

ਪਹਾੜ ਕਾਲੀ ਰਾਤ ਨਾਲੋਂ ਵੀ ਵਧੇਰੇ ਕਾਲੇ ਸਨ । ਵਿਰਲੀ ਵਿਰਲੀ ਥਾਏਂ ਕੱਲਮ ਕਾਰੇ ਤਾਰੇ ਟਿਮ ਟਿਮਾ ਰਹੇ ਸਨ।
ਦੁਰੇਡਿਉਂ ਕਿਸੇ ਪੰਛੀ ਦੀ ਅਜੀਬ ਜਿਹੀ ਕਿਕ ਕਿਕ ਕਰਦੀ ਚਿਚਲਾਂਦੀ ਆਵਾਜ਼ ਆਈ। ਜਾਰਜੀਆ ਵਿੱਚ ਇਹੋ ਜਿਹੀ ਆਵਾਜ਼ ਉਸ ਕਦੇ ਨਹੀਂ ਸੀ ਸੁਣੀ।
ਸਾਰਾ ਵਾਤਾਵਰਣ ਕਿਸੇ ਅਦਿਸ ਚੀਜ਼ ਨਾਲ ਭਾਰਾ ਹੋਇਆ ਲੱਗਦਾ ਸੀ। ਚਾਰੇ ਪਾਸੇ ਭਾਵੇਂ ਚੁੱਪ ਚਾਂ ਸੀ, ਪਰ ਇੰਝ ਲੱਗਦਾ ਸੀ ਜਿਉਂ ਕੋਈ ਭਿਆਨਕ ਵਸਤੂ ਉਸ ਵੱਲ ਵੱਧਦੀ ਆ ਰਹੀ ਹੋਵੇ। ਤੇ ਕੁਝ ਕੁਝ ਸੁਭਾਵਕ ਵੀ ਸੀ ਕਿ ਸਭ ਕੁਝ ਖਾਮੋਸ਼ ਵੀ ਰਹੇ ਤੇ ਆਪਣੇ ਪੈਰ, ਉਸ ਵੱਲ ਵਧਾਂਦੀ ਵੀ ਜਾਵੇ।
"ਨੀਨਾ, ਤੂੰ ? ...ਤੇ ਸਰਗੋ ਕਿੱਥੇ ਈ ?"
ਉਸ ਆਪਣੀਆਂ ਅੱਖਾਂ ਖੋਲ੍ਹੀਆਂ, ਉਹ ਇੱਕ ਕੱਚੀ ਜਿਹੀ ਕੰਧ ਨਾਲ ਲੱਗਾ ਹੋਇਆ ਸੀ ਤੇ ਸਿਰ ਢਿਲਕ ਕੇ ਛਾਤੀ ਉੱਤੇ ਲੱਗਾ ਪਿਆ ਸੀ । ਸੁਫਨੇ ਦਾ ਪਰਛਾਵਾਂ ਜਿਹਾ ਹਾਲਾਂ ਵੀ ਉਸ ਦੀਆਂ ਅੱਖਾਂ ਅੱਗੋਂ ਰਾਤ ਦੇ ਅਨ੍ਹੇਰੇ ਦੇ ਫੈਲਾਅ ਵਿੱਚ ਨੱਚ ਰਿਹਾ ਸੀ।
ਉਸ ਆਪਣੇ ਸਿਰ ਨੂੰ ਝੂਣਿਆ ਤੇ ਸਭ ਕੁਝ ਜਿਉਂ ਟਿਕ ਗਿਆ। ਉਹ ਸ਼ੱਕ ਭਰੀਆਂ ਅੱਖਾਂ ਨਾਲ ਵੇਖਣ ਲੱਗ ਪਿਆ। ਲਟਕਿਆ ਹੋਇਆ ਸੱਖਣ, ਧੁੰਦਲੀ ਜਿਹੀ ਕੱਚੀ ਕੰਧ, ਚਟਾਨ ਦਾ ਸਿਰਾ, ਮਸ਼ੀਨਗੰਨ, ਜੋ ਦਿੱਸਣ ਨਾਲ ਮਹਿਸੂਸ ਵਧੇਰੇ ਹੁੰਦੀ ਸੀ, ਸਭ ਆਪਣੀ ਆਪਣੀ ਥਾਂ ਉੱਤੇ, ਪਹਿਲਾਂ ਵਾਂਗ ਹੀ ਟਿਕੇ ਹੋਏ ਸਨ। ਦੂਰ ਇੱਕ ਪੰਛੀ ਚਿਚਲਾਉਂਦਾ ਲੰਘ ਗਿਆ। ਜਾਰਜੀਆ ਵਿੱਚ ਤਾਂ ਇਹੋ ਜਿਹੇ ਪੰਛੀ ਨਹੀਂ ਸਨ ਹੁੰਦੇ।
ਉਹ ਦੂਰ ਨੀਝਾਂ ਲਾ ਕੇ ਵੇਖਣ ਲੱਗ ਪਿਆ.. ਕਾਲੀਆਂ ਵਿਰਲਾਂ ਵਿੱਚ ਟਿਮ ਟਿਮ ਕਰਦੇ ਫਿੱਕੇ ਪੈਂਦੇ ਤਾਰੇ ਕਿਸੇ ਹੋਰ ਹੀ ਨਮੂਨੇ ਵਿੱਚ ਖਿਲਰੇ ਦਿੱਸੇ, ਜੋ ਪਹਿਲਾਂ ਨਾਲੋਂ ਵੱਖਰਾ ਸੀ। ਉਸ ਦੀਆਂ ਅੱਖਾਂ ਸਾਹਮਣੇ ਕਹਿਰਾਂ ਦੀ ਖਾਮੋਸ਼ੀ ਲਟਕੀ ਹੋਈ ਸੀ, ਜੋ ਡੂੰਘਾਣਾਂ ਵਿੱਚ ਲੱਥੀ ਜਾਪਦੀ ਸੀ ਤੇ ਉਸ ਨੂੰ ਚੰਗਾ ਭਲਾ ਪਤਾ ਸੀ ਕਿ ਇਹ ਸੰਘਣੇ ਜੰਗਲ ਦੇ ਅੰਨ੍ਹੇਰਿਆਂ ਦੀ ਕਰਾਮਾਤ ਸੀ । ਉਸ ਉਬਾਸੀ ਲਈ ਤੇ ਸੋਚਣ ਲੱਗ ਪਿਆ: "ਮੈਨੂੰ ਟੁਰਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ.. ।" ਪਰ ਸੋਚ ਦੀ ਲੜੀ ਟੁੱਟੀ ਨਾ; ਫਿਰ ਅੰਨ੍ਹੇਰੇ ਦੀਆਂ ਕਾਲੀਆਂ ਚਾਦਰਾਂ, ਦਿੱਸਦੀਆਂ ਅੱਖਾਂ ਅੱਗੇ ਤਣਨ ਲੱਗ ਪਈਆਂ ਤੇ ਫਿਰ ਯਾਦਾਂ ਤੁਰਦੀਆਂ ਤਰਦੀਆਂ ਉਸ ਦੇ ਦਿਲ ਵਿੱਚ ਇੱਕ ਪੀੜ ਜਗਾਂਦੀਆਂ ਲੰਘਣ ਲੱਗ ਪਈਆਂ।
ਉਸ ਪੁੱਛਿਆ:
"ਕੀ ਅੰਨ੍ਹੇਰੇ ਵੀ ਤਰ ਲੈਂਦੇ ਨੇ ?"
ਤੇ ਕਿਸੇ ਉੱਤਰ ਦਿੱਤਾ:
"ਕਿਉਂ ਨਹੀਂ।"
ਪਰ ਇਹ ਉੱਤਰ ਸ਼ਬਦਾਂ ਦਾ ਨਹੀਂ ਸੀ, ਸਗੋਂ ਕਿਸੇ ਪੋਪਲੇ ਮੂੰਹ ਦੀ ਮੁਸਕਾਨ ਸੀ।
ਉਹ ਝੱਟ ਕੁ ਲਈ ਉਸ ਪੋਪਲੇ, ਕੂਲੇ ਮੂੰਹ ਦੀ ਯਾਦ ਨਾਲ ਝੁਣਿਆ ਗਿਆ। ਉਸ ਆਪਣਾ ਹੱਥ ਅਗੇਰੇ ਵਧਾਇਆ ਤੇ ਨੀਨਾ ਨੇ ਬੱਚੇ ਦਾ ਸਿਰ ਉਸ ਦੇ ਹੱਥ ਵਿੱਚ ਦੇ ਦਿੱਤਾ,