ਹੌਲੀ ਸਾਫ ਦਿੱਸਣ ਲੱਗ ਪਏ ਸਨ। ਬਗੀਚਿਆਂ ਤੋਂ ਪਰੇ, ਸਵੇਰ ਦੀ ਲਾਲੀ ਘੁਲੀ ਹੋਈ ਸੀ।
ਪਾਦਰੀ ਦੇ ਘਰ ਵਿੱਚੋਂ ਕੁਝ ਬੰਦੇ ਕੱਢੇ ਗਏ, ਜਿਨ੍ਹਾਂ ਦੇ ਮੂੰਹਾਂ ਉੱਤੇ ਸਵਾਹ ਧੂੜੀ ਹੋਈ ਜਾਪਦੀ ਸੀ ਤੇ ਮੋਢਿਆਂ ਉੱਤੇ ਸੁਨਹਿਰੀ ਫੀਤੀਆਂ ਲੱਗੀਆਂ ਹੋਈਆਂ ਸਨ - ਕਸਾਕ ਹੈੱਡਕੁਆਰਟਰ ਦੇ ਕੁਝ ਬੰਦੇ ਇੱਥੋਂ ਫੜ ਲਏ ਗਏ ਸਨ । ਪਾਦਰੀ ਦੇ ਅਸਤਬਲ ਕੋਲ ਉਹਨਾਂ ਦੇ ਸਿਰ ਦੁਫਾੜ ਕਰ ਦਿੱਤੇ ਗਏ, ਤੇ ਲਹੂ ਲਿੱਦ ਵਿੱਚ ਰੁੜ੍ਹਨ ਲੱਗ ਪਿਆ।
ਗੋਲਿਆਂ ਦੇ ਧਮਾਕਿਆਂ ਤੇ ਰਫ਼ਲਾਂ ਦੀ ਠਾਹ ਠਾਹ ਰੌਲੇ ਤੇ ਹਾਹਾਕਾਰ ਦੀਆਂ ਆਵਾਜ਼ਾਂ ਵਿੱਚ ਦਰਿਆ ਦੀ ਗੜ੍ਹਕ ਜਿਉਂ ਡੁੱਬ ਕੇ ਰਹਿ ਗਈ।
ਪਿੰਡ ਚੌਧਰੀ ਦੇ ਘਰ ਦੀ ਹੇਠ ਉੱਪਰੋਂ ਫੋਲਾ ਫਾਲੀ ਕੀਤੀ ਗਈ - ਉਹ ਕਿੱਤੋਂ ਨਾ ਲਭਿਆ। ਪਹਿਲਾਂ ਹੀ ਨੱਸ ਗਿਆ ਸੀ। ਫਿਰ ਸਿਪਾਹੀਆਂ ਨੇ ਜ਼ੋਰ ਦੀ ਆਵਾਜ਼ ਦਿੱਤੀ.
"ਵੇਖ ਲੈ, ਜੇ ਤੂੰ ਸਾਹਮਣੇ ਨਾ ਹੋਇਆ ਨਾ, ਤਾਂ ਤੇਰੇ ਅਸਾਂ ਬੱਚੇ ਵੱਢ ਸੁੱਟਣੇ ਨੇ।’’
ਚੌਧਰੀ ਸਾਹਮਣੇ ਨਾ ਆਇਆ।
ਉਹਨਾਂ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਚੌਧਰੀ ਦੀ ਵਹੁਟੀ ਗਲ ਵਿੱਚ ਸਿਰ ਦੇ ਵਾਲ ਖਲਾਰੀ ਗੋਡਿਆਂ ਭਾਰ ਚੀਖਦੀ ਤੇ ਕੁਰਲਾਂਦੀ, ਸਿਪਾਹੀਆਂ ਦੇ ਪੈਰ ਫੜਨ ਲੱਗ ਪਈ। ਉਹਨਾਂ ਵਿੱਚੋਂ ਇੱਕ ਗੁੱਸੇ ਦਾ ਭਰਿਆ, ਭਾਰੀ ਆਵਾਜ਼ ਵਿੱਚ ਲਾਅਨਤਾਂ ਸੁੱਟਦਾ ਆਖਣ ਲੱਗਾ:
"ਖੂਨ ਹੁੰਦਾ ਵੇਖ ਕੇ ਚੀਖ਼ਾਂ ਕਾਹਨੂੰ ਮਾਰਨੀ ਏਂ? ਮੇਰੀ ਵੀ ਤੇਰੇ ਵਰਗੀ ਇੱਕ ਤਿੰਨਾਂ ਸਾਲਾਂ ਦੀ ਕੁੜੀ ਸੀ । ਅਸੀਂ ਪਹਾੜਾਂ ਵਿੱਚ ਉਸ ਨੂੰ ਦੱਬ ਆਏ ਹਾਂ, ਪਰ ਮੈਂ ਤੇਰੇ ਵਾਂਗ ਚੀਖ਼ਾਂ ਨਹੀਂ ਮਾਰਦਾ।"
ਉਸ ਪਹਿਲਾਂ ਛੋਟੀ ਕੁੜੀ ਨੂੰ ਚੀਰ ਸੁੱਟਿਆ ਤੇ ਫਿਰ ਬੁਦਾਈਆਂ ਵਾਂਗ ਚੀਖਾਂ ਮਾਰਦੀ, ਮਾਂ ਦੀ ਖੋਪੜੀ ਭੰਨ ਸੁੱਟੀ। ਝੁੱਗੀ ਲਾਗੇ, ਜ਼ਮੀਨ ਉੱਤੇ ਚੂਰ ਚੂਰ ਹੋਏ ਟੁੱਟੇ ਸ਼ੀਸ਼ਿਆਂ ਦੇ ਢੇਰ ਉੱਤੇ ਰੇਲਵੇ ਦੇ ਬੰਦਿਆਂ ਦੀ ਇੱਕ ਟੋਲੀ ਆ ਇਕੱਠੀ ਹੋਈ।
"ਜਰਨੈਲ ਪੋਕਰੋਵਸਕੀ ਇੱਥੇ ਸੁੱਤਾ ਸੀ। ਤੁਹਾਡੇ ਹੱਥੋਂ ਉਹ ਨਿਕਲ ਗਿਆ । ਜਦ ਉਸ ਤੁਹਾਡੀ ਆਵਾਜ਼ ਸੁਣੀ, ਉਸ ਖਿੜਕੀ ਭੰਨ ਕੇ ਪਰੇ ਸੁੱਟੀ ਤੇ ਕਮੀਜ਼ ਪਾਈ, ਬਿਨਾਂ ਪਜਾਮੇ ਦੇ ਇੱਕ ਬਿਨਾਂ ਕਾਠੀ ਦੇ ਘੋੜੇ ਉੱਤੇ ਸਵਾਰ ਹੋ ਕੇ ਇਥੋਂ ਨੱਸ ਗਿਆ।"
ਇੱਕ ਰਸਾਲੇ ਦੇ ਆਦਮੀ ਨੇ ਮੂੰਹ ਬਣਾ ਕੇ ਆਖਿਆ:
“ਉਸ ਪਜਾਮਾ ਕਿਉਂ ਨਾ ਪਾਇਆ, ਨਹਾ ਰਿਹਾ ਸੀ ?"
“ਉਹ ਸੁੱਤਾ ਹੋਇਆ ਸੀ।"
"ਕੀ। ਬਿਨਾਂ ਪਜਾਮਾ ਪਾਈ ਸੁੱਤਾ ਹੋਇਆ ਸੀ। ਇਹ ਕਿਵੇਂ ਹੋ ਸਕਦੈ ?"
"ਵੱਡੇ ਲੋਕ ਇਸੇ ਤਰ੍ਹਾਂ ਕਰਦੇ ਨੇ । ਇਹ ਡਾਕਟਰਾਂ ਦੀ ਸਲਾਹ ਹੈ।"
"ਕੀੜੇ ਸਾਲੇ । ਬੰਦਿਆਂ ਵਾਂਗ ਨਹੀਂ ਸੌਂ ਸਕਦੇ ।"