ਸਮੋਲੋਦੂਰੋਵ ਜਿਸ ਗੱਲ ਉੱਤੇ ਅੜ ਜਾਵੇ ਫਿਰ ਉਸ ਨੂੰ ਕੋਈ ਹਟਾ ਨਹੀਂ ਸਕਦਾ ਪਰ ਦਬਾਅ ਇੱਕ ਅਜਿਹੇ ਵਿਅਕਤੀ ਵੱਲੋਂ ਆਇਆ ਸੀ, ਜਿਸ ਦੀ ਆਸ ਵੀ ਨਹੀਂ ਸੀ ਕੀਤੀ ਜਾ ਸਕਦੀ ਤੇ ਇਸੇ ਕਰਕੇ ਉਸ ਨੂੰ ਝੱਟ ਮੰਨਣਾ ਪੈ ਗਿਆ।
ਭਰਵੀਂ ਕਾਲੀ ਦਾਹੜੀ ਵਾਲੇ ਚਿਹਰੇ ਉੱਤੇ ਖਿਚਾਅ ਦੀ ਥਾਂ ਇੱਕ ਸੁਖ ਦਾ ਅਹਿਸਾਸ ਝਲਕਣ ਲੱਗ ਪਿਆ। ਉਸ ਛੋਟੇ ਕੱਦ ਦੇ ਬੰਦੇ ਦੇ ਮੋਢੇ ਉੱਤੇ ਆਪਣੇ ਭਾਰੇ ਪੰਜੇ ਨਾਲ ਥਾਪੜਾ ਦਿੱਤਾ।
"ਅੱਛਾ, ਭਰਾ ਸੁਣਾ, ਹੋਰ ਕੀ ਹਾਲ ਨੇ ? ਭਰਾ ਤੂੰ ਜਾਣਦਾ ਏਂ, ਅਸੀਂ ਸਮੁੰਦਰ ਦੇ ਭੇੜੀਏ ਹਾਂ, ਤੇ ਸਮੁੰਦਰ ਵਿੱਚ ਸਾਡੇ ਕੋਲੋਂ ਭਾਵੇਂ ਕੋਈ ਜੋ ਮਰਜ਼ੀ ਕਰਵਾ ਲਵੇ - ਸ਼ੈਤਾਨ ਦੀਆਂ ਆਂਦਰਾਂ ਵੀ ਪੁੱਠੀਆਂ ਕਰ ਕੇ ਰੱਖ ਦੇਈਏ, ਪਰ ਜਿੱਥੋਂ ਤੱਕ ਮੈਦਾਨ ਦਾ ਸਵਾਲ ਹੈ, ਇਸ ਬਾਰੇ ਸਾਨੂੰ ਓਨਾ ਹੀ ਗਿਆਨ ਹੈ ਜਿੰਨਾਂ ਸੂਰਾਂ ਨੂੰ ਸੰਤਰਿਆਂ ਦਾ।"
ਤੇ ਉਹ ਠਹਾਕਾ ਮਾਰ ਕੇ ਹੱਸਣ ਲੱਗ ਪਿਆ, ਜਿਸ ਨਾਲ ਉਸ ਦੀਆਂ ਕਾਲੀਆਂ ਮੁੱਛਾਂ ਹੇਠੋਂ ਚਿੱਟੇ ਦੰਦ ਲਿਸ਼ਕਣ ਲੱਗ ਪਏ।
"ਲਓ ਘੁਟ ਕੁ ਚਾਹ ?"
"ਸਾਥੀ ਕੋਜ਼ੂਖ" ਚੀਫ਼ ਆਫ਼ ਸਟਾਫ਼ ਨੇ ਸਨੇਹ ਨਾਲ ਆਖਿਆ, "ਮੈਂ ਹੁਣੇ ਹੁਕਮ ਲਿਖ ਦੇਂਦਾ ਹਾਂ ਤੇ ਦਸਤਾ ਤੇਰੇ ਗੈਜ਼ਰਵ ਲਈ ਹੁਣੇ ਸਟੇਸ਼ਨ ਨੂੰ ਟੁਰ ਜਾਵੇਗਾ।"
ਗੁੰਝਲ ਉਸ ਦੇ ਮਨ ਵਿੱਚ ਇਹ ਸੀ ਕਿ "ਠੀਕ ਏ ਭਰਾ, ਤੂੰ ਜੋ ਮਰਜ਼ੀ ਪਿਆ ਆਖ, ਪਰ ਸਾਡੇ ਬਗੈਰ ਤੇਰਾ ਗੁਜ਼ਾਰਾ ਨਹੀਂ।"
ਕੋਜੂਖ ਘੋੜਿਆਂ ਵਾਲੇ ਪਾਸੇ ਗਿਆ ਤੇ ਅੰਨ੍ਹੇਰੇ ਵਿੱਚ ਹੌਲੀ ਜਿਹੇ ਸਹਾਇਕ ਨੂੰ ਕਹਿਣ ਲੱਗਾ:
"ਇਥੇ ਹੀ ਠਹਿਰ! ਦਸਤੇ ਦੇ ਨਾਲ ਹੀ ਸਟੇਸ਼ਨ ਉੱਤੇ ਜਾਈਂ । ਉੱਥੋਂ ਮੈਨੂੰ ਖ਼ਬਰ ਕਰੀਂ। ਅੱਖੋਂ ਓਹਲੇ ਮੈਨੂੰ ਉਹਨਾਂ ਉੱਤੇ ਵਿਸ਼ਵਾਸ ਨਹੀਂ।"
ਲੰਮੀਆਂ ਲੰਮੀਆਂ ਪਾਲਾਂ ਵਿੱਚ ਕਰੜੀ ਧਰਤੀ ਨੂੰ ਜੱਫੀਆਂ ਪਾ ਕੇ ਸਿਪਾਹੀ ਲੇਟ ਗਏ ਤੇ ਉੱਤੋਂ ਕਾਲੀ ਸਿਆਹ ਰਾਤ ਉਹਨਾਂ ਉੱਤੇ ਭਾਰ ਪਾਂਦੀ ਰਹੀ । ਹਜ਼ਾਰਾਂ ਅੱਖਾਂ ਜਾਨਵਰਾਂ ਵਰਗੀ ਸੂਹ ਨਾਲ ਅੰਨ੍ਹੇਰੇ ਵਿੱਚ ਘੂਰਦੀਆਂ ਰਹੀਆਂ, ਪਰ ਕਸਾਕਾਂ ਦੀਆਂ ਬੰਦਕਾਂ ਵਿੱਚ ਸਭ ਸ਼ਾਂਤ ਸੀ। ਬਸ, ਦਰਿਆ ਦੀ ਆਵਾਜ਼ ਗੜ੍ਹਕ ਰਹੀ ਸੀ।
ਸਿਪਾਹੀਆਂ ਕੋਲ ਘੜੀਆਂ ਨਹੀਂ ਸਨ, ਪਰ ਇਕ ਇੱਕ ਦੀ ਛਾਤੀ ਉੱਤੇ ਕੋਈ ਉਡੀਕ ਵਲ੍ਹੇਟਣੀਆਂ ਲੈ ਰਹੀ ਸੀ । ਪਹਾੜ ਵਰਗੀ ਰਾਤ ਸਿਰ ਉੱਤੇ ਖ਼ਾਮੋਸ਼ ਖੜ੍ਹਤੀ ਹੋਈ ਸੀ ਤੇ ਇਕ ਇਕ ਨੂੰ ਦੋ ਘੰਟੇ ਗੁਜ਼ਾਰਨੇ, ਜਾਨ ਉੱਤੇ ਬਣੀ ਹੋਈ ਸੀ। ਪਾਣੀ ਦੀ ਲਗਾਤਾਰ ਗੜ੍ਹਕ ਦੇ ਨਾਲ ਨਾਲ ਵਕਤ ਗੁਜ਼ਰਦਾ ਜਾ ਰਿਹਾ ਸੀ।
ਤੇ ਭਾਵੇਂ ਸਾਰੇ ਇਸੇ ਉਡੀਕ ਵਿੱਚ ਸਨ, ਅਚਾਨਕ ਧਮਾਕਿਆਂ ਦੀਆਂ ਨਿਕਲਦੀਆਂ ਲਾਟਾਂ ਨਾਲ ਰਾਤ ਲੀਰੋ ਲੀਰ ਹੋ ਗਈ । ਤੀਹ ਤੋਪਾਂ ਆਪਣੀ ਪੂਰੀ ਗੜ੍ਹਕ ਨਾਲ ਇੱਕ ਘੜੀ ਸਾਹ ਲਏ ਬਗੈਰ, ਗੱਜਣ ਲੱਗ ਪਈਆਂ। ਕਸਾਕਾਂ ਦੀਆਂ ਖੰਦਕਾਂ ਜੋ