"ਮੈਂ ਹੁਕਮ ਨਹੀਂ ਦੇਵਾਂਗਾ।"
ਕੋਜੂਖ ਨੇ ਜਬਾੜੇ ਘੁਟ ਲਏ "
"ਕਿਉਂ?"
"ਕਿਉਂ ਜੋ ਉਹ ਹਾਲਾਂ ਆਏ ਹੀ ਨਹੀਂ।" ਸਮੋਲੋਦੁਰੋਵ ਨੇ ਬੜੇ ਸਾਊ-ਸੁਭਾ ਨਾਲ ਮੁਸਕਰਾ ਕੇ ਪਾਟੇ ਕਪੜਿਆਂ ਵਿੱਚ ਸਾਹਮਣੇ ਖਲ੍ਹਤੇ ਛੋਟੇ ਕੱਦ ਦੇ ਬੰਦੇ ਨੂੰ ਆਖਿਆ।
"ਦੂਜਾ ਦਸਤਾ ਪਿੰਡ ਵਿੱਚ ਵੜ੍ਹਦਾ ਜਾ ਰਿਹਾ ਹੈ। ਮੈਂ ਹੁਣੇ ਆਪ ਵੇਖਿਆ ਹੈ।"
"ਠੀਕ ਹੈ, ਪਰ ਮੈਂ ਹੁਕਮ ਨਹੀਂ ਦਿਆਂਗਾ।"
"ਕਿਉਂ ?” "ਕਿਉਂ, ਕਿਉਂ ਕੀ, ਤੂੰ ਖਾਹਮਖਾਹ ਕਿਉਂ ਕਿਉਂ ਕਰੀ ਜਾ ਰਿਹਾ ਏਂ ।" ਸਮੋਲੋਦੂਰੋਵ ਨੇ ਆਪਣੀ ਚੰਗੀ ਭਾਰੀ ਆਵਾਜ਼ ਵਿੱਚ ਕਿਹਾ। "ਬੰਦੇ ਥੱਕੇ ਹੋਏ ਨੇ ਤੇ ਝੱਟ ਉਹਨਾਂ ਨੂੰ ਆਰਾਮ ਕਰ ਲੈਣ ਦੇਣਾ ਚਾਹੀਦਾ ਹੈ। ਤੂੰ ਬੱਚਾ ਤਾਂ ਨਹੀਂ? ਤੈਨੂੰ ਸਮਝ ਕਿਉਂ ਨਹੀਂ ਆ ਰਹੀ।"
"ਜੇ ਮੈਂ ਉਹਨਾਂ ਨੂੰ ਹਰਾ ਦਿਆਂ," ਕੋਜੂਖ ਨੇ ਸੋਚਿਆ, "ਮੈਂ ਇਕੱਲਾ ਹੀ ਉਹਨਾਂ ਨੂੰ ਹਰਾ ਦਿਆਂਗਾ... ।” ਉਹ ਇਸ ਖਿਆਲ ਦੇ ਜਜ਼ਬੇ ਦੇ ਪ੍ਰਭਾਵ ਹੇਠ ਆਇਆ ਹੋਇਆ ਸੀ।
"ਚੱਲ ਠੀਕ ਹੈ ਫਿਰ," ਉਸ ਹੋਲੀ ਜਿਹੇ ਆਖਿਆ, “ਪਰ ਘੱਟੋ ਘੱਟ ਸਟੇਸ਼ਨ ਉੱਤੇ ਉਹਨਾਂ ਨੂੰ ਗੈਜ਼ਰਵ ਵਿਚ ਹੀ ਲੈ ਜਾ ਤੇ ਮੈਂ ਆਪਣੀ ਰੀਜ਼ਰਵ ਫੌਜ ਹਮਲਾ ਕਰਨ ਵਾਲੀਆਂ ਯੂਨਿਟਾਂ ਦੀ ਮਦਦ ਲਈ ਵਰਤ ਲਵਾਂਗਾ।"
"ਮੈਂ ਹੁਕਮ ਨਹੀਂ ਦੇਵਾਂਗਾ। ਤੈਨੂੰ ਪਤਾ ਹੀ ਹੈ, ਮੇਰੀ ਗੱਲ ਪੱਕੀ ਹੁੰਦੀ ਹੈ।"
ਮਲਾਹ ਇੱਕ ਨੁਕਰ ਤੋਂ ਦੂਜੀ ਨੁਕਰ ਤੱਕ ਕਮਰੇ ਵਿੱਚ ਗੇੜੇ ਮਾਰਨ ਲੱਗ ਪਿਆ। ਉਸ ਦੇ ਝੱਟ ਪਹਿਲਾਂ ਸਾਊਆਂ ਵਾਲੇ ਚਿਹਰੇ ਵਿੱਚ, ਹੁਣ ਖਚਰੀ ਸ਼ਰਾਰਤ ਰਲੀ ਹੋਈ ਸੀ।
ਹੁਣ ਅਕਲ ਦੀ ਗੱਲ ਉਸ ਨਾਲ ਕਿਸੇ ਤਰ੍ਹਾਂ ਵੀ ਨਹੀਂ ਸੀ ਕੀਤੀ ਜਾ ਸਕਦੀ।
ਕੋਜੂਖ ਨੂੰ ਇਸ ਗੱਲ ਦਾ ਪਤਾ ਸੀ; ਉਸ ਆਪਣੇ ਸਹਾਇਕ ਨੂੰ ਕਿਹਾ:
"ਆ ਚਲੀਏ।"
"ਇਕ ਮਿੰਟ ਚੁੱਕੋ।" ਚੀਫ਼ ਆਫ਼ ਸਟਾਫ਼ ਉੱਠ ਖਲ੍ਹੋਤਾ ਤੇ ਸਮੋਲਦੂਰਵ ਦੇ ਨੇੜੇ ਜਾ ਕੇ ਬੜੇ ਪ੍ਰਭਾਵਿਕ ਤਰੀਕੇ ਨਾਲ ਕਹਿਣ ਲੱਗਾ:
''ਯੇਰਮੇਈ ਅਲੈਕਸੀਇਚ ਤੁਸੀਂ, ਉਹਨਾਂ ਨੂੰ ਸਟੇਸ਼ਨ ਉੱਤੇ ਭੇਜ ਸਕਦੇ ਹੋ, ਰਹਿਣਾ ਤਾਂ ਉਹਨਾਂ ਰੀਜ਼ਰਵ ਵਿੱਚ ਹੀ ਹੈ।"
ਉਸ ਦੇ ਸ਼ਬਦਾਂ ਦੇ ਪਿੱਛੇ ਵਿਚਾਰ ਇਹ ਸੀ ਕਿ: "ਜੇ ਕਜ਼ਖ ਮਾਰ ਖਾ ਗਿਆ ਤਾਂ ਅਸੀਂ ਸਾਰੇ ਵੱਢ ਦਿੱਤੇ ਜਾਵਾਂਗੇ ।"
"ਠੀਕ ਹੈ ਫਿਰ - ਮੈਂ ਆਪ - ਅਸਲ ਵਿੱਚ ਮੈਨੂੰ ਕੋਈ ਇਸ ਵਿਚ ਇਤਰਾਜ਼ ਨਹੀਂ.... ਜਿਹੜੀਆਂ ਯੂਨਿਟਾਂ ਆਈਆਂ ਨੇ, ਬੇਸ਼ੱਕ ਲੈ ਜਾਉ ਉਹਨਾਂ ਨੂੰ ।"