ਨਹੀਂ ਸੀ ਰਹਿ ਗਿਆ ਕਿਸੇ ਵਿੱਚ। ਘੜੇ ਬੇਹਾਲ ਗੋਡੇ ਗੋਡੇ ਪਾਣੀ ਵਿੱਚ ਕੰਨ ਸੁੱਟੀ ਟੁਰੀ ਜਾ ਰਹੇ ਸਨ। ਇਸ ਬਉਰੀ ਰਾਤ ਦੇ ਦੁੱਖਾਂ ਤੇ ਕਲੇਸ਼ਾਂ ਦੀ ਕੋਈ ਕੀ ਕਹਾਣੀ ਪਾਵੇ।
ਤੇ ਦਿਨ ਚੜ੍ਹੇ ਸੂਰਜ ਦੀਆਂ ਕਿਰਨਾਂ ਲਿਸ਼ਕਣ ਲੱਗ ਪਈਆਂ: ਧੋਤੀ ਧਾਤੀ ਹਵਾ, ਡਾਢੀ ਨਿਖਰੀ ਹੋਈ ਸੀ, ਨੀਲੇ ਪਹਾੜਾਂ ਉੱਤੇ ਜਿਉਂ ਧੋਤੀ ਹੋਈ ਮਹੀਨ ਚਾਦਰ ਖਿਲਰੀ ਪਈ ਹੋਵੇ। ਬਸ, ਜੋ ਚਿਹਰਾ ਕਾਲ਼ਾ ਪਿਆ ਹੋਇਆ ਸੀ, ਜਾਂ ਸੁੱਕ ਕੇ ਮੂੰਹ ਅੱਗੇ ਨੂੰ ਨਿਕਲ ਆਇਆ ਸੀ, ਜਾਂ ਹੱਡ ਗੋਡੇ ਰਗੜ ਕੇ ਖਲ੍ਹਤਾ ਹੋਇਆ ਸੀ, ਤਾਂ ਉਹ ਸੀ ਮਨੁੱਖ। ਉਹ ਥੱਕੇ ਹਾਰੇ ਘੋੜਿਆਂ ਨੂੰ ਟੋਰਨ ਲਈ ਵਾਹ ਲਾ ਰਹੇ ਸਨ ਤੇ ਘੋੜੇ। ਅੱਗੇ ਭੁੱਕੇ ਹੋਏ ਸਿਰ, ਪਿੰਜਰ ਨਿਕਲੇ ਹੋਏ ਤੇ ਸੁੱਕੇ ਚਮੜੇ ਉੱਪਰ ਧੋਤੇ ਹੋਏ ਵਾਲ ਨਾਲ ਚੰਬੜੇ ਹੋਏ।
ਇਹਨਾਂ ਮੌਤਾਂ ਦੀ ਖ਼ਬਰ ਕੋਜ਼ੂਖ ਨੂੰ ਦਿੱਤੀ ਗਈ।
"ਗੱਲ ਇੰਝ ਹੈ ਸਾਥੀ ਕੋਜ਼ੂਖ, ਤਿੰਨ ਛੱਕੜੇ, ਲੋਕਾਂ ਤੇ ਸਭ ਕੁਝ ਨਾਲ ਲੱਦ ਲਦਾਏ, ਖੱਡ ਵਿੱਚ ਰੁੜ੍ਹ ਗਏ ਨੇ। ਇੱਕ ਬੱਘੀ ਉੱਤੇ ਇੱਕ ਚਟਾਨ ਆ ਕੇ ਡਿੱਗੀ, ਤੇ ਉਹ ਟੋਟੇ ਟੋਟੇ ਹੋ ਗਈ। ਦੋ ਬੰਦਿਆਂ ਨੂੰ ਬਿਜਲੀ ਮਾਰ ਗਈ । ਤੀਜੀ ਕੰਪਨੀ ਦੇ ਦੋ ਬੰਦਿਆਂ ਦਾ ਕੁਝ ਪਤਾ ਨਹੀਂ ਲੱਗ ਰਿਹਾ। ਕਈ ਘੋੜੇ ਮੁੱਖ ਮਾਰਗ ਉੱਤੇ ਡਿੱਗੇ ਢੱਠੇ ਮਰੇ ਪਏ ਹਨ।"
ਕੋਜੂਖ ਨੇ ਪਾਣੀ ਨਾਲ ਧੋਤੇ ਮੁੱਖ ਮਾਰਗ ਵੱਲ ਤੇ ਬੇਮੁਹਾਰੇ ਚਟਾਨਾਂ ਵੱਲ ਨਿਗਾਹ ਮਾਰੀ।
"ਅਸੀਂ ਰਾਤ ਰੁਕਾਂਗੇ ਨਹੀਂ" ਉਹ ਕਹਿਣ ਲੱਗਾ, "ਰਾਤ ਦਿਨ ਟੁਰੀ ਜਾਣਾ ਹੈ। ਅੱਗੇ ਹੀ ਅੱਗੇ ਵਧੀ ਜਾਣਾ ਹੈ।"
"ਸਾਥੀ ਕੋਜ਼ੂਖ ਘੋੜਿਆਂ ਦੇ ਵੱਸ ਦਾ ਹੁਣ ਇਹ ਨਹੀਂ ਰਿਹਾ। ਇੱਕ ਮੁੱਠ ਸੁੱਕਾ ਘਾਹ ਕਿਤੇ ਨਹੀਂ। ਜਦ ਅਸੀਂ ਜੰਗਲਾਂ ਵਿੱਚੋਂ ਲੰਘਦੇ ਸਾਂ ਤਾਂ ਉਹਨਾਂ ਨੂੰ ਪੱਤਰ ਤੋੜ ਤੋੜ ਖੁਆਂਦੇ ਸਾਂ, ਇਥੇ ਤਾਂ ਹੁਣ ਪੱਥਰ ਹੀ ਪੱਥਰ ਰਹਿ ਗਏ ਨੇ।"
ਕੋਜੂਖ ਝੱਟ ਕੁ ਲਈ ਮੌਨ ਰਿਹਾ।
"ਬਿਨਾਂ ਘੜੀ ਦੀ ਢਿੱਲ ਮੱਠ ਦੇ ਟੁਰੀ ਚੱਲੋ।" ਉਸ ਆਖਿਆ। "ਜੇ ਅਸੀਂ ਰੁੱਕੇ, ਸਾਰੇ ਘੋੜੇ ਤਬਾਹ ਹੋ ਜਾਣਗੇ। ਹੁਕਮ ਲਿਖੋ।"
ਪਹਾੜ ਦੀ ਹਵਾ ਡਾਢੀ ਨਿਖਰੀ ਹੋਈ ਸੀ ਤੇ ਸਾਹ ਲੈਣਾ ਜ਼ਿੰਦਗੀ ਦੇ ਘੁੱਟ ਭਰਨਾ ਸੀ, ਪਰ ਇਹਨਾਂ ਹਜ਼ਾਰਾਂ ਬੰਦਿਆਂ ਲਈ ਇਸ ਦੀ ਕੋਈ ਖਿੱਚ ਨਹੀਂ ਸੀ ਰਹੀ। ਉਹ ਅੱਖਾਂ ਭੁੰਜੇ ਟਿਕਾਈ, ਛੱਕੜਿਆਂ ਜਾਂ ਤੋਪਾਂ ਦੇ ਨਾਲ ਨਾਲ, ਸੜਕ ਦੇ ਇੱਕ ਪਾਸੇ ਟੁਰੀ ਗਏ। ਰਸਾਲੇ ਦੇ ਬੰਦੇ ਘੋੜਿਆਂ ਤੋਂ ਉੱਤਰ ਕੇ, ਉਹਨਾਂ ਦੀ ਲਗਾਮ ਫੜੀ ਪਿੱਛੇ ਪਿੱਛੇ, ਤੁਰੀ ਜਾ ਰਹੇ ਸਨ।
ਚਾਰੇ ਪਾਸੇ ਬੰਜਰ ਖੁਸ਼ਕ ਸੁੱਖੜ ਚਟਾਨਾਂ ਦੇ ਅੱਡੇ ਮੂੰਹਾਂ ਵਾਲੀਆਂ ਖੱਡਾਂ, ਜਿਉਂ ਆਪਣੇ ਸ਼ਿਕਾਰ ਨੂੰ ਹੜੱਪ ਕਰ ਜਾਣ ਲਈ ਉਡੀਕ ਰਹੀਆਂ ਹੋਣ । ਖਾਈਆਂ ਵਿੱਚ ਧੁੰਦ ਫੈਲੀ ਹੋਈ ਸੀ।
ਸਿਆਹ ਚਟਾਨਾਂ ਤੇ ਦਰਾੜਾਂ ਛੱਕੜਿਆਂ ਦੀ ਲਗਾਤਾਰ ਚੀਂ ਚੀਂ, ਪਹੀਆਂ ਦੀ