Back ArrowLogo
Info
Profile

"ਭੈੜੀ ਦਿਆ, ਸਪਰਿੰਗ ਨਹੀਂ, ਮਾਵਾ ਲੱਗੀ ਹੋਈ ਹੈ।"

"ਮਾਵਾ, ਉਹ ਕੀ ਹੁੰਦੈ?"

"ਆਲੂਆਂ ਦਾ ਬਣਾਂਦੇ ਨੇ। ਕਮੀਜ਼ਾਂ ਨੂੰ ਇਸ ਕਰਕੇ ਲੁਆਂਦੇ ਨੇ ਕਿ ਛਾਤੀ ਆਕੜੀ ਰਹੇ।"

ਇੱਕ ਚੌੜੇ-ਚਿਘੇ ਬੰਦੇ ਨੇ, ਜਿਸ ਦਾ ਕਾਲ਼ਾ ਸਰੀਰ ਲੀਰਾਂ ਵਿੱਚੋਂ ਝਾਕ ਰਿਹਾ ਸੀ, ਇੱਕ ਫੈਸ਼ਨਦਾਰ ਪੂਛ ਵਾਲਾ ਕੋਟ ਹੱਥ ਵਿੱਚ ਫੜ੍ਹਿਆ ਹੋਇਆ ਸੀ। ਉਹ ਬੜੇ ਧਿਆਨ ਨਾਲ ਇਸ ਨੂੰ ਘੋਖਦਾ ਰਿਹਾ ਤੇ ਫਿਰ ਆਪਣੇ ਪਾਟੇ ਪੁਰਾਣੇ ਕੱਪੜੇ ਲਾਹ ਕੇ ਪਰ੍ਹੇ ਵਗਾਹ ਮਾਰੇ। ਜਿਸ ਵੇਲੇ ਅਲਫ ਨੰਗਾ ਹੋ ਗਿਆ, ਉਸ ਆਪਣੀਆਂ ਲੰਗੂਰ ਵਰਗੀਆਂ ਲੰਮੀਆਂ ਬਾਹਾਂ ਵਿੱਚ ਫਸਾ ਦਿੱਤੀਆਂ, ਜੋ ਮਸਾਂ ਕੂਹਣੀਆਂ ਤੱਕ ਪਹੁੰਚਦੀਆਂ ਸਨ ਤੇ ਢਿੱਡ ਉੱਤੇ ਕੋਟ ਦੇ ਬਟਨ ਮੇਲ ਲਏ। ਆਪਣੇ ਆਪ ਉੱਤੇ ਝਾਤ ਮਾਰ ਕੇ, ਦੰਦ ਕੱਢਣ ਲੱਗ ਪਿਆ।

"ਹੁਣ ਕਿਤੋਂ ਇੱਕ ਪਜਾਮਾ ਵੀ ਲੱਭ ਜਾਏ ਨਾ !"

ਉਹ ਚਾਰੇ ਪਾਸੇ ਹੱਥ ਮਾਰਦਾ ਰਿਹਾ, ਪਰ ਪਜਾਮਾ ਹੱਥ ਨਾ ਆਇਆ। ਉਸ ਦਿਲ ਨਾ ਛੱਡਿਆ। ਸਾਰੀ ਦੁਕਾਨ ਉਸ ਫੋਲ ਮਾਰੀ ਤੇ ਅਖੀਰ ਉਸ ਦੇ ਹੱਥ ਇੱਕ ਗੱਤੇ ਦਾ ਡੱਬਾ ਆ ਗਿਆ ਤੇ ਵਿੱਚੋਂ ਅਜੀਬ ਜਿਹੀਆਂ ਚੀਜ਼ਾਂ ਕੱਢਣ ਲੱਗ ਪਿਆ। ਉਸ ਤਹਿਆਂ ਖੋਲ੍ਹੀਆਂ ਤੇ ਫਿਰ ਹਿਚ ਹਿਚ ਕਰਨ ਲੱਗ ਪਿਆ।

"ਲੱਗਦਾ ਤਾਂ ਪਜਾਮੇ ਵਰਗਾ ਹੀ ਹੈ, ਪਰ ਗੰਢੇ ਦੀ ਛਿੱਲ ਵਰਗਾ ਪਤਲਾ ਏ। ਫੀਓਦਰ, ਇਹ ਕੋਈ ਨਵੇਂ ਨਮੂਨੇ ਦਾ ਪਜਾਮਾ ਏ?"

ਪਰ ਫੀਓਦਰ ਆਪਣੇ ਆਹਰੇ ਲੱਗਾ ਹੋਇਆ ਸੀ- ਉਹ ਆਪਣੀ ਤੀਵੀਂ ਤੇ ਬੱਚਿਆਂ ਲਈ ਕੋਈ ਕੱਪੜਾ ਲੱਭਣ ਲੱਗਾ ਹੋਇਆ ਸੀ । ਉਹਨਾਂ ਦੇ ਤਨ ਦੁਆਲੇ ਇੱਕ ਲੀਰ ਵੀ ਨਹੀਂ ਸੀ।

ਉਸ ਬੰਦੇ ਨੇ, ਜਿਸ ਪੂਛਲ-ਕੋਟ ਪਾਇਆ ਹੋਇਆ ਸੀ, ਮੱਥੇ ਉੱਤੇ ਤਿਉੜੀਆਂ ਪਾਈਆਂ ਤੇ ਲੱਗ ਪਿਆ ਆਪਣੀਆਂ ਗੰਦੀਆਂ ਤੇ ਲੂਹੀਆਂ ਹੋਈਆਂ ਤਗੜੀਆਂ ਲੰਮੀਆਂ ਲੱਤਾਂ ਉੱਪਰ ਉਸ ਚੀਜ਼ ਨੂੰ ਫਸਾਣ । ਜੋ ਉਹ ਪਾ ਰਿਹਾ ਸੀ, ਉਹ ਰਬੜ ਵਾਂਗ ਉਸ ਦੀਆਂ ਲੱਤਾਂ ਦੁਆਲੇ ਚੰਬੜ ਗਿਆ।

ਫੀਓਦਰ ਦੀ ਨਿਗਾਹ ਪਈ ਤੇ ਹੱਸ ਹੱਸ ਕੇ ਉਹ ਦੂਹਰਾ ਹੋਣ ਲੱਗ ਪਿਆ।

"ਵੇਖੋ ਓਏ, ਓਪਾਨਸ ਨੂੰ!” ਹਾਸੇ ਨਾਲ, ਸਟੋਰ ਦੀਆਂ ਕੰਧਾਂ ਵੀ ਹਿੱਲਣ ਲੱਗ ਪਈਆਂ।

"ਓਏ ਵੇਖੋ ਸਹੁਰੇ ਨੂੰ, ਤੀਵੀਂਆਂ ਦੀਆਂ ਪੱਟਾਂ ਤੋਂ ਉੱਪਰ ਵਾਲੀਆਂ ਰਬੜ ਦੀਆਂ ਜੁਰਾਬਾਂ ਫਸਾ ਬੈਠਾ !"

“ਓਏ ਗਾਂਹ ਹੋ, ਤੀਵੀਂਆਂ ਕਿਤੇ ਮਨੁੱਖ ਨਹੀਂ ਹੁੰਦੀਆਂ ?"

"ਪਾ ਕੇ ਪੁਤਰਾ ਜਾਵੇਂਗਾ ਕਿੱਧਰ, ਸਭ ਕੁਝ ਵਿੱਚੋਂ ਦਿੱਸਣ ਲੱਗਾ ਹੋਇਆ ਏ ?"

ਓਪਾਨਸ ਦਾ ਚਾਅ ਮੱਠਾ ਪੈ ਗਿਆ।

125 / 199
Previous
Next