Back ArrowLogo
Info
Profile

“ਮੇਰੇ ਆਦਮੀ ਦਾ ਕੀ ਹਾਲ ਹੈ ?"

"ਉਹ ਜਿਉਂਦੈ ਨਾ ?"

ਉਹਨਾਂ ਦੀਆਂ ਅੱਖਾਂ ਵਿੱਚ ਤਰਲਾ ਸੀ।

ਤੇ ਉਹ ਬੰਦਾ ਮਾੜੀ ਜਿਹੀ ਆਪਣੀ ਚਾਬਕ ਘੁਮਾਂਦਾ ਤੇ ਘੋੜੇ ਨੂੰ ਦੁੜਕੀ ਚਾਲੇ ਦੁੜਾਂਦਾ ਇੱਕ ਸੁਨੇਹਾ ਜਿਹਾ ਦੇਂਦਾ ਲੰਘ ਜਾਂਦਾ:

“ਜੀਉਂਦੈ... ਜੀਊਂਦੈ.. ਫੱਟੜ ਹੋ ਗਿਆ ਏ, ਫੱਟੜ ਮਰ ਗਿਆ ਏ... ਲਿਆ ਰਹੇ ਨੇ ਇੱਧਰ.. ।"

ਉਹ ਲੰਘ ਗਿਆ, ਕਈਆਂ ਤੀਵੀਂਆਂ ਨੇ ‘ਸ਼ੁਕਰ ਸ਼ੁਕਰ' ਕਰਕੇ ਹੱਥਾਂ ਨਾਲ ਕਰਾਸ ਬਣਾ ਲਏ, ਕਈ ਰੋਣ ਤੇ ਕੀਰਨੇ ਪਾਣ ਲੱਗ ਪਈਆਂ, ਕਈ ਬੇਹੋਸ਼ ਹੋ ਕੇ ਜ਼ਮੀਨ ਉਤੇ ਡਿੱਗ ਪਈਆਂ ਤੇ ਕਈ ਕੋਲ ਆ ਕੇ ਉਹਨਾਂ ਦੇ ਮੂੰਹ ਉਤੇ ਪਾਣੀ ਦੇ ਛੱਟੇ ਮਾਰਨ ਲੱਗ ਪਈਆਂ।

ਜਿਸ ਵੇਲੇ ਫੱਟੜ ਕੈਂਪ ਵਿੱਚ ਲਿਆਂਦੇ ਗਏ, ਉਹਨਾਂ ਦੀਆਂ ਮਾਵਾਂ, ਭੈਣਾਂ, ਗੁਆਂਢੀ ਤੇ ਪਿਆਰੀਆਂ ਆ ਕੇ ਦੇਖ ਭਾਲ ਕਰਨ ਲੱਗ ਪਈਆਂ। ਜਿਸ ਵੇਲੇ ਮੋਇਆਂ ਨੂੰ ਲਿਆਂਦਾ ਗਿਆ, ਤੀਵੀਂਆਂ ਨੇ ਰੋ ਰੋ ਕੇ ਤੇ ਲੋਥਾਂ ਉੱਤੇ ਡਿੱਗ ਡਿੱਗ ਕੇ, ਖੁੱਲ੍ਹੇ ਸਿਰਾਂ ਦੇ ਵਾਲ, ਆਪਣਾ ਬੁਰਾ ਹਾਲ ਕਰ ਲਿਆ ਤੇ ਚੀਖ਼ਾਂ ਨਾਲ ਸਾਰਾ ਵਾਤਾਵਰਨ ਸੋਗਮਈ ਹੋ ਗਿਆ।

ਘੋੜਿਆਂ ਉੱਤੇ ਸਵਾਰ ਬੰਦੇ ਇੱਕ ਪਾਦਰੀ ਦੀ ਭਾਲ ਵਿੱਚ ਟੁਰ ਗਏ।

"ਅਸੀਂ ਨਹੀਂ ਉਹਨਾਂ ਨੂੰ ਬਿਨਾਂ ਕਰਾਸ ਤੇ ਸੁਗੰਧੀਆਂ ਦੇ ਜਾਨਵਰਾਂ ਵਾਂਗ ਕਬਰਾਂ ਵਿੱਚ ਰੱਖਣ ਦੇਣਾ।"

ਪਾਦਰੀ ਨੇ ਬਹਾਨਾ ਕਰ ਦਿੱਤਾ ਕਿ ਮੇਰਾ ਸਿਰ ਦੁੱਖ ਰਿਹਾ ਹੈ।

"ਅੱਛਾਹ! ਤੇਰਾ ਸਿਰ ਦੁੱਖ ਰਿਹਾ ਏ, ਤੂੰ ਨਹੀਂ ਆ ਸਕਦਾ ? ਲੈ ਫਿਰ ਤੇਰੇ ਲੱਕ ਨੂੰ ਦਵਾਈ ਦੇਨੇ ਆਂ ।"

ਤੇ ਉਹਨਾਂ ਚਾਬਕਾਂ ਦਾ ਸਵਾਦ ਉਹਨੂੰ ਚਖਾ ਦਿੱਤਾ । ਵਾਹੋ ਦਾਹੀ ਪਾਦਰੀ ਲੱਕ ਫੜ੍ਹੀ ਉੱਠ ਕੇ ਖੜ੍ਹੋ ਗਿਆ, ਜਾਣ ਲਈ ਤਿਆਰ। ਉਸ ਨੂੰ ਆਪਣਾ ਚੋਗਾ ਪਾਣ ਲਈ ਕਿਹਾ ਗਿਆ। ਉਸ ਇੱਕ ਕਾਲੇ ਕੁੜਤੇ ਦੇ ਗਲਮੇ ਵਿੱਚੋਂ ਆਪਣਾ ਸਿਰ ਬਾਹਰ ਕੱਢ ਲਿਆ ਤੇ ਉੱਤੇ ਫੀਤੇ ਵਾਲੀ ਇੱਕ ਚਿੱਟੀ ਟੋਪੀ ਰੱਖ ਲਈ । ਤੇ ਟੋਪੀ ਹੇਠੋਂ ਵਾਲ ਠੀਕ ਕਰਦਾ ਉਹ ਸਜ ਕੇ ਖਲ੍ਹ ਗਿਆ। ਉਸ ਨੂੰ ਫਿਰ ਆਖਿਆ ਗਿਆ ਕਿ ਇੱਕ ਕਰਾਸ, ਧੂਫ਼ਦਾਨ ਤੇ ਅਗਰਬੱਤੀਆਂ ਵੀ ਲੈ ਲਏ।

ਉਹਨਾਂ ਫਿਰ ਇੱਕ ਹੋਰ ਛੋਟਾ ਪਾਦਰੀ ਵੀ ਲੱਭ ਲਿਆਂਦਾ। ਉਹ ਭਾਰਾ ਤੇ ਨਸ਼ੇ ਦਾ ਮਾਰਿਆ ਹੋਇਆ ਬੰਦਾ ਸੀ । ਉਸ ਵੀ ਮਾਤਮੀ ਰਸਮ ਪੂਰੀ ਕਰਨ ਲਈ ਆਪਣੇ ਕੱਪੜੇ ਪਾ ਲਏ। ਚਿਹਰਾ ਲਾਲ ਸੀ । ਇੱਕ ਹੋਰ ਗਿਰਜੇ ਦਾ ਸੇਵਕ ਵੀ ਨਾਲ ਸੀ । ਉਹ ਛੀਟਕਾ ਜਿਹਾ ਬੰਦਾ ਸੀ।

ਜਦ ਉਹ ਦੋਵੇਂ ਤਿਆਰ ਹੋ ਗਏ ਤਾਂ ਉਹਨਾਂ ਨੂੰ ਟੁਰਨ ਲਈ ਕਿਹਾ ਗਿਆ।

156 / 199
Previous
Next