

ਇਸ ਘੁੱਪ ਅਨ੍ਹੇਰੇ ਵਿੱਚੋਂ ਇਸੇ ਵਰਗਾ ਕਾਲਾ ਸਿਆਹ ਇੱਕ ਮੰਤਰੀ ਲੰਘਿਆ। ਉਹ ਦੱਸ ਕਦਮ ਅੱਗੇ ਗਿਆ, ਪੈਰਾਂ ਉੱਤੇ ਮੁੜਿਆ ਤੇ ਹੌਲੀ ਹੌਲੀ ਪਰਤ ਆਇਆ। ਜਿਸ ਵੇਲੇ ਉਹ ਇੱਕ ਪਾਸੇ ਜਾਂਦਾ, ਉਸ ਨੂੰ ਮਸ਼ੀਨਗੰਨ ਦੀ ਇੱਕ ਲੀਕ ਜਿਹੀ ਉੱਭਰੀ ਲੱਗਦੀ, ਜਿਸ ਵੇਲੇ ਦੂਜੇ ਪਾਸੇ ਜਾਂਦਾ ਤੇ ਉਸ ਨੂੰ ਸਿੱਧੀ ਖਲੋਤੀ ਚਟਾਨ ਉੱਭਰੀ ਦੱਸਦੀ, ਜੋ ਤੋੜ ਤੱਕ ਅੰਨ੍ਹੇਰੇ ਵਿੱਚ ਵਲ੍ਹਟੀ ਹੋਈ ਸੀ ਤੇ ਸੱਚ ਪੁੱਛੋਂ ਤਾਂ ਇਹ ਸਭ ਵੇਖ ਕੇ ਉਸ ਨੂੰ ਹੌਸਲਾ ਹੋ ਜਾਂਦਾ ਕਿ ਇੱਥੋਂ ਤਾਂ ਇੱਕ ਛਿਪਕਲੀ ਨੂੰ ਵੀ ਲੰਘਣਾ ਔਖਾ ਹੈ।
ਇਸ ਸੁਨਸਾਨ ਵਿੱਚ, ਉਹ ਹੌਲੇ ਪੈਰੀਂ ਦਸ ਕਦਮ ਅੱਗੇ ਜਾਂਦਾ ਤੇ ਹੌਲੀ ਹੌਲੀ ਮੁੜ ਪੈਂਦਾ ਤੇ ਫਿਰ ਟੁਰ ਪੈਂਦਾ।
ਆਪਣੇ ਪਿੰਡ ਉਸ ਦੀ ਇੱਕ ਨਿੱਕੀ ਜਿਹੀ ਬਗੀਚੀ ਤੇ ਥੋੜ੍ਹਾ ਟੋਟਾ ਮੱਕੀ ਦੇ ਖੇਤ ਦਾ ਸੀ। ਉੱਥੇ ਉਸ ਦੀ ਵਹੁਟੀ ਨੀਨਾ ਸੀ ਤੇ ਉਸ ਦੇ ਕੁੱਛੜ, ਉਸ ਦਾ ਬਾਲ ਸਰਗੇ। ਜਿਸ ਵੇਲੇ ਉਹ ਉਹਨਾਂ ਨੂੰ ਛੱਡ ਕੇ ਆਉਣ ਲੱਗਾ ਸੀ, ਸਰਗੋ ਉਸ ਵੱਲ ਅਲੂਚੇ ਵਰਗੀਆਂ ਕਾਲੀਆਂ ਅੱਖਾਂ ਟਿਕਾ ਕੇ ਵੇਖਣ ਲੱਗ ਪਿਆ ਸੀ । ਉਹ ਮਾਂ ਦੀਆਂ ਬਾਹਵਾਂ ਵਿੱਚ ਕੁੱਦ ਕੁੱਦ ਪੈਂਦਾ ਸੀ ਤੇ ਗੋਭਲੀਆਂ ਬਾਹਾਂ ਅੱਗੇ ਅੱਗੇ ਕਰਕੇ ਮੁਸਕਰਾਂਦਾ ਤੇ ਪੋਪਲੇ ਮੂੰਹ ਵਿੱਚੋਂ ਬੁੜ ਬੁੜੀਆਂ ਛੱਡਦਾ ਸੀ ਤੇ ਜਦ ਉਸ ਬਾਲ ਨੂੰ ਨੀਨਾ ਦੀ ਝੋਲੀ ਵਿੱਚੋਂ ਲੈ ਲਿਆ, ਤਾਂ ਸਰਗ ਆਪਣਾ ਅੱਡਿਆ ਮੂੰਹ ਪਿਉ ਦੇ ਮੂੰਹ ਨਾਲ ਲਾ ਕੇ ਥੁਕਾਂ ਨਾਲ ਮੂੰਹ ਗਿੱਲਾ ਕਰਨ ਲੱਗ ਪਿਆ। ਇਸ ਵੇਲੇ ਇਸ ਸਿਆਹ ਕਾਲੀ ਪਠਾਰ ਉੱਤੇ ਖਲ੍ਹਤੇ ਸਰਗੋ ਦਾ ਪੋਪਲਾ ਮੂੰਹ ਤੇ ਬੁੜਬੁੜੀਆਂ ਸਾਫ ਦਿਸ ਰਹੀਆਂ ਸਨ।
ਦਸ ਹੌਲੇ ਹੌਲੇ ਕਦਮ, ਮੱਧਮ ਜਿਹਾ ਮਸ਼ੀਨਗੰਨ ਦਾ ਭੁਲੇਖਾ, ਤੇ ਹੌਲੇ ਹੌਲੇ ਪੈਰ ਫਿਰ ਅੱਡੇ ਹੋਏ ਮੂੰਹ ਵਾਲੀ ਦੰਦੀ ਵੱਲ...।
ਬਾਲਸ਼ਵਿਕਾਂ ਨੇ ਉਸ ਨੂੰ ਕੋਈ ਹਾਨੀ ਨਹੀਂ ਸੀ ਪਹੁੰਚਾਈ । ਪਰ ਉਹ ਇਸ ਉਚਾਈ ਤੋਂ ਵੀ ਉਹਨਾਂ ਨੂੰ ਗੋਲੀ ਮਾਰ ਸਕਦਾ ਸੀ । ਮੁੱਖ ਮਾਰਗ ਤੋਂ ਉਸ ਦੀ ਨਜ਼ਰ ਤੋਂ ਬਚ ਕੇ ਇੱਕ ਛਿਪਕਲੀ ਵੀ ਨਹੀਂ ਸੀ ਲੰਘ ਸਕਦੀ । ਬਾਲਸ਼ਵਿਕਾਂ ਨੇ ਜ਼ਾਰ ਦਾ ਕੰਮ ਮੁਕਾ ਦਿੱਤਾ ਸੀ ਤੇ ਜ਼ਾਰ ਨੇ ਜਾਰਜੀਆ ਨੂੰ ਨਚੋੜ ਕੇ ਰੱਖ ਦਿੱਤਾ ਸੀ। ਚੰਗਾ ਹੀ ਹੋਇਆ ਇਸ ਨਾਲ । ਆਖਦੇ ਨੇ ਰੂਸ ਵਿੱਚ ਜ਼ਮੀਨ ਕਿਸਾਨਾਂ ਦੀ ਹੋ ਗਈ ਹੈ। ਉਸ ਦਾ ਜਿਉਂ ਹਉਕਾ ਨਿਕਲ ਗਿਆ। ਉਸ ਨੂੰ ਭਰਤੀ ਕਰ ਲਿਆ ਗਿਆ ਸੀ ਤੇ ਜਿਸ ਵੇਲੇ ਹੁਕਮ ਹੋਇਆ, ਖੜ੍ਹੀ ਚਟਾਨ ਤੋਂ ਦੂਰ ਖਲ੍ਹਤੇ ਬੇਦਿਆਂ ਉੱਤੇ ਉਹ ਗੋਲੀ ਚਲਾ ਦੇਵੇਗਾ।
ਤੇ ਫਿਰ ਅੱਖਾਂ ਸਾਹਮਣੇ ਸਰਗੋ ਦੇ ਪੋਪਲੇ ਮੂੰਹ ਵਿੱਚੋਂ ਉਸ ਨੂੰ ਬੁੜ ਬੁੜੀਆਂ ਨਿਕਲਦੀਆਂ ਦਿੱਸਣ ਲੱਗ ਪਈਆਂ। ਉਹਨੂੰ ਜ਼ਰਾ ਨਿੱਘ ਜਿਹਾ ਮਹਿਸੂਸ ਹੋਇਆ ਤੇ ਉਸ ਮੁਸਕਰਾ ਪਿਆ, ਪਰ ਉਸ ਦਾ ਕਾਲਾ ਚਿਹਰਾ ਪਹਿਲਾਂ ਵਾਂਗ ਹੀ ਗੰਭੀਰ ਬਣਿਆ ਰਿਹਾ।
ਬਿਨਾਂ ਕਿਸੇ ਹਿਲਜੁੱਲ, ਰਾਤ ਦੀ ਖ਼ਾਮੋਸ਼ੀ ਚਾਰੇ ਪਾਸੇ ਖਿੱਲਰੀ ਰਹੀ। ਉਸ ਨੂੰ ਲੱਗਾ, ਜਿਉਂ ਤੜਕਾ ਹੋਣ ਵਾਲਾ ਹੋਵੇ, ਕਿਉਂ ਜੋ ਖ਼ਾਮੋਸ਼ੀ ਹੋਰ ਡੂੰਘੀ ਹੋ ਗਈ ਸੀ। ਉਸ ਦਾ ਸਿਰ ਭਾਰਾ ਭਾਰਾ ਹੋਇਆ ਅੱਗੇ ਅੱਗੇ ਝੂਟਣ ਲੱਗ ਪਿਆ, ਪਰ ਉਸ ਇੱਕ ਝੂਟਾ ਦੇ ਦਿੱਤਾ।