ਸਿਪਾਹੀਆਂ ਦੇ ਘੋੜੇ ਮੱਠੀ ਚਾਲੇ ਟੁਰ ਪਏ। ਵੱਡੇ ਪਾਦਰੀ, ਛੋਟੇ ਪਾਦਰੀ ਤੇ ਗਿਰਜੇ ਦੋ ਸੇਵਾਦਾਰ ਨੂੰ ਛੁਹਲੇ ਪੈਰੀਂ ਨਾਲ ਨਾਲ ਟੁਰਨਾ ਪਿਆ। ਘੋੜੇ ਆਪਣੇ ਸਿਰ ਉਛਾਲਦੇ ਤੇ ਸਵਾਰ ਚਾਬਕਾਂ ਘੁਮਾਂਦੇ ਟੁਰੀ ਜਾ ਰਹੇ ਸਨ ।
ਰੀਫ਼ੂਜੀ ਕੈਂਪ ਦੇ ਪਿੱਛੇ ਰੁੱਖਾਂ ਓਹਲੇ, ਇੱਕ ਕਬਰਸਤਾਨ ਵਿੱਚ ਉਡੀਕਦੀ ਭੀੜ ਜੁੜੀ ਹੋਈ ਸੀ। ਜਿਸ ਵੇਲੇ ਉਹਨਾਂ ਪਾਦਰੀ ਲੈ ਕੇ ਆਉਂਦਿਆਂ ਨੂੰ ਵੇਖਿਆ, ਤਾਂ ਰੌਲਾ ਪਾਣ ਲੱਗ ਪਏ:
"ਵੇਖੋ ਓਏ, ਪਾਦਰੀ ਵਿਚਾਰੇ ਨੂੰ ਖਿੱਚੀ ਲਈ ਆ ਰਹੇ ਨੇ।"
ਤੀਵੀਆਂ ਨੇ ਕਰਾਸ ਬਣਾ ਲਏ।
“ਸ਼ੁਕਰ ਹੈ ਰੱਬ ਦਾ, ਚੱਜ ਨਾਲ ਮਈਅਤ ਤਾਂ ਉੱਠੇਗੀ, ਕਬਰ ਵਿੱਚ ਤਾਂ ਪਾਏ ਜਾਣਗੇ।"
"ਲਉ, ਨਿੱਕਾ ਪਾਦਰੀ ਤੇ ਇੱਕ ਸੇਵਾਦਾਰ ਵੀ ਲੈ ਆਏ ਜੇ।"
ਸਿਪਾਹੀ ਬੋਲੇ: “ਛੋਟਾ ਪਾਦਰੀ, ਵਧੀਆ ਬੰਦਾ ਨਹੀਂ ਲੱਗਦਾ ਤੁਹਾਨੂੰ। ਵੇਖਦੇ ਨਹੀਂ, ਸੂਰਨੀ ਵਾਂਗ ਢਿੱਡ ਨਿਕਲਿਆ ਹੋਇਆ ਏ ਇਸ ਦਾ ।"
ਤਿੰਨੇ ਕਾਹਲੀ ਕਾਹਲੀ ਟੁਰਦੇ ਪਹੁੰਚ ਗਏ। ਉਹ ਸਾਹੋ ਸਾਹ ਹੋਏ ਹੋਏ ਸਨ, ਤੇ ਮੱਥੇ ਉੱਤੋਂ ਪਸੀਨਾ ਚੋ ਰਿਹਾ ਸੀ । ਸੇਵਾਦਾਰ ਨੇ ਝੱਟ ਧੂਫ਼ਦਾਨੀ ਵਿੱਚ ਕੋਇਲੇ ਮਘਾ ਦਿੱਤੇ। ਮ੍ਰਿਤਕਾਂ ਦੇ ਹੱਥ ਛਾਤੀਆਂ ਉੱਤੇ ਪਏ ਹੋਏ ਸਨ।
"ਪਰਵਰਦਿਗਾਰ, ਬਖਸ਼ ਲਵੋ...।"
ਛੋਟੇ ਪਾਦਰੀ ਨੇ ਹੌਲੀ ਜਿਹੇ ਆਖਿਆ ਤੇ ਸੇਵਾਦਾਰ ਨੇ ਛੇਤੀ ਨਾਲ ਵਿੱਚੋਂ ਆਵਾਜ਼ ਕੱਢੀ
“ਪਵਿੱਤਰ ਪ੍ਰਭੂ ਈਸਾ, ਪਵਿੱਤਰ ਤੇ ਸ਼ਕਤੀਸ਼ਾਲੀ... !"
ਧੂਫ਼ਦਾਨੀ ਵਿੱਚੋਂ ਧੂਏਂ ਦੀਆਂ ਨੀਲੀਆਂ, ਬਰੀਕ ਬਰੀਕ, ਲਕੀਰਾਂ ਉੱਠਣ ਲੱਗ ਪਈਆਂ।
ਤੀਵੀਂਆਂ ਦੇ ਖੁਸ਼ਕ ਗਲਿਆਂ ਵਿੱਚੋਂ ਡਸਕੋਰੇ ਨਿਕਲਣ ਲੱਗ ਪਏ। ਸਿਪਾਹੀਆਂ ਦੇ ਕਾਲੇ ਚਿਹਰੇ ਤਣ ਗਏ। ਉਹ ਪੂਜਾ ਪਾਠ ਦਾ ਕੋਈ ਹਰਫ਼ ਨਾ ਸੁਣ ਸਕੇ।
ਕੀਊਬਨ ਘੋੜ ਸਵਾਰ ਜੋ ਪਾਦਰੀ ਨੂੰ ਲੈ ਕੇ ਆਖਿਆ ਸੀ, ਨੰਗੇ ਸਿਰ ਇੱਕ ਵੱਡੇ ਲਾਖੇ ਉੱਤੇ ਬੈਠਾ ਹੋਇਆ ਸੀ। ਉਸ ਲਗਾਮ ਛੋਹੀ ਤੇ ਘੋੜਾ ਦੇ ਦਲਾਂਘਾ ਪੁੱਟ ਕੇ ਅੱਗੇ ਹੋ ਗਿਆ। ਪਾਦਰੀ ਵੱਲ ਝੁੱਕ ਕੇ, ਹੌਲੀ ਜਿਹੇ ਉਸ ਉਸ ਦੇ ਕੰਨ ਵਿੱਚ ਜੋ ਕਿਹਾ, ਉਹ ਸਭ ਨੂੰ ਸੁਣੀ ਗਿਆ
"ਜੇ ਤੂੰ ਭੁੱਖੇ ਸੂਰ ਵਾਂਗ ਫੌਂਹ ਫੌਂਹ ਕਰੀ ਗਿਆ ਨਾ, ਮੈਂ ਤੇਰੇ ਜੀਊਂਦੇ ਦੀ ਖੱਲ ਲਾਹ ਸੁੱਟਾਂਗਾ।"
ਪਾਦਰੀ, ਛੋਟਾ ਪਾਦਰੀ ਤੇ ਸੇਵਾਦਾਰ ਉਸ ਵੱਲ ਵੇਖ ਕੇ ਭੈਅ ਖਾ ਗਏ।