

ਕਿੱਥੋਂ ਆ ਪਈ। ਉਹ ਗੋਲਿਆਂ ਵਿੱਚੋਂ ਨਿਕਲਦੇ ਬਾਰੂਦ ਤੇ ਗਰਜਦੀਆਂ ਤੋਪਾਂ ਦੇ ਧਮਾਕਿਆਂ ਨਾਲ ਬਦਲ ਗਏ। ਲਗਾਤਾਰ ਧਾਂਹ ਧਾਹ ਦੀਆਂ ਆਵਾਜ਼ਾਂ, ਪਹਾੜ ਵਿੱਚ ਗੂੰਜਾਂ ਪਾਂਦੀਆਂ ਲੰਘ ਰਹੀਆਂ ਸਨ। ਚੰਗੇ ਝੱਟ ਮਗਰੋਂ, ਉਹਨਾਂ ਹੋਸ਼ ਸੰਭਾਲੀ ਤੇ ਮਸ਼ੀਨਗੰਨਾਂ ਤੜ... ਤੜ... ਕਰਨ ਲੱਗ ਪਈਆਂ। ਇੱਕ ਘੋੜਾ ਡਿੱਗਾ, ਫਿਰ ਦੂਜਾ, ਫਿਰ ਤੀਜਾ, ਪਰ ਦੂਜੇ ਸਵਾਰ ਪਹਿਲਾਂ ਹੀ ਪੁੱਲ ਦੇ ਵਿਚਕਾਰ ਪੰਜ ਚੁੱਕੇ ਸਨ ਤੇ ਕੁਝ ਪਾਰ ਲੰਘ ਗਏ ਸਨ। ਕੋਜ਼ੂਖ ਦਾ ਸੋਲ੍ਹਵਾਂ ਗੋਲਾ ਫੱਟਿਆ.. ਤੇ ਉਸ ਦਾ ਰਸਾਲਾ ਪੁੱਲ ਦੇ ਉੱਪਰ ਖਲ੍ਹਤਾ ਹੋਇਆ ਸੀ।
"ਹੁੱਰਾ ਹੁੱਰਾ ਹੁੱਰਾ।"
ਸੱਜੇ ਖੱਬੇ ਉਹ ਆਪਣੀਆਂ ਤਲਵਾਰਾਂ ਵਾਹੁਣ ਲੱਗ ਪਏ। ਜਾਰਜੀਅਨ ਯੂਨਿਟਾਂ, ਜੋ ਪੁੱਲ ਤੋਂ ਕੁੱਝ ਵਿਥ ਉੱਤੇ ਸਨ, ਪਿੱਛੇ ਨੂੰ ਮੁੜੀਆਂ ਤੇ ਛੇਤੀ ਨਾਲ ਸੜਕ ਦੇ ਮੋੜ ਦੇ ਪਿਛਲੇ ਪਾਸੇ ਦੌੜਦੀਆਂ ਗਾਇਬ ਹੋ ਗਈਆਂ।
ਜਾਰਜੀਅਨ, ਜੋ ਪੁੱਲ ਦੀ ਰਾਖੀ ਕਰ ਰਹੇ ਸਨ ਤੇ ਜੋ ਆਪਣੀਆਂ ਦੂਜੀਆਂ ਫੌਜਾਂ ਨਾਲੋਂ ਵੱਖਰੇ ਹੋ ਚੁੱਕੇ ਸਨ, ਸਮੁੰਦਰ ਵੱਲ ਭੱਜ ਪਏ। ਪਰ ਉਹਨਾਂ ਦੇ ਅਫਸਰਾਂ ਨੇ ਪਹਿਲਾਂ ਹੀ ਛੋਟੀਆਂ ਕਿਸ਼ਤੀਆਂ ਦਾ ਆਪਣੇ ਲਈ ਪ੍ਰਬੰਧ ਕੀਤਾ ਹੋਇਆ ਸੀ, ਜੋ ਉਹ ਸਟੀਮਰਾਂ ਵੱਲ ਦੁੜਾਨ ਲੱਗ ਪਏ। ਚਿੰਮਨੀਆਂ ਕਾਲਾ ਧੂਆਂ ਛੱਡਣ ਲੱਗ ਪਈਆਂ ਤੇ ਸਟੀਮਰ ਖੁੱਲ੍ਹੇ ਸਮੁੰਦਰ ਵੱਲ ਟੁਰ ਪਏ।
ਗਲ਼ ਗਲ਼ ਪਾਣੀ ਵਿੱਚ, ਜਾਰਜੀਅਨ ਸਿਪਾਹੀ ਖਲ੍ਹਤੇ, ਲੰਮੀਆਂ ਬਾਹਾਂ ਚੁੱਕ ਚੁੱਕ, ਸਟੀਮਰਾਂ ਵੱਲ ਹੱਥ ਉੱਚੇ ਕਰ ਰਹੇ ਸਨ । ਉਹ ਜ਼ੋਰ ਜ਼ੋਰ ਦਾ ਰੌਲਾ ਪਾ ਰਹੇ ਸਨ, ਗਾਲ੍ਹਾਂ ਕੱਢ ਰਹੇ ਸਨ। ਆਪਣੇ ਬੱਚਿਆਂ ਦੀਆਂ ਦੁਹਾਈਆਂ ਦੇ ਰਹੇ ਸਨ, ਪਰ ਸਭ ਬੇਅਰਥ। ਤੇਜ਼ ਧਾਰੀ ਤਲਵਾਰਾਂ ਨੇ ਉਹਨਾਂ ਦੇ ਸਿਰ, ਧੌਣਾਂ, ਮੋਢੇ ਲਾਹ ਸੁੱਟੇ ਤੇ ਪਾਣੀ ਦਾ ਰੰਗ, ਉਹਨਾਂ ਦੇ ਲਹੂ ਨਾਲ ਲਾਲ ਹੋ ਗਿਆ।
ਸਟੀਮਰ ਕਾਲੇ ਕਾਲੇ ਟਿਮਕਣਿਆਂ ਵਾਂਗ ਦਿਸਹੱਦੇ ਵੱਲ ਅਲੋਪ ਹੋ ਗਏ ਤੇ ਕੰਢੇ ਉਤੇ ਹੁਣ ਕੋਈ ਵੀ ਦੁਹਾਈਆਂ ਦੇਣ, ਜਾਂ ਗਾਲ੍ਹਾਂ ਕੱਢਣ ਲਈ ਨਾ ਰਿਹਾ।
23
ਜੰਗਲਾਂ ਤੇ ਖੱਡਾਂ ਦੇ ਦੁਆਲੇ ਚੱਟਾਨੀ ਚੋਟੀਆਂ ਸਨ। ਜਿਸ ਵੇਲੇ ਉਹਨਾਂ ਵਿੱਚੋਂ ਲੰਘ ਕੇ ਹਵਾ ਹੇਠਲੇ ਪਾਸੇ ਆਉਂਦੀ, ਤਾਂ ਉਹ ਬੜੀ ਸੱਜਰੀ ਸੱਜਰੀ ਹੁੰਦੀ। ਪਰ ਹਵਾ ਮੁੱਖ ਮਾਰਗ ਤੱਕ ਨਹੀਂ ਸੀ ਪਹੁੰਚਦੀ, ਜਿੱਥੇ ਧੂੜ, ਮਿੱਟੀ ਤੇ ਮੱਖੀਆਂ ਉੱਡਦੀਆਂ ਰਹਿੰਦੀਆਂ ਸਨ ਤੇ ਧੁੱਪ ਬੜੀ ਤੇਜ਼ ਹੁੰਦੀ ਸੀ।
ਮੁੱਖ ਮਾਰਗ ਨੇ ਸਿੱਧੀਆਂ ਖਲ੍ਹਤੀਆਂ ਚੱਟਾਨਾਂ ਤੇ ਰੁੱਖਾਂ ਵਿੱਚੋਂ ਇੱਕ ਸੌੜਾ ਜਿਹਾ ਲਾਂਘਾ ਬਣਾਇਆ ਹੋਇਆ ਸੀ । ਸੜਕ ਵਿੱਚ ਵਿੰਗ ਤੇ ਮੋੜਾਂ ਕਰਕੇ, ਇਹ ਪਤਾ ਲਾਣਾ ਬਹੁਤ ਔਖਾ ਕੰਮ ਸੀ ਕਿ ਅੱਗੇ ਕੀ ਹੋ ਰਿਹਾ ਸੀ ਤੇ ਪਿੱਛੇ ਕੀ। ਖੱਡ ਵਿੱਚੋਂ ਨਿਕਲਣਾ ਤੇ ਇਸ