

ਪਰ ਭੂਰਾ ਭੂਰਾ ਸਿਰ, ਜਿਉਂ ਰੁੜ੍ਹਦਾ (ਉਸ ਸਾਹ ਰੋਕ ਲਿਆ) ਜਾਂਦਾ ਚੱਟਾਨ ਦੇ ਸਿਰੇ ਉੱਤੇ ਜਾ ਕੇ ਰੁੱਕ ਗਿਆ ਸੀ। ਉਸ ਦੀ ਵਹੁਟੀ ਦੀਆਂ ਅੱਖਾਂ ਵਿੱਚ ਲਹੂ ਢਲ ਆਇਆ ਸੀ- ਹਾਏ ਮੈਂ ਮਰ ਗਈ... ਪਰ ਜੋ ਹੋ ਬੀਤਿਆ ਸੀ, ਉਸ ਕਰਕੇ ਨਹੀਂ। ਕੋਈ ਹੋਰ ਚੀਜ਼ ਉਸ ਨੂੰ ਖੋਹ ਪਾ ਰਹੀ ਸੀ: ਘੁਲੇ ਹੋਏ ਘੁਸਮੁਸੇ ਵਿੱਚ- ਜੋ ਸਵੇਰ ਤੋਂ ਪਹਿਲਾਂ ਅੱਗੇ ਅੱਗੇ ਭੱਜਦਾ ਹੈ - ਹਜ਼ਾਰਾਂ ਭੂਰੇ ਸਿਰ ਚਟਾਨ ਦੇ ਸਿਰੇ ਉੱਤੇ ਉਭਰ ਆਏ ਸਨ, ਜੋ ਆਪ ਰਿੜ੍ਹਦੇ, ਸ਼ਾਇਦ ਉੱਧਰ ਜਾ ਪਹੁੰਚੇ ਹੋਣ। ਸਿਰ ਉੱਚੇ ਹੀ ਉੱਚੇ ਹੁੰਦੇ ਗਏ, ਧੌਣਾਂ ਦਿੱਸਣ ਲੱਗ ਪਈਆਂ, ਫੈਲੀਆਂ ਬਾਹਾਂ ਜਿਉਂ ਕਿਤੋਂ ਉੱਗ ਆਈਆਂ, ਮੋਢੇ ਉੱਠੇ ਹੋਏ ਹਿੱਲਣ ਲੱਗ ਪਏ, ਪੱਕੇ ਪੀਡ ਜਬਾੜਿਆਂ ਵਾਲੇ ਜੰਗਾਲੇ ਚਿਹਰੇ ਉੱਭਰੇ ਤੇ ਲੋਹੇ ਵਰਗੀ ਕੜਕਦੀ ਇੱਕ ਆਵਾਜ਼ ਜਿਉਂ ਖਾਮੋਸ਼ੀਆਂ ਨੂੰ ਤਾਰ ਤਾਰ ਕਰਕੇ ਸੁੱਟ ਗਈ।
"ਅੱਗੇ ਵੱਧ... ਹੱਲਾ ਬੋਲ ਦਿਓ!"
ਜੰਗਲੀ ਜਾਨਵਰਾਂ ਦੀਆਂ ਗਰਜਦੀਆਂ ਆਵਾਜ਼ਾਂ ਨੇ ਜਿਉਂ ਹਰ ਚੀਜ਼ ਚੀਰ ਪਾੜ ਕੇ ਪਰ੍ਹੇ ਸੁੱਟ ਦਿੱਤੀ, ਜਾਰਜੀਅਨ ਨੇ ਗੋਲੀ ਦਾਗ ਦਿੱਤੀ, ਉਹ ਧਰਤੀ ਉੱਤੇ ਡਿੱਗ ਪਿਆ ਤੇ ਬੱਚਾ, ਜੋ ਮਾਂ ਦੀ ਗਲਵਕੜੀ ਵਿੱਚ ਕੁੱਦ ਕੁੱਦ ਪੈਂਦਾ ਸੀ, ਬਾਹਾਂ ਮਾਰਦਾ ਸੀ ਤੇ ਮੁਸਕਰਾਹਟ ਭਰੇ ਮੂੰਹ ਵਿੱਚੋਂ ਬੁੜ ਬੁੜੀਆਂ ਛੱਡਦਾ ਸੀ, ਛਾਤੀ ਵਿੱਚ ਪੀੜ ਘੁਟੀ ਆਪਣਾ ਪੋਪਲਾ ਮੂੰਹ ਪਪੋਲਦਾ ਕਿਤੇ ਲੋਪ ਹੋ ਗਿਆ।
26
ਕਰਨਲ ਵਾਹੋ ਦਾਹੀ ਆਪਣੇ ਤੰਬੂ ਵਿੱਚੋਂ ਨਿਕਲਿਆ ਤੇ ਬੰਦਰਗਾਹ ਵੱਲ ਦੌੜ ਪਿਆ। ਸਵੇਰ ਦੇ ਘੁਸਮੁਸੇ ਵਿੱਚ ਸਿਪਾਹੀ ਚਟਾਨਾਂ ਉੱਤੇ ਡਿਗੀਆਂ ਲਾਸ਼ਾਂ ਉੱਤੋਂ ਦੌੜਦੇ ਲੰਘੀ ਜਾ ਰਹੇ ਸਨ। ਉਸ ਦੇ ਪਿਛਲੇ ਪਾਸਿਉਂ ਇੱਕ ਬੜੀ ਵਹਿਸ਼ਤ ਭਰੀ ਚੀਖ ਆਈ ਤੇ ਕੋਲੋਂ ਦੀ ਲੰਘ ਗਈ। ਘੋੜੇ ਆਪਣੇ ਗਲਾਵੇਂ ਤੋੜ ਕੇ ਤੇ ਲੱਤਾਂ ਛੱਡਦੇ ਲਤਾੜਦੇ ਲੰਘਣ ਲੱਗ ਪਏ।
ਪੱਥਰਾਂ ਤੇ ਝਾੜੀਆਂ ਉੱਤੇ ਇੱਕ ਛੁਹਲੇ ਗੱਭਰੂ ਵਾਂਗ ਛਾਲਾ ਮਾਰਦਾ, ਕਰਨਲ ਏਨੀ ਤੇਜ਼ੀ ਨਾਲ ਦੌੜ ਰਿਹਾ ਸੀ ਕਿ ਉਸ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ। ਉਸ ਦੇ ਖਿਆਲਾਂ ਵਿੱਚ ਬੰਦਰਗਾਹ ਜਹਾਜ਼ ਤੇ ਮੁਕਤੀ ਵਸੇ ਹੋਏ ਸੀ। ਉਸ ਦੀ ਛੁਹਲੀ ਚਾਲ ਦੇ ਨਾਲ ਤਾਲਮੇਲ ਖਾਂਦੇ, ਉਸ ਦੇ ਵਿਚਾਰ ਉਸ ਦੇ ਮਨ ਮਸਤਕ ਵਿੱਚੋਂ ਕੀ, ਸਗੋਂ ਉਸ ਦੇ ਸਾਰੇ ਸਰੀਰ ਵਿੱਚੋਂ ਲੰਘ ਰਹੇ ਸਨ - "ਜੇ ਕਿਤੇ ਉਹ ਮੈਨੂੰ... ਬਸ ਇੱਕ ਮਾਰਨ ਨਾ. ਮਾਰਨ ਨਾ.. ਬਸ ਮੈਨੂੰ ਮਾਰਨ ਨਾ... ਬਸ, ਜੇ ਕਿਤੇ ਮੈਨੂੰ ਆਸਰਾ ਦੇ ਦੇਣ। ਉਹ ਜੋ ਆਖਣ, ਮੈਂ ਉਹਨਾਂ ਲਈ ਕਰਨ ਨੂੰ ਤਿਆਰ ਹਾਂ ਉਹਨਾਂ ਦੇ ਡੰਗਰ ਚਾਰਾਂ ਭੇਡਾਂ ਚੁਗਾ ਲਿਆਵਾਂ ਭਾਂਡੇ ਮਾਂਜ ਦਿਆਂ ਜ਼ਮੀਨ ਪੁਟਾਂ, ਛਕੜਿਆਂ ਵਿੱਚ ਖਾਦ ਢੋਆਂ... ਬਸ, ਜੇ ਇੱਕ ਵੇਰ ਮੈਨੂੰ ਮੇਰੀ ਜਾਨ ਬਖਸ਼ ਦੇਣ... ਬਸ ਮੈਨੂੰ ਮਾਰਨ ਨਾ ..ਆਹ.. ਪਰਮਾਤਮਾ। ਜ਼ਿੰਦਗੀ ਬੜੀ ਵੱਡਮੁੱਲੀ