ਛੇ ਹਜ਼ਾਰ ਤੋਪ ਦੇ ਗੋਲੇ ਤੇ ਤਿੰਨ ਹਜ਼ਾਰ ਕਾਰਤੂਸ ਸਨ। ਕਮਾਲ ਦੇ ਜਾਰਜੀਅਨ ਘੋੜੇ, ਕਾਲੇ ਸਿਆਹ ਜੋਤਰਿਆਂ ਵਿੱਚ ਜੁੱਪੇ, ਸੋਲ਼ਾਂ ਜਾਰਜੀਅਨ ਤੋਪਾਂ ਖਿੱਚਣ ਵਿੱਚ ਜ਼ੋਰ ਲਾ ਰਹੇ ਸਨ। ਜਾਰਜੀਅਨ ਛਕੜੇ, ਭਾਂਤ ਭਾਂਤ ਦੀਆਂ ਚੀਜ਼ਾਂ ਵਸਤਾਂ ਨਾਲ ਭਰੇ ਪਏ ਸਨ । ਲੜਾਈ ਦੇ ਮੈਦਾਨ ਦੇ ਟੈਲੀਫੋਨ, ਕੰਡਿਆਲੀਆਂ ਤਾਰਾਂ ਤੇ ਦਵਾਈਆਂ। ਸਾਮਾਨ ਵਾਲੀ ਗੱਡੀ ਵਿੱਚ ਐਂਬੂਲੈਂਸ ਗੱਡੀਆਂ ਦਾ ਵਾਧਾ ਬਹੁਤ ਖੁਸ਼ੀ ਦੀ ਗੱਲ ਸੀ। ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਦਿੱਸ ਰਹੀ, ਪਰ ਦੋ ਚੀਜ਼ਾਂ ਦੀ ਬੜੀ ਥੁੜ੍ਹ ਸੀ: ਕਣਕ ਤੇ ਸੁੱਕਾ ਘਾਹ।
ਬੜੇ ਸਬਰ ਨਾਲ, ਭੁੱਖੇ ਘੋੜੇ, ਥੱਕੇ ਸਿਰ ਉਛਾਲਦੇ ਟੁਰੀ ਜਾ ਰਹੇ ਸਨ । ਸਿਪਾਹੀਆਂ ਨੇ ਆਪਣੀਆਂ ਪੇਟੀਆਂ ਘੁੱਟ ਕੇ ਬੰਨ੍ਹੀਆਂ ਹੋਈਆਂ ਸਨ । ਪਰ ਉਹ ਬੜੀਆਂ ਚੜ੍ਹਦੀਆਂ ਕਲਾਂ ਵਿੱਚ ਸਨ, ਕਿਉਂ ਜੋ ਹਰੇਕ ਦੀ ਪੇਟੀ ਵਿੱਚ ਦੋ ਸੌ ਜਾਂ ਤਿੰਨ ਸੌ ਕਾਰਤੂਸ ਪਏ ਹੋਏ ਸਨ। ਮੱਖੀਆਂ ਦੀ ਸਿਰ ਉੱਤੇ ਤਣੀ ਛੱਤਰੀ ਹੇਠਾਂ, ਮਿੱਟੀ ਘੱਟੇ ਦੇ ਬੱਦਲ ਉਡਾਂਦੇ, ਉਹ ਬੜੀ ਮਸਤੀ ਨਾਲ ਟੁਰੀ ਜਾ ਰਹੇ ਸਨ । ਮੱਖੀਆਂ ਦਾ ਇਸ ਮੁਹਿੰਮ ਨਾਲ ਪੱਕਾ ਸਾਥ ਸੀ । ਡਲ੍ਹਕਾਂ ਮਾਰਦੇ ਸੂਰਜ ਦੀ ਰੋਸ਼ਨੀ ਵਿੱਚ ਗੀਤ ਗਾਏ ਜਾ ਰਹੇ ਸਨ:
ਮਧੁਸ਼ਾਲਾ ਵਿੱਚ ਵੋਦਕਾ
ਬੀਅਰ ਤੇ ਸ਼ਰਾਬ ਦੀ ਲੱਗੀ ਏ ਬਹਾਰ...।
ਛੱਕੜੇ, ਬੱਘੀਆਂ ਤੇ ਗੱਡੀਆਂ ਸੜਕ ਉੱਤੋਂ ਚੀਂ ਚੀਂ ਕਰਦੇ ਟੁਰੀ ਗਏ। ਸੂਹੇ ਸਿਰਹਾਣਿਆਂ ਤੋਂ ਚਾਂਭਲੇ ਬੱਚੇ, ਸਿਰ ਚੁੱਕ ਚੁੱਕ ਪਏ ਵੇਖੀ ਜਾਂਦੇ।
ਕਈ ਲੋਕ ਮੁੱਖ ਮਾਰਗ ਦਾ ਮੋੜ ਬਚਾਣ ਲਈ ਵਿੱਚੋਂ ਹੁੰਦੇ ਟੁਰੀ ਜਾ ਰਹੇ ਸਨ: ਇੱਕ ਇੱਕ ਦੀ ਪੰਗਤੀ ਵਿੱਚ ਥੱਕੇ ਟੁੱਟੇ ਤੀਵੀਆਂ ਮਰਦ, ਸਿਰਾਂ ਉੱਤੇ ਪੁਰਾਣੀਆਂ ਟੋਪੀਆਂ ਪਾਈ, ਨੰਗੇ ਪੈਰੀਂ ਸੋਟੀਆਂ ਦਾ ਸਹਾਰਾ ਲੈ ਕੇ ਟੁਰੀ ਜਾ ਰਹੇ ਸਨ। ਉਹਨਾਂ ਨੂੰ ਹੁਣ ਆਪਣੇ ਮਾਲ ਡੰਗਰਾਂ ਤੇ ਕੁੱਕੜ ਚੂਚਿਆਂ ਦੀ ਕੋਈ ਚਿੰਤਾ ਨਹੀਂ ਸੀ ਰਹੀ ਨਾ ਕੋਈ ਗਾਂ ਰਹੀ ਸੀ, ਨਾ ਸੂਰ ਤੇ ਨਾ ਚੂਚੇ ਭੁੱਖ ਨੇ ਕੁੱਤੇ ਵੀ ਕਿਤੇ ਨਹੀਂ ਸਨ ਰਹਿਣ ਦਿੱਤੇ।
ਇੱਕ ਅਟੁੱਟ ਭੀੜ ਵਲ ਖਾਂਦੀ, ਪਹਾੜੀ ਸਿਖਰਾਂ ਤੇ ਦੰਦੀਆਂ ਤੇ ਸੁੱਖੜ ਚੜ੍ਹਾਈਆਂ ਉੱਤੋਂ ਲੰਘਦੀ, ਪਹਾੜਾਂ ਦੇ ਸਿਲਸਲਿਆਂ ਨੂੰ ਕੱਛਦੀ ਫਿਰ ਪਾਰ ਸਟੈਪੀ ਵਿੱਚ ਜਾ ਪਹੁੰਚਣ ਨੂੰ ਜਿੱਥੇ ਅੰਨ੍ਹ ਦਾਤਾ ਕਾਫ਼ੀ ਸੀ, ਤਰਲੇ ਲੈ ਰਹੀ ਸੀ।
ਭੁੱਲ ਜਾਓ ਦੁਖ ਤੇ ਗਮ ਯਾਰੋ,
ਆਓ ਚੁੱਕ ਪਿਆਲੇ ਤੇ ਮਖਮੂਰ ਹੋ ਜਾਓ...।
ਕਸਬੇ ਵਿੱਚੋਂ ਨਵੇਂ ਗੀਤਾਂ ਦੇ ਰੀਕਾਰਡ ਉਹਨਾਂ ਦੇ ਹੱਥ ਆ ਗਏ ਸਨ।
ਅਪਹੁੰਚ ਚੋਟੀਆਂ, ਨੀਲੇ ਆਕਾਸ਼ ਨੂੰ ਛੋਂਹਦੀਆਂ ਪਈਆਂ ਸਨ।
ਥੱਲੇ ਹੇਠਾਂ ਨਿੱਕਾ ਜਿਹਾ ਕਸਬਾ ਨੀਲੇ ਧੁੰਧਲਕੇ ਵਿੱਚ ਉਭਰਿਆ ਹੋਇਆ ਸੀ। ਖਾੜੀ ਦਾ ਆਲਾ ਦੁਆਲਾ ਧੁੰਧਲਾ ਹੋਇਆ ਹੋਇਆ ਸੀ । ਨੀਲੀ ਕਦੀ ਵਾਂਗ ਉੱਚਾ ਉੱਚਾ ਹੁੰਦਾ ਸਮੁੰਦਰ, ਮੁੱਖ ਮਾਰਗ ਦੇ ਰੁੱਖਾਂ ਦੀਆਂ ਚੋਟੀਆਂ ਦੇ ਪਿੱਛੇ ਛੁੱਪ ਗਿਆ ਸੀ। ਚਾਰੇ ਪਾਸੇ ਮਿੱਟੀ ਘੱਟਾ, ਮੱਖੀਆਂ ਤੇ ਢਿੱਗਾਂ ਦਿੱਸ ਰਹੀਆਂ ਸਨ ਤੇ ਦੂਰ ਦੂਰ ਫੈਲੇ ਹੋਏ ਸਨ ਕੰਵਾਰੇ