ਸੈਲੀਵਾਨੋਵ ਨੂੰ ਇੰਝ ਮਹਿਸੂਸ ਹੋਇਆ, ਜਿਉਂ ਧੌਣ ਗਲਾ ਤੇ ਕੰਨ ਭੱਖਣ ਲੱਗ ਪਏ ਹੋਣ ਤੇ ਉਹ ਅਚਾਨਕ ਰੁੱਕ ਗਿਆ ਤੇ ਭਾਰੀ ਆਵਾਜ਼ ਵਿੱਚ ਤੱਤਛਣ ਬੋਲ ਪਿਆ, "ਇਹ ਨੇ ਸਾਡੇ ਕਾਗਜ਼ ਪੱਤਰ !" ਉਸ ਕਮਾਂਡਰ ਵੱਲ ਆਪਣੇ ਕਾਗਜ਼ ਸੁੱਟ ਦਿੱਤੇ।
ਕਮਾਂਡਰ ਨੇ ਕਾਗਜ਼ਾਂ ਨੂੰ ਆਪਣੇ ਸਹਾਇਕ ਵੱਲ ਸੁੱਟ ਦਿੱਤਾ, ਜੋ ਉਹਨਾਂ ਨੂੰ ਬੜੇ ਸੁਭਾਵਕ ਢੰਗ ਨਾਲ ਵੇਖਣ ਲੱਗ ਪਿਆ, ਜਿਉਂ ਉਸ ਨੂੰ ਸਭ ਪਹਿਲਾਂ ਹੀ ਪਤਾ ਹੋਵੇ। ਕਮਾਂਡਰ ਜਿਸ ਦੀਆਂ ਅੱਖਾਂ ਸੈਲੀਵਾਨੋਵ ਉੱਤੇ ਗੱਡੀਆਂ ਹੋਈਆਂ ਸਨ, ਜ਼ੋਰ ਪਾ ਕੇ ਕਹਿਣ ਲੱਗਾ:
"ਸਾਡੇ ਕੋਲ ਬਿਲਕੁਲ ਵੱਖਰੀ ਹੀ ਸੂਚਨਾ ਹੈ...।"
“ਮਾਫ਼ ਕਰਨਾ", ਸੈਲੀਵਾਨੋਵ ਨੇ ਆਖਿਆ। ਉਸ ਦੇ ਚਿਹਰੇ ਉੱਤੇ ਲਹੂ ਉੱਤਰ ਆਇਆ ਸੀ। "ਕਿਤੇ ਤੁਸੀਂ ਸਾਨੂੰ... ।"
"ਸਾਡੇ ਕੋਲ ਬਿਲਕੁਲ ਵੱਖਰੀ ਸੂਚਨਾ ਹੈ," ਉਸ ਬੜੇ ਠਰਮੇ ਨਾਲ ਤੇ ਅੜਕੇ ਬਿਨਾਂ ਸੈਲੀਵਾਨੋਵ ਦੀ ਗੱਲ ਵੱਲ ਧਿਆਨ ਦਿੱਤੇ ਤੇ ਉਸ ਨੂੰ ਘੋਖੀ ਅੱਖਾਂ ਨਾਲ ਵੇਖਦਿਆਂ ਕਿਹਾ। ਉਸ ਦਾ ਹੱਥ ਹਾਲਾਂ ਵੀ ਠੰਡੀ ਤੇ ਮੁੱਛਾਂ ਉੱਤੇ ਸੀ। "ਸਾਡੇ ਕੋਲ ਸੋਲਾਂ ਆਨੇ ਸਹੀ ਸੂਚਨਾ ਹੈ ਕਿ ਸਾਰੀ ਫੌਜ, ਜੋ ਤਮਾਨ ਉਪਦੀਪ ਤੋਂ ਟੁਰੀ ਸੀ, ਕਾਲੇ ਸਮੁੰਦਰ ਦੇ ਸਾਹਿਲ ਉੱਤੇ ਅਖੀਰਲੇ ਪਾਇ ਤੱਕ ਤਬਾਹ ਹੋ ਚੁੱਕੀ ਹੈ।"
ਖਾਮੋਸ਼ੀ ਛਾ ਗਈ। ਗਿਰਜੇ ਵੱਲੋਂ ਖੁੱਲ੍ਹੀਆਂ ਖਿੜਕੀਆਂ ਵਿੱਚੋਂ ਸ਼ਰਾਬੀ ਹੋਏ ਸਿਪਾਹੀਆਂ ਦਾ ਸ਼ੋਰ ਤੇ ਗਾਲ੍ਹਾਂ ਕੱਢਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
"ਉਹ ਢੇਰੀ ਢਾਹ ਬੈਠੇ ਨੇ," ਸੈਲੀਵਾਨੋਵ ਨੇ ਜਿਉਂ ਚੈਨ ਦਾ ਸਾਹ ਲੈਂਦਿਆਂ ਸੋਚਿਆ।
"ਸੋ ਕਾਗਜ਼ ਪਤਰਾਂ ਨਾਲ ਤੁਹਾਡੀ ਤਸੱਲੀ ਨਹੀਂ ਹੋਈ ? ਕੀ ਇਹੀ ਸਾਡੇ ਨਾਲ ਤੁਹਾਡਾ ਸਲੂਕ ਹੈ ? ਅਸੀਂ ਜਾਨਾਂ ਹੂਲ ਕੇ ਆਪਣੇ ਬੰਦਿਆਂ ਵਿੱਚੋਂ ਨੱਸ ਭੱਜ ਕਰਕੇ ਨਿਕਲੇ ਤੇ ਇੱਥੇ ਤੁਸੀਂ...।"
"ਨਿਕੀਤਾ," ਕਮਾਂਡਰ ਨੇ ਹੌਲੀ ਜਿਹੇ ਆਪਣੇ ਸਹਾਇਕ ਨੂੰ ਠੰਡੀ ਉੱਤੋਂ ਹੱਥ ਹਟਾਂਦਿਆਂ ਕਿਹਾ। ਉਹ ਉੱਠ ਕੇ ਖੜ੍ਹ ਗਿਆ ਤੇ ਆਪਣਾ ਉੱਚਾ ਲੰਮਾ ਸਰੀਰ ਸਿੱਧਾ ਕਰਨ ਲੱਗ ਪਿਆ। ਉਹ ਕੁਝ ਸੋਚ ਰਿਹਾ ਸੀ ਤੇ ਉਸ ਦੀਆਂ ਲੰਮੀਆਂ ਮੁੱਛਾਂ ਹੇਠਾਂ ਡਿੱਗੀਆਂ ਹੋਈਆਂ ਸਨ।
"ਕੀ ਗੱਲ ਹੈ ?”
"ਫ਼ਰਮਾਨ ਲਭ ।"
ਸਹਾਇਕ ਨੇ ਆਪਣੇ ਕਾਗਜ਼ ਪੱਤਰਾਂ ਦੀ ਫਾਈਲ ਵਿੱਚ ਹੱਥ ਮਾਰਿਆ ਤੇ ਇੱਕ ਕਾਗਜ਼ ਕੱਢ ਕੇ ਕਮਾਂਡਰ ਨੂੰ ਫੜਾ ਦਿੱਤਾ। ਉਹ ਮੇਜ਼ ਉੱਤੇ ਰੱਖ ਕੇ, ਸਿੱਧਾ ਤੁਕ ਖਲ੍ਹਤਾ ਉੱਚਾ ਉੱਚਾ ਪੜ੍ਹਨ ਲੱਗ ਪਿਆ। ਉਸ ਕੁਝ ਇਸ ਢੰਗ ਨਾਲ ਪੜ੍ਹਿਆ ਜਿਸ ਨਾਲ ਪੜ੍ਹਨ ਜਾਂ ਸੁਣਨ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਾ ਰਹਿ ਜਾਵੇ।