ਨਾਲ ਲੈ ਲਓ ਤੇ ਮੋਟਰ ਉੱਤੇ ਜਾਓ ਪੂਰੀ ਕੋਸ਼ਿਸ਼ ਨਾਲ ਜੋ ਹੋਵੇ, ਜਾਣਾ ਹੀ ਪਵੇਗਾ। ਉੱਥੇ ਉਹਨਾਂ ਨੂੰ ਜਾ ਦੱਸੋ ਕਿ ਅਸੀਂ ਆਪ ਹੀ ਹਾਂ। ਸਾਡੇ ਕੋਲੋਂ ਉਹ ਕਿਉਂ ਨੱਸੀ ਜਾ ਰਹੇ ਨੇ ? ਕੀ ਉਹ ਚਾਹੁੰਦੇ ਹਨ ਕਿ ਸਾਡਾ ਨਾਸ ਹੋ ਜਾਵੇ ?"
ਘੰਟੇ ਦੇ ਅੰਦਰ ਅੰਦਰ, ਕਾਰ ਆ ਕੇ ਹੈੱਡਕੁਆਰਟਰ ਦੀ ਝੁੱਗੀ ਅੱਗੇ ਖੜ੍ਹੀ ਹੋ ਗਈ। ਇਸ ਵਿੱਚ ਦੋ ਮਸ਼ੀਨਗੰਨਾਂ ਸਨ, ਇੱਕ ਅੱਗੇ ਤੇ ਇੱਕ ਪਿੱਛੇ। ਡਰਾਈਵਰ ਬਿੰਧੀ ਜਿਹੀ ਵਰਦੀ ਪਾਈ, ਤਿਆਰ ਬਰ ਤਿਆਰ ਮੂੰਹ ਵਿੱਚ ਸਿਗਰਟ ਘੁਟੀ ਮਸ਼ੀਨ ਦੀ ਟੋਹ ਟਾਹ ਕਰ ਰਿਹਾ ਸੀ। ਸੈਲੀਵਾਨੋਵ ਤੇ ਉਸ ਦੇ ਦੋ ਸਿਪਾਹੀ ਬਿਲਕੁਲ ਜਵਾਨ ਸਨ ਤੇ ਉਹਨਾਂ ਦੀਆਂ ਅੱਖਾਂ ਵਿਚ ਇੱਕ ਖਿਚਾਅ ਘੁਲਿਆ ਹੋਇਆ ਸੀ।
ਕਾਰ ਘਰਰ... ਘਰਰ... ਘੂੰ-ਘੂੰ ਕਰਦੀ ਧੂੜ ਦੇ ਗੁਬਾਰ ਉਡਾਂਦੀ ਤੇ ਘੱਟੇ ਵਿੱਚੋਂ ਲੰਘਦੀ ਅੱਖੋਂ ਦੂਰ ਦੂਰ ਜਾਂਦੀ, ਇੱਕ ਟਿਮਕਣੇ ਵਾਂਗ ਅਲੋਪ ਹੋ ਗਈ।
ਤੇ ਇੱਕ ਬੇਅੰਤ ਭੀੜ, ਬੇਅੰਤ ਸਾਮਾਨ ਗੱਡੀਆਂ, ਬੇਅੰਤ ਘੋੜੇ, ਆਪਣੇ ਪੈਂਡੇ ਪਏ ਟੁਰੀ ਗਏ, ਮੋਟਰ ਵੱਲ ਧਿਆਨ ਕੀਤੇ ਬਗੈਰ, ਉਹ ਟੁਰੀ ਗਏ, ਬਿਨਾਂ ਰੁੱਕੇ, ਟੁਰੀ ਗਏ ਦੂਰ ਫੈਲੀ ਸਟੈਪੀ ਦੀ ਹੱਦਾਂ ਨੂੰ ਘੂਰਦੇ, ਕਦੇ ਆਸ ਭਰੇ ਤੇ ਕਦੀ ਨਿਰਾਸ਼।
38
ਉਹਨਾਂ ਦਾ ਰਾਹ ਡੱਕਣ ਲਈ ਤੂਫ਼ਾਨ ਚੀਖ਼ਾਂ ਮਾਰ ਰਿਹਾ ਸੀ। ਉਹਨਾਂ ਦੇ ਦੋਹੀਂ ਪਾਸੀਂ ਝੁੱਗੀਆਂ ਝੌਂਪੜੀਆਂ, ਸੜਕ ਕੰਢੇ ਖਲੋਤੇ ਪਿੱਪਲ ਤੇ ਦੂਰ ਦਿੱਸਦੇ ਗਿਰਜਾ ਘਰਾਂ ਦਾ ਝਾਉਲਾ ਪੈਂਦਾ ਤੇ ਫਿਰ ਝੱਟ ਸਭ ਕੁਝ ਅਲੋਪ ਹੋ ਜਾਂਦਾ । ਗਲੀਆਂ, ਸਟੈਪੀ, ਪਿੰਡਾਂ ਤੇ ਸੜਕ ਦੇ ਨਾਲ ਨਾਲ ਲੋਕਾਂ, ਘੋੜਿਆਂ ਤੇ ਮਾਲ ਡੰਗਰਾਂ, ਮਸਾਂ ਆਪਣਾ ਭੈਅ ਪ੍ਰਗਟ ਹੀ ਕੀਤਾ ਸੀ ਕਿ ਮੋਟਰ ਮਿੱਟੀ-ਘੱਟਾ, ਕੱਖ-ਕਾਨੇ ਤੇ ਪੱਤਰ ਉਡਾਂਦੀ ਘੂੰ ਘੂੰ ਕਰਦੀ ਲੰਘ ਗਈ।
ਕਸਾਕ ਤੀਵੀਂਆਂ ਸਿਰ ਮਾਰਨ ਲੱਗ ਪਈਆਂ।
"ਝੱਲੇ ਹੋ ਗਏ ਨੇ। ਇਹ ਕੀਹਦੀ ਕਾਰ ਏ ?"
ਕਸਾਕ ਸਕਾਊਟਾਂ, ਘੋੜੇ ਉੱਤੇ ਸਵਾਰ ਗਸ਼ਤ ਲਾਣ ਵਾਲਿਆਂ ਤੇ ਯੂਨਿਟਾਂ ਨੇ ਇਸ ਘੁਕਦੀ ਜਾਂਦੀ ਮੋਟਰ ਨੂੰ ਆਪਣੀ ਹੀ ਸਮਝ ਕੇ ਲੰਘ ਜਾਣ ਦਿੱਤਾ, ਨਹੀਂ ਤਾਂ ਭਲਾ ਕਿਸ ਦੀ ਮਜਾਲ ਸੀ ਕਿ ਕੋਈ ਉਹਨਾਂ ਵਿੱਚੋਂ ਇੰਝ ਲੰਘ ਜਾਂਦਾ ? ਪਰ ਕਿਸੇ ਵੇਲੇ ਕੁਝ ਚੇਤ ਕੇ ਉਹਨਾਂ ਇੱਕ ਦੋ ਵੇਰ ਗੋਲੀ ਚਲਾ ਦਿੱਤੀ, ਪਰ ਇਸ ਨਾਲ ਕੀ ਹੁੰਦਾ ਏ ? ਗੋਲੀ ਹਵਾ ਨੂੰ ਚੀਰਦੀ ਲੰਘ ਗਈ, ਬਸ ਹੋਰ ਕੀ।
ਇਸ ਤਰ੍ਹਾਂ ਮਾਰ ਧਾੜ ਵਿੱਚੋਂ ਮੀਲਾਂ ਦੇ ਮੀਲ ਲੰਘ ਗਏ। ਜੇ ਕਿਤੇ ਇੱਕ ਅੱਧ ਟਾਇਰ ਬੋਲ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ, ਉਹਨਾਂ ਵਾਲੀ ਬਸ ਹੋ ਜਾਣੀ ਸੀ। ਦੋ ਮਸ਼ੀਨਗੰਨਾਂ ਨੇ ਤਿਆਰ ਬਰ ਤਿਆਰ ਆਪਣੇ ਮੂੰਹ ਚੁੱਕੇ ਹੋਏ ਸਨ ਤੇ ਚਾਰ ਜੋੜੀ ਅੱਖਾਂ ਉਸ ਸੜਕ ਨੂੰ ਘੂਰੀ ਜਾ ਰਹੀਆਂ ਸਨ, ਜੋ ਅੱਗੋਂ ਖਿੱਚਦੀ ਆਉਂਦੀ ਤੇ ਉਹਨਾਂ ਦੇ ਪੈਰਾਂ ਹੇਠੋਂ ਨਿਕਲਦੀ