

ਚਿੱਥ ਚਿੱਥ ਕੇ ਬੱਚਿਆਂ ਦੇ ਨਿੱਕੇ ਨਿੱਕੇ ਭੁੱਖੇ ਮੂੰਹਾਂ ਵਿੱਚ ਗੁੱਦਾ ਪਾਣ ਲੱਗ ਪਈਆਂ । ਬੱਚੇ ਬੜੇ ਚਾਅ ਨਾਲ ਮੂੰਹ ਖੋਲ੍ਹ ਲੈਂਦੇ, ਪਰ ਮੂੰਹ ਮਾਰਦਿਆਂ ਹੀ ਤੀਲਾ ਗਲੇ ਵਿੱਚ ਚੁੱਭ ਜਾਂਦਾ। ਉਹ ਖੰਘਣ ਲੱਗ ਪੈਂਦੇ, ਸਾਹ ਰੁੱਕ ਜਾਂਦਾ ਤੇ ਫਿਰ ਮੂੰਹ ਵਿੱਚੋਂ ਬਾਹਰ ਕੱਢ ਕੇ ਚੀਖਣ ਲੱਗ ਪਏ।
"ਸਾਨੂੰ ਨਹੀਂ ਇਹ ਚਾਹੀਦਾ, ਸਾਨੂੰ ਨਹੀਂ ਚਾਹੀਦਾ!"
ਗੁੱਸੇ ਦੀਆਂ ਭਰੀਆਂ ਮਾਵਾਂ ਨੇ, ਚੰਡਾਂ ਨਾਲ ਉਹਨਾਂ ਦਾ ਮੂੰਹ ਘੜ੍ਹ ਕੇ ਰੱਖ ਦਿੱਤਾ।
"ਤੇ ਹੋਰ ਤੈਨੂੰ ਕੀ ਚਾਹੀਦਾ ਹੈ ?"
ਬੱਚਿਆਂ ਨੇ ਆਪਣੇ ਅੱਥਰੂ ਹੱਥਾਂ ਨਾਲ ਮੂੰਹ ਉੱਤੇ ਮਲ ਕੇ ਸੁਕਾ ਲਏ।
ਦੂਰਬੀਨ ਲਾ ਕੇ ਕੋਜੂਖਵੱਟੇ ਮੂੰਹ, ਦੁਸ਼ਮਣ ਦੇ ਟਿਕਾਣੇ ਵੇਖਣ ਲੱਗ ਪਿਆ। ਕਮਾਂਡਰ ਵੀ ਉਸ ਦੇ ਦੁਆਲੇ ਜੁੜ ਖੜ੍ਹੋਤੇ ਤੇ ਉਹ ਵੀ ਦੂਰਬੀਨਾਂ ਲਾ ਕੇ ਵੇਖਣ ਲੱਗ ਪਏ ਤੇ ਸਿਪਾਹੀ ਵੀ ਅੱਖਾਂ ਸੁਕੇੜ ਸੁਕੇੜ ਇਉਂ ਦੂਰ ਦੂਰ ਵੇਖਣ ਲੱਗ ਪਏ, ਜਿਉਂ ਉਹਨਾਂ ਵੀ ਦੂਰਬੀਨਾਂ ਲਾਈਆਂ ਹੋਈਆਂ ਹੋਣ।
ਅਖ਼ੀਰਲੇ ਦਲ ਮਗਰੋਂ, ਖੱਡ ਅੱਗੋਂ ਮੋਕਲੀ ਹੋ ਗਈ। ਇਸ ਮੁਘਾਰ ਵਿੱਚੋਂ ਦੂਰ ਦੇ ਸੁਰਮਈ ਪਹਾੜ ਨੇੜੇ ਜਾਪਣ ਲੱਗ ਪਏ। ਖੱਡ ਦੇ ਮੂੰਹ ਦੇ ਸਾਹਮਣੇ ਘਣੇ ਤੇ ਡੂੰਘੇ ਜੰਗਲ ਉੱਤੋਂ ਹੇਠਾਂ ਵੱਲ ਫੈਲੇ ਹੋਏ ਸਨ । ਪਹਾੜ ਦੀ ਪੱਧਰੀ ਚੋਟੀ ਬਿਲਕੁਲ ਇੱਕ ਚੱਟਾਨੀ ਸੀ ਤੇ ਬਿਲਕੁਲ ਸਿੱਧੀ ਤੀਹ ਫੁੱਟ ਉੱਚੀ ਖਲ੍ਹਤੀ ਹੋਈ ਸੀ। ਉੱਥੇ ਸਿਖ਼ਰ ਉੱਤੇ ਦੁਸ਼ਮਣ ਦੀਆਂ ਖਾਈਆਂ ਸਨ ਤੇ ਇੱਕ ਖੱਡ ਵਿੱਚੋਂ ਸੋਲ੍ਹਾਂ ਤੋਪਾਂ ਦੇ ਮੂੰਹ ਬਾਹਰ ਵੱਲ ਨੂੰ ਨਿਕਲੇ ਹੋਏ ਸਨ। ਜਿਸ ਵੇਲੇ ਦਲ ਇੱਥੋਂ ਦੀ ਲੰਘਣ ਲੱਗਾ, ਮਸ਼ੀਨਗੰਨਾਂ ਤਾੜ ਤਾੜ ਕਰਦੀਆਂ ਗੋਲੀਆਂ ਵਰ੍ਹਾਣ ਲੱਗ ਪਈਆਂ। ਸਿਪਾਹੀ ਝੱਟ ਦੌੜਦੇ ਚਟਾਨਾਂ ਪਿੱਛੇ ਹੋ ਗਏ। ਕੋਜੂਖ ਨੇ ਸਥਿਤੀ ਦਾ ਅਨੁਮਾਨ ਲਾਇਆ: ਬੜੀ ਔਖੀ ਗੱਲ ਹੈ, ਇੱਥੋਂ ਤਾਂ ਇੱਕ ਪੰਛੀ ਵੀ ਨਹੀਂ ਲੰਘ ਸਕਦਾ। ਅੱਗੇ ਜਾਣਾ, ਨਿਰਸੰਦੇਹ ਮੌਤ ਦੇ ਮੂੰਹ ਵਿੱਚ ਜਾਣਾ ਸੀ। ਉਸ ਹੇਠਾਂ ਇੱਕ ਕਸਬੇ ਵੱਲ ਵੇਖਿਆ, ਜੋ ਚਿੱਟਾ ਚਿੱਟਾ ਦੂਰੋਂ ਦਿੱਸ ਰਿਹਾ ਸੀ ਤੇ ਨੀਲੀ ਖਾੜੀ ਵਿੱਚ ਜਾਰਜੀਅਨ ਸਟੀਮਰ ਟਿਮਕਣਿਆਂ ਵਾਂਗ ਦਿੱਸ ਰਹੇ ਸਨ। ਉਸ ਨੂੰ ਬਚਾਅ ਲਈ ਕੋਈ ਨਵਾਂ ਰਾਹ ਢੂੰਡਣਾ ਪੈਣਾ ਸੀ - ਪਰ ਢੂੰਡੇ ਕਿਵੇਂ ?
ਕੋਈ ਨਵੀਂ ਜੋੜ ਤੋੜ ਕਰਨੀ ਪੈਣੀ ਸੀ - ਪਰ ਕਿਹੋ ਜਿਹੀ ਜੋੜ-ਤੋੜ? ਉਹ ਗੋਡਿਆਂ ਭਾਰ ਹੋ ਕੇ ਮੁੱਖ ਮਾਰਗ ਉੱਤੇ ਧੂੜ ਵਿੱਚ ਪਏ ਨਕਸ਼ੇ ਉੱਤੇ ਵਾਹੀਆਂ ਲਕੀਰਾਂ ਨੂੰ ਘੋਖਣ ਲੱਗ ਪਿਆ।
"ਸਾਥੀ ਕੋਜੂਖ!"
ਉਸ ਆਪਣਾ ਸਿਰ ਉਤਾਂਹ ਚੁੱਕਿਆ। ਦੇ ਮੌਜੀ ਸਿਪਾਹੀ ਵਿੰਗੀਆਂ ਲੱਤਾਂ ਕਰਕੇ ਸਾਹਮਣੇ ਖਲੋਤੇ ਦਿੱਸੇ।
ਕੋਜੂਖਨੇ ਸੋਚਿਆ, "ਪਾਗਲਾਂ, ਪੀਤੀ ਹੋਈ ਹੈ !"
ਪਰ ਉਹ ਚੁੱਪ ਕਰਕੇ, ਉਹਨਾਂ ਦੇ ਚਿਹਰਿਆਂ ਵੱਲ ਵੇਖਣ ਲੱਗ ਪਿਆ।