ਫੈਲੀ ਖ਼ਾਮੋਸ਼ੀ ਨੂੰ ਕਿਸੇ ਮਾਂ ਦੀ ਚੀਖ ਨੇ ਚੀਰ ਪਾ ਦਿੱਤਾ । ਉਹ ਆਪਣੇ ਬੱਚੇ ਨੂੰ ਚੁੱਕੀ ਜੋ ਉਸ ਦੀ ਆਖਰੀ ਨਿਸ਼ਾਨੀ ਸੀ, ਕਲੇਜੇ ਨਾਲ ਘੁਟੀ, ਉਸ ਖਤਰੇ ਨੂੰ ਅੱਗੋਂ ਮਿਲਣ ਭੱਜ ਵਗੀ ਜੋ ਘੋੜਿਆਂ ਦੇ ਪੌੜਾਂ ਦੇ ਧਮਾਕਿਆਂ ਨਾਲ ਨੇੜੇ ਆਈ ਜਾ ਰਹੀ ਸੀ।
"ਮੌਤ! ਮੌਤ! ਮੌਤ ਮਿਲਣ ਆ ਰਹੀ ਏ।"
ਇਹ ਚੀਖ ਛੂਤ ਵਾਂਗ ਹਜ਼ਾਰਾਂ ਬੰਦਿਆਂ ਵਿੱਚ ਫੈਲ ਗਈ।
“ਮੌਤ! ਮੌਤ !"
ਜੋ ਜਿਸ ਦੇ ਹੱਥ ਵਿੱਚ ਆਇਆ ਉਸ ਫੜ੍ਹ ਲਿਆ, ਕੋਈ ਸੋਟੀ, ਘਾਹ ਦੀ ਮੁੱਠ, ਬੰਮ, ਫਤੂਹੀ, ਟਹਿਣੀ, ਫੱਟੜਾਂ ਨੇ ਆਪਣੀਆਂ ਬਸਾਖੀਆਂ-ਸਭ ਭੈਅ ਦੇ ਮਾਰੇ, ਇਹਨਾਂ ਫੋਕੇ ਹਥਿਆਰਾਂ ਨਾਲ ਆਪਣੇ ਆਪ ਨੂੰ ਹੌਸਲੇ ਦੇ ਦੇ ਮੌਤ ਨੂੰ ਅੱਗੇ ਹੋ ਕੇ ਮਿਲਣ ਲਈ ਟੁਰ ਪਏ।
"ਮੌਤ! ਮੌਤ !"
ਬੱਚੇ ਮਾਵਾਂ ਦੀਆਂ ਲੱਤਾਂ ਨਾਲ ਚੰਬੜੇ ਚੀਖ਼ਾਂ ਮਾਰਦੇ ਨਾਲ ਨਾਲ ਦੌੜੀ ਜਾ ਰਹੇ ਸਨ।
"ਮੌਤ ! ਮੌਤ!"
ਇਸ ਪਲ ਪਲ ਡੂੰਘੇ ਹੁੰਦੇ ਘੁਸਮੁਸੇ ਵਿੱਚੋਂ ਕਸਾਕ ਹੱਥਾਂ ਵਿੱਚ ਲਿਸ਼ ਲਿਸ਼ ਕਰਦੀਆਂ ਤਲਵਾਰਾਂ ਘੁਮਾਂਦੇ, ਘੋੜਿਆਂ ਨੂੰ ਸਰਪਟ ਦੁੜਾਂਦੇ ਸਾਫ ਦਿੱਸਣ ਲੱਗ ਪਏ ਤੇ ਦਿੱਸਣ ਲੱਗ ਪਏ ਪਿਆਦਾ ਫੌਜ ਦੀਆਂ ਕਤਾਰਾਂ ਦੇ ਕਤਾਰਾਂ ਜਵਾਨ ਮੋਢਿਆਂ ਉੱਤੇ ਰਫ਼ਲਾਂ ਤੇ ਹੱਥਾਂ ਵਿੱਚ ਕਾਲੇ ਝੰਡੇ ਫੜ-ਫੜਾਂਦੇ, ਇਕ ਭਿਆਨਕ ਦੇਹ ਵਾਲੇ ਜਾਨਵਰ ਦੀ ਆਵਾਜ਼ ਗੂੰਜਦੀ ਲੰਘ ਗਈ:
"ਮੌਤ।"
ਆਪ ਮੁਹਾਰੇ ਬਿਨਾਂ ਕਿਸੇ ਹੁਕਮ ਦੇ, ਲਗਾਮਾਂ ਕਮਾਨ ਦੀਆਂ ਰੱਸੀਆਂ ਵਾਂਗ ਖਿੱਚੀਆਂ ਗਈਆਂ, ਸਰਪਟ ਦੌੜਦੇ ਘੋੜੇ ਰੁਕ ਗਏ ਤੇ ਪਿਛਲੀਆਂ ਲੱਤਾਂ ਉੱਤੇ ਭਾਰ ਸੁੱਟ ਕੇ ਸਿਰ ਉਛਾਲਣ ਲੱਗ ਪਏ। ਕਸਾਕ ਰਕਾਬਾਂ ਵਿੱਚ ਪੈਰ ਘਮਾਈ ਚੁਪ ਚਾਪ ਹੋ ਗਏ ਤੇ ਸਾਹਮਣਿਓਂ ਆਉਂਦੀਆਂ ਕਾਲੀਆਂ ਕਤਾਰਾਂ ਵੱਲ ਵੇਖਣ ਲੱਗ ਪਏ। ਉਹ ਇਹਨਾਂ ਸ਼ੈਤਾਨਾਂ ਦੀ ਆਦਤ ਤੋਂ ਚੰਗੀ ਤਰ੍ਹਾਂ ਵਾਕਫ਼ ਸਨ - ਦੂਹ-ਬ-ਦੂਹ ਪਹਿਲਾਂ ਮੁੱਕਿਆਂ ਤੇ ਫਿਰ ਸੰਗੀਨਾਂ ਦੀਆਂ ਕਿਰਚਾਂ ਨਾਲ ਜੂਝਣ ਲੱਗ ਪੈਣਾ। ਜਦ ਤੋਂ ਇਹ ਪਹਾੜਾਂ ਵਿੱਚੋਂ ਨਿਕਲ ਕੈ ਆਏ ਸਨ, ਇਸੇ ਤਰ੍ਹਾਂ ਕਰਦੇ ਆ ਰਹੇ ਸਨ ਤੇ ਰਾਤ ਦੇ ਹਮਲਿਆਂ ਮਗਰੋਂ ਖਾਈਆਂ ਖੁੰਦਕਾਂ ਵਿੱਚ ਜਾ ਵੜਦੇ ਸਨ। ਅਨੇਕਾਂ ਕਸਾਕ ਆਪਣੀਆਂ ਸਟੈਪੀਆਂ ਵਿੱਚ ਹੀ ਮਾਰ ਦਿੱਤੇ ਗਏ ਸਨ।
ਤੇ ਛੱਕੜਿਆਂ ਦੇ ਪਿਛਵਾੜੇ ਅਣਗਿਣਤ ਧੂਣੀਆਂ ਵਿੱਚ ਜਿੱਥੇ ਕਸਾਕਾਂ ਦਾ ਖਿਆਲ ਸੀ ਕਿ ਨਿਹੱਥੀ ਭੀੜ ਵਿੱਚ ਜੋ ਬਿਨਾਂ ਕਿਸੇ ਬਚਾਅ ਤੇ ਉਪਾਅ ਦੇ ਬੁੱਢੇ ਤੇ ਤੀਵੀਂਆਂ ਸਮੇਤ ਇਕੱਠੀ ਹੋਈ ਹੋਈ ਸੀ, ਪਿਛਲੇ ਪਾਸਿਓਂ ਭਗਦੜ ਮਚਾ ਦਿੱਤੀ ਜਾਵੇ - ਸਦਾ ਯੁੱਧ ਲਈ ਤਿਆਰ ਬਰ ਤਿਆਰ ਜੱਥੇ ਰੋਲਾ ਪਾਂਦੇ, ਰਾਤ ਦੇ ਅੰਨ੍ਹੇਰੇ ਵਿੱਚੋਂ ਨਿਕਲ ਕੇ