਸਾਡੇ ਕੋਲ ਬਿਲਕੁਲ ਵੱਖਰੀ ਹੀ ਸੂਚਨਾ ਹੈ...।"
“ਮਾਫ਼ ਕਰਨਾ", ਸੈਲੀਵਾਨੋਵ ਨੇ ਆਖਿਆ। ਉਸ ਦੇ ਚਿਹਰੇ ਉੱਤੇ ਲਹੂ ਉੱਤਰ ਆਇਆ ਸੀ। "ਕਿਤੇ ਤੁਸੀਂ ਸਾਨੂੰ... ।"
"ਸਾਡੇ ਕੋਲ ਬਿਲਕੁਲ ਵੱਖਰੀ ਸੂਚਨਾ ਹੈ," ਉਸ ਬੜੇ ਠਰਮੇ ਨਾਲ ਤੇ ਅੜਕੇ ਬਿਨਾਂ ਸੈਲੀਵਾਨੋਵ ਦੀ ਗੱਲ ਵੱਲ ਧਿਆਨ ਦਿੱਤੇ ਤੇ ਉਸ ਨੂੰ ਘੋਖੀ ਅੱਖਾਂ ਨਾਲ ਵੇਖਦਿਆਂ ਕਿਹਾ। ਉਸ ਦਾ ਹੱਥ ਹਾਲਾਂ ਵੀ ਠੰਡੀ ਤੇ ਮੁੱਛਾਂ ਉੱਤੇ ਸੀ। "ਸਾਡੇ ਕੋਲ ਸੋਲਾਂ ਆਨੇ ਸਹੀ ਸੂਚਨਾ ਹੈ ਕਿ ਸਾਰੀ ਫੌਜ, ਜੋ ਤਮਾਨ ਉਪਦੀਪ ਤੋਂ ਟੁਰੀ ਸੀ, ਕਾਲੇ ਸਮੁੰਦਰ ਦੇ ਸਾਹਿਲ ਉੱਤੇ ਅਖੀਰਲੇ ਪਾਇ ਤੱਕ ਤਬਾਹ ਹੋ ਚੁੱਕੀ ਹੈ।"
ਖਾਮੋਸ਼ੀ ਛਾ ਗਈ। ਗਿਰਜੇ ਵੱਲੋਂ ਖੁੱਲ੍ਹੀਆਂ ਖਿੜਕੀਆਂ ਵਿੱਚੋਂ ਸ਼ਰਾਬੀ ਹੋਏ ਸਿਪਾਹੀਆਂ ਦਾ ਸ਼ੋਰ ਤੇ ਗਾਲ੍ਹਾਂ ਕੱਢਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
"ਉਹ ਢੇਰੀ ਢਾਹ ਬੈਠੇ ਨੇ," ਸੈਲੀਵਾਨੋਵ ਨੇ ਜਿਉਂ ਚੈਨ ਦਾ ਸਾਹ ਲੈਂਦਿਆਂ ਸੋਚਿਆ।
"ਸੋ ਕਾਗਜ਼ ਪਤਰਾਂ ਨਾਲ ਤੁਹਾਡੀ ਤਸੱਲੀ ਨਹੀਂ ਹੋਈ ? ਕੀ ਇਹੀ ਸਾਡੇ ਨਾਲ ਤੁਹਾਡਾ ਸਲੂਕ ਹੈ ? ਅਸੀਂ ਜਾਨਾਂ ਹੂਲ ਕੇ ਆਪਣੇ ਬੰਦਿਆਂ ਵਿੱਚੋਂ ਨੱਸ ਭੱਜ ਕਰਕੇ ਨਿਕਲੇ ਤੇ ਇੱਥੇ ਤੁਸੀਂ...।"
"ਨਿਕੀਤਾ," ਕਮਾਂਡਰ ਨੇ ਹੌਲੀ ਜਿਹੇ ਆਪਣੇ ਸਹਾਇਕ ਨੂੰ ਠੰਡੀ ਉੱਤੋਂ ਹੱਥ ਹਟਾਂਦਿਆਂ ਕਿਹਾ। ਉਹ ਉੱਠ ਕੇ ਖੜ੍ਹ ਗਿਆ ਤੇ ਆਪਣਾ ਉੱਚਾ ਲੰਮਾ ਸਰੀਰ ਸਿੱਧਾ ਕਰਨ ਲੱਗ ਪਿਆ। ਉਹ ਕੁਝ ਸੋਚ ਰਿਹਾ ਸੀ ਤੇ ਉਸ ਦੀਆਂ ਲੰਮੀਆਂ ਮੁੱਛਾਂ ਹੇਠਾਂ ਡਿੱਗੀਆਂ ਹੋਈਆਂ ਸਨ।
"ਕੀ ਗੱਲ ਹੈ ?”
"ਫ਼ਰਮਾਨ ਲਭ ।"
ਸਹਾਇਕ ਨੇ ਆਪਣੇ ਕਾਗਜ਼ ਪੱਤਰਾਂ ਦੀ ਫਾਈਲ ਵਿੱਚ ਹੱਥ ਮਾਰਿਆ ਤੇ ਇੱਕ ਕਾਗਜ਼ ਕੱਢ ਕੇ ਕਮਾਂਡਰ ਨੂੰ ਫੜਾ ਦਿੱਤਾ। ਉਹ ਮੇਜ਼ ਉੱਤੇ ਰੱਖ ਕੇ, ਸਿੱਧਾ ਤੁਕ ਖਲ੍ਹਤਾ ਉੱਚਾ ਉੱਚਾ ਪੜ੍ਹਨ ਲੱਗ ਪਿਆ। ਉਸ ਕੁਝ ਇਸ ਢੰਗ ਨਾਲ ਪੜ੍ਹਿਆ ਜਿਸ ਨਾਲ ਪੜ੍ਹਨ ਜਾਂ ਸੁਣਨ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਾ ਰਹਿ ਜਾਵੇ।
ਕਮਾਂਡਰ ਦਾ ਫ਼ਰਮਾਨ ਨੰਬਰ 73
"ਜਰਨਲ ਪੋਕਰੋਵਸਕੀ ਦੀ ਜਰਨਲ ਡੈਨੀਕਿੰਨ ਨੂੰ ਦਿੱਤੀ ਇੱਕ ਰੇਡੀਓ ਟੈਲੀਗ੍ਰਾਮ ਰਾਹ ਵਿੱਚ ਰੋਕ ਲਈ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸਮੁੰਦਰ ਤੇ ਤੁਆਪਸੇ ਵੱਲੋਂ ਲੰਡਿਆਂ ਬੁੱਚਿਆਂ ਦਾ ਇੱਕ ਇੱਜੜ ਅੱਗੇ ਵੱਧ ਰਿਹਾ ਹੈ। ਵਹਿਸ਼ੀ ਇੱਜੜ ਵਿੱਚ ਜਰਮਨੀ ਤੋਂ ਵਾਪਸ ਮੁੜੇ ਰੂਸੀ ਕੈਦੀ ਤੇ ਮਲਾਹ ਹਨ। ਉਹ ਅਸਲੇ ਨਾਲ ਚੰਗੀ ਤਰ੍ਹਾਂ ਲੈਸ ਹਨ। ਉਹਨਾਂ ਕੋਲ ਕਈ ਬੰਦੂਕਾਂ ਤੇ ਖਾਧ ਖੁਰਾਕ ਦਾ ਸਾਮਾਨ ਤੇ ਭਾਰੀ ਮਾਤਰਾ ਵਿੱਚ ਲੁੱਟ ਦਾ ਮਾਲ ਹੈ। ਇਹ ਹਥਿਆਰਬੰਦ ਸੂਰ ਦੇ ਬੱਚੇ ਰਾਹ ਵਿੱਚ ਜੋ ਕੁਝ ਆਉਂਦਾ ਹੈ, ਉਸ ਨੂੰ ਹਰਾ ਕੇ ਮਲੀਆ ਮੇਟ ਕਰ ਛੱਡਦੇ ਨੇ: ਚੰਗੇ ਚੰਗੇ ਕਸਾਕ ਤੇ ਅਫ਼ਸਰ ਯੂਨਿਟਾਂ, ਬਾਲ ਸੈਨਿਕ, ਮੈਨਸ਼ਵਿਕ ਤੇ ਬਾਲਸ਼ਵਿਕ ।"
ਉਸ ਉੱਚੇ ਲੰਮੇ ਬੰਦੇ ਨੇ ਕਾਗਜ਼ ਆਪਣੀ ਹਥੇਲੀ ਹੇਠਾਂ ਢੱਕ ਲਿਆ, ਜੋ ਉਸ ਮੇਜ਼ ਉੱਤੇ ਟਿਕਾ ਕੇ ਰੱਖੀ ਹੋਈ ਸੀ ਤੇ ਆਪਣੀ ਨਜ਼ਰ ਸੈਲੀਵਾਨੋਵ ਉੱਤੇ ਟਿਕਾ ਕੇ, ਉਸ ਫਿਰ ਜ਼ੋਰ ਪਾ ਕੇ ਦੁਹਰਾਇਆ
'ਤੇ ਬਾਲਸ਼ਵਿਕ!"
ਤੇ ਫਿਰ ਉਸ ਹੱਥ ਚੁੱਕਿਆ ਤੇ ਪਹਿਲਾਂ ਵਾਂਗ ਹੀ ਸਿੱਧਾ ਤੁਕ ਖੜ੍ਹੋਤਾ ਪੜ੍ਹਨ ਲੱਗ ਪਿਆ:
"ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਇਆ, ਮੈਂ ਹੁਕਮ ਦੇਂਦਾ ਹਾਂ ਕਿ ਬਿਨਾਂ ਕਿਤੇ ਅਟਕੇ ਪਿੱਛੇ ਹੱਟਣਾ ਜਾਰੀ ਰਖੋ । ਪਿੱਛੇ ਹੱਟਦੇ ਪੁੱਲਾਂ ਨੂੰ ਉਡਾਂਦੇ ਜਾਓ, ਪਾਰ ਲੰਘਣ ਦੇ ਸਭ ਵਸੀਲੇ ਨਸ਼ਟ ਕਰਦੇ ਜਾਓ, ਕਿਸ਼ਤੀਆਂ ਦੂਜੇ ਕੰਢੇ ਲਿਜਾ ਕੇ ਬਿਲਕੁਲ ਸਾੜ ਫੂਕ ਕੇ ਸਵਾਹ ਕਰ ਦਿਓ। ਯੂਨਿਟ ਕਮਾਂਡਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਪਿੱਛੇ ਹੱਟਣ ਦੀ ਚੰਗੀ ਤਰ੍ਹਾਂ ਵੇਖ ਭਾਲ ਕਰਨ।"
ਸੈਲੀਵਾਨੋਵ ਦੇ ਚਿਹਰੇ ਵੱਲ ਤਾੜਦਿਆਂ ਤੇ ਉਸ ਨੂੰ ਬਿਨਾਂ ਇੱਕ ਹਰਫ਼ ਬੋਲਣ ਦੇ ਵਕਤ ਦੇਂਦਿਆਂ, ਚੀਫ਼ ਕਹਿਣ ਲੱਗਾ:
"ਸਾਥੀਓ, ਗੱਲ ਇਹ ਹੈ ਕਿ ਮੈਨੂੰ ਤੁਹਾਡੇ ਉੱਤੇ ਜ਼ਰਾ ਵੀ ਸ਼ੱਕ ਨਹੀਂ, ਪਰ ਤੁਹਾਨੂੰ ਮੇਰੀ ਸਥਿਤੀ ਜਾਣਨੀ ਚਾਹੀਦੀ ਹੈ। ਅਸੀਂ ਪਹਿਲੀ ਵੇਰ ਮਿਲੇ ਹਾਂ, ਤੇ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਸ ਸੂਚਨਾ ਦੇ ਅਰਥ ਕੀ ਹਨ। ਸਾਨੂੰ ਕੋਈ ਅਧਿਕਾਰ ਨਹੀਂ ਲੋਕਾਂ ਦੀ ਸੁਰੱਖਿਆ ਸਾਡੇ ਜ਼ਿੰਮੇ ਹੈ, ਅਸੀਂ ਬੜੇ ਭਾਰੇ ਮੁਜ਼ਰਮ ਹੋਵਾਂਗੇ ਜੇ ਅਸਾਂ...।’’
“ਪਰ ਉਹ ਸਾਨੂੰ ਉਡੀਕ ਰਹੇ ਨੇ।" ਮਾਯੂਸੀ ਵਿੱਚ ਸੈਲੀਵਾਨੋਵ ਨੇ ਆਖਿਆ।
“ਮੈਂ ਸਭ ਸਮਝਦਾ ਹਾਂ । ਜੋਸ਼ ਨਾ ਖਾਓ। ਮੇਰਾ ਖਿਆਲ ਹੈ ਕਿ ਸਾਡੇ ਖਾਣ ਪੀਣ ਲਈ ਕੁਝ ਨਾ ਕੁਝ ਹੈ। ਮੈਨੂੰ ਯਕੀਨ ਹੈ ਕਿ ਤੈਨੂੰ ਤੇ ਤੇਰੇ ਮੁੰਡਿਆਂ ਨੂੰ ਜ਼ਰੂਰ ਭੁੱਖ ਲੱਗੀ ਹੋਵੇਗੀ।"
"ਉਹ ਕੱਲੇ ਕੱਲੇ ਦੀ ਪੁੱਛ ਪੜਤਾਲ ਕਰਨੀ ਚਾਹੁੰਦਾ ਹੈ," ਸੈਲੀਵਾਨੋਵ ਨੇ ਸੋਚਿਆ ਤੇ ਅਚਾਨਕ ਉਸ ਨੂੰ ਜਿਉਂ ਨੀਂਦ ਨੇ ਘੇਰ ਲਿਆ।
ਖਾਣੇ ਸਮੇਂ, ਇੱਕ ਸੁਹਣੀ ਜਿਹੀ ਕਸਾਕ ਤੀਵੀਂ ਨੇ ਫੱਟਿਆਂ ਉੱਤੇ ਧੂੰਆਂ ਛੱਡਦੀ ਬੰਦ ਗੋਭੀ ਦੀ ਤਰੀ, ਜੋ ਚਰਬੀ ਨਾਲ ਢੱਕੀ ਹੋਈ ਸੀ, ਲਿਆ ਕੇ ਧਰ ਦਿੱਤੀ।
"ਖਾਓ ਮੇਰੇ ਦਿਲਦਾਰੋ ।"
"ਖਾਂਦੇ ਹਾਂ, ਪਰ ਚੁੜੇਲੇ ਪਹਿਲਾਂ ਤੂੰ ਖਾਹ ਇਸ ਵਿੱਚੋਂ।"
"ਕੀ ਮਤਲਬ ਏ ਤੁਹਾਡਾ ?"
"ਖਾਹ ਖਾਹ ਪਹਿਲਾਂ ਤੂੰ ?"
ਉਸ ਕਰਾਸ ਦਾ ਚਿੰਨ੍ਹ ਬਣਾਇਆ ਤੇ ਚਮਚ ਤਰੀ ਵਿੱਚ ਡੋਬ ਦਿੱਤੀ। ਜਿਸ ਕਰਕੇ ਝੱਟ ਥਲਿਓਂ ਧੂੰਆਂ ਨਿਕਲਣ ਲੱਗ ਪਿਆ। ਉਹ ਫੂਕਾਂ ਮਾਰਦੀ, ਚਮਚ ਵਿਚੋਂ ਤਰੀ ਦੇ ਸੁੜਾਕੇ ਮਾਰਨ ਲੱਗ ਪਈ।
"ਹੋਰ ਲੈ ! ਸਾਨੂੰ ਤੁਹਾਡੇ ਤਰੀਕਿਆਂ ਦਾ ਪਤਾ ਹੈ। ਸਾਡੇ ਕਈ ਬੰਦੇ ਜ਼ਹਿਰ ਨਾਲ ਮਰ ਚੁੱਕੇ ਨੇ। ਜਾਨਵਰ ਕਿਤੋਂ ਦੇ। ਸ਼ਰਾਬ ਲਿਆ ।"
ਖਾਣੇ ਮਗਰੋਂ ਇਹ ਫੈਸਲਾ ਹੋਇਆ ਕਿ ਸੈਲੀਵਾਨੋਵ ਇੱਕ ਕੰਪਨੀ ਨੂੰ ਨਾਲ ਲੈ ਕੇ, ਆਪਣੀ ਮੋਟਰ ਵਿੱਚ ਵਾਪਸ ਜਾਏ ਤੇ ਉਸ ਦੇ ਬਿਆਨਾਂ ਦੀ ਪੁਸ਼ਟੀ ਕਰੇ।
ਮੋਟਰ ਜਿਸ ਰਫ਼ਤਾਰ ਨਾਲ ਆਈ ਸੀ, ਉਸ ਨਾਲੋਂ ਹੌਲੀ ਗਤੀ ਨਾਲ ਉਹਨਾਂ ਰਾਹਾਂ ਤੋਂ ਫਿਰ ਲੰਘਦੀ ਵਾਪਸ ਟੁਰ ਗਈ । ਸੈਲੀਵਾਨੋਵ ਦੇ ਰਸਾਲੇ ਦੇ ਜਵਾਨਾਂ ਦੇ ਵਿਚਕਾਰ ਬੈਠਾ ਹੋਇਆ ਸੀ। ਉਹਨਾਂ ਦੇ ਚਿਹਰੇ ਤਣੇ ਹੋਏ ਸਨ ਅਤੇ ਰੀਵਾਲਵਰ ਸੋਧੇ ਹੋਏ ਤੇ ਚਾਰੇ ਪਾਸੇ, ਅੱਗੇ ਪਿੱਛੇ ਅਤੇ ਦੋਹੀਂ ਪਾਸੀਂ ਰਸਾਲੇ ਦੇ ਜਵਾਨਾਂ ਦੀਆਂ ਦੇਹਾਂ ਚੋੜੀਆਂ ਕਾਠੀਆਂ ਉੱਤੇ ਝੂਲਦੀਆਂ ਜਾ ਰਹੀਆਂ ਸਨ ਤੇ ਸੁੰਮਾਂ ਵਿੱਚੋਂ ਚਿਣਗਾਂ ਨਿਕਲ ਰਹੀਆਂ ਸਨ।
ਮੋਟਰ ਹੌਲੀ ਹੌਲੀ ਘਟੜ ਘਟੜ ਕਰਦੀ ਆਪਣੇ ਪਿੱਛੇ ਘੱਟੇ ਦੀ ਇੱਕ ਪਤਲੀ ਪੂਛ ਉਡਾਂਦੀ ਟੁਰੀ ਜਾ ਰਹੀ ਸੀ।
ਹੌਲੀ ਹੌਲੀ ਕਰਕੇ ਮੋਟਰ ਵਿੱਚ ਬੈਠੇ ਰਸਾਲੇ ਦੇ ਸਿਪਾਹੀਆਂ ਦੇ ਚਿਹਰਿਆਂ ਉੱਤੋਂ ਇਕ ਭਾਰ ਜਿਹਾ ਹੌਲਾ ਹੁੰਦਾ ਗਿਆ ਤੇ ਇੰਜਣ ਦੀ ਸੁਰ ਨਾਲ ਸੁਰ ਰਲਾ ਕੇ ਸੈਲੀਵਾਨੋਵ ਨੂੰ ਆਪਣੇ ਦੁੱਖੜੇ ਸੁਣਾਨ ਲੱਗ ਪਏ: ਹਰ ਚੀਜ਼ ਢਿੱਲੀ ਸੀ, ਲੜਾਈ ਦੇ ਹੁਕਮ ਮੰਨੇ ਨਹੀਂ ਸਨ ਜਾਂਦੇ, ਕਸਾਕਾਂ ਦੀਆਂ ਛੋਟੀਆਂ ਛੋਟੀਆਂ ਟੋਲੀਆਂ ਅੱਗੇ ਉਹ ਨੱਸ ਪਏ: ਦੋ ਦੋ ਚਾਰ ਚਾਰ ਕਰਕੇ, ਦਿਲ ਛੱਡ ਬੈਠੀਆਂ ਯੂਨਿਟਾਂ ਦੇ ਬੰਦੇ, ਭਗੌੜੇ ਹੋਣ ਲੱਗੇ ਤੇ ਜਿੱਧਰ ਜੀ ਕੀਤਾ, ਚੱਲੇ गष्टे।
ਸੈਲੀਵਾਨੋਵ ਨੇ ਸਿਰ ਨੀਵਾਂ ਕਰ ਲਿਆ।
"ਤੇ ਜੇ ਕਿਤੇ ਸਾਨੂੰ ਕਸਾਕ ਟੱਕਰ ਗਏ, ਕੱਖ ਨਹੀਂ ਰਹਿਣਾ ਸਾਡਾ.... ।"
39
ਆਕਾਸ਼ ਵਿੱਚ ਇੱਕ ਵੀ ਤਾਰਾ ਨਹੀਂ ਸੀ, ਜਿਸ ਕਰਕੇ ਇੱਕ ਮਖ਼ਮਲੀ ਜਿਹੀ ਕੋਮਲਤਾ ਛਾਈ ਹੋਈ ਸੀ - ਨਾ ਖਿੜਕੀਆਂ ਦਿੱਸਦੀਆਂ ਦੇ ਸਨ ਨਾ ਗਲੀਆਂ, ਨਾ ਪਿੱਪਲਾਂ ਦੀ ਤੋੜੀਆਂ ਮਾਰਨ ਦੀ ਆਵਾਜ਼, ਨਾ ਝੁੱਗੀਆਂ ਤੇ ਨਾ ਬਗੀਚੀਆਂ। ਇੱਧਰ ਉੱਧਰ ਅੱਗ ਦੀਆਂ ਨਿੱਕੀਆਂ ਨਿੱਕੀਆਂ ਧੂਣੀਆਂ ਖਿਲਰੀਆਂ ਹੋਈਆਂ ਸਨ।
ਇਸ ਵਿਸ਼ਾਲ ਕੋਮਲ ਅੰਨ੍ਹੇਰੇ ਵਿੱਚ ਇੰਝ ਮਹਿਸੂਸ ਹੁੰਦਾ ਸੀ, ਜਿਉਂ ਲੋਕਾਈ ਸਾਹ ਲੈ ਰਹੀ ਹੋਵੇ। ਕੋਈ ਵੀ ਸੁੱਤਾ ਨਹੀਂ ਸੀ ਹੋਇਆ। ਕਦੇ ਕਦੇ ਕਿਸੇ ਦੇ ਪੈਰ ਡੋਲ ਬਾਲਟੀ ਨਾਲ ਜਾ ਵੱਜਦੇ ਤੇ ਅੰਨ੍ਹੇਰੇ ਵਿੱਚ ਖੜਕਾਰ ਹੋ ਜਾਂਦਾ, ਜਾਂ ਘੋੜੇ ਇੱਕ ਦੂਜੇ ਨੂੰ ਚੱਕ ਮਾਰਦੇ ਪਏ ਜਾਪਦੇ ਤੇ ਕੋਈ ਬੋਲ ਪੈਂਦਾ - "ਕੌਣ ਏ ਓਏ ਤੂੰ ਜ਼ਰਾ ਧਿਆਨ ਨਾਲ ਬਿੱਜੂਆ।"
ਤੇ ਝੱਟ ਪੱਲ ਇੱਕ ਮਾਂ ਦੀ ਲੋਰੀਆਂ ਦੇਣ ਦੀ ਆਵਾਜ਼ ਸੁਣਾਈ ਦੇਂਦੀ, "ਅ-ਅ ਅ!... ਅ...ਅ...ਅ। ਅ...ਅ..ਅ!"
ਦੂਰੋਂ ਠਾਹ ਦੀ ਆਵਾਜ਼ ਆਈ, ਪਰ ਆਵਾਜ਼ ਹੀ ਦੱਸਦੀ ਸੀ ਕਿ ਇਹ ਆਪਣੇ ਹੀ ਕਿਸੇ ਬੰਦੇ ਦੀ ਬੰਦੂਕ ਦੀ ਹੈ । ਰੌਲਾ ਤੇ ਆਵਾਜ਼ਾਂ ਉੱਚੀਆਂ ਹੋ ਗਈਆਂ। ਹੋ ਸਕਦਾ ਏ, ਆਪਸ ਵਿੱਚ ਹੀ ਬਹਿਸ ਪਏ ਹੋਣ ਜਾਂ ਦੋਸਤਾਂ ਵਾਲੀ ਝੜਪ ਹੋ ਰਹੀ ਹੋਵੇ; ਤੇ ਫਿਰ ਚੁੱਪ ਚਾਂ ਹੋ ਗਈ ਤੇ ਫਿਰ ਅੰਨ੍ਹੇਰੇ ਦੀ ਫੈਲੀ ਚਾਦਰ ! ਨਿੰਦਰਾਈ ਹੋਈ ਇੱਕ ਆਵਾਜ਼ ਗਾਉਂਦੀ
ਕਲ੍ਹ ਮੈਂ ਵੀ ਬਣਾਂਗਾ ਸਿਪਾਹੀ ਦੇਸ਼ ਦਾ...।
ਨੀਂਦ ਕਿਧਰ ਉੱਡੀ ਹੋਈ ਸੀ ?
ਦੂਰ- ਜਾਂ ਹੋ ਸਕਦਾ ਹੈ, ਬਾਰੀ ਹੇਠਾਂ ਹੀ ਰੇਤ ਵਿੱਚ ਜਿਉਂ ਪਹੀਏ ਕਰਚ ਕਰਚ ਕਰਦੇ ਜਾ ਰਹੇ ਹੋਣ।
"ਤੁਸੀਂ ਕਿੱਧਰ ਜਾ ਰਹੇ ਹੋ ? ਉਧਰ ਸਾਡੇ ਲੋਕਾਂ ਦਾ ਕੈਂਪ ਹੈ।"
ਪਰ ਦਿੱਸਦਾ ਕੁਝ ਨਹੀਂ ਸੀ - ਇੱਕ ਮਖ਼ਮਲੀ ਅੰਨ੍ਹੇਰੇ ਵਿੱਚ ਸਭ ਕੁਝ ਵਲ੍ਹੇਟਿਆਂ ਹੋਇਆ ਸੀ।
ਅਜੀਬ ਗੱਲ ਸੀ ਕਿ ਉਹ ਥੱਕੇ ਹੋਏ ਨਹੀਂ ਸਨ । ਕਿਉਂਕਿ ਦਿਨ ਰਾਤ ਉਹਨਾਂ ਦੀਆਂ ਅੱਖਾਂ ਦੂਰ ਦਿਸਹੱਦੇ ਨੂੰ ਨਹੀਂ ਸਨ ਘੂਰਦੀਆਂ ਰਹਿੰਦੀਆਂ ?
ਇੰਝ ਜਾਪਦਾ ਸੀ ਕਿ ਇਹ ਸਤੰਬਰ ਦਾ ਮਖ਼ਮਲੀ ਅੰਨ੍ਹੇਰਾ, ਨਾ ਦਿੱਸਦੇ ਖਿੜਕ, ਲਿੱਦ ਦੀ ਹਵਾ ਵਿੱਚ ਘੁਲੀ ਹੋਈ ਮਹਿਕ, ਸਭ ਕੁਝ ਆਪਣੇ ਸਨ, ਘਰੋਗੀ ਸਨ ਇਹ ਸਭ ਰਚੇਮਿਚੇ, ਬਹੁਮੁੱਲੇ ਤੇ ਜਿੰਨ੍ਹਾਂ ਦੀ ਚਿਰਾਂ ਤੋਂ ਤਾਂਘ ਸੀ।
ਕੱਲ੍ਹ ਪਿੰਡ ਪਰੇ ਫ਼ੌਜਾਂ, ਮੁੱਖ ਫ਼ੌਜ ਦੇ ਸਿਪਾਹੀਆਂ ਦੇ ਗਲੇ ਭਰਾਵਾਂ ਵਾਂਗ ਮਿਲ ਰਹੇ ਹੋਣਗੇ ਤੇ ਇਸੇ ਕਰਕੇ ਅੱਜ ਦੀ ਰਾਤ ਵਿੱਚ ਹਿਲ ਜੁਲ ਘੁਲੀ ਹੋਈ ਸੀ, ਸੁੰਮਾਂ ਦੀ ਆਵਾਜ਼ ਰੋਲਾ, ਸਰ ਸਰਾਹਟ, ਪਹੀਆਂ ਦੀ ਕਰਚ ਕਰਚ ਤੇ ਮੁਸਕਾਨਾਂ, ਥੱਕੀਆਂ ਤੇ ਨਿੰਦਰਾਈਆਂ
ਮੁਸਕਾਨਾਂ।
ਅੱਧੀ ਖੁੱਲ੍ਹੀ ਖਿੜਕੀ ਵਿੱਚੋਂ ਇੱਕ ਚਾਨਣ ਦੀ ਲੀਕ ਨਿਕਲਦੀ, ਧਰਤੀ ਉੱਤੇ ਪੈਂਦੀ, ਜੰਗਲੇ ਉੱਤੋਂ ਲੰਘਦੀ ਦੂਰ ਲਿਤਾੜੇ ਵੱਖਰ ਦੀਆਂ ਪੈਲੀਆਂ ਤਕ ਰੁਸ਼ਨਾ ਰਹੀ ਸੀ।
ਝੁੱਗੀ ਵਿੱਚ ਸਮੋਵਾਰ ਉਬਾਲੇ ਖਾ ਰਿਹਾ ਸੀ। ਕੰਧਾਂ ਉੱਤੇ ਭਾਫ਼ ਪੈ ਰਹੀ ਸੀ। ਪਲੇਟਾਂ ਲੱਗੀਆਂ ਹੋਈਆਂ ਸਨ । ਚਿੱਟੀ ਰੋਟੀ। ਇੱਕ ਸਾਫ਼ ਸੁਥਰਾ ਮੇਜ਼ ਪੋਸ਼।
ਕੋਜੂਖ ਬੈਂਚ ਉੱਤੇ ਬੈਠਾ ਹੋਇਆ ਸੀ; ਉਸ ਆਪਣੀ ਪੇਟੀ ਲਾਹੀ ਹੋਈ ਸੀ ਤੇ ਉਸ ਦੀ ਛਾਤੀ ਦੇ ਵਾਲ ਦਿੱਸ ਰਹੇ ਸਨ। ਉਸ ਦੇ ਮੋਢੇ ਡਿੱਗੇ ਹੋਏ ਸਨ, ਬਾਹਾਂ ਨਿੱਸਲ ਹੋਈਆਂ ਪਈਆਂ ਸਨ, ਸਿਰ ਝੁਕਿਆ ਹੋਇਆ ਸੀ। ਉਹ ਆਪਣੇ ਘਰ ਦਾ ਮਾਲਕ ਜਾਪਦਾ ਸੀ ਜੋ ਸਾਰਾ ਦਿਨ ਹਲ ਦੀ ਹੱਥੀ ਫੜੀ ਤਤਾ ਤਤਾ ਕਰਦਾ ਕਾਲੀ ਮਿੱਟੀ ਵਿੱਚ ਸਿਆੜ ਕੱਢਦਾ ਥੱਕਿਆ ਟੁੱਟਿਆ ਤ੍ਰਿਕਾਲੀ ਘਰ ਪਰਤ ਕੇ ਆਇਆ ਹੋਵੇ ਤੇ ਹੁਣ ਉਸ ਦੀ ਤੀਵੀਂ ਰਿੰਨ੍ਹ ਪਕਾ ਕੇ, ਮੇਜ਼ ਉੱਤੇ ਕੁਝ ਪਰੋਸ ਰਹੀ ਹੋਵੇ ਤੇ ਧੁਆਂਖੀਆਂ ਕੰਧਾਂ ਉੱਤੇ ਨਿੱਕੀ ਜਿਹੀ ਬੱਤੀ ਦੀ ਲੋਅ ਪੈ ਰਹੀ ਹੋਵੇ। ਉਸ ਨੂੰ ਇੱਕ ਹਲ ਵਾਹਕ ਦੀ ਥਕਾਨ, ਇੱਕ ਮਜ਼ੂਰ ਦੀ ਮਿਹਨਤ ਦੀ ਥਕਾਨ ਮਹਿਸੂਸ ਹੋ ਰਹੀ ਸੀ।
ਉਸ ਦਾ ਭਰਾ ਉਸ ਦੇ ਲਾਗੇ ਹੀ ਬੈਠਾ ਹੋਇਆ ਸੀ । ਉਸ ਵੀ ਹਥਿਆਰ ਲਾਹੇ ਹੋਏ ਸਨ। ਉਸ ਆਪਣੇ ਬੂਟ ਲਾਹੇ ਹੋਏ ਸਨ ਤੇ ਬੜੇ ਧਿਆਨ ਨਾਲ ਇਸ ਦੀ ਮਾਰੀ ਕੁੱਟੀ ਹਾਲਤ ਨੂੰ ਵੇਖੀ ਜਾ ਰਿਹਾ ਸੀ। ਬੜੇ ਆਰਾਮ ਨਾਲ, ਕੋਜੂਖ ਦੀ ਵਹੁਟੀ ਨੇ ਸਮੇਵਾਰ ਉੱਤੋਂ ਢੱਕਣ ਚੁੱਕਿਆ, ਜ਼ੋਰ ਦੀ ਭਾਫ਼ ਨਿਕਲੀ ਤੇ ਵਿੱਚੋਂ ਭਾਵ ਛੱਡਦੇ, ਪੈਣੇ ਵਿੱਚ ਉਸ ਉਬਲੇ ਅੰਡੇ ਕੱਢ ਲਏ ਤੇ ਚਿੱਟੇ ਚਿੱਟੇ ਗੋਲ ਗੋਲ, ਸਾਹਮਣੀ ਪਲੇਟ ਵਿੱਚ ਰੱਖ ਦਿੱਤੇ । ਗੁੱਠੇ ਕਾਲੀਆਂ ਮੂਰਤੀਆਂ ਪਈਆਂ ਹੋਈਆਂ ਸਨ । ਇਸ ਘਰ ਵਿੱਚ ਜਿੱਥੇ ਕਦੇ ਕਸਾਕ ਪਰਿਵਾਰ ਰਹਿੰਦਾ ਸੀ, ਖਾਮੋਸ਼ੀ ਛਾਈ ਹੋਈ ਸੀ।
"ਆ ਜਾਓ ਮੇਜ਼ ਲਾਗੇ... ।"
ਪਰ ਆਵਾਜ਼ ਕੀ ਸੀ ਜਿਉਂ ਕਿਸੇ ਛੁਰਾ ਘੋਪ ਦਿੱਤਾ ਹੋਵੇ, ਤਿੰਨੇ ਉੱਧਰ ਮੂੰਹ ਫੇਰ ਕੇ ਵੇਖਣ ਲੱਗ ਪਏ; ਬਾਹਰ ਚਾਨਣ ਦੀ ਲੀਕ ਵਿੱਚ ਰਿਬਨਾਂ ਵਾਲੀ ਟੋਪੀ ਪਾਈ ਪਹਿਲਾਂ ਇੱਕ ਦਿੱਸਿਆ ਫਿਰ ਦੂਜਾ, ਫਿਰ ਇੱਕ ਹੋਰ।
ਰਫ਼ਲਾਂ ਦੀਆਂ ਹੱਥੀਆਂ ਠੁਕ ਠਕ ਜ਼ਮੀਨ ਉੱਤੇ ਵੱਜੀਆਂ ਤੇ ਗਾਲ੍ਹਾਂ ਕੱਢਣ ਦੀ ਆਵਾਜ਼ ਆਈ।
ਅਲੈਕਸੀ ਤੱਤਛਣ ਉੱਛਲ ਕੇ ਖੜ੍ਹਾ ਹੋ ਗਿਆ: "ਮੇਰੇ ਪਿੱਛੇ ਪਿੱਛੇ ਆ ਜਾਓ।" (ਕਾਸ਼ ਕਿਤੇ ਰੀਵਾਲਵਰ ਨੇੜੇ ਹੁੰਦਾ) ।
ਉਹ ਵਹਿੜਕੇ ਵਾਂਗ ਕੁੱਦ ਕੇ ਪਿਆ । ਰਫ਼ਲ ਦਾ ਬੱਟ ਉਸ ਦੇ ਮੋਢੇ ਨੂੰ ਵੱਜਾ। ਉਹ ਲੜਖੜਾ ਗਿਆ, ਪਰ ਪੈਰਾਂ ਉੱਤੇ ਰਿਹਾ।
ਨੱਕ ਦੀ ਘੋੜੀ ਉੱਤੇ ਉਸ ਦਾ ਭਾਰਾ ਮੁੱਕਾ ਵੱਜਾ ਤਾਂ ਬੰਦਾ ਪੀੜ ਨਾਲ ਕਰਾਂਹਦਾ ਤੇ ਚੀਖ਼ ਮਾਰਦਾ ਹੇਠਾਂ ਡਿੱਗ ਪਿਆ।
ਅਲੈਕਸੀ ਉਸ ਉੱਤੇ ਚੜ੍ਹ ਬੈਠਾ।
"ਮੇਰੇ ਪਿੱਛੇ ਪਿੱਛੇ ਆ ਜਾਓ!"
ਉਹ ਚਾਨਣ ਵਿੱਚੋਂ ਕੁੱਦ ਕੇ ਅੰਨ੍ਹੇਰੇ ਵਿੱਚ ਹੋ ਗਿਆ ਤੇ ਕਿਆਰੀਆਂ ਵਿੱਚ ਸੂਰਜਮੁੱਖੀ ਦੇ ਬੂਟਿਆਂ ਨੂੰ ਲਤਾੜਦਾ ਨਿਕਲ ਗਿਆ।
ਜਿਸ ਵੇਲੇ ਕੋਜੂਖ ਉਸ ਦੇ ਪਿੱਛੇ ਪਿੱਛੇ ਨੱਸਿਆ, ਰਫ਼ਲਾਂ ਮਲਾਹਾਂ ਦੇ ਬੱਟ ਉਸ ਨੂੰ ਵੱਜੇ । ਉਹ ਖਿੜਕੀ ਕੋਲ ਜਾ ਨਿਕਲਿਆ ਤੇ ਵੇਖ ਕੇ ਮਲਾਹਾਂ ਦੀਆਂ ਭਾਰੀਆਂ ਆਵਾਜ਼ਾਂ ਚੀਖਣ ਲੱਗ ਪਈਆਂ:
“ਉਹ ਰਿਹਾ, ਮਾਰ, ਮਾਰ ।"
ਪਿੱਛੋਂ ਝੁੱਗੀ ਵਿੱਚੋਂ ਇੱਕ ਚੀਖਦੀ ਆਵਾਜ਼ ਆਈ, "ਬਚਾ ਲਓ।"
ਮੁੱਕਿਆਂ ਦੀ ਬੁਛਾੜ ਨਾਲ ਕੋਜ਼ੂਖ ਦਾ ਬਲ ਦਸ ਗੁਣਾ ਵੱਧ ਗਿਆ। ਉਹ ਚਾਨਣ ਦੀ ਲੀਕ ਵਿੱਚੋਂ ਹਟ ਗਿਆ ਤੇ ਛਾਲਾਂ ਮਾਰਦਾ, ਇੱਕ ਆਵਾਜ਼ ਦੇ ਪਿੱਛੇ ਪਿੱਛੇ, ਆਪਣੇ ਭਰਾ ਦੇ ਮਗਰ ਦੌੜਨ ਲੱਗ ਪਿਆ। ਉਸ ਦੇ ਮਗਰੇ ਮਗਰ ਕਈ ਪੈਰ ਦੌੜ ਰਹੇ ਸਨ ਤੇ ਸਾਹੋ ਸਾਹ ਹੋਈ, ਇੱਕ ਆਵਾਜ਼ ਥਿੜਕਦੀ ਆ ਰਹੀ ਸੀ:
"ਗੋਲੀ ਨਾ ਮਾਰਨਾ, ਇਸ ਨਾਲ ਸਾਰੇ ਨੱਠ ਜਾਣਗੇ। ਰਫ਼ਲਾਂ ਦੇ ਬੱਟ ਮਾਰੋ ! ਉਹ ਜਾ ਰਿਹਾ ਜੇ, ਉਸ ਦੇ ਪਿੱਛੇ ਪਿੱਛੇ ।"
ਇੱਕ ਖਿੜਕ, ਅੰਨ੍ਹੇਰੇ ਨਾਲ ਵੀ ਵਧੇਰਾ ਕਾਲਾ ਹੋ ਕੇ ਅਗੋਂ ਟਕਰਿਆ। ਇਸ ਦੀਆਂ ਭਿੱਤਾਂ ਕੜਕੀਆਂ। ਅਲੈਕਸੀ ਇਸ ਉਤੋਂ ਟੱਪ ਕੇ ਲੰਘ ਗਿਆ। ਇਕ ਜਵਾਨ ਦੀ ਫੁਰਤੀ ਨਾਲ ਕੋਜੂਖਵੀ ਟੱਪ ਗਿਆ ਤੇ ਦੋਵੇਂ ਚੀਖਾਂ ਮੁੱਕਿਆ, ਗਾਲ਼ਾਂ, ਰਫ਼ਲਾਂ ਦੇ ਬੱਟਾਂ ਤੇ ਸੰਗੀਨਾਂ ਵਿੱਚ ਜਾ ਘਿਰੇ- ਜੰਗਲੇ ਦੇ ਬਾਹਰ ਭੀੜ ਪਹਿਲਾਂ ਹੀ ਉਡੀਕਦੀ ਖੜ੍ਹੀ ਸੀ।
"ਅਫ਼ਸਰਾਂ ਦੀ ਖੱਲ ਲਾਹ ਸਿੱਟੋ। ਟੁੰਗ ਲਉ ਸੰਗੀਨਾਂ ਉੱਤੇ।"
“ਮਾਰ ਨਾ.. ਗੋਲੀ ਨਾ ਚਲਾਓ।"
"ਫ਼ੜ੍ਹੇ ਗਏ ਸੂਰ ਦੇ ਬੱਚੇ ! ਲੰਘਾ ਦਿਓ ਦੁਸਾਰ: ਸੰਗੀਨ ।"
"ਹੈੱਡਕੁਆਰਟਰ ਲੈ ਚੱਲੇ। ਪੁੱਛਗਿੱਛ ਹੋਵੇਗੀ। ਫਿਰ ਇਹਨਾਂ ਦੇ ਪੈਰਾਂ ਦੀਆਂ ਤਲੀਆਂ ਝੁਲਸ ਦਿਆਂਗੇ।"
"ਥਾਂਏ ਮਾਰ ਦਿਓ।”
"ਨਹੀਂ, ਹੈੱਡਕੁਆਰਟਰ। ਹੈੱਡਕੁਆਰਟਰ ਲੈ ਚੱਲੋ।"
ਮਾਰ ਮੁਕਾਣ ਉੱਤੇ ਤਿਆਰ, ਇਸ ਭੀੜ ਦੇ ਵਾ-ਵਰੋਲ਼ੇ ਵਿੱਚ, ਕੋਜ਼ੂਖ ਤੇ ਅਲੈਕਸੀ ਦੀ ਕੌਣ ਸੁਣੇ।
ਭਾਂਤ ਭਾਂਤ ਦੀਆਂ ਬੋਲੀਆਂ ਤੇ ਗਾਲ੍ਹਾਂ ਵਿੱਚ ਘਿਰੇ, ਉਹਨਾਂ ਨੂੰ ਫੜ ਕੇ ਲੈ ਟੁਰੇ; ਭੀੜ ਲੰਘਣ ਲੱਗਿਆਂ ਧੱਕੇ ਮਾਰਦੀ ਵਿੱਚ ਦਬਾ ਦੇਂਦੀ। ਸਿਆਹ ਸੰਗੀਨਾਂ ਤਣੀਆਂ ਜਾ ਰਹੀਆਂ ਸਨ, ਸਿਰਾਂ ਉੱਤੇ ਲਹਿਰਾਂਦੀਆਂ।
"ਕੀ ਮੈਂ ਬੱਚ ਨਿਕਲਿਆ ਹਾਂ ?" ਕੋਜ਼ੂਖ ਦੇ ਮਨ ਮਸਤਕ ਵਿੱਚ ਇਹ ਸਵਾਲ
ਬੜੇ ਚਾਅ ਨਾਲ ਲਟਕਿਆ ਹੋਇਆ ਸੀ। ਉਸ ਦੀਆਂ ਅੱਖਾਂ ਉਸ ਸਾਹਮਣੀ ਦੋ ਮੰਜ਼ਲੀ ਬਿਲਡਿੰਗ ਦੀ ਖਿੜਕੀ ਵਿੱਚੋਂ ਨਿਕਲਦੇ ਚਾਨਣੇ ਉੱਤੇ ਟਿਕੀਆਂ ਹੋਈਆਂ ਸਨ, ਜੋ ਕਦੇ ਸਕੂਲ ਸੀ ਤੇ ਅੱਜ ਹੈੱਡਕੁਆਰਟਰ ਬਣਿਆ ਹੋਇਆ ਸੀ ।
ਜਦ ਸਾਰੇ ਚਾਨਣ ਦੀ ਉਸ ਲੀਕ ਵਿੱਚ ਆਏ ਤਾਂ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ ਤੇ ਬਿਟਰ ਬਿਟਰ ਵੇਖਣ ਲੱਗ ਪਏ।
"ਇਹ ਕੀ, ਇਹ ਤਾਂ ਸਾਡਾ ਬਟਕੇ ਹੈ।"
"ਕੀ ਹੋ ਗਿਆ ਉੱਤੇ ਤੁਹਾਨੂੰ ਸਾਰਿਆਂ ਨੂੰ," ਕੋਜੂਖ ਨੇ ਸਹਿਜੇ ਜਿਹੇ ਆਖਿਆ। ਉਸ ਦੇ ਚਿਹਰੇ ਉੱਤੇ ਰਗਾਂ ਫੜਕ ਰਹੀਆਂ ਸਨ । "ਸਾਰੇ ਦੇ ਸਾਰਿਆਂ ਦਾ ਸਿਰ ਫਿਰ ਗਿਆ ਹੈ?"
“ਪਰ ਅਸੀਂ ਕੀ - ਇਹ ਹੋ ਕਿਵੇਂ ਗਿਆ। ਸਭ ਮਲਾਹਾਂ ਦੀ ਸ਼ਰਾਰਤ ਹੈ। ਉਹ ਆਏ ਤੇ ਕਹਿਣ ਲੱਗੇ ਕਿ ਅਸਾਂ ਦੇ ਅਫ਼ਸਰ ਫੜ੍ਹ ਲਏ ਨੇ, ਕਸਾਕਾਂ ਦੇ ਜਾਸੂਸ ਜੋ ਕੋਜੂਖਨੂੰ ਮਾਰਨਾ ਚਾਹੁੰਦੇ ਨੇ; ਉਹਨਾਂ ਦਾ ਕੰਮ ਮੁਕਾ ਦੇਣਾ ਚਾਹੀਦਾ ਹੈ, ਅਸੀਂ ਅਫ਼ਸਰਾਂ ਨੂੰ ਬਾਹਰ ਕੱਢ ਕੇ ਲੈ ਆਵਾਂਗੇ, ਉਹ ਕਹਿਣ ਲੱਗੇ, 'ਤੇ ਤੁਸੀਂ ਜੰਗਲੇ ਦੇ ਪਿੱਛੇ ਖੜ੍ਹੇ ਰਹੋ; ਜਿਸ ਵੇਲ਼ੇ ਉੱਥੋਂ ਲੰਘਣ ਲਗਣ ਪਿਛੋਂ ਸੰਗੀਨਾਂ ਘਪ ਦਿਓ, ਥਾਂਏਂ ਬਹਿ ਜਾਣਗੇ। ਹੈੱਡਕੁਆਰਟਰ ਫੜ੍ਹ ਕੇ ਲੈ ਜਾਣ ਦੀ ਕੋਈ ਲੋੜ ਨਹੀਂ। ਉੱਥੇ ਕਈ ਗ਼ੱਦਾਰ ਨੇ ਜੋ ਉਹਨਾਂ ਨੂੰ ਛੱਡ ਦੇਣਗੇ। ਝੱਟ ਪਟ ਇੱਥੇ ਹੀ ਕੰਮ ਮੁਕਾ ਦਿਓ।' ਅਸੀਂ ਆਖੇ ਲੱਗ ਕੇ ਮੰਨ ਗਏ, ਚਾਰੇ ਪਾਸੇ ਅੰਨ੍ਹੇਰਾ ਹੀ ਅੰਨ੍ਹੇਰਾ ਸੀ।"
"ਠੀਕ ਹੈ, ਜਾਓ ਫਿਰ ਫੜ ਕੇ ਲਿਆਓ ਮਲਾਹਾਂ ਨੂੰ।" ਕੋਜ਼ੂਖ ਨੇ ਆਖਿਆ। ਸਿਪਾਹੀ ਇੱਧਰ ਉਧਰ ਭੱਜ ਵਗੇ ਤੇ ਅੰਨ੍ਹੇਰੇ ਵਿੱਚੋਂ ਇੱਕ ਮੱਧਮ ਜਿਹੀ ਆਵਾਜ਼ ਆਈ:
"ਸਭ ਤਿੱਤਰ ਹੋ ਗਏ ਨੇ । ਏਨੇ ਪਾਗਲ ਨਹੀਂ ਕਿ ਆਪਣੇ ਟੋਟੇ ਕਰਾਣ ਲਈ ਬੈਠੇ ਰਹਿਣਗੇ।"
"ਚੱਲੋ ਆਓ ਹੁਣ, ਘੁੱਟ ਚਾਹ ਦੀ ਤਾਂ ਪੀਏ।" ਕੋਜ਼ੂਖ ਨੇ ਆਪਣੇ ਭਰਾ ਨੂੰ ਆਖਿਆ। ਫਿਰ ਆਪਣੇ ਚਿਹਰੇ ਤੋਂ ਵਗਦਾ ਲਹੂ ਪੂੰਝ ਕੇ ਆਖਣ ਲੱਗਾ, "ਸੰਤਰੀਆਂ ਨੂੰ ਪਹਿਰੇ ਉੱਤੇ ਲਾ ਦਿਓ ।"
"ਚੰਗਾ ਜੀ ।"
40
ਭਾਵੇਂ ਪੱਤਝੜ ਦਾ ਮੌਸਮ ਸੀ, ਪਰ ਕਾਕੋਸ਼ਸ਼ ਦੀ ਧਰਤੀ ਤਪ ਰਹੀ ਸੀ। ਪਰ ਸਟੈਪੀ ਨਿੱਖਰੀ ਹੋਈ ਸੀ, ਸਟੈਪੀ ਨੀਲੀ ਨੀਲੀ ਭਾਹ ਮਾਰਦੀ ਸੀ । ਰੁੱਖਾਂ ਨਾਲ ਜਾਲੇ ਮਹੀਨ ਜਾਲੀ ਵਾਂਗ ਲਿਸ਼ਕ ਰਹੇ ਸਨ । ਪਿੱਪਲਾਂ ਦੇ ਪੱਤਰ ਇੱਕ ਇੱਕ ਕਰਕੇ ਟਹਿਣੀਆਂ ਨਾਲ
ਨਿਖੜਦੇ ਜਾ ਰਹੇ ਸਨ ਤੇ ਉਹ ਕਿਸੇ ਸਾਧ ਵਾਂਗ ਭਗਤੀ ਵਿੱਚ ਲੀਨ ਸੀ । ਬਗੀਚੀਆਂ ਵਿੱਚ ਵੇਲਾਂ ਬੂਟੇ, ਜਿਉਂ ਪੀਲ਼ੇ ਪੈਂਦੇ ਜਾ ਰਹੇ ਸਨ । ਚੋਟੀਆਂ ਦੁੱਧ ਚਿੱਟੀਆਂ ਨਿਕਲ ਆਈਆਂ ਸਨ ਤੇ ਬਗੀਚੀਆਂ ਤੋਂ ਦੂਰ ਪਰੇ ਇੱਕ ਮਨੁੱਖੀ ਸਮੁੰਦਰ ਠਾਠਾਂ ਮਾਰ ਰਿਹਾ ਸੀ । ਜਿਉਂ ਕਿਸੇ ਭਾਰੀ ਮੁਹਿੰਮ ਦੀ ਤਿਆਰੀ ਵਿੱਚ ਹੋਣ। ਪਰ ਸਭ ਕੁਝ ਅੱਜ ਜ਼ਰਾ ਵੱਖਰਾ ਵੱਖਰਾ ਲੱਗ ਰਿਹਾ ਸੀ। ਰੀਫ਼ੂਜੀਆਂ ਦੇ ਬੇਸ਼ੁਮਾਰ ਛੱਕੜੇ ਉਹੀ ਸਨ, ਪਰ ਉਹਨਾਂ ਦੀਆਂ ਅੱਖਾਂ ਵਿੱਚ ਅੱਜ ਇੱਕ ਭਰੋਸੇ ਦਾ ਸੂਰਜ ਝਲਕਾਂ ਮਾਰ ਰਿਹਾ ਸੀ।
ਉਹੀ ਇੱਜੜ ਸੀ, ਪਾਟੇ ਪੁਰਾਣੇ ਕੱਪੜਿਆਂ ਵਾਲਾ, ਨੰਗੇ ਤੇ ਵਾਹਣੇ ਪੈਰੀਂ ਸਿਪਾਹੀ ਪਰ ਅੱਜ ਕੀ ਗੱਲ ਸੀ, ਉਹ ਸਭ ਦੂਰ ਤੀਕ ਕਤਾਰ ਵਿੱਚ ਇਉਂ ਕਸੇ ਹੋਏ ਖਲ੍ਹਤੇ ਸਨ ਜਿਉਂ ਕਿਸੇ ਕਮਾਨ ਦੀ ਤੰਦੀ ਖਿੱਚੀ ਹੋਈ ਹੋਵੇ, ਉਹਨਾਂ ਦੇ ਮਾੜੇ ਚਿਹਰੇ ਇੰਝ ਕਿਉਂ ਲੱਗਦੇ ਸਨ, ਜਿਉਂ ਕਾਲ਼ੇ ਲੋਹੇ ਵਿੱਚੋਂ ਢਾਲ ਕੇ ਬਣਾਏ ਗਏ ਹੋਣ ਤੇ ਉਹਨਾਂ ਦੀਆਂ ਕਤਾਰਬੱਧ ਕਾਲੀਆਂ ਖਲ੍ਹਤੀਆਂ ਸੰਗੀਨਾਂ ਵਿੱਚੋਂ ਅੱਜ ਇੱਕ ਫੌਜੀ ਧੁਨ ਕਿਉਂ ਵੱਜਦੀ ਸੀ ?
ਤੇ ਅੱਜ ਕੀ ਗੱਲ ਸੀ, ਇਹਨਾਂ ਵੱਲ ਮੂੰਹ ਕਰੀ ਮਾੜੇ ਮੋਟੇ ਕੱਪੜਿਆਂ ਵਿੱਚ, ਸੰਗੀਨਾਂ ਤਿਰਛੀਆਂ ਕਰਕੇ ਢਿੱਲੇ ਹੋਏ ਸਿਪਾਹੀ ਕਿਉਂ ਖਲ੍ਹਤੇ ਹੋਏ ਸਨ; ਉਹਨਾਂ ਦੇ ਚਿਹਰਿਆਂ ਉੱਤੇ ਘਬਰਾਹਟ ਤੇ ਜਿਉਂ ਕੁਝ ਹੋਣ ਵਾਲਾ ਹੋਵੇ, ਇਸ ਦੀ ਛਾਪ ਕਿਉਂ ਲੱਗੀ ਹੋਈ ਦਿੱਸਦੀ ਸੀ ?
ਪਹਿਲਾਂ ਵਾਂਗ ਹੀ ਇਹਨਾਂ ਦੇ ਪੈਰਾਂ ਨਾਲ ਉਨਾ ਹੀ ਮਿੱਟੀ ਘੱਟਾ ਉੱਡਿਆ ਸੀ, ਪਰ ਪੱਤਝੜ ਦੀ ਖਾਮੋਸ਼ੀ ਵਿੱਚ ਸਭ ਕੁਝ ਜਿਉਂ ਬੈਠ ਗਿਆ ਸੀ, ਸਟੈਪੀ ਨਿੱਖਰ ਆਈ ਸੀ ਤੇ ਇੱਕ ਇੱਕ ਚਿਹਰਾ ਹੁਣ ਸਾਫ਼ ਪਛਾਣਿਆ ਜਾਂਦਾ ਸੀ ।
ਪਹਿਲੇ ਠਾਠਾਂ ਮਾਰਦੇ ਮਨੁੱਖੀ ਸਮੁੰਦਰ ਦੇ ਵਿਚਕਾਰ ਇੱਕ ਸੁੰਨਸਾਨ ਹਰੇ ਰੰਗ ਦਾ ਟਿੱਬਾ ਹੁੰਦਾ ਸੀ। ਜਿਸ ਉੱਤੇ ਕਾਲੀਆਂ ਪੌਣ-ਚੱਕੀਆਂ ਦੇ ਪੱਖੇ ਉੱਭਰੇ ਦਿੱਸਦੇ ਸਨ, ਪਰ ਅੱਜ ਇਸ ਠਾਠਾਂ ਮਾਰਦੇ ਚਿਹਰਿਆਂ ਦੇ ਸਾਹਮਣੇ ਇੱਕ ਮੋਕਲੀ ਖੁੱਲ੍ਹੀ ਤੇ ਵੀਰਾਨ ਥਾਂ ਸੀ, ਜਿੱਥੇ ਇੱਕ ਛੱਕੜਾ ਖਲ੍ਹਤਾ ਹੋਇਆ ਸੀ।
ਉਦੋਂ, ਮਨੁੱਖੀ ਸਮੁੰਦਰ ਠਾਠਾਂ ਮਾਰਦਾ ਸਟੈਪੀ ਵਿੱਚ ਜਾ ਫੈਲਿਆ ਸੀ ਤੇ ਅੱਜ ਚਾਰੇ ਪਾਸੇ ਚੁੱਪ-ਚਾਂ ਤੇ ਖਾਮੋਸ਼ੀ ਸੀ ਜਿਉਂ ਕਿਸੇ ਲੋਹੇ ਦੇ ਸਾਹਿਲ ਵਿੱਚ ਘਿਰ ਗਿਆ ਹੋਵੇ।
ਸਭ ਨੂੰ ਕਿਸੇ ਦੀ ਉਡੀਕ ਸੀ। ਇੱਕ ਧੁਨੀਹੀਨ, ਸ਼ਬਦਹੀਨ ਨਾਦ ਨੀਲੀ ਸਟੈਪੀ ਦੇ ਨੀਲੇ ਆਕਾਸ਼ ਵਿੱਚ ਤੇ ਸੁਨਹਿਰੀ ਤਪਦੀ ਧਰਤੀ ਉਤੇ ਖਲ੍ਹਤੇ ਮਨੁੱਖਾਂ ਦੇ ਸਿਰ ਉੱਤੇ ਵੱਜ ਰਿਹਾ ਸੀ।
ਥੋੜ੍ਹੇ ਜਿਹੇ ਬੰਦਿਆਂ ਦੀ ਇੱਕ ਟੋਲੀ ਸਾਹਮਣੇ ਆ ਗਈ। ਕਤਾਰਬੱਧ ਖਲ੍ਹਤੇ ਕਾਲੇ ਪਏ ਚਿਹਰਿਆਂ ਨੇ ਆਪਣੇ ਕਮਾਂਡਰਾਂ ਨੂੰ ਪਛਾਣ ਲਿਆ, ਜੋ ਉਹਨਾਂ ਵਾਂਗ ਹੀ ਕਾਲ਼ੇ ਤੇ ਮਾੜੇ ਪਏ ਹੋਏ ਸਨ ਤੇ ਜਿਹੜੇ ਇਹਨਾਂ ਵਲ ਮੂੰਹ ਕੀਤੀ ਸਾਹਮਣੇ ਖਲ੍ਹੋਤੇ ਹੋਏ ਸਨ, ਉਹਨਾਂ ਨੇ ਵੀ ਮਾੜੇ ਮੋਟੇ ਕੱਪੜੇ ਪਾ ਕੇ ਖਲ੍ਹਤੇ ਆਪਣੇ ਵਾਂਗ ਹੀ ਮੁਰਝਾਏ ਚਿਹਰਿਆਂ ਵਾਲ਼ੇ ਆਪਣੇ ਕਮਾਂਡਰਾਂ ਨੂੰ ਪਛਾਣ ਲਿਆ।
ਸਭ ਤੋਂ ਅੱਗੇ ਅੱਗੇ ਉਹਨਾਂ ਦਾ ਕੱਜੂਖ ਸੀ । ਛੋਟਾ ਜਿਹਾ ਕੱਦ, ਹੱਡੀਆਂ ਤੀਕ ਧੁਆਂਖੀਆਂ ਹੋਈਆਂ, ਫਟੇ ਹਾਲ, ਪਾਟੇ ਤੇ ਮੂੰਹ ਅੱਡੇ ਬੂਟਾਂ ਵਿੱਚੋਂ ਅੰਗੂਠਾ ਬਾਹਰ ਨਿਕਲਿਆ ਹੋਇਆ। ਸਿਰ ਉੱਤੇ ਟੋਪ ਦੇ ਨਾਂ ਉੱਥੇ ਅੱਜ ਇੱਕ ਫਾਂਸੀ ਖੁੱਬੀ ਟੋਕਰੀ ਜਿਹੀ ਪਈ ਹੋਈ ਸੀ।
ਉਹ ਅੱਗੇ ਆ ਕੇ ਛਕੜੇ ਦੇ ਆਸ ਪਾਸ ਖੜ੍ਹੇ ਹੋ ਗਏ। ਕੋਜੂਖ ਉੱਛਲ ਕੇ, ਛੱਕੜੇ ਵਿੱਚ ਜਾ ਕੇ ਖੜ੍ਹਾ ਹੋ ਗਿਆ ਤੇ ਸਿਰ ਉੱਤੋਂ ਆਪਣਾ ਇੱਕ ਨਿਸ਼ਾਨੀ ਵਜੋਂ ਬਚਿਆ ਛਿੰਜਿਆ ਟੋਪ ਲਾਹ ਕੇ ਹੱਥ ਵਿੱਚ ਫੜ੍ਹ ਲਿਆ। ਤੇ ਉਸ ਦੀਆਂ ਅੱਖਾਂ ਸਾਹਮਣੇ ਖਲ੍ਹਤੇ ਲੋਹੇ ਵਰਗੇ ਜਵਾਨਾਂ, ਸਟੈਪੀ ਵਿੱਚ ਦੂਰ ਤੱਕ ਖਲ੍ਹਤੇ ਛੱਕੜਿਆਂ, ਬੇਅੰਤ ਮੁਰਝਾਏ ਚਿਹਰਿਆਂ ਵਾਲੇ ਰੀਫੂਜੀਆਂ ਜਿਨ੍ਹਾਂ ਦੇ ਘੋੜੇ ਹੁਣ ਨਾਲ ਨਹੀਂ ਸਨ, ਨੂੰ ਵੇਖਦਿਆਂ ਮੁੱਖ ਫ਼ੌਜਾਂ ਦੀਆਂ ਕਤਾਰਾਂ ਉੱਤੇ ਜਾ ਟਿਕੀਆਂ। ਅਖ਼ੀਰਲੇ ਕੁਝ ਡਾਵਾਂ ਡੋਲ ਜਿਹੇ ਦਿਸੇ। "ਉਹ ਢਹਿੰਦੀਆਂ ਕਲਾਂ ਵਿੱਚ ਸਨ ।"
ਉਹ ਅੰਦਰੋਂ ਕਿਸੇ ਡੂੰਘੇ ਤੇ ਗੁੱਝੇ ਸੰਤੋਖ ਨਾਲ ਜੋ ਉਹ ਆਪ ਵੀ ਮੰਨਣ ਨੂੰ ਤਿਆਰ ਨਹੀਂ ਸੀ, ਹਿੱਲਿਆ ਪਿਆ ਸੀ।
ਸਭਨਾਂ ਦੀਆਂ ਨਜ਼ਰਾਂ ਉਸ ਉੱਤੇ ਲੱਗੀਆਂ ਹੋਈਆਂ ਸਨ।
"ਸਾਥੀਓ..।" ਉਸ ਕਹਿਣਾ ਸ਼ੁਰੂ ਕੀਤਾ।
ਸਭ ਨੂੰ ਪਤਾ ਸੀ ਕਿ ਉਹ ਕੀ ਆਖਣ ਚੱਲਿਆ ਸੀ, ਪਰ ਫਿਰ ਵੀ ਉਹਨਾਂ ਅੰਦਰ ਅਚਾਨਕ ਜਿਉਂ ਇੱਕ ਚੰਗਿਆੜੀ ਜਿਹੀ ਚਮਕ ਗਈ।
“ਸਾਥੀਓ, ਅਸੀਂ ਚਾਰ ਪੰਜ ਸੌ ਮੀਲ ਠੰਡ ਤੇ ਕੱਕਰ ਵਿੱਚ, ਭੁੱਖੇ ਤੇ ਨੰਗੇ ਪੈਰੀਂ ਟੁਰਦੇ ਰਹੇ। ਕਸਾਕ ਪਾਗਲਾਂ ਵਾਂਗ ਸਾਡੇ ਪਿੱਛੇ ਲੱਗ ਗਏ। ਸਾਡੇ ਕੋਲ ਕੋਈ ਰਾਸ਼ਨ ਨਹੀਂ ਸੀ, ਨਾ ਰੋਟੀ, ਨਾ ਪਸ਼ੂਆਂ ਲਈ ਚਾਰੇ ਦੀ ਮੁੱਠ । ਕਈ ਸਾਡੇ ਵਿੱਚੋਂ ਵਿਛੜ ਗਏ, ਸੁੱਖੜ ਚਟਾਨਾਂ ਉੱਤੋਂ ਰਿੜ੍ਹ ਗਏ, ਦੁਸ਼ਮਣ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ, ਸਾਡੇ ਕੋਲ ਕਾਰਤੂਸ ਮੁੱਕ ਗਏ, ਸਾਨੂੰ ਸੱਖਣੇ ਹੱਥੀਂ ਗੁਜ਼ਾਰਾ ਕਰਨਾ ਪਿਆ।"
ਤੇ ਭਾਵੇਂ ਸਭ ਇਹ ਕੁਝ ਜਾਣਦੇ ਸਨ- ਪੂਰਾ ਹੰਢੇ ਵਰਤੇ ਸਨ ਉਹ ਤੇ ਭਾਵੇਂ ਕਈਆਂ ਨੂੰ ਇਹਨਾਂ ਗੱਲਾਂ ਦਾ ਪਤਾ ਹਜ਼ਾਰਾਂ ਬੰਦਿਆਂ ਕੋਲੋਂ ਸੁਣ ਸੁਣਾ ਕੇ ਲੱਗਾ ਸੀ- ਪਰ ਕੋਜੂਖਦੇ ਲਫਜ਼ਾਂ ਵਿੱਚ ਇੱਕ ਨਵੀਂ ਚਮਕ ਸੀ।
"ਬੱਚੇ ਸਾਡੇ ਵਿਚਾਰੇ ਖੱਡ ਵਿੱਚ ਹੀ ਰਹਿ ਗਏ।"
ਸਾਹਮਣੇ ਖਲ੍ਹਤੇ ਠਾਠਾਂ ਮਾਰਦੇ ਮਨੁੱਖੀ ਸਮੁੰਦਰ ਉੱਤੇ ਇੱਕ ਚੀਖ਼ ਜਿਹੀ ਤਰਦੀ, ਹਿਰਦਿਆਂ ਨੂੰ ਟੁੰਬਦੀ ਤੇ ਝੂਣਦੀ ਨਿਕਲ ਗਈ।
“ਸਾਡੇ ਬੱਚੇ.. ਆਹ... ਕਿਸਮਤ।"
ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਨੁੱਖੀ ਸਮੁੰਦਰ ਕੰਬ ਗਿਆ।
“ਸਾਡੇ ਬੱਚੇ.. ਸਾਡੇ ਬੱਚੇ...।’’
ਬੁੱਤ ਦਾ ਬੁੱਤ ਖੜ੍ਹਾ, ਉਸ ਉਹਨਾਂ ਦੇ ਚਿਹਰਿਆਂ ਵੱਲ ਵੇਖਿਆ, ਝੱਟ ਕੁ ਰੁੱਕਿਆ ਤੇ ਫਿਰ ਕਹਿਣ ਲੱਗਾ:
“ਤੇ ਸਾਡੇ ਕਿੰਨੇ ਹੀ ਬੰਦੇ ਗੋਲੀਆਂ ਦੇ ਭੁੰਨੇ ਸਟੈਪੀ ਵਿੱਚ, ਜੰਗਲਾਂ ਵਿੱਚ ਤੇ ਪਹਾੜਾਂ ਵਿੱਚ ਸਦਾ ਦੀ ਨੀਂਦ ਸੌਂ ਗਏ।"
ਸਾਰੇ ਨੰਗੇ ਸਿਰ ਸਨ ਤੇ ਸਾਰੀ ਭੀੜ ਉੱਤੇ ਅੰਤਾਂ ਦੀ ਖ਼ਾਮੋਸ਼ੀ ਛਾ ਗਈ ਤੇ ਇਸ ਖਾਮੋਸ਼ੀ ਵਿੱਚ ਨਿਕਲਦੇ ਤੀਵੀਂਆਂ ਦੇ ਡਸਕਰਿਆਂ ਦੀ ਆਵਾਜ਼ ਸੀ, ਕਿਸੇ ਮਾਤਮੀ ਗੀਤ ਵਾਂਗ ਕਬਰ ਉੱਤੇ ਪਏ ਫੁੱਲਾਂ ਵਾਂਗ ਰੋ ਰਹੀ ਸੀ।
ਕੋਜ਼ੂਖ ਸਿਰ ਝੁਕਾਈ ਝੱਟ ਖਲ੍ਹਤਾ ਰਿਹਾ; ਤੇ ਫਿਰ ਸਿਰ ਉਤਾਂਹ ਚੁੱਕ ਕੇ ਖਲਕਤ ਉੱਤੇ ਨਜ਼ਰ ਸੁੱਟਦਾ ਪੁੱਛਣ ਲੱਗਾ:
"ਕਿਸ ਗੱਲ ਲਈ ਸਾਡੇ ਹਜ਼ਾਰਾਂ ਤੇ ਲੱਖਾਂ ਲੋਕਾਂ ਨੇ ਇਹ ਤਸੀਹੇ ਤੇ ਕਲੇਸ਼ ਕੱਟੇ ? ਕਿਸ ਵਾਸਤੇ ?"
ਉਸ ਫਿਰ ਇੱਕ ਝਾਤ ਪਾਈ ਤੇ ਅਚਾਨਕ ਆਖਿਆ: "ਇੱਕ ਗੱਲ ਲਈ - ਸੋਵੀਅਤ ਸ਼ਕਤੀ ਲਈ ਕਿਉਂ ਜੋ ਇਹ ਸ਼ਕਤੀ ਕਿਰਸਾਨਾਂ ਤੇ ਕਿਰਤੀਆਂ ਦੀ ਸ਼ਕਤੀ ਹੈ। ਇਸ ਤੋਂ ਇਲਾਵਾ, ਹੋਰ ਕੋਈ ਗੱਲ ਨਹੀਂ।"
ਸਾਰਿਆਂ ਦੀਆਂ ਛਾਤੀਆਂ ਵਿੱਚੋਂ ਇੱਕ ਹਉਕਾ ਨਿਕਲ ਗਿਆ, ਜਿਸ ਨੂੰ ਰੋਕੀ ਰੱਖਣਾ ਉਹਨਾਂ ਦੇ ਵਸੋਂ ਬਾਹਰ ਦੀ ਗੱਲ ਸੀ; ਫ਼ੌਲਾਦੀ ਚਿਹਰਿਆਂ ਉੱਤੇ ਕੱਲਮ-ਕਾਰੇ ਹੰਝੂ ਵਹਿ ਤੁਰੇ ਤੇ ਸਾਰੇ ਚਿਹਰੇ ਡਬ ਡਬਾ ਆਏ, ਬੁੱਢੀਆਂ ਅੱਖਾਂ ਤੇ ਜਵਾਨ ਕੁੜੀਆਂ ਦੀਆਂ ਅੱਖਾਂ ਵਿੱਚ ਹੰਝੂ ਲਿਸ਼ਕਣ ਲੱਗ ਪਏ।
".. ਕਿਰਸਾਨਾਂ ਤੇ ਕਿਰਤੀਆਂ ਲਈ।"
"ਬਸ, ਇਹੀ ਹੈ ਸਭ ਕੁਝ। ਇਸੇ ਲਈ ਅਸਾਂ ਸੰਘਰਸ਼ ਕੀਤਾ, ਮਰੇ, ਬਰਬਾਦ ਹੋਏ ਤੇ ਆਪਣੇ ਬੱਚੇ ਗੁਆਏ।"
ਇੰਝ ਜਾਪਦਾ ਸੀ, ਜਿਉਂ ਸਭ ਦੀਆਂ ਅੱਖਾਂ ਉੱਘੜ ਗਈਆਂ ਹੋਣ, ਪਹਿਲੀ ਵੇਰ ਇਕ ਧੁੰਦ ਅੱਖਾਂ ਅੱਗੋਂ ਹੱਟ ਗਈ ਹੋਵੇ।
"ਮੇਰੇ ਚੰਗੇ ਲੋਕ, ਮੈਨੂੰ ਬੋਲਣ ਦਿਓ।" ਵੱਡੀ ਬੇਬੇ ਗੋਰਪੀਨਾ ਉੱਚੀ ਦੇਣੀ, ਨੱਕ ਸੁਣਕਦੀ ਤੇ ਛੱਕੜੇ ਵੱਲ ਧੱਕਮ ਧੱਕਾ ਕਰਦੀ ਪਹੀਆਂ ਨੂੰ ਫੜ੍ਹ ਕੇ ਬੋਲੀ। "ਮੈਨੂੰ ਬੋਲਣ ਦਿਓ ।"
"ਬੇਬੇ ਗੋਰਪੀਨਾ, ਝੱਟ ਸਾਹ ਲੈ, ਬਟਕੇ ਨੂੰ ਪਹਿਲਾਂ ਆਪਣੀ ਗੱਲ ਮੁਕਾ ਲੈਣ ਦੇ, ਫਿਰ ਤੂੰ ਬੋਲੀ ।"
"ਓ ਪਰਾਂਹ ਹੋ ਵੱਡਾ," ਬੁੱਢੀ ਕੂਹਣੀਆਂ ਸੱਜੇ ਖੱਬੇ ਮਾਰਦੀ ਗੱਡੇ ਉੱਤੇ ਜਾ ਚੜ੍ਹੀ - ਹੁਣ ਕੌਣ ਉਸ ਨੂੰ ਰੋਕ ਸਕਦਾ ਸੀ।
ਉਸ ਦਾ ਸਿਰ ਦਾ ਰੁਮਾਲ ਲੀਰਾਂ ਲੀਰਾਂ ਹੋਇਆ ਹੋਇਆ ਸੀ ਤੇ ਵਿੱਚੋਂ ਚਿੱਟੀਆਂ ਲਿਟਾਂ ਨਿਕਲ ਨਿਕਲ ਉੱਡ ਰਹੀਆਂ ਸਨ। ਉਹ ਉੱਚਾ ਉੱਚਾ ਬੋਲਣ ਲੱਗ ਪਈ:
"ਸੁਣੋ, ਚੰਗੇ ਲੋਕ ਸੁਣੋ ! ਅਸੀਂ ਚੁੱਲ੍ਹਿਆਂ ਉੱਤੇ ਸਮੇਵਾਰ ਛੱਡ ਆਏ। ਜਦ ਮੇਰਾ ਵਿਆਹ ਹੋਣ ਲੱਗਾ ਸੀ, ਇਹ ਮੈਨੂੰ ਮੇਰੀ ਮਾਂ ਨੇ ਦਿੱਤਾ ਸੀ - ਦਾਜ ਵਿੱਚ। ਉਸ ਆਖਿਆ
ਸੀ, 'ਇਸ ਨੂੰ ਆਪਣੇ ਕਲੇਜੇ ਨਾਲ ਲਾ ਕੇ ਰੱਖੀਂ। ਪਰ ਇਹ ਖੁੱਸ ਗਿਆ ਚਲੋ ਖੁਸ ਜਾਣ ਦਿਓ! ਜੀਉਂਦੀ ਰਹੇ ਸਾਡੀ ਸ਼ਕਤੀ ਤੇ ਜੀਵੇ ਸਾਡਾ ਦੇਸ਼ ਸਾਰੀ ਹਯਾਤੀ ਕੰਮ ਕਰ ਕਰ ਕੇ ਸਾਡੇ ਲੱਕ ਦੂਹਰੇ ਹੋ ਗਏ ਤੇ ਅਸਾਂ ਸੁੱਖ ਦਾ ਸਾਹ ਨਾ ਲਿਆ ਤੇ ਮੇਰੇ ਬੱਚਿਓ... ਮੇਰੇ ਬੱਚਿਓ...।"
ਬੁੱਢੀ ਵਿਚਾਰੀ ਗਮਾਂ ਦੀ ਮਾਰੀ ਡਸਕੋਰਿਆਂ ਵੱਸ ਪੈ ਗਈ, ਜਾਂ ਖਬਰੇ ਅੰਦਰਲਾ ਚਾਅ ਉੱਛਲ ਕੇ ਉੱਪਰ ਆ ਗਿਆ, ਉਸ ਨੂੰ ਹਾਲਾਂ ਕੁਝ ਸਮਝ ਨਹੀਂ ਸੀ ਆ ਰਿਹਾ।
ਫਿਰ ਸਾਰੇ ਸਮੁੰਦਰ ਵਿੱਚ ਜਿਉਂ ਖੁਸ਼ੀ ਦੀਆਂ ਲਹਿਰਾਂ ਪਰਲ ਪਰਲ ਕਰਦੀਆਂ ਦੂਰ ਤੱਕ ਥਿਰਕਦੀਆਂ ਲੰਘ ਗਈਆਂ। ਉਦਾਸ ਤੇ ਥਿੜਕਦਾ ਗੋਰਪੀਨਾ ਦਾ ਬੁੱਢਾ ਖਾਵੰਦ, ਛੱਕੜੇ ਵਿੱਚ ਜਾ ਚੜ੍ਹਿਆ ਤੇ ਲੋਕ ਉਸ ਬੁੱਢੇ ਨੂੰ, ਇਸ ਪੁਰਾਣੀ ਕਾਠੀ ਵਾਲੇ ਸਰੀਰ ਨੂੰ, ਜਿਸ ਦੀਆਂ ਝੁਰੜੀਆਂ ਵਿੱਚ ਕਾਲੀ ਧਰਤੀ ਦੀ ਮਿੱਟੀ ਦੀਆਂ ਲਕੀਰਾਂ ਜਾ ਛੁਪੀਆਂ ਸਨ ਤੇ ਜਿਸ ਦੇ ਹੱਥ ਸੁੰਮਾਂ ਵਰਗੇ ਕਰੜੇ ਹੋਏ ਹੋਏ ਸਨ, ਹੇਠਾਂ ਨਾ ਧੂਹ ਕੇ ਲਾਹ ਸਕੇ।
ਉਹ ਛੱਕੜੇ ਉੱਤੇ ਜਾ ਕੇ ਖਲ੍ਹੋ ਗਿਆ। ਉਸ ਨੂੰ ਆਪ ਨੂੰ ਵੀ ਪਤਾ ਨਹੀਂ ਸੀ ਲੱਗਦਾ ਕਿ ਉਹ ਏਨਾ ਉੱਚਾ ਜਾ ਖਲ੍ਹਤਾ ਸੀ । ਉਸ ਦੀ ਖਹੁਰੀ ਆਵਾਜ਼ ਇਉਂ ਚੀਖ਼ੀ ਜਿਉਂ ਕਿਸੇ ਛੱਕੜੇ ਦੇ ਪਹੀਆਂ ਨੂੰ ਤੇਲ ਦਾ ਮੂੰਹ ਵੇਖਿਆਂ ਵਰ੍ਹੇ ਲੰਘ ਗਏ ਹੋਣ।
"ਸਾਡਾ ਘੋੜਾ ਬੁੱਢਾ ਸੀ, ਪਰ ਤਗੜਾ ਸੀ । ਖਾਨਾ ਬਦੋਸ਼ਾਂ ਨੂੰ ਤੁਸੀਂ ਜਾਣਦੇ ਹੋ ਘੋੜਿਆਂ ਦੀ ਬੜੀ ਪਛਾਣ ਹੁੰਦੀ ਹੈ, ਉਸ ਦੇ ਮੂੰਹ ਵਿੱਚ ਤੇ ਪੂਛ ਹੇਠਾਂ ਝਾਕ ਕੇ ਆਖਦੇ ਸਨ ਕਿ ਉਹ ਦਸਾਂ ਵਰ੍ਹਿਆਂ ਦਾ ਸੀ, ਪਰ ਉਹ ਤੇਈਆਂ ਦਾ ਸੀ । ਉਸ ਦੇ ਦੰਦੇ ਏਨੇ ਪੱਕੇ ਸਨ ।"
ਬੁੱਢਾ ਹੱਸਣ ਲੱਗ ਪਿਆ, ਪਹਿਲੀ ਵੇਰ ਹੱਸਿਆ ਸੀ।
ਆਪਣੀਆਂ ਅੱਖਾਂ ਸਕੋੜਦਾ ਤੇ ਝੁਰੜੀਆਂ ਇਕੱਠੀਆਂ ਕਰਦਾ, ਉਹ ਚਾਤੁਰ ਕਾਂ ਬੱਚਿਆਂ ਵਾਂਗ ਸ਼ਰਾਰਤ ਵਜੋਂ ਹੱਸਣ ਲੱਗ ਪਿਆ। ਉਸ ਦਾ ਇਸ ਤਰ੍ਹਾਂ ਹੱਸਣਾ, ਉਸ ਦੀ ਖਹੁਰੀ ਕਰੜੀ ਸ਼ਕਲ ਸੂਰਤ ਨਾਲ ਮੇਲ ਨਹੀਂ ਸੀ ਖਾ ਰਿਹਾ।
ਤੇ ਬੇਬੇ ਗੋਰਪੀਨਾ ਨੇ ਠਠੰਬਰੀ ਹੋਈ ਨੇ ਆਪਣੀਆਂ ਪਿੰਡਲੀਆਂ ਫੜ੍ਹ ਲਈਆਂ।
“ਓ... ਰੱਬਾ ਮੇਰਿਆ, ਚੰਗੇ ਲੋਕ, ਕੀ ਹੋ ਗਿਆ ਏ। ਉਹ ਸਾਰੀ ਉਮਰ ਖਾਮੋਸ਼ ਰਿਹਾ, ਬਿਲਕੁਲ ਵੱਟੇ ਦਾ ਵੱਟਾ । ਚੁਪ ਚੁਪੀਤੇ ਉਸ ਮੇਰੇ ਨਾਲ ਵਿਆਹ ਕੀਤਾ, ਪ੍ਰੇਮ ਕੀਤਾ, ਚੁੱਪ ਚੁਪੀਤੇ ਕੁੱਟਿਆ, ਤੇ ਅੱਜ ਉਹ ਬੋਲਣ ਲੱਗ ਪਿਆ। ਖਬਰੇ ਰੱਬ ਦੀ ਕੀ ਮਰਜ਼ੀ ਹੈ ? ਸੁੱਖ ਹੋਵੇ।"
ਬੁੱਢੇ ਨੇ ਹੱਥ ਮਾਰ ਕੇ ਜਿਉਂ ਝੁਰੜੀਆਂ ਦੇ ਜਾਲੇ ਮੂੰਹ ਤੋਂ ਹੂੰਝ ਕੇ ਪਰ੍ਹੇ ਸੁੱਟ ਦਿੱਤੇ ਤੇ ਅੱਖਾਂ ਸਕੋੜਦਾ ਫਿਰ ਸੁੱਕੇ ਖੁਸ਼ਕ ਪਹੀਆਂ ਵਾਲਾ ਛੱਕੜਾ ਜਿਉਂ ਸਟੈਪੀ ਵਿੱਚ ਵਗ ਤੁਰਿਆ:
“ਘੋੜਾ ਮਾਰਿਆ ਗਿਆ। ਜੋ ਕੁਝ ਛੱਕੜੇ ਵਿੱਚ ਸੀ, ਸਭ ਜਾਂਦਾ ਰਿਹਾ, ਛੱਕੜਾ ਪਿੱਛੇ ਰਹਿ ਗਿਆ । ਸਾਨੂੰ ਪੈਦਲ ਟੁਰਨਾ ਪਿਆ। ਜੇਤਰਾ ਸਾਜ਼ ਵੀ ਲਾਹ ਕੇ ਪਰੇ ਸੁੱਟ ਦਿੱਤੇ। ਬੀਵੀ ਦਾ ਸਮੋਵਾਰ ਤੇ ਹੋਰ ਘਰ ਦਾ ਗੁੱਦੜ ਗਾਹ ਸਭ ਛੱਡ ਦਿੱਤੇ, ਪਰ ਮੈਨੂੰ ਰੱਬ ਜਾਣਦਾ ਏ," ਉਹ ਦੇਵ ਵਾਂਗ ਗੱਜਦਾ ਆਖਣ ਲੱਗਾ, "ਜ਼ਰਾ ਅਫ਼ਸੋਸ ਨਹੀਂ ਹੋਇਆ । ਰੁੜ੍ਹ ਜਾਣ
ਦਿਓ, ਜੋ ਰੁੜ੍ਹ ਗਿਆ। ਕੋਈ ਅਫ਼ਸੋਸ ਨਹੀਂ ਕਿਉਂਕਿ ਹੁਣ ਸਾਡੀ ਆਪਣੀ ਕਿਰਸਾਨਾਂ ਦੀ ਸ਼ਕਤੀ ਸਾਹਮਣੇ ਆਈ ਹੈ। ਇਸ ਦੇ ਬਗੈਰ ਅਸੀਂ ਕੀ ਸਾਂ, ਸੜਦੀਆਂ ਲਾਸ਼ਾਂ, ਚਿੱਕੜ ਵਿੱਚ ਖੁੱਭੀਆਂ ਹੋਈਆਂ ।" ਫਿਰ ਉਹ ਰੋਣ ਲੱਗ ਪਿਆ ਤੇ ਹੰਝੂਆਂ ਦੇ ਟੇਪੇ ਉਸ ਦੀਆਂ ਬੁੱਢੀਆਂ ਅੱਖਾਂ ਵਿੱਚੋਂ ਛੱਕੜੇ ਵਿੱਚ ਡਿੱਗਣ ਲੱਗ ਪਏ।
ਇੱਕ ਜ਼ੋਰ ਦੀ ਹੋ.. ਹਾ... ਹਾ.. ਕਰਦੀ ਆਵਾਜ਼ ਉੱਠਦੀ ਤੇ ਸਭ ਦੇ ਸਿਰਾਂ ਉੱਤੋਂ ਗੂੰਜਦੀ ਲੰਘ ਗਈ:
"ਹਾਂ! ਇਹ ਸਾਡੀ ਆਪਣੀ ਸ਼ਕਤੀ ਹੈ। ਯੁੱਗ ਯੁੱਗ ਜੀਵੇ ਸੋਵੀਅਤ ਸ਼ਕਤੀ।"
"ਇਹੀ ਖੁਸ਼ੀ ਹੈ।" ਇਹ ਅਹਿਸਾਸ ਕੋਜੂਖ ਦੀ ਛਾਤੀ ਵਿਚ ਲਾਟ ਵਾਂਗ ਬਲ ਰਿਹਾ ਸੀ, ਤੇ ਉਸ ਦੇ ਜਬਾੜੇ ਕੰਬ ਉੱਠੇ।
"ਇਹੀ ਹੈ ਸਭ ਕੁਝ ਹੋਰ ਕੁਝ ਨਹੀਂ।" ਫਟੇ ਹਾਲ ਲੋਕਾਂ ਦੀ ਚਿਰ ਤਾਂਘਦੀ ਉਡੀਕ ਨੂੰ ਇਕ ਖੁਸ਼ੀ ਝੂਣ ਗਈ। "ਇਸੇ ਦੀ ਭਾਲ ਵਿੱਚ ਅਸੀਂ ਭੁੱਖੇ, ਨੰਗੇ ਤੇ ਥੱਕੇ ਟੁੱਟੇ, ਜੰਗਲ ਬੇਲੇ ਤੇ ਪਹਾੜ ਗਾਂਹਦੇ ਰਹੇ - ਸਿਰਫ਼ ਆਪਣੀਆਂ ਜਾਨਾਂ ਬਚਾਣ ਲਈ ਨਹੀਂ।"
ਤੇ ਮਾਵਾਂ, ਟੁੱਟੇ ਦਿਲ ਤੇ ਗਿੱਲੀਆਂ ਅੱਖਾਂ ਠੀਕ ਹੈ, ਕਦੇ ਨਹੀਂ ਭੁੱਲ ਸਕਦੀਆਂ, ਉਹਨਾਂ ਭੁੱਖੇ ਤੇ ਤਸੀਹੇ ਭਰੇ ਦਿਨਾਂ ਨੂੰ ਹੋ ਨਹੀਂ ਸਕਦਾ ਕਿ ਭੁੱਲ ਜਾਣ। ਪਰ ਉਹ ਕਰੁਣਾ ਦੀ ਮੂਰਤ ਚਿਹਰੇ, ਉਹ ਦੁਖਦਾਈ ਥਾਵਾਂ, ਉਹਨਾਂ ਦੀਆਂ ਭਿਆਨਕ ਯਾਦਾਂ ਉਹ ਵੀ ਅੱਜ ਗੂੰਗੀਆਂ ਹੋਈਆਂ ਪਈਆਂ ਸਨ ਤੇ ਉਸ ਮਿੱਠੇ ਮਿੱਠੇ ਸੋਗ ਵਿੱਚ ਵੀ, ਕੋਈ ਅਜਿਹੀ ਉੱਚੀ ਚੀਜ਼ ਆ ਰਲੀ ਸੀ, ਜੋ ਲੋਕਾਂ ਦੇ ਹਿਰਦਿਆਂ ਵਿੱਚ ਤੇ ਦੂਰ ਦੂਰ ਫੈਲੀ ਸਟੈਪੀ ਵਿੱਚ ਧੜਕ ਰਹੀ ਸੀ।
ਤੇ ਉਹ ਜਿਨ੍ਹਾਂ ਕੱਪੜੇ ਪਾਏ ਹੋਏ ਤੇ ਜਿੰਨਾਂ ਦੀ ਖਾਧ-ਖੁਰਾਕ ਵੀ ਚੰਗੀ ਰਹੀ ਸੀ, ਤੇ ਜੋ ਲਿਸੇ ਨੰਗੇ ਫ਼ੌਲਾਦੀ ਕਤਾਰ ਦੇ ਸਾਹਮਣੇ ਖਲ੍ਹਤੇ ਹੋਏ ਸਨ ਇਸ ਜਿੱਤ ਦੇ ਸਾਹਮਣੇ ਜਿਸ ਵਿੱਚ ਉਹਨਾਂ ਕੋਈ ਹਿੱਸਾ ਨਹੀਂ ਸੀ ਲਿਆ, ਯਤੀਮ ਲੱਗਦੇ ਸਨ ਤੇ ਬਿਨਾਂ ਕਿਸੇ ਸ਼ਰਮ ਦੇ, ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਡੁਲ੍ਹਕਣ ਲੱਗ ਪਏ ਤੇ ਉਹ ਆਪਣੀਆਂ ਕਤਾਰਾਂ ਤੋੜ ਕੇ ਜਿਉਂ ਹੜ੍ਹ ਹੱਦ ਬੰਨੇ ਤੋੜ ਕੇ ਅੱਗੇ ਵੱਧ ਰਿਹਾ ਹੋਵੇ, ਉਸ ਛੱਕੜੇ ਵੱਲ ਵੱਧ ਗਏ, ਜਿਸ ਉੱਤੇ ਪਾਟੇ ਕੱਪੜਿਆਂ, ਵਾਹਣੇ ਪੈਰ ਤੇ ਲਿੱਸਾ ਪਿਆ ਕੱਖ ਖਲ੍ਹਤਾ ਹੋਇਆ ਸੀ ਤੇ ਸਟੈਪੀ ਦੀਆਂ ਦੂਰ ਹੱਦਾਂ ਤੱਕ ਉਹਨਾਂ ਦੀ ਆਵਾਜ਼ ਗੂੰਜਦੀ ਲੰਘ ਗਈ
"ਬਟਕੋ... ਜਿੱਥੇ ਜੀ ਕਰਦਾ ਏ ਤੇਰਾ, ਸਾਨੂੰ ਲੈ ਜਾ। ਅਸੀਂ ਜਾਨਾਂ ਦੇਣ ਨੂੰ ਤਿਆਰ ਹਾਂ.....।"
ਹਜ਼ਾਰਾਂ ਹੱਥ ਉਸ ਵੱਲ ਵੱਧ ਗਏ। ਉਸ ਨੂੰ ਖਿੱਚ ਕੇ ਹੇਠਾਂ ਲਾਹ ਲਿਆ ਗਿਆ। ਆਪਣੇ ਸਿਰਾਂ ਉੱਤੇ ਬਿਠਾਈ ਉਹ ਲੈ ਟੁਰੇ। ਤੇ ਆਵਾਜ਼ਾਂ ਦੀ ਹੈ. ਹਾ ਹਾ ਹਾ, ਸਾਰੀ ਸਟੈਪੀ ਨੂੰ ਝੂਣਦੀ ਮੀਲਾਂ ਤੱਕ ਗੂੰਜਦੀ ਨਿਕਲ ਗਈ।
"ਹੁੱਰਾਹ..ਰਾ.. ਹ! ਹੁੱਰਾਹ.. ਹ. ਹਾ.. ਹਾ ਸਾਡਾ ਬਟਕੋ... ਕੋਜ਼ੂਖ।"
ਕੋਜੂਖ ਲੋਕਾਂ ਦੇ ਹੱਥਾਂ ਵਿੱਚ ਚੁੱਕਿਆ, ਸਿਪਾਹੀਆਂ ਦੀਆਂ ਕਤਾਰਬੱਧ ਪੰਗਤਾਂ,
ਤੋਪਖਾਨੇ ਦੀਆਂ ਕਤਾਰਾਂ, ਘੜਿਆਂ ਦੇ ਦਸਤਿਆਂ ਵਿੱਚੋਂ ਲੰਘਦਾ ਗਿਆ। ਘੋੜਸਵਾਰ ਘੋੜਿਆਂ ਉੱਤੇ ਬੈਠ ਲਿਸ਼ਲਿਸ਼ ਕਰਦੀਆਂ ਅੱਖਾਂ ਨਾਲ ਕੋਲੋਂ ਲੰਘਦੇ ਕੋਜ਼ੂਖ ਨੂੰ ਵੇਖੀ ਜਾ ਰਹੇ ਸਨ ਤੇ ਪੂਰਾ ਪੂਰਾ ਮੂੰਹ ਖੋਲ੍ਹੀ ਲਗਾਤਾਰ ਚੀਖੀ ਜਾ ਰਹੇ ਸਨ- "ਹੁੱਰਾਹ ਹ ਕੋਜ਼ੂਖ।"
ਉਸ ਨੂੰ ਚੁੱਕੀ ਚੁੱਕੀ, ਛੱਕੜਿਆਂ ਵਿੱਚੋਂ, ਰੀਫ਼ੂਜੀਆਂ ਵਿੱਚ ਲੈ ਗਏ ਤੇ ਮਾਵਾਂ ਆਪਣਿਆਂ ਬੱਚਿਆਂ ਨੂੰ ਚੁੱਕ ਚੁੱਕ ਉਸ ਦੇ ਅੱਗੇ ਕਰਨ ਲੱਗ ਪਈਆਂ।
ਉਹ ਉਸ ਨੂੰ ਫਿਰ ਚੁੱਕੀ ਚੁੱਕੀ ਛੱਕੜੇ ਵੱਲ ਲੈ ਗਏ ਤੇ ਲਿਜਾ ਕੇ ਖੜ੍ਹਾ ਕਰ ਦਿੱਤਾ।
ਕੋਜੂਖ ਨੇ ਕੁਝ ਬੋਲਣ ਲਈ ਆਪਣਾ ਮੂੰਹ ਖੋਲ੍ਹਿਆ ਤੇ ਸਾਰਿਆਂ ਦੀਆਂ ਅੱਖਾਂ ਇੰਝ ਅੱਡੀਆਂ ਗਈਆਂ, ਜਿਉਂ ਉਸ ਨੂੰ ਪਹਿਲੀ ਵੇਰ ਵੇਖ ਰਹੇ ਹੋਣ।
"ਵੇਖੋ, ਉਸ ਦੀਆਂ ਅੱਖਾਂ ਨੀਲੀਆਂ ਨੇ ।"
ਉਹਨਾਂ ਉੱਚਾ ਨਾ ਆਖਿਆ, ਕਿਉਂ ਜੋ ਉਹ ਏਨੇ ਸਿੱਧੇ ਸਾਦੇ ਸਨ ਕਿ ਆਪਣੇ ਮਨ ਦੀ ਗੱਲ ਲਫਜ਼ਾਂ ਰਾਹੀਂ ਨਹੀਂ ਸਨ ਦੱਸ ਸਕਦੇ, ਪਰ ਇਹ ਸੱਚ ਸੀ ਕਿ ਉਸ ਦੀਆਂ ਅੱਖਾਂ ਨੀਲੀਆਂ ਨੀਲੀਆਂ ਲੱਗਦੀਆਂ ਸਨ ਤੇ ਇੱਕ ਭੋਲੇ ਭਾਲੇ ਬੱਚੇ ਵਰਗੀ ਮੁਸਕਾਨ ਘੁਲੀ ਹੋਈ ਸੀ - ਉਹਨਾਂ ਉੱਚੀ ਦੇਣੀ ਨਾ ਆਖਿਆ, ਪਰ ਇਸ ਦੇ ਬਜਾਏ ਉਹ ਗੱਜ ਉੱਠੇ:
“ਹੁੱਰਾਹ.. ਹਾ.. ਸਾਡਾ ਬਟਕੇ ਯੁੱਗ ਯੁੱਗ ਜੀਵੇ ਸਾਡਾ ਬਟਕੋ ਅਸੀਂ ਉਸ ਦੇ ਮਗਰ ਮਗਰ ਟੁਰਦੇ ਦੁਨੀਆਂ ਦੇ ਦੂਜੇ ਸਿਰੇ ਤਕ ਟੁਰੇ ਜਾਵਾਂਗੇ। ਅਸੀਂ ਸੋਵੀਅਤ ਸ਼ਕਤੀ ਲਈ ਲੜਾਂਗੇ। ਅਸੀਂ ਜਿਮੀਂਦਾਰਾਂ, ਜਰਨੈਲਾਂ, ਅਫ਼ਸਰਾਂ ਨਾਲ ਟੱਕਰ ਲਵਾਂਗੇ।"
ਤੇ ਕੋਜੂਖ ਨੇ ਆਪਣੀਆਂ ਨੀਲੀਆਂ ਨੀਲੀਆਂ ਅੱਖਾਂ ਵਿੱਚ ਉਹਨਾਂ ਵੱਲ ਤੱਕਿਆ, ਜਦ ਕਿ ਉਸ ਦੇ ਅੰਦਰ ਵਿਚਾਰ ਇੱਕ ਲਾਟ ਵਾਂਗ ਬਲ ਰਿਹਾ ਸੀ।
"ਨਾ ਮੇਰੀ ਮਾਂ ਹੈ, ਨਾ ਪਿਓ ਤੇ ਨਾ ਬੀਵੀਂ। ਮੇਰੇ ਕੋਲ ਬਸ ਏਹੀ ਨੇ, ਜਿੰਨ੍ਹਾਂ ਨੂੰ ਮੈਂ ਮੌਤ ਦੇ ਮੂੰਹ ਵਿੱਚੋਂ ਲੈ ਕੇ ਲੰਘਿਆ ਹਾਂ। ਮੈਂ ਈ ਆਪ ਇਹਨਾਂ ਨੂੰ ਆਪਣੇ ਨਾਲ ਲੈ ਕੇ ਟੁਰਿਆ ਹਾਂ। ਤੇ ਹਾਲਾਂ ਵੀ ਲੱਖਾਂ ਬੰਦੇ ਨੇ ਜਿਹਨਾਂ ਦੀਆਂ ਧੌਣਾਂ ਫੱਦੇ ਵਿੱਚ ਫਸੀਆਂ ਹੋਈਆਂ ਨੇ ਤੇ ਮੈਂ ਉਹਨਾਂ ਲਈ ਲੜਾਂਗਾ। ਇਹੀ ਨੇ ਮੇਰੇ ਪਿਤਾ, ਮੇਰਾ ਘਰ, ਮੇਰੀ ਮਾਂ, ਮੇਰੀ ਬੀਵੀਂ, ਮੇਰੇ ਬੱਚੇ । ਮੈਂ, ਮੈਂ, ਮੈਂ ਬਚਾ ਲਿਆ ਹੈ ਇਹਨਾਂ ਹਜ਼ਾਰਾਂ ਤੇ ਲੱਖਾਂ ਲੋਕਾਂ ਨੂੰ ਭਿਆਨਕ ਮੌਤ ਤੋਂ"
ਇਹ ਬੋਲ ਉਸ ਦੇ ਦਿਲ ਅੰਦਰ ਚੰਗਿਆੜੀਆਂ ਵਾਂਗ ਭੱਖ ਰਹੇ ਸਨ, ਜਦ ਕਿ ਉਸ ਦੇ ਹੋਂਠ ਆਖ ਰਹੇ ਸਨ
"ਸਾਥਿਓ!"
ਪਰ ਹੋਰ ਵਧੇਰੇ ਕੁਝ ਆਖਣ ਲਈ ਉਸ ਕੋਲ ਸਮਾਂ ਨਾ ਰਿਹਾ। ਸਿਪਾਹੀਆਂ ਦੀ ਭੀੜ ਨੂੰ ਸੱਜੇ ਖੱਬੇ ਧੱਕਦੀ, ਮਲਾਹਾਂ ਦੀ ਵਹੀਰ ਦੀ ਵਹੀਰ ਅੱਗੇ ਆ ਪਹੁੰਚੀ! ਚਾਰੇ ਪਾਸੇ ਗੋਲ ਟੋਪੀਆਂ ਹੀ ਟੋਪੀਆਂ ਤੇ ਲਟਕਦੇ ਰਿਬਨ ਫੜ-ਫੜਾਨ ਲੱਗ ਪਏ। ਉਹ ਧੱਕਮ-ਧੱਕਾ ਕਰਦੇ ਛੱਕੜੇ ਕੋਲ ਜਾ ਪਹੁੰਚੇ।
ਕੋਜੂਖ ਸਹਿਜ ਸੁਭਾ ਉਹਨਾਂ ਵੱਲ ਵੇਖਦਾ ਰਿਹਾ; ਉਸ ਦੀਆਂ ਅੱਖਾਂ ਫ਼ੌਲਾਦ ਵਾਂਗ ਚਮਕ ਰਹੀਆਂ ਸਨ, ਚਿਹਰਾ ਲੋਹੇ ਵਰਗਾ ਹੋਇਆ ਹੋਇਆ ਸੀ ਤੇ ਜਬਾੜੇ ਘੁੱਟੇ ਗਏ ਸਨ।
ਉਹ ਬਿਲਕੁਲ ਛੱਕੜੇ ਦੇ ਨੇੜੇ ਢੁੱਕ ਗਏ, ਬਸ ਵਿਚਕਾਰ ਇੱਕ ਪਤਲੀ ਜਿਹੀ ਕਤਾਰ ਸਿਪਾਹੀਆਂ ਦੀ ਖਲ੍ਹਤੀ ਹੋਈ ਸੀ । ਫਿਰ ਉਹ ਹੜ੍ਹ ਦੇ ਪਾਣੀ ਵਾਂਗ, ਹੱਦ ਬੰਨੇ ਤੋੜ ਕੇ, ਚਾਰੇ ਪਾਸੇ ਖਿਲਰ ਗਏ, ਗੋਲ ਗੋਲ ਟੋਪੀਆਂ ਤੇ ਫੜ ਫੜਾਂਦੇ ਰਿਬਨ ਕਾਲਾ ਛੱਕੜਾ ਤੇ ਵਿਚ ਖਲ੍ਹਤਾ ਕੋਜੂਖ ਘਿਰੇ ਹੋਏ ਇੱਕ ਟਾਪੂ ਵਾਂਗ ਲੱਗਦੇ ਸਨ।
ਇੱਕ ਭਾਰੇ ਜਿਹੇ ਚੌੜੇ ਮੋਢਿਆਂ ਵਾਲੇ ਮਲਾਹ ਨੇ ਜਿਸ ਕਾਰਤੂਸਾਂ ਦੀ ਪੇਟੀ ਦੋ ਰੀਵਾਲਵਰ, ਤੇ ਦੋ ਹੱਥ ਗੋਲੇ ਲਟਕਾਏ ਹੋਏ ਸਨ, ਛੱਕੜੇ ਨੂੰ ਜਾ ਹੱਥ ਪਾਇਆ। ਛੱਕੜਾ ਹਿਲ ਗਿਆ ਤੇ ਚੀਂ ਚੀਂ ਕਰ ਉੱਠਿਆ। ਉਹ ਛਾਲ ਮਾਰਦਾ ਛੱਕੜੇ ਵਿੱਚ ਕੋਜੂਖਦੇ ਨਾਲ ਢੁੱਕ ਕੇ ਖੜ੍ਹਾ ਹੋ ਗਿਆ, ਆਪਣੀ ਰਿਬਨਾਂ ਵਾਲੀ ਗੋਲ ਟੋਪੀ ਲਾਹ ਕੇ ਹੱਥ ਵਿੱਚ ਫੜ੍ਹ ਲਈ ਤੇ ਇੱਕ ਭਾਰੀ ਆਵਾਜ਼ ਵਿੱਚ ਜੋ ਸਮੁੰਦਰੀ ਹਵਾ ਤੇ ਖਾਰੇ ਪਾਣੀਆਂ ਦੀ ਯਾਦ ਕਰਾਂਦੀ ਸੀ, ਗੱਜਿਆ:
"ਸਾਥੀਓ! ਅਸੀਂ ਮਲਾਹ ਇਨਕਲਾਬੀ ਕੋਜੂਖ ਤੇ ਤੁਹਾਡੇ ਅੱਗੇ ਆਪਣਾ ਕਸੂਰ ਕਬੂਲ ਕਰਦੇ ਹਾਂ। ਅਸਾਂ ਉਸ ਨੂੰ ਨੁਕਸਾਨ ਪਹੁੰਚਾਇਆ, ਜਦ ਕਿ ਉਹ ਲੋਕਾਂ ਨੂੰ ਬਚਾਣ ਵਿੱਚ ਜੁਟਿਆ ਹੋਇਆ ਸੀ। ਅਸਾਂ ਉਸ ਦੀ ਕੋਈ ਮਦਦ ਨਾ ਕੀਤੀ, ਸਗੋਂ ਨੁਕਤਾਚੀਨੀ ਕੀਤੀ ਤੇ ਅਸੀਂ ਹੁਣ ਮਹਿਸੂਸ ਕਰਦੇ ਹਾਂ ਕਿ ਅਸਾਂ ਬੜਾ ਗਲਤ ਕੰਮ ਕੀਤਾ ਸੀ । ਅਸੀਂ ਸਾਰੇ ਮਲਾਹ ਇੱਥੇ ਤੁਹਾਡੇ ਸਾਹਮਣੇ ਇਕੱਤਰ ਹੋ ਕੇ ਸਾਥੀ ਕੋਜੂਖ ਅੱਗੇ ਆਪਣਾ ਸਿਰ ਝੁਕਾਂਦੇ ਹਾਂ ਤੇ ਤਹਿ ਦਿਲ ਤੋਂ ਆਖਦੇ ਹਾਂ: ਸਾਨੂੰ ਬਹੁਤ ਦੁੱਖ ਹੈ, ਸਾਡੇ ਨਾਲ ਨਾਰਾਜ਼ ਨਾ ਹੋਵੇ।"
ਪਿੱਛੋਂ ਜਿਉਂ ਹਜ਼ਾਰਾਂ ਆਵਾਜ਼ਾਂ ਇੱਕ ਵਾਰ ਗਰਜ ਉੱਠੀਆਂ:
"ਸਾਥੀ ਕੋਜੂਖ, ਸਾਨੂੰ ਬਹੁਤ ਅਫਸੋਸ ਹੈ, ਸਾਨੂੰ ਮਾਫ਼ ਕਰ ਦਿਓ।"
ਤਗੜੇ ਹੱਥਾਂ ਨੇ ਕੋਜ਼ੂਖ ਨੂੰ ਚੁੱਕ ਲਿਆ ਤੇ ਹੱਥੋਂ ਹੱਥ ਉਛਾਲਣਾ ਸ਼ੁਰੂ ਕਰ ਦਿੱਤਾ।
ਕੋਜੂਖ ਮਨੁੱਖੀ ਹੱਥਾਂ ਵਿੱਚ ਜਿਉਂ ਤਰਦਾ ਜਾ ਰਿਹਾ ਸੀ, ਕਦੇ ਹੇਠਾਂ ਹੋ ਜਾਂਦਾ ਤੇ ਕਦੇ ਉੱਪਰ ਆ ਜਾਂਦਾ ਤੇ ਕਦੇ ਬਿਲਕੁਲ ਦਿੱਸਦਾ ਹੀ ਨਾ-ਸਟੈਪੀ, ਆਕਾਸ਼ ਤੇ ਲੋਕ ਇੰਝ ਜਾਪਦੇ ਸਨ, ਜਿਉਂ ਸਾਰੇ ਰਲ ਕੇ ਛੱਕੜੇ ਦੇ ਪਹੀਏ ਉਡਾਈ ਲਈ ਜਾ ਰਹੇ ਹੋਣ।
“ਓਏ ਮਾਰ ਦਿਓਗੇ ਮੈਨੂੰ ਕੁੱਤੀ ਦੇ ਪੁੱਤੋ, ਆਂਦਰਾਂ ਬਾਹਰ ਕੱਢ ਛੱਡੀਆਂ ਜੋ ਮੇਰੀਆਂ।"
ਤੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਭ ਕੁਝ ਤੋੜਦੀ ਭੰਨਦੀ ਜਿਉਂ ਇੱਕੋ ਆਵਾਜ਼ ਗੂੰਜੀ:
"ਹੁੱਰਾਹ... ਸਾਡਾ ਬਟਕੇ ਜ਼ਿੰਦਾਬਾਦ! ਹੁੱਰਾ ਹ.ਹ।"
ਜਦ ਫਿਰ ਉਸ ਨੂੰ ਛੱਕੜੇ ਵਿੱਚ ਖੜ੍ਹਾ ਕਰ ਦਿੱਤਾ ਗਿਆ, ਤਾਂ ਕੋਜ਼ੂਖ ਥੋੜ੍ਹਾ ਜਿਹਾ ਲੜਖੜਾ ਗਿਆ ਤੇ ਉਸ ਦੀਆਂ ਨੀਲੀਆਂ ਅੱਖਾਂ ਸੁੰਗੜ ਗਈਆਂ ਤੇ ਵਿੱਚੋਂ ਇੱਕ ਮਸ਼ਕਰੀ
ਕਰਦੀ ਯੂਕਰੇਨੀਅਨ ਮੁਸਕਾਨ ਲੰਘ ਗਈ।
"ਮੱਕਾਰ ਕੁੱਤੇ ਚਲਾਕੀ ਨਾਲ ਬੱਚ ਨਿਕਲੇ ਨੇ । ਪਰ ਜੇ ਮੈਂ ਕਿਤੇ ਹੋਰ ਇਹਨਾਂ ਦੇ ਹੱਥ ਆ ਗਿਆ, ਮੇਰੀ ਜੀਉਂਦੇ ਦੀ ਖੱਲ ਲਾਹ ਸੁੱਟਣਗੇ।"
ਤੇ ਆਪਣੀ ਭਾਰੀ ਆਵਾਜ਼ ਵਿੱਚ ਉਸ ਆਖਿਆ:
"ਜੋ ਹੋ ਗਿਆ ਸੋ ਹੋ ਗਿਆ, ਮਿੱਟੀ ਪਾਓ।"
"ਹੋ..ਹੋ..ਹੋ ।ਹਾ..ਹਾ..। ਹੁੱਹਾਰ..ਹ.ਹ।
ਕਈ ਹੋਰ ਵੀ ਕੁਝ ਬੋਲਣ ਦੀ ਉਡੀਕ ਕਰ ਰਹੇ ਸਨ। ਹਰੇਕ ਕੁਝ ਨਾ ਕੁਝ ਆਖਣ ਲਈ ਏਨਾ ਉਤਾਵਲਾ ਹੋ ਰਿਹਾ ਸੀ ਕਿ ਉਸ ਦੀ ਗੱਲ ਏਨੀ ਮਹੱਤਤਾ ਵਾਲੀ ਸੀ ਕਿ ਜੇ ਵਿੱਚੇ ਰਹਿ ਗਈ ਤਾਂ ਬੜਾ ਨੁਕਸਾਨ ਹੋ ਜਾਵੇਗਾ ਤੇ ਭੀੜ ਖੜ੍ਹੀ ਸੁਣਦੀ ਰਹੀ। ਜੋ ਛੱਕੜੇ ਦੇ ਲਾਗੇ ਖੜ੍ਹੇ ਸਨ, ਉਹਨਾਂ ਸੁਣਿਆਂ। ਜੋ ਦੂਰ ਦੂਰ ਖੜ੍ਹੇ ਸਨ, ਟੁੱਟੀ ਭੱਜੀ ਕੋਈ ਗਲ ਉਹਨਾਂ ਦੇ ਕੰਨਾਂ ਨਾਲ ਵੀ ਜਾ ਟਕਰਾਈ। ਜੋ ਬਹੁਤ ਹੀ ਦੂਰ ਸਨ, ਭਾਵੇਂ ਉਹ ਕੁਝ ਵੀ ਨਹੀਂ ਸਨ ਸੁਣ ਰਹੇ, ਪਰ ਧੌਣਾਂ ਉਹਨਾਂ ਦੀਆਂ ਅੱਗੇ ਵਧੀਆਂ ਹੋਈਆਂ ਤੇ ਕੰਨ ਆਵਾਜ਼ ਵੱਲ ਲੱਗੇ ਹੋਏ ਸਨ। ਤੀਵੀਆਂ ਨੇ ਆਪਣੀਆਂ ਸੱਖਣੀਆਂ ਛਾਤੀਆਂ ਬੱਚਿਆਂ ਦੇ ਮੂੰਹਾਂ ਵਿੱਚ ਦੇ ਦਿੱਤੀਆਂ ਸਨ ਤੇ ਜਾਂ ਉਹਨਾਂ ਨੂੰ ਝੁਲਾ ਕੇ ਥਪਕਣ ਲੱਗ ਪਈਆਂ ਸਨ ਤੇ ਸੁਣਨ ਲਈ ਆਪਣੀਆਂ ਧੌਣਾਂ ਅਗੇਰੇ ਕਰਨ ਲੱਗ ਪਈਆਂ ਸਨ।
ਤੇ ਅਜੀਬ ਗੱਲ ਇਹ ਸੀ ਕਿ ਭਾਵੇਂ ਉਹ ਕੱਖ ਵੀ ਨੀ ਸੁਣ ਸਕੇ ਤੇ ਜਾਂ ਕੋਈ ਕਿਸੇ ਵੇਲੇ ਟੁੱਟਾ ਫੁੱਟਾ ਫਿਕਰਾ ਉਹਨਾਂ ਦੇ ਕੰਨਾਂ ਨਾਲ ਆ ਵੱਜਾ, ਪਰ ਜੇ ਕੁਝ ਆਖਿਆ ਜਾ ਰਿਹਾ ਸੀ, ਉਹ ਉਹ ਸਭ ਸਮਝ ਰਹੇ ਸਨ।
"ਜ਼ਿਮੀਂਦਾਰ ਫਿਰ ਸਿਰ ਚੁੱਕਣ ਲੱਗ ਪਏ ਨੇ, ਆਪਣੀਆਂ ਜ਼ਮੀਨਾਂ ਵਾਪਸ ਲੈਣੀਆਂ ਚਾਹੁੰਦੇ ਨੇ।"
"ਭਾਵੇਂ ਮੇਰੇ ਨਲਾਂ ਨੂੰ ਆ ਚੁੰਮਣ, ਹੁਣ ਨਾ ਦਿੱਤੀ ਮੈਂ ਜ਼ਮੀਨ ਵਾਪਸ ।"
"ਪਨਾਸਬੁਕ ਸੁਣਿਆ ਏ ਤੂੰ ਰੂਸ ਵਿੱਚ ਇੱਕ ਲਾਲ ਫੌਜ ਹੈ।"
"ਲਾਲ ਕਿਉਂ ?"
"ਲਾਲ ਹੈ - ਲਾਲ ਪਜਾਮੇ, ਲਾਲ ਕਮੀਜ਼ਾਂ, ਲਾਲ ਟੋਪੀਆਂ। ਅੱਗੋਂ ਲਾਲ, ਪਿਛੋਂ ਲਾਲ, ਲਾਲੋ ਲਾਲ, ਇੱਕ ਉਬਲੀ ਹੋਈ ਝੀਂਗਾ ਮੱਛੀ ਵਾਂਗ।"
"ਹੋਰ ਦੱਸ ।”
"ਸੌਂਹ ਤੇਰੀ, ਝੂਠ ਨਹੀਂ ਆਖਦਾ ਮੈਂ। ਉਹ ਹੁਣ ਉਹੀ, ਉੱਥੇ ਖੜ੍ਹਾ ਆਖ ਰਿਹਾ ਸੀ।"
“ਜੋ ਮੈਂ ਸੁਣਿਆ ਸੀ, ਉਹ ਤਾਂ ਇਹ ਸੀ ਕਿ ਹੁਣ ਸਿਪਾਹੀ ਨਹੀਂ ਸਨ ਰਹੇ, ਸਭ ਲਾਲ ਫੌਜ ਦੇ ਜਵਾਨ ਅਖਵਾਂਦੇ ਨੇ ।"
"ਕੀ ਪਤਾ, ਸਾਨੂੰ ਵੀ ਲਾਲ ਪਜਾਮੇ ਪੁਆ ਦੇਣ।"
"ਨਾਲੇ ਇਹ ਵੀ ਆਖਦੇ ਨੇ ਕਿ ਡਿਸਪਲਨ ਵੀ ਉਹਨਾਂ ਦਾ ਬੜਾ ਸਖਤ ਹੈ।"
"ਇੱਥੋਂ ਨਾਲੋਂ ਤਾਂ ਕਿਤੇ ਸਖ਼ਤ ਨਹੀਂ ਹੋ ਚੱਲਿਆ: ਜਦ ਬਟਕੋ ਨੇ ਆਖਿਆ ਕਿ ਉਹ ਸਾਡੀ ਮਿੱਝ ਕੱਢ ਛੱਡੇਗਾ, ਸਾਰੇ ਰਾਹੇ ਰਾਸਤੇ ਆ ਗਏ। ਵੇਖ ਲੈ ਬੇਸ਼ੱਕ, ਕਿਵੇਂ ਸਿੱਧੇ ਹੁਣ ਇੱਕ ਕਤਾਰ ਵਿੱਚ ਟੁਰਦੇ ਹਾਂ, ਜਿਉਂ ਕੋਈ ਇੱਕ ਸਿੱਧੀ ਰੱਸੀ ਖਿੱਚੀ ਜਾ ਰਿਹਾ ਹੋਵੇ ਤੇ ਜਦ ਅਸੀਂ ਪਿੰਡਾਂ ਵਿੱਚੋਂ ਦੀ ਹੋ ਕੇ ਲੰਘੇ ਸਾਂ, ਅਸਾਂ ਕਿਸੇ ਦੇ ਤੀਲੇ ਨੂੰ ਵੀ ਹੱਥ ਨਹੀਂ ਸੀ ਲਾਇਆ।"
ਜੋ ਉਹਨਾਂ ਨੂੰ ਸੁਝਦਾ ਸੀ, ਆਖੀ ਜਾ ਰਹੇ ਸਨ- ਪਤਾ ਨਹੀਂ ਤਕਰੀਰਾਂ ਕਰਨ ਵਾਲੇ ਦੂਰ ਖਲ੍ਹਤੇ ਕੀ ਆਖ ਰਹੇ ਸਨ, ਪਰ ਉਹ ਆਪਣੇ ਅਰਥ ਆਪ ਕੱਢ ਕੇ ਗੱਲ ਟੋਰੀ ਜਾ ਰਹੇ ਸਨ ਤੇ ਮਹਿਸੂਸ ਕਰਦੇ ਸਨ ਕਿ ਭਾਵੇਂ ਬੇਓੜਕ ਸਟੈਪੀਆਂ, ਅਲੰਘ ਪਹਾੜਾਂ, ਸਦੀਆਂ ਦੇ ਖਲੋਤੇ ਜੰਗਲਾਂ ਨੇ ਉਹਨਾਂ ਨੂੰ ਨਖੇੜ ਕੇ ਰੱਖਿਆ ਹੋਇਆ ਹੈ, ਪਰ ਉਹ ਵੀ ਆਪਣੇ ਤੌਰ ਉਤੇ ਭਾਵੇਂ ਛੋਟੀ ਪੱਧਰ ਉੱਤੇ ਹੀ ਸਹੀ, ਉਹੀ ਕੁਝ ਕਰਨ ਵਿੱਚ ਜੁਟੇ ਹੋਏ ਸਨ, ਜੋ ਰੂਸ ਵਿੱਚ ਇੱਕ ਸੰਸਾਰਕ ਪੱਧਰ ਉੱਤੇ ਹੋ ਰਿਹਾ ਸੀ। ਉਹ ਵੀ ਭੁੱਖੇ ਨੰਗੇ, ਵਾਹਣੇ ਪੈਰ ਤੇ ਮੰਦੇ ਹਾਲ ਬਿਨਾਂ ਕਿਸੇ ਵਸਬ ਵਸੀਲੇ ਜਾਂ ਮਦਦ ਦੇ ਇੱਥੇ, ਇਕੱਲੇ ਕਰਨ ਲੱਗੇ ਹੋਏ ਸਨ।
ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ, ਉਹਨਾਂ ਨੂੰ ਆਪਣੀ ਗੱਲ ਆਖਣ ਦਾ ਵੱਲ ਨਹੀਂ ਸੀ ਆਉਂਦਾ ਪਰ ਉਹ ਮਹਿਸੂਸ ਜ਼ਰੂਰ ਕਰਦੇ ਸਨ।
ਤ੍ਰਿਕਾਲਾਂ ਢਲਣ ਤੱਕ ਬੁਲਾਰੇ ਇੱਕ ਇੱਕ ਕਰਕੇ ਬੋਲਦੇ ਰਹੇ। ਉਹਨਾਂ ਦੀਆਂ ਤਕਰੀਰਾਂ ਵਿੱਚ ਇੱਕ ਬੜੀ ਸੁਹਣੀ ਖੁਸ਼ਬੋ ਆਉਂਦੀ ਸੀ, ਜੋ ਉਹ ਲਫਜ਼ਾਂ ਰਾਹੀਂ ਨਹੀਂ ਸਨ ਪ੍ਰਗਟ ਕਰ ਸਕਦੇ ਕਿ ਉਹ ਇੱਕ ਮਹਾਨ ਕਾਰਜ ਵਿੱਚ ਜੁਟੇ ਹੋਏ ਸਨ ਤੇ ਨਹੀਂ ਸਨ ਜਾਣਦੇ ਕਿ ਸੋਵੀਅਤ ਰੂਸ ਕਿਸ ਨੂੰ ਆਖਦੇ ਹਨ, ਪਰ ਇਸ ਨਾਲ ਆਪਣੇ ਆਪ ਨੂੰ ਜੁੜੇ ਹੋਏ ਅਵੱਸ਼ ਮਹਿਸੂਸ ਕਰਦੇ ਸਨ।
ਅੰਨ੍ਹੇਰੇ ਵਿਚ ਦੂਰ ਦੂਰ ਤੱਕ ਅੱਗਾਂ ਬਲ ਰਹੀਆਂ ਤੇ ਆਕਾਸ਼ ਵਿੱਚ ਬੇਸ਼ੁਮਾਰ ਤਾਰੇ ਟਿਮ ਟਿਮਾ ਰਹੇ ਸਨ।
ਧੂਏਂ ਦੀਆਂ ਲਕੀਰਾਂ, ਹੌਲੀ ਹੌਲੀ ਆਕਾਸ਼ ਵਲ ਉੱਠ ਰਹੀਆਂ ਸਨ। ਫਟੇ ਹਾਲ ਸਿਪਾਹੀ, ਲੀਰਾਂ ਵਿੱਚ ਤੀਵੀਂਆਂ, ਬੁੱਢੇ, ਬੱਚੇ, ਥੱਕੇ ਹਾਰੇ, ਧੂਣੀਆਂ ਬਾਲ ਕੇ, ਆਸ ਪਾਸ ਬੈਠੇ ਹੋਏ ਸਨ।
ਜਿਵੇਂ ਜਿਵੇਂ ਧੂੰਏਂ ਦੀਆਂ ਮਹੀਨ ਮਹੀਨ ਤਾਰਾਂ, ਤਾਰਿਆਂ ਜੜੇ ਆਕਾਸ਼ ਵਿਚ ਜਾ ਕੇ ਕਿਤੇ ਅਲੋਪ ਹੋ ਗਈਆਂ, ਤਿਵੇਂ ਤਿਵੇਂ ਉਹਨਾਂ ਦਾ ਖੇੜਾ, ਅੱਗਾਂ ਦੁਆਲੇ ਫੈਲੀ ਥਕਾਨ ਵਿੱਚ ਲੋਪ ਹੋ ਗਿਆ ਤੇ ਮਨੁੱਖਾਂ ਦਾ ਠਾਠਾਂ ਮਾਰਦਾ ਸਮੁੰਦਰ, ਹੌਲੀ ਹੌਲੀ, ਹੇਠਾਂ ਉੱਤੇ ਮੁਸਕਾਨਾਂ ਘੁੱਟੀ ਨੀਂਦ ਰਾਣੀ ਦੀ ਝੋਲੀ ਵਿੱਚ ਪੈ ਗਿਆ।
ਇੱਕ ਇੱਕ ਕਰਕੇ ਧੂਣੀਆਂ ਦੀ ਅੱਗ ਬੁਝਦੀ ਗਈ। ਚੁੱਪ ਚਾਂ ਫੈਲਦੀ ਗਈ ਤੇ ਤਾਰਿਆਂ ਭਰੀ ਰਾਤ ਖਿੜੀ ਰਹੀ।