Back ArrowLogo
Info
Profile

ਭਗਦੜ ਮੱਚ ਗਈ। ਚੱਲੇ ਬੈਠ ।"

ਚਾਰੇ ਫਿਰ ਮੋਟਰ ਵਿੱਚ ਬੈਠ ਗਏ । ਦੋ ਰਸਾਲੇ ਦੇ ਸਿਪਾਹੀ ਵੀ ਛਾਲ ਮਾਰ ਕੇ ਵਿੱਚ ਬੈਠ ਗਏ ਤੇ ਬਾਕੀਆਂ ਨੇ ਬੜੀ ਸੂਝ ਨਾਲ ਉਹਨਾਂ ਨੂੰ ਆਪਣੀਆਂ ਬੰਦੂਕਾਂ ਦੇ ਘੇਰੇ ਵਿੱਚ ਲੈ ਲਿਆ।

"ਸਾਥੀਓ, ਮੋਟਰ ਤੇਜ਼ ਨਾ ਚਲਾਓ, ਨਹੀਂ ਤਾਂ ਅਸੀਂ ਤੁਹਾਡੇ ਨਾਲ ਨਹੀਂ ਰਲ ਸਕਾਂਗੇ। ਸਾਡੇ ਘੋੜਿਆਂ ਦਾ ਕੰਮ ਹੋਇਆ ਹੋਇਆ ਹੈ।"

ਉਹ ਵਾੜੀਆਂ ਵਿੱਚੋਂ ਲੰਘਦੇ ਪਿੰਡ ਦੀ ਇੱਕ ਗਲੀ ਵਿੱਚ ਆ ਗਏ। ਰਾਹ ਵਿੱਚ ਸਿਪਾਹੀ, ਰੋਕ ਰੋਕ ਕੇ ਗੁੱਸੇ ਦੇ ਭਰੇ ਆਖਦੇ

“ਮਾਰ ਦਿਓ! ਲੈ ਕੇ ਕਿਥੇ ਜਾ ਰਹੇ ਹੋ ?"

ਗਰਮੀ ਵਿੱਚ ਤ੍ਰਿਕਾਲਾਂ ਢਲੇ, ਪਰਛਾਵੇਂ ਲੰਮੇ ਤੇ ਤਿਰਛੇ ਹੋ ਗਏ ਸਨ । ਸ਼ਰਾਬ ਵਿੱਚ ਮਸਤ, ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸੜਕ ਉੱਤੇ ਰੁੱਖਾਂ ਦੇ ਪਿਛਲੇ ਪਾਸਿਓਂ, ਕਸਾਕਾਂ ਦੀਆਂ ਭੰਨੀਆਂ ਟੁੱਟੀਆਂ ਝੁੱਗੀਆਂ ਦੀਆਂ ਲੱਥੀਆਂ ਖਿੜਕੀਆਂ ਝਾਕ ਰਹੀਆਂ ਸਨ। ਇਕ ਮਰੇ ਹੋਏ ਘੋੜੇ ਦੀ ਸੜ ਰਹੀ ਲਾਸ਼ ਬੋ ਨਾਲ ਨੱਕ ਵਿੰਨ੍ਹ ਰਹੀ ਸੀ। ਸਾਰੀ ਗਲੀ ਵਿੱਚ ਇੱਧਰ-ਉੱਧਰ, ਸੁੱਕਾ ਘਾਹ ਖਿਲਰਿਆ ਹੋਇਆ ਸੀ। ਵਾੜਿਆਂ ਦੇ ਪਿੱਛੇ ਬਿਨਾਂ ਫੁੱਲ-ਫੁੱਲ ਦੇ ਨੰਗੇ ਰੁੱਖ ਖਲ੍ਹਤੇ ਹੋਏ ਸਨ। ਟਹਿਣੀਆਂ ਟੁੱਟੀਆਂ ਹੋਈਆਂ ਪਾਸੇ ਲਟਕ ਰਹੀਆਂ ਸਨ। ਗਲੀ ਵਿੱਚੋਂ ਲੰਘਦਿਆਂ ਕਿਤੇ ਵੀ ਇੱਕ ਚੂਚਾ ਜਾਂ ਸੂਰ ਨਜ਼ਰੀਂ ਨਹੀਂ ਸੀ ਪਿਆ।

ਉਹ ਹੈੱਡਕੁਆਰਟਰ ਜਾ ਪਹੁੰਚੇ ਜੋ ਪਾਦਰੀ ਦੇ ਇੱਕ ਮੋਕਲੇ ਮਕਾਨ ਵਿੱਚ ਸੀ। ਡਿਉਢੀ ਲਾਗੇ ਉੱਗੀਆਂ ਝਾੜੀਆਂ ਵਿੱਚ ਦੇ ਸ਼ਰਾਬੀ ਪਏ ਘੁਰਾੜੇ ਮਾਰੀ ਜਾ ਰਹੇ ਸਨ। ਵਿਹੜੇ ਵਿੱਚ ਸਿਪਾਹੀ ਬੈਠੇ ਪੱਤੇ ਮਾਰ ਰਹੇ ਸਨ।

ਉਹ ਭੀੜ ਵਿੱਚੋਂ ਲੰਘ ਕੇ ਟੁਕੜੀ ਦੇ ਕਮਾਂਡਰ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ।

ਸੈਲੀਵਾਨੋਵ ਆਪਣੀਆਂ ਹਾਲ ਦੀਆਂ ਬੀਤੀਆਂ ਮੁਹਿੰਮਾਂ ਜਾਰਜੀਅਨਾਂ ਨਾਲ ਤੇ ਕਸਾਕਾਂ ਨਾਲ ਲੜਾਈਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਸੁਣਾਈ ਜਾ ਰਿਹਾ ਸੀ। ਉਤਸ਼ਾਹ ਨਾਲ ਭਰਿਆ ਜੋ ਕੁਝ ਉਸ ਦੇ ਅੰਦਰ ਭਰਿਆ ਹੋਇਆ ਸੀ, ਸੁਣਾਨ ਲੱਗਿਆਂ, ਉਹ ਅੱਗੇ ਦੀ ਪਿੱਛੇ ਤੇ ਪਿੱਛੇ ਦੀ ਅੱਗੇ ਮਾਰੀ ਜਾ ਰਿਹਾ ਸੀ।

"ਮਾਵਾਂ ਬੱਚੇ ਸੁੱਖੜ ਚਟਾਨਾਂ ਉੱਤੇ ਖੱਡਾਂ ਵਿੱਚੋਂ ਦੀ ਲੰਘਦੇ ਛਕੜੇ... ਕਾਰਤੂਸ ਇੱਕ ਵੀ ਕੋਲ ਨਾ ਰਿਹਾ ਖਾਲੀ ਹੱਥੀਂ ਲੜਾਈ... ।"

ਤੇ ਅਚਾਨਕ ਉਹ ਰੁੱਕ ਗਿਆ। ਕਮਾਂਡਰ, ਆਪਣੀ ਖਹੁਰੀ ਠੋਡੀ ਤੇ ਲੰਮੀਆਂ ਮੁੱਛਾਂ ਉੱਤੇ ਹੱਥ ਫੇਰਦਾ ਚੁੱਪ ਕਰਕੇ, ਖੁੰਦਕੀ ਅੱਖਾਂ ਕੱਢੀ ਸਭ ਸੁਣੀ ਜਾ ਰਿਹਾ ਸੀ।

ਕਮਾਂਡ ਦਾ ਅਮਲਾ ਜੋ ਸਾਰੇ ਜਵਾਨ ਬੰਦੇ ਸਨ, ਆਲੇ ਦੁਆਲੇ ਖਲ੍ਹਤੇ ਜਾਂ ਬੈਠੇ ਸੁਣੀ ਜਾ ਰਹੇ ਸਨ। ਉਹਨਾਂ ਦੇ ਧੁੱਪ ਦੇ ਮਾਰੇ ਚਿਹਰੇ, ਪੱਥਰ ਹੋਏ ਹੋਏ ਸਨ, ਤੇ ਹਾਸੇ ਦਾ ਕਿਤੇ ਨਾਂ ਨਹੀਂ ਸੀ।

183 / 199
Previous
Next