ਮੁਸਕਾਨਾਂ।
ਅੱਧੀ ਖੁੱਲ੍ਹੀ ਖਿੜਕੀ ਵਿੱਚੋਂ ਇੱਕ ਚਾਨਣ ਦੀ ਲੀਕ ਨਿਕਲਦੀ, ਧਰਤੀ ਉੱਤੇ ਪੈਂਦੀ, ਜੰਗਲੇ ਉੱਤੋਂ ਲੰਘਦੀ ਦੂਰ ਲਿਤਾੜੇ ਵੱਖਰ ਦੀਆਂ ਪੈਲੀਆਂ ਤਕ ਰੁਸ਼ਨਾ ਰਹੀ ਸੀ।
ਝੁੱਗੀ ਵਿੱਚ ਸਮੋਵਾਰ ਉਬਾਲੇ ਖਾ ਰਿਹਾ ਸੀ। ਕੰਧਾਂ ਉੱਤੇ ਭਾਫ਼ ਪੈ ਰਹੀ ਸੀ। ਪਲੇਟਾਂ ਲੱਗੀਆਂ ਹੋਈਆਂ ਸਨ । ਚਿੱਟੀ ਰੋਟੀ। ਇੱਕ ਸਾਫ਼ ਸੁਥਰਾ ਮੇਜ਼ ਪੋਸ਼।
ਕੋਜੂਖ ਬੈਂਚ ਉੱਤੇ ਬੈਠਾ ਹੋਇਆ ਸੀ; ਉਸ ਆਪਣੀ ਪੇਟੀ ਲਾਹੀ ਹੋਈ ਸੀ ਤੇ ਉਸ ਦੀ ਛਾਤੀ ਦੇ ਵਾਲ ਦਿੱਸ ਰਹੇ ਸਨ। ਉਸ ਦੇ ਮੋਢੇ ਡਿੱਗੇ ਹੋਏ ਸਨ, ਬਾਹਾਂ ਨਿੱਸਲ ਹੋਈਆਂ ਪਈਆਂ ਸਨ, ਸਿਰ ਝੁਕਿਆ ਹੋਇਆ ਸੀ। ਉਹ ਆਪਣੇ ਘਰ ਦਾ ਮਾਲਕ ਜਾਪਦਾ ਸੀ ਜੋ ਸਾਰਾ ਦਿਨ ਹਲ ਦੀ ਹੱਥੀ ਫੜੀ ਤਤਾ ਤਤਾ ਕਰਦਾ ਕਾਲੀ ਮਿੱਟੀ ਵਿੱਚ ਸਿਆੜ ਕੱਢਦਾ ਥੱਕਿਆ ਟੁੱਟਿਆ ਤ੍ਰਿਕਾਲੀ ਘਰ ਪਰਤ ਕੇ ਆਇਆ ਹੋਵੇ ਤੇ ਹੁਣ ਉਸ ਦੀ ਤੀਵੀਂ ਰਿੰਨ੍ਹ ਪਕਾ ਕੇ, ਮੇਜ਼ ਉੱਤੇ ਕੁਝ ਪਰੋਸ ਰਹੀ ਹੋਵੇ ਤੇ ਧੁਆਂਖੀਆਂ ਕੰਧਾਂ ਉੱਤੇ ਨਿੱਕੀ ਜਿਹੀ ਬੱਤੀ ਦੀ ਲੋਅ ਪੈ ਰਹੀ ਹੋਵੇ। ਉਸ ਨੂੰ ਇੱਕ ਹਲ ਵਾਹਕ ਦੀ ਥਕਾਨ, ਇੱਕ ਮਜ਼ੂਰ ਦੀ ਮਿਹਨਤ ਦੀ ਥਕਾਨ ਮਹਿਸੂਸ ਹੋ ਰਹੀ ਸੀ।
ਉਸ ਦਾ ਭਰਾ ਉਸ ਦੇ ਲਾਗੇ ਹੀ ਬੈਠਾ ਹੋਇਆ ਸੀ । ਉਸ ਵੀ ਹਥਿਆਰ ਲਾਹੇ ਹੋਏ ਸਨ। ਉਸ ਆਪਣੇ ਬੂਟ ਲਾਹੇ ਹੋਏ ਸਨ ਤੇ ਬੜੇ ਧਿਆਨ ਨਾਲ ਇਸ ਦੀ ਮਾਰੀ ਕੁੱਟੀ ਹਾਲਤ ਨੂੰ ਵੇਖੀ ਜਾ ਰਿਹਾ ਸੀ। ਬੜੇ ਆਰਾਮ ਨਾਲ, ਕੋਜੂਖ ਦੀ ਵਹੁਟੀ ਨੇ ਸਮੇਵਾਰ ਉੱਤੋਂ ਢੱਕਣ ਚੁੱਕਿਆ, ਜ਼ੋਰ ਦੀ ਭਾਫ਼ ਨਿਕਲੀ ਤੇ ਵਿੱਚੋਂ ਭਾਵ ਛੱਡਦੇ, ਪੈਣੇ ਵਿੱਚ ਉਸ ਉਬਲੇ ਅੰਡੇ ਕੱਢ ਲਏ ਤੇ ਚਿੱਟੇ ਚਿੱਟੇ ਗੋਲ ਗੋਲ, ਸਾਹਮਣੀ ਪਲੇਟ ਵਿੱਚ ਰੱਖ ਦਿੱਤੇ । ਗੁੱਠੇ ਕਾਲੀਆਂ ਮੂਰਤੀਆਂ ਪਈਆਂ ਹੋਈਆਂ ਸਨ । ਇਸ ਘਰ ਵਿੱਚ ਜਿੱਥੇ ਕਦੇ ਕਸਾਕ ਪਰਿਵਾਰ ਰਹਿੰਦਾ ਸੀ, ਖਾਮੋਸ਼ੀ ਛਾਈ ਹੋਈ ਸੀ।
"ਆ ਜਾਓ ਮੇਜ਼ ਲਾਗੇ... ।"
ਪਰ ਆਵਾਜ਼ ਕੀ ਸੀ ਜਿਉਂ ਕਿਸੇ ਛੁਰਾ ਘੋਪ ਦਿੱਤਾ ਹੋਵੇ, ਤਿੰਨੇ ਉੱਧਰ ਮੂੰਹ ਫੇਰ ਕੇ ਵੇਖਣ ਲੱਗ ਪਏ; ਬਾਹਰ ਚਾਨਣ ਦੀ ਲੀਕ ਵਿੱਚ ਰਿਬਨਾਂ ਵਾਲੀ ਟੋਪੀ ਪਾਈ ਪਹਿਲਾਂ ਇੱਕ ਦਿੱਸਿਆ ਫਿਰ ਦੂਜਾ, ਫਿਰ ਇੱਕ ਹੋਰ।
ਰਫ਼ਲਾਂ ਦੀਆਂ ਹੱਥੀਆਂ ਠੁਕ ਠਕ ਜ਼ਮੀਨ ਉੱਤੇ ਵੱਜੀਆਂ ਤੇ ਗਾਲ੍ਹਾਂ ਕੱਢਣ ਦੀ ਆਵਾਜ਼ ਆਈ।
ਅਲੈਕਸੀ ਤੱਤਛਣ ਉੱਛਲ ਕੇ ਖੜ੍ਹਾ ਹੋ ਗਿਆ: "ਮੇਰੇ ਪਿੱਛੇ ਪਿੱਛੇ ਆ ਜਾਓ।" (ਕਾਸ਼ ਕਿਤੇ ਰੀਵਾਲਵਰ ਨੇੜੇ ਹੁੰਦਾ) ।
ਉਹ ਵਹਿੜਕੇ ਵਾਂਗ ਕੁੱਦ ਕੇ ਪਿਆ । ਰਫ਼ਲ ਦਾ ਬੱਟ ਉਸ ਦੇ ਮੋਢੇ ਨੂੰ ਵੱਜਾ। ਉਹ ਲੜਖੜਾ ਗਿਆ, ਪਰ ਪੈਰਾਂ ਉੱਤੇ ਰਿਹਾ।
ਨੱਕ ਦੀ ਘੋੜੀ ਉੱਤੇ ਉਸ ਦਾ ਭਾਰਾ ਮੁੱਕਾ ਵੱਜਾ ਤਾਂ ਬੰਦਾ ਪੀੜ ਨਾਲ ਕਰਾਂਹਦਾ ਤੇ ਚੀਖ਼ ਮਾਰਦਾ ਹੇਠਾਂ ਡਿੱਗ ਪਿਆ।