ਰਸਾਲੇ ਦੇ ਆਦਮੀ ਨੇ ਥੁੱਕ ਸੁੱਟੀ ਤੇ ਉੱਥੋਂ ਚਲਾ ਗਿਆ।
ਕਸਾਕ ਭੱਜ ਗਏ ਸਨ। ਕੋਈ ਸੱਤ ਕੁ ਸੌ ਖੁੰਦਕਾਂ ਵਿੱਚ ਤੇ ਸਟੈਪੀ ਵਿੱਚ ਇੱਕ ਸਿੱਧੀ ਕਤਾਰ ਵਿੱਚ ਮੋਏ ਪਏ ਹੋਏ ਸਨ। ਤੇ ਜਿਹੜੇ ਭੱਜ-ਨੱਠ ਗਏ, ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਇਸ ਜਿੰਨ੍ਹਾਂ-ਭੂਤਾਂ ਦੀ ਫ਼ੌਜ ਉੱਤੇ ਹੈਰਾਨ ਹੋ ਰਹੇ ਸਨ।
ਪਰ ਦੋ ਦਿਨ ਪਹਿਲਾਂ ਇਸ ਕਸਾਕ ਪਿੰਡ ਉੱਤੇ ਬਾਲਸ਼ਵਿਕਾਂ ਦੀਆਂ ਮੁੱਖ ਫੌਜਾਂ ਨੇ ਕਬਜ਼ਾ ਕਰ ਲਿਆ ਸੀ । ਕਸਾਕਾਂ ਨੇ ਜ਼ੋਰਦਾਰ ਹਮਲਾ ਕਰਕੇ ਉਹਨਾਂ ਨੂੰ ਬਾਹਰ ਕੱਢ ਕੇ ਮਾਰਿਆ ਸੀ ਤੇ ਭਜਾਂਦੇ ਉਹਨਾਂ ਦਾ ਦੂਰ ਤੱਕ ਪਿੱਛਾ ਕਰਦੇ ਚਲੇ ਗਏ ਸਨ ਤੇ ਹਾਲਾਂ ਵੀ ਉਹਨਾਂ ਦੇ ਪਿੱਛੇ ਲੱਗੇ ਹੋਏ ਸਨ। ਫਿਰ ਇਹ ਕਿੱਥੋਂ ਆ ਗਏ। ਕੀ ਸ਼ੈਤਾਨ ਆਪ ਉਹਨਾਂ ਦਾ ਸਾਥੀ ਸੀ?
ਸੂਰਜ ਸਟੈਪੀ ਦੇ ਦੂਰ ਦਿਸਹੱਦੇ ਉੱਤੇ ਚੜ੍ਹ ਆਇਆ ਸੀ, ਤੇ ਭੱਜੇ ਜਾਂਦਿਆਂ ਨੂੰ ਪਿੱਛੋਂ ਕਿਰਨਾਂ ਫੜਨ ਦਾ ਜਤਨ ਕਰ ਰਹੀਆਂ ਸਨ।
ਸਾਮਾਨ ਗੱਡੀਆਂ ਤੇ ਰੀਫ਼ੂਜੀ ਸਟੈਪੀ ਵਿੱਚ ਦੂਰ ਤੱਕ ਖਿਲਰੇ ਹੋਏ ਸਨ। ਫਿਰ ਅੱਗਾਂ ਬਲਣ ਲੱਗ ਪਈਆਂ ਤੇ ਨੀਲਾ ਨੀਲਾ ਧੂੰਆਂ ਆਕਾਸ਼ ਵਲ ਚੱਕਰ ਖਾਂਦਾ ਜਾਣ ਲੱਗ ਪਿਆ ਤੇ ਫਿਰ ਸੁੱਕੀਆਂ ਧੌਣਾਂ ਉੱਤੇ ਬੱਚਿਆਂ ਦੇ ਸਿਰ ਦਿੱਸਣ ਲੱਗ ਪਏ, ਜਿਨ੍ਹਾਂ ਨੂੰ ਮਨੁੱਖਾਂ ਦੇ ਜਾਏ ਆਖਣਾ ਔਖਾ ਸੀ । ਫਿਰ ਭੁੰਜੇ ਖਿਲਰੇ ਚਿੱਟੇ ਜਾਰਜੀਅਨ ਤੰਬੂਆਂ ਉੱਤੇ ਬਾਹਾਂ ਵਲਾਈ, ਮੇਏ ਹੋਏ ਬੰਦਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ, ਤੇ ਕੋਲ ਗੋਡਿਆਂ ਭਾਰ ਬੈਠੀਆਂ ਤੀਵੀਂਆਂ-ਐਤਕਾਂ ਇਹ ਹੋਰ ਤੀਵੀਂਆਂ ਸਨ, ਮਿੱਟੀ ਉਤੇ ਹੱਥ ਮਾਰ ਮਾਰ ਆਪਣੇ ਵਾਲ ਖੋਹ ਰਹੀਆਂ ਸਨ।
ਕੁਝ ਘੋੜਸਵਾਰਾਂ ਦੇ ਆਲੇ ਦੁਆਲੇ ਸਿਪਾਹੀ ਜੁੜ ਕੇ ਖੜ੍ਹੋ ਗਏ।
"ਕਿੱਧਰ ਜਾ ਰਹੇ ਹੋ ?"
“ਇੱਕ ਪਾਦਰੀ ਨੂੰ ਸੱਦਣ।”
"ਕੋਜੂਖ ਦਾ ਹੁਕਮ ਹੈ, ਕਿ ਜਿਹੜੇ ਬੈਂਡ ਕਸਾਕਾਂ ਕੋਲੋਂ ਖੋਹ ਕੇ ਲਿਆਂਦੇ ਗਏ ਹਨ, ਉਹ ਵਜਾਏ ਜਾਣ ।"
“ਬੈਂਡ ਦਾ ਕੀ ਫਾਇਦਾ ? ਇਹ ਪਿੱਪਲ ਦੇ ਢੋਲ ਨੇ, ਜਦ ਕਿ ਪਾਦਰੀ ਦਾ ਗਲਾ ਏਨਾ ਸੁਹਣਾ ਹੈ।"
“ਓਏ ਅਸਾਂ ਉਸ ਦੇ ਸੁਹਣੇ ਗਲੇ ਕੋਲੋਂ ਕੀ ਲੈਣਾ ਏ ? ਉਸ ਦੀ ਆਵਾਜ਼ ਨਾਲ ਤਾਂ ਢਿੱਡ ਦੁੱਖਣ ਲੱਗ ਪੈਂਦਾ ਏ। ਕੁਝ ਵੀ ਹੋਵੇ, ਬੈਂਡ ਇੱਕ ਸੈਨਿਕ ਚੀਜ਼ ਹੈ।"
"ਹਾਂ... ਹਾਂ... ਬੈਂਡ। ਬੈਂਡ।"
“ਨਹੀਂ.. ਨਹੀਂ.. ਪਾਦਰੀ ਪਾਦਰੀ ।"
ਉਹ ਬੈਂਡ ਤੇ ਪਾਦਰੀ ਕਰਦੇ ਰੌਲਾ ਪਾਣ ਲੱਗ ਪਏ। ਤੀਵੀਂਆਂ ਨੂੰ ਵੀ ਰੌਲੇ ਦਾ ਪਤਾ ਲੱਗ ਗਿਆ ਤੇ ਉਹ ਵੀ ਝੱਲਿਆਂ ਵਾਂਗ ਚੀਖਦੀਆਂ ਉੱਧਰ ਦੌੜ ਪਈਆਂ:
“ਪਾਦਰੀ । ਪਾਦਰੀ ।"