Back ArrowLogo
Info
Profile

ਬੱਚੇ ਖੇਰੂੰ ਖੇਰੂੰ ਹੋ ਗਏ ਸਨ, ਸਿਰ ਧੜ ਦੀ ਬਾਜ਼ੀ ਲਾ ਕੇ ਕਸਾਕਾਂ ਦਾ ਮੁਕਾਬਲਾ ਕੀਤਾ ਸੀ - ਪਰ ਪਤਾ ਨਹੀਂ ਕਿਉਂ, ਸਟੈਪੀਆਂ ਵਿੱਚ ਮੰਜ਼ਲ ਦੂਰ ਹੀ ਦੂਰ ਹੱਟਦੀ ਜਾਂਦੀ ਸੀ । ਪਹਿਲਾਂ ਵਾਂਗ ਹੀ ਘੋੜਿਆ ਦੇ ਪੌੜ ਕਾੜ ਕਾੜ ਪੈ ਰਹੇ ਸਨ, ਸਾਮਾਨ ਵਾਲੀਆਂ ਗੱਡੀਆਂ ਉਸੇ ਤਰ੍ਹਾਂ ਚੀਂ ਚੀਂ ਕਰਦੀਆਂ ਲੰਘ ਰਹੀਆਂ ਸਨ, ਉਸੇ ਤਰ੍ਹਾਂ ਮੱਖੀਆਂ ਦਾ ਝੁਰਮਟ ਸਿਰਾਂ ਉੱਤੇ ਉੱਡੀ ਜਾ ਰਿਹਾ ਸੀ। ਮਿੱਟੀ ਘੱਟਾ ਧੂੜ ਤੇ ਵਿੱਚ ਲਿਬੜੇ ਤੇਜ਼ ਚਾਲੇ ਟੁਰੇ ਜਾਂਦੇ ਪੈਰ, ਹਜ਼ਾਰਾਂ ਅੱਖਾਂ ਵਿੱਚ ਲਟਕਦੀ ਇੱਕ ਆਸ ਜੋ ਕਦੇ ਨਿਰਾਸ਼ ਨਹੀਂ ਸੀ ਹੋਈ... ਉਹਨਾਂ ਦੂਰ ਦੀਆਂ ਦਿੱਸਦੀਆਂ ਸਟੈਪੀ ਦੀਆਂ ਹੱਦਾਂ ਉੱਤੇ ਟਿਕੀ ਹੋਈ ਸੀ।

ਥੱਕਿਆ ਹਾਰਿਆ ਕੋਜੂਖ ਝੁਲਸੀ ਹੋਈ ਚਮੜੀ, ਵੱਟਿਆ ਹੋਇਆ, ਆਪਣੀ ਬੱਘੀ ਵਿੱਚ ਬੈਠਾ ਜਾ ਰਿਹਾ ਸੀ । ਉਸ ਦੀਆਂ ਨਿੱਕੀਆਂ ਨਿੱਕੀਆਂ ਸੁੰਗੜੀਆਂ ਅੱਖਾਂ ਦੂਰ ਦਿਸ ਹੱਦੇ ਉੱਤੇ ਟਿਕੀਆਂ ਹੋਈਆਂ ਸਨ। ਉਸ ਲਈ ਵੀ ਇਹ ਇੱਕ ਰਮਜ਼ ਤੇ ਸੱਖਣ ਲਈ ਬੈਠੀ ਹੋਈ ਸੀ। ਉਸ ਦੇ ਜਬੜੇ ਘੁੱਟੇ ਹੋਏ ਸਨ।

ਲੰਘਦੇ ਗਏ ਪਿੰਡਾਂ ਮਗਰੋਂ ਪਿੰਡ ਤੇ ਫਾਰਮਾਂ ਮਗਰੋਂ ਫਾਰਮ ਤੇ ਬੀਤਦੇ ਗਏ ਦਿਨਾਂ ਮਗਰ ਦਿਨ ਥੱਕੇ ਟੁੱਟੇ ਤੇ ਹਾਰੇ।

ਕਸਾਕ ਤੀਵੀਂਆਂ ਸਿਰ ਨੀਵਾਂ ਕਰੀ, ਉਹਨਾਂ ਨੂੰ ਮਿਲਣ ਆਈਆਂ।

ਉਹਨਾਂ ਦੀਆਂ, ਜੀ ਆਇਆਂ ਨੂੰ ਆਖਦੀਆਂ ਅੱਖਾਂ ਵਿੱਚ ਘ੍ਰਿਣਾ ਘੁਲੀ ਹੋਈ ਸੀ। ਤੇ ਜਦ ਉਹ ਕੋਲੋਂ ਲੰਘ ਗਏ, ਇਹ ਤੀਵੀਂਆਂ ਹੈਰਾਨੀ ਨਾਲ ਪਿੱਛੋਂ ਉਹਨਾਂ ਨੂੰ ਵੇਖਦੀਆਂ ਖਲ੍ਹਤੀਆਂ ਰਹੀਆਂ - ਕਿਹੋ ਜਿਹੇ ਬੰਦੇ ਸਨ ਇਹ, ਨਾ ਇਹਨਾਂ ਕਿਸੇ ਨੂੰ ਲੁੱਟਿਆ ਨਾ ਕਿਸੇ ਨੂੰ ਮਾਰਿਆ, ਭਾਵੇਂ ਲੱਗਦੇ ਵਹਿਸ਼ੀ ਹੀ ਸਨ।

ਰਾਤ ਜਦ ਕਿਤੇ ਰੁੱਕਦੇ, ਕੋਜ਼ੂਖ ਖਬਰਾਂ ਸੁਣਦਾ ਹਮੇਸ਼ਾ ਉਹੀ- ਕਸਾਕ ਕਿਸੇ ਨੂੰ ਵੀ ਰੋਕਦੇ ਨਹੀਂ, ਦਿਨ ਹੋਵੇ ਤੇ ਭਾਵੇਂ ਰਾਤ ਤੇ ਨਾ ਇੱਕ ਵੇਰ ਵੀ ਗੋਲੀ ਚਲਾਂਦੇ ਨੇ, ਬਸ ਉਹਨਾਂ ਦੇ ਲੰਘਣ ਮਗਰੋਂ ਉਹ ਵੀ ਪਿੱਛੇ ਪਿੱਛੇ ਟੁਰ ਪੈਂਦੇ ਸਨ।

"ਠੀਕ ਹੈ। ਉਹਨਾਂ ਦਾ ਭੜਥਾ ਹੋ ਚੁੱਕਾ ਹੈ।" ਕੋਜੂਖ ਨੇ ਆਖਿਆ। ਉਸ ਦੇ ਚਿਹਰੇ ਦੀਆਂ ਰਗਾਂ ਖਿੱਚੀਆਂ ਗਈਆਂ।

ਉਸ ਹੁਕਮ ਜਾਰੀ ਕੀਤਾ:

"ਘੋੜੇ ਉੱਤੇ ਸਵਾਰ ਹਰਕਾਰਿਆਂ ਨੂੰ ਭੇਜ ਦਿਓ, ਜਾ ਕੇ ਸਾਰੀਆਂ ਯੂਨਿਟਾਂ ਨੂੰ ਖ਼ਬਰਦਾਰ ਕਰ ਦੇਣ ਕਿ ਪਿੱਛੇ ਕੋਈ ਨਾ ਰਹੇ। ਕਿਤੇ ਰੁੱਕਣ ਦੀ ਇਜਾਜ਼ਤ ਨਹੀਂ। ਬਸ ਟੁਰੀ ਜਾਣ ਅੱਗੇ ਨੂੰ। ਸਿਰਫ਼ ਸਾਹ ਲੈਣ ਲਈ, ਰਾਤ ਤਿੰਨ ਘੰਟੇ ਰੁੱਕਣ।"

ਤੇ ਫਿਰ ਚੀਂ ਚੀਂ ਕਰਦੇ ਛੱਕੜੇ, ਜੋਤਰਿਆਂ ਵਿੱਚ ਸਿਰ ਉਛਾਲਦੇ ਥੱਕੇ ਟੁੱਟੇ ਘੋੜੇ, ਖੜ ਖੜ ਕਰਦੀਆਂ ਛੱਕੜਿਆਂ ਉੱਤੇ ਲੱਦੀਆਂ ਤੋਪਾਂ, ਦੁਪਹਿਰ ਦੇ ਮਿੱਟੀ ਘੱਟੇ ਵਿੱਚੋਂ ਲੰਘਦੇ ਤੇ ਤਾਰਿਆਂ ਭਰੀ ਰਾਤ ਦੀ ਛਾਵੇਂ ਟੁਰਦੇ, ਤੜਕਸਾਰ ਦੇ ਨਿੰਦਰਾਏ ਘੁਸਮੁਸੇ ਦਾ ਮੂੰਹ ਚੁੰਮਦੇ, ਇਹ ਨਾ ਮੁੱਕਣ ਵਾਲੀ ਭਾਜੜ ਦੂਰ ਦੂਰ ਫੈਲੀਆਂ ਕੀਊਬਨ ਸਟੈਪੀਆਂ ਵਿੱਚ ਲੰਘਦੀ ਨਿਕਲ ਗਈ।

177 / 199
Previous
Next