

ਸਮੁੰਦਰ ਆਪਣੀ ਚੌੜੀ ਛਾਤੀ ਉੱਤੇ, ਨੱਚਦੇ ਟੱਪਦੇ ਪੈਰਾਂ ਨੂੰ ਘੁੱਟੀ ਜਾ ਰਿਹਾ ਸੀ - ਪਰ ਉਸ ਦਾ ਮੱਥਾ ਵੱਟ ਵੱਟ ਹੋਇਆ ਹੋਇਆ ਸੀ। ਉਹ ਪਾਣੀ ਵਿੱਚ ਛੜਪ ਛੜਪ ਕਰਦੇ ਸਰੀਰਾਂ ਨੂੰ ਮਸਤੀ ਵਿੱਚ ਚੁੰਮੀ ਜਾ ਰਿਹਾ ਸੀ ।
ਕਾਫ਼ਲਾ ਵਧੀ ਗਿਆ.. ਅੱਗੇ ਹੋਰ ਅੱਗੇ।
ਨਹਾਉਣ ਵਾਲੇ ਪਾਣੀ ਵਿੱਚੋਂ ਬਾਹਰ ਨਿਕਲ ਆਏ, ਆਪਣੇ ਬੋਅ ਮਾਰਦੇ ਪਾਟੇ ਪੁਰਾਣੇ ਕਪੜਿਆਂ ਨੂੰ ਚੁੱਕੀ ਰਫ਼ਲਾਂ ਸੰਭਾਲਦੇ ਉੱਥੋਂ ਨੱਸ ਪਏ। ਸਰੀਰ ਤੋਂ ਪਾਣੀ ਦੇ ਟੇਪੇ ਚੋਈ ਜਾ ਰਹੇ ਸਨ। ਜਿਸ ਵੇਲੇ ਉਹ ਕਾਫ਼ਲੇ ਨਾਲ ਜਾ ਰਲੇ, ਉਹਨਾਂ ਪਸੀਨੇ ਦੇ ਮਾਰੇ ਕਪੜੇ ਝੱਟ ਤਨ ਦੁਆਲੇ ਵਲ੍ਹੇਟ ਲਏ ਤੇ ਖਿੜ ਖਿੜ ਕਰਦੇ ਟੁਰਨ ਲੱਗ ਪਏ।
ਉਹਨਾਂ ਵੱਲੋਂ ਵੇਖ ਕੇ, ਕਈ ਹੋਰ ਦੌੜਦੇ ਤੇ ਛਾਲਾਂ ਮਾਰਦੇ, ਨੰਗੇ ਪਾਣੀ ਵਿੱਚ ਜਾ ਵੜੇ ਤੇ ਮੁੱਠਾਂ ਵਿੱਚ ਲਹਿਰਾਂ ਫੜ੍ਹਨ ਲੱਗ ਪਏ।
ਤੇ ਕਾਫ਼ਲਾ ਟੁਰੀ ਗਿਆ।
ਗਰਮੀਆਂ ਦੇ ਬੰਗਲੇ ਦਿੱਸਣ ਲੱਗ ਪਏ, ਫਿਰ ਕਸਬੇ ਦੀਆਂ ਝੁੱਗੀਆਂ, ਜੋ ਮੁੱਖ ਸੜਕ ਦੇ ਨਾਲ ਨਾਲ ਬੰਜਰ ਸਾਹਿਲ ਉੱਤੇ ਬਣੀਆਂ ਹੋਈਆਂ ਸਨ, ਦਿੱਸਣ ਲੱਗ ਪਈਆਂ। ਸਭ ਕੁਝ ਸੜਕ ਨਾਲ ਚੰਬੜਿਆ ਜਾਪਦਾ ਸੀ, ਜੋ ਜੰਗਲਾਂ, ਦੰਦੀਆਂ ਤੇ ਖੇਡਾਂ ਵਿੱਚੋਂ ਆਉਣ ਜਾਣ ਦਾ ਇੱਕ ਇੱਕ ਵਸੀਲਾ ਬਣੀ ਹੋਈ ਸੀ।
ਬੰਦੇ ਭੱਜ ਕੇ ਬੰਗਲਿਆਂ ਵਿੱਚ ਜਾ ਵੜੇ ਤੇ ਗੁੱਠਾਂ ਫਰੋਲਣ ਲੱਗ ਪਏ, ਪਰ ਉੱਥੇ ਸਿਵਾਏ ਵੀਰਾਨੀ ਤੇ ਉਜਾੜ ਦੇ ਕੁਝ ਵੀ ਨਹੀਂ ਸੀ।
ਕਸਬੇ ਵਿੱਚ ਝੁਲਸੇ ਹੋਏ ਯੂਨਾਨੀ ਸਨ, ਯੂਨਾਨੀ ਜਿਨ੍ਹਾਂ ਦੇ ਵੱਡੇ ਵੱਡੇ ਨੱਕ ਤੇ ਕਾਲੇ ਚਮਕਦੇ ਡੇਲਿਆਂ ਵਰਗੀਆਂ ਅੱਖਾਂ ਸਨ। ਚਾਰੇ ਪਾਸੇ ਫੈਲੋ ਭੈ ਨਾਲ, ਉਹਨਾਂ ਦੋ ਚਿਹਰੇ ਡਿੱਗੇ ਹੋਏ ਸਨ।
"ਸਾਡੇ ਕੋਲ ਕੋਈ ਰੋਟੀ ਨਹੀਂ। ਅਸੀਂ ਆਪ ਭੁੱਖੇ ਫਾਕੇ ਕੱਟਣ ਲੱਗੇ ਹੋਏ ਹਾਂ।"
ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਸਿਪਾਹੀ ਕੌਣ ਸਨ, ਕਿੱਥੋਂ ਆਏ ਸਨ ਤੇ ਕਿਧਰ ਜਾ ਰਹੇ ਸਨ। ਉਹਨਾਂ ਕੋਈ ਸਵਾਲ ਜਵਾਬ ਨਾ ਕੀਤੇ ਤੇ ਬੜੇ ਬੇਰੁਖੇ ਜਿਹੇ ਵੇਖਦੇ ਰਹੇ।
ਸਿਪਾਹੀ ਇੱਧਰ ਉੱਧਰ ਫੋਲਾ ਫਾਲੀ ਕਰਨ ਲਗ ਪਏ - ਪਰ ਸੱਚੀ ਗੱਲ ਤਾਂ ਇਹ ਸੀ ਕਿ ਉੱਥੇ ਹੈ ਹੀ ਕੁਝ ਨਹੀਂ ਸੀ।
ਪਰ ਉਹਨਾਂ ਯੂਨਾਨੀਆਂ ਦੇ ਚਿਹਰਿਆਂ ਤੋਂ ਭਾਂਪ ਲਿਆ ਕਿ ਉਹਨਾਂ ਖੁਰਾਕ ਛੁਪਾ ਕੇ ਰੱਖੀ ਹੋਈ ਸੀ। ਉਹ ਚੂੰਕਿ ਯੂਨਾਨੀ ਸਨ, ਉਹਨਾਂ ਦੇ ਆਪਣੇ ਬੰਦੇ ਨਹੀਂ ਸਨ, ਸਿਪਾਹੀ ਕਾਲੀਆਂ ਅੱਖਾਂ ਵਾਲੀਆਂ ਤੀਵੀਆਂ ਦੇ ਰੋਂਦੇ ਧੋਂਦੇ, ਉਹਨਾਂ ਦੀਆਂ ਸਾਰੀਆਂ ਬੱਕਰੀਆਂ ਹਿੱਕ ਕੇ ਲੈ ਗਏ।
ਪਹਾੜਾਂ ਨੂੰ ਪਰੇ ਧੱਕਦੀ ਇੱਕ ਖੁੱਲ੍ਹੀ ਡੁੱਲ੍ਹੀ ਵਾਦੀ ਵਿੱਚ ਅਚਾਨਕ, ਉਹ ਇੱਕ ਰੂਸੀ ਪਿੰਡ ਆ ਪਹੁੰਚੇ। ਇੱਕ ਲਿਸ਼ ਲਿਸ਼ ਲਿਸ਼ਕਾਂ ਮਾਰਦਾ ਦਰਿਆ ਵੱਲ-ਵਲੇਵੇਂ ਖਾਂਦਾ,