ਖੜ ਖੜ ਤੇ ਪੈੜਾਂ ਦੀ ਕਾੜ ਕਾੜ ਤੇ ਖੜਕ ਖੜਕਾਰ ਨਾਲ ਗੂੰਜ ਗਈਆਂ ਖ਼ਾਮੋਸ਼ੀ ਸਗੋਂ ਕਈ ਗੁਣਾਂ ਉੱਚੀ ਹੋ ਕੇ ਗੂੰਜੀ ਤੇ ਗਜਦੀ ਲੰਘ ਗਈ। ਸਭ ਚੁੱਪ ਚਾਂ ਵਿਚ ਟੁਰੀ ਜਾ ਰਹੇ ਸਨ। ਜੇ ਕਿਸੇ ਚੀਖ਼ ਵੀ ਮਾਰੀ ਹੁੰਦੀ, ਤਾਂ ਇਸ ਰੋਲੇ ਵਿੱਚ ਜੇ ਕਈ ਮੀਲਾਂ ਵਿੱਚ ਫੈਲਿਆ ਹੋਇਆ ਸੀ, ਡੁੱਬ ਜਾਂਦੀ ।
ਇਥੋਂ ਤੱਕ ਕਿ ਬੱਚੇ ਵੀ ਨਾ ਚੀਖਦੇ ਸਨ ਤੇ ਨਾ ਰੋਟੀ ਮੰਗਦੇ ਸਨ। ਉਹਨਾਂ ਦੇ ਮੁਰਦਾ ਬੇਜਾਨ ਸਿਰ ਹਿੱਲੀ ਜਾਂਦੇ ਸਨ । ਮਾਵਾਂ ਨੂੰ ਕੋਈ ਲੋੜ ਨਹੀਂ ਸੀ ਕਿ ਉਹ ਬੰਦਿਆਂ ਨੂੰ ਚੁੱਪ ਕਰਾਂਦੀਆਂ, ਉਹ ਛੱਕੜਿਆਂ ਦੇ ਪਿੱਛੇ ਪਿੱਛੇ, ਭੀੜ ਨਾਲ ਭਰੇ ਉਸ ਮੁੱਖ ਮਾਰਗ ਉੱਤੇ ਅੱਖਾਂ ਟਿਕਾਈ ਟੁਰੀ ਜਾ ਰਹੀਆਂ ਸਨ, ਜੋ ਉੱਪਰ ਉੱਪਰ ਹੁੰਦਾ ਆਕਾਸ਼ ਵੱਲ ਪਹੁੰਚਣ ਦੀ ਕਰ ਰਿਹਾ ਸੀ। ਉਹਨਾਂ ਦੀਆਂ ਅੱਖਾਂ ਖੁਸ਼ਕ ਹੋਈਆਂ ਹੋਈਆਂ ਸਨ।
ਜਿਸ ਵੇਲੇ ਕੋਈ ਘੋੜਾ ਰੁੱਕ ਜਾਂਦਾ, ਛੱਕੜੇ ਵਿੱਚ ਬੈਠੇ ਸਾਰਿਆਂ ਦੇ ਭੈਅ ਨਾਲ ਸਤਰ ਸੁੱਕਣ ਲੱਗ ਪੈਂਦੇ। ਸ਼ੁਦਾਈਆਂ ਵਾਂਗ, ਉਹ ਹੇਠਾਂ ਚੱਲ ਕੇ ਪਹੀਏ ਨੂੰ ਥੰਮ੍ਹ ਲੈਂਦੇ ਤੇ ਛੱਕੜੇ ਵਿੱਚ ਮੋਢੇ ਦੇ ਕੇ ਜ਼ੋਰ ਜ਼ੋਰ ਦੀ ਰੌਲਾ ਪਾਂਦੇ ਤੇ ਸ਼ੁਸ਼-ਸ਼ੁਸ਼ ਕਰਦੇ ਚਾਬਕਾਂ ਘੁਮਾਈ ਜਾਂਦੇ ਤੇ ਉਹਨਾਂ ਦਾ ਰੌਲਾ ਉਸ ਸਦਾ ਦੀ ਛਕੜਿਆਂ ਦੀ ਚੀਂ ਚੀਂ ਵਿੱਚ ਜੋ ਅਣਗਿਣਤ ਪਹੀਆਂ ਦੀ ਖੜ ਖੜ ਨਾਲ ਕਈ ਗੁਣਾਂ ਵੱਧ ਉੱਚੀ ਹੋ ਕੇ ਗੂੰਜਦਾ ਸੀ, ਗੁੰਮ ਹੋ ਜਾਂਦਾ ।
ਘੋੜਾ ਮਸਾਂ ਇੱਕ ਦੇ ਕਦਮ ਹੋਰ ਟੁਰਦਾ, ਡਗਮਗਾਂਦਾ ਤੇ ਉੱਥੇ ਹੀ ਡਿੱਗ ਪੈਂਦਾ। ਥੰਮ੍ਹ ਟੁੱਟ ਜਾਂਦਾ, ਫਿਰ ਉਸ ਨੂੰ ਕੋਈ ਨਾ ਉੱਠਾ ਸਕਦਾ, ਲੱਤਾਂ ਆਕੜੀਆਂ ਪਈਆਂ ਹੁੰਦੀਆਂ, ਦੰਦ ਬਾਹਰ ਨੂੰ ਨਿਕਲੇ ਹੁੰਦੇ ਤੇ ਉਸ ਦੀਆਂ ਅੱਖਾਂ ਅੱਗੇ ਅੰਨ੍ਹੇਰਾ ਛਾਇਆ ਹੁੰਦਾ।
ਬੱਚਿਆਂ ਨੂੰ ਛੱਕੜੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ। ਮਾਂ ਵੱਡਿਆਂ ਨੂੰ ਧੱਕਾ ਮਾਰ ਕੇ ਅੱਗੇ ਲਾ ਲੈਂਦੀ ਤੇ ਨਿਆਣਿਆਂ ਨੂੰ ਕੁੱਛੜ ਜਾਂ ਪਿੱਠ ਉੱਤੇ ਪਾ ਲੈਂਦੀ। ਜਦ ਬੱਚੇ ਵਧੇਰੇ ਹੁੰਦੇ, ਮਾਂ ਇੱਕ ਨੂੰ ਜਾਂ ਦੋਹਾਂ ਨੂੰ ਸੜਕ ਉੱਤੇ ਡਿੱਗੇ ਛੱਕੜੇ ਵਿੱਚ ਹੀ ਛੱਡ ਦੇਂਦੀ ਤੇ ਬਿਨਾਂ ਪਿੱਛੇ ਇੱਕ ਝਾਤ ਪਾਇਆ ਹੰਝੂਆਂ ਰਹਿਤ ਅੱਖਾਂ ਦੂਰ ਸੜਕ ਉੱਤੇ ਟਿਕਾਈ ਟੁਰੀ ਜਾਂਦੀ। ਉਸ ਦੇ ਪਿੱਛੇ ਦੂਜੇ ਲੋਕ ਬਿਨਾਂ ਵੇਖੇ ਟੁਰੀ ਜਾਂਦੇ ਤੇ ਡਿਗੇ ਹੋਏ ਛੱਕੜੇ ਦੇ ਦੁਆਲਿਓਂ ਦੂਜੇ ਛਕੜੇ ਲੰਘੀ ਜਾਂਦੇ। ਜੀਉਂਦੇ ਘੋੜੇ ਮਰੇ ਹੋਏ ਘੋੜੇ ਵੱਲ ਵੇਖ ਕੇ ਮੂੰਹ ਦੂਜੇ ਪਾਸੇ ਫੇਰ ਲੈਂਦੇ। ਜਿਊਂਦੇ ਬੱਚੇ ਡਿੱਗ ਹੋਏ ਛੱਕੜੇ ਵਿੱਚ ਪਏ ਦੂਜੇ ਬੱਚਿਆਂ ਕੋਲੋਂ ਦੀ ਲੰਘ ਜਾਂਦੇ - ਤੇ ਉਹ ਬੇਰੋਕ ਗੂੰਜ ਰਹੀ ਚੀਂ ਚੀਂ ਬੀਤੇ ਨੂੰ ਖਾ ਜਾਂਦੀ।
ਇੱਕ ਮਾਂ, ਜੋ ਆਪਣੇ ਬੱਚੇ ਨੂੰ ਕਈ ਮੀਲ ਚੁੱਕੀ ਟੁਰੀ ਆਈ ਸੀ, ਥੱਕ ਕੇ ਲੜਖੜਾਨ ਲੱਗ ਪਈ, ਉਸ ਦੇ ਗੋਡੇ ਜਵਾਬ ਦੇ ਗਏ। ਮੁੱਖ ਮਾਰਗ ਛੱਕੜੇ ਤੇ ਚਟਾਨਾਂ ਉਸ ਦੇ ਦੁਆਲੇ ਇੱਕ ਧੁੰਦ ਵਾਂਗ ਪਸਰਨ ਲੱਗ ਪਏ।
“ਨਾ, ਮੈਂ ਤਾਂ ਕਦੇ ਵੀ ਉੱਥੇ ਨਹੀਂ ਪਹੁੰਚ ਸਕਦੀ...।"
ਉਹ ਸੜਕ ਕੰਢੇ ਵੱਟਿਆਂ ਦੇ ਇੱਕ ਢੇਰ ਉਤੇ ਬੈਠ ਗਈ ਤੇ ਬੱਚੇ ਵੱਲ ਵੇਖਦੀ, ਉਸ ਨੂੰ ਹੱਥਾਂ ਵਿੱਚ ਉਛਾਲਣ ਲੱਗ ਪਈ ਤੇ ਛੱਕੜਿਆਂ ਦੀ ਅਟੁੱਟ ਕਤਾਰ ਉਸ ਦੇ ਕੋਲੋਂ ਲੰਘਦੀ ਗਈ।